ਰੂਹਾਨੀਅਤ ਗਿਆਨ ਅਤੇ ਬੌਧਿਕ ਗਿਆਨ ’ਚ ਅੰਤਰ ਹੁੰਦਾ ਹੈ। ਬੌਧਿਕ ਗਿਆਨ ਦਾ ਸੰਬੰਧ ਬੁੱਧੀ ਨਾਲ਼ ਹੈ ਅਤੇ ਤਰਕ ਆਧਾਰਿਤ ਹੈ ਕਿਉਂਕਿ ਇਸ ਦਾ ਸ੍ਰੋਤ; ਪੰਜ ਗਿਆਨ ਇੰਦ੍ਰੇ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਹੁੰਦੇ ਹਨ ਜਦਕਿ ਰੂਹਾਨੀਅਤ ਗਿਆਨ; ਇੱਕ ਅਨੁਭਵ ਹੈ, ਜੋ ਵਿਸ਼ਵਾਸ ਆਧਾਰਿਤ ਹੈ। ਰੂਹਾਨੀਅਤ ਗਿਆਨ ਨੂੰ ਸਮਝਾਉਣ ਲਈ ਬੌਧਿਕ ਗਿਆਨ ਦੀ ਮਿਸਾਲ ਦਿੱਤੀ ਜਾ ਸਕਦੀ ਹੈ, ਪਰ ਬੌਧਿਕ ਗਿਆਨ ਲਈ ਰੂਹਾਨੀਅਤ ਗਿਆਨ ਦੀ ਮਿਸਾਲ ਨਹੀਂ ਦਿੱਤੀ ਜਾਂਦੀ ਕਿਉਂਕਿ ਹਰ ਕੋਈ ਬੌਧਿਕ ਗਿਆਨ ਤੋਂ ਜਾਣੂ ਹੁੰਦੈ; ਰੂਹਾਨੀਅਤ ਗਿਆਨ ਤੋਂ ਨਹੀਂ। ਬੌਧਿਕ ਗਿਆਨ ਦਾ ਭੀ ਆਪਣਾ ਅਨੁਭਵ ਹੈ; ਪਰ ਰੂਹਾਨੀਅਤ ਗਿਆਨ ਵਾਙ ਇਹ ਵਿਸ਼ਾਲ ਨਹੀਂ ਹੁੰਦਾ; ਜਿਵੇਂ ਬੌਧਿਕ ਗਿਆਨ ਰਾਹੀਂ ਬਣਿਆ ਡਾਕਟਰ; ਇੰਜੀਨੀਅਰ ਨਹੀਂ ਹੁੰਦਾ ਅਤੇ ਇੰਜੀਨੀਅਰ; ਤਾਰਾ ਮੰਡਲ ਬਾਰੇ ਨਹੀਂ ਜਾਣਦਾ, ਪਰ ਰੂਹਾਨੀਅਤ ਅਨੁਭਵ ਨੇ ਗੁਰੂ ਨਾਨਕ ਜੀ ਨੂੰ ਡਾਕਟਰ ਭੀ ਸਾਬਤ ਕੀਤਾ, ਤਾਰਾ ਵਿਗਿਆਨੀ ਭੀ। ਸਰੀਰ ਅਤੇ ਬ੍ਰਹਿਮੰਡ ਦੀ ਖੋਜ ਕਰਦਿਆਂ ਉਨ੍ਹਾਂ ਨੇ ਨਿਰਾਕਾਰੀ ਵਜੂਦ ਤੱਕ ਪ੍ਰਗਟ ਕਰ ਦਿੱਤਾ ਕਿਉਂਕਿ ਰੂਹਾਨੀਅਤ ਅਨੁਭਵ ਦਾ ਸ੍ਰੋਤ, ਪੰਜ ਗਿਆਨ ਇੰਦ੍ਰੇ ਨਹੀਂ; ਆਤਮ ਪ੍ਰਕਾਸ਼ ਹੈ, ਧਰਮ ਹੈ, ਕਣ-ਕਣ ’ਚ ਮੌਜੂਦ ਰੱਬੀ ਸ਼ਕਤੀ ਹੈ। ਰੂਹਾਨੀਅਤ ਦਾ ਅੱਖਰੀ ਅਰਥ ਭੀ ਰੂਹ (ਆਤਮਾ, ਜ਼ਿੰਦ) ਨੂੰ ਪ੍ਰਫੁਲਿਤ ਕਰਨਾ ਹੈ। ਰੂਹ ਨੂੰ ਵੇਖਣਾ ਹੈ। ਰੂਹ ਵਰਗਾ ਨਿਰਮਲ ਨਜ਼ਰੀਆ ਕਰਨਾ ਹੈ। ਰੂਹਾਨੀਅਤ ਅਨੁਭਵ ਦੀ ਵਿਸ਼ਾਲਤਾ; ਸ੍ਰਿਸ਼ਟੀ ਦੀ ਅਰੰਭਤਾ ਯਾਨੀ ਕਿ ਪੂਰਵ ਕਾਲ ‘‘ਅਰਬਦ ਨਰਬਦ ਧੁੰਧੂਕਾਰਾ ॥ ਧਰਣਿ (ਧਰਤੀ) ਨ ਗਗਨਾ (ਅਕਾਸ਼); ਹੁਕਮੁ ਅਪਾਰਾ ॥ ਨਾ ਦਿਨੁ ਰੈਨਿ (ਰਾਤ), ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥’’ (ਮਹਲਾ ੧/੧੦੩੫) ਤੋਂ ਲੈ ਕੇ ਸ੍ਰਿਸ਼ਟੀ ਦੇ ਅੰਤ ਯਾਨੀ ਕਿ ਕਿਆਮਤ ਵਾਪਰਨ ਤੋਂ ਬਾਅਦ ’ਚ ਭੀ ਕਾਇਮ ਰੱਬੀ ਵਜੂਦ ‘‘ਨਾਨਕ ! ਹੋਸੀ ਭੀ ਸਚੁ ॥੧॥’’ ਤੱਕ ਹੈ ਤਾਹੀਓਂ ਇਸ ਨੂੰ ਵਿਸ਼ਵਾਸ ਆਧਾਰਿਤ ਗਿਆਨ ਕਿਹਾ, ਜਿਸ ’ਤੇ ਯਕੀਨ ਬਣਾਨ ਲਈ ਅਰਦਾਸ ਕਰਦਿਆਂ ‘ਭਰੋਸਾ ਦਾਨ’ ਮੰਗੀਦਾ ਹੈ। ਰੂਹਾਨੀਅਤ ਦੀ ਇਸ ਵਿਸ਼ਾਲਤਾ ਉੱਤੇ ਬੌਧਿਕ ਗਿਆਨ ਤੱਕ ਸੀਮਤ ਬੰਦਾ; ਬਿਲਕੁਲ ਭਰੋਸਾ ਨਹੀਂ ਕਰ ਸਕਦਾ ਭਾਵੇਂ ਕਿ ਰੂਹਾਨੀਅਤ ਅਨੁਭਵ ’ਚੋਂ ਪ੍ਰਗਟਿਆ ਗਿਆਨ ਹੀ ਸਤਿਗੁਰੂ ਦੀ ਸੋਚ ਹੈ, ਗੁਰਮਤਿ ਹੈ। ਗੁਰਬਾਣੀ ’ਚੋਂ ਬੌਧਿਕ ਗਿਆਨ ਅਤੇ ਰੂਹਾਨੀਅਤ ਗਿਆਨ ਦਾ ਅੰਤਰ ਜਾਣਨਾ; ਇਸ ਹਥਲੇ ਲੇਖ ਦਾ ਵਿਸ਼ਾ ਹੈ। (2). ਜਪੁ ਜੀ ਸਾਹਿਬ ਦੀਆਂ ਕੁੱਲ 38 ਪਉੜੀਆਂ ਹਨ। ਅਖੀਰਲੀਆਂ 4 ਪਉੜੀਆਂ (34ਵੀਂ, 35ਵੀਂ, 36ਵੀਂ, 37ਵੀਂ) ’ਚ ਰੂਹਾਨੀਅਤ ਨੂੰ 5 ਭਾਗਾਂ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਅਤੇ ਸਚਖੰਡ) ’ਚ ਵੰਡਿਆ ਹੈ। ਅੰਤਮ 2 ਭਾਗ ਯਾਨੀ ਕਿ ਕਰਮਖੰਡ/ਸਚਖੰਡ ਇੱਕੋ 37ਵੀਂ ਪਉੜੀ ’ਚ ਹਨ। ਕਰਮਖੰਡ ਯਾਨੀ ਕਿ ਰੱਬੀ ਮਿਹਰ ਭਰਪੂਰ ਅਵਸਥਾ; ਨਿਰਾਕਾਰੀ ਨਿਵਾਸ-ਸਥਾਨ ਦਾ ਬੂਹਾ ਹੈ ਅਤੇ ਸਚਖੰਡ; ਨਿਰਾਕਾਰ ਦਾ ਨਿਵਾਸ ਸਥਾਨ ਹੈ, ਰੱਬ ਦਾ ਘਰ ਹੈ। ਇਸ ਨੂੰ ‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ (ਕੇ) ਸਰਬ ਸਮਾਲੇ ॥’’ (ਜਪੁ) ਭੀ ਕਿਹਾ ਹੈ ਭਾਵ ਕਰਮਖੰਡ ਹੀ ‘ਸੋ ਦਰੁ’ ਅਤੇ ਸਚਖੰਡ ਹੀ ‘ਸੋ ਘਰੁ’ ਹੈ। |