21 September 2024

ਅਦੀਬ ਸਮੁੰਦਰੋਂ ਪਾਰ ਦੇ: ਪਰਵਾਸੀਆਂ ਦੀਆਂ ਮਨੋਗੁੰਝਲਾਂ ਦਾ ਚਿਤੇਰਾ ਹਰਪ੍ਰੀਤ ਸੇਖਾ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (16 ਜਨਵਰੀ 2022 ਨੂੰ) 70ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਪਰਵਾਸੀਆਂ ਦੀਆਂ ਮਨੋਗੁੰਝਲਾਂ ਦਾ ਚਿਤੇਰਾ ਹਰਪ੍ਰੀਤ ਸੇਖਾ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਕਹਾਣੀਕਾਰ ਹਰਪ੍ਰੀਤ ਸੇਖਾ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਅਟਵਾਲ ਜੀ ਅਤੇ ਕਹਾਣੀਕਾਰ ਹਰਪ੍ਰੀਤ ਸੇਖਾ ਨੂੰ ਹਾਰਦਿਕ ਵਧਾਈ ਪੇਸ਼ ਕਰਦਿਅਾਂ ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ


ਮਨੁੱਖੀ ਮਨ ਦੀ ਆਂਤ੍ਰਿਕਤਾ ਅਸੀਮ ਹੈ। ਅਣਦਿਸਦੇ ਨੂੰੂ ਦੇਖ ਲੈਣਾ, ਸਹਿਕੂਕ ’ਚੋਂ ਵੀ ਸ਼ਾਹਨਸ਼ਾਹ-ਏ-ਫਲਕ ਦੀ ਝਲਕ ਦੇਖਣ ਦਾ ਮੁਸ਼ਤਾਕ ਹੋਣਾ, ਅਪਹੁੰਚ ਤਕ ਪਹੁੰਚ ਕਰਨੀ, ਸਭ ਤੋਂ ਤੇਜ਼ ਗਤੀ ਦਾ ਮਾਲਕ ਹੋਣਾ ਆਦਿ ਮਨੁੱਖੀ ਮਨ ਦੀਆਂ ਉਹ ਵਿਸ਼ੇਸ਼ਤਾਵਾਂ ਹਨ ਜਿਹੜੀਆਂ ਆਮ ਹਾਲਤਾਂ ਵਿਚ ਸ਼ਾਇਦ ਹੋਰ ਕਿਸੇ ਸ਼ੈਅ ਦੀਆਂ ਨਹੀਂ ਹੁੰਦੀਆਂ। ਮਾਨਸਿਕਤਾ ਵੀ ਮਨ ਮੁਤਾਬਕ ਹੀ ਹੁੰਦੀ ਹੈ। ਮਨੁੱਖ ਦੀ ਮਾਨਸਿਕਤਾ ਨੂੰ ਸਮਝਣਾ ਤੇ ਸਮਝ ਕੇ ਉਸ ਮਾਨਸਿਕਤਾ ਦਾ ਅਦਬੀ ਚਿਤਰਣ ਕਰਨਾ ਕਾਫ਼ੀ ਮੁਸ਼ਕਲ ਕੰਮ ਹੈ। ਜਿਨ੍ਹਾਂ ਨੂੰ ਇਹ ਕਾਰਜ ਸਫ਼ਲਤਾ ਸਹਿਤ ਕਰਨਾ ਆਉਦਾ ਹੈ, ਉਨ੍ਹਾਂ ’ਚੋਂ ਕੈਨੇਡਾ ਦੇ ਸ਼ਹਿਰ ਸਰੀ (ਬੀ.ਸੀ.) ਵਿਚ ਵਸਦਾ ਸਾਡਾ ਕਹਾਣੀਕਾਰ ਹਰਪ੍ਰੀਤ ਸੇਖਾ ਇਕ ਹੈ।

ਹਰਪ੍ਰੀਤ ਸੇਖਾ ਦੇ ਕਥਾ ਸੰਸਾਰ ਬਾਰੇ ਸਾਡੇ ਪੰਜਾਬੀ ਦੇ ਇਕ ਵਿਦਵਾਨ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਕੈਨੇਡਾ ਦੇ ਪੰਜਾਬੀ ਪਰਵਾਸੀਆਂ ਦੀਆਂ ਮਨੋਗੁੰਝਲਾਂ ਦੀ ਹਰਪ੍ਰੀਤ ਸੇਖਾ ਨੂੰ ਤੀਖਣ ਸੋਝੀ ਹੈ ਅਤੇ ਕਹਾਣੀ ਦੀ ਕਲਾਤਮਿਕਤਾ ਵੱਲੋਂ ਵੀ ਉਹ ਪੂਰੀ ਤਰ੍ਹਾਂ ਸੁਚੇਤ ਹੈ। ਹਰਪ੍ਰੀਤ ਸੇਖਾ ਨੇ ਥੋੜ੍ਹਾ ਲਿਖ ਕੇ ਵੀ ਆਪਣੀ ਨਿਵੇਕਲੀ ਪਛਾਣ ਬਹੁਤ ਛੇਤੀਂ ਕਾਇਮ ਕਰ ਲਈ ਹੈ।

ਹਰਪ੍ਰੀਤ ਸੇਖਾ ਦਾ ਜਨਮ ਪਿਤਾ ਹਰਚੰਦ ਸਿੰਘ ਤੇ ਮਾਤਾ ਜਗਦੀਸ਼ ਕੌਰ ਦੇ ਘਰ ਪਿੰਡ ਕੋਟ ਈਸੇ ਖਾਂ (ਮੋਗਾ) ਵਿਖੇ ਹੋਇਆ। ਉਸ ਦਾ ਜੱਦੀ ਪਿੰਡ ਸੇਖਾ ਕਲਾਂ (ਮੋਗਾ) ਹੈ। ਉਸ ਨੇ ਮਕੈਨੀਕਲ ਇੰਜਨੀਅਰਰਿੰਗ ਕੀਤੀ ਹੋਈ ਹੈ। ਉਹ 1988 ਤੋਂ ਕੈਨੇਡਾ ਦਾ ਪੱਕਾ ਵਾਸੀ ਹੈ। ਆਪਣੇ ਪਿਛੋਕੜ ਤੇ ਸਾਹਿਤ ਨਾਲ ਲਗਾਅ ਬਾਰੇ ਹਰਪ੍ਰੀਤ ਸੇਖਾ ਦਾ ਆਖਣਾ ਹੈ ਕਿ :-

– ਮੇਰੇ ਮਾਤਾ-ਪਿਤਾ ਮੇਰੇ ਜਨਮ ਵੇਲੇ ਕੋਟ ਈਸੇ ਖਾਂ ਦੇ ਸਕੂਲ ਵਿਚ ਅਧਿਆਪਕ ਸਨ। ਬਾਅਦ ਵਿਚ ਮੇਰੇ ਮਾਪਿਆਂ ਦੀ ਬਦਲੀ ਜੱਦੀ ਪਿੰਡ ਸੇਖਾ ਕਲਾਂ ਵੱਲ ਹੋ ਗਈ। ਮੇਰਾ ਬਚਪਨ ਸੇਖਾ ਕਲਾਂ ਵਿਚ ਹੀ ਬੀਤਿਆ। ਦਾਦਾ ਜੀ ਖੇਤੀਬਾੜੀ ਕਰਦੇ ਸਨ। ਬਹੁਤ ਮਿਹਨਤੀ ਸਨ। ਉਨ੍ਹਾਂ 81 ਸਾਲ ਦੀ ਉਮਰ ਭੋਗੀ। ਉਹ ਆਪਣੇ ਸਭ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਸਨ ਤੇ ਜੱਦੀ ਜ਼ਮੀਨ ਸੀ ਦੋ ਕਿੱਲੇ। ਮੇਰੇ ਵੱਡੇ ਭੂਆ ਜੀ ਨੂੰ ਉਨ੍ਹਾਂ ਨੇ ਨਾਲ ਦੇ ਪਿੰਡ ਪੜ੍ਹਨ ਵੀ ਲਾਇਆ। ਮੇਰੇ ਨਾਨਾ ਨਾਨੀ ਵੀ ਸਕੂਲ ਅਧਿਆਪਕ ਸਨ। ਖ਼ੈਰ ਮੈਂ ਮਿਡਲ ਸਕੂਲ ਤਕ ਹੀ ਪਿੰਡ ਪੜ੍ਹਿਆ। ਮੈਟਿ੍ਰਕ ਨਾਲ ਦੇ ਪਿੰਡ ਠੱਠੀ ਭਾਈ ਤੋਂ ਕੀਤੀ। ਡਿਪਲੋਮਾ ਸਰਕਾਰੀ ਪੌਲੀਟੈਕਨਿਕ ਗੁਰੂ ਤੇਗ ਬਹਾਦਰ ਗੜ੍ਹ ਤੋਂ ਪਾਸ ਕੀਤਾ। ਡਿਪਲੋਮੇ ਤੋਂ ਬਾਅਦ ਆਪਣੇ ਮਾਂ-ਬਾਪ ਨਾਲ ਕੈਨੇਡਾ ਆ ਗਿਆ। ਕੈਨੇਡਾ ਮੇਰੀਆਂ ਦੋ ਭੈਣਾਂ ਪਹਿਲਾਂ ਹੀ ਆਈਆਂ ਹੋਈਆਂ ਸਨ। ਵੱਡੀ ਭੈਣ ਨੇ ਇਕਨੌਮਿਕਸ ਦੀ ਤੇ ਛੋਟੀ ਭੈਣ ਨੇ ਪੰਜਾਬੀ ’ਚ ਐੱਮਏ ਕੀਤੀ ਹੋਈ ਹੈ। ਉਸ ਦੀਆਂ ਐੱਮਏ ਦੀਆਂ ਕਿਤਾਬਾਂ ਤੇ ਨੋਟਿਸ ਪੜ੍ਹਨੇ ਮੈਨੂੰ ਚੰਗੇ ਲਗਦੇ। ਦਸਵੀਂ ਕਲਾਸ ਵਿਚ ਵੀ ਮੈਂ ਆਪਣੇ ਪੰਜਾਬੀ ਅਧਿਆਪਕ ਜੁਗਿੰਦਰ ਸਿੰਘ ਪੁਰਬਾ ਦਾ ਪੀਰੀਅਡ ਉਡੀਕਦਾ ਰਹਿੰਦਾ। ਸਲੇਬਸ ਵਿਚ ਲੱਗੇ ਨਾਵਲ ‘ਤੂਤਾਂ ਵਾਲਾ ਖੂਹ’ ਦੇ ਸੱਜਣ ਸਿੰਘ, ਕਰਮਦੀਨ ਜਾਂ ਬਾਬਾ ਅਕਾਲੀ ਦੇ ਸੁਭਾਅ ਦੀਆਂ ਪਰਤਾਂ ਬਾਰੇ ਉਹ ਦਿਲਚਸਪ ਤਰੀਕੇ ਨਾਲ ਦੱਸਦੇ। ਕਦੇ-ਕਦੇ ਮੈਨੂੰ ਲਗਦਾ ਹੈ ਕਿ ਉਸ ਵੇਲੇ ਹੀ ਕਿਤੇ ਮੇਰੇ ਅੰਦਰ ਸਾਹਿਤ ਨਾਲ ਲਗਾਅ ਪੈਦਾ ਹੋਇਆ ਪਰ ਕਈ ਵਾਰ ਇਸ ਤਰ੍ਹਾਂ ਲਗਦਾ ਹੈ ਕਿ ਸਾਹਿਤ ’ਚ ਪਹਿਲਾਂ ਹੀ ਕਿਤੇ ਦਿਲਚਸਪੀ ਸੀ ਉਸ ਕਾਰਨ ਗਿਆਨੀ ਜੀ ਤੋਂ ਇਹ ਪੜ੍ਹਨਾ ਚੰਗਾ ਲਗਦਾ ਸੀ। ਘਰ ਵਿਚ ਕਿਤਾਬਾਂ ਵੀ ਆਮ ਰਹਿੰਦੀਆਂ ਸਨ। ਮੇਰੇ ਪਿਤਾ ਜੀ ਨੂੰ ਪੜ੍ਹਨ ਦਾ ਸ਼ੌਂਕ ਸੀ। ਕੈਨੇਡਾ ਆਉਣ ਦੇ ਕੁਝ ਹਫ਼ਤਿਆਂ ਬਾਅਦ ਹੀ ਮੈਂ ਇਕ ਕਹਾਣੀ ਲਿਖੀ। ਪਹਿਲਾਂ ਕਦੇ ਕੁਝ ਇਸ ਤਰ੍ਹਾਂ ਨਹੀਂ ਸੀ ਲਿਖਿਆ। ਜਦ ਅਸੀਂ ਕੈਨੇਡਾ ਆਏ, ਉਸ ਵੇਲੇ ਖੇਤਾਂ ਵਿਚ ਬੇਰੀਆਂ ਤੋੜਨ ਦਾ ਸੀਜ਼ਨ ਸੀ। ਮੈਂ ਵੀ ਕੁਝ ਦਿਨਾਂ ਬਾਅਦ ਬੇਰੀਆਂ ਤੋੜਨ ਚਲਾ ਗਿਆ। ਬੇਰੀ ਤੋੜਦਿਆਂ ਹੀ ਇਕ ਘਟਨਾ ਹੋਈ। ਕਿਸੇ ਮਜ਼ਦੂਰ ਨੇ ਲੱਭ ਲਿਆ ਕਿ ਫਾਰਮ ਦੀ ਤੱਕੜੀ ਘੱਟ ਤੋਲਦੀ ਹੈ। ਇਸ ਛੋਟੀ ਜਿਹੀ ਘਟਨਾ ’ਤੇ ਮੈਂ ਕਹਾਣੀ ਉਸਾਰ ਲਈ। ‘ਵਧਦੇ ਕਦਮ’ ਨਾਂ ਦੀ ਇਹ ਕਹਾਣੀ ਕਾਫ਼ੀ ਚਿਰ ਬਾਅਦ ਇੱਥੋਂ ਛਪਦੇ ‘ਵਤਨ’ ਰਸਾਲੇ ਵਿਚ ਛਪੀ।

ਹਰਪ੍ਰੀਤ ਸੇਖਾ ਦੀਆਂ ਜਿਹੜੀਆਂ ਪੁਸਤਕਾਂ ਹੁਣ ਤਕ ਪਾਠਕਾਂ ਦੇ ਅਧਿਐਨ ਦੇ ਅੰਤਰਗਤ ਆਈਆਂ ਹਨ, ਉਹ ਹਨ ‘ਬੀ ਜੀ ਮੁਸਕਰਾ ਪਏ’ (ਕਹਾਣੀ-ਸੰਗ੍ਰਹਿ), ‘ਬਾਰਾਂ ਬੂਹੇ’ (ਕਹਾਣੀ-ਸੰਗ੍ਰਹਿ), ‘ਟੈਕਸੀਨਾਮਾ’ (ਵਾਰਤਕ), ‘ਕਿਲੇ ਦੇ ਮੋਤੀ’ (ਅੰਗਰੇਜ਼ੀ ਤੋਂ ਅਨੁਵਾਦ), ‘ਪਿ੍ਰਜ਼ਮ’ (ਕਹਾਣੀ-ਸੰਗ੍ਰਹਿ), ‘ਹਨੇਰੇ ਰਾਹ’ (ਨਾਵਲ), ‘ਬਰਫ਼ਖ਼ੋਰ ਹਵਾਏ’ (ਹਿੰਦੀ ਕਹਾਣੀ ਸੰਗ੍ਰਹਿ), ‘ਡੱਗੀ’ (ਹੁਣ ਤਕ ਆਈਆਂ ਸਾਰੀਆਂ ਕਹਾਣੀਆਂ ਦਾ ਸੰਗ੍ਰਹਿ)। ‘ਪਿ੍ਰਜ਼ਮ’ ਤੇ ‘ਟੈਕਸੀਨਾਮਾ’ ਦਾ ਅੰਗਰੇਜ਼ੀ ਅਨੁਵਾਦ ਵੀ ਪਾਠਕਾਂ ਕੋਲ ਪੁੱਜ ਚੱੁਕਾ ਹੈ। ਹਰਪ੍ਰੀਤ ਸੇਖਾ ਦੀਆਂ ਕਹਾਣੀਆਂ ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਦੇ ਸਾਹਿਤਕ ਰਸਾਲਿਆਂ ਵਿਚ ਵੀ ਸਮੇਂ-ਸਮੇਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।

