ਹੀਰ ਨੇ ਆਪਣੇ ਪੁੱਤ, ਜਿਸ ਦੀਆਂ ਅੱਖਾਂ ਬੰਦ ਹੋ ਚੁੱਕੀਆਂ ਸਨ, ਦੀ ਤਸਵੀਰ ਚੁੱਕੀ; ਤੇ ਸੋਚਾਂ ਵਿੱਚ ਲਹਿ ਗਈ। ਉਸਨੇ ਆਪਣੇ ਪੁੱਤਰ ਚੂਚਕ ਦੀ ਤਸਵੀਰ ਦੇ ਮੁੱਖ ਉੱਤੇ ਪਿਆਰ ਨਾਲ ਉਂਗਲੀਆਂ ਫੇਰੀਆਂ। ਫਿਰ ਚਿਹਰੇ ਦੀ ਹਰੇਕ ਨੁਹਾਰ ਉੱਤੇ, ਮੁਸਕਾਨ ਉੱਤੇ, ਚਮਕਦੇ ਨੈਣਾਂ ਉੱਤੇ। ਫਿਰ ਉਸਨੇ ਚੂਚਕ ਦੀ ਤਸਵੀਰ ਘੁੱਟਕੇ ਅਪਣੇ ਸੀਨੇ ਨਾਲ ਲਾ ਲਈ। ਹੀਰ ਨੇ ਅਪਣੀਆਂ ਅੱਖਾਂ ਮੀਚੀਆਂ। ਬੰਦ ਲੋਇਣਾਂ ’ਚ ਯਾਦਾਂ ਨੂੰ ਕੈਦ ਰੱਖਿਆ। ਡਰ ਸੀ, ਜੇ ਅੱਖਾਂ ਖੋਲ੍ਹੀਆਂ, ਚੂਚਕ ਦਾ ਕੀਮਤੀ ਚੇਤਾ ਬਾਹਰ ਆਕੇ ਗੁੰਮ ਜਾਵੇਗਾ। ਹੁਣ ਪਿਆਰਾ ਪੁੱਤ ਰਿਹਾ ਨਹੀਂ। ਉਸਦੇ ਪਿਤਾ ਵਾਂਗ, ਉਸਨੂੰ ਵੀ ਰੱਬ ਨੇ ਖੋਹ ਲਿਆ। ਹੀਰ ਨੂੰ ਫੈਸਲਾ ਲੈਣਾ ਪੈਣਾ ਸੀ। ਪਰ ਮੁੰਡੇ ਦੇ ਅਚਾਨਕ ਦਿਹਾਂਤ ਨੇ ਫੈਸਲਾ ਕਰਨਾ ਔਖਾ ਕਰ ਦਿੱਤਾ ਸੀ।
ਹੀਰ ਰਣਜੀਪੁਰ ਵਿੱਚ ਰਹਿੰਦੀ ਸੀ। ਇਕ ਗੁਪਤਚਰ ਸੀ। ਉਸ ਨੂੰ ਇੱਕ ਮੌਤ ਦੀ ਤਫ਼ਤੀਸ਼ ਕਰਨ ਨੂੰ ਆਖਿਆ ਗਿਆ ਸੀ। ਸਮੁੰਦਰ ਦੇ ਹੇਠ ਇੱਕ ਬੇਸ ਸੀ, ਜਿਸਵਿੱਚ ਇੱਕ ਸਾਇੰਸਦਾਨ ਮਰ ਗਿਆ ਸੀ। ਸਾਇੰਸਦਾਨ ਦਾ ਨਾਂ ਕੈਦੋਂ ਸੀ। ਕੈਦੋਂ ਦਾ ਕੰਮ ਸੀ, ਭਾਰਤ ਲਈ ਨਵਾਂ ਬਾਲਣ ਟੋਲਣਾ। ਕਹਿਣ ਦਾ ਮਤਲਬ ਤੇਲ ਦੇ ਥਾਂ ਕੋਈ ਨਵਾਂ ਸਰੋਤ-ਸਾਧਨ ਲੱਭਣਾ। ਦੁਨੀਆ ਨੂੰ ਊਰਜਾ ਚਾਹੀਦੀ ਸੀ। ਕੈਦੋਂ ਦੀ ਮੌਤ ਨੇ ਸਰਕਾਰ ਦੇ ਪ੍ਰੋਗ੍ਰਾਮ ਉੱਤੇ ਪਾਣੀ ਫੇਰ ਦਿੱਤਾ ਸੀ। ਹੁਣ ਹੀਰ ਨੂੰ ਹੇਠਾਂ ਪਾਣੀ ਵਿੱਚ ਭੇਜਣ ਲੱਗੇ ਸਨ। ਹੀਰ ਪਾਣੀ ਵਿੱਚ ਜਾਣ ਤੋਂ ਡਰਦੀ ਸੀ। ਪਰ ਪੜਤਾਲ ਕਰਨੀ ਸੀ। ਭਾਵੇਂ ਮਨ ਨਹੀਂ ਸੀ ਕਰਦਾ, ਨੌਕਰੀ ਸੀ। ਹੀਰ ਕਿਉਂ ਪਾਣੀ ਤੋਂ ਡਰਦੀ ਸੀ? ਚੂਚਕ ਕਰਕੇ। ਚੂਚਕ ਸਤਲੁਜ ਵਿੱਚ ਤੈਰ ਰਿਹਾ ਸੀ। ਮਾਂ ਕਿਨਾਰੇ ਉੱਤੇ ਬੈਠ ਕੇ ਕਿਸੇ ਸਹੇਲੀ ਨਾਲ ਗੱਪਸ਼ੱਪ ਮਾਰ ਰਹੀ ਸੀ। ਬਸ, ਇੱਕ ਪਲ ਵਿੱਚ ਸਤਲੁਜ ਦੇ ਪਾਣੀ ਵਿੱਚ ਮੁੰਡਾ ਡੁੱਬ ਗਿਆ। ਮਾਂ ਕੁਝ ਵੀ ਨਹੀਂ ਸੀ ਕਰ ਸਕੀ। ਉਸ ਦਿਨ ਤੋਂ ਬਾਅਦ ਹੀਰ ਪਾਣੀ ਦੇ ਕਦੀ ਨੇੜੇ ਨਹੀਂ ਗਈ। ਇਸ ਕਰਕੇ ਪਰੇਸ਼ਾਨ ਸੀ, ਜਦ ਸਰਕਾਰ ਨੇ ਉਸਨੂੰ ਕੈਦੋਂ ਦੀ ਮੌਤ ਦੀ ਤਫਤੀਸ਼ ਕਰਨ ਲਈ ਚੁਣਿਆ, ਮਨ ਕਹਿੰਦਾ ਸੀ ਨਾ ਜਾ, ਕਿਉਂਕਿ ਚੂਚਕ ਡੁੱਬਕੇ ਮਰਿਆ ਸੀ। ਪਾਣੀ ਤੋਂ ਡਰਨ ਕਰਕੇ ਉਹ ਸੌਖੀ ਤਰ੍ਹਾਂ ਫੈਸਲਾ ਨਹੀਂ ਲੈ ਸਕਦੀ ਸੀ। ਇਸ ਕਰਕੇ, ਹੀਰ ਨੇ ਅਪਣੀ ਮਾਂ, ਮਲਖੀ, ਤੋਂ ਸਲਾਹ ਲਈ| ਮਲਖੀ ਦੀ ਸਲਾਹ ਸਿੱਧੀ ਸੀ। -ਪੁੱਤ ਕਿੰਨ੍ਹੀ ਦੇਰ ਪਾਣੀ ਤੋਂ ਡਰਦੀ ਰਹੇਂਗੀ ? ਜਾਣਾ ਚਾਹੀਦਾ। ਕੀ ਪਤਾ ਉਸ ਬੇਸ ‘ਤੇ ਜਾਕੇ ਤੇਰੇ ਸਾਰੇ ਡਰ ਮੁੱਕ ਜਾਣ? ਚੂਚਕ ਨੂੰ ਤਾਂ ਤੂੰ ਵਾਪਸ ਨਹੀਂ ਲਿਆ ਸਕਦੀ। ਇਸ ਲਈ ਕੈਦੋਂ ਬਾਰੇ ਪਤਾ ਕਰ। ਤੇਰਾ ਧਿਆਨ ਫਿਰ ਜਾਵੇਗਾ। -ਮੈਂ ਚੂਚਕ ਨੂੰ ਕਿਵੇਂ ਭੁਲ ਸਕਦੀ ਹਾਂ? ਕੁੱਖ ਵਿੱਚ ਨੌਂ ਮਹੀਨੇ ਰੱਖਿਆ, ਪਾਲਿਆ। ਹੀਰ ਨੇ ਫਿਰ ਫੈਸਲਾ ਕਰ ਲਿਆ। ਕੈਦੋਂ ਦੇ ਕੇਸ ਵਿੱਚ ਆਪਣੇ ਆਪ ਨੂੰ ਡਬੋ ਲਿਆ, ਆਪਣੇ ਆਪ ਨੂੰ ਆਪਣੇ ਦੁੱਖਾਂ ਤੋਂ ਦੂਰ ਕਰਨ ਲਈ। ਫਿਰ ਓਹ ਦਿਨ ਆਗਿਆ, ਜਦ ਹੀਰ ਨੂੰ ਡੂੰਘੇ ਪਾਣੀ ਵਿੱਚ ਜਾਣਾ ਪਿਆ। ਬੇਸ ਬਹੁਤ ਡੂੰਘੀ ਥਾਂ ਵਿੱਚ ਸੀ। ਜਿੰਨ੍ਹਾ ਸਮੁੰਦਰ ਦੇ ਥੱਲੇ ਜਾਈਦਾ, ਓਨਾ ਠੰਢਾ ਠਾਰ ਹੁੰਦਾ ਹੈ। ਇਨਸਾਨਾਂ ਦਾ ਸਰੀਰ, ਇਸ ਠਾਰੀ ਨੂੰ ਝੱਲ ਨਹੀਂ ਸਕਦਾ। ਇਸ ਕਰਕੇ ਡੂੰਘੇ ਸਾਗਰ ਵਿੱਚ ਜਾਣ ਲਈ ਇਨਸਾਨਾਂ ਨੂੰ ਉਚੇਚਾ ਸੂਟ ਪਾਉਣਾ ਪੈਂਦਾ ਹੈ ਜੋ ਪਿੰਡੇ ਨੂੰ ਨਿੱਘਾ ਰੱਖਦਾ ਹੈ। ਬੇਸ ਤਾਂ ਬਹੁਤ ਹੀ ਡੂੰਘਾ ਸੀ, ਦੋ ਮੀਲ ਧਰਤੀ ਦੇ ਹੇਠਾਂ। ਇੱਕ ਲਿਫਟ ਥੱਲੇ ਤਕ ਲੈ ਕੇ ਜਾਂਦੀ ਸੀ। ਹੀਰ ਇਕੱਲੀ ਲਿਫਟ ਰਾਹੀਂ ਨਹੀਂ ਗਈ, ਸਮੁੰਦਰ ਦੇ ਭਾਰ ਹੇਠ ਬੇਸ ਵਿਚ। ਨਾਲ ਇੱਕ ਤੰਦੂਆ ਗਿਆ। ਆਮ ਤੰਦੂਆ ਨਹੀ ਸੀ। ਸਿਰ ਉੱਤੇ ਇੱਕ ਖਾਸ ਖੋਦ ਰੱਖਿਆ ਸੀ; ਜਿਸ ਤੋਂ ਤਾਰਾਂ ਤੰਦੂਏ ਦੀ ਖੋਪਰੀ ਨਾਲ ਜੁੜੀਆਂ ਸਨ। ਇਸ ਤਰੀਕੇ ਨਾਲ ਤੰਦੂਏ ਦੀਆਂ ਸੋਚਾਂ, ਉਸਦੀ ਮਨੋ ਦਸ਼ਾ ਪੜ੍ਹ ਕੇ, ਪੰਜਾਬੀ ਵਿੱਚ ਤਰਜਮਾ, ਛਾਤੀ ਉੱਤੇ ਬੰਨ੍ਹੀ ਹੋਈ ਸਕਰੀਨ ਉੱਤੇ ਅੱਖਰਾਂ ਦੇ ਰੂਪ ‘ਚ ਲਿਖਿਆ ਜਾਂਦਾ ਸੀ। ਬੰਦਾ ਫਿਰ ਮੱਛ ਦੀਆਂ ਸੋਚਾਂ ਨੂੰ ਪੜ੍ਹ ਕੇ ਹਜ਼ਮ ਕਰ ਸਕਦਾ ਸੀ। ਇਨਸਾਨਾਂ ਦੀ ਆਵਾਜ਼ ਨੂੰ ਵੀ ਇਸ ਤਰ੍ਹਾਂ ਤੰਦੂਏ ਦੀ, ਪੱਲੇ ਪਾਉਣ ਵਾਲੀ ਬੋਲੀ ਵਿੱਚ, ਉਸਨੂੰ ਸਮਝਾ ਦੇਂਦੀ ਸੀ। ਇਸ ਕਰਕੇ ਤੰਦੂਆ ਅਤੇ ਇਨਸਾਨਾਂ ਦਾ ਆਦਾਨ ਪ੍ਰਦਾਨ ਹੋ ਜਾਂਦਾ ਸੀ। ਤੰਦੂਏ ਕੋਲ ਸਮੁੰਦਰ ਦੀ ਜਾਣਕਾਰੀ ਸੀ। ਲਿਫਟ ਮੱਛ ਲਈ ਨੀਰ ਨਾਲ ਭਰਿਆ ਸੀ। ਹੀਰ ਨੂੰ ਸੂਟ ਰਾਹੀਂ ਸਾਹ ਲੈਣ ਲਈ ਗੈਸ ਮਿਲਦਾ ਸੀ। ਤੰਦੂਆ ਅਪਣੇ ਅੱਠ ਪਦੇ ਨਾਲ ਜਟਿਲ ਮਸ਼ੀਨਰੀ ਨੂੰ ਚਲਾ ਕੇ ਲਿਫਟ ਨੂੰ ਬੇਸ ਤਕ ਲੈ ਜਾਂਦਾ ਸੀ। ਤੰਦੂਏ ਦਾ ਨਾਂ ਜ਼ੀ-ਪੰਜ ਸੀ। ਇੱਦਾਂ ਹੀ ਹੁਣ ਹੀਰ ਨੂੰ ਲੈ ਜਾ ਰਿਹਾ ਸੀ। ਕਿਉਂਕਿ ਹੀਰ ਨੂੰ ਜ਼ੀ-ਪੰਜ ਅਜੀਬ ਜਾਪਿਆ, ਬਹੁਤਾ ਉਸ ਨਾਲ ਬੋਲੀ ਨਹੀਂ। ਨਾਲੇ ਪੁੱਛਣਾ ਵੀ ਕੀ ਸੀ? ਫਾਇਲ ਤਾਂ ਸਾਰੀ ਪੜ੍ਹੀ ਹੀ ਸੀ। ਹੀਰ ਨੂੰ ਫਾਇਲ ਤੋਂ ਪਤਾ ਲੱਗਾ ਕਿ ਸੰਸਾਰ ਦਾ ਹਰ ਖਜ਼ਾਨਾ ਆਦਮੀ ਨੇ ਆਪਣੇ ਉੱਤੇ ਖਰਚ ਦਿੱਤਾ ਸੀ। ਦੁਨੀਆ ’ਚੋਂ ਹਰੇਕ ਕਿਸਮ ਦਾ ਬਾਲਣ ਵਰਤ ਲਿਆ। ਜੱਗ ਦੇ ਰੁੱਖ, ਕੋਲੇ, ਤੇਲ, ਜਾਨਵਰ ਸਭ ਬੰਦੇ ਦੇ ਸ਼ਿਕਾਰ ਸਨ। ਜਿੱਦਾਂ ਮੱਛਰ ਇਨਸਾਨਾਂ ਦੀਆਂ ਨਾੜਾਂ ’ਚੋਂ ਲਹੂ ਚੂਸਦਾ, ਉਸ ਤਰ੍ਹਾਂ ਧਰਤੀ ’ਚੋਂ ਸਭ ਕੁੱਝ ਇਨਸਾਨਾਂ ਨੇ ਚੂਸ ਲਿਆ। ਬੰਦਾ ਤਾਂ ਜੱਗ ਲਈ ਇੱਕ ਕਿਸਮ ਦਾ ਪਰਜੀਵ ਸੀ। ਪਰ ਆਦਮੀ ਕੀ ਕਰੇ? ਜੀਉਣ ਦੀ ਲੋੜ ਸੀ। ਇਸ ਕਰਕੇ ਨਵੇਂ ਗੁਪਤ ਖਜਾਨਿਆਂ, ਕਹਿਣ ਦਾ ਮਤਲਬ ਸਾਧਨਾਂ ਦੀ ਭਾਲ ਵਿੱਚ, ਸਮੁੰਦਰ ਦੇ ਡੂੰਘੇ ਡੂੰਘੇ ਪਾਣੀ ਵਿੱਚ ਖੋਜ ਕਰਦਾ ਸੀ। ਇਸ ਲਈ ਭਾਰਤ ਨੇ ਪੰਜ ਸਾਇੰਸਦਾਨ ਪਾਣੀ ਦੇ ਹੇਠਾਂ ਭੇਜੇ ਸਨ। ਪੰਜ ਸਾਇੰਸਦਾਨ ਸਨ, ਪੰਜ ਹੀ ਅਪਣੇ ਥਾਂ ’ਚ ਵਿਸ਼ੇਸ਼ੱਗ। ਕੈਦੋਂ ਤੇਲ ਨੂੰ ਭਾਲਣ’ਚ ਮਾਹਰ ਸੀ। ਰਾਂਝਾ ਇੰਜੀਨੀਅਰ ਸੀ। ਧਰਤੀ ਦੇ ਔਖੇ ਔਖੇ ਥਾਵਾਂ, ਪੱਥਰਾਂ ’ਚੋਂ ਤੇਲ ਦੀ ਖੁਦਾਈ ਕਰਨੀ ਜਾਣਦਾ ਸੀ। ਮਿਰਜ਼ਾ ਕੀਮੀਆ-ਰਸਾਇਣ ਪ੍ਰਬੀਨ ਸੀ। ਸਾਹਿਬਾਂ ਡਾਕਟਰ ਸੀ ਅਤੇ ਲੂਣਾ ਜੀਵ ਵਿਗਿਆਨੀ। ਬਹੁਤ ਦੇਰ ਦੀ ਮਿਹਨਤ ਬਾਅਦ ਕੈਦੋਂ ਨੂੰ ਨਵਾਂ ਰੀਜ਼ੋਰਸ ਲੱਭ ਗਿਆ ਸੀ, ਜਿਸ ਨੂੰ ਬੰਦਾ ਵਰਤ ਸਕਦਾ ਸੀ। ਇਸ ਨੂੰ ਕੈਦੋਂ ਨੇ ਕਾਲਾ ਪਾਣੀ ਨਾਂ ਦਿੱਤਾ ਸੀ। ਅਧਿਐਨ ਕਰਨਾ ਬਹੁਤ ਔਖਾ ਸੀ, ਪਰ ਕੈਦੋਂ ਨੇ ਕੋਈ ਰਾਹ ਲੱਭ ਲਿਆ। ਇਸ ਲਈ ਇਨਸਾਨਾਂ ਲਈ ਨਵਾਂ ਮੌਕਾ ਮਿਲਣ ਲੱਗਾ ਸੀ। ਭਾਰਤ ਦੀ ਸਰਕਾਰ ਨੂੰ ਦੁਨੀਆ ਵਿੱਚ ਤਾਕਤ ਮਿਲਣ ਲੱਗੀ ਸੀ। ਸੰਸਾਰ ਲਈ ਬੇ-ਵਸੀਲਾ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਫਾਰਮੂਲਾ ਹੱਥ ਵਿੱਚ ਆ ਗਿਆ ਸੀ। ਇਸ ਦਸ਼ਾ ਵਿੱਚ ਕੈਦੋਂ ਮਰ ਗਿਆ। ਸਰਕਾਰ ਸ਼ੱਕੀ ਹੋ ਗਈ। ਇਸ ਲਈ ਹੀਰ ਨੂੰ ਬੇਸ ਵਿੱਚ ਭੇਜਿਆ ਸੀ। ਬੇਸ ਪਾਣੀ ਦੇ ਥੱਲੇ ਕਰਕੇ, ਸਾਰੇ ਸਮੁੰਦਰ ਦਾ ਭਾਰ ਉੱਪਰ ਪੈਂਦਾ ਸੀ। ਇਸ ਕਰਕੇ ਸਮੁੰਦਰੀ ਸੂਟ ਬਣਾਇਆ ਸੀ ਪਾਣੀ ਦੀ ਦਾਬ ਨੂੰ ਝੱਲਣ ਲਈ। ਹੀਰ ਲਈ ਇੱਕ ਹੋਰ ਜਬਰਦਸਤ ਤਕਲੀਫ ਸੀ। ਡੂੰਘਾ ਡੂੰਘਾ ਪਾਣੀ ਬਹੁਤ ਠੰਢਾ ਸੀ। ਜਿਸਮ ਜਮ ਕੇ ਸਖ਼ਤ ਹੋ ਸਕਦਾ ਸੀ। ਲਹੂ ਯਖ ਬਣ ਸਕਦਾ ਸੀ। ਇਨਸਾਨ ਡੁੱਬਣ ਤੋਂ ਪਹਿਲਾਂ ਹੀ ਕੰਬਕੇ ਮਰ ਜਾਂਦਾ। ਇਸ ਕਰਕੇ ਸੂਟ ਮੋਟੇ ਕੱਪੜੇ ਦਾ ਸਿਊਆ ਸੀ। ਬਦਨ ਨੂੰ ਨਿੱਘਾ ਰੱਖਦਾ ਸੀ। ਜ਼ੀ-ਪੰਜ ਨੂੰ ਤਾਂ ਫਰਕ ਨਹੀਂ ਸੀ। ਸਮੁੰਦਰ ਤਾਂ ਉਸਦਾ ਸੰਸਾਰ ਸੀ। ਜ਼ੀ-ਪੰਜ ਨੇ ਲਿਫਟ ਰੋਕ ਦਿੱਤੀ। ਹੀਰ ਇੱਕ ਤਲਾਊ ਵਿੱਚ ਲਹਿਰਾਉਂਦੀ ਸੀ। ਜਦ ਲਿਫਟ ਬੰਦ ਹੋ ਗਈ, ਤੰਦੂਆ ਗਾਇਬ ਹੋਗਿਆ। ਹੁਣ ਹੀਰ ਦੇ ਪਿੰਡੇ ਨੂੰ ਦਾਬ ਨਾਲ ਅਨੂਕੂਲ ਕਰਨ, ਤਲਾਅ ਖ਼ਾਲੀ ਹੋ ਗਿਆ। ਜਦ ਸਾਰਾ ਜਲ ਨਿਚੜ ਗਿਆ, ਹੀਰ ਨੇ ਅਪਣਾ ਖੋਦ ਲਾਹ ਲਿਆ। ਹੁਣ ਤਲਾਅ ਖ਼ਾਲੀ ਸੀ। ਦੂਜੇ ਪਾਸੇ ਕਿਸੇ ਨੇ ਭਾਰੀ ਦਰ ਨੂੰ ਖੋਲ੍ਹਿਆ। – ਹੇੱਲੋ- * * * * * * * * ਹੀਰ ਨੇ ਫਾਇਲ ਫਿਰ ਖੋਲ੍ਹ ਲਈ। ਕੰਪੂਟਰ ਦੀ ਸਕਰੀਨ ਉੱਤੇ ਸਭ ਦੀਆਂ ਤਸਵੀਰਾਂ ਸਨ। ਕੈਦੋਂ ਦੀ ਮੌਤ ਵਾਰੇ ਤਫਤੀਸ਼ ਕੀਤੀ ਸੀ। ਹਰੇਕ ਬੇਸ ਦੇ ਮੈਂਬਰ ਨੂੰ ਇੰਟਰਵਿਊ ਕੀਤਾ ਸੀ। ਹਰੇਕ ਇੰਟਰਵਿਊ ਦਾ ਵਿਡੀਓ ਭਰਿਆ। ਸਾਰਾ ਦਿਨ ਬੀਤ ਗਿਆ ਸੀ। ਹੁਣ ਬੇਸ ਵਿੱਚ ਆਪਣੇ ਸੌਣ ਵਾਲੇ ਕਮਰੇ ਵਿੱਚ ਬਹਿਕੇ ਤਫਤੀਸ਼ ਨੂੰ ਰਿਵਿਊ ਕਰਦੀ ਸੀ। ਸਕਰੀਨ ਦੇ ਇੱਕ ਪਾਸੇ, ਚੂਚਕ ਮਾਂ ਵੱਲ ਵਾਪਸ ਮੁਸਕਾਨ ਦਿੰਦਾ ਸੀ। ਤਸਵੀਰ ਉੱਤੇ ਉਂਗਲੀ ਫੇਰਕੇ, ਉਂਗਲੀ ਨਾਲ ਸਕਰੀਨ ਉੱਤੇ ਸਾਹਿਬਾਂ ਦੀ ਤਸਵੀਰ ਚੁਣੀ। ਵਿਡਿਓ ਚਾਲੂ ਹੋਗਿਆ। ਸਾਹਿਬਾਂ ਬੋਲਣ ਲੱਗ ਪਈ। – ਦਸ ਮਹੀਨੇ ਪਹਿਲਾਂ ਕੈਦੋਂ ਨੂੰ ਕਾਲਾ ਪਾਣੀ ਲੱਭ ਗਿਆ ਸੀ। ਉਸ ਦੀਆਂ ਸੰਪਤੀਆਂ ਨੂੰ ਸਮਝਣ ਕਈ ਨਮੂਨੇ ਲੈਬ ਵਿੱਚ ਪਰਖ ਕੀਤੇ। ਤੇਲ ਵਰਗਾ ਨਹੀਂ ਸੀ। ਪਾਣੀ ਵਰਗਾ ਵੀ ਨਹੀਂ। ਗੂੜ੍ਹਾ ਤੱਤ ਸੀ। ਇੱਥੇ ਸਾਨੂੰ ਸੂਰਜ ਤਾਂ ਦਿਸਦਾ ਵੀ ਨਹੀਂ। ਇਸ ਕਰਕੇ ਅਸੀਂ ਕੰਮ ’ਚ ਰੁੱਝੇ ਰਹਿੰਦੇ। ਸਮੇਂ ਦਾ ਪਤਾ ਵੀ ਨਈ ਲੱਗਦਾ। ਹਾਰ ਕੇ ਕੈਦੋਂ ਸਾਡਾ ਟੀਚਾ ਪੂਰਾ ਕਰਨ ਨੇੜੇ ਆਉਣ ਲੱਗਾ ਸੀ। ਕਹਿਣ ਦਾ ਮਤਲਬ ਕਿਵੇਂ ਕਾਲੇ ਪਾਣੀ ਨਾਲ ਲਾਹੇਵੰਦ ਬਾਲਣ ਬਣਾ ਸਕਦੇ। ਫਿਰ ਇੱਕ ਦਮ ਕੈਦੋਂ ਪਾਗਲ ਹੋਗਿਆ-। ਸਾਹਿਬਾਂ ਦਾ ਮੁਖੜਾ ਬਹੁਤ ਸੁੰਦਰ ਸੀ। ਬਿੱਲੀਆਂ ਨੈਣਾਂ ਵਾਲੀ ਸੀ ਠੋਡੀ ਤਿੱਖੀ ਸੀ ਰੰਬੀ ਵਾਂਗ। ਨੱਕ ਫੀਨਾ ਸੀ ਤੇ ਮੱਥਾ ਚੌੜਾ। ਹੀਰ ਨੇ ਵਿਡੀਓ ਬੰਦ ਕਰ ਦਿੱਤਾ। ਹੁਣ ਹੀਰ ਨੇ ਰਾਂਝੇ ਦਾ ਮੂੰਹ ਛੋਹਿਆ। ਰਾਂਝਾ ਬੋਲਣ ਲੱਗ ਗਿਆ। – ਮੈਨੂੰ ਤਾਂ ਕੈਦੋ ਮਾੜਾ ਬੰਦਾ ਲੱਗਦਾ ਸੀ। ਹਮੇਸ਼ਾ ਬਿੰਨਾ ਮਤਲਬ ਤੋਂ ਸਾਨੂੰ ਟੋਕਦਾ ਸੀ। ਅਪਣੇ ਕੰਮ ਨਾਲ ਵਿਆਹਿਆ ਸੀ। ਸੱਚ ਮੁੱਚ ਤਾਂ ਕੁਆਰਾ ਸੀ। ਇਸ ਲਈ ਪਿਆਰ ਨੂੰ ਨਹੀਂ ਸਮਝਦਾ ਸੀ…-। – ਰਾਂਝਾ ਜੀ ਮੈਂ ਕੈਦੋ ਦੇ ਪ੍ਰੇਮ ਦੇ ਖਿਆਲ ਵਾਰੇ ਨਹੀਂ ਪੁੱਛਿਆ। ਮਰਿਆ ਕਿਵੇਂ? ਮੈਂ ਸੁਣਿਆ ਤੁਸੀਂ ਉਸਦੀ ਲਾਸ਼ ਲੱਭੀ ਸੀ?- ਹੀਰ ਗੱਲ ਰੋਕਦੀ ਦੀ ਆਵਾਜ਼ ਵਿਡੀਓ’ਚੋਂ ਆਈ। – ਸੌਰੀ ਜੀ। ਹਾਂ ਮੈਂ ਲੈਬ ’ਚ ਰਾਤ ਦੇ ਗਿਆਰਾਂ ਵਜੇ ਕੁਝ ਲੈਣ ਗਿਆ। ਫ਼ਰਸ਼ ਉੱਤੇ ਪਿਆ ਸੀ। ਉਸਦੇ ਸਰੀਰ ਉੱਪਰ ਕਾਲਾ ਪਾਣੀ ਚੁੰਬੜਿਆ ਸੀ। – ਰਾਂਝਾ ਜੀ ਪਾਣੀ ਕਿਵੇਂ ਜਿਸਮ ਨੂੰ ਚੁੰਬੜ ਸਕਦਾ? – ਹੀਰ ਜੀ, ਕਾਲਾ ਪਾਣੀ ਆਮ ਜਲ ਨਹੀਂ ਹੈ। ਤੇਲ ਵਰਗਾ ਵੀ ਨਹੀਂ। ਜਦ ਖ਼ੁਰਦਬੀਨ ਹੇਠ ਦੇਖੀਏ, ਉਸਦੀ ਫਿਤਰਤ ਕੀੜਿਆਂ ਵਰਗੀ ਹੈ। – ਫਿਰ ਤੁਸੀਂ ਕਹਿੰਦੇ ਕਿ ਪਾਣੀ ਜੀਉਂਦਾ ਹੈ? – ਨਹੀਂ। ਸਿਰਫ ਵਿਸ਼ੇਸ਼ਤਾਈ ਪਾਣੀ ਤੋਂ ਵਖਰੀ ਹੈ। – ਜਦ ਲੱਭਿਆ, ਤੂੰ ਕੀ ਕੀਤਾ? – ਬਸ ਅਲਾਰਮ ਚਲਾ ਦਿੱਤਾ। ਰਾਂਝੇ ਦਾ ਰੰਗ ਗੋਰਾ ਸੀ। ਨੱਕ ਤਿੱਖਾ ਸੀ। ਅੱਖਾਂ ਕਾਲੀਆਂ ਕਾਲੀਆਂ ਸਨ। ਕਾਂ ਵਾਂਗ। ਹੋਠ ਮੋਟੇ ਸੀ। ਹੀਰ ਨੂੰ ਬਹੁਤ ਸੋਹਣਾ ਲੱਗਦਾ ਸੀ, ਪਰ ਘਬਰਾਉਣ ਵਾਲਾ ਆਦਮੀ ਜਾਪਦਾ ਸੀ। ਹੁਣ ਹੀਰ ਨੇ ਲੂਣਾ ਦਾ ਚਿਹਰਾ ਦੱਬ ਦਿੱਤਾ। ਲੂਣਾ ਲੰਬੀ ਲੜਕੀ ਸੀ। ਮੂੰਹ ਗੋਲ ਗੋਲ ਸੀ। ਅੱਖਾਂ ਮੋਟੀਆਂ ਅਤੇ ਰੰਗ ਪੱਕਾ। – ਜਦ ਮੈਂ ਲੈਬ ਵਿੱਚ ਆਈ, ਰਾਂਝਾ ਕਾਲੇ ਕਾਲੇ ਪਾਣੀ ਨਾਲ ਲਿਬੜਿਆ ਸੀ। ਭੁੰਝੇ ਕੈਦੋਂ ਪਿਆ ਸੀ; ਕਾਲੇ ਪਾਣੀ ਵਿੱਚ ਡੁੱਬਿਆ। ਮੈਂ ’ਤੇ ਮਿਰਜ਼ਾ ਜੀ ਨਾਲੇ ਨਾਲ ਹੀ ਅੰਦਰ ਪੰਹੁਚੇ। ਪਤਾ ਨਹੀਂ ਕਿਵੇਂ, ਮੇਜ਼ ਤੋਂ ਬੰਸਣ ਬਰਨਰ ਡਿੱਗਿਆ ਸੀ, ਤੇ ਕੈਦੋਂ ਉੱਪਰ ਅੱਗ ਦੇ ਛਿੱਟੇ ਪਏ। ਬਸ ਸਾਰਾ ਸਰੀਰ ਮੱਚ ਗਿਆ ਸੀ। ਮਿਰਜ਼ੇ ਨੇ ਰਾਂਝੇ ਨੂੰ ਪਰੇ ਧੱਕ ਦਿੱਤਾ ਸੀ। ਮੈਂ ਕੈਦੋ ਉੱਪਰ ਅੱਗ ਨੂੰ ਬੁਝਾਉਣ ਵਾਲਾ ਸਪਰੇਅ ਛਿੜਕ ਦਿੱਤਾ। ਪਰ ਕੋਈ ਫੈਦਾ ਨਹੀਂ ਸੀ। ਲੂਣਾ ਰੋਣ ਲੱਗ ਪਈ। ਜਦ ਅਪਣੇ ਆਪ ਨੂੰ ਸੰਭਾਲ ਲਿਆ, ਹੀਰ ਨੇ ਇੱਕ ਹੋਰ ਸੁਆਲ ਪੁੱਛਿਆ। – ਤੈਨੂੰ ਕਿਵੇਂ ਲੱਗਦਾ ਕਿਦਾਂ ਮਰਿਆ? – ਮੇਰਾ ਤਾਂ ਮਨ ਮੈਨੂੰ ਕਹਿੰਦਾ ਕਿ ਰਾਂਝੇ ਨੇ ਹੀ ਮਾਰਿਆ। – ਕਿਉ? – ਕਿਉਂਕਿ ਰਾਂਝਾ ਈਰਖਾ ਨਾਲ ਭਰਿਆ ਸੀ। ਕਾਲੇ ਪਾਣੀ ਉੱਤੇ ਅਧਿਐਨ ਕਰਨਾ ਔਖਾ ਸੀ। ਕੈਦੋਂ ਖੋਜ ਤੇ ਸਫਲਤਾ ਹਾਸਲ ਕਰਨ ਵਾਲਾ ਸੀ। ਇਨਾਮ ਤਾਂ ਫਿਰ ਕੈਦੋ ਨੂੰ ਮਿਲਣਾ ਸੀ, ਹੈ ਨਾ? ਆਪ ਮਸ਼ਹੂਰ ਹੋਣਾ ਚਾਹੁੰਦਾ ਹੈ। – ਪਰ ਇਸ ਗੱਲ ਦਾ ਮਤਲਬ ਨਹੀਂ ਬਣਦਾ। ਰਾਂਝਾ ਤਾਂ ਇੰਜੀਨੀਅਰ ਹੈ। ਸ਼ਾਇਦ ਪਹਿਲਾਂ ਪਹੁੰਚਿਆ ਕਰਕੇ ਤੈਨੂੰ ਸ਼ੱਕ ਹੈ? – ਤੁਹਾਡੀ ਮਰਜ਼ੀ ਹੈ ਹੀਰ ਜੀ। ਮੈਂ ਤਾਂ ਅਪਣਾ ਬਿਆਨ ਦੇ ਦਿੱਤਾ ਤੁਹਾਨੂੰ। ਹਾਰ ਕੇ ਹੀਰ ਨੇ ਮਿਰਜ਼ੇ ਦੀ ਤਸਵੀਰ ਨੂੰ ਹੱਥ ਲਾਕੇ ਵਿਡੀਓ ਚਾਲੂ ਕੀਤਾ। ਮਿਰਜ਼ਾ ਇੱਕ ਨਿਕਾ ਜਿਹਾ ਬੰਦਾ ਸੀ। ਉਕਾਬੀ ਅੱਖਾਂ ਸਨ। ਗੰਜਾ ਸਿਰ। ਭਾਰਾ ਸੀਸ ਸੀ। ਦੇਖਣ ’ਚੋਂ ਲੱਗਦਾ ਸੀ ਕਿ ਰੱਬ ਨੇ ਗਲਤੀ ਵਿੱਚ ਕੋਈ ਵੱਡੇ ਪਿੰਡੇ ਵਾਲੇ ਦਾ ਸਿਰ ਇਸ ਬਦਨ ਉੱਪਰ ਰੱਖ ਦਿੱਤਾ। ਜਦ ਮਿਰਜ਼ਾ ਬੋਲਦਾ ਸੀ, ਹੀਰ ਨੂੰ ਇੱਦਾਂ ਲੱਗੇ, ਜਿਵੇਂ ਕੋਈ ਲੱਕੜ ਨੂੰ ਆਰੀ ਨਾਲ ਕੱਟਦਾ ਸੀ। – ਭੈਣ ਜੀ, ਰਾਂਝੇ ਨੇ ਤਾਂ ਕੁਝ ਨਹੀਂ ਕੀਤਾ। ਓਹ ਵਿਚਾਰਾ ਤਾਂ ਹਮੇਸ਼ਾ ਅਪਣੀ ਜੁਦਾ ਹੋਈ ਵਹੁਟੀ ਵਾਰੇ ਸੋਚਦਾ ਹੈ। ਓਹਨੂੰ ਕੀ ਐ, ਕਿਸ ਦਾ ਨਾਂ ਨੋਬਲ ਪ੍ਰਾਇਜ਼ ਉੱਤੇ ਲਿੱਖਿਆ ਜਾਵੇ। ਲੂਣਾ ਐਂਵੇਂ ਆਪਣੀ ਮਾਰਦੀ ਰਹਿੰਦੀ ਹੈ। – ਫਿਰ ਤੇਰੇ ਖਿਆਲ ਵਿੱਚ ਕੀ ਹੋਇਆ? – ਮੈਂ ਤਾਂ ਹੁਣ ਕੋਈ ਮਹੀਨਿਆਂ ਲਈ ਕਾਲੇ ਪਾਣੀ ਨੂੰ ਮੁਤਾਲਿਆ। ਕੈਦੋਂ ਮੇਰੀ ਗੱਲ ਮੰਨਦਾ ਨਹੀਂ ਸੀ। ‘ਤੇ ਤੂੰ ਕਿੱਥੇ ਮੰਨਣਾ ਹੈ? ਤੈਨੂੰ ਤਾਂ ਸਰਕਾਰ ਨੇ ਭੇਜਿਆ। ਸਰਕਾਰ ਤਾਂ ਆਵਦੇ ਬਾਲਣ ਮਗਰ ਹੈ। ਮੈਨੂੰ ਲੱਗਦਾ ਇਸ ਤਫ਼ਤੀਸ਼ ਦਾ ਕੰਮ ਹੈ ਸੱਚ ਨੂੰ ਲੁਕਾਉਣ। – ਮਿਰਜ਼ਾ ਜੀ, ਤੁਸੀਂ ਇਸ ਗੱਲ ’ਚ ਗਲਤ ਹੋ। ਕੈਦੋਂ ਵਰਗੇ ਆਦਮੀ ਸੌਖੇ ਨਹੀਂ ਲੱਭਦੇ। ਉਸਦਾ ਥਾਂ ਮੱਲਣਾ ਔਖਾ ਹੈ। ਬੱਸ ਤੁਸੀਂ ਅਪਣੇ ਬਿਆਨ ਦਿਓ। – ਮੇਰੇ ਖਿਆਲ ਵਿੱਚ ਮਿਰਜ਼ਾ ਨੇ ਨਾਟਕੀ ਅਸਰ ਲਈ ਗੱਲ ਰੋਕ ਦਿੱਤੀ, ਫਿਰ ਅੱਗੇ ਤੋਰੀ – ਕਾਲਾ ਪਾਣੀ ਨਾ ਕੇ ਪਾਣੀ ਹੈ, ਨਾ ਕੇ ਕੋਈ ਤੇਲ। ਕੋਈ ਕਿਸਮ ਦਾ ਜੀਵਨ ਹੈ। ਜੀਵ ਹੈ। ਮੈਂ ਤਾਂ ਸੋਚਦਾਂ ਲੋਕ-ਦੇਵ ਤੋਂ ਹੈ। ਅਸੀਂ ਹੱਥ ਲਾਇਆ ਕਰਕੇ ਗੁੱਸੇ ਵਿੱਚ ਆਪਨੂੰ ਬਚਾਉਣ ਲਈ ਕੈਦੋਂ ਨੂੰ ਕਤਲ ਕਰ ਦਿੱਤਾ। ਸਾਨੂੰ ਇੱਥੋਂ ਜਾਣਾ ਚਾਹੀਦਾ। ਮੈਂ ਕਹਿੰਦਾ ਕਿਸੇ ਹੋਰ ਨੂੰ ਮਾਰ ਦੇਣਾ, ਇਸ “ਕਾਲੇ ਪਾਣੀ” ਨੇ। ਮੈਂ ਪਾਗਲ ਨਹੀਂ ਹਾਂ, ਭੈਣ ਜੀ। ਆਪ ਖ਼ੁਰਦਬੀਨ ਦੇ ਥੱਲੇ ਰੱਖ ਕੇ ਦੇੱਖੋ। ਪਾਣੀ ਜੀਉਂਦਾ ਹੈ। ਅਸੀਂ ਇਸ ਜੀਵ ਨੂੰ ਟੈਸਟ ਕਰਕੇ ਪੀੜ ਦਿੱਤੀ। ਹੁਣ ਬਦਲਾ ਲੈਣ ਲੱਗਾ। ਆਪਾ ਨੂੰ ਬੇਸ ’ਚੋਂ ਦੌੜਣਾ ਚਾਹੀਦਾ। ਪ੍ਰੋਜੇਕਟ ਬੰਦ ਕਰਨਾ ਚਾਹੀਦਾ ਭੈਣ ਜੀ। ਹੀਰ ਨੇ ਵਿਡੀਓ ਬੰਦ ਕਰ ਦਿੱਤੇ। ਹੱਥ ਨਾਲ ਅੱਖਾਂ ਮਲੀਆਂ। ਕਿਸ ਥਾਂ ’ਤੇ ਪਹੁੰਚ ਗਈ!! ਸਾਰੇ ਪਾਗਲ ਹੋ! ਮੈਂ ਸਵੇਰੇ ਫਿਰ ਇੱਕ ਬਾਰ ਇੰਨ੍ਹਾਂ ਨਾਲ ਗੱਲ ਕਰੂੰਗੀ। ਨਾਲੇ ਬੇਸ ਦੇ ਮੁਰਦਾ ਘਰ ‘ਚ ਲਾਸ਼ ਦੀ ਜਾਂਚ ਕਰੂੰਗੀ। ਹੁਣ ਤਾਂ ਨੀਂਦ ਆਉਂਦੀ ਹੈ। ਹੀਰ ਨੂੰ ਆਵਾਜ਼ ਸੁਣੀ। ਚੂਚਕ ਦੀ ਆਵਾਜ਼। ਸੁਪਨੇ ਲੈਂਦੀ ਹੋਵੇਗੀ। ਪਰ ਆਵਾਜ਼ ਬਹੁਤ ਸਾਫ਼ ਆਉਂਦੀ ਸੀ। ਹੀਰ ਨੇ ਅੱਖਾਂ ਖੋਲ੍ਹੀਆਂ। ਕਮਰੇ ਵਿੱਚ ਹਨੇਰਾ ਸੀ। ਆਵਾਜ਼ ਫਿਰ ਆਈ। ਹੀਰ ਨੇ ਇੱਕ ਬੱਤੀ ਜਗਾ ਦਿੱਤੀ। ਇੱਕ ਦਮ ਡਰ ਗਈ। ਡਰ ਗਈ, ਕਿਉਂਕਿ ਸਾਹਮਣੇ ਚੂਚਕ ਖੜ੍ਹਾ ਸੀ। ਸੁਪਨੇ ਵਿੱਚ ਨਹੀਂ। ਐਪਰ ਸਾਹਮਣੇ, ਜੀਉਂਦਾ, ਖਲੋਇਆ ਸੀ। ਇਹ ਤਾਂ ਅਣਹੋਣੀ ਗੱਲ ਹੈ। ਹੀਰ ਨੇ ਨੈਣ ਖੋਲ੍ਹ ਕੇ ਬੰਦ ਕੀਤੇ। ਫਿਰ ਖੋਲ੍ਹੇ। ਹਾਂ, ਚੂਚਕ ਅੱਗੇ ਖੜ੍ਹਾ ਸੀ। – ਮਾਂ- ਪੁੱਤ ਨੇ ਹੀਰ ਨੂੰ ਬੁਲਾਇਆ। – ਚੂਚਕ ਤੂੰ? ਸੱਚਮੁੱਚ?