ਮਨਮੋਹਨ ਦੀ ਮਾਂ ਤਾਈ ਨਿਹਾਲ ਕੌਰਮੇਰੇ ਲੰਗੋਟੀਏ ਯਾਰ ਮਨਮੋਹਨ ਦੀ ਮਾਂ ਤਾਈ ਨਿਹਾਲ ਕੌਰ ਬਹੁਤ ਦਾਨੀ ਤੇ ਸੁੱਘੜ-ਸਿਆਣੀ ਔਰਤ ਸੀ। ਪੁਰਾਣੀਆਂ ਦੋ-ਤਿੰਨ ਜਮਾਤਾਂ ਪੜ੍ਹੀ ਹੋਈ ਸੀ, ਗੁਰਮੁਖੀ ਪੜ੍ਹ-ਲਿਖ ਲੈਂਦੀ ਸੀ। ਮੈਨੂੰ ਯਾਦ ਹੈ ਉਹ ਆਂਢ-ਗਵਾਂਢ ਦੇ ਜਵਾਕਾਂ ਨੂੰ ‘ਇਕੱਠੇ ਕਰਕੇ ਪੜ੍ਹਾਉਂਦੀ ਵੀ ਹੁੰਦੀ ਸੀ। ਭਾਪਾ ਫ਼ੌਜ ਵਿੱਚ ਸੀ ਤੇ ਬੀਬੀ ਦੇ ਕਹਿਣ ‘ਤੇ ਚਿੱਠੀ ਵੀ ਲਿਖ ਦਿਆ ਕਰਦੀ ਸੀ। ਚਿੱਠੀ ਲਿਖਦਿਆਂ ਕੋਈ ਸ਼ੇਅਰ ਬੋਲ ਕੇ ਪੁੱਛਿਆ ਕਰਦੀ, “ਨੀ ਬਸੰਤ ਕੁਰੇ, ਆਹ ਵੀ ਲਿਖ ਦਿਆਂ, ਦਿਉਰ ਮੇਰਾ ਖ਼ੁਸ਼ ਹੋ ਜੂ ਪੜ੍ਹਕੇ, ਨਾਲ਼ੇ ਦੇਖੀਂ ਕਿਵੇਂ ਭੱਜਿਆ ਆਉਂਦਾ, ਛੁੱਟੀ ਲੈ ਕੇ ਅਗਲ਼ੇ ਮਹੀਨੇ!” ਬੀਬੀ ਥੋੜ੍ਹਾ ਜਿਹਾ ਸੰਗ ਜਾਂਦੀ ਤੇ ਦੋਵੇਂ ਖਿੜ-ਖਿੜਾ ਕੇ ਹੱਸ ਪੈਂਦੀਆਂ ਤੇ ਉਹ ਮੈਨੂੰ ‘ਤੇ ਮੋਹਣੇ ਨੂੰ ਇਹ ਕਹਿ ਕੇ,”ਬੁੜੀਆਂ ਦੀਆਂ ਗੱਲਾਂ ਨਈਂ ਸੁਣੀਦੀਆਂ ਹੁੰਦੀਆਂ, ਜਾਓ ਪੁੱਤ ਮੇਰੇ, ਖੇਡੋ ਜਾ ਕੇ!” ਭਜਾ ਦਿੰਦੀ। ਮੋਹਣਾ ਤਾਂ ਪਹਿਲਾਂ ਈ ਬੀਬੀ ਨੂੰ ਮਾਸੀ ਕਹਿੰਦਾ ਸੀ, ਬੀਬੀ ਦੇ ਆਖਣ ‘ਤੇ ਮੈਂ ਵੀ ਤਾਈ ਨੂੰ ਮਾਸੀ ਕਹਿਣ ਲੱਗ ਪਿਆ। ਮਾਸੀ ਦੇ ਸਾਥ ਕਰਕੇ ਬੀਬੀ ਨੂੰ ਇਕਲਾਪਾ ਕੱਟਣਾ ਸੌਖਾ ਹੋ ਗਿਆ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਏ ਉਹ ਦਿਨ….ਕਲ੍ਹਿਣਾ ਨਹੀਂ ਕਹਿੰਦਾ ਕਿਉਂਜੋ ਮਾਸੀ ਕਹਿੰਦੀ ਹੁੰਦੀ ਸੀ ਕੋਈ ਦਿਨ ਮਾੜਾ ਨਈਂ ਹੁੰਦਾ, ਮੈਂ ਤੇ ਮੋਹਣਾ ਬਾਰ੍ਹਵੀਂ ਕਰਕੇ ਕਾਲਜ ਦਾਖ਼ਲਾ ਲੈਣ ਗਏ ਸਾਂ, ਮਾਸੀ ਤਿਲ੍ਹਕ ਕੇ ਡਿੱਗ ਪਈ, ਪੱਕੀ ਫ਼ਰਸ਼ ‘ਤੇ ਮੱਥਾ ਵੱਜਿਆ ਤੇ ਉਹ ਫੇਰ ਨਾ ਉੱਠੀ, ਪੂਰੀ ਹੋ ਗਈ। ਮਾਂ ਨੂੰ ਆਪਣੀ ਸਹੇਲੀ, ਸਹੇਲੀ ਨਹੀਂ ਆਪਣੀ ਭੈਣ ਤੁਰ ਜਾਣ ਦਾ ਐਸਾ ਗ਼ਮ ਲੱਗਿਆ, ਉਹ ਗੁੰਮ-ਸੁੰਮ ਰਹਿਣ ਲੱਗ ਪਈ। ਜ਼ਰੂਰੀ ਨਹੀਂ ਕਿ ਰਿਸ਼ਤੇ ਖ਼ੂਨ ਦੇ ਈ ਹੁੰਦੇ ਨੇ, ਦਰਅਸਲ ਰਿਸ਼ਤੇ ਨਿਭਾਉਣ ਦੇ ਹੁੰਦੇ ਨੇ, ਕਈ ਵਾਰ ਬੇਗਾਨੀ ਕੁੱਖੋਂ ਜਾਏ ਵੀ ਭੈਣ-ਭਰਾ ਬਣ ਜਾਂਦੇ ਨੇ। ਅੰਤ ਬੀਬੀ ਵੀ ਦੋ ਸਾਲਾਂ ਬਾਅਦ ਉਸੇ ਰਾਹ ਤੁਰ ਗਈ। ਮੈਨੂੰ ਦੁੱਖ ਏ, ਸਾਡੀਆਂ ਮਾਂਵਾਂ ਸਾਡੇ ਦੋਹਾਂ ਦੇ ਵਿਆਹ ਦੇਖਣ ਤੋਂ ਪਹਿਲਾਂ ਈ ਚੱਲ ਵਸੀਆਂ। ਮੇਰੇ ਵਾਂਗ ਨਾਨਕਿਆਂ ਨੇ ਮੋਹਣੇ ਦਾ ਨੰਗਲ ਵੱਲੀਂ ਕਿਸੇ ਵੱਡੇ ਘਰ ਦੀ ਇਕਲੌਤੀ ਕੁੜੀ ਨਾਲ਼ ਵਿਆਹ ਕਰ ਦਿੱਤਾ ਤੇ ਉਹ ਘਰ-ਜਵਾਈ ਬਣ ਕੇ ਓਥੇ ਈ ਰਹਿਣ ਲੱਗ ਪਿਆ। ਪਿੰਡ ਵਾਲ਼ੇ ਘਰ ਦੀ ਕੁੰਜੀ ਮੇਰੀ ਤਲੀ ‘ਤੇ ਧਰ ਦਿੱਤੀ। ਜ਼ਮੀਨ ਠੇਕੇ ‘ਤੇ ਦੇਣ ਅਤੇ ਮਾਮਲਾ ਲੈਣ ਦੀ ਜ਼ਿੰਮੇਦਾਰੀ ਵੀ ਮੇਰੇ ਸਿਰ ਆ ਗਈ। ਮੋਹਣਾ ਕਬੀਲਦਾਰੀ ‘ਚ ਐਸਾ ਉਲਝਿਆ ਕਿ ਪਿੰਡ ਦੇ ਗੇੜੇ ਵੀ ਘਟਦੇ ਗਏ ਪਰ ਜਦੋਂ ਵੀ ਆਉਂਦਾ ਘਰ ਦੀਆਂ ਕੰਧਾਂ ਨੂੰ ਟੋਹ-ਟੋਹ ਦੇਖਦਾ, ਆਪ ਵੀ ਡਾਢਾ ਰੋਂਦਾ ਤੇ ਮੈਨੂੰ ਵੀ ਰਵਾਉਂਦਾ। ਇੱਕ ਦਿਨ ਸ਼ਾਮ ਨੂੰ ਆਣ ਬਹੁੜਿਆ। ਖ਼ੈਰ-ਸੁੱਖ ਪੁੱਛੀ ਤਾਂ ਕਹਿੰਦਾ, “ਕਈ ਦਿਨਾਂ ਦਾ ਮਨ ਜਿਆ ਨਈਂ ਲੱਗਦਾ ਸੀ, ਮਾਂ ਦੀ ਬਾਹਲ਼ੀ ਯਾਦ ਆਈ ਜਾਂਦੀ ਸੀ ਸੋ ਸੋਚਿਆ ਪਿੰਡ ਚੱਲਦੇ ਆਂ!” “ਜੀਅ ਸਦਕੇ, ਮੇਰਿਆ ਭਰਾਵਾ, ਏਹ ਘਰ ਤੇਰਾ ਏ ਜਦੋਂ ਮਰਜ਼ੀ ਆ, ਜਦੋਂ ਮਰਜ਼ੀ ਜਾਹ!” ਅਗਲ਼ੇ ਦਿਨ ਮੋਹਣੇ ਨੇ ਮਾਸੀ ਦੇ ਸੰਦੂਕ ‘ਚੋਂ ਇੱਕ ਗੰਢੜੀ ਕੱਢੀ ਤੇ ਕਹਿੰਦਾ,”ਇਹ ਗੰਢੜੀ ਮਾਂ ਹਰ ਵੀਹੀਂ ਦਿਨੀਂ ਜਾਂ ਮਹੀਨੇ ਬਾਅਦ ਖੋਲ੍ਹ ਕੇ ਦੇਖਿਆ ਕਰਦੀ ਸੀ। ਆ ਜਾ, ਆਪਾਂ ਵੀ ਦੇਖੀਏ ਮਾਂ ਨੇ ਇਹਦੇ ‘ਚ ਕੀ ਖਜ਼ਾਨਾ ਬੰਨ੍ਹ ਕੇ ਰੱਖਿਆ ਏ!” ਚਿਰਾਂ ਦੀਆਂ ਦਿੱਤੀਆਂ ਗੰਢਾਂ ਭਾਵੇਂ ਉਹ ਲੀੜੇ-ਕੱਪੜੇ ਦੀਆਂ ਹੋਣ ਜਾਂ ਦਿਲ ਦੀਆਂ ਛੇਤੀ ਨਈਂ ਖੁੱਲ੍ਹਦੀਆਂ ਸੋ ਵਾਹਵਾ ਜ਼ੋਰ ਲੱਗ ਗਿਆ। ਕਿਸੇ ਦੋ-ਚਾਰ ਮਹੀਨੇ ਦੇ ਬੱਚੇ ਦੇ ਪੋਤੜੇ ਨਿੱਕਲੇ ਵਿੱਚੋਂ, ਇੱਕ ਤੜਾਗੀ ਵੀ ਸੀ। ਤਿੰਨ-ਚਾਰ ਸਾਲ਼ ਦੇ ਬੱਚੇ ਦੇ ਮੇਚ ਆਉਣ ਵਾਲ਼ੇ ਕੱਪੜੇ ਪਛਾਣ ਕੇ ਮੋਹਣਾ ਕਹਿੰਦਾ, “ਓਏ, ਏਹ ਤਾਂ ਮੇਰੇ ਆ!” ਤੇ ਉਹਦੀਆਂ ਭੁੱਬਾਂ ਨਿੱਕਲ ਗਈਆਂ। ਗੰਢੜੀ ‘ਚੋਂ ਇੱਕ ਕਾਪੀ ਵੀ ਨਿੱਕਲੀ, ਕਾਫ਼ੀ ਪੁਰਾਣੀ ਸੀ, ਪੰਨੇ ਪੀਲ਼ੇ ਪਏ ਹੋਏ ਸਨ, ਜੀਹਦੇ ‘ਚ ਤਰੀਕਾਂ ਪਾ ਕੇ ਲਿਖਿਆ ਹੋਇਆ ਸੀ, “ਕਾਕਾ ਹੋਇਆ ਏ, ਮੈਂ ਆਪਣੇ ਛੋਟੇ ਭਰਾ ਜੋ ਘਰੋਂ ਕਿਤੇ ਗਿਆ ਮੁੜਿਆ ਨਈਂ ਸੀ ਉਹਦੇ ਨਾਂ ‘ਤੇ ਇਹਦਾ ਨਾਂ ਮਨਮੋਹਨ ਧਰਿਆ ਏ….” “ਨਾਨਕਿਆਂ ‘ਤੇ ਗਿਆ ਏ, ਜਵਾਂ ਮੇਰੇ ਪਿਉ ‘ਤੇ ਮੜ੍ਹੰਗਾ ਪੈਂਦਾ ਏ….” ਇੱਕ ਪੰਨੇ ‘ਤੇ ਲਿਖਿਆ ਹੋਇਆ ਸੀ,”ਮੋਹਨ ਨੇ ਅੱਜ ਪਹਿਲੀ ਵਾਰ ਪਾਸਾ ਲਿਆ….” “ਅੱਜ ਉਹਨੇ ਪਹਿਲੀ ਵਾਰ ‘ਮਾਂ’ ਕਿਹਾ….” “ਅੱਜ ਉਹਨੇ ਪਹਿਲਾ ਪੈਰ ਪੁੱਟਿਆ….” ਕਾਪੀ ਦੇ ਵਿਚਾਲ਼ੇ ਜਿਹ ਲਿਖਿਆ ਹੋਇਆ ਸੀ, “ਅੱਜ ਉਹਨੂੰ ਸਕੂਲ ਦਾਖਲ ਕਰਾਕੇ ਆਈ ਆਂ। ਦਿਲ ਤਕੜਾ ਕਰਕੇ ਰੋਂਦੇ-ਕਰਲਾਉਂਦੇ ਨੂੰ ਇੱਕ ਵਾਰ ਤਾਂ ਭੈਣ ਜੀ ਕੋਲ ਛੱਡ ਆਈ ਪਰ ਘਰੇ ਆ ਕੇ ਬਦੋ-ਬਦੀ ਮੇਰਾ ਰੋਣ ਨਿੱਕਲੀ ਜਾਵੇ, ਮੋਹਣੇ ਦਾ ਨਿੱਕਾ ਜਿਆ ਮੂੰਹ ਚੇਤੇ ਆਈ ਜਾਵੇ। ਮਨ ਨੂੰ ਐਸੀ ਤੋੜਾ-ਖੋਹੀ ਲੱਗੀ ਦੋ ਘੰਟਿਆਂ ਬਾਅਦ ਈ ਉਹਨੂੰ ਲੈਣ ਚਲੀ ਗਈ।” ਇੱਕ ਪੰਨੇ ‘ਤੇ ਇਹ ਵੀ ਲਿਖਿਆ ਸੀ, “ਦੇਖੀਂ ਜਦੋਂ ਮੈਂ ਆਵਦੇ ਪੁੱਤ ਨੂੰ ਵਿਆਹੁਣ ਗਈ, ਦੁਨੀਆ ਖੜ੍ਹ-ਖੜ੍ਹ ਦੇਖੂਗੀ।”
ਦੋਸਤੋ, ਜਗਜੀਤ ਸਿੰਘ ਦੀ ਇੱਕ ਗ਼ਜ਼ਲ ਦੇ ਬੋਲਾਂ “ਸਖ਼ਤ ਰਾਹੋਂ ਪੇ ਆਸਾਨ ਸਫ਼ਰ ਲਗਤਾ ਹੈ, ਯੇਹ ਮੇਰੀ ਮਾਂ ਕੀ ਦੁਆਓਂ ਕਾ ਅਸਰ ਲਗਤਾ ਹੈ!” ਨਾਲ਼ ਆਪਣੀ ਗੱਲ ਖ਼ਤਮ ਕਰਦਾ ਹਾਂ। |
Smalsar, Moga, Punjab, India