19 June 2024
mai bashiran

ਸਾਦਗੀ ਹਾਰ ਗਈ—ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ

ਹੁਣ ਉਹਦੀ ਯਾਦ ਪੁਲਸ ਤੋਂ ਕੁੱਟ ਖਾਧੇ ਮੌਰਾਂ ‘ਤੇ ਮੱਠੀ-ਮੱਠੀ ਟਕੋਰ ਵਾਂਗ ਦਿਲ ਨੂੰ ਸਕੂਨ ਦਿੰਦੀ ਏ। ਪਛਤਾਉਂਦੀ ਆਂ ਮੈਥੋਂ ਈ ਖਰੇ ਸੋਨੇ ਦੀ ਪਰਖ ਨਾ ਹੋਈ। ਕਿਸਮਤ ਆਪ ਤੁਰ ਕੇ ਆਈ ਸੀ ਮੇਰੇ ਦਰ ‘ਤੇ ਪਰ ਮੈਥੋਂ ਈ ਮੌਕਾ ਸਾਂਭਿਆ ਨਾ ਗਿਆ, ਪਰ ਹੁਣ ਕੀ ਫੈਦਾ? ਹੱਥੋਂ ਕਿਰੇ ਮੋਤੀ ਮੁੜ ਨੀਂ ਥਿਆਂਉਂਦੇ ਹੁੰਦੇ!

ਨਰਿੰਦਰ ਸੀ ਨਾਂ ਉਹਦਾ, ਵੱਡੀ ਭੂਆ ਦੀ ਦਰਾਣੀ ਦਾ ਮੁੰਡਾ ਸੀ। ਤਾਏ ਦੀਆਂ ਦੋਵੇਂ ਕੁੜੀਆਂ ਦੇ ਵਿਆਹਾਂ ‘ਤੇ ਆਇਆ ਸੀ, ਕਣਕਵੰਨਾ ਰੰਗ, ਛਟਵਾਂ ਜੁੱਸਾ, ਮੋਟੀਆਂ ਅੱਖਾਂ ਤੇ ਅੱਖਾਂ ਵਿੱਚ ਸ਼ਰਮ-ਹਯਾ, ਮੁੰਡਿਆਂ ਆਲ਼ੀ ਸ਼ਰਾਰਤ ਹੈ ਈ ਨਈਂ ਸੀ, ਗੱਲ ਕਰਦਾ ਸੀ ਤਾਂ ਕੀਲ ਲੈਂਦਾ ਸੀ, ਲਿਆਕਤ ਦਾ ਸਬਕ ਮੁਫ਼ਤ ਦਿੰਦਾ ਸੀ, ਵੱਡਿਆਂ ‘ਚ ਬਹਿਣਾ ਪਸੰਦ ਕਰਦਾ ਸੀ, ਪਲਾਂ ‘ਚ ਈ ਦਿਲ ਜਿੱਤ ਲੈਂਦਾ ਸੀ, ਕੰਮ-ਕਾਜ ਨੂੰ ਵੀ ਬੜਾ ਬਹੁਗੁਣਾ ਸੀ। ਪੜ੍ਹਾਕੂ ਸੀ, ਪੜ੍ਹਣ ਲਈ ਉਹਨੇ ਮੈਨੂੰ ਵੀ ਕੁਝ ਕਿਤਾਬਾਂ ਦਿੱਤੀਆਂ ਸੀ। ‘ਖਾਉ, ਪੀਓ, ਐਸ਼ ਕਰੋ, ਮਿੱਤਰੋ’ ਕਹਿਣ ਵਾਲ਼ੀ ਕੁੜੀ ਨੂੰ ਉਹਨੇਂ ਇੱਕ ਵਾਰ ਜਗਜੀਤ ਸਿੰਘ ਦੀਆਂ ਗ਼ਜ਼ਲਾਂ ਦੀ ਕੈਸਟ ਵੀ ਦਿੱਤੀ ਸੀ ਤੇ ਮੈਂ ਮਾਂ ਦੇ ਸੰਦੂਕ ‘ਚ ਬਣੇ ਰਖਣੇ ‘ਚ ਰੱਖ ਦਿੱਤੀ ਸੀ, ਪੰਜਾਬ ਗਈ ਤਾਂ ਦੇਖਾਂਗੀ ਕੀ ਅਜੇ ਵੀ ਓਥੇ ਈ ਪਈ ਏ ਜਾਂ ਨਹੀਂ। ਉਹਦੇ ਮਨ ‘ਚ ਸੀ ਕੁਝ ਮੇਰੇ ਲਈ। ਸਾਡੇ ਰਿਸ਼ਤੇ ਦੀ ਗੱਲ ਵੀ ਤੁਰੀ ਸੀ ਪਰ ਮੇਰੇ ‘ਤੇ ਉਦੋਂ ਕਨੇਡਾ ਦਾ ਭੂਤ ਸਵਾਰ ਸੀ।

