![]() ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (20 ਫਰਵਰੀ 2022 ਨੂੰ) 75ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ ਅਦਬੀ ਸਹਿਜ-ਸੰਤੁਲਨ ਵਾਲਾ ਲੇਖਕ ਰਾਜਵੰਤ ਰਾਜ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਲੇਖਕ ਰਾਜਵੰਤ ਰਾਜ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਰਾਜਵੰਤ ਰਾਜ’ ਨੂੰ ਹਾਰਦਿਕ ਵਧਾਈ ਹੋਵੇ। ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
ਅਦੀਬ ਸਮੁੰਦਰੋਂ ਪਾਰ ਦੇ: ![]() ਜ਼ਿੰਦਗੀ ਦੇ ਹਰ ਖੇਤਰ ਵਿਚ ਸਹਿਜ-ਸੰਤੁਲਨ ਦੀ ਬੜੀ ਸਾਰਥਿਕਤਾ ਮੰਨੀ ਗਈ ਹੈ। ਅਦਬ ਦਾ ਖੇਤਰ ਤਾਂ ਉਂਜ ਵੀ ਬਹੁਤਾ ਕਰਕੇ ਨਿਰਮਲ ਤੇ ਤੀਬਰ ਅੰਦਰੂਨੀ ਅਹਿਸਾਸ ਦਾ ਹੈ ਜਿਹੜੀ ਬਾਹਰੀ ਪ੍ਰਭਾਵਾਂ ਨੂੰ ਮਨ-ਮਸਤਕ ਦੀ ਸਿਰਜਣਾਤਮਕ ਕੁਠਾਲੀ ’ਚ ਕਾੜ੍ਹ ਕੇ ਪੂਰੇ ਸਹਿਜ ਨਾਲ ਵੱਖ-ਵੱਖ ਸਾਹਿਤਕ ਵਿਧਾਵਾਂ ਦੇ ਰੂਪ ’ਚ ਪਾਠਕਾਂ ਦੇ ਹੱਥਾਂ ’ਚ ਪੁੱਜਦਾ ਕਰਦੀ ਹੈ, ਸਵਾਰਥੀ ਸੰਕੀਰਣਤਾ ਤੋਂ ਉੱਪਰ ਉਠਕੇ ਪਰਾਰਥੀ ਵਿਸ਼ਾਲਤਾ ’ਚ ਵਿਚਰਦਿਆਂ ਇਕ ਭਾਵ-ਪ੍ਰਬੰਧ ਨੂੰ ਇਕ ਅਮੂਰਤ ਨੇਮ-ਪ੍ਰਬੰਧ ਤਹਿਤ ਗੁੰਦਵਾਂ ਤੇ ਗੁੱਠਵਾਂ ਤੇ ਗੱਠਵਾਂ ਰੂਪ ਦਿੰਦੀ ਹੈ। ਜਿਸ ਅਦੀਬ ਕੋਲ ਅਦਬੀ ਸਹਿਜ-ਸੰਤੁਲਨ ਤੇ ਸਮਝ ਦੀ ਇਹ ਅਮੀਰੀ ਹੋਵੇ ਉਸ ਦੀਆਂ ਰਚਨਾਵਾਂ ਨੂੰ ਲੋਕ-ਪਿ੍ਰਯ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਉਸ ਨੂੰ ਪਾਠਕਾਂ ਦੀ ਪ੍ਰਵਾਨਗੀ ਗਲ਼ੇ ਲਗਕੇ ਮਿਲਦੀ ਹੈ। ਅਜਿਹੀ ਪ੍ਰਵਾਨਗੀ ਸਾਡੇ ਸਰੀ (ਕੈਨੇਡਾ) ਵਸਦੇ ਸ਼ਾਇਰ ਤੇ ਗਲਪਕਾਰ ਰਾਜਵੰਤ ਰਾਜ ਕੋਲ ਕਈ ਵਰ੍ਹਿਆਂ ਤੋਂ ਮੁਦਾਮ ਹੈ ਜਿਸ ਦੀ ਹਰ ਲਿਖਤ ਅਦਬੀ ਸਹਿਜ-ਸੰਤੁਲਨ ਨਾਲ ਭਰਪੂਰ ਹੈ, ਜਿਸ ਅੰਦਰ ਕਿਤਾਬਾਂ ਲਈ ਇਸ਼ਟਾਂ ਵਰਗੀ ਸ਼ਰਧਾ ਹੈ। ਰਾਜਵੰਤ ਰਾਜ ਦੇ ਕਾਵਿ-ਸੰਸਾਰ ਦੀ ਗੱਲ ਕਰਦਿਆਂ ਸਰੀ ਵਿਚ ਹੀ ਵਸਦੇ ਸਾਹਿਤ ਅਕਾਦਮੀ ਇਨਾਮ ਯਾਫ਼ਤਾ ਨਾਮਵਰ ਸ਼ਾਇਰ ਜਸਵਿੰਦਰ ਨੇ ਭਾਵੇਂ ਸਹਿਜ-ਸੰਤੁਲਨ ਦੀ ਗੱਲ ਰਾਜਵੰਤ ਦੀ ਸ਼ਾਇਰੀ ਦੇ ਸੰਦਰਭ ’ਚ ਹੀ ਕਹੀ ਹੈ ਪਰ ਸਾਨੂੰ ਇਹ ਗੁਣ ਰਾਜਵੰਤ ਦੀ ਗਲਪਕਾਰੀ ਵਿਚ ਵੀ ਮੌਜੂਦ ਮਿਲਿਆ ਹੈ। ਜਸਵਿੰਦਰ ਦੇ ਵਿਸਤਿ੍ਰਤ ਵਿਚਾਰ ਇੰਜ ਹਨ :- * ‘‘ਸਾਡੇ ਇਸ ਸ਼ਾਇਰ ਦੀ ਕਾਵਿ-ਚੇਤਨਾ ਦੇ ਕਲਾਵੇ ਵਿਚ ਜ਼ਿੰਦਗੀ ਦੇ ਅਣਗਿਣਤ ਪਹਿਲੂ ਸਹਿਜੇ ਹੀ ਸਮੋਏ ਹੋਏ ਨੇ। ਰਾਜਵੰਤ ਰਾਜ ਬੁਨਿਆਦੀ ਤੌਰ ’ਤੇ ਮੁਹੱਬਤ ਦਾ ਸ਼ਾਇਰ ਹੈ। ਮਿਲਾਪ ਤੇ ਵਿਛੋੜੇ ਦੀਆਂ ਸਿਖ਼ਰਾਂ ਅਤੇ ਇਨ੍ਹਾਂ ਸਿਖ਼ਰਾਂ ’ਤੇ ਅਡੋਲ ਜਾਂ ਤਿਲ੍ਹਕਦੇ ਅਹਿਸਾਸ, ਜਿਸ ਅੰਦਾਜ਼ ਵਿਚ ਰਾਜ ਦੀ ਗ਼ਜ਼ਲ ਵਿਚ ਆਏ ਹਨ, ਇਹ ਹੋਰ ਕਿਤੇ ਵਿਰਲੇ ਹੀ ਮਿਲਦੇ ਹਨ। ਉਹ ਜ਼ਿੰਦਗੀ ਦੇ ਜ਼ਸਨਾਂ ਨੂੰ ਭਰਪੂਰਤਾ ਨਾਲ ਮਾਨਣ ਦਾ ਅਭਿਲਾਸ਼ੀ ਹੈ। ਉਹ ਦੀ ਫ਼ਨਕਾਰੀ ਰੁਦਨ ’ਚੋਂ ਵੀ ਊਰਜਾ ਛਾਣ ਲੈਂਦੀ ਹੈ। ਉਹ ਮਾਨਵੀ ਹੋਂਦ ਦੇ ਸਵਾਲਾਂ ਨੂੰ ਉਲਾਰ ਹੋ ਕੇ ਨਹੀਂ ਵਾਚਦਾ। ਭਾਵਨਾਵਾਂ ਦੇ ਜ਼ੋਰਦਾਰ ਵੇਗ ਵਿਚ ਵੀ ਉਸ ਦੀ ਸ਼ਾਇਰੀ ਵਿਚਲਾ ਸਹਿਜ-ਸੰਤੁਲਨ ਬਣਿਆ ਰਹਿੰਦਾ ਹੈ।’’ ਰਾਜਵੰਤ ਰਾਜ ਦਾ ਜਨਮ 9 ਦਸੰਬਰ 1971 ਈ: ਨੂੰ ਪਿਤਾ ਕਰਮ ਸਿੰਘ ਤੇ ਮਾਤਾ ਗੁਰਮੇਜ ਕੌਰ ਦੇ ਘਰ ਪਿੰਡ ਇੱਬਣ ਜ਼ਿਲ੍ਹਾ ਕਪੂਰਥਲਾ ਵਿਚ ਹੋਇਆ। ਰਾਜਵੰਤ ਨੇ ਬੀ.ਕਾਮ ਤੇ ਐੱਮ.ਏ. ਅਰਥ ਸ਼ਾਸਤਰ ਕੀਤੀ ਹੋਈ ਹੈ। ਉਸ ਨੇ ਵਿਆਹ ਉਪਰੰਤ 1999 ਈ: ’ਚ ਕੈਨੇਡਾ ਦੇ ਜਗਤ ਪ੍ਰਸਿੱਧ ਸ਼ਹਿਰ ਵੈਨਕੂਵਰ ਵਿਚ ਜਾ ਪੈਰ ਧਰਿਆ। ਪਰਵਾਸ ਦੇ ਆਰੰਭਕ ਦੌਰ ’ਚ ਉਸ ਨੇ ਬਹੁਤ ਸਖ਼ਤ ਮਿਹਨਤ ਭਰੇ ਕੰਮ ਕੀਤੇ। ਅੱਜ ਕੱਲ੍ਹ ਉਹ ਵੈਨਕੂਵਰ ਟਰਾਂਜ਼ਿਟ ਵਿਚ ਬਤੌਰ ਬੱਸ ਓਪਰੇਟਰ ਕਾਰਜਸ਼ੀਲ ਹੈ। ਆਪਣੇ ਰਚਨਾਤਮਕ ਰੁਝਾਨ ਦੀ ਵਿਥਿਆ ਰਾਜਵੰਤ ਨੇ ਇੰਜ ਬਿਆਨੀ ਹੈ:- * ‘‘ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਦਸਵੀਂ ਤੋਂ ਬਾਅਦ ਨਾਵਲ ਪੜ੍ਹਨ ਦੀ ਚੇਟਕ ਪੈ ਗਈ ਜਿਨ੍ਹਾਂ ਵਿਚ ਪੰਜਾਬੀ ਦੇ ਨਾਵਲਾਂ ਦੇ ਨਾਲ-ਨਾਲ ਹਿੰਦੀ ਦੇ ਜਸੂਸੀ ਨਾਵਲ ਵੀ ਬਹੁਤ ਪੜ੍ਹੇ। ਸੁਰਿੰਦਰ ਮੋਹਨ ਪਾਠਕ ਅਤੇ ਵੇਦ ਪ੍ਰਕਾਸ਼ ਸ਼ਰਮਾ ਮੇਰੇ ਪਸੰਦੀਦਾ ਨਾਵਲਿਸਟ ਸਨ। ਉਰਦੂ ਦੀ ਫਿਲਮੀ ਸ਼ਾਇਰੀ ਬਹੁਤ ਮੁਤਾਸਰ ਕਰਦੀ ਰਹੀ। ਫਿਰ ਪਾਤਰ, ਮੀਸ਼ਾ, ਭਾਈ ਵੀਰ ਸਿੰਘ, ਸ਼ਿਵ ਆਦਿ ਨੂੰ ਪੜ੍ਹਿਆ। ਚਿੰਤਨ ਦੀ ਸ਼ਾਇਰੀ ਨੇ ਹਮੇਸ਼ਾ ਪ੍ਰਭਾਵਤ ਕੀਤਾ। ਪੜ੍ਹਨ ਦਾ ਸ਼ੌਕ ਹੀ ਹੌਲੀ-ਹੌਲੀ ਲਿਖਣ ਵੱਲ ਲੈ ਆਇਆ।’’ ‘ਰੰਗਸ਼ਾਲਾ’, ‘ਰਾਗਣੀਆਂ’ ਅਤੇ ‘ਟੁੱਟੇ ਸਿਤਾਰੇ ਚੁਗਦਿਆਂ’ (ਤਿੰਨੇ ਗ਼ਜ਼ਲ ਸੰਗ੍ਰਹਿ) ‘ਪਿਓਂਦ’ (ਨਾਵਲ)- ਰਾਜਵੰਤ ਰਾਜ ਦੀਆਂ 4 ਪੁਸਤਕਾਂ ਸਾਡੇ ਅਧਿਐਨ ਦੇ ਅੰਤਰਗਤ ਆਈਆਂ ਹਨ। ਜਿੱਥੋਂ ਤਕ ਰਾਜਵੰਤ ਦੀ ਸ਼ਾਇਰੀ ਦੀ ਗੱਲ ਹੈ, ਉਸ ਬਾਬਤ ਕਿਹਾ ਜਾ ਸਕਦਾ ਹੈ ਕਿ ਸ਼ੋਖੀ, ਸਾਦਗੀ, ਲਤਾਫ਼ਤ, ਗਹਿਰਾਈ, ਪਾਕੀਜ਼ਗੀ, ਸੰਖੇਪਤਾ ਦੇ ਸਪੱਸ਼ਟਤਾ ਸੰਪੰਨ ਰਾਜਵੰਤ ਦੀ ਗ਼ਜ਼ਲ ਬੁਲੰਦ ਸਾਹਿਤਕ ਪੱਧਰ ਦੀ ਹੈ। ਉਸ ਦੀ ਕਾਵਿਕ ਤੇ ਰਵਾਨੀ ਭਰਪੂਰ ਭਾਸ਼ਾ ਪਾਠਕ ਦਾ ਮਨ ਮੋਹ ਲੈਂਦੀ ਹੈ। ਉਸ ਦੇ ਗ਼ਜ਼ਲ ਸੰਗ੍ਰਹਿ ‘ਟੁੱਟੇ ਸਿਤਾਰੇ ਚੁਗਦਿਆਂ’ ’ਚੋਂ ਇਕ ਪੂਰੀ ਗ਼ਜ਼ਲ ਇਥੇ ਸਾਂਝੀ ਕੀਤੀ ਜਾਂਦੀ ਹੈ :- ਉਨ੍ਹਾਂ ਨੇ ਤਾਂ ਸਾਜ਼ਿਸ਼ ਕਰ ਕੇ ਬੀਜੇ ਬੀਜ ਕਰੁੱਤੇ ਉਹ ਖ਼ੁਦ ਲੰਮੀ ਉਮਰ ਦੀਆਂ ਵੀ ਮੈਨੂੰ ਦੇਣ ਅਸੀਸਾਂ ਡਿੱਗੇ ਟੁੱਟੇ ਖਿੱਲਰੇ ਸਾਂ ਜਦ ਫੇਰ ਪਤਾ ਇਹ ਲੱਗਾ ਭੁੱਖੇ ਢਿੱਡ ਜਦ ਇਕ ਮਛੇਰਾ ਕਿਸ਼ਤੀ ਦੇ ਵਿਚ ਮਰਿਆ ਚਿਹਰੇ ਉੱਤੋਂ ਨੂਰ ਚੁਰਾਇਆ ਮਨ ’ਚੋਂ ਬੇਪਰਵਾਹੀ ਮਾਵਾਂ, ਛਾਵਾਂ, ’ਵਾਵਾਂ ਨੂੰ ਹੁਣ ਕਿੱਥੋਂ ਮੋੜ ਲਿਆਵਾਂ ਦੂਰੋਂ ਦੇਖ ਨਜ਼ਾਰਾ ਚਿੜੀਆਂ ਡਰਦੇ-ਡਰਦੇ ਹੱਸੀਆਂ ਰਾਜਵੰਤ ਰਾਜ ਦੀ ਸ਼ਾਇਰੀ ਬਾਰੇ ਜਸਵਿੰਦਰ ਤੋਂ ਇਲਾਵਾ ਸੁਲੱਖਣ ਸਰਹੱਦੀ, ਡਾ. ਐੱਸ. ਤਰਸੇਮ, ਸੁਰਜੀਤ ਪਾਤਰ, ਸਿਮਰਤ ਸੁਮੈਰਾ, ਕਿ੍ਰਸ਼ਨ ਭਨੋਟ, ਚਰਨ ਸਿੰਘ ਤੇ ਇੰਦਰਜੀਤ ਸਿੰਘ ਧਾਮੀ ਨੇ ਕਾਫ਼ੀ ਵਿਸ਼ਲੇਸ਼ਣੀ ਤੇ ਵਜ਼ਨਦਾਰ ਵਿਚਾਰ ਵਿਅਕਤ ਕੀਤੇ ਹਨ। ਆਪਣੀ ਸ਼ਾਇਰੀ ਬਾਰੇ ਰਾਜਵੰਤ ਦੀ ਕਹੀ ਇਹ ਗੱਲ ਬਿਲਕੁਲ ਸਹੀ ਹੈ ਕਿ ਉਸ ਦੀ ਸ਼ਾਇਰੀ ਲੋਕਾਈ ਦੀ ਸ਼ਾਇਰੀ ਹੈ ਜਿਸ ਵਿਚ ਮੁਹੱਬਤ ’ਚ ਉਗਮੇ ਦਰਦ ਤੋਂ ਇਲਾਵਾ ਲੋਕਾਈ ਦੇ ਦਰਦ ਦਾ ਅਹਿਸਾਸ ਵੀ ਛੁਪਿਆ ਹੈ। 2019 ਵਿਚ ਛਪਿਆ ਰਾਜਵੰਤ ਰਾਜ ਦਾ 224 ਪੰਨਿਆਂ ਦਾ ਨਾਵਲ ‘ਪਿਓਂਦ’ ਵੀ ਪਾਠਕਾਂ ਨੇ ਪੜ੍ਹਿਆ ਹੈ। ਨਾਵਲ ਬਾਰੇ ਗਲਪ ਵਿਚਾਰਕਾਂ ਦਾ ਮੰਨਣਾ ਹੈ ਕਿ ਸੰਪੂਰਨ ਉਪਨਿਆਸ ਦੀ ਕਹਾਣੀ ਜਿਨ੍ਹਾਂ ਤੱਤਾਂ ਨਾਲ ਬਣਦੀ ਹੈ, ਉਹ ਕਥਾ ਵਸਤੂ ਅਖਵਾਉਂਦੇ ਹਨ। ‘ਪਿਓਂਦ’ ਨਾਵਲ ਦਾ ਕਥਾ ਵਸਤੂ ਸੁਪਨਿਆਂ ਦੇ ਢਹਿ ਜਾਣ ਦੀ ਕਹਾਣੀ ਹੁੰਦੇ ਹੋਏ ਵੀ ਇਕ ਲੰਮੀ ਸੁਰੰਗ ਦੇ ਅਗਲੇ ਪਾਸੇ ਰੌਸ਼ਨੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਰਾਜਵੰਤ ਰਾਜ ਮੁਤਾਬਕ :- * ‘‘ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲੇ ਪੰਜਾਬੀ ਗੱਭਰੂਆਂ ਨੂੰ ਇਸ ਨਾਵਲ ਦੀ ਕਹਾਣੀ ਕਿਤੇ ਨਾ ਕਿਤੇ ਆਪਣੇ ਨਾਲ ਜੁੜਦੀ ਪ੍ਰਤੀਤ ਹੁੰਦੀ ਹੈ। …ਲਾਲਚ ਭਰੀ ਬੇਵਫ਼ਾਈ ਅਤੇ ਮੁਹੱਬਤੀ ਸਮਰਪਣ ਇਸ ਨਾਵਲ ਦੀਆਂ ਨੀਹਾਂ ਹਨ। ਇਨਸਾਨੀ ਮਨ ਨਾਲ ਜੁੜੇ ਇਨ੍ਹਾਂ ਅਹਿਸਾਸਾਂ ਦੁਆਲੇ ਹੀ ‘ਪਿਓਂਦ’ ਦੀ ਕਹਾਣੀ ਬੁਣੀ ਗਈ ਹੈ।’’ ਬਹੁਤ ਹੀ ਦਿਲਚਸਪ ਗਲਪੀ ਸ਼ੈਲੀ ਵਿਚ ਲਿਖਿਆ ਗਿਆ ਇਹ ਨਾਵਲ ਇਕ-ਮਨਚਿਤ ਹੋ ਕੇ ਪੜ੍ਹਨ ਵਾਲਾ ਹੈ। ਸ਼ੌਕਤ, ਸਾਇਰਾ, ਸੋਨੀਆ ਤੇ ਸੱਤੀ ਨਾਂ ਦੇ ਪਾਤਰਾਂ ਦੀਆਂ ਚੰਮ-ਖ਼ੁਸ਼ੀਆਂ ਇਕ ਪਾਸੇ ਤੇ ਰਣਜੀਤ ਤੇ ਅਨੁ ਵਰਗੇ ਸੱਚੇ-ਸੁੱਚੇ ਪਾਤਰਾਂ ਦੀ ਦਿਆਨਤਦਾਰੀ ਇਕ ਪਾਸੇ। ਇਹ ਸਾਰਾ ਕੁਝ ਏਨਾ ਗੁੰਦਵਾਂ ਤੇ ਗੌਲਣਯੋਗ ਹੈ ਕਿ ਨਾਵਲ ਪੜ੍ਹਕੇ ਰਾਜਵੰਤ ਸ਼ਾਇਰ ਦੇ ਨਾਲ-ਨਾਲ ਇਕ ਵਧੀਆ ਨਾਵਲਕਾਰ ਵੀ ਲੱਗਣ ਲਗ ਪੈਂਦਾ ਹੈ। ਇਹ ਸਭ ਉਸ ਦੇ ਅਦਬੀ ਸਹਿਜ-ਸੰਤੁਲਨ ਦੀ ਹੀ ਪ੍ਰਾਪਤੀ ਹੈ। ਰਾਜਵੰਤ ਰਾਜ ਨਾਲ ਹੋਏ ਰਚਨਾਤਮਕ ਵਿਚਾਰਾਂ ਦੇ ਆਦਾਨ ਪ੍ਰਦਾਨ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਇਥੇ ਲਿਖੇ ਜਾਂਦੇ ਹਨ :- * ਕਵਿਤਾ ਇਕ ਸਾਗਰ ਵਾਂਗ ਹੈ। ਗੱਲ ਆਪੋ ਆਪਣੀ ਚੱੁਭੀ ਦੀ ਹੈ। ਕੌਣ ਕਿੰਨਾ ਡੂੰਘਾ ਉਤਰਦੈ ਅਤੇ ਕਿਹੜੇ ਹੀਰੇ-ਮੋਤੀ ਕੱਢਕੇ ਲਿਆਉਂਦੈ। * ਮੈਂ ਕਵਿਤਾ ਦੀ ਗ਼ਜ਼ਲ ਸਿਨਫ਼ ਨੂੰ ਪ੍ਰਣਾਇਆ ਸ਼ਾਇਰ ਹਾਂ। * ਕੁਝ ਕਲਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਉਸਤਾਦ ਧਾਰਨ ਕਰਨ ਦੀ ਜ਼ਰੂਰਤ ਪੈਂਦੀ ਹੈ। …ਪਰ ਇਹ ਵੀ ਨਾ ਸਮਝਿਆ ਜਾਵੇ ਕਿ ਉਸਤਾਦ ਤੋਂ ਬਿਨਾਂ ਗ਼ਜ਼ਲ ਸਿੱਖੀ ਹੀ ਨਹੀਂ ਜਾ ਸਕਦੀ। ਸਾਡੇ ਬਹੁਤ ਸਾਰੇ ਗ਼ਜ਼ਲ ਦੇ ਸ਼ਾਇਰ ਹਨ ਜਿਨ੍ਹਾਂ ਨੇ ਆਪ ਹੀ ਟੱਕਰਾਂ ਮਾਰ ਕੇ ਅਰੂਜ਼ ਸਿੱਖਿਆ ਹੈ। * ਸ਼ਿਅਰ ਵਿਚ ਹਮੇਸ਼ਾ ਖ਼ਿਆਲ ਦੀ ਪ੍ਰਧਾਨਤਾ ਰਹਿਣੀ ਚਾਹੀਦੀ ਹੈ। ਖ਼ਿਆਲ ਡੂੰਘਾ ਤੇ ਚਿੰਤਨ ਭਰਪੂਰ ਹੋਣਾ ਚਾਹੀਦਾ ਹੈ। ਅਰੂਜ਼ ਦੂਜੇ ਨੰਬਰ ’ਤੇ ਆਉਂਦੈ। * ਅੱਜ ਦੀ ਪੰਜਾਬੀ ਗ਼ਜ਼ਲ ਆਪਣੇ ਸੁਨਹਿਰੇ ਦੌਰ ਵਿਚ ਹੈ। * ਪੰਜਾਬੀ ਨਾਵਲ ਵਿਚ ਵੀ ਬਹੁਤ ਨਵੇਂ ਪ੍ਰਯੋਗ ਹੋ ਰਹੇ ਹਨ। ਲੇਖਕ ਆਪਣੇ ਆਲੇ ਦੁਆਲੇ ਦੀ ਹਕੀਕਤ ਖੁੱਲ੍ਹ ਕੇ ਲਿਖਣ ਲਗ ਪਏ ਹਨ। * ਕੈਨੇਡਾ ਦੀ ਢਾਹਾਂ ਸੰਸਥਾ ਨੇ ਪੰਜਾਬੀ ਗਲਪ ਲੇਖਣੀ ਵਾਸਤੇ ਇਕ ਵੱਡਾ ਅਵਾਰਡ ਸ਼ੁਰੂ ਕੀਤਾ ਹੈ ਜਿਸ ਕਰਕੇ ਪਿਛਲੇ ਕੁਝ ਸਮੇਂ ਵਿਚ ਪੰਜਾਬੀ ਲੇਖਕਾਂ ਦਾ ਝੁਕਾਅ ਕਹਾਣੀ ਅਤੇ ਨਾਵਲ ਵੱਲ ਵਧਿਆ ਹੈ। * ਗ਼ਜ਼ਲ ਮੰਚ ਸਰੀ ਦੀ ਸਥਾਪਨਾ 2018 ਵਿਚ ਹੋਈ। ਲਿਖੀ ਜਾ ਰਹੀ ਗ਼ਜ਼ਲ ਨੂੰ ਹੋਰ ਬਿਹਤਰ ਬਣਾਉਣ ਅਤੇ ਨਵੇਂ ਗ਼ਜ਼ਲਗੋਆਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਗ਼ਜ਼ਲਗੋਆਂ ਨੇ ਰਲ਼ਕੇ ਗ਼ਜ਼ਲ ਮੰਚ ਸਰੀ ਦੀ ਸਥਾਪਨਾ ਕੀਤੀ। * ਕੈਨੇਡੀਅਨ ਸਾਹਿਤ ਸਭਾਵਾਂ ਕੈਨੇਡਾ ਵਿਚ ਪੰਜਾਬੀ ਸਾਹਿਤ ਨੂੰ ਜਿਉਂਦਾ ਰੱਖਣ ਅਤੇ ਪ੍ਰਫੁਲਤ ਕਰਨ ਵਿਚ ਬਹੁਤ ਸਹਾਈ ਹਨ। * ਸਨਮਾਨਾਂ ਦੀ ਦੁਰਦਸ਼ਾ ਦਾ ਇਹ ਹਾਲ ਹੈ ਕਿ ਹੁਣ ਜੇ ਕਿਸੇ ਯੋਗ ਲੇਖਕ ਨੂੰ ਵੀ ਸਨਮਾਨ ਮਿਲਦਾ ਹੈ ਤਾਂ ਲੋਕ ਬਹੁਤਾ ਨੋਟਿਸ ਨਹੀਂ ਲੈਂਦੇ। * ਲੇਖਕ ਵਾਸਤੇ ਪੜ੍ਹਨਾ ਉਵੇਂ ਹੀ ਜ਼ਰੂਰੀ ਹੈ ਜਿਵੇਂ ਅੱਗ ਲਈ ਬਾਲਣ। ਗਿਆਨ ਹਾਸਲ ਕਰਨ ਦੀ ਕੋਈ ਸੀਮਾ ਨਹੀਂ ਹੁੰਦੀ। ਆਪਣੇ ਆਪ ਨੂੰ ਊਣਾ ਮੰਨ ਕੇ ਚੱਲਣਾ ਹੀ ਲਾਹੇਵੰਦ ਸਿੱਧ ਹੁੰਦਾ ਹੈ। ਨਿਰਸੰਦੇਹ ਰਾਜਵੰਤ ਰਾਜ ਦੀ ਹਰ ਗੱਲ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ। ਸਾਹਿਤ ਵਾਲਾ ਸਹਿਜ-ਸੰਤੁਲਨ ਉਸ ਦੀਆਂ ਗੱਲਾਂ ਵਿੱਚੋਂ ਵੀ ਅਨੁਭਵ ਕੀਤਾ ਜਾ ਸਕਦਾ ਹੈ। ਬਿਨਾਂ ਸ਼ੱਕ ਰਾਜਵੰਤ ਰਾਜ ਦੀ ਹੁਣ ਤਕ ਦੀ ਸਾਹਿਤਕਾਰੀ ਉਸ ਨੂੰ ਸਿਫ਼ਤ ਦਾ ਹੱਕਦਾਰ ਬਣਾਉਦੀ ਹੈ। ਪਾਠਕਾਂ ਵਿਚ ਉਸਦੇ ਅਦਬੀ ਕਦ-ਕਾਠ ਨੂੰ ਉਚਾਈ ਬਖ਼ਸ਼ਦੀ ਹੈ। |
*** 644 *** |