ਕੋਰੜਾ ਛੰਦ:
ਕਿਸਾਨ
ਮੋਢੇ ਧਰ ਹਲ, ਤੁਰ ਪਿਆ ਲਾਲ ਜੀ।
ਸਿੱਧਾ-ਸਾਧਾ ਜੱਟ, ਨਾ ਜਾਣੇ ਚਾਲ ਜੀ।
ਕਿਰਤ ਕਰਦਾ, ਹਿੰਮਤ ਨਾ ਢਾਲਦਾ।
ਵੇਖੋ ਅੰਨ -ਦਾਤਾ ਦੁਨੀਆਂ ਨੂੰ ਪਾਲਦਾ।
ਮੂੰਹ ਨ੍ਹੇਰੇ ਉੱਠ, ਖਾਲਦਾ ਹੈ ਖਾਲ ਜੀ।
ਪੱਠੇ ਵੀ ਲਿਆਵੇ,ਸਾਂਭਦਾ ਹੈ ਮਾਲ ਜੀ।
ਬੀਜ ਹੈ ਬੀਜਦਾ, ਫਸਲਾਂ ਸੰਭਾਲਦਾ।
ਵੇਖੋ ਅੰਨ- ਦਾਤਾ, ਦੁਨੀਆਂ ਨੂੰ ਪਾਲਦਾ।
ਰੇਹਾਂ,ਸਪ੍ਰੇਆਂ ਹੀ,ਬਣ ਜਾਂਦੇ ਫਾਲ ਜੀ।
ਕਰਜ਼ਾ ਹੀ ਚਾੜੇ, ਵਿਆਜ ਦੇ ਨਾਲ ਜੀ।
ਰੁੱਖੀ-ਮਿੱਸੀ ਖਾ ਕੇ,ਹੈ ਦੁੱਖਾਂ ਨੂੰ ਟਾਲਦਾ।
ਵੇਖੋ ਅੰਨ- ਦਾਤਾ, ਦੁਨੀਆਂ ਨੂੰ ਪਾਲਦਾ।
ਖੁਸ਼ੀ ਦਾ ਸੁਨੇਹਾ, ਹੈ ਫ਼ਸਲੀ ਥਾਲ ਜੀ।
ਰੱਬੀ ਮੇਹਰ ਤਾਂ, ਕਰੇ ਖੁਸ਼ਹਾਲ ਜੀ।
ਸੁਖੀ ਵੱਸੇ ਉਹ, ਹੈ ਜੋ ਚੁੱਲ੍ਹੇ ਬਾਲਦਾ।
ਵੇਖੋ ਅੰਨ -ਦਾਤਾ, ਦੁਨੀਆਂ ਨੂੰ ਪਾਲਦਾ।
ਕਾਲੇ ਕਾਨੂੰਨਾਂ ਨੇ,ਕੀਤਾ ਬੁਰਾ ਹਾਲ ਜੀ।
ਹੋਵੇਗਾ ਹੱਲ ਵੀ, ਪਾਇਆ ਸੁਆਲ ਜੀ।
ਰੱਖੀਂ ਚੇਤਾ ਉਸ, ਗੁਰੂ ਦੇ ਜਲਾਲ ਦਾ।
ਵੇਖੋ ਅੰਨ- ਦਾਤਾ, ਦੁਨੀਆਂ ਨੂੰ ਪਾਲਦਾ।
ਮਿਲੂ ਕਦੇ ਹੱਕ, ਰੋਣਗੇ ਨਾ ਬਾਲ ਜੀ।
ਮੁੜੇ ਦਿੱਲੀ ਤੋਂ ਤਾਂ,ਆਵੇਗਾ ਮਲਾਲ ਜੀ।
ਸਾਲ ਤੋਂ ਸੀ ਬੈਠਾ,ਸੀਗਾ ਨਿਆਂ ਭਾਲਦਾ।
ਵੇਖੋ ਅੰਨ- ਦਾਤਾ ਦੁਨੀਆਂ ਨੂੰ ਪਾਲਦਾ।
ਨਵਾਂ ਹੈ ਜ਼ਮਾਨਾ, ਨਵੀਂ ਹਰ ਤਾਲ ਜੀ।
ਨੀਤੀ ਵਾਲੀ ਵਾਹੀ,ਕਰਦੀ ਧਮਾਲ ਜੀ।
ਸਦਾ ਵੱਸੇ-ਰੱਸੇ,ਬੰਦਾ ਹੈ ਕਮਾਲ ਦਾ।
ਵੇਖੋ ਅੰਨ -ਦਾਤਾ, ਦੁਨੀਆਂ ਨੂੰ ਪਾਲਦਾ।
***
220
***