1.——- ਲੋਹੜੀ ——-
ਆ ਗਈ ਸ਼ਗਨਾਂ ਵਾਲ਼ੀ ਰਾਤ,
ਸਾਰੇ ਨੱਚੀਏ ਗਾਈਏ ਸਾਥ,
ਸਾਂਭੀਏ ਵਿਰਸੇ ਦੀ ਸੌਗਾਤ,
ਵੰਡੀਏ ਦਾਣੇ, ਧਰੀਏ ਭਾਤ,
ਦੇਖੋ ਸਭਨਾਂ ਦੇ ਪੈਰ ਧਿੜਕਾਉਣ ਆ ਗਈ,
ਆ ਗਈ ਲੋਹੜੀ ਵਾਲੀ ਰਾਤ ਸਾਂਝਾਂ ਪਾਉਣ ਆ ਗਈ।
ਤਿਲ ਤੇ ਰਿਓੜੀ ਵਾਲੀ ਤਿਲੋਹੜੀ,
ਫਿਰ ਆਖਿਆ ਜਿਸ ਨੂੰ ਲੋਹੜੀ,
ਇੱਕ ਲੱਪ ਸ਼ੱਕਰ ਪਾਈ ਝੋਲੀ,
ਦੁੱਲੇ ਤੋਰੀ ਕੰਨਿਆ ਦੀ ਡੋਲੀ,
ਦੇਖੋ ਕੁੜੀਆਂ ਦੀ ਟੋਲੀ ਗਿੱਧਾ ਪਾਉਣ ਆ ਗਈ,
ਆ ਗਈ ਲੋਹੜੀ ਵਾਲੀ ਰਾਤ ਸਾਂਝਾਂ ਪਾਉਣ ਆ ਗਈ
ਕੱਕਰ ਪੈਂਦਾ, ਆਇਆ ਮਾਘ,
ਲਾਈਏ ਧੂਣੀ ਚਾੜ੍ਹੀਏ ਸਾਗ,
ਮੂੰਗਫਲੀ ਖਾਈਏ ਨਾਲ ਸੁਆਦ,
ਜਸ਼ਨ ਮਨਾਈਏ ਪਾਈਏ ਧਮਾਲ,
ਹਾੜੀ ਦੀਆਂ ਫਸਲਾਂ ਲਹਿਰਾਉਣ ਆ ਗਈ,
ਆ ਗਈ ਲੋਹੜੀ ਵਾਲੀ ਰਾਤ ਸਾਂਝਾਂ ਪਾਉਣ ਆ ਗਈ।
ਸਜਿਆ ਲੱਡੂਆਂ ਭਰਿਆ ਥਾਲ,
ਭੰਗੜਾ ਛੇੜੇ ਆਪਣੀ ਤਾਲ,
ਵੰਡੀਏ ਪਿਆਰ ਤੇ ਛੱਡੀਏ ਮਲਾਲ,
ਬਣਦਾ ਭਾਈਚਾਰਾ ਸਭਨਾ ਨਾਲ਼,
ਮੁੰਡੇ ਕੁੜੀਆਂ ਦੇ ਸ਼ਗਨ ਮਨਾਉਣ ਆ ਗਈ,
ਆ ਗਈ ਲੋਹੜੀ ਵਾਲੀ ਰਾਤ ਸਾਂਝਾਂ ਪਾਉਣ ਆ ਗਈ
ਸਰਦੀ ਜਾਇ ਬਸੰਤ ਰੁੱਤ ਆਏ,
ਲੋਹੜੀ ਹਰ ਦੇ ਮਨ ਨੂੰ ਭਾਏ,
ਈਸ਼ਰ ਆਏ ਦਲਿੱਦਰ ਜਾਏ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ,
ਦੇਖੋ ਖੁਸ਼ੀਆਂ ਦੇ ਗੀਤ ਗੁਣਗੁਣਾਉਣ ਆ ਗਈ,
ਆ ਗਈ ਲੋਹੜੀ ਵਾਲੀ ਰਾਤ ਸਾਂਝਾਂ ਪਾਉਣ ਆ ਗਈ।
2. —–ਘੜਾ—-
ਸੁਣ ਵੇ ਸੁਣ, ਮਿੱਟੀ ਦਿਆ ਘੜਿਆ, ਮਿੱਟੀ ਤੇਰੀ ਸ਼ਾਨ।
ਤੇਰੀ-ਮੇਰੀ ਇੱਕ ਕਹਾਣੀ, ਇੱਕੋ ਹੈ ਬਿਖਿਆਨ।
ਪੰਜ-ਤੱਤ ਦਾ ਪੁਤਲਾ ਬੇ-ਸ਼ੱਕ, ਪਲ਼-ਛਿਣ ਦਾ ਮਹਿਮਾਨ।
ਤੂੰ ਸੋਹਣੀ ਦੀ ਢਾਕ ‘ਤੇ ਚੜ੍ਹਨਾ, ਅਸਾਂ ਨੇ ਲੱਭਣਾ ਹਾਣ।
ਐਸੀ ਛੋਹ ਘੁਮਿਆਰ ਨੇ ਦਿੱਤੀ, ਸਿਰਜਣਹਾਰ ਮਹਾਨ।
ਧੁੱਪ, ਹਵਾ ਤੇ ਅੱਗ ਸਮਾਏ, ਸਾਹ ਸਾਹ ਵਿੱਚ ਭਗਵਾਨ।
ਧਰਤੀ ਦੀ ਕੀ ਹਸਤੀ ਅੜਿਆ, ਜਿੱਤ ਲਿਆ ਅਸਮਾਨ।
ਘੜਿਆ ਜਿਸ ਦਿਨ ਤਿੜਕਿਆ, ਵੇ ਤੁਰ ਜਾਣਾ ਛੱਡ ਜਹਾਨ।
ਲੋਭ ਹੰਕਾਰ ਤੇ ਹਿਰਸਾਂ ਛੱਡਦੇ, ਕਰਨਾ ਛੱਡ ਗ਼ੁਮਾਨ।
ਜੋਤ ਪਿਆਰ ਦੀ ਅੰਦਰ ਤੇਰੇ, ਦਰਦਾਂ ਦੀ ਲੁਕਮਾਨ।
ਸਦਕੇ ਜਾਵਾਂ, ਵਾਰੀ ਜਾਂ, ਕਲਬੂਤ ‘ਚ ਪਾਈ ਜਾਨ।
ਆ ਓ ਸੱਚੇ ਸਾਥੀ, ‘ਪ੍ਰਭ’ ‘ਤੋਂ, ਸਭ ਕੁੱਝ ਕਰ ਕੁਰਬਾਨ।
—0—
3. ਮੋਹ ਦੀਆਂ ਤੰਦਾਂ
ਮੁਹੱਬਤਾਂ ਨਾਲ ਸਿੰਜਿਐ ਘਰ ਨੂੰ,
ਸੌਂਹ ਰੱਬ ਦੀ ਇਹਨੂੰ ਢਾਹੀਂ ਨਾ।
ਰਿਸ਼ਤੇ ਮੋਹ ਦੀਆਂ ਤੰਦਾਂ ਨਾਜ਼ੁਕ,
ਨਫ਼ਰਤ ਦਾ ਜ਼ਹਿਰ ਮਿਲਾਈਂ ਨਾ।
ਖਾਂਦੇ ਥੋੜ੍ਹੀ ਤੇ ਸਬਰ ਬਹੁਤਾ ਕਰੀਏ,
ਲੱਲਾ ਲੋਭ ਦਾ ਭਾਂਬੜ ਮਚਾਈਂ ਨਾ।
ਇਕ ਦੇ ਚੀਸ ਪਵੇ ਦੂਜਾ ਹੰਝੂ ਕੇਰੇ,
ਖ਼ਣਕ ਸਿੱਕਿਆਂ ਦੀ ਖਣਕਾਈਂ ਨਾ।
ਹਾਰੀਆਂ ਜੰਗਾਂ ਨੂੰ ਜਿੱਤਣਾ ਜਾਣਦੇ ਹਾਂ,
ਪੁੱਛ ਦਿੱਲੀ ਨੂੰ ਦਿਲ’ਤੇ ਲਾਈਂ ਨਾ।
ਹੇੈ ਹੌਸਲਾ ਮਾਣ ਬਹੁਤ ਮਿਹਨਤਾਂ ‘ਤੇ,
ਸੱਚੇ ਮੀਤ ਸੰਗ ਦਗਾ ਕਮਾਈਂ ਨਾ।
ਸੀਸ ਝੁਕੇ ਤਾਂ ਝੁਕੇ ਬਸ ਇਕ ਅੱਗੇ,
‘ਪ੍ਰਭ’ ਹਰ ਪਾਸੇ ਸੀਸ ਝੁਕਾਈਂ ਨਾ।
——0—–
4. ਸੱਜਣ
ਮੇਰਾ ਸੱਜਣ ਮੇਰੇ ਨਾਲ ਬੋਲਦਾ ਨਹੀਂ
ਉੰਝ ਫ਼ਿਕਰ ਕਰੇ ਤਿੜਕੀ ਵੰਗ ਦਾ ਵੀ,
ਮੇਰੇ ਹਰ ਮਜ਼ਮੂਨ ਨੂੰ ਯਾਦ ਰੱਖੇ,
ਭਾਵੇਂ ਅੱਖੀਆਂ ਫੇਰ ਕੇ ਲੰਘਦਾ ਵੀ,
ਗ਼ਮ-ਖੁਸ਼ੀਆਂ ਸਾਰੇ ਹੀ ਭੁਲਾ ਦੇਂਦਾ,
ਬੱਸ ਦੇਖਣ ਨੂੰ ਇਕ ਮੁਸਕਾਨ ਮਾਹੀ,
ਨੈਣ ਸਿੱਲ੍ਹੇ ਨਾ ਹੋਣ ਦੇਵੇ ਤੱਤੜੀ ਦੇ,
ਪਾ ਕੇ ਬੈਠਾ ਹੈ ਬੂਹੇ ਮਚਾਨ ਮਾਹੀ।
ਜਦੋਂ ਵੇਖਣ ਦੀ ਲੱਗਦੀ ਹੈ ਤੇਹ ਉਹਨੂੰ
ਲੰਘ ਪਿਛਲੀ ਗਲੀ ‘ਚੋਂ ਖੰਘਦਾ ਏ।
ਹੀਆ ਹੌਸਲਾ ਓਸ ਦਾ ਦੇਖ ਜਿਗਰਾ,
ਸੱਤੇ-ਖ਼ੈਰਾਂ ਦਿਲ ਪਿਆ ਮੰਗਦਾ ਏ।
ਕੁੱਝ ਦੁਨੀਆ ਦੀ ਕਰੇ ਪਰਵਾਹ ਹਾਣੀ,
ਕੂੱਝ ਸਾਹਮਣੇ ਆਉਣ ਤੋਂ ਝੱਕਦਾ ਏ,
ਹੈ ਉਹ ਵੱਖਰਾ ਦੁਨਿਆਵੀ ਆਸ਼ਕਾਂ ਤੋਂ,
ਲੁਕ-ਛੁਪ ਕੇ ਪਿਆਰ ਨੂੰ ਤੱਕਦਾ ਏ।
ਸੀਨੇ ਵਿੱਚ ਦੀਦਾਰ ਦੀ ਰੀਝ ਰਹਿੰਦੀ ,
ਬੰਦ ਅੱਖਾਂ ‘ਚੋਂ ਯਾਰ ਪਿਆ ਦਿਖਦਾ ਏ,
ਐਸਾ ਇਸ਼ਕ ਹਕੀਕੀ ਜੇ ਕਰ ਜਾਈਏ,
ਸੱਚਾ ਪਿਆਰ ‘ਪ੍ਰਭ’ ਨਾ ਮਿਟਦਾ ਏ।
——-0——
5. – ਲਫ਼ਜ਼-
ਬੜੀ ਕਮਾਲ ਕਹਾਣੀ ਲਫ਼ਜ਼ਾਂ ਦੀ ,
ਜਿਸ ਵਿੱਚ ਤੇਰ-ਮੇਰ ਦੀ ਥਾਂ ਕੋਈ ਨਾ
ਲਫ਼ਜ਼ ਡੋਬ ਦਿੰਦੇ ਯਾ ਤਾਰ ਦਿੰਦੇ
ਹੋਵੇ ਮੋਹ ਤੇ ਥੋੜ੍ਹ ਦੀ ਥਾਂ ਕੋਈ ਨਾ।
ਤੇਰਾ ਤੇਰਾ ਹੀ ਬਾਬਾ ਜੀ ਬੋਲਿਆ ਸੀ,
ਏਥੇ ਊਚ-ਨੀਚ ਦਾ ਰਾਹ ਕੋਈ ਨਾ,
ਹੁਣ ਸਮਝ ਜਾਹ ਕਾਹਨੂੰ ਵਕੀਲ ਬਣਿਆ,
ਘੜੀ ਪਲ਼ ਦਾ ਏਥੇ ਵਸਾਹ ਕੋਈ ਨਾ।
ਧੋਖਾ ਪਿਆਰ ਮੁਹੱਬਤ ਨੂੰ ਦੇਈ ਜਾਨੈਂ,
ਫਿਰਦੈਂ ਡੱਸਦਾ ਤੈਨੂੰ ਪਰਵਾਹ ਕੋਈ ਨਾ,
ਵੇਖੀਂ ਵਕ਼ਤ ਜਦੋਂ ਹੱਥ ਦਿਖਾਉਂਣ ਲੱਗਾ,
ਤੈਨੂੰ ਭੱਜੇ ਨੂੰ ਲੱਭਣਾ ਰਾਹ ਕੋਈ ਨਾ।
ਭੋਲ਼ੇ ਬਚਪਨ ਤੇ ਮਸਤ ਜਵਾਨੀ ਉੱਤੇ,
ਭਲਾ ਜ਼ੋਰ ਕਿਸੇ ਦਾ ਚੱਲਦਾ ਏ ?
ਜਿਹਨੇ ਨਬਜ਼ ਸਮੇਂ ਦੀ ਫੜੀ ਹੋਵੇ ,
ਔਖੀ ਘੜੀ ਵੀ ਓਹੀ ਠੱਲ੍ਹਦਾ ਏ।
—–੦—- |