25 July 2024

ਪੰਜਾਬੀ ਬੋਲੀ ਦੀਆਂ ਪਰਚੱਲਿਤ ਆਵਾਜ਼ਾਂ ਨੂੰ ਅਪਣਾਉਣ ਦੀ ਲੋੜ—ਜਸਵਿੰਦਰ ਸੰਧੂ, ਬਰੈਂਪਟਨ (ਕਨੇਡਾ)

ਪੰਜਾਬੀ ਬੋਲੀ ਦੀਆਂ ਪਰਚੱਲਿਤ ਆਵਾਜ਼ਾਂ ਨੂੰ ਅਪਣਾਉਣ ਦੀ ਲੋੜ

ਜਸਵਿੰਦਰ ਸੰਧੂ, ਬਰੈਂਪਟਨ (ਕਨੇਡਾ)

ਭਾਸ਼ਾ ਇੱਕ ਕਿਰਿਆਸ਼ੀਲ ਮਾਧਿਅਮ ਹੁੰਦਾ ਹੈ, ਜਿਸ ਦਾ ਭੰਡਾਰ ਸਮੇਂ ਨਾਲ਼ ਵਧਦਾ ਰਹਿੰਦਾ ਹੈ। ਭਾਸ਼ਾ ਲੋਕਾਂ ਦੁਆਰਾ ਨਿਰੰਤਰ ਵਰਤਿਆ ਜਾਣ ਵਾਲ਼ਾ ਮਾਧਿਅਮ ਹੋਣ ਕਾਰਣ ਇਸ ਵਿੱਚ ਅਣਗਿਣਤ ਤਜਰਬੇ ਹੁੰਦੇ ਰਹਿੰਦੇ ਹਨ, ਛੋਟੀਆਂ ਛੋਟੀਆਂ ਸਿਰਜਣਾਵਾਂ ਹੁੰਦੀਆਂ ਰਹਿੰਦੀਆਂ ਹਨ, ਬੋਲੀ ਦੇ ਲਹਿਜੇ ਤੇ ਮਜ਼ਾਕ ਹੁੰਦੇ ਰਹਿੰਦੇ ਹਨ, ਕਿੰਤੂ-ਪਰੰਤੂ ਹੁੰਦੇ ਰਹਿੰਦੇ ਹਨ, ਠੀਕ ਜਾਂ ਨਾ ਠੀਕ ਹੋਣ ਦੀਆਂ ਬਹਿਸਾਂ ਤੇ ਛੋਟੇ-ਮੋਟੇ ਝਗੜੇ ਵੀ ਹੁੰਦੇ ਰਹਿੰਦੇ ਹਨ। ਅਜਿਹੀਆਂ ਸਭ ਕਿਰਿਆਵਾਂ ਜ਼ਿੰਦਾ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਸ ਵਿੱਚ ਕੋਈ ਵੀ ਅਜੀਬ ਗੱਲ ਨਹੀਂ ਹੈ।

ਪੰਜਾਬੀ ਤਾਂ ਉਨ੍ਹਾਂ ਭਾਸ਼ਵਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਅਤਿਅੰਤ ਕਿਰਿਆਸ਼ੀਲ ਕਿਹਾ ਜਾ ਸਕਦਾ ਹੈ। ਭਾਸ਼ਾ ਦੇ ਕਿਰਿਆਸ਼ੀਲ ਹੋਣ ਜਾਂ ਹਰਕਤ ‘ਚ ਹੋਣ ਦੇ ਕਈ ਕਾਰਣ ਹੁੰਦੇ ਹਨ। ਸਭ ਤੋਂ ਵੱਡਾ ਅਜੋਕਾ ਕਾਰਣ ਤਾਂ ਹੈ ਸੰਚਾਰ ਮਾਧਿਅਮਾਂ ਦਾ ਦਿਨੋ-ਦਿਨ ਪਰਫੁੱਲਤ ਹੋਣਾ ਹੈ ਜੋ ਆਮ ਲੋਕਾਂ ਵਿੱਚ ਸੰਪਰਕ ਦੀਆਂ ਸੰਭਾਵਨਾਵਾਂ ਵਧਾਈ ਜਾ ਰਹੇ ਨੇ। ਇੰਟਰਨੈੱਟ, ਟੈਲੀਫੋਨ, ਤੇ ਸੈੱਲ (ਮੋਬਾਈਲ) ਫੋਨ ਨੇ ਤਾਂ ਦੁਨੀਆਂ ਭਰ ‘ਚੋਂ ਆਪਣੇ ਪਿਆਰਿਆਂ ਨਾਲ਼ ਸੰਪਰਕ ਕਰਨ ਨੂੰ ਏਨਾ ਸੌਖਾ ਕਰ ਦਿੱਤਾ ਹੈ ਕਿ ਆਮ ਲੋਕ ਇਹ ਹਰ ਰੋਜ਼ ਕਰ ਰਹੇ ਹਨ।

ਪੰਜਾਬੀ ਦਾ ਕਿਰਿਆਸ਼ੀਲ ਹੋਣ ਦਾ ਦੂਜਾ ਸਭ ਤੋਂ ਵੱਡਾ ਕਾਰਣ ਹੈ (ਜੋ ਇਤਿਹਾਸਕ ਕਾਰਣਾਂ ‘ਚੋਂ ਸ਼ਾਇਦ ਸਭ ਤੋਂ ਵੱਡਾ ਹੋਵੇ) ਪੰਜਾਬ ਤੇ ਪਰਦੇਸੀ ਧਾੜਵੀਆਂ ਦੇ ਹਮਲੇ। ਖ਼ਾਸ ਕਰਕੇ ਉਹ ਧਾੜਵੀ ਜੋ ਪੰਜਾਬ ਦੇ ਸ਼ਾਸਕ ਵੀ ਬਣੇ। ਹਮਲਾਵਰ ਤਾਂ ਆਉਂਦੇ ਹੀ ਰਹਿੰਦੇ ਸਨ। ਪੰਜਾਬੀ ਇਲਾਕਿਆਂ ਨਾਲ਼ ਉਨ੍ਹਾਂ ਦਾ ਵਾਰਤਾਲਾਪ ਕੁੱਝ ਨਵੇਂ ਸ਼ਬਦ ਛੱਡ ਜਾਂਦਾ ਸੀ। ਇਹ ਦੀ ਇੱਕ ਉਦਾਹਰਣ ਪੰਨੂੰ (2007) ਨੇ ਆਪਣੇ ਮਾਰਚ ਦੇ ਮਹੀਨੇ ਕਨੇਡਾ ਵਿੱਚ ਛਪਦੇ ਖਬਰਨਾਮਾ ਅਖਬਾਰ ‘ਚ ਛਪੇ ਇੱਕ ਲੇਖ ਵੀ ਪੇਸ਼ ਕੀਤੀ ਹੈ ਕਿ ਕਿਵੇਂ ਉਰਦੂ ਇੱਕ ਲਸ਼ਕਰੀ ਭਾਸ਼ਾ ਦੀ ਤਰਾਂ ਹੋਂਦ ਵਿੱਚ ਆਈ ਤੇ ਹੌਲ਼ੀ ਹੌਲ਼ੀ ਇੱਕ ਕੌਮੀ ਭਾਸ਼ਾ ਦਾ ਦਰਜਾ ਅਖਤਿਆਰ ਕਰ ਗਈ।

ਭਾਵੇਂ ਹਮਲਾਵਰ ਵਾਪਸ ਵੀ ਚਲੇ ਜਾਂਦੇ ਹੋਣ, ਪਰ ਸ਼ਬਦ ਪਿੱਛੇ ਰਹਿ ਜਾਂਦੇ ਹਨ। ਕਈ ਸ਼ਬਦਾਂ ਦਾ ਮਤਲਬ ਵੀ ਨਹੀਂ ਪਤਾ ਹੁੰਦਾ, ਪਰ ਆਮ ਲੋਕ ਉਹ ਸ਼ਬਦ ਵਰਤਦੇ ਰਹਿੰਦੇ ਹਨ। ਉਦਾਹਰਣ ਲਈ ਇੱਕ ਫ਼ਾਰਸੀ ਦਾ ਸ਼ਬਦ ਹੈ ‘ਬਿੱਜ’, ਜੋ ਸਾਡੀ ਬੇਬੇ ਸਾਨੂੰ ਝਿੜਕਣ ਵੇਲ਼ੇ ਵਰਤਦੀ ਹੁੰਦੀ ਸੀ। ਕਹਿੰਦੀ ਹੁੰਦੀ ਸੀ, ”ਥੋਨੂੰ ਪੈ ਜਾਏ ਬਿੱਜ”। ਮੈਂ ਕਈ ਵਾਰ ਪੁੱਛਿਆ ਕਿ ਇਸਦਾ ਮਤਲਬ ਕੀ ਹੈ? ਬੇਬੇ ਖਿਝ ਕੇ ਕਹਿੰਦੀ ਹੁੰਦੀ ਸੀ, ”ਮੈਨੂੰ ਕੀ ਪਤੈ, ਮੇਰੀ ਮਾਂ ਮੈਨੂੰ ਕਹਿੰਦੀ ਸੀ, ਮੈਂ ਥੋਨੂੰ ਕਹਿ ਦਿੰਦੀ ਹਾਂ।” ਮਗਰੋਂ ਗੁਰੂ ਗੋਬਿੰਦ ਸਿੰਘ ਦਾ ਜ਼ਫ਼ਰਨਾਮਾ ਪੜ੍ਹਨ ਵੇਲ਼ੇ ਪਤਾ ਲੱਗਿਆ ਕਿ ‘ਬਿੱਜ’ ਫ਼ਾਰਸੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ ਅਸਮਾਨੀ ਬਿਜਲੀ।

ਹਮਲਾਵਰਾਂ ਵਿੱਚੋਂ ਮੁਗ਼ਲ ਤੇ ਅੰਗਰੇਜ਼ ਸਭ ਤੋਂ ਜ਼ਿਆਦਾ ਅਸਰਦਾਰ ਰਹੇ ਹਨ, ਕਿਉਂਕਿ ਉਹ ਇੱਥੇ ਸਾਸ਼ਕ ਬਣਕੇ ਰਹੇ ਤੇ ਉਨ੍ਹਾਂ ਨੇ ਇੱਥੇ ਆਪਣੀ ਔਲਾਦ ਵੀ ਪੈਦਾ ਕੀਤੀ। ਇਹ ਬੜੀ ਸਿੱਧੀ ਜਿਹੀ ਗੱਲ ਹੀ ਹੈ ਕਿ ਜਦੋਂ ਸਰਕਾਰੀ ਕਾਰ-ਗੁਜ਼ਾਰੀ ਕਿਸੇ ਹੋਰ ਭਾਸ਼ਾ ‘ਚ ਹੁੰਦੀ ਹੋਵੇ ਤਾਂ ਲੋਕ ਉਸ ਭਾਸ਼ਾ ਨੂੰ ਸਮਝਣ ਲਈ ਤਿਆਰ ਰਹਿੰਦੇ ਹਨ ਤੇ ਉਸ ਭਾਸ਼ਾ ਦੇ ਸ਼ਬਦ ਉਨ੍ਹਾਂ ਦੀ ਬੋਲ-ਚਾਲ ਵਿੱਚ ਦਾਖਲ ਹੁੰਦੇ ਰਹਿੰਦੇ ਹਨ।

ਮੱਧ ਤੇ ਉੱਚ-ਵਰਗੀ ਪਰਵਾਰ ਤਾਂ ਸ਼ਾਸ਼ਕਾਂ ਦੀ ਬੋਲੀ ਅਪਣਾਉਣ ਨੂੰ ਆਪਣਾ ਧਰਮ ਸਮਝਦੇ ਹਨ। ਇਹ ਵਰਤਾਰਾ ਉਨ੍ਹਾਂ ਸਮਿਆਂ ‘ਚ ਹੀ ਨਹੀਂ ਅੱਜ ਵੀ ਪਰਚੱਲਿਤ ਹੈ। ਅੱਜ ਦੇ ਹਿੰਦੁਸਤਾਨ ਤੇ ਹਿੰਦੀ ਬੋਲਦੇ ਬਹੁਮਤ ਦਾ ਦਬਦਬਾ ਹੈ ਤੇ ਸਾਡੇ ਮੱਧ ਵਰਗੀ ਭੱਦਰਪੁਰਸ਼ ਆਪਣੇ ਘਰਾਂ ਵਿੱਚ ਹਿੰਦੀ ਬੋਲਣ ਨੂੰ ਤਰਜੀਹ ਦਿੰਦੇ ਹਨ। ਪਰ ਜ਼ਿਆਦਾ ਅਮੀਰ ਵਰਗ (ਇਹ ਸਾਰੇ ਭਾਰਤ ਤੇ ਲਾਗੂ ਹੁੰਦਾ ਹੈ) ਇਸ ਨਾਲ਼ੋਂ ਵੀ ਅੱਗੇ ਅੰਗਰੇਜ਼ੀ ਨੂੰ ਮੂੰਹ ਮਾਰਨ ਦੀ ਕੋਸ਼ਿਸ਼ ‘ਚ ਹੈ। ਇਸ ਵਰਤਾਰੇ ਦਾ ਮੂੰਹੋਂ ਬੋਲਦਾ ਸਬੂਤ ਹੈ ਅੰਗਰੇਜ਼ੀ ਮਾਧਿਅਮ ਸਕੂਲਾਂ ਦੀ ਭਰਮਾਰ। ਇਨ੍ਹਾਂ ਸਭ ਸਕੂਲਾਂ ਦਾ ਨਾਂ ਪਬਲਿਕ ਸਕੂਲ ਰੱਖਿਆ ਹੋਇਆ ਹੈ। ਇਹ ਸਪੱਸ਼ਟ ਹੀ ਹੈ ਕਿ ਜਿਨ੍ਹਾਂ ਨੂੰ ਅੰਗਰੇਜ਼ੀ ਸ਼ਬਦ ਪਬਲਿਕ (ਜੋ ਸਰਕਾਰੀ ਬਣਦਾ ਹੈ) ਦਾ ਮਤਲਬ ਨਹੀਂ ਪਤਾ, ਉਹ ਕਿੰਨੀ ਕੁ ਅੰਗਰੇਜ਼ੀ ਪੜ੍ਹਾ ਸਕਦੇ ਹਨ।

ਸਿੱਟੇ ਵੱਜੋਂ ਮੱਧ ਦਰਜੇ ਦੇ ਵਿਦਿਆਰਥੀ ਪੈਦਾ ਕੀਤੇ ਜਾ ਰਹੇ ਹਨ, ਜੋ ਇੱਕ ਤਰਾਂ ਦੇ ਕਨਜ਼ਿਊਮਰ ਕਲਚਰ ‘ਚ ਤਾਂ ਫਿੱਟ ਹੁੰਦੇ ਹਨ, ਪਰ ਚੋਟੀ ਦੇ ਚਿੰਤਕ ਬਣਨ ‘ਚ ਮੁਸ਼ਕਲਾਂ ਉਨ੍ਹਾਂ ਦੇ ਰਾਹਾਂ ਦੇ ਪਹਾੜ ਬਣ ਰਹੀਆਂ ਹਨ। ਮੱਧ ਤੇ ਉੱਚ-ਵਰਗ ਇਹ ਸਭ ਕੁੱਝ ਅਣਜਾਣੇ ਵਿੱਚ, ਪਰ ਆਪਣੀ ਮਰਜ਼ੀ ਨਾਲ਼ ਕਰ ਰਹੇ ਹਨ। ਇਹ ਹਾਈਬਰਿੱਡ ਬੱਚੇ ਨਾ ਤਾਂ ਆਪਣੇ ਸੱਭਿਆਚਾਰ ਨਾਲ਼ ਹੀ ਜੁੜਦੇ ਹਨ ਤੇ ਨਾ ਹੀ ਦੂਜਿਆਂ ਦੇ ਸੱਭਿਆਚਾਰ ਦੇ ਅਨੁਕੂਲ ਹੋ ਸਕਦੇ ਹਨ। ਮੇਰੇ ਖਿਆਲ ਵਿੱਚ ਇਹ ਵਿਚਕਾਰਲਾ ਮੇਲ਼ ਅੱਜ ਦੇ ਭਾਰਤ ਦਾ ਦੁਖਾਂਤ ਹੈ। ਇਸ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਸ ਨੂੰ ਕੋਈ ਚਿੰਤਕ ਵੀ ਆਪਣੇ ਖੋਜ ਵਿਚਾਰ ਦੇ ਵਿਸ਼ੇ ਵਿੱਚ ਸ਼ਾਮਲ ਕਰਦਾ ਨਜ਼ਰ ਨਹੀਂ ਆ ਰਿਹਾ। ਜਿਸਦਾ ਮਤਲਬ ਇਹ ਬਣਦਾ ਹੈ ਕਿ ਇਹ ਵਰਤਾਰਾ ਜਿਉਂ ਦਾ ਤਿਉਂ ਜਾਰੀ ਰਹੇਗਾ। ਇਸ ਸਭ ਕਾਸੇ ਦਾ ਅਸਰ ਸਾਡੀ ਭਾਸ਼ਾ ਤੇ ਵੀ ਬਹੁਤ ਪੈ ਰਿਹਾ ਹੈ।ਪੈਰ ਬਿੰਦੀਆਂ:

ਜਿਵੇਂ ਸ਼ੁਰੂ ‘ਚ ਵੀ ਗੱਲ ਕੀਤੀ ਹੈ, ਅਸੀਂ ਹੌਲ਼ੀ ਹੌਲ਼ੀ ਅਜਿਹੇ ਸ਼ਬਦ ਵੀ ਆਪਣੀ ਭਾਸ਼ਾ ‘ਚ ਸ਼ਾਮਲ ਕਰਦੇ ਜਾਂਦੇ ਹਾਂ ਜੋ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਹੋਰ ਭਾਸ਼ਾਵਾਂ ਤੋਂ ਸ਼ਬਦਾਂ ਦੇ ਨਾਲ਼ ਨਾਲ਼ ਨਵੀਆਂ ਆਵਾਜ਼ਾਂ ਵੀ ਸਾਡੀ ਭਾਸ਼ਾ ਨੂੰ ਮਿਲੀਆਂ ਹਨ, ਜੋ ਪਹਿਲਾਂ ਸਾਡੇ ਕੋਲ਼ ਮੌਜੂਦ ਨਹੀਂ ਸਨ। ਬਹੁਤ ਸਾਰੀਆਂ ਅਜਿਹੀਆਂ ਆਵਾਜ਼ਾਂ ਨੂੰ ਅੰਕਿਤ ਕਰਨ ਲਈ ਅਸੀਂ ਢੁਕਵੇਂ ਚਿੰਨ ਵੀ ਬਣਾ ਲਏ ਹਨ। ਸ਼, ਖ਼, ਗ਼, ਜ਼, ਫ਼, ਤੇ ਲ਼ ਵਿੱਚੋਂ ਸ਼ ਤੇ ਲ਼ ਨੂੰ ਛੱਡ ਕੇ ਬਾਕੀ ਸਭ ਆਵਾਜ਼ਾਂ ਫ਼ਾਰਸੀ ਜਾਂ ਅਰਬੀ ਆਧਾਰ ਤੋਂ ਆਈਆਂ ਹਨ। ਇਹ ਆਵਾਜ਼ਾਂ ਪਹਿਲਾਂ ਪੰਜਾਬੀ ਕੋਲ਼ ਨਹੀਂ ਸਨ। ਪਰ ਲ਼ ਦੀ ਆਵਾਜ਼ ਸਾਡੇ ਕੋਲ਼ ਪਹਿਲਾਂ ਤੋਂ ਹੈ ਸੀ, ਇਸ ਦੀ ਪੇਸ਼ਕਾਰੀ ਲਈ ਕਈ ਵਾਰ ਪੈਰ ਵਾਲ਼ਾ ਹ ਵਰਤਿਆ ਜਾਂਦਾ ਸੀ, ਜੋ ਬਹੁਤੀ ਵਾਰੀ ਅਸ਼ਪੱਸ਼ਟਤਾ ਪੈਦਾ ਕਰਦਾ ਸੀ। ਉਸ ਮੁਸ਼ਕਿਲ ਦਾ ਹੱਲ ਲ਼ ਨੇ ਕਰ ਦਿੱਤਾ। ਇਹ ਸੋਧ ਸੋਹਣ ਸਿੰਘ ਜੋਸ਼ ਦੀ ਦੇਣ ਹੈ (ਸ਼ਰੀਫ਼, 2007)। ਸ਼ ਦੀ ਆਵਾਜ਼ ਸ਼ਾਇਦ ਹਿੰਦੀ ਤੇ ਫ਼ਾਰਸੀ ਦੋਹਾਂ ਤੋਂ ਹੀ ਆਈ ਹੈ, ਕਿਉਂਕਿ ਦੋਹਾਂ ਭਾਸ਼ਾਵਾਂ ਵਿੱਚ ਇਹ ਮੌਜੂਦ ਹੈ।ਅੰਗਰੇਜ਼ੀ ਦੇ ਅੱਖਰ ‘ਈ’ (e) ਤੋਂ ਆਈਆਂ ਆਵਾਜ਼ਾਂ:

ਪੰਜਾਬ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤੇ ਪੰਜਾਬੀਆਂ ਦੇ ਵਿਦੇਸ਼ ਪਹੁੰਚਣ ਤੋਂ ਪਹਿਲਾਂ ਬੈੱਡ, ਸ਼ੈੱਡ, ਲੈੱਡ, ਐੰਡ, ਫਰੈੰਡ, ਟਰੈੰਡ ਆਦਿ ਸ਼ਬਦ ਪੰਜਾਬੀ ‘ਚ ਨਹੀਂ ਹੁੰਦੇ ਸਨ। ਅੰਗਰੇਜ਼ੀ ਦੇ ਅੱਖਰ ‘ਈ’ ਦੀ ਆਵਾਜ਼ ਨੂੰ ਪੇਸ਼ ਕਰਨ ਲਈ ਪੰਜਾਬੀ ‘ਚ ਚਿੰਨ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਜਦੋਂ ਇਹ ਆਵਾਜ਼ ਸਾਡੇ ਲਈ ਨਵੀਂ ਸੀ। ਫਿਰ ਹੌਲ਼ੀ ਹੌਲ਼ੀ ਇਸ ਆਵਾਜ਼ ਨੂੰ ਅੰਕਿਤ ਕਰਨ ਲਈ ਦੁਲਾਵਾਂ ਦੇ ਨਾਲ਼ ਅਧਕ ਜਾਂ ਟਿੱਪੀ ਲਾਉਣਾ ਸ਼ੁਰੂ ਹੋਇਆ। ਇਹ ਇਸਦੀ ਸਹੀ ਪੇਸ਼ਕਾਰੀ ਹੈ, ਕਿਸੇ ਤਰਾਂ ਦੀ ਮੁਸ਼ਕਿਲ ਇਸ ਨੂੰ ਪੜ੍ਹਨ ‘ਚ ਨਹੀਂ ਆਉਂਦੀ।


ਨਵੀਆਂ ਆਵਾਜ਼ਾਂ ਨੂੰ ਅੰਕਿਤ ਕਰਨ ਦੀ ਲੋੜ:

ਪੰਜਾਬੀ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਪਰਵਾਨ ਕੀਤੀਆਂ ਗਈਆਂ ਹਨ। ਮੇਰੇ ਖਿਆਲ ਵਿੱਚ ਕਈ ਹੋਰ ਉਪ-ਭਾਸ਼ਾਵਾਂ ਵੀ ਪੰਜਾਬੀ ਦੀਆਂ ਹਨ, ਜੋ ਅਜੇ ਤੱਕ ਪੰਜਾਬੀ ਵਿਦਵਾਨਾਂ ਦੀ ਅਣਦੇਖੀ ਜਾਂ ਸੰਕੀਰਣਤਾ (ਤੰਗਦਿਲੀ) ਕਾਰਣ ਪਰਵਾਨਿਤ ਨਹੀਂ ਹਨ। ਪਰਵਾਨਿਤ ਹੁੰਦੇ ਹੋਏ ਵੀ ਉਨ੍ਹਾਂ ਉਪ-ਭਾਸ਼ਾਵਾਂ ਦੀਆਂ ਆਵਾਜ਼ਾਂ ਨੂੰ ਅੰਕਿਤ ਕਰਨ ਲਈ ਕੋਈ ਉਪਾਅ ਨਹੀਂ ਕੀਤੇ ਗਏ। ਉਦਾਹਰਣ ਲਈ ‘ਭਾਪਾ’ ਸ਼ਬਦ ਦਾ ਉਚਾਰਣ ‘ਭ਼ਾਪਾ’ ਹੈ, ਜੋ ਹਿੰਦੀ ਦੇ ਉਚਾਰਣ ਦੇ ਕੁੱਝ ਨੇੜੇ ਹੈ; ਅਤੇ ਜੋ ਇਸ ਸ਼ਬਦ ਦੇ ਸਿਰਜਣਹਾਰਿਆਂ ਵੱਲੋਂ ਬੋਲਿਆ ਜਾਂਦਾ ਹੈ। ਇਸਦੀ ਅਸਲ ਆਵਾਜ਼ ਨੂੰ ਪਰਵਾਨ ਕਰਨ ਦੀ ਥਾਂ ਬਾਕੀ ਪੰਜਾਬੀਆਂ ਨੇ ਇਸ ਦਾ ਮਜ਼ਾਕ ਬਣਾਉਣ ਨੂੰ ਹੀ ਪਹਿਲ ਦਿੱਤੀ ਹੈ।