- ਮਾਂ ਨੇ ਪੁੱਤ ਨੂੰ ਪੁੱਛਿਆ। – ਹਾਂ ਮਾਂ। ਮੈਂ ਹੀ ਹਾਂ- ਚੂਚਕ ਨੇ ਉੱਤਰ ਦਿੱਤਾ। – ਹੋ ਨਹੀਂ ਸੱਕਦਾ। ਮੈਨੂੰ ਸੁਪਨਾ ਆਉਂਦਾ ਹੋਵੇਗਾ। – ਮਾਂ ਤੁਸੀਂ ਤਾਂ ਬੈਡ ਵਿੱਚ ਪਏ ਹੋ; ਉੱਠੇ ਹੋ। – ਪੁੱਤ ਆਪਾ ਕਿੱਥੇ ਹਾਂ?- – ਤੁਹਾਡੇ ਬੇਡਰੂਮ ਵਿੱਚ ਮੰਮੀ ਜੀ। – ਨਹੀਂ ਪੁੱਤ, ਹੋ ਨਹੀਂ ਸੱਕਦਾ। ਅਪਣਾ ਘਰ ਨਹੀਂ ਹੈ। ਆਪਾਂ ਤਾਂ ਸਮੁੰਦਰ ਦੇ ਹੇਠਾਂ ਇੱਕ ਬੇਸ ਵਿੱਚ ਹਾਂ। – ਸੱਚੀ ਮਾਂ? – ਹਾਂ। ਤੈਨੂੰ ਪਤਾ ਆਪਾਂ ਕਿਵੇਂ ਇੱਥੇ ਪਹੁੰਚੇ? – ਨਹੀਂ ਮਾਂ। – ਤੂੰ ਕਿਵੇਂ ਪਹੁੰਚਿਆ? – ਪਤਾ ਨਹੀਂ ਮਾਂ ਜੀ। ਹੀਰ ਦੀ ਨੀਂਦ ਉੱਡ ਗਈ ਸੀ। ਹੁਣ ਉੱਠ ਕੇ ਬਹਿ ਗਈ। ਚੂਚਕ ਸੱਚ ਮੁੱਚ ਅੱਗੇ ਖੜ੍ਹਾ ਸੀ। ਫਿਰ ਤਾਂ ਇਹ ਸੁਪਨਾ ਹੀ ਹੋ ਸਕਦਾ। ਸੱਚਾਈ ਕਿਵੇਂ ਹੋ ਸੱਕਦੀ? ਭਾਵੇਂ ਸੱਚ ਹੈ, ਜਾਂ ਮਨ ਦੀ ਇੱਛਾ ਹੈ, ਹੀਰ ਦਾ ਜੀ ਕਰਦਾ ਸੀ ਪੁੱਤਰ ਨੂੰ ਜੱਫੀ ਪਾਉਣ ਲਈ। ਜੱਫੀ ਪਾਈ। ਸੱਚ ਮੁੱਚ ਮੁੰਡਾ ਹੀ ਸੀ। ਹੀਰ ਦਾ ਮੁੰਡਾ, ਚੂਚਕ। ਹੀਰ ਨੂੰ ਰੋਣਾ ਆਗਿਆ। ਜੋਰ ਦੇਣੀ ਆਪਣੇ ਮੁੰਡੇ ਨੂੰ ਘੁੱਟਿਆ। ਰੱਜ ਰੱਜ ਕੇ ਰੋਈ। ਚੂਚਕ ਵੀ ਰੋਣ ਲੱਗ ਪਿਆ। – ਮੈਨੂੰ ਕਦੀ ਫੇਰ ਨਹੀਂ ਛੱਡਣਾ। ਹੀਰ ਨੇ ਦੋ ਘੰਟਿਆਂ ਲਈ ਪੁੱਤਰ ਨਾਲ ਗੱਲਾਂ ਬਾਤਾਂ ਕੀਤੀਆਂ। ਫਿਰ ਪੁੱਤ ਮਾਂ ਨਾਲ ਬੈੱਡ ’ਚ ਪੈ ਗਿਆ। ਦੋਨੋਂ ਸੌਂ ਗਏ। ਜਦ ਸਵੇਰਾ ਚੜ੍ਹਿਆ, ਹੀਰ ਨੇ ਨੈਣ ਖੋਲ੍ਹੇ। ਸੁਪਨਾ ਤਾਂ ਰਾਤ ਵਿੱਚ ਗੁੰਮ ਗਿਆ ਸੀ। ਹੀਰ ਨੇ ਆਸ ਪਾਸ ਤੱਕਿਆ। ਹੈਰਾਨ ਹੋ ਗਈ, ਹੀਰ। ਚੂਚਕ ਹਾਲੇ ਵੀ ਨਾਲ ਪਿਆ ਸੀ! ਐਪਰ ਇਹ ਤਾਂ ਅਣਹੋਣੀ ਗੱਲ ਹੈ। ਮੁੰਡੇ ਨੂੰ ਹਿਲਾਇਆ। ਹੌਲੀ ਹੌਲੀ ਉੱਠ ਗਿਆ। -ਹਾਂ ਮਾਂ?। ਪੂਰੀ ਅਣਹੋਣੀ ਗੱਲ ਸੀ। ਹੀਰ ਦੀ ਸੋਚ ਲਈ ਅਸਾਧ ਸੀ; ਤਰਕਹੀਣ ਵੀ ਸੀ। ਜੇ ਸੁਪਣੇ ਵਿੱਚ ਨਹੀਂ ਸੀ, ਫਿਰ ਕੁਝ ਅਜੀਬ ਹੋ ਰਿਹਾ ਸੀ। ਦੂਜਿਆ ਨੂੰਆਖਣਾ ਪਊਗਾ। ਹੀਰ ਤਿਆਰ ਹੋ ਗਈ। ਮੁੰਡਾ ਚੁੱਪ ਚਾਪ ਬੈਠਾ ਸੀ। ਹੀਰ ਨੇ ਉਹਨੂੰ ਇੱਕ ਗੁਟਕਾ ਫੜਾਇਆ।- ਐ ਪੜ੍ਹ। ਪੁੱਤ ਤੈਨੂੰ ਕੋਈ ਯਾਦ ਹੈ, ਤੂੰ ਪਹਿਲਾਂ ਕਿੱਥੇ ਸੀ?- ਮੁੰਡੇ ਨੂੰ ਪਤਾ ਨਹੀਂ ਸੀ। ਸਿਰਫ਼ ਇਨ੍ਹਾ ਪਤਾ ਸੀ, ਕਿ “ਮੈਂ ਮਾਂ ਨੂੰ ਪਿਆਰ ਕਰਦਾਂ।” ਅੱਛਾ ਪੁੱਤ, ਤੂੰ ਇੱਥੇ ਹੀ ਰਹਿ। ਮੈਂ ਮੁਰਦਾ ਘਰ ਜਾਣਾ ਕਿਸੇ ਦੀ ਲਾਸ਼ ਵੇਖਣ। ਤੂੰ ਇਸ ਕਮਰੇ ’ਚੋਂ ਬਾਹਰ ਨਹੀਂ ਜਾਣਾ। ਅੱਛਾ? – ਅੱਛਾ। ਹੀਰ ਬੇਟੇ ਨੂੰ ਕਮਰੇ ਵਿੱਚ ਛੱਡਕੇ ਬਾਹਰ ਖਲੋਈ। ਉਸਨੂੰ ਹਾਲੇ ਵੀ ਲੱਗਦਾ ਸੀ ਕਿ ਸੁਪਨਾ ਸੀ। ਭਾਵਨਾ ਦਾ ਟੁਕੜਾ ਸੀ। ਕਲਪਨਾ ਦੀ ਚਾਲ। ਚੂਚਕ ਤਾਂ ਹੋ ਨਹੀਂ ਸਕਦਾ। ਹੀਰ ਨੇ ਸਾਹਿਬਾਂ ਨਾਲ ਗੱਲ ਕਰਨੀ ਸੀ ਪੜਤਾਲ ਦੇ ਬਾਰੇ। ਪਰ ਹੁਣ ਝਿਜਕਦੀ ਸੀ ਉਸਨੂੰ ਕੈਦੋਂ ਬਾਰੇ ਆਖਣ ‘ਤੇ। ਹੀਰ ਨੇ ਸੋਚਿਆ ਮੈਨੂੰ ਆਉਣਾ ਨਹੀਂ ਸੀ ਚਾਹੀਦਾ। ਕੀ ਪਤਾ ਮਨ ਵਿੱਚ ਚੂਚਕ ਨੂੰ ਇੰਨ੍ਹਾਂ ਡੂੰਘੀ ਥਾਂ ਰੱਖਿਆ ਸੀ, ਕਿ ਹੋਰ ਕੁਝ ਬਾਰੇ ਸੋਚ ਨਹੀਂ ਸਕਦੀ। ਹੀਰ ਵਿਚਾਰਵਾਨ ਸੀ। ਚੂਚਕ ਉਸਦੇ ਕਮਰੇ ਵਿੱਚ ਨਹੀਂ ਹੋ ਸਕਦਾ ਹੈ। ਹੀਰ ਜਾਦੂ ਜੁੱਦੂ ’ਚ ਵੀ ਨਹੀਂ ਮੰਨਦੀ ਸੀ। ਕੋਈ ਤਰਕ ਵਿਆਖਿਆ ਹੋਵੇਗੀ। ਹੀਰ ਨੇ ਕਮਰੇ ਦਾ ਤਾਲਾ ਲਾ ਦਿੱਤਾ। ਜੇ ਸੱਚ ਮੁੱਚ ਪੁੱਤਰ ਜੀਉਂਦਾ ਸੀ, ਜਾਂ ਉਸਦਾ ਡਿਟੋ ਕਾਪੀ ਸੀ, ਦੂਜਿਆਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਸੀ। ਹੀਰ ਨੇ ਆਪਣਾ ਪਾਗਲਪਣ ਕਮਰੇ ਵਿੱਚ ਛੁਪਾ ਕੇ ਰਹਿਣ ਦਿੱਤਾ। ਜੇ ਸੱਚ ਮੁੱਚ ਸੋਚ ਹੀ ਸੀ, ਕੀ ਪਤਾ ਹੁਣ ਵੀ ਰਸਤੇ ’ਚ ਮਿਲ ਜਾਣਾ ਸੀ? ਹੀਰ ਕੇਸ ਵਾਰੇ ਸੋਚਣ ਲੱਗ ਪਈ। ਆਹੋ! ਕੇਸ ਬਾਰੇ ਸੋਚ ਕੁੜੀਏ! ਤੂੰ ਆਈ ਹੀ ਇੱਥੇ ਤਫ਼ਤੀਸ਼ ਕਰਨ, ‘ਤੇ ਚੂਚਕ ਨੂੰ ਕੋਈ ਮਨ ਦੇ ਡੂੰਘੇ ਖੁੰਜੇ ’ਚ ਲੁਕਾ। ਕੰਮ ਵਿੱਚ ਰੁੱਝ। ਅੱਛਾ ਹੁਣ ਤਕ ਕੀ ਪਤਾ ਕੀਤਾ? ਹਾਂ, ਰਾਂਝਾ ਅਪਣੇ ਵਹੁਟੀ ਨੂੰ ਬਹੁਤ ਮਿਸ ਕਰਦਾ ਹੈ। ਜਿੱਦਾਂ ਚੂਚਕ ਰੱਬ ਕੋਲ ਚੱਲੇ ਗਿਆ। (ਕਿੱਥੇ! ਓਹ ਤਾਂ ਮੇਰੇ ਕਮਰੇ ’ਚ ਹੈ! ਬਸ ਹਟ ਜਾ ਇਸ ਬਾਰੇ ਸੋਚਣ!), ਇੱਦਾਂ ਹੀ ਵਿਚਾਰੇ ਦੀ ਪਤਨੀ ਨਾਲ ਕੁਝ ਹੋਇਆ ਹੋਵੇਗਾ। ਮਿਰਜ਼ੇ ਨੇ ਇਹ ਹੀ ਕਿਹਾ ਸੀ ਨਾ? “ਜੁਦਾ ਹੋਈ ਵਹੁਟੀ ਵਾਰੇ ਸੋਚਦਾ ਹੈ।” ਨਹੀਂ ਤਾਂ ਉਸਦੀ ਤੀਵੀਂ ਘਰ ਛੱਡ ਗਈ ਸੀ? ਮਿਰਜ਼ੇ ਨੂੰ ਲੱਗਦਾ ਕਿ ਕਾਲਾ ਪਾਣੀ ਸਜੀਵ ਹੋ ਸਕਦਾ। ਇਸਦਾ ਕੀ ਮਤਲਬ ਹੈ? ਕਿ ਬਦਲੇ ਵਿੱਚ ਪਾਣੀ ਨੇ ਕੈਦੋਂ ਨੂੰ ਮਾਰਿਆ? ਕਿ ਸਰਕਾਰ ਨੇ ਕਿਸੇ ਜੀਉਂਦੀ ਚੀਜ਼ ਨੂੰ ਬਾਲਣ ਬਣਾਉਣ ਦੀ ਕੋਸ਼ਿਸ਼ ਕੀਤੀ? ਸਭ ਤੋਂ ਤਰਕਸ਼ੀਲ ਬਿਆਨ ਲੂਣਾ ਦਾ ਸੀ। ਸਾਇੰਸਦਾਨ ਅਤੇ ਇੰਜੀਨੀਅਰ ਨੇ ਲਭਤ ਉੱਪਰ ਝਗੜਾ ਕੀਤਾ; ਕੈਦੋ ਮਰ ਗਿਆ। ਸਭ ਤੋਂ ਤਰਕ ਵਾਲਾ ਵਿਚਾਰ ਇਹ ਹੀ ਸੀ। ਪਰ ਸਬੂਤ ਚਾਹੀਦਾ ਸੀ। ਮੈਂ ਇਨ੍ਹਾਂ ਨੂੰ ਪਾਗਲ ਸਮਝਦੀ ਸੀ। ਪਰ ਮੈਨੂੰ ਹੁਣ ਚੂਚਕ ਜੀਉਂਦਾ ਦਿੱਸਦਾ! ਮੈਂ ਵੀ ਫਿਰ ਕਮਲੀ ਹਾਂ! ਕੇਸ ’ਤੇ ਵਾਪਸ ਆ! ਰਾਂਝਾ ਘਟਨਾ ਸਥੱਲ ਤੇ ਸਭ ਤੋਂ ਪਹਿਲਾਂ ਪਹੁੰਚਿਆ ਸੀ। ਸਾਹਿਬਾਂ ਨੂੰ ਹੀਰ ਮੁਰਦਾ ਘਰ ਵਿੱਚ ਮਿਲੀ। ਕਮਰਾ ਲੋਹੇ ਦਾ ਬਣਾਇਆ ਸੀ। ਇੱਕ ਪਾਸੇ ਨਿਕੇ ਨਿਕੇ ਚੌਰਸ ਰੂਪ ਵਿੱਚ ਬੂਹੇ ਸਨ। ਇੱਕ ਨੂੰ ਸਾਹਿਬਾਂ ਨੇ ਖਿੱਚਿਆ। ਬੇਕਪੜੇ ਲਾਸ਼ ਨੀਲੀ ਹੋਈ ਸੀ। ਬੂਹਿਆਂ ਪਿੱਛੇ ਫਰਿਜ ਸੀ। ਠੰਢ ਨੇ ਕੈਦੋਂ ਨੂੰ ਖਰਾਬ ਹੋਣ ਤੋਂ ਬਚਾਕੇ ਰੱਖਿਆ ਸੀ। ਇਸ ਲਈ ਲੋਥ ਮੁਸ਼ਕ ਨਹੀਂ ਮਾਰਦੀ ਸੀ। ਜਿੱਥੇ ਕਾਲਾ ਪਾਣੀ ਲੱਗਿਆ ਸੀ, ਦਾਗ਼ ਸਨ। ਦੋਨਾਂ ਜਨਾਨੀਆਂ ਨੇ ਹਰੇਕ ਇੰਚ ਨੂੰ ਧਿਆਨ ਨਾਲ ਹੌਲੀ ਹੌਲੀ ਪੜਤਾਲਿਆ। – ਤੇਰਾ ਕੀ ਖਿਆਲ ਏ?- ਸਾਹਿਬਾਂ ਨੇ ਹੀਰ ਨੂੰ ਆਖਿਆ। – ਮੈਂ ਚਮੜੀ ਦਾ ਇੱਕ ਟੁਕੜਾ ਛਿਲਣ ਲੱਗੀ ਹਾਂ। ਖ਼ੁਰਦਬੀਨ ਦੀ ਅੱਖ ਥੱਲੇ ਪੜਤਾਲ ਕਰੀਏ। ਕਤਲ ਦਾ ਹਾਲੇ ਸਬੂਤ ਨਹੀਂ। ਹਾਲੇ ਤਾਂ ਹਾਦਸਾ ਹੀ ਲੱਗਦਾ। ਇਹ ਲੈ। ਨਾਲੇ ਤੁਹਾਡੇ ਸਲਾਮਤੀ ਕੈਮਰਿਆਂ ਨੇ ਜਰੂਰ ਲੈਬ ਦੀ ਰਿਕਾਰਡਿੰਗ ਕੀਤੀ ਹੋਵੇਗੀ? ਸਾਰੀਆਂ ਡਿਸਕਾਂ ਜਿਸ ਉਸ ਰਾਤ ਭਰੀਆਂ, ਮੈਂ ਵੇਖਣੀਆਂ। – ਅੱਛਾ। – ਸਾਹਿਬਾਂ ਮੇਰੀ ਗੱਲ ਗਲਤ ਪਾਸੇ ਨਾ ਲਈ, ਪਰ ਇਸ ਥਾਂ ’ਚ ਰਹਿਕੇ ਬੰਦਾ ਪਾਗਲ ਹੋ ਸਕਦਾ, ਹੈ ਨਾ? – ਹਾਂ। ਸਾਡੇ ਬਿਆਨ ਤੈਨੂੰ ਅਜੀਬ ਲੱਗਦੇ ਹੋਣਗੇ? ਮੇਰਾ ਖਿਆਲ ਹੈ ਕਿ ਜਦ ਇਨਸਾਨ ਇਸ ਤਰ੍ਹਾਂ ਸਮੁੰਦਰ ਦੇ ਥੱਲੇ ਬੇਸ ’ਚ ਰਹਿੰਦਾ, (ਓਹ ਵੀ ਬਹੁਤ ਘੱਟ ਜਨਤਾ ਨਾਲ) ਬੰਦਾ ਉਈਂਂ ਪਾਗਲ ਹੋ ਜਾਂਦਾ। ਨਾਲੇ ਸਾਡੇ ਸੀਸਾਂ ਉੱਪਰ ਸਾਰੇ ਸਮੁੰਦਰ ਦਾ ਭਾਰ ਵੀ ਹੈ। ਲੋਕ ਨੂੰ ਛਾਇਆ ਪੈ ਜਾਂਦੀ ਹੈ। ਕਹਿਣ ਦਾ ਮਤਲਬ ਚਿੱਤ ਵਿੱਚ ਗਲਤ ਵਿਚਾਰ ਬਹਿ ਜਾਂਦਾ। ਕਈਆਂ ਨੂੰ ਇੱਕ ਦਮ। ਕਈਆਂ ਨੂੰ ਚਿਰ ਬਾਅਦ। – ਅੱਖਾਂ ਦਾ ਧੋਖਾ, ਵਹਿਮ? ਇੱਕ ਦਮ?- ਹੀਰ ਨੂੰ ਚੈਨ ਆ ਗਿਆ, ਕਿ ਕੀ ਪਤਾ ਇਸ ਕਰਕੇ ਉਸਨੂੰ ਚੂਚਕ ਜੀਉਂਦਾ ਜਾਪਦਾ ਹੈ। – ਆਹੋ। ਇੱਥੇ ਅਸੀਂ ਕੱਲੇ ਹਾਂ। ਤਾਂ ਹੀ ਰਾਂਝੇ ਨੂੰ ਉਸਦੀ ਵਹੁਟੀ ਚੇਤੇ ਆਈ ਜਾਂਦੀ ਹੈ। ਤਾਂ ਹੀ ਮਿਰਜ਼ਾ ਕਾਲੇ ਪਾਣੀ ਨੂੰ ਜੀਉਂਦਾ ਜੀਵ ਸਮਝਦਾ। -‘ਤੇ ਤਾਂ ਹੀ ਲੂਣਾ ਨੂੰ ਲੱਗਦਾ ਕਿ ਰਾਂਝੇ ਨੇ ਮਾਰਿਆ? ਡਿਸਕਾਂ ਨੇ ਸਭ ਦਿਖਾ ਦੇਣਾ। ਰਾਂਝਾ ਹਮੇਸ਼ਾ ਅਪਣੀ ਵਹੁਟੀ ਬਾਰੇ ਸੋਚਦਾ; ਕੀ ਤਲਾਕ ਹੋਗਿਆ? ਮਿਰਜ਼ਾ ਦੱਸਦਾ ਸੀ ਕਿ ਜੁਦਾ ਹੋ ਗਏ। -ਹਾਂ ਤਲਾਕ। ਰਾਂਝੇ ਦੇ ਦੋ ਮੁੰਡੇ ਹਨ। ਮਾਂ ਨਾਲ ਗਏ। – ਪਰ ਰਾਂਝਾ ਤਾਂ ਜਿੱਦਾਂ ਪਤਨੀ ਬਾਰੇ ਬੋਲਦਾ, ਮੈਂ ਸੋਚਿਆ ਬਹੁਤ ਪ੍ਰੇਮ ਕਰਦਾ? – ਆਹੋ। ਕਿਹਾ ਨਾ ਕਿ ਬੇਸ ’ਚ ਆਦਮੀ ਇਕੱਲਾ ਹੋ ਜਾਂਦਾ? ਬੱਸ। ਪਰ ਸੱਚ ਹੈ ਕਿ ਘਰ ਵਾਲੀ ਦਾ ਹੋਰ ਕਿਸੇ ਨਾਲ ਸਿਲਸਲਾ ਹੋਇਆ। – ਅੱਛਾ! ਫੜ ਹੋ ਗਈ। – ਹੋਰ! ਤਾਂ ਤਾ ਤਲਾਕ ਹੋਇਆ। ਵਿਚਾਰਾ ਤਾਂ ਹਾਲੇ ਵੀ ਤੀਵੀੰ ਨੂੰ ਪਿਆਰ ਕਰਦਾ। – ਫਿਰ ਲੂਣਾ ਦਾ ਸ਼ੱਕ ਗਲਤ ਹੈ। – ਸ਼ਾਇਦ। – ਅੱਛਾ, ਤੂੰ ਹੁਣ ਕਾਲੇ ਪਾਣੀ ਦਾ ਪਤਾ ਕਰ। ਮੈਂ ਵਿਡੀਓ ਵੇਖ ਦੀ ਹਾਂ। – ਤੇਰੇ ਕਮਰੇ ਭੇਜ ਦੇਵਾਂਗੀ। – ਨਹੀਂ। ਮੈਨੂੰ ਕੋਂਟਰੋਲ-ਰੂਮ ’ਚ ਭੇਜ ਦੀ। ਉੱਥੇ ਮੈਂ ਦੇਖ ਲਵਾਂਗੀ। – ਠੀਕ ਏ। * * * * ਹੀਰ ਦਾ ਚਿੱਤ ਨਹੀਂ ਕਰਦਾ ਸੀ ਅਪਣੇ ਕਮਰੇ ਵਾਪਸ ਜਾਣ ਨੂੰ। ਕੀ ਪਤਾ ਚੂਚਕ ਸਿਰਫ਼ ਮਨ ਵਿੱਚ ਹੀ ਸੀ? ਕੀ ਪਤਾ ਹੀਰ ਉਲਟੇ ਰਾਹ ਪੈ ਗਈ? ਕੀ ਪਤਾ। ਇਸ ਲਈ ਕੰਟਰੋਲ-ਰੂਮ ’ਚ ਟੀ ਵੀ ਸਾਹਮਣੇ ਬਹਿ ਗਈ ਸੀ। ਡੂੰਘੇ ਸਮੁੰਦਰ ਦੇ ਹੇਠਾਂ ਕੋਈ ਸਿਗਨਲ ਨਹੀਂ ਸੀ ਸਾਫ਼ ਆ ਸਕਦਾ। ਉੱਪਰ ਵਾਪਸ ਜਾਕੇ ਸਰਕਾਰ ਨਾਲ ਗੱਲ ਕਰਨੀ ਪਵੇਗੀ। ਉੱਪਰ ਜਾਕੇ ਆਮ ਟੀ ਵੀ ਚੈਂਨਲ ਦੇੱਖਣੇ ਪੈਣੇ ਸੀ। ਦਰ ਖੁਲ੍ਹਿਆ। ਇੱਕ ਕਲਦਾਰ ਅੰਦਰ ਆਇਆ। ਲੰਬਾ ਕੱਦ ਦਾ ਸੀ। ਚਾਂਦੀ ਰੰਗ ਦਾ ਸੀ। ਪਹਿਲਾ ਤਾਂ ਹੀਰ ਵੇਖ ਕੇ ਹੈਰਾਨ ਹੋ ਗਈ। ਫਿਰ ਸੋਚਿਆ – ਇਸ ਵਿੱਚ ਕੀ ਅਜੀਬ ਹੈ? ਰਣਜੀਤ ਪੁਰ ਤਾਂ ਕਲਦਾਰਾਂ ਨਾਲ ਭਰਿਆ ਪਿਆ ਸੀ। ਕਲਦਾਰ ਨੇ ਹੀਰ ਨੂੰ ਡਿਸਕ ਦੇ ਦਿੱਤੇ। ਕਲਦਾਰ ਦੀ ਛਾਤੀ ਉੱਤੇ ਕੋਈ ਨੰਬਰ ਵਾਲਾ ਬਿੱਲਾ ਲਾਇਆ ਨਹੀਂ ਸੀ। ਇਸ ਤੋਂ ਹੀਰ ਨੇ ਸਿੱਟਾ ਕੱਢਿਆ, ਕਿ ਕਲਦਾਰ ਸਰਕਾਰ ਦਾ ਨਹੀਂ ਸੀ। – ਕਿਸ ਦਾ ਏ?- ਹੀਰ ਨੇ ਗਿੱਟਿਆਂ ਵਿੱਚ ਮਾਰਿਆ। – ਜੀ, ਮੈਂ ਮਿਰਜ਼ਾ ਸਾਹਿਬ ਦਾ ਹਾਂ। – ਅੱਛਾ। ਤੂੰ ਜਾ ਸਕਦਾ। ਮਸ਼ੀਨੀ ਮਾਨਵ ਚੱਲੇ ਗਿਆ। ਹੀਰ ਨੇ ਡਿਸਕ ਵਿਡੀਓ ’ਚ ਪਾ ਦਿੱਤਾ। ਰਾਂਝੇ ਦੇ ਲੈਬ ਵਿੱਚ ਅੰਦਰ ਆਉਣ ਤੋਂ ਪਹਿਲੀ ਸੀਨ ਚੁਣੀ। ਫਿਰ ਚਲਾ ਦਿੱਤੀ। ਜੋ ਹੀਰ ਨੇ ਵੇਖਿਆ, ਦੇਖ ਕੇ ਹੈਰਾਨ ਹੋ ਗਈ। ਕਿਸੇ ਨੇ ਡਿਸਕ ਦੇਖਿਆ ਹੋਵੇਗਾ? ਲੱਗਦਾ ਕਿਸੇ ਨੇ ਡੈਟੇ ਨਾਲ ਛੇੜਖਾਨੀ ਕੀਤੀ ਸੀ। ਕਿਉਂ? ਕਿਉਂਕਿ ਫਿਲਮ ਦੇ ਹਿਸਾਬ ਨਾਲ ਕੈਦੋਂ ਖ਼ੁਰਦਬੀਨ ਨਾਲ ਕਾਲੇਪਾਣੀ ਦੇ ਨਮੂਨੇ ਨੂੰ ਘੋਖ ਕਰ ਰਿਹਾ ਸੀ, ਜਦ ਇੱਕ ਹੋਰ ਕੈਦੋਂ ਅੰਦਰ ਆਗਿਆ। ਦੋਨੋਂ ਝਗੜਾ ਕਰਨ ਲੱਗ ਪਏ। ਫਿਰ ਇੱਕ ਨੇ ਖਿੱਝ ਵਿੱਚ ਦੂਜੇ ਦੇ ਸਿਰ ’ਤੇ ਖ਼ੁਦਰਬੀਨ ਮਾਰਿਆ। ਓਹ ਉਸ ਹੀ ਵਕਤ ਭੁੰਜੇ ਡਿੱਗ ਪਿਆ। ਕਾਲਾ ਪਾਣੀ ਉਹਦੇ ਉੱਪਰ ਡੁੱਲ੍ਹ ਗਿਆ। ਫਿਰ ਖਲੋਇਆ ਹੋਇਆ ਕੈਦੋਂ ਬਾਹਰ ਤੁਰ ਪਿਆ। ਇਸ ਤੋਂ ਬਾਅਦ ਕਾਲਾ ਪਾਣੀ ਕੋਈ ਨਾਗ ਵਾਂਗ ਕੈਦੋਂ ਦੇ ਉੱਪਰ ਇਧਰ ਉਧਰ ਹਿੱਲੇ। ਹਾਰਕੇ ਲਾਸ਼ ਉੱਤੇ ਚੁੰਬੜ ਕੇ ਜੰਮ ਗਿਆ। ਫਿਰ ਰਾਂਝਾ ਅੰਦਰ ਆਇਆ। ਹੀਰ ਨੂੰ ਤਾਂ ਇਹ ਗੱਲ ਚੂਚਕ ਤੋਂ ਵੀ ਅਜੀਬ ਲੱਗੀ। ਫਿਲਮ ਨੂੰ ਮੁੜ ਲਪੇਟ ਕੇ ਬਾਰ ਬਾਰ ਦੇਖਿਆ। ਫਿਰ ਅੰਤ’ਤੇ ਜ਼ੰਜੀਰ, ਕਹਿਣ ਦਾ ਮਤਲਬ ਹੋਰਾਂ ਨਾਲ ਬੋਲਣ ਵਾਲੀ ਚੀਜ਼ ਨੂੰ ਦਬ ਕੇ ਸਾਹਿਬਾਂ ਨੂੰ ਬਲਾਇਆ। – ਹਾਂ। ਮੈਂ ਆਉਂਦੀ ਆਂ। ਹਾਲੇ ਮੈਂ ਕਾਲੇ ਪਾਣੀ ਵਾਰੇ ਪੂਰੀ ਗੱਲ ਨਹੀਂ ਸਮਝਦੀ। ਮੈਂ ਕੈਦੋਂ ਦੋ ਨੋਟਾਂ ਨੂੰ ਪੜ੍ਹ ਰਹੀ ਹਾਂ। ਨਾਲੇ ਮਿਰਜ਼ੇ ਦਾ ਸਿਧਾਂਤ। – ਅੱਛਾ। ਪਰ ਤੂੰ ਇੱਕ ਦਮ ਆ। ਸੱਚ ਕਿੰਨ੍ਹਾਂ ਨੇ ਇਸ ਡਿਸਕ ਨੂੰ ਦੇਖਿਆ? – ਸਿਰਫ਼ ਮਿਰਜਾ ਨੇ। – ਮੈਨੂੰ ਤਾਂ ਇਸ ਵਾਰੇ ਉਹਨੇ ਕੁਝ ਨਹੀਂ ਕਿਹਾ। ਓਹਨੂੰ ਵੀ ਨਾਲ ਲੈ ਕੇ ਆਂਈਂ। – ਠੀਕ ਏ। * * * * * ਰਾਂਝੇ ਨੇ ਮੀਚੀਆਂ ਅੱਖਾਂ ਖੋਲੀਆਂ। ਧੜਕਣ ਨੇ ਛਾਲ ਮਾਰੀ। ਕਿਉਂ? ਕਿਉਂਕਿ ਉਸਦੇ ਸਾਹਮਣੇ ਅਣਹੋਣੀ ਗੱਲ ਸੀ। ਓਹ ਭੱਦਰ ਪੁਰਸ਼ ਜੋ ਬਾਥਰੂਮ ’ਚ ਖੜ੍ਹਾ ਸੀ, ਸ਼ੀਸ਼ੇ ਦੇ ਅੱਗੇ। ਅਪਣੇ ਰੂਪ ਦਾ ਪਰਛਾਵਾਂ ਸ਼ੀਸ਼ੇ ਵਿੱਚ ਦੇਖਦਾ ਸੀ। ਇੱਕ ਹੋਰ ਰੂਪ ਸੀ, ਲੈਲਾ ਦਾ। ਹੁਣ ਤਾਂ ਜੁਦਾ ਹੋ ਗਏ; ਤਲਾਕ ਵੀ ਹੋਗਿਆ ਸੀ। ਘਰ ਵਾਲੀ ਨੇ ਤਾਂ ਰਾਂਝੇ ਨੂੰ ਛੱਡ ਦਿੱਤਾ ਸੀ। ਪਰ ਉਸਦੀ ਵਹੁਟੀ ਦਾ ਚਿਹਰਾ, ਓਹਦੇ ਵੱਲ ਸ਼ੀਸ਼ੇ ’ਚੋਂ ਵਾਪਸ ਝਾਕਦਾ ਸੀ! ਹੋ ਨਹੀਂ ਸਕਦਾ! ਓਹ ਤਾਂ ਧਰਤੀ’ਤੇ ਹੈ, ਮੇਰੇ ਲਾਲਾਂ, ਮੇਰੇ ਮੁੰਡਿਆਂ ਨਾਲ! ਰਾਂਝੇ ਨੇ ਫਿਰ ਅੱਖਾਂ ਮੀਚ ਲਈਆਂ। ਹੁਣ ਜਦ ਖੋਲ੍ਹੇਗਾ, ਸਿਰਫ਼ ਰਾਂਝਾ ਹੀ ਵਾਪਸ ਝਾਕਦਾ ਹੋਵੇਗਾ। ਫਿਰ ਵੀ ਨੈਣ ਤਾਂ ਹੋਰ ਹੀ ਗੱਲ ਕਹਿੰਦੇ ਸਨ। ਲੈਲਾ ਹਾਲੇ ਵੀ ਸ਼ੀਸ਼ੇ ਵਿਚ ਖਲੋਤੀ ਸੀ! ਕੀ ਮੈਂ ਪਾਗਲ ਹੋ ਗਿਆ ਹਾਂ? – ਸਾਨੂੰ ਕਿਉਂ ਨਹੀਂ ਦੱਸਿਆ? ਸਾਹਿਬਾਂ ਨੇ ਮਿਰਜ਼ੇ ਨੂੰ ਆਖਿਆ। ਹੀਰ, ਮਿਰਜ਼ਾ ਅਤੇ ਸਾਹਿਬਾਂ ਕਲਦਾਰ ਨਾਲ ਕੰਟਰੋਲ -ਰੂਮ’ਚ ਖੜ੍ਹੇ ਸਨ। ਹੀਰ ਨੇ ਵਿਡੀਓ ਦੂਜਿਆਂ ਨੂੰ ਚਲਾ ਕੇ ਦਿਖਾ ਦਿੱਤੀ ਸੀ। ਸਾਹਿਬਾਂ ਤਾਂ ਹੈਰਾਨ ਹੋ ਗਈ ਸੀ। ਹੈਰਾਨ ਅਤੇ ਲਾਜੁਆਬ। ਪਰ ਮਿਰਜ਼ਾ ਨਹੀਂ, ਉਹ ਅਵਾਕ ਸੀ। – ਕਿਉਂ ਕਿ ਤੁਸੀਂ ਸਭ ਨੇ ਇਸ ਤਰ੍ਹਾਂ ਹੀ ਕਰਨਾ ਸੀ। ਜਵਾਬੀ ਹਮਲਾ ਕਰਨਾ ਹੀ ਕਰਨਾ ਸੀ ਕਿਉਂਕਿ ਸਭ ਨੇ ਡਰ ਜਾਣਾ ਸੀ। ਇੱਕ ਪਾਸੇ ਜੇ ਮੈਂ ਦਿਖਾ ਵੀ ਦਿੱਤਾ ਸੀ, ਲੂਣਾ ਨੇ ਰਾਂਝੇ ਦਾ ਪਿੱਛਾ ਛੱਡ ਦੇਣਾ ਸੀ, ਦੂਜੇ ਪਾਸੇ ਇਸ ਓਪਰੀ ਗੱਲ ਕਿਸਦੇ ਪੱਲੇ ਪੈਣੀ ਸੀ?- ਮਿਰਜ਼ੇ ਨੇ ਉੱਤਰ ਦਿੱਤਾ। – ਸਾਨੂੰ ਸਮਝਾ- ਹੀਰ ਨੇ ਤਲਬ ਕੀਤੀ। – ਮੇਰਾ ਖਿਆਲ ਹਾਲੇ ਵੀ ਹੈ ਕਿ ਕਾਲਾ ਪਾਣੀ ਜੀਉਂਦਾ ਚੇਤਨ ਹੈ। ਤੂੰ ਆਪ ਹੀ ਦੇੱਖਿਆ ਕਿਵੇਂ ਕੈਦੋਂ ਦੇ ਉਪਰ ਹਿਲਦਾ ਸੀ। – ਮੈਂ ਦੋ ਕੈਦੋਂ ਵੇਖੇ। ਇਹ ਸਮਝਾ। – ਕੈਦੋਂ ਦਾ ਇਕ ਭਰਾ ਹੈ। ਐਣ ਡਿਟੋ ਕੋਪੀ – ਮਿਰਜ਼ੇ ਨੇ ਦੋਨੋਂ ਨੂੰ ਖ਼ਬਰ ਦਿੱਤੀ। – ਆਹੋ। ਪਰ ਓਹ ਤਾਂ ਉਪਰ ਭਾਰਤ ’ਚ ਹੈ। ਸਾਡੇ ਬੇਸ ਨਹੀਂ। ਕੋਈ ਨਹੀਂ ਅੰਦਰ ਆ ਸਕਦਾ ਜ਼ੀ-ਪੰਜ ਤੋਂ ਬਿਨਾ। ਓਨ੍ਹੇ ਸਾਨੂੰ ਦੱਸ ਦੇਣਾ ਸੀ- ਸਾਹਿਬਾਂ ਨੇ ਖਿੱਝ ਕੇ ਕਿਹਾ। – ਤੁਹਾਨੂੰ ਇੱਕ ਵੇਰਵਾ ਨਹੀਂ ਦਿਸਿਆ ਹੋਣਾ? ਜਿਹੜਾ ਕੈਦੋਂ ਖ਼ੁਰਦਬੀਨ ’ਚ ਕਾਲੇ ਪਾਣੀ ਦੀ ਜਾਂਚ ਕਰ ਰਿਹਾ, ਉਸਨੇ ਚਿੱਟਾ ਲੈਬ ਕੋਟ ਨਹੀਂ ਪਾਇਆ ਹੋਇਆ। ਪਰ ਜਿਹੜਾ ਅੰਦਰ ਆਇਆ, ਉਸਨੇ ਚਿੱਟਾ ਲੈਬ ਕੋਟ ਪਾਇਆ ਸੀ – ਮਿਰਜ਼ੇ ਨੇ ਮੁਸਕਾਨ ਨਾਲ ਉਚਾਰਿਆ। – ਹਾਂ! ਲਾਸ਼ ਵਾਲੇ ਕੈਦੋ ਕੋਲ ਲੈਬ ਕੋਟ ਨਹੀਂ ਹੈ!- ਹੀਰ ਨੇ ਜੋਸ਼ ਨਾਲ ਕਿਹਾ – ਫਿਰ ਅਸਲੀ ਕੈਦੋਂ ਮਰਿਆ, ਕਿ ਨਕਲੀ? ਅਸਲੀ ਕੈਦੋਂ ਇਸ ਵੇਲੇ ਕਿੱਥੇ ਹੈ? ਦੋ ਕਿਵੇਂ ਹੋ ਸਕਦੇ? ਕੀ ਪਤਾ ਭਰਾ ਇੱਥੇ ਆਇਆ ਸੀ, ਜਾਂ ਇੱਥੇ ਹੋਵੇ?- ਹੀਰ ਨੂੰ ਪਤਾ ਸੀ ਕਿ ਚੂਚਕ ਦੀ ਡਿਟੋ ਕਾਪੀ ਉਸਦੇ ਕਮਰੇ ’ਚ ਸੀ; ਜਿਸ ਕ੍ਰਿਸ਼ਮੇ ਨੇ ਚੂਚਕ ਦੀ ਹਕੀਕਤ ਬਣਾਈ, ਉਸ ਚੀਜ਼ ਨੇ ਕੈਦੋਂ ਦੀ ਵੀ ਕਾਪੀ ਬਣਾਈ ਹੋਵੇਗੀ? ਇਹ ਗੱਲ ਦੂਜਿਆਂ ਦੇ ਸਾਹਮਣੇ ਨਹੀਂ ਖੋਲ੍ਹਣੀ ਚਾਹੀਦੀ। ਹਾਲੇ ਨਹੀਂ, ਪਹਿਲਾ ਦੇਖੀਏ ਸਭ ਕਿਉਂ ਹੁੰਦਾ ਹੈ। – ਇਹ ਸਭ ਤਰਕਹੀਣ ਹੈ- ਸਾਹਿਬਾਂ ਤਾਂ ਅੱਕ ਗਈ ਸੀ, – ਮੈਂ ਪਾਣੀ ਦੀ ਪਰਖ ਕੀਤੀ ਸੀ। ਉਸਦਾ ਨਤੀਜਾ ਚੈਕ ਕਰਨ ਲੱਗੀ ਏ-। ਇਹ ਕਹਿ ਕੇ ਚਲੀ ਗਈ। ਮਿਰਜ਼ੇ ਨੇ ਅਪਣੇ ਕਲਦਾਰ ਤੋਂ ਸਾਰਾ ਬੇਸ ਸਕੈਨ ਕਰਾਇਆ। ਇਨਸਾਨਾਂ ਲਈ। ਹੀਰ ਸਣੇ ਪੰਜ ਹੀ ਹੋਣੇ ਚਾਹੀਦੇ ਸੀ। ਪਰ ਸਕੈਨ ਨੇ ਪਹਿਲਾ ਅੱਠਾਂ ਦੀ ਤਸਦੀਕ ਕੀਤੀ। ਫਿਰ ਦਸ ਹੋਰਾਂ ਦੀ । ਦੋਨੋਂ ਹੀਰ ਅਤੇ ਮਿਰਜ਼ਾ ਹੈਰਾਨ ਹੋ ਗਏ। ਲੂਣਾ ਆਪਣੇ ਕਮਰੇ ਵਿੱਚ ਕੰਮ ਕਰਦੀ ਸੀ। ਓਹਦਾ ਚਿੱਤ ਨਹੀਂ ਕੀਤਾ ਬਾਹਰ ਜਾਣ ਨੂੰ, ਕਿਉਂਕਿ ਉਸਨੂੰ ਪਤਾ ਸੀ ਕਿ ਰਾਂਝੇ ਨੂੰ ਸੂਹ ਲਗ ਗਈ ਸੀ ਕਿ ਓਹਨੇ ਪੁਲੀਸ ਵਾਲੀ ਕੋਲ ਰਾਂਝੇ ਉੱਤੇ ਇਲਜ਼ਾਮ ਲਾਇਆ ਸੀ। ਇੰਨ੍ਹੀ ਪੱਕੀ ਸੀ ਕਿ ਰਾਂਝਾ ਹੀ ਦੋਸ਼ੀ ਹੈ, ਕਿ ਕਾਤਲ ਦੇ ਨਾਲ ਕੰਮ ਕਰਨ ਲਈ ਤਿਆਰ ਨਹੀਂ ਸੀ। ਮਿਰਜ਼ੇ ਨੇ ਚੋਰੀਚੋਰੀ ਲੂਣਾ ਨੂੰ ਦੱਸਿਆ ਸੀ, ਕਿ ਵਿਡੀਓ ਉੱਤੇ ਕੁਝ ਅਜੀਬ ਭਰਿਆ ਸੀ। ਮਿਰਜ਼ੇ ਨੇ ਲੂਣਾ ਨੂੰ ਫਿਲਮ ਨਹੀਂ ਦਿਖਾਈ। ਇਸ ਵਜ੍ਹਾ ਕਰਕੇ ਲੂਣਾ ਮੰਨ ਗਈ ਸੀ, ਕਿ ਮਿਰਜ਼ੇ ਦੇ ਦੋਸਤ, ਰਾਂਝੇ ਨੂੰ ਕੈਦੋਂ ਦਾ ਕਤਲ ਕਰਦਾ ਡਿਸਕ ਵਿਖਾਉਂਦਾ ਸੀ। ਹੀਰ ਨੂੰ ਕੈਦੋਂ ਦੀ ਲਾਸ਼ ਦੀ ਜਾਂਚ ਕਰਨ ਦੇ। ਵਿਡੀਓ ਦੇਖਣ ਦੇ। ਫਿਰ ਲੂਣਾ ਦੀ ਸ਼ੱਕ ਪੱਕੀ ਹੋਜੂਗੀ। ਹੀਰ ਨੇ ਰਾਂਝੇ ਨੂੰ ਗ੍ਰਿਫ਼ਤਾਰ ਕਰਕੇ ਧਰਤੀ’ਤੇ ਲੈ ਜਾਣਾ। ਫਿਰ ਲੂਣਾ ਦੂਜਿਆਂ ਨਾਲ ਸ਼ਾਮਲ ਹੋਜੂਗੀ। ਇਸ ਔਕੜ ਵਿੱਚ ਲੂਣਾ ਕਮਰੇ ਵਿੱਚ ਹੀ ਰਹੀ। – ਪੁੱਤਰ ਮੈਤੋਂ ਕਰਜ਼ਾ ਨਹੀਂ ਚੁੱਕ ਹੁੰਦਾ। ਇਸ ਆਵਾਜ਼ ਨੂੰ ਸੁਣਕੇ, ਲੂਣਾ, ਜਿੱਥੇ ਖੜ੍ਹੀ ਖਲੋਈ, ਥਾਂ ਜੰਮ ਗਈ। ਹੋ ਨਹੀਂ ਸਕਦਾ! – ਪੁੱਤਰ ਗੱਲ ਤਾਂ ਕਰ। ਲੂਣਾ ਹੌਲੀ ਹੌਲੀ ਘੁੰਮੀ। ਸਾਹਮਣੇ ਅਣਹੋਣੀ ਦਸ਼ਾ ਸੀ। ਹੋ ਨਹੀਂ ਸਕਦਾ! ਅੱਖਾਂ ਝੂੱਠ ਦਿਖਾਉਂਦੀਆਂ, ਅਤੇ ਕੰਨ ਝੂਠ ਸੁਣਦੇ ਸਨ। ਲੂਣਾ ਦੇ ਮੂਹਰੇ ਉਸਦਾ ਪਿਤਾ ਖੜੋਤਾ ਸੀ। ਸਿਰ ਉੱਤੇ ਪੱਗੜੀ ਲਪੇਟੀ ਸੀ। ਖੇਤ ਮਜਦੂਰ ਵਾਲੇ ਕਪੜੇ ਪਾਏ ਸੀ। – ਸਲਾਹ ਤਾਂ ਦੇਹ। – ਨਈ! ਤੁਸੀਂ ਤਾਂ ਮਰ ਗਏ! ਹੋ ਨਹੀਂ ਸਕਦਾ। ਇੱਥੇ ਕਿਵੇਂ ਹੋ? – ਕਿੱਥੇ ਪੁੱਤ? ਮੈਂ ਤਾਂ ਹਾਲੇ ਜੀਉਂਦਾ ਹਾਂ। ਪਰ ਇਸ ਕਰਜ਼ੇ ਨੇ ਤਾਂ ਸਾਨੂੰ ਮਾਰ ਦੇਣਾ! – ਤੁਹਾਨੂੰ ਕੀ ਲਗਦਾ ਅਸੀਂ ਕਿੱਥੇ ਹਾਂ? – ਘਰ ਪੁੱਤਰ। ਹੋਰ ਕਿੱਥੇ? ਉਂਝ ਮੈਨੂੰ ਇਸ ਕਮਰੇ ਦੀ ਪਛਾਣ ਨਹੀਂ ਹੈ। – ਆਪਾਂ ਤਾਂ ਪੰਜਾਬ ਨਹੀਂ ਹਾਂ! ਅਸੀਂ ਤਾਂ ਸੁਮੰਦਰ ਦੇ ਹੇਠ ਇੱਕ ਸਰਕਾਰੀ ਬੇਸ ’ਚ ਐ!- ਲੂਣਾ ਦੀਆਂ ਅੱਖਾਂ ਭਰ ਗਈਆਂ। ਪਿਤਾ ਜੀ ਹੋ ਨਹੀਂ ਸਕਦਾ। ਪਿਤਾ ਜੀ ਨੇਤਾਂ ਬਾਰਾਂ ਸਾਲ ਪਹਿਲਾ ਆਤਮ ਹੱਤਿਆ ਕਰ ਲਈ ਸੀ। ਆਪਣੇ ਆਪ ਝੋਨੇ ਦੇ ਗੁਦਾਮ ਵਿਚ ਸ਼ਤੀਰੀ ਨਾਲ ਰੱਸੀ ਬੰਨ ਕੇ ਫਾਹਾ ਲੈ ਲਿਆ ਸੀ। ਬਾਲਵਾੜੀ ਚਲੀ ਨਹੀਂ। ਕਰਜ਼ਾ ਬਹੁਤ ਚੁੱਕ ਲਿਆ ਸੀ। ਸਿਰਫ਼ ਧੀ ਸੀ, ਓਹ ਵੀ ਵਿਆਹੁਣ ਵਾਲੀ। ਜਿੱਥੇ ਪਿਤਾ ਜੀ ਦਾ ਖੇਤ ਹੁੰਦਾ ਸੀ, ਹੁਣ ਤਾਂ ਮਾਲ ਬਣਾ ਦਿੱਤਾ ਸੀ। ਸਾਰੀ ਜਗ੍ਹਾ ਛੱਤ ਦਿੱਤੀ ਸੀ। ਜੋ ਹੁਣ ਲੂਣਾ ਦੀ ਨਜ਼ਰ ਸਾਹਮਣੇ ਸੀ, ਇਕ ਝੂਠ ਸੀ। ਨਜ਼ਰ ਦਾ ਧੋਖਾ ਸੀ। ਕਲਪਨਾ ਦਾ ਜਾਦੂ ਸੀ। ਲੂਣਾ ਨੇ ਇੱਕ ਦੰਮ ਆਵਾਜਾਈ-ਜੰਤਰ ਨੂੰ ਦੱਬ ਦਿੱਤਾ। ਦੂਜੇ ਪਾਸੋਂ ਸਾਹਿਬਾਂ ਦੀ ਆਵਾਜ਼ ਆਈ। – ਹਾਂ ਵੀ ਲੂਣਾ। ਅੱਜ ਤੂੰ ਕਮਰੇ ’ਚੋਂ ਨਿਕਲ ਕੇ ਸਾਡੇ ਨਾਲ ਕੰਮ ਵੀ ਕਰਨਾ ਹੈ? – ਸਾਹਿਬਾਂ! ਜਲਦੀ ਆਓ! ਕਮਰੇ ’ਚ ਭੂਤ ਹੈ! ਕੋਈ ਰਾਖਸ਼ ਹੈ! – ਸ਼ਾਂਤ ਹੋ! ਸੋਹਣੀਏ! ਭੂਤ ਤਾਂ ਹੁੰਦੇ ਨ੍ਹੀਂ। – ਫਿਰ ਮੇਰੇ ਬਾਪੂ ਦੇ ਰੂਪ’ਚ ਕੋਣ ਮੇਰੇ ਅੱਗੇ ਖੜ੍ਹਾ?- ਆਵਾਜਾਈ-ਜੰਤਰ ਇੱਕ ਪਲ ਲਈ ਚੁੱਪ ਚਾਪ ਹੋਗਿਆ। ਫਿਰ ਸਾਹਿਬਾਂ ਨੇ ਕਿਹਾ – ਅੱਛਾ ਤੂੰ ਇੱਥੇ ਹੀ ਰਹਿ। ਅਸੀਂ ਆਉਂਦੇ ਹਾਂ। – ਤੂੰ ਕੀ ਕਰਦੀ ਏ ਧੀਏ?- ਘਬਰਾਉਂਦੇ ਬਾਪ ਨੇ ਸਭ ਸੁਣਕੇ ਆਖਿਆ। – ਮੈਤੋਂ ਪਰੇ ਰਹਿ ਦੈਂਤ! ਤੂੰ ਮੇਰਾ ਪਿਉ ਨਹੀਂ ਹੋ ਸਕਦਾ ਹੈ! ਮੈਂ ਆਪਣੇ ਬਾਬਲ ਨੂੰ ਬਹੁਤ ਪਿਆਰ ਕਰਦੀ ਹਾਂ। ਮਿਰਜ਼ੇ ਦੇ ਕਲਦਾਰ ਕੋਲ ਛਾਤੀ ’ਚ ਇੱਕ ਸਕੈਨਰ ਸੀ। ਉਸਦੀ ਮਦਦ ਨਾਲ ਅਠਾਰਾਂ ਜੀਉਂਦੇ ਜਿਸਮਾਂ ਨੂੰ ਟੋਲ ਸਕਦਾ ਸੀ। ਹੀਰ ਅਤੇ ਮਿਰਜ਼ੇ ਨੂੰ ਪਤਾ ਸੀ ਕਿ ਸਿਰਫ਼ ਪੰਜ ਹੋਣੇ ਚਾਹੀਦੇ ਸੀ। ਹੀਰ, ਰਾਂਝਾ, ਮਿਰਜ਼ਾ, ਸਾਹਿਬਾਂ ਅਤੇ ਲੂਣਾ। ਮਨ ਵਿੱਚ ਹੀਰ ਨੂੰ ਸ਼ੱਕ ਸੀ ਕਿ ਸਕੈਨਰ ਨੇ ਚੂਚਕ ਦਾ ਸਿਗਨਲ ਵੀ ਚੱਕ ਲਿਆ ਸੀ। ਹੋ ਸਕਦਾ ਇੱਕ ਦੂਜਾ ਕੈਦੋਂ ਸੀ। ਪਰ ਅਸੀਂ ਤਾਂ ਸੱਤ ਹੀ ਹਾਂ। ਹੋਰ ਸਾਰੇ ਕੌਣ ਹਨ? ਹੀਰ ਅਤੇ ਮਿਰਜ਼ਾ ਕਲਦਾਰ ਦੇ ਮਗਰ ਗਏ। ਕਲਦਾਰ ਨੂੰ ਮਿਰਜ਼ਾ “ ਬੁੱਲ੍ਹਾ” ਸਦੀ ਗਿਆ। ਇਨਸਾਨਾਂ ਵਾਂਗ ਨਾ ਦਿੱਤਾ ਸੀ। ਸਿਰ ਦਾ ਮੂਹਰਲਾ ਪਾਸਾ ਕੱਚ ਦਾ ਬਣਾਇਆ ਸੀ। ਇਸ ਲਈ ਅੰਦਰ ਦਿਮਾਗ਼ ਵਰਗਾ ਕੰਪਿਊਟਰ ਦਿਸਦਾ ਸੀ। ਮੁੱਖ ਦੇ ਗੱਭੇ ਇੱਕ ਕੈਮਰਾ ਲੇਂਜ਼ ਸੀ। ਇਹ ਬੁੱਲ੍ਹਾ ਦਾ ਨੈਣ ਸੀ। ਕੰਧਾਂ ਦੇ ਵਿੱਚੋਂ ਵੀ ਦੇਖ ਸਕਦਾ ਸੀ। ਇੱਦਾਂ ਲਾਂਘਾ ’ਚੋਂ ਲੰਘਕੇ ਉਸ ਥਾਂ ਪਹੁੰਚੇ, ਜਿੱਥੇ ਦਸ ਗਰਮ ਬਦਨਾਂ ਦਾ ਸਿਗਨਲ ਆ ਰਿਹਾ ਸੀ। – ਇੱਕ ਹੋਰ ਜਿਸਮ ਹੁਣ ਹੈ!- ਮਿਰਜ਼ਾ ਨੇ ਸਕੈਨਰ’ਤੇ ਲੂਣਾ ਦੇ ਕਮਰੇ ਵਿੱਚ ਇੱਕ ਦਮ ਨਵਾਂ ਸਿਗਨਲ ਤਾੜ ਲਿਆ। ਬੁੱਲ੍ਹਾ ਰੁਕ ਗਿਆ। ਇੱਕ ਫੱਟੀ ਵੱਲ ਉਂਗਲੀ ਵਧਾਈ। ਮਿਰਜ਼ੇ ਨੇ ਫੱਟੀ ਪੈਰਾਂ ਨਾਲ ਮਾਰ ਮਾਰਕੇ ਤੋੜ ਦਿੱਤੀ। ਜਦ ਦੂਜਾ ਪਾਸਾ ਵੇਖਿਆ, ਹੀਰ ਦਾ ਸਾਹ ਸਾਹ ਵਿੱਚ ਆ ਗਿਆ। ਨਿੱਕੀ ਜਹੀ ਕੋਠੜੀ ਸੀ। ਵਿੱਚ ਦਸ ਜੀਉਂਦੇ ਬੰਦੇ ਸਨ। ਪਰ ਅਜੀਬ ਜਿਹੇ ਬੰਦੇ ਸਨ। ਬਹੁਤ ਅਜੀਬ। ਕਿਉਂਕਿ ਦਸ ਮਰਦ ਕੈਦੋਂ ਸਨ। ਐਨ ਡਿਟੋ ਕਾਪੀ! ਮਿਰਜ਼ਾ ਤਾਂ ਚੀਕਣ ਲੱਗ ਪਿਆ। ਸਪੀਕਰ’ਚੋਂ ਸਾਹਿਬਾਂ ਦੀ ਆਵਾਜ਼ ਆਈ। – ਲੂਣਾ ਨੂੰ ਸਾਡੀ ਲੋੜ ਹੈ ਲੋਕੋਂ! ਰਾਂਝੇ ਨੇ ਲੈਲਾ ਦੀਆਂ ਗੱਲ੍ਹਾਂ ਛੋਹੀਆਂ। ਉਸਦਾ ਨੱਕ। ਅੱਖਾਂ, ਬੁੱਲ੍ਹਾਂ ਅਤੇ ਠੋਡੀ। ਸੱਚ ਮੁੱਚ ਉਸਦੀ ਪਿਆਰੀ ਸਜਣੀ ਸੀ। ਉਸਦੀ ਹੀਰ। ਇਸ ਆਖਰੀ ਸੋਚ ਨੇ ਉਸਦਾ ਧਿਆਨ ਗੁਪਤਚਰ ਹੀਰ ਵੱਲ ਲੈ ਗਈ। ਮਨ ਕਹਿੰਦਾ ਸੀ ਕਿ ਇਸ ਹੀਰ ਲਈ ਕੁਝ ਜਜ਼ਬਾਤ ਸਨ। ਕੁਝ ਹਮਦਰਦੀ ਵੀ। ਇਸ ਸੋਚ ਦਾ ਨਤੀਜੇ ਨੇ ਸੁਆਲ ਪੈਦਾ ਕੀਤਾ। ਹੀਰ ਤਾਂ ਬੇਸ ’ਚ ਸੀਗੀ। ਪਰ ਲੈਲਾ ਹੋ ਨਹੀਂ ਸਕਦੀ। ਕਲਪਨਾ ਹੋਵੇਗੀ। ਪਰ ਲੈਲਾ ਨੂੰ ਬਹੁਤ ਚਾਹੁੰਦਾ ਸੀ। ਉਸ ਨੇ ਨਾਲ ਲਾ ਲਿਆ। ਘੁੱਟ ਕੇ ਫੜ ਲਿਆ। – ਤੁਸੀਂ ਗੁੱਸੇ ਤਾਂ ਨਹੀਂ ਹੋ?- ਲੈਲਾ ਨੇ ਸਵਾਲ ਕੀਤਾ। – ਨਾ। ਕਿਉਂ? ਤੂੰ ਮਸਾਂ ਮੇਰੇ ਕੋਲ ਵਾਪਸ ਆਈ। ਹੁਣ ਨਹੀਂ ਤੈਨੂੰ ਛੱਡਣਾ। ਹੁਣ ਨਹੀਂ ਤੈਨੂੰ ਜਾਣ ਦੇਣਾ। – ਕੀ ਮੈਂ ਕਿੱਥੇ ਗਈ ਸੀ? – ਆਹੋ। ਪਰ ਇਹ ਗੱਲਾਂ ਛੱਡ ਰਾਣੀਏ। ਉੱਤਰ ਦੇਣ ਵਿੱਚ ਲੈਲਾ ਪਰੇ ਹੋ ਗਈ। ਉਸਨੂੰ ਕੁਝ ਯਾਦ ਆਗਿਆ ਸੀ। ਉਸ ਹੀ ਵਕਤ ਫਿਕਰ ਵਿੱਚ ਰਾਂਝਾ ਤਲਾਕ ਵਾਰੇ ਸੋਚਦਾ ਸੀ। ਕਿਉਂ ਸੰਬੰਧ ਖਤਮ ਕੀਤਾ? ਸਿਲਸਲਾ ਵਾਰੇ ਵੀ ਸੋਚਦਾ ਸੀ। ਲੈਲਾ ਨੇ ਅਰੁਚੀ ਲਈ; ਜਿੱਦਾਂ ਰਾਂਝੇ ਦੀਆਂ ਸੋਚਾਂ ਪੜ੍ਹ ਸਕਦੀ ਸੀ। ਜਿੱਦਾਂ ਰਾਂਝੇ ਦੀ ਯਾਦਾਸ਼ਤ ਨੇ ਉਸਨੂੰ ਡਰਾ ਦਿੱਤਾ ਸੀ। ਨਹੀਂ, ਸਮਾਂ ਯਾਦਾਸ਼ਤ ਨੇ ਪਹਿਲੀ ਵਾਰੀ ਲੈਲਾ ਨੂੰ ਦਿਖਾਇਆ ਕਿ ਕੀ ਹੋਇਆ ਸੀ। ਕਿ ਜਿੰਨਾ ਮਰਜ਼ੀ ਰਾਂਝਾ ਉਸਨੂੰ ਪਿਆਰ ਕਰਦਾ ਸੀ, ਦਿਲ ਵਿੱਚ ਕੋਈ ਡੂੰਘੇ ਥਾਂ ਸਿਲਸਲਾ ਕਰਕੇ ਨਫ਼ਰਤ ਵੀ ਕਰਦਾ ਸੀ। ਕਿ ਲੈਲਾ ਦੋਸ਼ੀ ਸੀ। ਇਹ ਸਭ ਰਾਂਝੇ ਨੂੰ ਵੀ ਮਹਿਸੂਸ ਹੋਇਆ। ਪਰ ਅਸਲੀ ਪਤਨੀ ਨੂੰ ਤਾਂ ਸਭ ਪਤਾ ਸੀ। ਇਹ ਕੀ ਚੱਕਰ ਸੀ? – ਤੂੰ ਭੂਤ ਹੈ। ਸੱਚ ਨਹੀਂ ਹੈ। ਪਰ ਮੈਂ ਬਹੁਤ ਚਾਹੁੰਦਾ ਹਾਂ ਤੂੰ ਸੱਚ ਹੋਵੇ। ਮੇਰੇ ਮਨ ਦੇ ਕਿਸੇ ਖੂੰਜੇ ਤੋਂ ਤੂੰ ਆਈ ਹੈ। ਚਾਹਤ ਦਾ ਪ੍ਰਛਾਵਾਂ ਹੋ। ਪਿਆਰ ਦੀ ਥਾਂ ਲੈਲਾ ਹੋਰ ਹੀ ਪਾਸੇ ਚੱਲੀ ਗਈ। ਇੱਕ ਦਮ ਰਾਂਝੇ ਦੇ ਮਨ ਵਿੱਚ ਉਸਦੇ ਵੱਡੇ ਤੋਂ ਵੱਡੇ ਫਿਕਰ ਖੁਲੇ। ਹੁਣ ਜਹਿਰ ਨਾਲ ਵਾਪਸ ਮਾਰਦੀ ਸੀ। ਰਾਂਝੇ ਦੀ ਜਾਨ ਨਹੀਂ ਸੀ, ਪਰ ਕੋਈ ਨਾਗਣ। – ਤੂੰ ਕਿੱਥੇ ਸੱਚਾ ਪਿਆਰ ਮੈਨੂੰ ਕਰਦਾ ਸੀ? ਕਿੱਥੋਂ? ਆਪਣਾ ਹੀ ਸੋਚਿਆ ਹੈ। ਮੇਰੀਆਂ ਲੋੜਾਂ ਦਾ ਸੋਚਿਆ? ਨਹੀਂ! ਕਦੇ ਵੀ ਨਹੀਂ! ਸਭ ਕੁਝ ਮੈਂ ਹੀ ਕਰਦੀ ਸੀ! ਮੈਨੂੰ ਤਾਂ ਘਰ ਦਾ ਘੋਰਾ ਬਣਾਕੇ ਰੱਖਿਆ ਸੀ! ਨਿਕੰਮਾ ਵਰ ਹੈ! ਤਾਂ ਹੀ ਨਿਆਣਿਆਂ ਨੂੰ ਲੈ ਗਈ ਸੀ। ਹਾਂ, ਮੈਂ ਹੋਰ ਕਿਸੇ ਨਾਲ ਹਮਬਿਸਤਰਾ ਕੀਤਾ। ਕਿਉਂ ਨਹੀਂ? ਤੂੰ ਤਾਂ ਹਮੇਸ਼ਾ ਆਪਣੇ ਕੰਮ ’ਚ ਬਿਜ਼ੀ ਸੀ। ਤੇਰਾ ਤਾਂ ਪਿਆਰ ਬੇਕਾਰ ਹੈ। ਤੂੰ ਕਿੱਥੇ ਸੱਚਾ ਸੁੱਚਾ ਹੈਂ! ਸਾਫ਼ ਮੈਨੂੰ ਪਤਾ ਤੇਰੀ ਅੱਖ ਤਾਂ ਉਸ ਹੀਰ ਉੱਤੇ ਹੈ। ਮੈਂ ਤਾਂ ਕਦੀ ਨਹੀਂ ਵਾਪਸ ਤੇਰੇ ਕੋਲੇ ਆਉਣਾ! ਰਾਂਝੇ ਨੂੰ ਇਨ੍ਹਾਂ ਗੁੱਸਾ ਚੜ ਗਿਆ ਕਿ ਬਿਨਾ ਸੋਚੇ ਉਨ੍ਹੇ ਲੈਲਾ ਦੇ ਚਪੇੜ ਮਾਰ ਦਿੱਤੀ। ਕੰਧ ’ਚੋਂ ਸਾਹਿਬਾਂ ਦੀ ਆਵਾਜ਼ ਆਈ। ਕਹਿਣ ਦਾ ਮਤਲਬ ਸਪੀਕਰ ਵਿੱਚੋਂ। – ਲੂਣਾ ਨੂੰ ਸਾਡੀ ਲੋੜ ਹੈ ਲੋਕੋ! ਲੈਲਾ ਬਾਥਰੂਮ’ਚੋਂ ਬਾਹਰ ਨੱਸ ਪਈ। ਰਾਂਝਾ ਸੋਚਣ ਲੱਗ ਪਿਆ। ਕੀ ਮੈਂ ਐਂਵੇ ਲੈਲਾ ਦੀਆਂ ਸੋਚਾਂ ’ਚ ਗੁੰਮਿਆਂ ਫਿਰਦਾਂ? ਓਹ ਤਾਂ ਮੈਨੂੰ ਛੱਡ ਗਈ। ਹੁਣ ਪਿਆਰ ਕਿੱਥੇ ਰਿਹਾ। ਇੱਕ ਪਹੀਏ ਨਾਲ ਗੱਡੀ ਨਹੀਂ ਚੱਲਦੀ। ਨਾਲੇ ਮੇਰੀ ਅੱਖ ਸੱਚ ਮੁੱਚ ਹੀਰ ’ਤੇ ਹੁਣ ਲੜ ਗਈ? ਸਾਹਿਬਾਂ ਨੇ ਇੱਕ ਹੋਰ ਵਾਰੀ ਮਦਦ ਲਈ ਆਖਿਆ। ਰਾਂਝੇ ਨੂੰ ਪਤਾ ਸੀ ਕਿ ਲੂਣਾ ਉਸਨੂੰ ਦੋਸ਼ੀ ਸਮਝਦੀ ਸੀ। ਫਿਰ ਵੀ ਉਸਦਾ ਕੰਮ ਸੀ ਮਦਦ ਕਰਨਾ। ਲੂਣਾ ਦੇ ਕਮਰੇ ਜਾਣ ਵਾਲਾ ਰਾਹ ਫੜ ਲਿਆ। ਹੀਰ ਅਤੇ ਮਿਰਜ਼ੇ ਨੂੰ ਪਤਾ ਨਹੀਂ ਲੱਗਿਆ ਕਿ ਕੀ ਕਰਨ। ਦਸ ਕੈਦੋਂ ਸਨ। ਇਸ ਦਾ ਕੀ ਕਰਨ? ਮਿਰਜ਼ਾ ਗੋਡੇ ਭਾਰ ਡਿੱਗ ਕੇ ਬਾਰ ਬਾਰ ਕਹਿ ਰਿਹਾ ਸੀ – ਰੱਬਾ ਕੀ ਹੋ ਰਿਹਾ? ਖੁਦਾ ਇਹ ਕੀ ਹੋ ਰਿਹਾ?-। ਹੀਰ ਕੱਟੜ ਨਹੀਂ ਸੀ, ਪਰ ਵਿਵੇਕੀ ਸੀ। – ਕਿਹੜਾ ਅਸਲੀ ਕੈਦੋਂ ਹੈ?- ਹੱਥ ਕਿਸੇ ਨੇ ਉਪਰ ਨਹੀਂ ਕੀਤਾ। ਹੀਰ ਨੇ ਹੋਰ ਚਾਲ ਵਰਤੀ – ਕੌਣ ਕੈਦੋਂ ਦਾ ਵੀਰ ਹੈ?- ਸਾਰਿਆਂ ਨੇ ਹੱਥ ਉਪਰ ਕਰ ਲਏ। – ਅੱਛਾ, ਕੈਦੋਂ ਨੂੰ ਕਿਹਨੇ ਮਾਰਿਆ? ਤੇ ਕਿਉਂ?- ਕੋਈ ਹੱਥ ਉਪਰ ਨਹੀਂ ਗਿਆ। – ਕਿਹਨ੍ਹੇ ਕੈਦੋਂ ਦੇ ਭਰਾ ਨੂੰ ਮਾਰਿਆ?- ਸਾਰੇ ਹੱਥ ਉਪਰ ਗਏ। ਫਿਰ ਹੀਰ ਨੂੰ ਚੂਚਕ ਦਾ ਡਿੱਟੋ ਯਾਦ ਆਇਆ। ਓਹ ਕਿੱਥੇ ਮੇਰਾ ਸੱਚ ਮੁੱਚ ਦਾ ਪੁੱਤਰ ਹੈ। ਮੈਂ ਤਾਂ ਰਾਤੀਂ ਕਿਸੇ ਭੂਤ ਨਾਲ ਗੱਲ ਕਰਦੀ ਸੀ। ਇਹ ਵੀ ਇੱਦਾਂ ਦੇ ਹਨ। ਕੀ ਪਤਾ ਕਾਲੇ ਪਾਣੀ ਵਾਰੇ ਮਿਰਜ਼ਾ ਸਹੀ ਹੈ? ਕੀ ਪਤਾ ਹੋਰ ਕੁਝ ਇਸ ਡੂੰਘੇ ਥਾਂ ਵਿੱਚ ਸਾਡੇ ਖਿਆਲਾਂ ’ਚੋਂ, ਸਾਡੇ ਪਿਆਰਿਆਂ ਦੇ ਸਾਰ ਨੂੰ ਕੱਢ ਕੇ ਅਸਲੀਅਤ ਬਣਾਉਂਦਾ ਹੈ? ਇਹ ਸੰਭਵ ਹੋ ਸਕਦਾ?- ਕਿਉਂ ਭਰਾ ਮਾਰਿਆ? ਦਸ ਆਵਾਜ਼ਾਂ ਇੱਕ ਹੀ ਵਾਰੀ, ਇੱਕ ਹੀ ਸੁਰ ਵਿੱਚ, ਬੋਲੀਆਂ। ਦਸਾਂ ਨੇ ਇੱਕ ਹੀ ਗੱਲ ਕਹੀ ਸੀ। – ਕਿਉਂਕਿ ਉਸਨੂੰ ਨਸੀਹਤ ਦਿੱਤੀ ਸੀ ਕਿ ਡੁਪਲੀਕੇਟ ਬਣਕੇ ਰੋਜ਼ ਨਾ ਆ। ਆਈ ਗਿਆ। – ਕਿਉਂ ਆਈ ਗਿਆ? – ਸੁਨੇਹਾ ਦੇਣ। ਸਮਝਣ। ਕਿਉਂ ਸਾਡੇ ਬਦਨ ਉੱਤੇ ਡੱਬ ਪਾਉਂਦੇ ਹੋ? ਕਿਉਂ ਸਾਡੇ ਸਰੀਰ’ਤੇ ਤਜਰਬਾ ਕਰਦੇ ਹੋ? ਮਿਰਜ਼ੇ ਤੋਂ ਤਾਂ ਜੋ ਸਾਹਮਣੇ ਸੀ, ਝੱਲ ਨਹੀਂ ਹੋਇਆ। ਅਪਣੇ ਮਨ ਵਿੱਚ ਕਹਿਣ ਲੱਗ ਗਿਆ – ਸਭ ਗਾਇਬ ਹੋ ਜੋ!- ਫਿਰ ਉੱਚੀ ਦੇਣੇ ਇਸ ਇੱਛਾ ਨੂੰ ਆਵਾਜ਼ ਦੇ ਦਿੱਤੀ। ਹੀਰ ਇੱਕ ਹੋਰ ਸਵਾਲ ਆਖਣ ਹੀ ਲੱਗੀ ਸੀ, ਜਦ ਸੱਚ ਮੁੱਚ ਸਭ ਗਾਇਬ ਹੀ ਹੋ ਗਏ। ਹੀਰ ਨੇ ਇਸ ਜਾਦੂ ਨੂੰ ਵੇਖਕੇ ਸੋਚਿਆ – ਸਾਡੀਆਂ ਸੋਚਾਂ ਨੂੰ ਕੁਝ ਚੀਜ਼ ਸੱਚਾਈ ਬਣਾਉਂਦੀ ਹੈ-। ਹੀਰ ਨੂੰ ਭਾਵ ਆਗਿਆ, ਬਸ ਆ ਹੀ ਗੱਲ ਕੈਦੋ ਨੂੰ ਵੀ ਹੋਈ ਹੋਵੇਗੀ। ਹੁਣ ਦੂਜਿਆਂ ਨਾਲ ਗੱਲ ਕਰਨੀ ਚਾਹੀਦੀ ਹੈ। ਮਿਰਜ਼ੇ ਵੱਲ ਤੱਕਿਆ। ਓਹ ਤਾਂ ਥੱਲੇ ਫਰਸ਼ ਉੱਤੇ ਕੰਬ ਕੇ ਲਗਾਤਾਰ ਅੱਲਾ ਦਾ ਨਾ ਲੈਂਦਾ ਸੀ। ਅੱਖਾਂ ਮੀਚੀਆਂ ਸਨ। ਬੁੱਲ੍ਹੇ ਨੂੰ ਹੀਰ ਨੇ ਹੁਕਮ ਦਿੱਤਾ ਮਿਰਜ਼ੇ ਦੀ ਰਾਖੀ ਕਰੇ। ਆਪ ਲੂਣਾ ਦੇ ਕਮਰੇ ਵੱਲ ਤੁਰ ਪਈ। ਬੁੱਲ੍ਹਾ ਚੁੱਪ ਚਾਪ ਹੋਕੇ ਅਪਣੇ ਮਾਲਿਕ ਵੱਲ ਦੇਖੀ ਗਿਆ। ਕੋਰਾਨ ਦੇ ਲਫਜ਼ ਹੁਣ ਮਿਰਜ਼ਾ ਬੋਲਦਾ ਸੀ। ਅਪਣੇ ਗੋਡੇ ਛਾਤੀ ਨਾਲ ਲਾ ਕੇ ਅੰਗੂਠਾ ਮੂੰਹ ਵਿੱਚ ਪਾਲਿਆ। ਇਹ ਸਭ ਬੁੱਲ੍ਹੇ ਨੂੰ ਦਿਸਦਾ ਸੀ। ਪਰ ਜੋ ਸੋਚਾਂ ਮਿਰਜ਼ਾ ਦੇ ਦਿਮਾਗ ਦੇ ਅੰਦਰ ਚੱਲਦੀਆਂ ਸਨ, ਬੁੱਲ੍ਹਾ ਨਹੀਂ ਦੇਖ ਸਕਦਾ ਸੀ। ਕਲਦਾਰ ਲਈ ਮਿਰਜ਼ੇ ਦਾ ਸੀਸ ਬੰਦ ਕਮਰਾ ਸੀ। ਮਿਰਜ਼ੇ ਦੀ ਰੂਹ ’ਚ ਕਿਸ ਚੀਜ਼ ਨੇ ਹਮਲਾ ਕੀਤਾ ਸੀ? ਕਿਸ ਚੀਜ਼ ਨੇ ਸੋਚਾਂ ਵਿੱਚ ਚੜ੍ਹਾਈ ਕਰ ਲਈ ਸੀ? ਮਿਰਜ਼ੇ ਦੇ ਮਨ ਦੀਆਂ ਅੱਖਾਂ ਨੂੰ ਸਿਰਫ਼ ਸਾਗਰ ਨਜ਼ਰ ਆਉਂਦਾ ਸੀ। ਕੇਵਲ ਸਮੁੰਦਰ। ਪਰ ਡੂੰਘਾ ਸਮੁੰਦਰ ਨਹੀਂ ਸੀ, ਕਿਉਂਕਿ ਪਾਣੀ ਫਿੱਕਾ ਸੀ। ਜੇ ਡੂੰਘਾ ਸਮੁੰਦਰ ਸੀ ਫਿਰ ਇਹ ਫਿੱਕਾ ਰੰਗ ਕੋਈ ਰੌਸ਼ਨੀ ਦੀ ਵਜ੍ਹਾ ਹੋ ਸਕਦਾ ਹੈ। ਪਰ ਚਾਨਣ ਕਿੱਥੋਂ ਆਉਂਦਾ ਸੀ? ਫਿਰ ਮਿਰਜ਼ੇ ਨੂੰ ਦੋ ਲੰਮੀਆਂ ਸਫ਼ੈਦ ਲਾਠਾਂ ਦਿੱਸੀਆਂ। ਉਨ੍ਹਾਂ ਦੇ ਉਪਰ ਚਾਰ ਬੁੱਤ ਸਨ ਉੱਤਰ ਵੱਲ, ਪੂਰਬ ਵੱਲ, ਪੱਛਮ ਵੱਲ, ਦੱਖਣ ਵੱਲ। ਬੁੱਤ ਗਡਾਲਫਿਨਾਂ ਦੇ ਸਨ। ਕੋਈ ਸ਼ਹਿਰ ਦਾ; ਸੁਮੰਦਰੀ ਸ਼ਹਿਰ ਦਾ ਦਰ ਸੀ। ਪਿੱਛੇ ਮੱਛੀਆਂ ਦਾ ਝੁੰਡ ਤਰੇ। ਪਰ ਥੰਮ੍ਹ ਦੇ ਸਾਹਮਣੇ ਬਹੁਤ ਦੇਖਣ ’ਚ ਡਰਾਉਣੀ ਚੀਜ਼ ਸੀ। ਹਰੇ ਰੰਗ ਦਾ ਬੰਦਾ ਸੀ। ਪਰ ਆਦਮੀ ਨਹੀਂ ਸੀ। ਸਿਰ ਉੱਤੇ ਲੋਹੇ ਦਾ ਟੋਪ ਪਾਇਆ ਸੀ, ਜਿਸ ਦੇ ਪਾਸੇ ਖੰਭਾਂ ਵਾਂਗ ਕੰਨ ਸਨ। ਖੰਭਾ ਵਾਂਗ ਨਹੀਂ ਪਰ ਮੱਛੀ ਦੀ ਖੰਭੜੀ ਵਰਗੇ। ਅੱਖਾਂ ਵਿੱਚ ਪੁਤਲੀਆਂ ਨਹੀਂ ਸਨ। ਸਿਰਫ਼ ਪੀਲੇ ਪੀਲੇ ਲੋਇਣ। ਮੁੱਖ ਇਨਸਾਨਾਂ ਦੇ ਰੂਪ ਵਰਗਾ ਸੀ। ਸੂਰਮੇ ਵਾਂਗ ਤਕੜਾ ਸੀ। ਛਾਤੀ ਚੌੜੀ, ਢਿੱਡ ਦੇ ਪੱਠੇ ਇੱਟਾਂ ਵਾਂਗ। ਪਰ ਲੱਕ ਦੇ ਹੇਠ ਇਨਸਾਨਾਂ ਵਰਗਾ ਨਹੀਂ ਸੀ। ਲੱਤਾਂ ਦੇ ਥਾਂ ਚਾਰ ਟੋਹ ਸਿੰਗੀਆਂ ਸਨ। ਐਣ ਤੰਦੂਆ ਵਾਂਗ। ਪਰ ਦੇਖਣ ’ਚ ਤਾਂ ਕੋਈ ਨਾਗ ਦੀਆਂ ਪੂਛਾਂ ਸਨ। ਸੱਜੇ ਹੱਥ ਵਿੱਚ ਤ੍ਰਿਸ਼ੂਲ ਸੀ। ਮਿਰਜ਼ੇ ਨਾਲ ਬੋਲਿਆ ਨਹੀਂ। ਪੀਲ਼ੇ ਨੈਣ ਮਿਰਜ਼ੇ ਦੀ ਜਾਨ ਵਿੱਚ ਗੱਡ ਕੇ ਤੱਕਦੇ ਸਨ। ਫਿਰ ਸਮੁੰਦਰੀ-ਮਾਨਵ ਦਾ ਮੂੰਹ ਖੁੱਲ੍ਹਾ। ਆਵਾਜ਼ ਨਹੀਂ ਬਾਹਰ ਆਈ। ਸਿਰਫ਼ ਲੰਬੀ ਲਕੀਰ- ਕਾਲੇ ਪਾਣੀ ਦੀ। ਮਿਰਜ਼ੇ ਦੇ ਮੂੰਹ ’ਚੋਂ ਲੰਬੀ ਚੀਕ ਨਿਕਲੀ, ਜੋ ਸਾਰੇ ਬੇਸ ਵਿੱਚ ਗੂੰਜੀ। ਮਿਰਜ਼ੇ ਨੂੰ ਲੱਗੇ ਕਿ ਰੱਬ ਤੋਂ ਇਸ਼ਾਰਾ ਸੀ। ਬੇਸ ਛੱਡਣ ਦਾ। ਲੂਣਾ ਨੇ ਬੂਹਾ ਖੋਲ੍ਹ ਦਿੱਤਾ। ਪਹਿਲਾ ਰਾਂਝਾ ਪਹੁੰਚਿਆ, ਫਿਰ ਹੀਰ। ਹਾਰਕੇ ਸਾਹਿਬਾਂ ਅੰਦਰ ਆ ਗਈ ਸੀ। ਤਿੰਨੋਂ ਹੀ ਖਾਮੋਸ਼ੀ ’ਚ ਖਲੋਏ। ਓਨ੍ਹਾਂ ਦੀਆਂ ਅੱਖਾਂ ਅੱਗੇ ਜ਼ੰਜੀਰ ਤੋਂ ਲਟਕਦਾ, ਲੂਣਾ ਦਾ ਬਾਪ। ਅਲੋਪ ਹੋਗਿਆ ਸੀ। – ਤਾਂ ਹੀ ਸਕੈਨਰ ’ਤੇ 18 ਜਿਸਮ ਸਨ। ਹੀਰ ਨੇ ਖਾਮੋਸ਼ੀ ਤੋੜੀ। – ਕੀ? ਮੈਂ ਸਮਝੀ ਨਹੀਂ?- ਸਾਹਿਬਾਂ ਨੇ ਉਲਝੀ ਆਵਾਜ਼ ਵਿੱਚ ਕਿਹਾ। – ਦਸ ਜੌੜੇ ਕੈਦੋਂ ਦੇ, ਜਾਂ ਉਸਦੇ ਭਰਾ ਲੱਭੇ ਕੰਧ ਪਿੱਛੇ। ਹੁਣ ਇਹ ਕੌਣ ਹੈ?- ਹੀਰ ਨੇ ਉੱਤਰ ਵਿੱਚ ਪੁੱਛਿਆ। – ਮੇਰੇ ਪਿਤਾ ਜੀ- ਕੰਬਦੀ, ਲੂਣਾ ਨੇ ਹੀਰ ਨੂੰ ਉੱਤਰ ਦਿੱਤਾ। – ਮੇਰੀ ਵਹੁਟੀ ਹੁਣੇ ਮੇਰੇ ਕੋਲ ਸੀ- ਰਾਂਝੇ ਨੇ ਪ੍ਰਗਟ ਕੀਤਾ। – ਇਹ ਸਭ ਤਰਕਹੀਣ ਹੈ। ਹੋ ਨਹੀਂ ਸਕਦਾ- ਸਾਹਿਬਾਂ ਅੱਕ ਗਈ ਸੀ। – ਸੱਚ ਹੈ ਸਾਹਿਬਾਂ! ਸੱਚ!- ਗ਼ੁੱਸੇ ’ਚ ਰਾਂਝਾ ਬੋਲਿਆ। ਪਹਿਲਾ ਤਾਂ ਹੀਰ ਚੁੱਪ ਰਹੀ। ਲੂਣਾ ਨੂੰ ਸਹਾਰਾ ਦੇਣ ਲਈ ਜੱਫੀ ਪਾਈ। ਫਿਰ ਫੈਸਲਾ ਕਰ ਲਿਆ ਅਪਣੇ ਰਾਜ਼ ਨੂੰ ਸਭ ਦੇ ਸਾਹਮਣੇ ਖੋਲਣ ਦਾ। – ਮੇਰੇ ਕਮਰੇ ਵਿੱਚ ਵੀ ਇੱਕ ਅਣਹੋਣੀ ਹੈ। ਮੇਰਾ ਪੁੱਤ। ਓਹ ਪੁੱਤ, ਜਿਸਨੂੰ ਰੱਬ ਨੇ ਮੈਤੋਂ ਖੋਹ ਲਿਆ ਸੀ। – ਸਾਨੁੰ ਕਿਉਂ ਨਹੀਂ ਦੱਸਿਆ? – ਸਾਹਿਬਾਂ ਨੇ ਪੁੱਛਿਆ। – ਕਿਉਂ ਤਰਕਸ਼ੀਲ ਚੀਜ਼ ਨਈ ਹੈ। ਤੂੰ ਤਾਂ ਮੈਨੂੰ ਪਾਗਲ ਆਖਣਾ ਸੀ। ਪਾਣੀ ਦੇ ਥੱਲੇ ਦਾਬ ਨਹੀਂ ਸਹਾਰ ਸਕਦੀ। ਇਹ ਗੱਲ ਹੋਣੀ ਸੀ ਨਾ? ਤੂੰ ਕਾਲੇ ਪਾਣੀ ਨਾਲ ਕਿੱਥੇ ਪਹੁੰਚੀ ਹੈਂ, ਪੁੱਛਣਾ ਸੀ। – ਆਹੋ-। – ਮੇਰੇ ਸਾਹਮਣੇ ਮਿਰਜ਼ੇ ਨੇ ਕੈਦੋਂ ਦੇ ਡੂਪਲੀਕੈਟਾਂ ਨੂੰ ਸੋਚ ਨਾਲ ਮਿਟਾ ਦਿੱਤਾ। ਲੂਣਾ, ਤੇਰਾ ਡੈਡ ਨਹੀਂ ਹੈ। ਜੇ ਆਪਾਂ ਸੋਚੀਏ ਗਾਇਬ ਹੋ, ਮੈਨੂੰ ਲੱਗਦਾ ਸੱਚ ਮੁੱਚ ਗਾਇਬ ਹੋ ਜਾਵੇਗਾ। ਸਾਰਿਆਂ ਨੇ ਇੱਦਾਂ ਹੀ ਸੋਚਿਆ। ਇੱਕ ਪਲ ਵਿੱਚ ਲੂਣਾ ਦਾ ਪਿਤਾ ਗਾਇਬ ਹੋ ਗਿਆ। ਜਿੱਥੇ ਲਮਕਦਾ ਸੀ, ਉਸ ਥਾਂ ਹੇਠ ਥੋੜ੍ਹਾ ਜਿਹਾ ਕਾਲਾਪਾਣੀ ਡੁਲ੍ਹਿਆ ਸੀ। ਹੀਰ ਨੇ ਲੂਣਾ ਨੂੰ ਕਿਹਾ – ਭੈਣੇ, ਰਾਂਝਾ ਬੇਕਸੂਰ ਹੈ। ਲੱਗਦਾ ਮਿਰਜ਼ੇ ਦਾ ਸਿਧਾਂਤ ਸੱਚ ਹੀ ਸੀ। ਹੈ ਨਾ ਸਾਹਿਬਾਂ? – ਹਾਂਜੀ। – ਅੱਛਾ, ਤੇਰੀ ਤਫ਼ਤੀਸ਼ ਨੇ ਕੀ ਫਰੋਲਿਆ? ਸਾਨੂੰ ਕੀ ਦੱਸ ਸਕਦੀ ਹੈ? – ਪਹਿਲਾ ਤਾਂ ਮੈਂ ਵੀ ਨਹੀਂ ਮੰਨਦੀ ਸੀ, ਪਰ ਸਬੂਤ ਦਸਦਾ ਕਿ ਕਾਲਾ ਪਾਣੀ, ਪਾਣੀ ਨਹੀਂ ਹੈ। ਜੀਉਂਦਾ ਹੈ। ਕੋਈ ਸਜੀਵ ਹੈ। ਪਰ ਮੈਨੂੰ ਸਮਝ ਨਹੀਂ ਲੱਗਦੀ ਕੈਦੋਂ ਨੂੰ ਇਹ ਗੱਲ ਸਪਸ਼ਟ ਕਿਉਂ ਨਹੀਂ ਸੀ। – ਕਿਉਂਕਿ ਮੇਰਾ ਖਿਆਲ ਹੈ, ਕਿ ਅਸਲੀ ਕੈਦੋਂ ਨੇ ਅਪਣੇ ਭਰਾ ਦੇ ਡਿਟੋ ਨੂੰ ਮਾਰਿਆ। ਪਰ ਫਿਰ ਹਰੇਕ ਰਾਤ ਹੋਰ ਆਇਆ। ਹਾਰਕੇ ਡਿਟੋ ਨੇ ਕੈਦੋਂ ਮਾਰ ਦਿੱਤਾ। ਪਰ ਕੀ ਪਤਾ ਦੋਨੋਂ ਜੌੜੇ ਕਰਕੇ, ਕਾਲਾ ਪਾਣੀ ਖੁਦ ਗੱਡ ਮੱਡ ਹੋਗਿਆ? ਇਸ ਲਈ ਰੋਜ ਡਿਟੋ ਬਣਾਇਆ ਗਿਆ। ਕਿਸੇ ਹੋਰ ਡਿਟੋਆਂ ਨੇ ਮਾਰ ਦਿੱਤੇ, ਕਿਸੇ ਨੂੰ ਉਸ ਫੱਟੀ ਪਿੱਛੇ ਲੁਕੋ ਦਿੱਤਾ। ਤੁਹਾਨੂੰ ਧੋਖਾ ਦੇਣ ਲਈ, ਇੱਕ ਦੋਆਂ ਨੇ ਦਿਖਾਵਾ ਕੀਤਾ ਕਿ ਓਹ ਕੈਦੋਂ ਹਨ, ਤਾਕਿ ਹਰੇਕ ਰਾਤ ਤਜਰਬਾ ਕਰਦੇ ਗਏ। ਪਰ ਸੱਚ ਮੁੱਚ ਪਾਣੀ ਨੂੰ ਕੁੱਝ ਨਹੀਂ ਸੀ ਕਰਦੇ। – ਬਿਲਕੁਲ ਬਕਵਾਸ। ਪੂਰੀ ਮੂਰਖਤਾਈ – ਲੂਣਾ ਨੇ ਕਿਹਾ। – ਭਾਵੇਂ। ਪਰ ਮੈਨੂੰ ਹੋਰ ਕੋਈ ਵਿਆਖਿਆ ਨਹੀਂ ਸੁੱਝਦੀ। – ਜੇ ਤੇਰਾ ਸਿਧਾਂਤ ਸਹੀ ਹੈ, ਫਿਰ ਤਾਂ ਹਰੇਕ ਰਾਤ ਵਿਡੀਓ ਵਿੱਚ ਕੁਝ ਨਾ ਕੁਝ ਭਰਿਆ ਹੋਵੇਗਾ। ਸਿਰਫ਼ ਉਸ ਰਾਤ ਰਾਂਝਾ ਪਹੁੰਚ ਗਿਆ ਕਰਕੇ ਸਭ ਨੂੰ ਪਤਾ ਲੱਗ ਗਿਆ – ਸਾਹਿਬਾਂ ਨੇ ਆਪਣਾ ਖਿਆਲ ਦੱਸਿਆ। – ਸਭ ਬਕਵਾਸ ਹੈ। ਹੋਰ ਕੋਈ ਭਾਵਨੀ ਨਹੀਂ ਹੈ?- ਲੂਣਾ ਨੂੰ ਹਾਲੇ ਵੀ ਪਿਤਾ ਜੀ ਦੇਖਣ ਬਾਅਦ ਘਰਬਾਹਟ ਆਉਂਦੀ ਸੀ। – ਇੱਕ ਹੋਰ ਸਿਧਾਂਤ ਹੈ। ਹੋ ਸਕਦਾ ਕਿ ਕਾਲਾ ਪਾਣੀ ਸਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਗਲਤੀ ਨਾਲ ਜੀਉਂਦੀ ਚੀਜ਼ ਨੂੰ ਖਰਾਬ ਕਰ ਰਹੇ ਹਾਂ। ਸਾਡੇ ਨਾਲ ਬੋਲ ਨਹੀਂ ਸਕਦਾ। ਖ਼ਬਰ ਦੇਣ ਲਈ ਹੋਰ ਰਾਹ ਲੱਭਿਆ। ਸਾਡੀਆਂ ਸੋਚਾਂ ’ਚ ਵੜ ਕੇ ਸਾਨੂੰ ਸਮਝਾਉਣਾ ਚਾਹੁੰਦਾ ਹੈ। ਇਸ ਰਾਹ ਨਾਲ ਸਾਡੀਆਂ ਚਾਹਤਾਂ ਫਰੋਲ਼ਕੇ ਡਿਟੋ ਕਾਪੀਆਂ ਬਣਾਈਆਂ ਜਾਂਦੀਆਂ। ਹੁਣ ਤੱਕ ਸਿਰਫ ਕੈਦੋਂ ਨਾਲ ਕੀਤਾ। ਹੁਣ ਸਾਰਿਆਂ ’ਤੇ ਸ਼ੁਰੂ ਹੋਗਿਆ। ਪਰ ਗ਼ਲਤ ਹੋ ਗਿਆ। ਤਾਂ ਹੀ ਜਦ ਅਸੀਂ ਸੋਚਾਂ ’ਚੋਂ ਮਿਟਾ ਦਿੰਦੇ ਹਾਂ, ਇਹ ਸਭ ਗਾਇਬ ਹੋਈ ਜਾਂਦੇ ਹਨ? – ਜੇ ਇਹ ਸੱਚ ਹੈ, ਫਿਰ ਮਿਰਜ਼ਾ ਸ਼ੁਰੂ ਤੋਂ ਸਾਨੂੰ ਸੂਚਨਾ ਦੇਂਦਾ ਸੀ,’ਤੇ ਅਸੀਂ ਸੁਣੀ ਨਹੀਂ। ਫਿਰ ਐ ਯੋਜਨਾ ਇੱਕ ਦੰਮ ਬੰਦ ਕਰਨੀ ਪਵੇਗੀ- ਸਾਹਿਬਾਂ ਬੋਲੀ। – ਹਾਂ। ਪਰ ਦੂਜੇ ਪਾਸੇ ਅਸੀਂ ਕੋਈ ਨਵੇਂ ਸਜੀਵ ਨਾਲ ਮੁਲਾਕਾਤ ਕੀਤੀ ਹੈ। ਸਰਕਾਰ ਨੂੰ ਦੱਸਣਾ ਪੈਣਾ ਹੈ। ਮੈਂ ਕਹਿੰਦੀ ਹੁਣ ਲਈ ਅਸੀਂ ਸਭ ਬੇਸ ’ਚੋਂ ਨਿਕਲ ਚੱਲੀਏ। ਸਰਕਾਰ ਆਪੇ ਸੋਚ ਕੇ ਹੋਰ ਲੋਕ ਭੇਜ ਦੇਵੇਗੀ। ਸਾਰਿਆਂ ਨੂੰ ਅਪਣੇ ਡਿਟੋ ਕਾਪੀਆਂ ਨੂੰ ਟੋਲਕੇ ਸੋਚ ਨਾਲ ਮਿਟਾਉਣਾ ਪਵੇਗਾ। ਹੀਰ ਨੇ ਆਦੇਸ਼ ਦਿੱਤਾ। – ਪਰ ਲੈਲਾ ਤਾਂ- ਰਾਂਝੇ ਨੇ ਕਹਿਣਾ ਸ਼ੁਰੂ ਕੀਤਾ। ਫਿਰ ਚੁੱਪ ਹੋਗਿਆ। ਮਨ ਵਿੱਚ ਪਤਾ ਸੀ ਕਿ ਅਸਲੀ ਲੈਲਾ ਨਹੀਂ ਸੀ। – ਸਾਹਿਬਾਂ ਤੂੰ ਮਿਰਜ਼ੇ ਨੂੰ ਦੱਸ। ਮੈਂ ਅਪਣੇ ਕਮਰੇ ਚੂਚਕ ਨੂੰ ਮਿਲਣ ਚੱਲੀ ਹਾਂ। ਰਾਂਝਿਆ ਲੈਲਾ ਨੂੰ ਲੱਭ। ਇੱਦਾਂ ਕਹਿਕੇ ਹੀਰ ਅਪਣੇ ਕਮਰੇ ਵੱਲ ਤੁਰ ਪਈ। ਜਦ ਦਰਵਾਜ਼ਾ ਖੋਲ੍ਹਿਆ, ਚੂਚਕ ਸੁੱਤਾ ਪਿਆ ਸੀ। ਹੀਰ ਨੇ ਉਸਦੇ ਮਾਸੂਮ ਚਿਹਰੇ ਵੱਲ ਤੱਕਿਆ। ਬੱਚਾ ਸੁੰਦਰ ਸੀ। ਇੱਕ ਦਮ ਓਹ ਦਿਨ ਫਿਰ ਯਾਦ ਆਗਿਆ, ਜਦ ਪੁਰਾਣੇ ਲੁਧਿਆਣੇ ਦੀ ਨਹਿਰ ਵਿੱਚ ਚੂਚਕ ਡੁੱਬ ਗਿਆ ਸੀ। ਆਪਣੇ ਨਿਆਣੇ ਦੀ ਮੌਤ ਕਿਹੜੀ ਮਾਂ ਝੱਲ ਸੱਕਦੀ ਹੈ? ਕੋਈ ਮਾਂ ਝੱਲ ਨਹੀਂ ਸਕਦੀ। ਚੂਚਕ ਨੂੰ ਦੇਖਕੇ ਮਮਤਾ ਹੀਰ ਨੂੰ ਕਹਿੰਦੀ ਸੀ ਕਿ – ਜਾ ਅਪਣੇ ਪੁੱਤਰ ਨੂੰ ਜੱਫੀ ਪਾ। ਕਦੀ ਨਾ ਛੱਡੀ। ਭਾਵੇ ਹੀਰ ਨੂੰ ਹੁਣ ਪੂਰਾ ਪਤਾ ਸੀ ਕਿ ਇਹ ਤਾਂ ਆਭਾਸ ਸੀ, ਨਾ ਕੇ ਉਸਦਾ ਅਸਲੀ ਮੁੰਡਾ; ਚਿੱਤ ਤਾਂ ਫਿਰ ਵੀ ਕਰਦਾ ਸੀ, ਇਸ ਨੂੰ ਘਰ ਵਾਪਸ ਲੈਕੇ ਜਾਣ ਲਈ। ਮੇਰਾ ਪੁੱਤਰ ਵਾਪਸ ਆਗਿਆ। ਪਰ ਹੀਰ ਨੂੰ ਸਚਾਈ ਪਤਾ ਸੀ। ਹੰਝੂ ਚੋਣ ਲੱਗ ਪਏ। ਹੀਰ ਨੇ ਅੱਖਾਂ ਸਾਫ਼ ਕਰਕੇ ਆਪਣੇ ਪਿੱਛੇ ਦਰ ਬੰਦ ਕਰ ਲਿਆ ਅਤੇ ਬੱਤੀ ਜਗਾ ਦਿੱਤੀ। ਚੂਚਕ ਦੀ ਨੀਂਦ ਖੁੱਲ ਗਈ। ਉਬਾਸੀ ਲੈ ਕੇ ਉੱਠ ਗਿਆ – ਮਾਂ? – ਹਾਂ ਜੀ ਪੁੱਤ?-। ਹੀਰ ਚੂਚਕ ਨਾਲ ਮੰਜੇ ਉੱਤੇ ਬਹਿ ਗਈ। – ਤੁਸੀਂ ਤਾਂ ਬਹੁਤ ਦੇਰ ਦੇ ਗਏ ਸੀ? – ਹੁਣ ਤਾਂ ਮੈਂ ਵਾਪਸ ਆ ਗਈ ਨਾ? ਆਪਾਂ ਘਰ ਨਹੀਂ ਹਾਂ, ਤੈਨੂੰ ਪਤਾ ਨਾ?- ਚੂਚਕ ਨੇ ਜੁਆਬ ਵਿਚ ਸਿਰ ਹੇਠਾਂ ਉਪਰ ਕੀਤਾ। ਹੀਰ ਮੁਸਕਰਾਉਂਦੀ ਨੇ ਮੁੰਡੇ ਦੇ ਵਾਲਾ ’ਚ ਉਂਗਲੀਆਂ ਫੇਰੀਆਂ।- ਤੈਨੂੰ ਪਤਾ ਅਸੀਂ ਕਿੱਥੇ ਹਾਂ? ਕਿਉਂ ਹਾਂ? – ਤੁਸੀਂ ਮੈਨੂੰ ਦੱਸਿਆ ਸੀ ਕਿ ਅਸੀਂ ਸਮੁੰਦਰ ਦੇ ਥੱਲੇ ਹਾਂ। ਇਹ ਨਹੀਂ ਦੱਸਿਆ ਕਿਉਂ, ਜਾਂ ਕਿਵੇਂ-। – ਆਹੋ। ਸਮੁੰਦਰ ਦੇ ਹੇਠਾ ਹਾਂ। ਇੱਕ ਸਰਕਾਰ ਦੇ ਸਮੁੰਦਰੀ ਬੇਸ ਵਿੱਚ। ਸਾਨੂੰ ਕੋਈ ਬਾਲਣ ਦਾ ਨਵਾਂ ਸਰੋਤ, ਉਪਾੳ ਟੋਲਣ ਭੇਜਿਆ। ਅਸੀਂ ਸਭ ਵਰਤ ਲਏ। ਇਸ ਕਰਕੇ ਸਾਡੀ ਕੌਮ ਲਈ ਕੋਈ ਬਾਲਣ ਨਹੀਂ ਰਿਹਾ। ਮਜਬੂਰੀ ਵਿੱਚ ਸਾਨੂੰ ਇੱਥੇ ਆਉਣਾ ਪਿਆ, ਨਵੇਂ ਬਾਲਣ ਲੱਭਣ। ਤੂੰ ਮੇਰੀ ਗੱਲ ਸਮਝਦਾ? ਚੂਚਕ ਦੇ ਚਿਹਰੇ ਤੋਂ ਸਾਫ਼ ਜਾਪਦਾ ਸੀ ਕਿ ਗੱਲ ਪੱਲੇ ਨਹੀਂ ਪਈ। ਹੀਰ ਨੇ ਸੋਚਿਆ ਕਿ ਜੋ ਚੂਚਕ ਦੇ ਡੁਪਲੀਕੇਟ ਨੂੰ ਦੱਸਦੀ ਸੀ, ਕੋਈ ਰਾਹ ਨਾਲ ਕਾਲੇ ਪਾਣੀ ਨੂੰ ਵੀ ਸੁਣਦਾ। – ਚੂਚਕ ਬੇਟੇ, ਓਨ੍ਹਾਂ ਨੂੰ ਦੱਸ, ਸਾਨੂੰ ਗਲਤੀ ‘ਚ ਲੱਗਿਆ ਕਿ ਤੁਸੀਂ ਤੇਲ ਜਾਂ ਪਾਣੀ ਸੀ, ਨਾ ਕੇ ਕੋਈ ਜੀਉਂਦੀ ਸਜੀਵ-ਬੁੱਧੀ। ਅਸੀਂ ਹੁਣ ਤੁਹਾਨੂੰ ਛੱਡਕੇ ਵਾਪਸ ਉਪਰ ਚੱਲੇ। – ਮਾਂ ਤੁਸੀਂ ਕੀ ਕਹਿੰਦੇ ਹੋ? ਮੈਨੂੰ ਸਮਝ ਨਹੀਂ ਲੱਗੀ – ਮੁੱਖ ਤੋਂ ਸਾਫ਼ ਦਿਸਦਾ ਸੀ ਕਿ ਚੂੱਚਕ ਡਰਦਾ ਸੀ, ਰਲ ਗੱਡ ਹੋਗਿਆ ਸੀ। ਹੀਰ ਨੂੰ ਤਰਸ ਆਗਿਆ। ਪਰ ਫਿਰ ਅਪਣੇ ਆਪ ਨੂੰ ਯਾਦ ਕੀਤਾ ਇਹ ਮੇਰਾ ਨਿਆਣਾ ਨਹੀਂ ਹੈ। – ਚੂਚਕ ਉਨ੍ਹਾਂ ਨੂੰ ਦੱਸ ਅਸੀਂ ਹੁਣ ਚੱਲੇ ਹਾਂ। ਜੇ ਅਸੀਂ ਓਨ੍ਹਾਂ ਨੂੰ ਦੁੱਖ ਦਿੱਤਾ, ਓਨ੍ਹਾਂ ਨੇ ਵੀ ਸਾਡਾ ਬੰਦਾ, ਕੈਦੋਂ ਮਾਰਿਆ। ਪਰ ਚੂਚਕ ਦੇ ਮੁੱਖ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਸਨੂੰ ਸੱਚ ਮੁੱਚ ਹੀਰ ਦੀਆਂ ਗੱਲਾਂ ਨਹੀਂ ਸਮਝ ਲੱਗੀਆਂ। ਹੀਰ ਨੇ ਹੌਕਾ ਭਰਿਆ। ਸੋਚ ਨਾਲ ਚੂਚਕ ਨੂੰ ਮਿਟਾ ਸਕਦੀ ਸੀ। ਪਰ ਮਮਤਾ ਨੇ ਕਿਹਾ -ਨਹੀਂ। ਇੱਕ ਹੋਰ ਵਾਰੀ ਅਪਣੇ ਪੁੱਤਰ ਨੂੰ ਜੱਫੀ ਪਾਉਣੀ ਚਾਹੁੰਦੀ ਸੀ। ਜੋਰ ਦੇਣੀ ਮੁੰਡੇ ਨੂੰ ਬਾਹਾਂ ’ਚ ਘੁੱਟਿਆ। ਫਿਰ ਸਾਹ ਭਰਕੇ, ਥੋੜ੍ਹਾ ਜਾ ਪਰੇ ਹੋ ਗਈ। – ਤੂੰ ਚੂਚਕ ਨਹੀਂ ਹੈ। ਤਾਂ ਹੀ ਤੈਨੂੰ ਕੁਝ ਯਾਦ ਨਹੀਂ। ਤੂੰ ਕਾਲੇ ਪਾਣੀ ਦਾ ਸੋਚ-ਨਿਰੂਪਣ ਹੈ। ਮੇਰਾ ਅਸਲੀ ਪੁੱਤ ਨਹੀਂ ਹੈ-। ਇਸ ਗੱਲ ਨੂੰ ਸੁਣਕੇ ਚੂਚਕ ਰੋਣ ਲੱਗ ਪਿਆ। ਹੀਰ ਨੂੰ ਵੀ ਰੋਣਾ ਆਗਿਆ। ਪਰ ਹਿੰਮਤ ਨਾਲ ਗੱਲ ਫਿਰ ਤੋਰ ਲਈ। – ਜਿੰਨ੍ਹਾ ਮੈਂ ਚਾਹੁੰਦੀ ਹਾਂ, ਤੂੰ ਮੇਰਾ ਬੇਟਾ ਹੋ ਨਈਂ ਸਕਦਾ। ਮੈਂ ਏਥੇ ਇਕੱਲੀ ਆਈ ਸੀ। ਮੇਰਾ ਪੁੱਤ ਤਾਂ ਕਈ ਦੇਰ ਪਹਿਲਾਂ ਲੁਧਿਆਣੇ ਦੀ ਨਦੀ ਵਿੱਚ ਡੁੱਬ ਗਿਆ ਸੀ। ਤੂੰ ਕਲਪਨਾ ਹੈ। ਕਲਪਨਾ ਨੂੰ ਸੱਚਾਈ ਬਣਾਈ, ਪਤਾ ਨ੍ਹੀਂ ਕਿਵੇਂ। ਪਹਿਲੀਆਂ ਯਾਦਾਂ ਤੋਂ ਭਾਵੇਂ। ਸੌਰੀ। ਤੂੰ ਅਸਲੀ ਨਹੀਂ ਹੈ। ਹੀਰ ਨੂੰ ਦਰਦ ਲੱਗਾ ਚੂਚਕ ਨੂੰ ਇਵੇਂ ਕਹਿਣ ਤੇ। ਐਪਰ ਕਹਿਣਾ ਪਿਆ। ਜਿੰਨ੍ਹਾ ਮਰਜ਼ੀ ਚੁੱਭਦਾ, ਹੁਣ ਟਾਇਮ ਆਗਿਆ ਸੀ, ਉਸਨੂੰ ਸੋਚ ਨਾਲ ਗਾਇਬ ਕਰਨ ਦਾ। ਆਪਣੇ ਆਪ ਨੂੰ ਹਾਲੇ ਤਕੜੀ ਕਰਨ ਲੱਗੀ ਸੀ, ਜਦ ਰੋਂਦੇ ਚੂਚਕ ਨੇ ਛਾਲ ਮਾਰ ਕੇ – ਨਹੀਂ! ਕਹਿਕੇ ਕਮਰੇ ’ਚੋਂ ਬਾਹਰ ਦੌੜ ਗਿਆ। ਹੀਰ ਉੱਠਕੇ ਮਗਰ ਨੱਠ ਗਈ। ਲਾਂਘੇ ’ਚ ਮੋੜ ਆਇਆ। ਜਦ ਮੋੜ ਨੂੰ ਲੰਘੀ, ਹੀਰ ਨੇ ਦੇਖਿਆ ਕਿ ਚੂਚਕ ਫੜਿਆ ਸੀ, ਮਿਰਜ਼ੇ ਦੇ ਹੱਥਾਂ ’ਚ। ਹੀਰ ਡਰ ਗਈ। ਚੂਚਕ ਵੀ ਡਰਦਾ ਸੀ। ਅਪਣੇ ਆਪ ਵਿੱਚ ਨਹੀਂ ਸੀ, ਮਿਰਜ਼ਾ। ਅਪਣੇ ਆਪ ਤੋਂ ਦੂਰ ਚੱਲੇ ਗਿਆ ਸੀ। ਬਹੁਤ ਦੂਰ। ਹੁਣ ਹੀਰ ਦੇ ਅੱਗੇ ਖੜ੍ਹਾ ਖਲੋਇਆ ਸੀ, ਕੇਸਰੀ ਰੰਗ ਸਾਰੇ ਨੰਗੇ ਪਿੰਡੇ ਉੱਤੇ ਲਾਕੇ। ਡੇਲੇ ਚੌੜੇ ਸਨ, ਲੱਗਦਾ ਸੀ ਕਿ ਅੱਖਾਂ ਨਿਕਲ ਜਾਣੀਆਂ। ਸਿਰਫ਼ ਕੱਛਿਹਰਾ ਪਾਇਆ ਸੀ, ਮਿਰਜ਼ੇ ਨੇ। ਹੀਰ ਨਾਲ ਉੱਚੀ ਉੱਚੀ ਬੋਲਦਾ ਸੀ। – ਮੈਂ ਪਹਿਲਾਂ ਹੀ ਤੈਨੂੰ ਕਿਹਾ ਸੀ! ਹੁਣ ਸਾਹਿਬਾਂ ਨੇ ਮੈਨੂੰ ਦੱਸ ਦਿੱਤਾ ਕੀ ਹੁੰਦਾ ਹੈ। ਇਹ ਬੱਚਾ ਨਹੀਂ। ਜੇ ਤੂੰ ਅਪਣੀ ਸੋਚਾਂ ਨਾਲ ਨਹੀਂ ਮਾਰਨਾ, ਮੈਂ ਮਾਰ ਦੇਣਾ! ਦੈਂਤ ਹੈ! ਖੁਦਾ ਚਾਹੁੰਦਾ ਅਸੀਂ ਇੱਥੋ ਜਾਈਏ! ਕਾਲਾ ਪਾਣੀ ਸਾਡਾ ਦੁਸ਼ਮਨ ਹੈ! ਰੱਬ ਚਾਹੁੰਦਾ ਆਦਮੀ ਜਾਵੇ ਹੀਰੇ! ਇਸ ਮੁੰਡੇ ਨੂੰ ਮਾਰਕੇ ਤੇਰੀ ਵਾਰੀ ਹੈ, ਡੈਣ। ਫਿਰ ਸਭ ਦੀ। ਫਿਰ ਮੈਂ ਉੱਪਰ ਵਾਪਸ ਜਾਕੇ ਸਭ ਪਾਪੀਆਂ ਨੂੰ ਮਾਰ ਦੇਣਾ! -ਰੁਕ ਜਾ ਮਿਰਜ਼ੇ! ਤੂੰ ਆਪ ਹੀ ਹੁਣੇ ਕਿਹਾ ਮੁੰਡਾ ਏ, ਹੈ ਨਾ?- ਹੀਰ ਨੇ ਡਰਦੀ ਨੇ ਹੱਥ ਵੱਧਾਇਆ। – ਕਿਉਂ? ਭੂਤ ਹੈ। ਦੈਂਤ ਹੈ! ਇਸ ਹੀ ਵਕਤ ਸੋਚਕੇ ਮਾਰ ਦੇਣਾ! ਇਹਨ੍ਹਾਂ ਨੇ ਕੈਦੋ ਮਾਰਿਆ! ਮਿਰਜ਼ੇ ਨੇ ਅਪਣੀਆਂ ਅੱਖਾਂ ਮੀਚੀਆਂ। ਹਾਲੇ ਮੁੰਡੇ ਨੂੰ ਮਿਟਾਉਣ ਹੀ ਲੱਗਾ ਸੀ, ਜਦ ਹੀਰ ਨੇ ਚੂਚਕ ਨੂੰ ਖੋਹਣ ਦੀ ਕੋਸ਼ਸ਼ ਕੀਤੀ। ਮਿਰਜ਼ੇ ਨੇ ਨਹੀਂ ਛੱਡਿਆ। ਗੁੱਸੇ ਵਿੱਚ ਹੀਰ ਦੇ ਲੱਤ ਮਾਰੀ। ਬੁੱਲ੍ਹਾ ਨੇੜੇ ਖੜ੍ਹਾ ਸੀ, ਪਰ ਕੁਝ ਨਹੀਂ ਕਰ ਸਕਦਾ ਸੀ। ਉਸਦੇ ਪ੍ਰੋਗਰਾਮ ਨੇ ਕਿਹਾ ਇਨਸਾਨਾਂ ਦੀ ਮਦਦ ਕਰਨ। ਪਰ ਉਸਦਾ ਮਾਲਿਕ ਤਾਂ ਮਿਰਜ਼ਾ ਹੀ ਸੀ। ਉਸਦੇ ਖਿਲਾਫ਼ ਜਾ ਨਹੀਂ ਸਕਦਾ ਸੀ। ਮੋੜ ਦੇ ਦੂਜੇ ਪਾਸਿਓ ਸਾਹਿਬਾਂ ਅਤੇ ਰਾਂਝਾ ਪਹੁੰਚ ਗਏ। – ਹਟ ਜਾ ਮਿਰਜ਼ਿਆ!- ਰਾਂਝੇ ਨੇ ਕਿਹਾ। ਪਤਾ ਨਹੀਂ ਕਿਉਂ, ਪਰ ਜਦ ਹੀਰ ਭੁੰਜੇ ਢਿੱਡ ਫੜਦੀ ਦਿਸੀ, ਰਾਂਝੇ ਨੂੰ ਗੁੱਸਾ ਚੜ੍ਹ ਗਿਆ। ਲੈਲਾ ਨੂੰ ਔਖੀ ਤਰ੍ਹਾਂ ਸੋਚ ਨਾਲ ਵਾਰ ਕੀਤਾ। ਇਸ ਕਰਕੇ ਵੀ ਗੁੱਸੇ ਨਾਲ ਭਰਿਆ ਵੀ ਸੀ। – ਆਓ! ਦੇਖਦੇ ਹਾਂ ਤੂੰ ਕਿਸ ਕਿਸਮ ਦਾ ਮਰਦ ਹੈ ਯੋਗੀ ਜੀ!- ਮਿਰਜ਼ੇ ਨੇ ਮੁੰਡਾ ਛੱਡ ਦਿੱਤਾ। ਦੌੜ ਗਿਆ, ਚੂਚਕ, ਆਪਣੀ ਮਾਂ ਵੱਲ। ਇੱਕ ਪਲ ਲਈ ਹੀਰ ਨੇ ਚੂਚਕ ਨੂੰ ਘੁੱਟਕੇ ਫੜਿਆ। ਫਿਰ ਰੋਂਦੀ ਰੋਂਦੀ ਨੇ ਸੋਚ ਨਾਲ ਮਿਟਾ ਦਿੱਤਾ। ਜਿੱਥੇ ਇੱਕ ਪਲ ਪਹਿਲਾ ਚੂਚਕ ਸੀ, ਹੁਣ ਹਵਾ ਸੀ, ਅਤੇ ਫਰਸ਼ ਉੱਤੇ ਥੋੜ੍ਹਾ ਜਿਹਾ ਕਾਲਾ ਪਾਣੀ। ਪਰ ਮਿਰਜ਼ਾ ਤਾਂ ਪਾਗਲ ਹੋਗਿਆ ਸੀ। ਰਾਂਝੇ ਦਾ ਗਲਾ ਫੜ ਲਿਆ। ਬੁੱਲ੍ਹੇ ਨਾਲ ਉਲਝਿਆ ਹੋਇਆ ਦੇਖੀ ਗਿਆ। ਮਨ ਵਿੱਚ ਫੈਸਲਾ ਬਣਾ ਨਹੀਂ ਸਕਦਾ ਸੀ, ਮੈਂ ਰਾਂਝੇ ਦੀ ਮਦਦ ਕਰਾਂ ਜਾ ਮਾਲਿਕ ਦੀ? -ਕੁਝ ਕਰ!- ਸਾਹਿਬਾਂ ਨੇ ਚੰਗਾੜਿਆ। ਬੁੱਲ੍ਹੇ ਨੇ ਮਿਰਜ਼ੇ ਨੂੰ ਚੱਕ ਕਿ ਬਾਹਾਂ ਨਾਲ ਉੱਪਰ ਕਰ ਲਿਆ। ਰਾਂਝਾ ਗੋਡੇ ਭਾਰ ਡਿੱਗ ਗਿਆ। ਮਿਰਜ਼ੇ ਨੇ ਬੁੱਲ੍ਹੇ ਨੂੰ ਝਿੜਕ ਮਾਰਕੇ ਆਦੇਸ਼ ਦਿੱਤਾ – ਥੱਲੇ ਰੱਖ ਬੇਵਕੂਫ!-। ਬੁੱਲ੍ਹੇ ਨੇ ਸੋਚਿਆ ਕਿ ਮੈਂ ਹੁਣ ਤਾਂ ਰਾਂਝੇ ਦੀ ਜਾਨ ਬਚਾ ਦਿੱਤੀ। ਇਸ ਲਈ ਹੁਕਮ ਮੰਨ ਲਿਆ। ਜਦ ਮਿਰਜ਼ਾ ਧਰਤੀ ਆ ਖੜ੍ਹਾ, ਉਸਨੇ ਕਲਦਾਰ ਨੂੰ ਬੰਦ ਕਰ ਦਿੱਤਾ, ‘ਤੇ ਸਾਰਿਆਂ ਵੱਲ ਘੁੰਮਕੇ ਪਾਗਲ ਵਾਂਗ ਚੀਕ ਕੇ ਹੀਰ ਨਾਲ ਹੱਥਾ ਪਾਈ ਕਰਨ ਲੱਗ ਪਿਆ। – ਹਟ ਜਾ ਮਿਰਜ਼ੇ! ਮੈਂ ਕਹਿੰਦੀ ਹਾਂ ਹਟ ਜਾ!- ਸਾਹਿਬਾਂ ਨੇ ਕਿਹਾ। – ਤੂੰ ਕੀ ਕਰ ਲਏਂਗੀ? ਇਹ ਤੋਂ ਬਾਅਦ ਰਾਂਝੇ ਅਤੇ ਤੇਰੇ ਟੁਕੜੇ ਟੁਕੜੇ ਕਰ ਦੇਣੇ ਹੈ! ਖੁਦਾ ਦੀ ਮਰਜ਼ੀ ਹੈ! ਸਾਹਿਬਾਂ ਨੇ ਗਨ-ਹੌਲਸਟਰ ਵਿੱਚੋਂ ਪਸਤੌਲ ਕੱਢਕੇ ਆਖਰੀ ਵਾਰੀ ਚੇਤਾਵਨੀ ਦਿੱਤੀ। ਮਿਰਜ਼ੇ ਨੂੰ ਮਾਰਨਾ ਚਾਹੁੰਦੀ ਨਹੀਂ ਸੀ। ਪਰ ਮਿਰਜ਼ਾ ਨਾ ਹੱਟਿਆ। ਮਜਬੂਰੀ ਵਿੱਚ ਗੋਲੀ ਦਾਗ਼ ਦਿੱਤੀ। ਮਿਰਜ਼ਾ ਭੁੰਜੇ ਡਿੱਗ ਗਿਆ। ਫਿਰ ਰਾਂਝੇ ਹੀਰ ਅਤੇ ਸਾਹਿਬਾਂ ਦੇ ਸਾਹਮਣੇ, ਧੂੰਏੰ ਵਾਂਗ ਕੋਈ ਕਾਲੀ ਚੀਜ਼, ਮਿਰਜ਼ੇ ਦੇ ਮੂੰਹ ਵਿੱਚੋਂ ਨਿਕਲ ਕੇ ਖਿੱਲਰ ਗਈ; ਆਲੇ ਦੁਆਲੇ ਫੈਲ ਗਈ। ਤਿੰਨਾਂ ਨੇ ਆਪਸ ਵਿੱਚ ਦੇਖਿਆ। ਸਾਹਿਬਾਂ ਨੂੰ ਦੁੱਖ ਲੱਗਾ ਕਿ ਦੋਸਤ ਨੂੰ ਮਾਰਨਾ ਪਿਆ। – ਸਾਨੂੰ ਤਾਂ ਆਪਸ ਵਿੱਚ ਲੜਾ ਦੇਣਾ- ਰਾਂਝੇ ਨੇ ਕਿਹਾ। – ਆਪਾਂ ਇੱਕ ਦਮ ਸਭ ਕੁਝ ਛੱਡਕੇ ਇੱਥੋਂ ਨਿਕਲੀਏ- ਹੀਰ ਨੇ ਉੱਤਰ ਦਿੱਤਾ। – ਅੱਛਾ। ਮੈਂ ਜ਼ੀ-ਪੰਜ ਨੂੰ ਸੁਨੇਹਾ ਭੇਜਦੀ ਹਾਂ-।ਸਾਹਿਬਾਂ ਨੇ ਟਿੱਪਣੀ ਦਿੱਤੀ। ਉਸਦੇ ਮੁੱਖ ਤੋਂ ਦਿੱਸਦਾ ਸੀ ਕਿ ਮਿਰਜ਼ੇ ਨੂੰ ਮਾਰ ਕੇ ਬਹੁਤ ਦੁੱਖ ਵਿੱਚ ਸੀ। – ਬੁੱਲ੍ਹੇ ਨੂੰ ਚਾਲੂ ਕਰ ਰਾਂਝਿਆ। ਉਸ ਤੋਂ ਮਿਰਜ਼ੇ ਅਤੇ ਕੈਦੋਂ ਦੀਆਂ ਲਾਸ਼ਾਂ ਚੁੱਕਾ ਕੇ ਵਾਪਸ ਲੈ ਕੇ ਜਾਈਏ- ਹੀਰ ਨੇ ਕਹਿਕੇ ਸਾਹਿਬਾਂ ਨੂੰ ਜੱਫੀ ਪਾਈ। ਸਾਹਿਬਾਂ ਨੂੰ ਮਿਰਜ਼ੇ ਨੂੰ ਗੋਲੀ ਮਾਰਨ ਨਾਲ ਬਹੁਤ ਦੁੱਖ ਲੱਗਿਆ। ਰਾਂਝੇ ਨੂੰ ਅਪਣੀ ਲੈਲਾ ਨੂੰ ਗਾਇਬ ਕਰਕੇ ਬਹੁਤ ਪੀੜ ਹੋਈ। ਹੀਰ ਨੂੰ ਚੂਚਕ ਨੂੰ ਇੱਦਾਂ ਜਿੱਥੇ ਖੜ੍ਹਾ, ਸੋਚ ਨਾਲ ਸੁੰਨ ’ਚ ਭੇਜਣ ਦਾ ਬਹੁਤ ਬਹੁਤ ਦਰਦ ਹੋਇਆ। ਬਹੁਤ ਮਹੀਨੇ ਬੀਤ ਗਏ, ਸਭ ਕੁਝ ਪਿੱਛੇ ਛੱਡ ਦਿੱਤਾ ਸੀ। ਹੀਰ ਅਤੇ ਰਾਂਝਾ ਆਪਸ ਵਿੱਚ ਦਿਲਾਸਾ ਲੱਭ ਗਿਆ ਸੀ। ਹਾਰ ਕੇ ਪਿਆਰ ਪੱਕਾ ਹੋਗਿਆ, ਅਤੇ ਵਿਆਹ ਕਰ ਲਿਆ। ਸੱਚ ਸੀ, ਜਦ ਪਹਿਲੀ ਵਾਰੀ ਮਿਲੇ ਸੀ, ਪਿਆਰ ਦਾ ਰੋਗ ਲੱਗ ਗਿਆ ਸੀ। ਕੁੱਝ ਟਾਇਮ ਲਈ ਜੋ ਬੇਸ ਵਿੱਚ ਹੋਇਆ ਸੀ, ਉਸਦੇ ਡੂੰਘੇ ਅਸਰ ਨੇ ਭਿਆਨਕ ਸੁਪਨੇ ਦਿੱਤੇ। ਚੂਚਕ ਨੂੰ ਭੁੱਲਣ ਦੀ ਥਾਂ ਵੱਧ ਯਾਦ ਆਈ। ਲੈਲਾ ਦਾ ਚੇਤਾ ਚਿੰਤਾ ਕਰਾਉਂਦਾ ਸੀ। ਪਰ ਹੌਲੀ ਹੌਲੀ ਇੱਕ ਦੂਜੇ ਦੇ ਸਹਾਰੇ ਨਾਲ ਮਨ ਨੂੰ ਸ਼ਾਂਤੀ ਆ ਗਈ ਸੀ। ਸਰਕਾਰ ਨੇ ਯੋਜਨਾ ਬੰਦ ਕਰ ਦਿੱਤੀ ਸੀ। ਵਿਆਹ ਵਾਲੀ ਰਾਤ, ਹੀਰ ਨੂੰ ਇੱਕ ਖੜਕਾ ਸੁਣਿਆ ਸੀ। ਰਾਂਝਾ ਡੂੰਘੀ ਨੀਂਦ ਵਿੱਚ ਸੀ। ਇਸ ਕਰਕੇ ਖੁਦ ਕਮਰੇ ਤੋਂ ਬਾਹਰ ਗਈ, ਦੇਖਣ ਕਿ ਕੀ ਹੋ ਸਕਦਾ ਹੈ। ਖੜਕਾ ਹੀਰ ਨੂੰ ਬੈਠਕ ਵੱਲ ਲੈ ਗਿਆ। ਉੱਤੇ, ਬੈਠਾ ਸੀ, ਇਕੱਲਾ, ਪਰ ਖ਼ੁਸ਼, ਸੋਫੇ ਉੱਤੇ, ਹੀਰ ਦਾ ਪਿਆਰਾ ਪੁੱਤਰ, ਚੂਚਕ। ਮੁਸਕਰਾਕੇ, ਮਾਂ ਅਪਣੇ ਨਿਆਣੇ ਕੋਲ ਬਹਿ ਗਈ। ਮੁੰਡਾ ਮਾਂ ਵੱਲ ਵਾਪਸ ਮੁਸਕਰਾਇਆ। ਮਾਂ ਨੇ ਪੁੱਤ ਨੂੰ ਅਪਣੀਆਂ ਬਾਹਾਂ ਵਿੱਚ ਲੈ ਲਿਆ। |