ਹਰਪ੍ਰੀਤ ਸੇਖਾ ਦੇ ਰਚਨਾ ਸੰਸਾਰ ਦੀ ਉਪਰੋਕਤ ਪੁਸਤਕਾਂ ਦੇ ਸੰਦਰਭ ’ਚ ਜੇ ਸੰਖਿਪਤ ਗੱਲ ਵੀ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਹਰਪ੍ਰੀਤ ਸੇਖਾ ਨੂੰ ਮਾਨਵ ਵਿਗਿਆਨ ਦੀ ਖਾਸੀ ਸੂਖਮ ਸੂਝ ਹੈ। ਮਨੁੱਖ ਦੇ ਮਨ ਨੂੰ ਪੜ੍ਹਨਾ ਉਸ ਲਈ ਸਹਿਜ ਵਰਤਾਰਾ ਹੈ। ‘ਡੱਗੀ’ ਵਿਚ ਉਸ ਦੀਆਂ ਕੁਲ 32 ਕਹਾਣੀਆਂ ਹਨ ਜਿਹੜੀਆਂ ਪੁਸਤਕ ਦੇ 416 ਪੰਨਿਆਂ ’ਤੇ ਪਸਰੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਜਿਹੜੀ ਮਰਜ਼ੀ ਕਹਾਣੀ ਪੜ੍ਹ ਲਓ, ਉਹੀ ਕਿਸੇ ਨਾ ਕਿਸੇ ਅਜਿਹੇ ਮਾਨਸਿਕ ਪੱਖ ਨੂੰ ਉਜਾਗਰ ਕਰਦੀ ਹੈ ਜਿਹੜਾ ਅੱਗੋਂ ਹੋਰ ਕਈ ਕੁਝ ਨੂੰ ਪ੍ਰਭਾਵਤ ਕਰਦਾ ਹੈ। ‘ਡੱਗੀ’ ਦੀ ਪਹਿਲੀ ਕਹਾਣੀ ਹੈ ‘ਘੁੰਮਣ ਘੇਰ’ ਜਿਸ ਵਿਚਲੀ ਡਿੰਪਲ ਨਾਂ ਦੀ ਕੁੜੀ ਨਾਲ ਉਸ ਦਾ ਜਗਜੀਤ ਨਾਂ ਦਾ ਮਾਸੜ ਗ਼ਲਤ ਹਰਕਤ ਕਰਦਾ ਹੈ। ਉਸ ਨੂੰ ‘ਰਾਣੀ ਬਣਾ ਕੇ ਰੱਖਣ’ ਦਾ ਝਾਂਸਾ ਦਿੰਦਾ ਹੈ। ਪਰ ਕੁੜੀ ਨੂੰ ਇਹ ਸਭ ਕੁਝ ਬਰਦਾਸ਼ਤ ਨਹੀਂ। ਪਰ ਮਾਸੜ ਅੱਗੋਂ ਮਾਸੀ ਰਾਹੀਂ ‘ਚੋਰ ਨਾਲੇ ਚਤਰ’ ਵਾਲਾ ਕਾਰਜ ਕਰਦਾ ਹੈ। ਇਹ ਕਹਾਣੀ ਦਰਅਸਲ ਵਿਦੇਸ਼ ਵਿਚ ਲੋੜ ਵੇਲੇ ਆਪਣੇ ਲਹੂਆਂ ਦੇ ਚਿੱਟੇ ਹੋ ਜਾਣ ਦੀ, ਆਪਣੇ ਰਿਸ਼ਤੇਦਾਰਾਂ ਦੇ ਮੁੱਖ ਮੋੜ ਜਾਣ ਦੀ ਬੜੀ ਦੁਖਾਂਤ ਭਰੀ ਕਹਾਣੀ ਹੈ। ਪਿਓ ਵਰਗਾ ਮਾਸੜ ਜਦੋਂ ਆਪਣੀ ਧੀ ਵਰਗੀ ਭਾਣਜੀ ਨੂੰ ‘ਰਾਣੀ ਬਣਾ ਕੇ’ ਰੱਖਣ ਦੀ ਗੱਲ ਕਰਦਾ ਹੈ ਤਾਂ ਸ਼ਰਮ ਹਯਾ ਦੇ ਸਾਰੇ ਭਾਂਡੇੇ ਭੱਜ ਗਏ ਪ੍ਰਤੀਤ ਹੁੰਦੇ ਹਨ। ਅੱਗੋਂ ਸਮਲਿੰਗੀ ਵਿਆਹ ਦੀ ਵੱਖਰੀ ਸਮੱਸਿਆ ਡਿੰਪਲ ਨਾਂ ਦੇ ਪਾਤਰ ਨੂੰ ਆ ਘੇਰਦੀ ਹੈ। ਇੰਜ ਮਾਸੜ ਨਾਂ ਦੀ ਮਨ ’ਤੇ ਲੱਗੀ ਸੱਟ ਅੱਗੋਂ ਕਈ ਹੋਰ ਦੁੱਖਾਂ ਨੂੰ ਹਾਲਾਤ ਵੱਸ ਜਨਮ ਦਿੰਦੀ ਹੈ। ‘ਸੱਭਿਆਚਾਰ ਦੇ ਰਖਵਾਲੇ’ ਨਾਂ ਦੀ ਕਹਾਣੀ ਮਨੁੱਖ ਦੀ ਆਪਣੇ ਤੇ ਬਗਾਨੇ ਲਈ ਸੋਚ ਦੇ ਵਖਰੇਵੇਂ ਦੀ ਬੜੀ ਵਿਅੰਗਾਤਮਿਕ ਬਾਤ ਪਾਉਦੀ ਹੈ। ‘ਇਕ ਹੋਰ ਸੁੱਚਾ ਸਿੰਘ’ ਵਿਚ ਸੁੱਚਾ ਸਿੰਘ ਰਾਹੀਂ ਦਰਿਆ ਦਿਲੀ/ਖੁੱਲ੍ਹ ਦਿਲੀ ਦੀ ਉੱਤਮ ਉਦਾਹਰਣ ਪੇਸ਼ ਕੀਤੀ ਗਈ ਹੈ। ਇੰਜ ਹੀ ‘ਪੰਜਾਬੀ ਸੂਟ’, ‘ਮੁਹੱਬਤਾਂ’, ‘ਹਾਊਸ ਵਾਈਫ’, ‘ਕਿਤਾਬ ਵਿਚਲੇ ਫੱੁਲ’ ਤੇ ਹੋਰ ਸਾਰੀਆਂ ਕਹਾਣੀਆਂ ਹਰਪ੍ਰੀਤ ਸੇਖਾ ਦੀ ਕਲਮ ਦਾ ਲੋਹਾ ਮਨਵਾਉਦੀਆਂ ਹਨ। ‘ਡੱਗੀ’ ਪੁਸਤਕ ਸਾਰੀ ਦੀ ਸਾਰੀ ਇਕਾਗਰਚਿਤ ਹੋ ਕੇ ਪੜ੍ਹਨ ਵਾਲੀ ਹੈ। ਹਰਪ੍ਰੀਤ ਸੇਖਾ ਦੀ ਪੁਸਤਕ ‘ਟੈਕਸੀਨਾਮਾ’ ਭਾਵੇਂ ਕੈਨੇਡਾ ਵਿਚ ਟੈਕਸੀ ਚਲਾਉਣ ਵਾਲਿਆਂ ਦੀ ਜ਼ਿੰਦਗੀ ਦੇ ਅਨੇਕ ਪੱਖਾਂ ਨੂੰ ਪ੍ਰਪੱਕਤਾ ਨਾਲ ਪੇਸ਼ ਕਰਦੀ ਹੈ। ਪਰ ਇਸ ਵਿਚ ਵੀ ਹਰਪ੍ਰੀਤ ਸੇਖਾ ਦੀ ਕਲਮ ਦਾ ਕਹਾਣੀ ਰਸ ਵਾਲਾ ਗੁਣ ਮੌਜੂਦ ਹੈ। ਹਰਪ੍ਰੀਤ ਸੇਖਾ ਦਾ 198 ਸਫ਼ਿਆਂ ਦਾ ਨਾਵਲ ‘ਹਨ੍ਹੇਰੇ ਰਾਹ’ ਵੀ ਆਦਿ ਤੋਂ ਅੰਤ ਤਕ ਪੜ੍ਹਨ ਵਾਲਾ ਹੈ। ਇਸ ਵਿਚ ਟਰੱਕ ਚਾਲਕ ਵਜੋਂ ਕੈਨੇਡਾ ਦੀ ਪੀ.ਆਰ. ਲੈਣ ਦੀ ਜੱਦੋ ਜਹਿਦ ਨੂੰ ਫੜਨ ਦੀ ਸਫਲ ਕੋਸ਼ਿਸ਼ ਕੀਤੀ ਗਈ ਹੈ।

ਹਰਪ੍ਰੀਤ ਸੇਖਾ ਨਾਲ ਹੋਈ ਸਾਹਿਤਕ ਵਿਚਾਰ-ਵਿਮਰਸ਼ ’ਚੋਂ ਕੁਝ ਅੰਸ਼ ਉਸ ਵੱਲੋਂ ਇਥੇ ਹਾਜ਼ਰ ਹਨ:-

* ਮੈਂ ਸਵੇਰੇ ਉਠਕੇ ਕਹਾਣੀ ਲਿਖਦਾ ਹਾਂ।

* ਕਈ ਵਾਰ ਮੈਨੂੰ ਲਗਦਾ ਹੁੰਦਾ ਹੈ ਕਿ ਅਸਲ ਸਮਾਂ ਉਹੀ ਹੁੰਦਾ ਹੈ ਜਦੋਂ ਸਾਹਿਤ ਸਿਰਜਣਾ ਹੋ ਰਹੀ ਹੋਵੇ। ਆਪਣੀ ਉਸਾਰੀ ਦੁਨੀਆ ਹੁੰਦੀ ਹੈ। ਕਿਸੇ ਦਾ ਦਖ਼ਲ ਨਹੀਂ। ਕਿਸੇ ਦੇ ਕਾਟਵੇਂ ਬੋਲ ਨਹੀਂ। ਕੋਈ ਝਿਜਕ ਨਹੀਂ। ਕਿਸੇ ਨਾਲ ਈਰਖਾ ਨਹੀਂ। ਕਿਸੇ ’ਤੇ ਗਿਲਾ ਨਹੀਂ। ਉਹ ਘੜੀਆਂ ਬਹੁਤ ਸੁਖਾਵੀਆਂ ਹੁੰਦੀਆਂ ਹਨ। ਇਨ੍ਹਾਂ ਘੜੀਆਂ ਨੂੰ ਸਾਡੇ ਵੱਡੇ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਕਰਤਾਰੀ ਪਲ ਆਖਦੇ ਹਨ। ਓਸ਼ੋ ਇਨ੍ਹਾਂ ਘੜੀਆਂ ਨੂੰ ਆਪਣੇ ਪੂਰੇ ਜੀਵਨ ਵਿਚ ਢਾਲਣ ਲਈ ਕਹਿੰਦੇ ਹਨ। …ਮੇਰੀ ਖ਼ੁਸ਼ਕਿਸਮਤੀ ਹੈ ਕਿ ਮੇਰੇ ਕੋਲ ਸਲਾਹ ਦੇਣ ਵਾਲੇ ਸਿਆਣੇ ਮਿੱਤਰਾਂ ਦਾ ਘੇਰਾ ਕਾਫ਼ੀ ਵੱਡਾ ਹੈ।

* ਜਿਹੜੇ ਵਰਤਾਰੇ ਮੈਨੂੰ ਤੰਗ ਕਰਦੇ ਹਨ, ਉਨ੍ਹਾਂ ਬਾਰੇ ਲਿਖਕੇ ਮੈਂ ਰਾਹਤ ਮਹਿਸੂਸ ਕਰਦਾ ਹਾਂ। ਮੈਨੂੰ ਇਹ ਨਹੀਂ ਲਗਦਾ ਕਿ ਕਿਸੇ ਇਕ ਕਹਾਣੀਕਾਰ ਦੀਆਂ ਸਾਰੀਆਂ ਕਹਾਣੀਆਂ ਹੀ ਸ਼ਾਹਕਾਰ ਹਨ ਤੇ ਦੂਜੇ ਦੀਆਂ ਸਾਰੀਆਂ ਹੀ ਸੁੱਟਣ ਵਾਲੀਆਂ। ਮੇਰੇ ਲਈ ਕਹਾਣੀਆਂ ਦੇ ਨਾਂ ਗਿਣਾਉਣੇ ਸੌਖੇ ਹਨ ਲੇਖਕਾਂ ਦੇ ਨਾਂਵਾਂ ਨਾਲੋਂ।

* ਲੇਖਕ ਨੂੰ ਸੰਪਾਦਕ ਦੀ ਲੋੜ ਹੁੰਦੀ ਹੈ, ਜਿਹੜਾ ਉਸ ਦੇ ਲਿਖੇ ਨੂੰ ਛਾਂਟ ਸਕੇ। ਪੰਜਾਬੀ ਵਿਚ ਇਹ ਨਹੀਂ ਹਨ। ਲੇਖਕ ਸਭਾਵਾਂ ਰਾਹੀਂ ਇਹ ਕੰਮ ਹੋ ਸਕਦਾ ਹੈ। ਮੈਂ ਆਪਣੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ ਪੰਜਾਬੀ ਲੇਖਕ ਮੰਚ ਦੀਆਂ ਬੈਠਕਾਂ ਵਿਚ ਪੜ੍ਹਕੇ ਸੋਧਿਆ ਹੈ। ਉਥੇ ਬਹੁਤ ਉਸਾਰੂ ਬਹਿਸ ਹੁੰਦੀ ਸੀ।

* ਲੇਖਕ ਨੂੰ ਸਮਝਣਾ ਪਵੇਗਾ ਕਿ ਉਹ ਲਿਖਦਾ ਕਿਉ ਹੈ। ਜੇ ਅਸੀਂ ਕਿਸੇ ਲੇਖਕ ਦੀਆਂ ਗਤੀਵਿਧੀਆਂ ਵੱਲ ਥੋੜ੍ਹਾ ਜਿਹਾ ਧਿਆਨ ਦੇਈਏ ਤਾਂ ਸਾਨੂੰ ਪਤਾ ਲਗ ਜਾਵੇਗਾ ਕਿ ਇਹ ਲੇਖਕ ਲਿਖਦਾ ਕਿਉ ਹੈ। ਅਸੀਂ ਪਹੁੰਚਣਾ ਕਿੱਥੇ ਹੈ? ਦੌੜ ਕਿਸ ਗੱਲ ਦੀ ਲੱਗੀ ਹੋਈ ਹੈ? …ਅਸੀਂ ਕੋਈ ਗਾਇਕ ਜਾਂ ਕਮਰਸ਼ੀਅਲ ਫਿਲਮਾਂ ਵਾਲੇ ਨਹੀਂ ਕਿ ਸਾਡੇ ਗੀਤ ਜਾਂ ਫਿਲਮ ਚੱਲੇ ਅਤੇ ਅਸੀਂ ਕਮਾਈ ਕਰੀਏ। ਲੇਖਕ ਆਪਣੇ ਉੱਪਰ ਕਿਤਾਬਾਂ ਲਿਖਵਾ ਰਹੇ ਹਨ। ਅਭਿਨੰਦਨ ਗ੍ਰੰਥ ਛਪਵਾ ਰਹੇ ਹਨ। ਲਿਖਣ ਵਾਲੇ ਸਵਾਲ ਕਰਨ ਦੀ ਥਾਂ ਲਿਹਾਜਾਂ ਪੂਰਨ ਲਈ ਲਿਖੀ ਜਾਂਦੇ ਹਨ। ਗੰਭੀਰ ਸਾਹਿਤਕਾਰ ਦਾ ਇਹ ਕੰਮ ਨਹੀਂ। ਕਰਤਾਰੀ ਪਲਾਂ ਦਾ ਆਨੰਦ ਕਿਤੇ ਥੋੜ੍ਹਾ ਇਨਾਮ ਹੈ? ਪੰਜਾਬੀ ’ਚ ਇਨਾਮ ਬਦਨਾਮ ਹੋ ਗਏ ਹਨ। ਹੁਣ ਹਾਲਾਤ ਇਹ ਹੈ ਕਿ ਜਿਸ ਨੂੰ ਇਨਾਮ ਮਿਲਦਾ ਹੈ ਉਹ ਕਹਿੰਦਾ ਹੈ ਕਿ ਉਸ ਨੂੰ ਸਹੀ ਮਿਲਿਆ ਹੈ, ਬਾਕੀਆਂ ਨੇ ਜੁਗਾੜ ਨਾਲ ਲਿਆ ਹੈ। ਧੜੇਬੰਦੀਆਂ ਬਹੁਤ ਨੁਕਸਾਨਦਾਇਕ ਹਨ।

* ਮੇਰੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਲਿਖਣ ਨਾਲੋਂ ਵੀ। ਪੜ੍ਹਦਿਆਂ ਆਪਣੇ ਨਾਲੋਂ ਜ਼ਿਆਦਾ ਸੂਝਵਾਨ ਲੇਖਕਾਂ ਤੋਂ ਬਹੁਤ ਕੁਝ ਨਵਾਂ ਸਿੱਖਣ ਲਈ ਮਿਲਦਾ ਹੈ।

ਨਿਰਸੰਦੇਹ ਹਰਪ੍ਰੀਤ ਸੇਖਾ ਦੀ ਹਰ ਗੱਲ ਧਿਆਨ ਦੀ ਮੰਗ ਕਰਦੀ ਹੈ। ਉਸ ਦੀਆਂ ਗਲਪ ਰਚਨਾਵਾਂ ਮਨੁੱਖੀ ਮਨ-ਮਸਤਕ ਦੀ ਅੰਤਰੀਵਤਾ ਨੂੰ ਸਮਝਣ ਲਈ ਪੜ੍ਹਨੀਆਂ ਬਹੁਤ ਜ਼ਰੂਰੀ ਹਨ।

***
584
***
ਹਰਮੀਤ ਸਿੰਘ ਅਟਵਾਲ