ਕੁੱਝ ‘ਟਕਸਾਲੀ’ ਪੰਜਾਬੀ ਚਾਹਤਕਾਰਾਂ ਨੇ ਕਰੜੇ ਮਾਪ-ਦੰਡ ਅਪਣਾ ਕੇ ਅਜਿਹੀਆਂ ਆਵਾਜ਼ਾਂ ਨੂੰ ਪਰਵਾਨ ਕਰਨ ਦੇ ਰਾਹ ਵਿੱਚ ਹੋਰ ਰੋੜੇ ਖੜ੍ਹੇ ਕਰ ਦਿੱਤੇ ਹਨ। ਜੇ ਉਹ ਘੁੱਗੀ ਜਾਂ ਘਰ ਨੂੰ ਘ਼ੁੱਗੀ ਜਾਂ ਘ਼ਰ ਕਹਿੰਦੇ ਤਾਂ ਵੀ ਉਹ ਪੰਜਾਬੀ ਹੀ ਤਾਂ ਬੋਲ ਰਹੇ ਹਨ। ਇਸ ਬੇਤੁਕੀ ਘਿਰਣਾ ਦਾ ਨਮੂਨਾ ਇੱਥੇ ਕਲਮਾਂ ਦੇ ਕਾਫ਼ਲੇ (ਕਨੇਡਾ ਦੇ ਟਰਾਂਟੋ ਇਲਾਕੇ ਦੀ ਲਿਖਾਰੀਆਂ ਦੀ ਇੱਕ ਸੰਸਥਾ) ਦੇ ਇੱਕ ਪੁਰਾਣੇ ਮੈਂਬਰ ਦੁਆਰਾ ਪੇਸ਼ ਕੀਤਾ ਗਿਆ ਸੀ ਜਦੋਂ ਉਸ ਨੇ ਇੱਕ ਟਿੱਪਣੀ ਵਿੱਚ ਪੁਆਧੀ ਪੰਜਾਬੀ ਨੂੰ ਹਿੰਦਕੀ (ਜਾਣੀ ਹਿੰਦੀ ਦਾ ਰੂਪ ਕਹਿ ਕੇ ਨਿਵਾਜਿਆ ਸੀ)। ਮੈਂ ਆਪ ਪੁਆਧ ਦਾ ਜੰਮ-ਪਲ਼ ਹਾਂ। ਮੈਨੂੰ ਉਸ ਵੀਰ ਦੀ ਇਸ ਗੱਲ ਦਾ ਦੁੱਖ ਹੋਇਆ ਕਿ ਪੰਜਾਬੀ ਦੀ ਰਹਿੰਦ-ਖੂੰਹਦ ਨੂੰ ਛੁਟਿਆਉਣ ਲਈ ਅਸੀਂ ਆਪ ਹੀ ਲੱਗੇ ਹੋਏ ਹਾਂ। ਸਾਨੂੰ ਇਸ ਗੱਲ ਦੀ ਛਿੱਲ ਲਾਹੁਣ ਤੱਕ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਇਸ ਮਸਲੇ ਦੀ ਜੜ ਤੱਕ ਪਹੁੰਚ ਕੇ ਇਸ ਨੂੰ ਹਮੇਸ਼ਾ ਲਈ ਨਜਿੱਠ ਸਕੀਏ ਤੇ ਮੁੜ ਕੇ ਅਜਿਹੀ ਗੱਲ ਸਾਡੇ ਮੂੰਹੋਂ ਕਦੇ ਵੀ ਨਾ ਨਿਕਲ਼ੇ।

ਸਾਨੂੰ ਇਨ੍ਹਾਂ ਬੇਮਾਅਨੇ ਮੁਫ਼ਾਦਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ। ਖ਼ਾਸ ਕਰਕੇ ਇਸ ਲਈ ਕਿਉਂਕਿ ਅਸੀਂ ਭਾਸ਼ਾ ਪੱਖੋਂ ਬੜੇ ਮੌਕੇ ਤੇ ਬੈਠੇ ਹਾਂ ਜਿੱਥੋਂ ਅਸੀਂ ਤਕਨਾਲੋਜੀ ਤੇ ਭਾਸ਼ਾ ਵਿਕਾਸ ਤੇ ਬੜੀ ਸੌਖੀ ਨਜ਼ਰਸਾਨੀ ਕਰ ਸਕਦੇ ਹਾਂ। ਅਸੀਂ ਇੱਥੋਂ ਸੌਖਿਆਂ (ਪੰਜਾਬ ਵਾਲ਼ਿਆਂ ਨਾਲ਼ੋਂ) ਹੀ ਇਹ ਕੰਮ ਕਰ ਸਕਦੇ ਹਾਂ। ਮਾਲਵੀ, ਪੁਆਧੀ, ਦੁਆਬੀ, ਮਾਝੀ, ਕਾਂਗੜੀ, ਡੋਗਰੀ, ਲਹਿੰਦੀ, ਪੋਠੋਹਾਰੀ, ਬਹਾਵਲਪੁਰੀ (ਪ.ਸ.ਸ.ਬ., 1983) ਆਦਿ ਸਭ ਸਾਡੀ ਭਾਸ਼ਾ ਦੇ ਵਿਸਥਾਰ ਦੇ ਚਿੰਨ ਹਨ। ਇਨ੍ਹਾਂ ਨਾਲ਼ ਵੈਰ-ਵਿਰੋਧ ਦੀ ਥਾਂ ਇਨ੍ਹਾਂ ਦੀ ਵਿਲੱਖਣਤਾ ਤੇ ਅਮੀਰੀ ਤੇ ਕੰਮ ਹੋਣਾ ਚਾਹੀਦਾ ਹੈ ਤਾਂ ਕਿ ਟਕਸਾਲੀ ਪੰਜਾਬੀ ਨੂੰ ਇਨ੍ਹਾਂ ਉਪ-ਭਾਸ਼ਾਵਾਂ ਤੋਂ ਹੋਰ ਮਾਦਾ ਪਰਾਪਤ ਹੋਵੇ ਤੇ ਸਾਡੀ ਸੰਪੂਰਣ ਭਾਸ਼ਾ ਹੋਰ ਅੱਗੇ ਵਧੇ।

ਇਸੇ ਸੰਦਰਭ ਵਿੱਚ ਮੇਰਾ ਵਿਚਾਰ ਹੈ ਕਿ ਸਾਨੂੰ ਘ਼, ਝ਼, ਢ਼, ਧ਼, ਤੇ ਭ਼ ਵਾਲ਼ੀਆਂ ਸਾਰੀਆਂ ਆਵਾਜ਼ਾਂ ਅਪਣਾ ਲੈਣੀਆਂ ਚਾਹੀਦੀਆਂ ਹਨ। ਇਸ ਕਿਰਿਆ ਨਾਲ਼ ਅਸੀਂ ਆਪਣੇ ਸ਼ਹਿਰੀ, ਬਹਾਵਲਪੁਰੀ, ਅਤੇ ਹਿੰਦੀ ਤੇ ਉਰਦੂ ਵਾਲ਼ੇ ਇਲਾਕਿਆਂ ‘ਚ ਵਿਚਰਦੇ ਪੰਜਾਬੀਆਂ ਨੂੰ ਅਪਣਾਵਾਂਗੇ। ਇਸ ਨਾਲ਼ ਉਹ ਆਪਣੇ ਆਪ ਨੂੰ ਬਿਨਾ ਝਿਜਕ ਪੰਜਾਬੀ ਕਹਿ ਸਕਣਗੇ, ਉਨ੍ਹਾਂ ਦੇ ਮਨਾਂ ਦੇ ਸ਼ੰਕੇ ਕਿ ”ਪਿੰਡਾਂ ਵਾਲ਼ੇ ਤੇ ‘ਟਕਸਾਲੀ’ ਪੰਜਾਬੀ ਦੇ ਪੈਰੋਕਾਰ ਸਾਨੂੰ ਪੰਜਾਬੀ ਨਹੀਂ ਮੰਨਦੇ” ਦੂਰ ਹੋਣਗੇ।

ਇੰਗਲੈਂਡ ਵਾਸੀ ਭਾਸ਼ਾ ਵਿਗਿਆਨੀ ਮੰਗਤ ਰਾਇ ਭਾਰਦਵਾਜ ਅਨੁਸਾਰ ਪੰਜਾਬੀ ਬੋਲਣ-ਮੁਤਾਬਿਕ ਲਿਖਣ ਵਾਲ਼ੀ ਭਾਸ਼ਾ ਨਹੀਂ ਹੈ, ਇਸ ਲਈ ਉਹ ਇਨ੍ਹਾਂ ਬਿੰਦੀਆਂ ਵਾਲ਼ਿਆਂ ਅੱਖਰਾਂ ਨੂੰ ਬੇਲੋੜਾ ਸਮਝਦੇ ਹਨ। ਪਰ ਜਰਮਨੀ ਵਾਸੀ ਕੇਹਰ ਸ਼ਰੀਫ਼ (2007) ਦੀ ਰਾਇ ਭਾਰਦਵਾਜ ਤੋਂ ਉਲਟ ਹੈ। ਕਲਮਾਂ ਦੇ ਕਾਫ਼ਲੇ (ਟਰਾਂਟੋ) ਦੇ ਮੈਂਬਰ ਵੀ ਇੱਕਮਤ ਨਹੀਂ ਸਨ, ਪਰ ਬਹੁ-ਗਿਣਤੀ ਮੇਰੇ ਵਿਚਾਰਾਂ ਨਾਲ਼ ਸਹਿਮਤ ਸੀ। ਮੇਰੇ ਵਿਚਾਰ ਨਾਲ਼ ਇਸ ਚੀਜ਼ ਦੇ ਫਾਇਦਿਆਂ ਨੂੰ ਧਿਆਨ ‘ਚ ਰੱਖਦੇ ਹੋਏ ਇਹ ਇਤਰਾਜ਼ ਇੰਨੇ ਵਜ਼ਨਦਾਰ ਨਹੀਂ ਹਨ।

ਸਾਨੂੰ ਅੰਗਰੇਜ਼ੀ ਭਾਸ਼ਾਂ ਦੀ ਤਰੱਕੀ ਤੋਂ ਵੀ ਸੇਧ ਲੈਣੀ ਚਾਹੀਦੀ ਹੈ। ਅੰਗਰੇਜ਼ੀ ਭਾਸ਼ਾ ਦੇ ਮਾਹਿਰਾਂ ਵਿੱਚ ਵੀ ਸ਼ੁੱਧਤਾਵਾਦੀ (Puritans) ਵਿਚਾਰ ਚੱਲ ਰਹੇ ਹਨ, ਪਰ ਭਾਸ਼ਾ ਨੂੰ ਅੱਗੇ ਤੋਰਨ ਵਾਲ਼ੇ ਮਾਹਿਰ ਜ਼ਿਆਦਾ ਹੋਣ ਕਾਰਨ ਅੰਗਰੇਜ਼ੀ ਭਾਸ਼ਾ ਤਰੱਕੀ ਤੇ ਹੀ ਹੈ। ਕਾਲ਼ੇ ਅਮਰੀਕਣਾਂ, ਤੇ ਵੈੱਸਟ-ਇੰਡੀਜ਼ ਦੀ ਅੰਗਰੇਜ਼ੀ ਭਾਸ਼ਾ ਨੂੰ ਇੱਕ ਉੱਪ-ਭਾਸ਼ਾ ਦੀ ਮਾਨਤਾ ਦੇਣਾ ਇਸ ਗੱਲ ਦਾ ਸਬੂਤ ਹੈ। ਇਸੇ ਤਰ੍ਹਾਂ ਇੰਡੀਅਨ-ਇੰਗਲਿਸ਼ ਨੂੰ ਵੀ ਉਨ੍ਹਾਂ ਨੇ ਇੱਕ ਉੱਪ-ਭਾਸ਼ਾ ਵਜੋਂ ਮਾਨਤਾ ਦੇ ਕੇ ਉਸੇ ਵਿਚਾਰ ਦੀ ਹੋਰ ਪਰੋੜ੍ਹਤਾ ਕੀਤੀ ਹੈ। ਅੰਗਰੇਜ਼ੀ ਦਾ ਹਮੇਸ਼ਾ ਤਰੱਕੀ ਤੇ ਰਹਿਣ ਦਾ ਇੱਕ ਕਾਰਨ ਇਹ ਵੀ ਹੈ।

ਇਸੇ ਸੰਦਰਭ ਵਿੱਚ ਜੇ ਸੰਸਕ੍ਰਿਤ ਨੂੰ ਦੇਖੀਏ ਜੋ ਇੱਕ ਸੰਪੂਰਣ ਭਾਸ਼ਾਂ ਮੰਨੀ ਜਾਂਦੀ ਹੈ, ਪਰ ਅਲੋਪ ਹੋ ਰਹੀ ਹੈ; ਕਿਉਂਕਿ ਇਸ ਦੇ ਪੈਰੋਕਾਰਾਂ ਨੇ ਇਸ ਦੇ ਵਿਆਕਰਣ-ਨਿਯਮਾਂ ਦਾ ਸ਼ਿਕੰਜਾ ਇੰਨਾ ਕਸ ਲਿਆ ਸੀ ਕਿ ਉਸ ਤੋਂ ਬਾਹਰਲੀ ਨੇੜੇ-ਤੇੜੇ ਦੀ ਗੱਲ ਪਰਵਾਨ ਨਹੀਂ ਕਰਦੇ ਸਨ। ਅੱਕ ਕੇ ਚਿੰਤਕਾਂ ਨੇ ਹੋਰ ਭਾਸ਼ਾਵਾਂ ਦਾ ਵਿਕਾਸ ਕੀਤਾ ਤੇ ਉਨ੍ਹਾਂ ਵਿੱਚ ਹੀ ਆਪਣੇ ਵਿਚਾਰ ਪਰਗਟ ਕਰਨ ਲੱਗ ਪਏ। ਨਤੀਜੇ ਸਾਡੇ ਸਾਹਮਣੇ ਹਨ, ਸੰਸਕ੍ਰਿਤ ਅਲੋਪ ਹੋ ਰਹੀ ਹੈ ਕਿਉਂਕਿ ਇਹ ਆਮ ਜਨਤਾ ਦੇ ਸੰਚਾਰ ਦੀ ਭਾਸ਼ਾ ਨਹੀਂ ਬਣਨ ਦਿੱਤੀ ਗਈ।

ਅਸਲ ਵਿੱਚ ਬੋਲੀ ਦਾ ਮਜ਼ਾਕ ਉਡਾਇਆ ਜਾਣਾ ਧੱਕੇਸ਼ਾਹੀ ਹੈ। ਇਹ ਵਤੀਰਾ ਪੰਜਾਬੀਆਂ ਨੂੰ ਆਪਸ ਵਿੱਚ ਨਿਖੇੜਦਾ ਹੈ ਤੇ ਪੂਰੀ ਪੰਜਾਬੀਅਤ ਦਾ ਨੁਕਸਾਨ ਕਰ ਰਿਹਾ ਹੈ। ਅਜੇ ਤੱਕ ਕਿਸੇ ਵੀ ਭਾਸ਼ਾ ਮਾਹਿਰ ਦਾ ਇਸ ਵਿਸ਼ੇ ਤੇ ਲੇਖ ਮੈਂ ਨਹੀਂ ਪੜ੍ਹਿਆ। ਸਿਰਫ਼ ‘ਪਰਵਾਸੀ ਮੈਗਜ਼ੀਨ’ (ਟਰਾਂਟੋ, ਕਨੇਡਾ) ਦੇ ਇੱਕ ਅੰਕ (ਨਵੰਬਰ, 2005) ਵਿੱਚ ਇਸ ਵਿਸ਼ੇ ਦੀ ਕੁੱਝ ਗੱਲ-ਬਾਤ ਕੀਤੀ ਗਈ ਸੀ। ਪਰਵਾਸੀ ਦੇ ਲੇਖਾਂ ਦਾ ਇਹ ਇਕੱਠ ਇਸ ਮੁੱਦੇ ਦੀ ਬੜੀ ਉਸਾਰੂ ਬਹਿਸ ਨੂੰ ਸ਼ੁਰੂ ਕਰ ਚੁੱਕਿਆ ਹੈ, ਜੋ ਸਾਡੀ ਭਾਸ਼ਾ ਦੇ ਮਾਹਰਾਂ ਨੂੰ ਅੱਗੇ ਲਿਜਾਣੀ ਚਾਹੀਦੀ ਹੈ।

ਭ਼ਾਪਾ ਸ਼ਬਦ ਦੀ ਸ਼ੁਰੂਆਤ ਭਈਆ ਸ਼ਬਦ ਵਾਂਗ ਹੀ ਭਰਾ ਲਈ ਵਰਤੀ ਜਾਣ ਵਾਲ਼ੀ ਬੋਲੀ ਦੇ ਰੂਪ ਵਿੱਚ ਹੋਈ ਤੇ ਬਿਲਕੁਲ ਉਸੇ ਤਰਾਂ ਇਸ ਸ਼ਬਦ ਦੇ ਵੀ ਮਤਲਬ ਬਦਲੇ ਤੇ ਮਿਹਣੇ ਦਾ ਰੂਪ ਧਾਰਨ ਕਰ ਗਏ। ਸੰਨ ਸੰਤਾਲ਼ੀ ਦੇ ਸੰਤਾਪ ਤੋਂ ਹੋਏ ਪਾਕਿਸਤਾਨੀ ਇਲਾਕੇ ਵਾਲ਼ੇ ਸ਼ਹਿਰੀ ਸਿੱਖਾਂ ਦੇ ਪਲਾਇਨ ਨੇ ਇਸ ਸਾਰੀ ਕਥਾ ਨੂੰ ਸਿਰਜਿਆ। ਪੋਠੋਹਾਰ ਤੇ ਬਹਾਵਲਪੁਰ ਵਾਲ਼ੇ ਸ਼ਹਿਰੀ ਸਿੱਖਾਂ ਦੇ ਇੱਧਰਲੇ ਪੰਜਾਬ ‘ਚ ਵੱਸਣ ਕਾਰਣ ਇਹ ਹਾਲਤ ਪੈਦਾ ਹੋਈ। ਜਦੋਂ ਚੰਗੇ ਕਾਰੋਬਾਰ ਛੱਡ-ਛਡਾ ਕੇ ਇੱਧਰ ਰੋਟੀ ਦੇ ਲਾਲੇ ਪੈ ਗਏ ਤਾਂ ਇੱਧਰਲੇ ਪੇਂਡੂ ਪੰਜਾਬੀਆਂ ਵਿੱਚ ਉਨ੍ਹਾਂ ਦੀ ਬੋਲੀ ਵੀ ਮਜ਼ਾਕ ਦਾ ਮੁੱਦਾ ਬਣ ਗਈ। ਪਰਵਾਸੀ ਵਿੱਚ ਛਪੀ ਰਿਪੋਰਟ ਮੁਤਾਬਿਕ ਜਥੇਦਾਰ ਮਨਜੀਤ ਸਿੰਘ ਕਲਕੱਤਾ ਦਾ ਵਿਚਾਰ ਹੈ ਕਿ ਇਹ ਸਭ-ਕੁੱਝ ਸ਼ਹਿਰੀ ਸਿੱਖਾਂ ਨੂੰ ਆਪਣੇ ਧਰਮ, ਸੱਭਿਆਚਾਰ ਤੇ ਬੋਲੀ ਤੋਂ ਦੂਰ ਲਿਜਾ ਰਿਹਾ ਹੈ, ਜਿਸ ਨੂੰ ਗੰਭੀਰਤਾ ਨਾਲ਼ ਲੈਣ ਦੀ ਲੋੜ ਹੈ, ਤਾਂ ਹੀ ਅਸੀਂ ਇਸ ਦੁਖਦਾਈ ਵਰਤਾਰੇ ਨੂੰ ਠੱਲ੍ਹ ਪਾ ਸਕਦੇ ਹਾਂ। ਪਰਵਾਸੀ ਵੱਲੋਂ ਇਸ ਰਿਪੋਰਟ ਨੂੰ ਇੱਕ ਗੰਭੀਰ ਮੁੱਦੇ ਦੇ ਹੱਲ ਲਈ ਚੰਗੀ ਸ਼ੁਰੂਆਤ ਕਹਿ ਸਕਦੇ ਹਾਂ। ਹੁਣ ਗੱਲ ਸ਼ਾਇਦ ਕਿਸੇ ਸਿਰੇ ਲੱਗ ਵੀ ਜਾਊ।

ਇਨ੍ਹਾਂ ਪੁਰਾਣੀਆਂ ਆਵਾਜ਼ਾਂ ਨੂੰ ਅੰਕਿਤ ਕਰਨ ਦੀ ਕਿਰਿਆ ਸਾਡੇ ਉਨ੍ਹਾਂ ਹੁਣ ਤੱਕ ਦੁਰਕਾਰੇ ਹੋਏ ਭੈਣ-ਭਰਾਵਾਂ ਨੂੰ ਆਪਣੀ ਮਾਤ-ਭਾਸ਼ਾ ਵਿੱਚ ਲਿਖਣ ਦਾ ਬਣਦਾ ਪਰਮਾਣਿਕ ਹੱਕ ਦੇਵੇਗੀ ਤੇ ਸਾਡੀ ਮਾਂ-ਬੋਲੀ ਪੰਜਾਬੀ ਨੂੰ ਹੋਰ ਪੱਕੇ ਪੈਰੀਂ ਕਰੇਗੀ। ਇਹ ਪੰਜ ਆਵਾਜ਼ਾਂ ਸਾਡੀ ਭਾਸ਼ਾ ਨੂੰ ਹੋਰ ਅਮੀਰ ਕਰਨਗੀਆਂ ਤੇ ਪੰਜਾਬੀ ਦੇ ਦਾਇਰੇ ਨੂੰ ਵਧਾਉਣ ‘ਚ ਸਹਾਈ ਹੋਣਗੀਆਂ। ਅਜੇ ਭਵਿੱਖ ਵਿੱਚ ਪੰਜਾਬੀ ਨੇ ਬਹੁਤ ਬਦਲਾਅ ਦੇਖਣੇ ਹਨ ਜੋ ਵਧ ਰਹੇ ਸੰਚਾਰ ਕਾਰਣ ਹੋ ਰਹੇ ਹਨ, ਇਸ ਲਈ ਪੰਜਾਬੀ ਭਾਸ਼ਾ ਦੇ ਪੈਰੋਕਾਰਾਂ ਨੂੰ ਆਪਣੇ ਮੁਢਲੇ ਨਿਯਮਾਂ ਨੂੰ ਮੁੜ ਜਾਂਚ ਲੈਣਾ ਚਾਹੀਦਾ ਹੈ ਤੇ ਜੇ ਲੋੜ ਪਵੇ ਤਾਂ ਉਸ ਮੁਤਾਬਿਕ ਵਿਚਾਰ ਪਰਵਾਹ ਚੱਲਦਾ ਰੱਖਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾ ਕੇ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਇਸ ਲਈ ਇਕੱਲੀ ਤਕਨਾਲੋਜੀ ਹੀ ਕੰਮ ਨਹੀਂ ਸਾਰ ਸਕਦੀ, ਇਸਦੇ ਨਾਲ਼ ਭਾਸ਼ਾ ਦੇ ਫ਼ਲਸਫ਼ੇ ਨੂੰ ਸਮਝਣ ਤੇ ਹੋਰ ਵਿਕਾਸਣ ਦੀ ਵੀ ਲੋੜ ਹੈ।ਇੱਕ ਇਤਿਹਾਸਕ ਗ਼ਲਤੀ:

ਪੰਜਾਬੀ ਲਿਪੀ ਦਾ ਨਾਂ ਪੰਜਾਬੀ ਦੀ ਥਾਂ ‘ਗੁਰਮੁਖੀ’ ਰੱਖ ਕੇ ਪਹਿਲਾਂ ਹੀ ਅਸੀਂ ਆਪਣੀ ਭਾਸ਼ਾ ਨੂੰ ਬਹੁਤ ਨੁਕਸਾਨ ਪੁਚਾ ਚੁੱਕੇ ਹਾਂ। ਇਸ ਨੇ ਪੂਰਬੀ ਪੰਜਾਬ ਦੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਤਰ੍ਹਾਂ ਦਾ ਮਜ਼ਬੂਤ ਬਹਾਨਾ ਦੇ ਦਿੱਤਾ ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਗਰਦਾਨਣ ਦਾ। ਪੰਜਾਬ ਵਿੱਚ ਆਮ ਹਿੰਦੂਆਂ ਵੱਲੋਂ ਪੰਜਾਬੀ ਨੂੰ ਆਪਣੀ ਮਾਂ-ਬੋਲੀ ਲਿਖਵਾਉਣ ਤੋਂ ਮੁਨਕਰ ਹੋਣਾ ਵੀ ਇਸੇ ਲੜੀ ਦੇ ਇੱਕ ਹਿੱਸੇ ਵੱਜੋਂ ਸਾਹਮਣੇ ਆਇਆ ਹੈ। ਪਾਕਿਸਤਾਨੀ ਪੰਜਾਬ ਵਿੱਚ ਇਸ ਨੂੰ ਉਜੱਡਾਂ ਦੀ ਭਾਸ਼ਾ ਸਮਝ ਕੇ ਇਸ ਦੀ ਪੜ੍ਹਾਈ ਨੂੰ ਮੂਲੋਂ ਹੀ ਨਕਾਰਨਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਦੇ ਸਜਾਗ ਭੈਣਾਂ-ਭਰਾਵਾਂ ਨੂੰ ਪੰਜਾਬੀ ਨੂੰ ਸਾਂਭਣ ਲਈ ਸਾਡੇ ਨਾਲ਼ੋਂ ਵੀ ਵੱਧ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਇਸ ਕਾਰਣ ਹੋਏ ਨੁਕਸਾਨ ਨੂੰ ਤਾਂ ਪੂਰਾ ਕਰਨਾ ਸ਼ਾਇਦ ਨਾ-ਮੁਮਕਿਨ ਹੀ ਹੈ, ਪਰ ਅਸੀਂ ਇਸ ਦੇ ਭਵਿੱਖ ਦੇ ਅਸਰ ਨੂੰ ਘੱਟ ਜ਼ਰੂਰ ਕਰ ਸਕਦੇ ਹਾਂ। ਆਧੁਨਿਕ ਤਕਨਾਲੋਜੀ ਦੀ ਇਸ ਕੰਮ ਲਈ ਮੱਦਦ ਲੈਣਾ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ। ਸਾਨੂੰ ਕਿਰਪਾਲ ਸਿੰਘ ਪੰਨੂੰ (ਕਨੇਡਾ), ਡਾ. ਕਰਨੈਲ ਸਿੰਘ ਥਿੰਦ (ਸ.ਰ.ਅਮਰੀਕਾ) ਤੇ ਡਾ. ਗੁਰਪਰੀਤ ਲਹਿਲ (ਪਟਿਆਲਾ, ਪੰਜਾਬ) ਵਰਗੇ ਭਾਸ਼ਾ ਤਕਨਾਲੋਜੀ ਮਾਹਿਰਾਂ ਦੇ ਇਸ ਕੰਮ ਲਈ ਪਾਏ ਜਾਣ ਵਾਲ਼ੇ ਯੋਗਦਾਨ ਨੂੰ ਵਡਿਆਉਣ ਦੀ ਲੋੜ ਹੈ ਤਾਂ ਜੋ ਹੋਰ ਮਾਹਿਰ ਵੀ ਅਜਿਹੇ ਕੰਮ ਨੂੰ ਹੱਥ ਪਾਉਣ ਬਾਰੇ ਸੋਚਣ। ਭਾਸ਼ਾ ਤਕਨਾਲੋਜੀ ਲਈ ਪ੍ਰਾਂਤ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਇਨਾਮ-ਸਨਮਾਨ ਆਯੋਜਿਤ ਕਰਨ ਦੀ ਲੋੜ ਹੈ। ਇਸ ਕੰਮ ਲਈ ਸਾਨੂੰ ਆਪਣੀਆਂ ਸੰਸਥਾਵਾਂ ਤੇ ਸਰਕਾਰਾਂ ਤੇ ਦਬਾਅ ਪਾਉਣ ਦੀ ਜ਼ਰੂਰਤ ਹੈ। ਜਿਸ ਵਿੱਚ ਭਾਸ਼ਾ ਤਕਨਾਲੋਜੀ ਦੇ ਮਾਹਿਰਾਂ ਸਦਕਾ ਦੋ ਲਿਪੀਆਂ (ਗੁਰਮੁਖੀ ਤੇ ਸ਼ਾਹਮੁਖੀ) ‘ਚ ਲਿਖਣ ਜਾਣ ਵਾਲ਼ੀ ਸਾਡੀ ਭਾਸ਼ਾ ‘ਚ ਲਿਪਾਂਤਰਣ ਸੰਭਵ ਕਰ ਦਿੱਤਾ। ਹੁਣ ਤੁਸੀਂ ਇੱਕ ਲਿਪੀ ‘ਚ ਲਿਖ ਕੇ ਦੂਜੀ ‘ਚ ਤਬਦੀਲ ਕਰ ਸਕਦੇ ਹੋ, ਤੁਹਾਨੂੰ ਦੁਬਾਰਾ ਟਾਈਪ (ਕੰਪਿਊਟਰ ਤੇ) ਕਰਨ ਦੀ ਲੋੜ ਨਹੀਂ ਪੈਂਦੀ। ਇਹ ਕੰਮ ਸੌਫ਼ਟਵੇਅਰ ਹੀ ਕਰ ਦਿੰਦਾ ਹੈ।ਅਲੋਪ ਹੋ ਰਹੀਆਂ ਆਵਾਜ਼ਾਂ ਨੂੰ ਸਾਂਭਣ ਦੀ ਲੋੜ:

ਪੰਜਾਬੀ ਦੀਆਂ ਮੁਢਲੀਆਂ ਆਵਾਜ਼ਾਂ ਵਿੱਚੋਂ ਅੱਜ ਕੱਲ੍ਹ ਕੁੱਝ ਕੁ ਬਹੁਤ ਘੱਟ ਵਰਤੋਂ ‘ਚ ਆਉਣ ਲੱਗੀਆਂ ਹਨ। ਇਨ੍ਹਾਂ ‘ਚ ਙ ਤੇ ਞ ਅੱਖਰਾਂ ਵਾਲ਼ੀਆਂ ਆਵਾਜ਼ਾਂ ਆਉਂਦੀਆਂ ਹਨ। ਇਸ ਬਾਰੇ ਜਰਮਨੀ ਵਾਸੀ ਕੇਹਰ ਸ਼ਰੀਫ਼ (2007) ਨੇ ਵੀ ਆਪਣੇ ਲੇਖ ‘ਚ ਗੱਲ ਕੀਤੀ ਹੈ। ਉਨ੍ਹਾਂ ਦੇ ਵਿਚਾਰ ਮੁਤਾਬਿਕ ਪੰਜਾਬੀ ਦੀਆਂ ਇਹ ਵਿਲੱਖਣ ਆਵਾਜ਼ਾਂ ਨੂੰ ਵਿਸਾਰਨਾ ਜਾਂ ਭੁਲਾਉਣਾ ਨਹੀਂ ਚਾਹੀਦਾ। ਕਈ ਪੰਜਾਬੀ ਲੇਖਕ ਇਹ ਵੀ ਕਹਿੰਦੇ ਸੁਣੇ ਹਨ ਕਿ ਇਨ੍ਹਾਂ ਆਵਾਜ਼ਾਂ ਤੋਂ ਪੰਜਾਬੀ ਨੂੰ ਮੁਕਤ ਕਰਵਾਉਣਾ ਚਾਹੀਦਾ ਹੈ।

ਮੈਂ ਉਨ੍ਹਾਂ ਦੀ ਇਸ ਦਲੀਲ ਨਾਲ਼ ਸਹਿਮਤ ਨਹੀਂ। ਉਸ ਦੇ ਤਿੰਨ ਕਾਰਣ ਹਨ। ਇੱਕ ਤਾਂ ਇਹ ਕਿ ਇਹ ਆਵਾਜ਼ਾਂ ਸਾਡੇ ਕੋਲ਼ ਹਨ ਤਾਂ ਕੋਈ ਪਰੇਸ਼ਾਨੀ ਵਾਲ਼ੀ ਗੱਲ ਤਾਂ ਨਹੀਂ ਹੈ, ਫਿਰ ਐਵੇਂ ਕਿਉਂ ਇਨ੍ਹਾਂ ਨੂੰ ਛੱਡੀਏ। ਦੂਜੀ ਗੱਲ ਹੈ ਸਾਡੀਆਂ ਪੁਰਾਣੀਆਂ ਲਿਖਤਾਂ, ਗੁਰਬਾਣੀ ਆਦਿ ਵਿੱਚ ਵੀ ਇਹ ਮਿਲਦੀਆਂ ਹਨ, ਜੇ ਛੱਡ ਦੇਵਾਂਗੇ ਤਾਂ ਭਵਿੱਖ ਵਿੱਚ ਸਾਡੇ ਬੱਚੇ ਇਨ੍ਹਾਂ ਨੂੰ ਕਿਵੇਂ ਸਮਝਣਗੇ? ਤੀਸਰੇ ਇਹੀ ਆਵਾਜ਼ਾਂ ਬਾਹਰਲੀਆਂ ਭਾਸ਼ਾਵਾਂ ਵਿੱਚ ਵੀ ਮੌਜੂਦ ਹਨ। ਜਦੋਂ ਅਸੀਂ ਉਨ੍ਹਾਂ ਭਾਸ਼ਾਵਾਂ ਨਾਲ਼ ਲੈਣ-ਦੇਣ ਕਰਦੇ ਹਾਂ ਜਾਂ ਕਰਾਂਗੇ ਤਾਂ ਇਹੀ ਆਵਾਜ਼ਾਂ ਸਾਡੇ ਕੰਮ ਆਉਂਦੀਆਂ ਹਨ ਜਾਂ ਆਉਣਗੀਆਂ ਤੇ ਉਹ ਲੋਕ ਆਪਣੀ ਭਾਸ਼ਾ ਦੀ ਸਾਡੇ ਵੱਲੋਂ ਠੀਕ ਬੋਲੀ ਜਾਣ ਤੇ ਸਾਡੇ ਨਾਲ਼ ਨੇੜਤਾ ਮਹਿਸੂਸ ਕਰਨਗੇ।

ਇਸ ਤਰਾਂ ਸਾਡੀ ਪੰਜਾਬੀ ਭਾਸ਼ਾ ਸਾਨੂੰ ਵਿਦੇਸ਼ੀ ਭਾਸ਼ਾਵਾਂ ਦੇ ਨੇੜੇ ਵੀ ਲੈ ਜਾਵੇਗੀ। ਇਸ ਦੀ ਇੱਕ ਉਦਾਹਰਣ ਸਪੈਨਿਸ਼ ਦਾ ਸ਼ਬਦ ‘ਞੀਞੋ’ ਹੈ ਜੋ ਞ ਦੀਆਂ ਆਵਾਜ਼ਾਂ ਨਾਲ਼ ਬਣਿਆ ਸ਼ਬਦ ਹੈ। ਪੁਰਤਗੇਜ਼ੀ ਵਿੱਚ ਵੀ ਞ ਦੀ ਆਵਾਜ਼ ਮੌਜੂਦ ਹੈ। ਅੱਜ ਦੇ ਮਸ਼ਹੂਰ ਫੁਟਬਾਲ ਖਿਢਾਰੀ ਰੋਨਾਲਦੀਞੋ ਦਾ ਨਾਂ ਞ ਤੋਂ ਬਿਨਾ ਠੀਕ ਬੋਲਿਆ ਜਾਂ ਲਿਖਿਆ ਨਹੀਂ ਜਾ ਸਕਦਾ। ਅੰਗਰੇਜ਼ੀ ਵਾਲ਼ੇ ਤਾਂ ਇਹ ਨਾ ਲਿਖ ਸਕਦੇ ਹਨ ਤੇ ਨਾ ਹੀ ਬੋਲ ਸਕਦੇ ਹਨ, ਪਰ ਅਸੀਂ ਆਪਣੀ ਹੁੰਦੀ-ਸੁੰਦੀ ਲਿਖਣ-ਬੋਲਣ ਦੀ ਸਮਰੱਥਾ ਕਿਉਂ ਗੁਆਈਏ? ਇਸੇ ਤਰਾਂ ਮੌਸਮ ਨਾਲ਼ ਸਬੰਧਤ ਦੋ ਸ਼ਬਦ ਹਨ ਜੋ ਪਿਛਲੇ 20 ਸਾਲਾਂ ਤੋਂ ਆਮ ਹੀ ਸੁਣਨ ਜਾਂ ਪੜ੍ਹਨ ਨੂੰ ਮਿਲਦੇ ਹਨ; ਇੱਕ ਹੈ ‘ਐੱਲ ਨੀਞੋ’ ਤੇ ਦੂਜਾ ਹੈ ‘ਲਾ ਨੀਞਾ’। ਸਪੈਨਿਸ਼ ਭਾਸ਼ਾ ਦੇ ਇਨ੍ਹਾਂ ‘ਚੋਂ ਪਹਿਲੇ ਸ਼ਬਦ ਦਾ ਮਤਲਬ ਹੈ ‘ਬੱਚਾ’ ਤੇ ਦੂਜੇ ਦਾ ਹੈ ‘ਬੱਚੀ’। ਇਵੇਂ ਹੀ ਰੋਨਾਲਦੀਞੋ ਦਾ ਮਤਲਬ ਬਣਦਾ ਹੈ ‘ਛੋਟਾ ਰੋਨਾਲਦੋ’। ਇੱਦਾਂ ਦੇ ਹੋਰ ਵੀ ਅਨੇਕਾਂ ਸ਼ਬਦ ਹੋਣਗੇ ਜੋ ਪੰਜਾਬੀ ਵਿੱਚ ਲਿਖੇ ਜਾਂ ਬੋਲੇ ਜਾ ਸਕਦੇ ਹਨ। ਇਹ ਚੀਜ਼ ਪੰਜਾਬੀਆਂ ਨੂੰ ਪੁਰਤਗੇਜ਼ੀ ਸਮਾਜ ਵਿੱਚ ਵਿਚਰਨ ਲਈ ਜ਼ਰੂਰ ਸਹਾਈ ਹੁੰਦੀ ਹੋਵੇਗੀ।

ਙ ਤੇ ਞ ਦੀਆਂ ਆਵਾਜ਼ਾਂ ਤਾਂ ਸ਼ਾਇਦ ਅੱਜ ਦੇ ਅਧਿਆਪਕਾਂ ਤੱਕ ਜਾਂ ਵੱਡਿਆਂ ਤੱਕ ਹੀ ਸੀਮਿਤ ਹੋ ਗਈਆਂ ਹਨ। ਆਮ ਬੱਚੇ ਇਨ੍ਹਾਂ ਅੱਖਰਾਂ ਨੂੰ ਠੀਕ ਬੋਲ ਵੀ ਨਹੀਂ ਸਕਦੇ। ਵੱਡਿਆਂ ਦੀ ਬੋਲੀ ਵਿੱਚ ਵੀ ਇਹ ਸ਼ਬਦ ਕਦੇ ਕਦੇ ਹੀ ਸੁਣਨ ਨੂੰ ਮਿਲਦੇ ਹਨ। ਇੱਥੇ ਕਨੇਡਾ ਮੈਂ ਞ ਦੀ ਆਵਾਜ਼ ਕਲਮਾਂ ਦੇ ਕਾਫ਼ਲੇ ਦੇ ਇੱਕ ਮੈਂਬਰ ਸਿਰਫ਼ ਜਗਜੀਤ ਸੰਧੂ ਦੇ ਮੂੰਹੋਂ 2-3 ਵਾਰ ਸੁਣੀ ਹੈ ਜੋ ਉਹ ਆਪਣੇ ਗੀਤਾਂ ਤੇ ਕਵਿਤਾਵਾਂ ‘ਚ ਵਰਤਦਾ ਹੈ ਤੇ ਖੂਬਸੂਰਤੀ ਨਾਲ਼ ਉਸ ਦਾ ਉਚਾਰਣ ਵੀ ਕਰਦਾ ਹੈ। ਬਾਕੀ ਅਸੀਂ ਸਾਰੇ ਇਨ੍ਹਾਂ ਅੱਖਰਾਂ ਨੂੰ ਪਰੋਖੇ ਹੀ ਰੱਖਦੇ ਹਨ।

ਘ, ਝ, ਢ, ਧ, ਤੇ ਭ ਦੀਆਂ ਮੁਢਲੀਆਂ ਆਵਾਜ਼ਾਂ ਨਾਲ਼ ਵੀ ਅਸੀਂ ਪੂਰਾ ਇਨਸਾਫ਼ ਨਹੀਂ ਕਰਦੇ। ਜਿਵੇਂ ਖਿਢਾਰੀ ਸ਼ਬਦ ਢ ਨਾਲ਼ ਲਿਖਿਆ ਹੀ ਠੀਕ ਬੋਲਿਆ ਜਾ ਸਕਦਾ ਹੈ, ਪਰ ਪਤਾ ਨਹੀਂ ਕਿਉਂ ਸਾਡੇ ਲਿਖਾਰੀ ਢ ਦੀ ਥਾਂ ਡ ਵਰਤਣ ਲਈ ਅੜੇ ਹੋਏ ਹਨ? ਹਾਲਾਂਕਿ ਇਹ ਆਵਾਜ਼ ਸਾਡੀ ਬੋਲੀ ਜਾਣ ਵਾਲ਼ੀ ਆਵਾਜ਼ ਦੇ ਨੇੜੇ ਵੀ ਨਹੀਂ ਹੈ। ਇਸੇ ਤਰਾਂ ਵਾਘਾ (ਬਾਰਡਰ) ਨੂੰ ਵਾਗਹਾ ਲਿਖਿਆ ਜਾ ਰਿਹਾ ਹੈ। ਸਾਡੇ ਕਈ ਲਿਖਾਰੀਆਂ ਨੂੰ ਸ਼ਾਇਦ ਇਸ ਰੀਤ ਦਾ ਪਤਾ ਨਹੀਂ ਹੈ ਕਿ ਇਹ ਅੱਖਰ ਸ਼ਬਦਾਂ ਦੇ ਸ਼ੁਰੂ ਵਿੱਚ ਇਨ੍ਹਾਂ ਦੀ ਮੁਢਲੀ ਆਵਾਜ਼ ਨਾਲ਼ ਉਚਾਰੇ ਜਾਂਦੇ ਹਨ, ਪਰ ਜਦੋਂ ਇਹ ਸ਼ਬਦਾਂ ਦੇ ਵਿਚਕਾਰ ਆਉਂਦੇ ਹਨ ਤਾਂ ਇਨ੍ਹਾਂ ਦੀ ਆਵਾਜ਼ ਬਦਲ ਜਾਂਦੀ ਹੈ।

ਅਜਿਹੀਆਂ ਅਸ਼ਪੱਸ਼ਟਤਾਵਾਂ ਨੂੰ ਵਿਚਾਰਨ ਦੀ ਲੋੜ ਹੈ ਤਾਂ ਜੋ ਅਸੀਂ ਆਪਣੀ ਬੋਲੀ ਦੀਆਂ ਪਰਚੱਲਿਤ ਆਵਾਜ਼ਾਂ ਨੂੰ ਵੀ ਸੁਰੱਖਿਅਤ ਰੱਖ ਸਕੀਏ।
**
ਧੰਨਵਾਦ:

ਮੈਂ ਯੂ.ਕੇ. ਵਾਸੀ ਮੰਗਤ ਰਾਇ ਭਾਰਦਵਾਜ, ਪੰਜਾਬ ਯੂਨੀਵਰਸਿਟੀ ਦੇ ਡਾ. ਨਾਹਰ ਸਿੰਘ ਔਜਲਾ, ਬਰੈਂਪਟਨ (ਕਨੇਡਾ) ਵਾਸੀ ਅਰਵਿੰਦਰ ਕੌਰ ਅਤੇ ਕਲਮਾਂ ਦੇ ਕਾਫ਼ਲੇ (ਟਰਾਂਟੋ) ਦੇ ਮੈਂਬਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪਰਚੇ ਦੇ ਪਹਿਲੇ ਖਰੜਿਆਂ ਤੇ ਆਪਣੇ ਵਿਚਾਰ ਦਿੱਤੇ, ਜਿਸ ਨਾਲ਼ ਇਹ ਪਰਚਾ ਪਹਿਲਾਂ ਨਾਲ਼ੋਂ ਜ਼ਿਆਦਾ ਤਰਕ ਭਰਪੂਰ ਬਣ ਸਕਿਆ ਹੈ।ਹਵਾਲੇ:

ਪੰਨੂੰ, ਜਤਿੰਦਰ (2007) ਖ਼ਬਰਨਾਮਾ ਪੰਜਾਬੀ ਵੀਕਲੀ (ਕਨੇਡਾ)। ਮਾਰਚ 23, 2007:10
ਬੇਨਾਮ (2005) ਭਾਪਿਆਂ ਦੀ ਆਤਮਕਥਾ: ਦੇਸ ਹੋਇਆ ਪਰਦੇਸ। ਪਰਵਾਸੀ ਮੈਗਜ਼ੀਨ। ਨਵੰਬਰ, 2005: 23-34
ਪ.ਸ.ਸ.ਬ. (1983) ਪੰਜਾਬੀ ਵਿਆਕਰਣ ਤੇ ਲੇਖ ਰਚਨਾ। ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਸ਼ਰੀਫ਼, ਕੇਹਰ (2007) ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ। http://likhari.org/kehar. 27 ਸਤੰਬਰ।
**

905-794-5509
jaswindersandhu@rogers.com,
jassi@hotmail.com
***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 25 ਦਸੰਬਰ 2009)
(ਦੂਜੀ ਵਾਰ 1 ਮਾਰਚ 2022)

***
662
***

ਜਸਵਿੰਦਰ ਸੰਧੂ, ਬਰੈਂਪਟਨ

View all posts by ਜਸਵਿੰਦਰ ਸੰਧੂ, ਬਰੈਂਪਟਨ →