ਜਿਵੇਂ ਮੁਹੱਬਤ ਨੂੰ ਆਦਤ ਏ ਬੇਕਦਰਾਂ ਦੇ ਪੈਰਾਂ ‘ਚ ਰੁਲ਼ਣ ਦੀ ਉਹਨੇ ਮੈਨੂੰ ਇਕੱਲ ਵਿੱਚ ਜਕਦੇ-ਜਕਦੇ ਨੇ ਮਨ ਦੀ ਗੱਲ ਕਹਿ ਵੀ ਦਿੱਤੀ ਸੀ, ਮੈਂ ਨਾਂਹ ਤਾਂ ਕਰ ਦਿੱਤੀ ਪਰ ਪਤਾ ਨੀਂ ਕਿਉਂ ਅੰਦਰੋ-ਅੰਦਰੀ ਕੁਝ ਚਕਨਾ-ਚੂਰ ਜਿਹਾ ਹੋ ਗਿਆ ਸੀ। ਹੋਈ ਗ਼ਲਤੀ ਵੱਲ ਸ਼ਾਇਦ ਬੰਦੇ ਦਾ ਦਿਲ ਵੀ ਇਸ਼ਾਰਾ ਕਰ ਜਾਂਦਾ ਏ।

ਦਰਅਸਲ ਚਕਾਚੌਂਧ ਦੇ ਬਜ਼ਾਰ ਵਿੱਚ ਸਾਦਗੀ ਹਾਰ ਗਈ।

ਆਪਣੇ ਤੋਂ ਦਸ ਸਾਲ ਵੱਡੇ ਕਨੇਡਾ ਆਲ਼ੇ ਮੁੰਡੇ ਨਾਲ਼ ਮੇਰਾ ਰਿਸ਼ਤਾ ਤੈਅ ਹੋ ਗਿਆ। ਪਾਪੇ ਨੇ ਨਰਿੰਦਰ ਨੂੰ ਵੀ ਸੱਦਿਆ ਸੀ ਮੇਰੇ ਵਿਆਹ ‘ਤੇ ਪਰ ਉਹ ਆਇਆ ਨੀਂ ਤੇ ਮੇਰੇ ਵਿੱਚ ਕੁਝ ਉਹਦੀ ਰਾਹ ਤੱਕਦਾ ਰਿਹਾ।

ਕਨੇਡਾ ‘ਚ ਪਹਿਲਾਂ-ਪਹਿਲ ਕਿਤੇ ਆਉਣ-ਜਾਣ, ਮਰਜ਼ੀ ਦੇ ਕੱਪੜੇ-ਲੱਤੇ ਪਾਉਣ ਤੇ ਖਾਣ-ਪੀਣ ਦੀ ਅਜ਼ਾਦੀ ਨੇ ਮਨ ਮੋਹ ਲਿਆ, ਸੋਚਣਾ,”ਐਵੇਂ ਝੂਠੇ ਲੋਕ ਸੁਰਗ ਨੂੰ ਮਿੱਠੀ ਜੇਲ੍ਹ ਕਹਿੰਦੇ ਰਹਿੰਦੇ ਆ!” ਪਰ ਸਮਾਂ ਬੀਤਣ ਨਾਲ਼ ਧੁੰਧ ਛਟਣ ਲੱਗੀ, ਪਿੰਜਰਾ ਬੇਸ਼ੱਕ ਸੋਨੇ ਦਾ ਹੋਵੇ ਦਿੰਦਾ ਕੈਦ ਈ ਏ।

ਬਰਫ਼ੀਲੇ ਮੌਸਮ, ਦਸ-ਦਸ ਘੰਟੇ ਕੰਮ, ਝੂਠੇ ਹਾਸੇ, ਗਲਵਕੜੀਆਂ ‘ਚ ਲੁਕੀਆਂ ਦੂਰੀਆਂ, ਮੇਰੀ ਗ਼ੈਰ-ਹਾਜ਼ਰੀ ‘ਚ ਪਿੰਡ ਕਿੰਨੇ ਸਾਰੇ ਵਿਆਹ ਹੋਏ, ਪਰਿਵਾਰ ‘ਚ ਮੌਤਾਂ ਹੋਈਆਂ, ਚਾਚੇ-ਤਾਇਆਂ ਦੇ ਭੋਗਾਂ ‘ਤੇ ਵੀ ਨਾ ਅੱਪੜ ਸਕੀ, ਕੰਮ ਕਰਦੀ ਨੇ ਰੋ-ਪਿੱਟ ਲਿਆ, ਆਪਣੇ-ਆਪ ਨੂੰ ਕੋਸ ਲਿਆ, ਪਤੀ ਨੂੰ ਤਾਂ ਆਪਣਾ ਕਾਰੋਬਾਰ ਪਿਆਰਾ ਸੀ, ਸਾਲਾਂ ਬਾਅਦ ਵੀ ਗੋਦ ਹਰੀ ਨਾ ਹੋਈ, ਅਖੀਰਲੀ ਸੱਟ ਉਦੋਂ ਵੱਜੀ ਜਦੋਂ ਪਤਾ ਲੱਗਿਆ ਇਹਨਾਂ ਦਾ ਕਿਸੇ ਹੋਰ ਔਰਤ ਨਾਲ਼ ਸੰਬੰਧ ਏ। ਜੇ ਪੁੱਛਿਆ ਤਾਂ ਅੱਗੋਂ ਸੁਣਨ ਨੂੰ ਮਿਲਿਆ,”ਤੂੰ ਕਨੇਡਾ ਆ ਕੇ ਵੀ ਰੂੜੀਵਾਦੀ ਸੋਚ ਨਾਲ਼ ਚੁੱਕ ਫਿਰਦੀ ਏਂ? ਕਿਸੇ ਨਾਲ਼ ਦੋ ਮਿੰਟ ਜੇ ਹੱਸ-ਖੇਡ ਲਿਆ ਤਾਂ ਕੀ ਤੇਰੇ ਮਾਂਹ ਮਾਰ ਲਏ?” ਤੇ ਇਉਂ ਜੀਵਨ ਦਾ ਰਸ ਜਾਂਦਾ-ਜਾਂਦਾ ਚਲਿਆ ਗਿਆ।

ਮੇਰੇ ਪੇਕੇ ਪਰਿਵਾਰ ‘ਚ ਇਤਫ਼ਾਕ ਈ ਬਾਲ੍ਹਾ ਸੀ, ਤਿੰਨੋ ਚਾਚੇ-ਤਾਏ ‘ਕੱਠੇ ਸਨ, ਸਾਂਝਾ ਘਰ ਸੀ ਤੇ ਰੋਟੀ ਇੱਕੋ ਚੁੱਲ੍ਹੇ ‘ਤੇ ਪੱਕਦੀ ਸੀ। ਅਸੀਂ ਪੰਦਰਾਂ-ਸੋਲ੍ਹਾਂ ਜੀਅ ਸਾਂ, ਅੱਠੋ-ਪਹਿਰ ਰੌਣਕ ਲੱਗੀ ਰਹਿੰਦੀ ਸੀ, ਉਹ ਬਰਕਤਾਂ ਨੀਂ ਭੁੱਲਣੀਆਂ।

ਕੁਝ ਬੰਦੇ ਸੁਣਕੇ ਸਿੱਖ ਲੈਂਦੇ ਨੇ ਕਿ ਕਰਦ ਤਿੱਖੀ ਏ ਤੇ ਕੁਝ ਦੇਖਕੇ ਸਿੱਖਦੇ ਨੇ ਪਰ ਮੇਰੇ ਵਰਗੇ ਮੂਰਖਾਂ ਨੂੰ ਉਂਗਲ ਵਢਾਉਣ ਤੋਂ ਬਿਨਾਂ ਸਬਰ ਨੀਂ ਆਉਂਦਾ।

ਉਮਰ ਦੇ ਇਸ ਮਕਾਮ ‘ਤੇ ਆ ਕੇ ਮ੍ਰਿਗਤ੍ਰਿਸ਼ਨਾ ਨੂੰ ਠੱਲ੍ਹ ਪਈ ਏ ਤੇ ਜੀਅ ਕਰਦੈ ‘ਵੋ ਕਾਗਜ਼ ਕੀ ਕਸ਼ਤੀ, ਵੋ ਬਾਰਿਸ਼ ਕਾ ਪਾਨੀ’ ਗ਼ਜ਼ਲ ਚੱਲਦੀ ਹੋਵੇ ਤੇ ਜਾਨ ਨਿੱਕਲ ਜਾਵੇ।

ਹੁਣ ਨਰਿੰਦਰ ਦਾ ਖ਼ਿਆਲ ਮੇਰੇ ਨਾਲ਼ ਬੜਾ ਲੁਕਣ-ਮੀਟੀਆਂ ਖੇਡਦਾ ਏ, ਉਹ ਆਉਂਦਾ-ਆਉਂਦਾ ਅੱਖੋਂ ਓਹਲੇ ਹੋ ਜਾਂਦਾ ਏ।

ਸਾਊ ਮੁੰਡਿਆਂ ਬਾਰੇ ਅਸੀਂ ਕੁੜੀਆਂ ਸੋਚਦੀਆਂ ਵਾਂ ਇਹ ਕੀ ਸਾਨੂੰ ਪਹਾੜਾਂ ‘ਚ ਘੁੰਮਾਉਣ ਲੈ ਜੂ, ਇਹ ਕੀ ਸਾਨੂੰ ਸ਼ਹਿਰ ਦੇ ਵੱਡੇ ਮਾਲ ‘ਚੋਂ ਸ਼ਾਪਿੰਗ ਕਰਵਾ ਦੇਊ ਪਰ ਭਲੀਓਮਾਣਸੋ, ਜ਼ਿੰਦਗੀ ‘ਚ ਘੁੰਮਣ-ਫਿਰਨ ਤੇ ਗੱਡੀ ਭਰਕੇ ਖ਼ਰੀਦੋ-ਫ਼ਰੋਖਤ ਕਰਨਾ ਹੀ ਸਾਰਾ ਕੁਝ ਨਹੀਂ ਹੁੰਦਾ। ਜੇ ਕੋਈ ਬੋਚ-ਬੋਚ ਕੇ ਪੈਰ ਧਰਦਾ ਏ ਉਹ ਡਰਪੋਕ ਨਹੀਂ ਹੁੰਦਾ। ਜੇ ਕੋਈ ਸੋਚ-ਸਮਝ ਕੇ ਖਰਚ ਕਰਦਾ ਏ ਕੰਜੂਸ ਮੱਖੀ ਚੂਸ ਨਹੀਂ ਹੁੰਦਾ। ਕਿਰਦਾਰਾਂ ਨੂੰ ਸਲਾਹੋ ਨਾ ਕਿ ਰੰਗਾਂ, ਰੂਪਾਂ, ਵਸਤਾਂ, ਪਹਿਰਾਵਿਆਂ ਨੂੰ, ਸੌਦਾਗਰੀ ‘ਚ ਮਾੜਾ ਮਾਲ ਵੀ ਪੱਲੇ ਪੈ ਸਕਦਾ ਏ।
***
262
***

About the author

balji_khan
ਬਲਜੀਤ ਖਾਨ, ਮੋਗਾ

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →