7 December 2024
Peac on the Bridge

ਨਰਿੰਦਰ ਮੇਰਾ ਜਮਾਤੀ—ਬਲਜੀਤ ਖ਼ਾਨ ਸਪੁੱਤਰ ਜਨਾਬ ਬਿੱਲੂ ਖ਼ਾਨ

ਚੇਤੇ ਦੀ ਚੰਗੇਰ/ਸਵੈ-ਕਥਨ:

ਨਰਿੰਦਰ ਯੂਨੀਵਰਸਿਟੀ ‘ਚ ਮੇਰਾ ਜਮਾਤੀ ਸੀ। ਮਗਰੋਂ ਉਹ ਵਾਇਲਿਨ ਵਾਦਨ ਦੀ ਦੁਨੀਆ ਦਾ ਬੇਤਾਜ਼ ਬਾਦਸ਼ਾਹ ਬਣ ਗਿਆ। ਉਹ ਸਾਡੇ ਨਾਲ਼ ਪੜ੍ਹਦੀ ਸੁਰਖ਼ਾਬ ਨਾਂ ਦੀ ਕੁੜੀ ਦਾ ਦਿਵਾਨਾ ਸੀ। ਪਰ ਜਿਵੇਂ ਚੰਦ ਧਰਤੀ ਦੇ ਗੇੜੇ ਕੱਢਦਾ ਹੈ ਅਤੇ ਧਰਤੀ ਅੱਗੇ ਸੂਰਜ ਦੇ ਦੁਆਲ਼ੇ ਗ਼ਰਦਿਸ਼ ਕਰਦੀ ਹੈ, ਸੁਰਖ਼ਾਬ ਕਿਸੇ ਹੋਰ ਨੂੰ ਚਾਹੁੰਦੀ ਸੀ।

ਤਕਰੀਬਨ ਪੰਦਰਾਂ ਸਾਲ਼ ਦੇ ਅਰਸੇ ਬਾਅਦ ਮਿਲਿਆ ਤਾਂ ਕਹਿੰਦਾ, “ਖ਼ਾਨ, ਤੂੰ ਲਿਖਦਾ ਹੁੰਦਾ ਸੀ। ਹੁਣ ਵੀ ਲਿਖਦਾ ਏਂ?”

“ਹਾਂ, ਲਿਖ ਲਈਦਾ ਕਦੇ-ਕਦਾਈਂ।”

“ਸੁਣਾ ਫਿਰ ਕੋਈ ਆਪਣਾ ਤਾਜ਼ਾ ਕਲਾਮ।”

ਤਦ ਜੋ ਵੀ ਮੇਰੇ ਮੂੰਹ ‘ਤੇ ਆਇਆ ਮੈਂ ਬੋਲ਼ ਦਿੱਤਾ,

“ਜ਼ਖ਼ਮ ਜਿੰਨੇ ਵੀ ਖਾਧੇ ਦਿਲ ‘ਤੇ ਨੇ
ਸ਼ਾਮੀਂ ਬਣਕੇ ਗੁਲਾਬ ਖਿੜਦੇ ਨੇ
ਬੜਾ ਸਮਝਾਇਆ ਡੁਸਕਦੇ ਚਾਵਾਂ ਨੂੰ
ਬੱਚਿਆਂ ਵਰਗੇ ਨੇ ਕਿੱਥੇ ਵਿਰਦੇ ਨੇ

ਕੂੰਜਾਂ ਧਿਆਈਆਂ ਬੂਹੇ ਜੁੜੀਆਂ ਨੇ
ਟਿੰਡਾਂ ਸੁੱਕੀਆਂ ਖੂਹ ‘ਚੋਂ ਮੁੜੀਆਂ ਨੇ
ਹਾਸੇ ਪੁੱਗਦੇ ਨਾ ਦਿਲ-ਖ਼ੁਆਰਾਂ ਨੂੰ
ਭੁੱਖੇ ਢਿੱਡਾਂ ਕੀ ਕਰਨਾ ਪਿਆਰਾਂ ਨੂੰ ?

ਜਗਦੇ-ਬੁਝਦੇ ਜੋ ਇਹ ਜੁਗਨੂੰ ਨੇ
ਪਿਛਲ਼ੇ ਜਨਮਾਂ ਦੇ ਖੌਰੇ ਮਜਨੂੰ ਨੇ
ਸ਼ੀਸ਼ਾ-ਏ-ਦਿਲ ਕਿ ਤਿੜਕ ਵੀ ਗਿਆ
ਮਾਹੀ ਲੁੱਟ ਵੀ ਗਿਆ, ਝਿੜਕ ਵੀ ਗਿਆ

ਮੁੱਲ ਪੈਂਦੇ ਨਾ ਟੁੱਟੇ ਤਾਰਿਆਂ ਦੇ
ਪੁੱਛੋ ਨਾ ਹਾਲ਼ ਦਰੋਂ ਦੁਤਕਾਰਿਆਂ ਦੇ
ਚੀਕਾਂ ਮਾਰਨ ਤੇ ਦੁਹੱਥੀਂ ਪਿੱਟਣ
ਬੈਠੇ ਆਂ ਭੁੰਜੇ ਵਾਂਗ ਹਾਰਿਆਂ ਦੇ

ਜ਼ਖ਼ਮ ਜਿੰਨੇ ਵੀ ਖਾਧੇ ਦਿਲ ‘ਤੇ ਨੇ
ਸ਼ਾਮੀਂ ਬਣਕੇ ਗੁਲਾਬ ਮਿਲਦੇ ਨੇ
ਬੜਾ ਸਮਝਾਇਆ ਡੁਸਕਦੇ ਚਾਵਾਂ ਨੂੰ
ਬੱਚਿਆਂ ਵਰਗੇ ਨੇ ਕਿੱਥੇ ਵਿਰਦੇ ਨੇ”

“ਖ਼ਾਨ, ਤੈਨੂੰ ਮੇਰੇ ਬਾਰੇ ਤਾਂ ਸਭ ਕੁਝ ਪਤਾ ਈ ਏ। ਮੇਰਾ ਕਿੱਥੇ ਸੀ ਸੰਗੀਤ ਨਾਲ਼ ਕੋਈ ਵਾਹ-ਵਾਸਤਾ? ਸੁਰਖ਼ਾਬ ਦੇ ਜਾਣ ਤੋਂ ਬਾਅਦ ਵਾਇਲਿਨ ਸਿੱਖਣ ‘ਚ ਸਕੂਨ ਜਿਹਾ ਮਿਲਦਾ ਸੀ। ਫਿਰ ਇੱਕ ਆਰਕਿਸਟ੍ਰਾ ਵਿੱਚ ਵਾਇਲਿਨ ਵਜਾਉਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਚੱਲਦੇ ਪ੍ਰੋਗਰਾਮ ਵਿੱਚ ਕੈਸੀਓ ਖ਼ਰਾਬ ਹੋ ਗਿਆ ਅਤੇ ਮੁਰੰਮਤ ਦੇ ਸਮੇਂ ਦੌਰਾਨ ਸਰੋਤਿਆਂ ਦੇ ਮਨੋਰੰਜਨ ਲਈ ਮੈਨੂੰ ਵਾਇਲਿਨ ਵਜਾਉਣ ਲਈ ਕਹਿ ਦਿੱਤਾ ਗਿਆ। ਕੁਦਰਤੀਂ ਐਸਾ ਜਲੌਅ ਬੱਝਿਆ ਕਿ ਬਾਕੀ ਸਾਰਾ ਸਮਾਂ ਮੈਂ ਹੀ ਵਾਇਲਿਨ ਵਜਾਉਂਦਾ ਰਿਹਾ ਅਤੇ ਲੋਕ ਸੁਣਦੇ ਰਹੇ। ਇੱਕ ਆਮ ਬੰਦਾ ਰਾਤੋ-ਰਾਤ ਵਿੱਚ ਹੀ ਸਿਤਾਰਾ ਬਣ ਗਿਆ। ਹੁਣ ਤੱਕ ਪੈਂਤੀ, ਚਾਲ਼ੀ ਦੇਸ਼ਾਂ ‘ਚ ਸ਼ੋਅ ਕਰ ਚੁੱਕਾ ਹਾਂ। ਦੋ ਕੁ ਮਹੀਨੇ ਪਹਿਲਾਂ ਲੰਡਨ ‘ਚ ਮੇਰਾ ਇੱਕ ਸ਼ੋਅ ਸੀ। ਸ਼ੋਅ ਤੋਂ ਬਾਅਦ ਸਟੇਜ ਦੀ ਬੈਕ ‘ਤੇ ਬੈਠਾ ਕੌਫ਼ੀ ਪੀ ਰਿਹਾ ਸਾਂ। ਸਕਿਊਰਟੀ ਗਾਰਡ ਨਾਲ਼ ਇੱਕ ਜਾਣੀ-ਪਛਾਣੀ ਅਵਾਜ਼ ਜਿਦ ਰਹੀ ਸੀ। ਮੈਂ ਉੱਠ ਕੇ ਦੇਖਿਆ ਤਾਂ ਸੁਰਖ਼ਾਬ ਸੀ। ਅੱਜ-ਕੱਲ੍ਹ ਲੰਡਨ ਰਹਿੰਦੀ ਏ, ਇਕੱਲੀ, ਡਿਵੋਰਸ ਹੋ ਗਿਆ ਸੀ। ਮੈਂ ਅੱਗੇ ਬੁਲ਼ਾ ਲਿਆ।

ਕਹਿੰਦੀ, ‘ਨਰਿੰਦਰ, ਪਛਾਣਿਆ ਮੈਂ ਸੁਰਖ਼ਾਬ?’

‘ਤੈਨੂੰ ਕਿਵੇਂ ਭੁੱਲ ਸਕਦੇ ਆਂ!’

ਕਾਫ਼ੀ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਪੁੱਛਦੀ, ‘ਯੂਨੀਵਰਸਿਟੀ ‘ਚ ਨਾਲ਼ ਦੀਆਂ ਕੁੜੀਆਂ ਇੱਕ ਗੱਲ ਦੱਸਿਆ ਕਰਦੀਆਂ ਸੀ ਕੀ ਉਹ ਸੱਚ ਸੀ?’

‘ਹਾਂ, ਸੱਚ ਹੀ ਸੀ।’ “

“ਦੇਖ ਖ਼ਾਨ, ਦਰਦ ਕਾਰਨ ਵਾਇਲਿਨ ਵਜਾਉਣੀ ਸਿੱਖੀ, ਫਿਰ ਵਾਇਲਿਨ ਵਜਾਉਣਾ ਮੇਰਾ ਪੇਸ਼ਾ ਬਣ ਗਿਆ। ਪੈਸਾ, ਇੱਜ਼ਤ, ਪ੍ਰਸਿੱਧੀ ਸਭ ਮਿਲਿਆ। ਮੇਰਾ ਦਰਦ ਹੀ ਮੇਰਾ ਹਥਿਆਰ ਬਣ ਗਿਆ। ਫਿਰ ਤੂੰ ਕਿਉਂ ਨਹੀਂ ਬਦਲਿਆ?”

“ਜੇ ਦਿਲ ਦਾ ਦਰਦ ਬਲਗਮ ਹੁੰਦਾ
ਮੈਂ ਖੰਘਾਰ ਵਾਂਗ ਥੁੱਕ ਦਿੰਦਾ
ਕੈਂਸਰ ਹੁੰਦਾ
ਮੈਂ ਬਿਜਲਈ ਕਰੰਟ ਨਾਲ਼ ਅੰਦਰੋ-ਅੰਦਰੀ ਸਾੜ ਦਿੰਦਾ
ਜੇ ਭਰਿੰਡਾਂ ਦੀ ਖੱਖਰ ਹੁੰਦਾ
ਮਿੱਟੀ ਦਾ ਤੇਲ ਛਿੜਕ ਸਭ ਮਾਰ ਦਿੰਦਾ
ਜੇ ਛਿਲਤ ਹੁੰਦਾ
ਤਾਂ ਮੋਚਨੇ ਨਾਲ਼ ਖਿੱਚ ਦਿੰਦਾ
ਜੇ ਦੁਸ਼ਮਨ ਦਾ ਕੀਤਾ ਵਾਰ ਹੁੰਦਾ
ਮੈਂ ਮੂੰਹ-ਤੋੜ ਜਵਾਬ ਦਿੰਦਾ
ਜੇ ਕੋਈ ਅਵਾਰਾ ਕੁੱਤਾ ਹੁੰਦਾ
ਡਾਂਗ ਮਾਰ ਭਜਾ ਦਿੰਦਾ
ਪਰ ਮਹਿਬੂਬ ਦੀ ਸੌਗ਼ਾਤ ਦਾ ਨਿਰਾਦਰ ਕਿੰਞ ਕਰਾਂ?
ਇਸ ਸੋਨ-ਚਿੜੀ ਵਿੱਚ ਅਸਾਂ ਦੀ ਜਾਨ ਏ !”

“ਖ਼ਾਨ, ਇੱਕ ਗੱਲ ਆਖਾਂ?”

“ਹਾਂ, ਆਖ।”

“ਜੇ ਝੱਗਾ ਪਾਟਿਆ ਹੋਵੇ ਤਾਂ ਸਿਉਂ ਲਈਦਾ ਹੁੰਦੈ, ਪਾਟਾ ਨਈਂ ਪਾ ਫਿਰੀਦਾ !”
***
227
***

‘ਲਿਖਾਰੀ’ ਵਿਚ ਛਪੀ ਬਲਜੀਤ ਖਾਨ ਦੀ ਹੋਰ ਰਚਨਾ ਪੜ੍ਹਨ ਲਈ ਕਲਿੱਕ ਕਰੋ>

balji_khan
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →