ਪੁਸਤਕ ਰੀਵਿਊ:
ਪੁਸਤਕ ਦਾ ਨਾਮ- ਮਹਾਨ ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਸਢੌਰਾ
ਲੇਖਕ- ਮਾਸਟਰ ਲਛਮਣ ਸਿੰਘ ਰਠੌਰ
ਪ੍ਰਕਾਸ਼ਕ- ਸਿੱਖ ਲਿਟਰੇਰੀ ਐਂਡ ਕਲਚਰਲ ਸਟਾਲ, ਯੂ.ਕੇ
ਛਪਣਵਰ੍ਹਾ- 2020
ਕੀਮਤ- $ 10, $ 15, 250 ਰੁ.
ਪੰਨੇ- 256
ਰੀਵੀਊਕਾਰ: ਡਾ. ਸਰਬਜੀਤ ਕੌਰ ਸੰਧਾਵਾਲੀਆ
ਰੂਹਾਨੀ ਇਸ਼ਕ ਪੀਰਾਂ ਫਕੀਰਾਂ ਦਾ ਮਰਤਬਾ ਹੈ ਆਪਣੇ ਪਿਆਰੇ ਤੋਂ ਫਨਾਹ ਹੋ ਜਾਣ ਦਾ ਨਾਂ ਇਸ਼ਕ ਹੈ। ਇਸਦੀ ਕੀਮਤ ਜਾਨ ਵਾਰ ਕੇ ਅਦਾ ਕੀਤੀ ਜਾਂਦੀ ਹੈ। ਆਸ਼ਕੀ ਵਿੱਚ ਮਜ਼੍ਹਬਾਂ ਦੀਆਂ ਦੀਵਾਰਾਂ ਵੀ ਟੁੱਟ ਜਾਂਦੀਆਂ ਹਨ। ਇਸ਼ਕ ਦਾ ਨਸ਼ਾ ਸਾਰੇ ਸਰੂਰਾਂ ਨੂੰ ਮਾਤ ਪਾ ਦਿੰਦਾ ਹੈ। ਪੀਰ ਬੁੱਧੂ ਸ਼ਾਹ ਜੀ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਹੱਬਤ ਦਾ ਜ਼ਾਹਿਰਾ ਤਸਵੀਰ ਸਨ। ਉਨ੍ਹਾਂ ਨੇ ਮਹਾਰਾਜ ਜੀ ਦੇ ਇਲਾਹੀ ਨੂਰ ਨੂੰ ਪਛਾਣਿਆ, ਪਿਆਰਿਆ, ਸਤਿਕਾਰਿਆ ਅਤੇ ਆਪਣਾ ਸਭ ਕੁੱਝ ਨਿਛਾਵਰ ਕਰ ਕੇ ਮਾਣਮੱਤਾ ਇਤਿਹਾਸ ਸਿਰਜਿਆ। ਇਸ ਪੁਸਤਕ ਵਿੱਚ ਇਸ ਮਹਾਨ ਸਖਸ਼ੀਅਤ ਦੇ ਵਿਲੱਖਣ ਕਾਰਨਾਮਿਆਂ, ਕੁਰਬਾਨੀਆਂ ਅਤੇ ਸੁਰਤ ਦੀਆਂ ਉਡਾਰੀਆਂ ਨੂੰ ਉਜਾਗਰ ਕੀਤਾ ਗਿਆ ਹੈ। ਸੂਝਵਾਨ ਲਿਖਾਰੀ ਨੇ ਸਿੱਧ ਕੀਤਾ ਹੈ ਕਿ ਸੱਚੇ ਆਸ਼ਕਾਂ ਨੂੰ ਕੋਈ ਦਰਦ, ਕੋਈ ਮੁਸੀਬਤ, ਕੋਈ ਜ਼ੁਲਮ, ਕੋਈ ਦਬਾਅ ਜਾਂ ਕੋਈ ਸੰਕਟ ਆਪਣੇ ਨਿਸ਼ਾਨੇ ਤੋਂ ਥਿੜਕਾ ਨਹੀਂ ਸਕਦਾ। ਇਹੋ ਜਿਹੇ ਪਰਵਾਨੇ ਸਦਾ ਹੀ ਆਪਣੇ ਪਿਆਰੇ ਤੋਂ ਬਿੰਦ-ਬਿੰਦ ਚੁਖ ਚੁਖ ਹੁੰਦੇ ਹੋਏ ਮਰ ਮਿਟਦੇ ਹਨ। ਪੁਸਤਕ ਦੇ ਵਰਕੇ ਪੀਰ ਜੀ ਦੀ ਬੀਰਤਾ, ਪਵਿੱਤਰਤਾ, ਰੌਸ਼ਨ ਦਿਮਾਗ਼ੀ, ਸੂਝ ਬੂਝ ਅਤੇ ਸਮਰਪਣ ਨਾਲ ਸ਼ਿੰਗਾਰੇ ਹੋਏ ਹਨ।
ਇਸ਼ਕ ਦੀਆਂ ਬੁਲੰਦੀਆਂ ਨੂੰ ਸਰ ਕਰਨ ਵਾਲੇ ਪੀਰ ਬੁੱਧੂ ਸ਼ਾਹ ਜੀ ਸਤਿਕਾਰਯੋਗ ਸੱਯਦ ਘਰਾਣੇ ਨਾਲ ਸੰਬੰਧ ਰੱਖਦੇ ਸਨ। ਉਹ ਖ਼ੁਦਾਪ੍ਰਸਤ, ਨੇਕ ਦਿਲ, ਹਰਮਨ ਪਿਆਰੇ ਪੀਰ ਸਨ। ਸੂਫ਼ੀ ਫ਼ਕੀਰ ਹੋਣ ਕਰਕੇ ਉਨ੍ਹਾਂ ਵਿੱਚ ਰਹੱਸਵਾਦ ਦੀਆਂ ਵਿਸਮਾਦੀ ਝਲਕਾਂ ਖ਼ੁਦਾ ਅਤੇ ਉਸਦੀ ਖ਼ੁਦਾਈ ਪ੍ਰਤੀ ਮੁਹੱਬਤ ਅਤੇ ਰੱਬੀ ਰਜ਼ਾ ਵਿੱਚ ਰਾਜ਼ੀ ਰਹਿਣ ਦੀਆਂ ਖੂਬੀਆਂ ਸਨ। ਉਨ੍ਹਾਂ ਦੇ ਦਿਲ ਵਿੱਚ ਸਾਰੀ ਮਨੁੱਖਤਾ ਦਾ ਦਰਦ ਸੀ। ਉਨ੍ਹਾਂ ਨੇ ਹਿੰਦੂ ਅਤੇ ਮੁਸਲਮਾਨਾਂ ਲਈ ਵੱਖੋ-ਵੱਖਰੇ ਲੰਗਰ ਚਲਾਏ ਹੋਏ ਸਨ। ਉਨ੍ਹਾਂ ਦੇ ਹਜ਼ਾਰਾਂ ਮੁਰੀਦ ਸਨ। ਉਨ੍ਹਾਂ ਦੇ ਸੀਨੇ ਵਿੱਚ ਕਾਮਲ ਮੁਰਸ਼ਿਦ ਦੇ ਮਿਲਾਪ ਦੀ ਤੜਪ ਸੀ। ਪਹਿਲੀ ਵੇਰ ਪੀਰ ਜੀ ਨੇ ਪਾਉਂਟਾ ਸਾਹਿਬ ਜਾ ਕੇ ਸ੍ਰੀ ਦਸਮੇਸ਼ ਜੀ ਦੇ ਨੂਰਾਨੀ ਦੀਦਾਰੇ ਕੀਤੇ ਤਾਂ ਸਦਾ ਲਈ ਸਮਰਪਿਤ ਹੋ ਗਏ। ਫਿਰ ਉਹ ਅਕਸਰ ਸ੍ਰੀ ਕਲਗੀਧਰ ਜੀ ਦੇ ਦਰਸ਼ਨਾਂ ਨੂੰ ਜਾਣ ਲੱਗੇ ਅਤੇ ਰੂਹਾਨੀਅਤ ਦੇ ਭੇਤ ਉਜਾਗਰ ਹੋਣ ਲੱਗੇ। ਔਰਗਜ਼ੇਬ ਨੇ ਪੰਜ ਸੌ ਪਠਾਣ ਆਪਣੀ ਫ਼ੌਜ ਵਿੱਚੋਂ ਕੱਢ ਦਿੱਤੇ ਅਤੇ ਹੁਕਮ ਕੀਤਾ ਕਿ ਕੋਈ ਵੀ ਇਨ੍ਹਾਂ ਨੂੰ ਨੌਕਰੀ ਨਾ ਦੇਵੇ। ਉਨ੍ਹਾਂ ਨੇ ਪੀਰ ਬੁੱਧੂ ਸ਼ਾਹ ਕੋਲ ਜਾ ਕੇ ਫ਼ਰਿਆਦ ਕੀਤੀ। ਤਰਸ ਖਾ ਕੇ ਪੀਰ ਜੀ ਨੇ ਉਨ੍ਹਾਂ ਨੂੰ ਸ੍ਰੀ ਦਸਮੇਸ਼ ਪਾਤਸ਼ਾਹ ਜੀ ਕੋਲ ਭਰਤੀ ਕਰਾ ਦਿੱਤਾ। ਪਰ ਭੰਗਾਣੀ ਦੇ ਯੁੱਧ ਵਿੱਚ ਪਠਾਣ ਸਤਿਗੁਰੂ ਜੀ ਨੂੰ ਦਗ਼ਾ ਦੇ ਕੇ ਪਹਾੜੀ ਸੈਨਾ ਨਾਲ ਜਾ ਮਿਲੇ। ਇਹ ਖ਼ਬਰ ਮਿਲਦਿਆਂ ਹੀ ਪੀਰ ਜੀ ਆਪਣੇ ਸੱਤ ਸੌ ਮੁਰੀਦਾਂ, ਪਿਤਾ, ਭਰਾਵਾਂ ਅਤੇ ਪੁੱਤਰਾਂ ਸਮੇਤ ਜੰਗ ਦੇ ਮੈਦਾਨ ਵਿੱਚ ਕੁੱਦ ਪਏ। ਬਹਾਦਰੀ ਨਾਲ ਲੜਦਿਆਂ ਹੋਇਆਂ ਇਸ ਜੰਗ ਵਿੱਚ ਪੀਰ ਜੀ ਦੇ ਪਿਤਾ ਗੁਲਾਮ ਸ਼ਾਹ, ਪੁੱਤਰ ਮੁਹੰਮਦ ਸ਼ਾਹ, ਪੁੱਤਰ ਅਸ਼ਰਫ ਅਤੇ ਬਹੁਤ ਸਾਰੇ ਮੁਰੀਦ ਸ਼ਹੀਦ ਹੋ ਗਏ। ਜੰਗ ਜਿੱਤਣ ਉਪਰੰਤ ਦਸਵੇਂ ਪਾਤਸ਼ਾਹ ਜੀ ਨੇ ਪੀਰ ਜਾ ਦਾ ਬਹੁਤ ਸਨਮਾਨ ਕੀਤਾ ਅਤੇ ਪੀਰ ਜੀ ਦੀ ਮੰਗ ਅਨੁਸਾਰ ਆਪਣੇ ਪਾਵਨ ਕੇਸਾਂ ਸਮੇਤ ਕੰਘੇ, ਦਸਤਾਰ, ਛੋਟੀ ਕਿ੍ਰਪਾਨ ਅਤੇ ਹੁਕਮਨਾਮਾ ਸਾਹਿਬ ਬਖ਼ਸ਼ ਕੇ ਨਿਵਾਜ਼ਿਆ। ਪੀਰ ਜੀ ਨੇ ਸ੍ਰੀ ਕਲਗੀਧਰ ਜੀ ਵੱਲੋਂ ਪ੍ਰਾਪਤ ਹੋਈਆਂ ਪਵਿੱਤਰ ਨਿਸ਼ਾਨੀਆਂ ਨੂੰ ਸੁੰਦਰ ਰੁਮਾਲਿਆਂ ਵਿੱਚ ਲਪੇਟ ਕੇ ਅਤੇ ਇੱਕ ਸੰਦੂਕ ਵਿੱਚ ਬੰਦ ਕਰਕੇ ਦੀਵਾਰ ਵਿੱਚ ਚਿਣਵਾ ਦਿੱਤਾ ਤਾਂ ਜੁ ਉਹ ਸੁਰੱਖਿਅਤ ਰਹਿਣ। ਮੁਗ਼ਲ ਹਕੂਮਤ ਵੱਲੋਂ ਪੀਰ ਜੀ ਦੀ ਜੱਦੀ ਜਾਇਦਾਦ ਜ਼ਬਤ ਕਰ ਲਈ ਗਈ। ਉਨ੍ਹਾਂ ਦੀ ਬੇਗ਼ਮ ਨਸੀਰਾਂ ਵੀ ਤਿਆਗ ਅਤੇ ਕੁਰਬਾਨੀ ਦੀ ਮੂਰਤੀ ਸੀ। ਉਸਦਾ ਭਰਾ ਸੈਦ ਖ਼ਾਂ ਔਰੰਗਜ਼ੇਬ ਦੀ ਫ਼ੌਜ ਦਾ ਜਰਨੈਲ ਸੀ। ਉਹ ਸ੍ਰੀ ਦਸਮੇਸ਼ ਜੀ ’ਤੇ ਚੜ੍ਹ ਕੇ ਆਇਆ ਪਰ ਆਪਣੀ ਭੈਣ ਦੀ ਪ੍ਰੇਰਨਾ ਅਤੇ ਗੁਰੂ ਸਾਹਿਬ ਜੀ ਦੀ ਰੂਹਾਨੀ ਸ਼ਕਤੀ ਕਾਰਣ ਸ੍ਰੀ ਦਸਮੇਸ਼ ਜੀ ਨੂੰ ਨਤਮਸਤਕ ਹੋ ਗਿਆ। ਉਹ ਸੱਚੇ ਦਿਲੋਂ ਮਹਾਰਾਜ ਜੀ ਦਾ ਮੁਰੀਦ ਬਣ ਗਿਆ।
ਸ੍ਰੀ ਦਸਮੇਸ਼ ਜੀ ਪ੍ਰਤੀ ਅਥਾਹ ਸਿਦਕ, ਭਾਵਨਾ, ਸਮਰਪਣ ਅਤੇ ਪ੍ਰੇਮ ਨਾਲ ਰੱਤੇ ਹੋਏ ਪੀਰ ਜੀ ਔਰੰਗਜ਼ੇਬ ਦੀਆਂ ਨਜ਼ਰਾਂ ਵਿੱਚ ਰੜਕਣ ਲੱਗੇ। ਜਦੋਂ ਪਾਤਸ਼ਾਹ ਜੀ ਆਪਣਾ ਸਰਬੰਸ ਕੁਰਬਾਨ ਕਰਕੇ ਦੀਨਾ ਕਾਂਗੜ ਪੁੱਜੇ ਹੋਏ ਸਨ। ਪੀਰ ਜੀ ਦੀਆਂ ਅੰਦਰੂਨੀ ਅਰਦਾਸਾਂ ਸੁਣਕੇ ਮਹਾਰਾਜ ਜੀ ਉਨ੍ਹਾਂ ਨੂੰ ਦਰਸ਼ਨ ਦੇਣ ਲਈ ਸਢੌਰੇ ਪਹੁੰਚੇ। ਸਢੌਰੇ ਦਾ ਦਰੋਗਾ ਉਸਮਾਨ ਖ਼ਾਨ ਬਹੁਤ ਜ਼ਾਲਮ ਸੀ। ਉਸਨੂੰ ਸੂਹ ਮਿਲੀ ਤਾਂ ਉਸਨੇ ਪੀਰ ਜੀ ਨੂੰ ਕਿਹਾ ਕਿ ਮਹਾਰਾਜ ਜੀ ਨੂੰ ਮੇਰੇ ਹਵਾਲੇ ਕਰ ਦਿਉ ਨਹੀਂ ਤਾਂ ਮੈਂ ਫ਼ੌਜੀ ਹਮਲਾ ਕਰ ਕੇ ਉਨ੍ਹਾਂ ਨੂੰ ਫੜ ਲਵਾਂਗਾ। ਪੀਰ ਜੀ ਦੇ ਪੁੱਤਰ ਮੁਹੰਮਦ ਬਖ਼ਸ਼ ਨੇ ਸਤਿਗੁਰੂ ਜੀ ਤੋਂ ਜਾਨ ਵਾਰਨ ਦਾ ਫ਼ੈਸਲਾ ਕਰ ਲਿਆ। ਆਪਣੇ ਮਾਤਾ-ਪਿਤਾ ਨਾਲ ਸਲਾਹ ਕਰ ਕੇ ਉਸਮਾਨ ਖ਼ਾਨ ਨੂੰ ਕਹਿ ਦਿੱਤਾ ਗਿਆ ਕਿ ਅਸੀਂ ਆਪ ਹੀ ਦਸਵੇਂ ਪਾਤਸ਼ਾਹ ਜੀ ਦਾ ਖੂਨ ਕਰਕੇ ਤੁਹਾਨੂੰ ਉਨ੍ਹਾਂ ਦੇ ਖੂਨ ਦੀ ਬੋਤਲ ਦੇ ਦਿਆਂਗੇ। ਫਿਰ ਉਨ੍ਹਾਂ ਨੇ ਮਹਾਰਾਜ ਜੀ ਨੂੰ ਸੁਰੱਖਿਅਤ ਵਿਦਾ ਕਰਕੇ ਇਕ ਅਲੋਕਾਰ ਕੁਰਬਾਨੀ ਦਿੱਤੀ। ਪੀਰ ਜੀ ਦੇ ਸਪੁੱਤਰ ਨੇ ਆਪਣਾ ਗਲ਼ਾ ਕੱਟ ਕੇ ਸ਼ਹਾਦਤ ਦੇ ਦਿੱਤੀ। ਉਸਮਾਨ ਖ਼ਾਨ ਖੂਨ ਦੀ ਬੋਤਲ ਲੈ ਕੇ ਖੁਸ਼ੀ-ਖੁਸ਼ੀ ਦਿੱਲੀ ਗਿਆ ਪਰ ਪਤਾ ਲੱਗ ਗਿਆ ਕਿ ਇਹ ਖੂਨ ਸ੍ਰੀ ਦਸਮੇਸ਼ ਜੀ ਦਾ ਨਹੀਂ ਹੈ। ਕਰੋਧ ਅਤੇ ਨਫ਼ਰਤ ਦੀ ਅੱਗ ਵਿੱਚ ਸੜ ਕੇ ਉਸਮਾਨ ਖ਼ਾਨ ਨੇ ਪੀਰ ਜੀ ਨੂੰ ਫੜ ਕੇ, ਪੁਰਜਾ ਪੁਰਜਾ ਕੱਟ ਕੇ ਸ਼ਹੀਦ ਕਰ ਦਿੱਤਾ। ਉਨ੍ਹਾਂ ਦੀ ਬੇਗ਼ਮ ਅਤੇ ਛੋਟੇ ਪੁੱਤਰ ਨੂੰ ਵੀ ਮਾਰ ਦਿੱਤਾ ਗਿਆ। ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਤੋਰਿਆ ਤਾਂ ਹੁਕਮ ਕੀਤਾ ਕਿ ਸਭ ਤੋਂ ਪਹਿਲਾਂ ਸਾਡੇ ਪਿਆਰੇ ਪੀਰ ਜੀ ਦੀ ਕੁਰਬਾਨੀ ਦਾ ਬਦਲਾ ਲੈਣਾ ਹੈ। ਬੰਦਾ ਸਿੰਘ ਜੀ ਨੇ ਸਢੌਰੇ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਉਸਮਾਨ ਖ਼ਾਨ ਨੂੰ ਪੁੱਠਾ ਟੰਗ ਕੇ ਮਾਰਿਆ। ਪੀਰ ਜੀ ਦੀ ਹਵੇਲੀ ਵਿੱਚ ਗੁਰੂ ਘਰ ਕਾਇਮ ਕਰਕੇ ਪ੍ਰਕਾਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ, ਨਿਸ਼ਾਨ ਸਾਹਿਬ ਝੁਲਾਏ।
ਸੂਝਵਾਨ ਲੇਖਕ ਨੇ ਜਿੱਥੇ ਪੀਰ ਜੀ ਦੀ ਬੇਮਿਸਾਲ ਕੁਰਬਾਨੀ, ਉੱਚੀ ਸੁਰਤਿ ਅਤੇ ਇਲਾਹੀ ਪ੍ਰੀਤ ਨੂੰ ਬਹੁਤ ਭਾਵਪੂਰਤ ਢੰਗ ਨਾਲ ਵਰਨਣ ਕੀਤਾ ਹੈ, ਉੱਥੇ ਹੀ ਗੁਰੂ ਇਤਿਹਾਸ ਸੂਫ਼ੀਮੱਤ ਅਤੇ ਸਮੇਂ ਦੀ ਵਹਿਸ਼ੀ ਹਕੂਮਤ ਬਾਰੇ ਵੀ ਚਾਨਣਾ ਪਾਇਆ ਹੈ। ਪੁਸਤਕ ਦਾ ਟਾਈਟਲ, ਕਾਗਜ਼, ਜਿਲਦ, ਛਪਾਈ ਵੀ ਬਹੁਤ ਸੁੰਦਰ ਹੈ। ਇਸ ਉੱਚ ਮਿਆਰੀ ਪੁਸਤਕ ਲਈ ਲੇਖਕ ਅਤੇ ਪ੍ਰਕਾਸ਼ਕ ਵਧਾਈ ਦੇ ਪਾਤਰ ਹਨ। ਇਹ ਪੁਸਤਕ ਇੱਕ ਇਤਿਹਾਸਕ ਦਸਤਾਵੇਜ਼ ਹੈ ਜੋ ਪੜ੍ਹਨਯੋਗ, ਵਿਚਾਰਨਯੋਗ, ਸਾਂਭਣਯੋਗ ਅਤੇ ਮਾਣ ਕਰਨ ਯੋਗ ਹੈ। ਇਹ ਹਰ ਘਰ, ਲਾਇਬ੍ਰੇਰੀ ਅਤੇ ਵਿਦਿਅਕ ਅਦਾਰੇ ਦਾ ਸ਼ਿੰਗਾਰ ਬਣਨ ਯੋਗ ਹੈ।
***
(66)
ਡਾ.ਸਰਬਜੀਤ ਕੌਰ ਸੰਧਾਵਾਲੀਅਾ
ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਬੁਲੰਦਪੁਰੀ ਸਾਹਿਬ(ਨੇੜੇ ਮਹਿਤਪੁਰ,ਨਕੋਦਰ)