26 April 2024

ਦਿਲਾਂ ਤੇ ਦੁਨੀਆਂ ਦੀ ਮੈਲ਼ ਧੋਣ ਦਾ ਇੱਛੁਕ ਬਲਵਿੰਦਰ ਸਿੰਘ ਚਹਿਲ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (8 ਅਗਸਤ 2021 ਨੂੰ) 48ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਦਿਲਾਂ ਤੇ ਦੁਨੀਆਂ ਦੀ ਮੈਲ਼ ਧੋਣ ਦਾ ਇੱਛੁਕ ਬਲਵਿੰਦਰ ਸਿੰਘ ਚਹਿਲ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਬਲਵਿੰਦਰ ਸਿੰਘ ਚਹਿਲ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਦਿਲਾਂ ਤੇ ਦੁਨੀਆਂ ਦੀ ਮੈਲ਼ ਧੋਣ ਦਾ ਇੱਛੁਕ ਬਲਵਿੰਦਰ ਸਿੰਘ ਚਹਿਲ—ਹਰਮੀਤ ਸਿੰਘ ਅਟਵਾਲ

ਬੜੀ ਸਰਬਪ੍ਰਵਾਨਿਤ ਗੱਲ ਹੈ ਕਿ ਜੇ ਦਿਲਾਂ ਤੇ ਦੁਨੀਆਂ ਦੀ ਮੈਲ਼ ਧੋਤੀ ਜਾਵੇ ਤਾਂ ਸਰਬਪੱਖੀ ਸ਼ੁੱਧਤਾ ਦਾ ਪਾਸਾਰਾ ਅਟੱਲ ਹੈ। ਹਰ ਤਰ੍ਹਾਂ ਦੀ ਸ਼ੁੱਧਤਾ ਸਭ ਕਾਸੇ ਲਈ ਆਪਣੇ ਆਪ ਵਿਚ ਸ਼ੁਭਸ਼ਗਨ ਹੈ। ਜਿੰਨੀ ਸ਼ੁੱਧਤਾ ਦੀ ਗੁਣਾਤਮਿਕਤਾ ਹੈ ਓਨਾ ਹੀ ਸ਼ੁੱਧਤਾ ਨੂੰ ਪ੍ਰਾਪਤ ਕਰਨਾ ਤੇ ਪ੍ਰਾਪਤੀ ਉਪਰੰਤ ਕਾਇਮ ਰੱਖਣਾ ਔਖਾ ਹੈ। ਜਿਥੋਂ ਤਕ ਦਿਲਾਂ ਤੇ ਕੁਲ ਦੁਨੀਆਂ ਦਾ ਵਰਤਾਰਾ ਹੈ, ਉਹ ਹੋਰ ਵੀ ਕਠਿਨ ਕਾਰਜ ਹੈ। ਜਿਨ੍ਹਾਂ ਦਾ ਨਜ਼ਰੀਆ ਸਾਕਾਰਾਤਮਕ ਹੁੰਦਾ ਹੈ ਉਹ ਇਸ ਪਰਉਪਕਾਰੀ ਕਾਰਜ ਵਿਚ ਆਪਣਾ ਬਣਦਾ ਯੋਗਦਾਨ ਆਪਣੇ ਅੰਦਾਜ਼ ’ਚ ਪਾਉਂਦੇ ਰਹਿੰਦੇ ਹਨ। ਇਸ ਸੰਦਰਭ ’ਚ ਅਦੀਬ ਵੀ ਆਪਣਾ ਉੱਦਮ ਜਾਰੀ ਰੱਖਦੇ ਹਨ ਤੇ ਇਹ ਇੱਛਾ ਨਿਰੰਤਰ ਬਰਕਰਾਰ ਰੱਖਦੇ ਹਨ ਕਿ ਇਹ ਦੁਨੀਆਂ ਰੂਪੀ ਸੱਚੇ ਰੱਬ ਦੀ ‘ਕੋਠੜੀ’ ਤੇ ਇਸ ਵਿਚ ਰਹਿਣ ਵਾਲੇ ਪ੍ਰਾਣੀ ਆਪਣੇ ਸਿਧਾਂਤ ਤੇ ਵਿਹਾਰ ਵਿਚ ਮੈਲ ਮੁਕਤ ਹੋਣ, ਆਪਣੀ ਕਹਿਣੀ-ਕਰਨੀ ਦੇ ਪੱਕੇ ਹੋਣ ਤੇ ਜ਼ਿੰਦਗੀ ਨੂੰ ਬਰਾਬਰੀ ਦੇ ਪੱਧਰ ’ਤੇ ਖ਼ੁਸ਼ੀ ਖ਼ੁਸ਼ੀ ਜਿਊਣ। ਐਸੇ ਹੀ ਉਸਾਰੂ ਨਜ਼ਰੀਏ ਦਾ ਮਾਲਕ ਹੈ ਆਸਟ੍ਰੇਲੀਆ ਵੱਸਦਾ ਸਾਡਾ ਬਹੁਪੱਖੀ ਪ੍ਰਤਿਭਾ ਦਾ ਮਾਲਕ ਕਲਮਕਾਰ ਬਲਵਿੰਦਰ ਸਿੰਘ ਚਹਿਲ ਜਿਸ ਨੇ ਨਾਟਕ, ਕਵਿਤਾ ਤੇ ਵਾਰਤਕ ਦੇ ਖੇਤਰ ਵਿਚ ਸਫ਼ਲਤਾ ਨਾਲ ਕਲਮ ਅਜ਼ਮਾਈ ਹੈ ਤੇ ਉਸ ਦੀ ਲੇਖਣੀ ਪਾਠਕਾਂ ਦੀ ਪਸੰਦ ਬਣੀ ਹੈ। ਦਰਅਸਲ ਇਸ ਪਾਠਕੀ ਪਸੰਦ ਵਿਚ ਹੀ ਚਹਿਲ ਦੀ ਕਲਮ ਦਾ ਕਮਾਲ ਲੁਪਤ ਹੈ ਜਿਹੜਾ ਸਭ ਦੀ ਸੁੱਖ ਮੰਗਦਾ ਹੈ ਤੇ ਹਰ ਚੰਗੇ ਕੰਮ ਲਈ ਪ੍ਰੇਰਨਾ ਸਰੋਤ ਬਣਦਾ ਹੈ। ਇਥੇ ਪੰਜਾਬੀ ਦੇ ਚਿੰਤਨੀ ਪੱਧਰ ਦੇ ਮਕਬੂਲ ਲਿਖਣਹਾਰ ਤੇ ਸਾਊ ਸੁਭਾਅ ਦੇ ਉੱਤਮ ਪੁਰਸ਼ ਡਾ. ਸੁਦਰਸ਼ਨ ਗਾਸੋ ਦੇ ਬਲਵਿੰਦਰ ਸਿੰਘ ਚਹਿਲ ਬਾਰੇ ਕਹੇ ਇਹ ਸ਼ਬਦ ਗੰਭੀਰਤਾ ਨਾਲ ਗੌਲਣਯੋਗ ਹਨ :
‘‘ਬਲਵਿੰਦਰ ਸਿੰਘ ਚਹਿਲ ਕੋਲ ਸੂਖਮ ਦ੍ਰਿਸ਼ਟੀ ਹੈ। ਉਹ ਕੁਦਰਤ ਦੇ ਵਰਤਾਰੇ ਦੇ ਮਰਮ ਨੂੰ ਜਾਨਣ ਦੀ ਨਾ ਕੇਵਲ ਤਮੰਨਾ ਰੱਖਦਾ ਹੈ ਬਲਕਿ ਸਮਰੱਥਾ ਦਾ ਵੀ ਪ੍ਰੀਚੈ ਦਿੰਦਾ ਹੈ। ਉਸ ਦਾ ਪਾਣੀ ਨਾਲ ਪਿਆਰ ਕੁਝ ਵਧੇਰੇ ਹੀ ਲਗਦਾ ਹੈ। ਉਹ ਪਾਣੀ, ਨਦੀ ਅਤੇ ਸਮੁੰਦਰ ਦਾ ਜਿਕਰ ਵਾਰ ਵਾਰ ਕਰਦਾ ਹੈ। ਇਹ ਉਸਦੇ ਮਨ ਦੀ ਅਵੱਸਥਾ ਅਤੇ ਸ਼ਖ਼ਸੀਅਤ ਨੂੰ ਦਰਸਾਉਣ ਵਾਲਾ ਪੱਖ ਹੈ। ਉਹ ਦਿਲਾਂ ਦੀ ਅਤੇ ਦੁਨੀਆਂ ਦੀ ਮੈਲ਼ ਨੂੰ ਧੋਣਾ ਚਾਹੁੰਦਾ ਹੈ।’’

ਬਲਵਿੰਦਰ ਸਿੰਘ ਚਹਿਲ ਦਾ ਜਨਮ ਪਿਤਾ ਹਰਕੇਸ਼ ਸਿੰਘ ਚਹਿਲ ਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਤਾਮ ਕੋਟ (ਮਾਨਸਾ) ਵਿਖੇ 17 ਨਵੰਬਰ 1957 ਨੂੰ ਹੋਇਆ। ਚਹਿਲ ਦੀ ਵਿੱਦਿਅਕ ਯੋਗਤਾ ਬੀਐੱਸਸੀ, ਐੱਮਏ, ਐੱਮਫਿਲ (ਪੰਜਾਬੀ) ਹੈ। ਚਹਿਲ ਨਾਮਵਰ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਨਾਲ ਕਈ ਸਾਲਾਂ ਤਕ ਦੂਰ ਦੁਰਾਡੇ ਸ਼ਹਿਰਾਂ ਵਿਚ ਪੇਂਡੂ ਪਾਤਰਾਂ ਦੇ ਕਿਰਦਾਰ ਬਾਖ਼ੂਬੀ ਨਿਭਾਉਂਦਿਆਂ ਨਾਮਣਾ ਖੱਟਣਾ ਰਿਹਾ। ਐੱਮਫਿਲ ਵਿਚ ਉਸ ਦੀ ਖੋਜ ਦਾ ਵਿਸ਼ਾ ਵੀ ਪ੍ਰੋ. ਔਲਖ ਦੇ ਨਾਟਕ ਹੀ ਹਨ। 2005 ਵਿਚ ਚਹਿਲ ਨੇ ਨਿਊਜ਼ੀਲੈਂਡ ਵਿਚ ਪਰਵਾਸ ਕੀਤਾ ਤੇ 2019 ਤਕ ਉੱਥੇ ਰਿਹਾ। ਅੱਜ ਕੱਲ੍ਹ ਚਹਿਲ ਆਸਟ੍ਰੇਲੀਆ ਵਿਚ ਹੈ।

ਬਲਵਿੰਦਰ ਸਿੰਘ ਚਹਿਲ ਦੀਆਂ ਤਿੰਨ ਪੁਸਤਕਾਂ ਸਾਡੇ ਅਧਿਐਨ ਦਾ ਵਿਸ਼ਾ ਬਣੀਆਂ ਹਨ। ‘ਸੂਰਜ ਫੇਰ ਜਗਾਵੇਗਾ’ (ਕਾਵਿ-ਸੰਗ੍ਰਹਿ), ‘ਆਖ਼ਿਰ ਪਰਵਾਸ ਕਿਉਂ? (ਵਾਰਤਕ) ਤੇ ‘ਕਵਿਤਾ ਰਾਹੀਂ ਵਿਗਿਆਨ’ (ਵਿਗਿਆਨ ਦੇ ਵਿਸ਼ਿਆਂ ’ਤੇ ਆਧਾਰਿਤ ਕਵਿਤਾਵਾਂ)। ਇਨ੍ਹਾਂ ਤਿੰਨਾਂ ਪੁਸਤਕਾਂ ਦੀ ਸੰਖਿਪਤ ਅੰਤਰੀਵੀ ਥੀਮਕ ਸਥਿਤੀ ਦੀ ਕ੍ਰਮਵਾਰ ਗੱਲ ਕਰੀਏ ‘ਸੂਰਜ ਫੇਰ ਜਗਾਵੇਗਾ’ ’ਚੋਂ ਬਿਲਕੁਲ ਸਪੱਸ਼ਟ ਹੰੁਦਾ ਹੈ ਕਿ ਚਹਿਲ ਦੇ ਸੁਪਨਿਆਂ ਦੀ ਤਸਵੀਰ ਪੂਰੀ ਤਰ੍ਹਾਂ ਉਸਾਰੂ ਤੇ ਮਾਨਵ-ਹਿੱਤਕਾਰੀ ਹੈ। ਉਹ ਨਿਰਛੱਲ ਅਤੇ ਸਹਿਜ ਜੀਵਨ ਜਿਊਣ ਦਾ ਚਾਹਵਾਨ ਹੈ। ਉਹ ਸੁਪਨਿਆਂ ਨੂੰ ਸਿਰਫ਼ ਦੇਖਣਾ ਹੀ ਨਹੀਂ ਜਾਣਦਾ ਸਗੋਂ ਸੁਪਨਿਆਂ ਵਿਚ ਰੰਗ ਭਰਨ ਦੀ ਤਲਬ ਵੀ ਰੱਖਦਾ ਹੈ। ਪੁਸਤਕ ਅੰਦਰਲੀਆਂ ਵੰਨ-ਸੁਵੰਨੀਆਂ ਕਾਵਿ-ਰਚਨਾਵਾਂ ਵਿਚ ਕਮਾਲ ਦੀ ਸੁਭਾਵਕ ਲੈਆਤਮਿਕਤਾ ਤੇ ਸੌਂਦਰਯ-ਬੋਧ ਦਾ ਪ੍ਰਬਲ ਪ੍ਰਵਾਹ ਹੈ। ਮਸਲਨ ‘ਸੁਣ ਚਿੜੀਏ’ ਨਾਂ ਦੀ ਕਾਵਿ-ਰਚਨਾ ’ਚੋਂ ਇੱਕ ਬੰਦ ਵੇਖੋ :-

ਜੀਵਨ ਬਣਿਆ ਸੌਦੇਬਾਜ਼ੀ
ਹਰ ਕੋਈ ਚਾਹੁੰਦੈ ਰਾਂਝਾ ਰਾਜੀ
ਜਿਸਮਾਂ ਦੀ ਬਸ ਤਿਕੜਮਬਾਜ਼ੀ
ਵੇਖੇ ਨਾ ਕੋਈ ਗੁਣ ਚਿੜੀਏ
ਸੁਣ ਚਿੜੀਏ, ਨੀ ਚੂੰ-ਚੂੰ ਕਰਦੀ, ਸੁਣ ਚਿੜੀਏ।

ਬਲਵਿੰਦਰ ਸਿੰਘ ਚਹਿਲ ਦੀ ਵਾਰਤਕ ਪੁਸਤਕ ‘ਆਖ਼ਿਰ ਪਰਵਾਸ ਕਿਉਂ?’ ਆਪਣੇ ਆਪ ’ਚ ਕਾਵਿਕ ਵਾਰਤਕ ਸ਼ੈਲੀ ਵਿਚ ਲਿਖੀ ਬੜੀ ਦਿਲਚਸਪ ਤੇ ਗਹਿਰ ਗੰਭੀਰ ਅਰਥਾਂ ਨਾਲ ਭਰਪੂਰ ਪੁਸਤਕ ਹੈ ਜਿਸ ਵਿਚ ਪਰਵਾਸ ਬਾਰੇ, ਪਰਵਾਸੀ ਹੋ ਜਾਣ ਲਈ ਤਾਂਘਦੀਆਂ ਮਨੋਬਿਰਤੀਆਂ ਬਾਰੇ, ਔਖੀਆਂ ਘੜੀਆਂ ਵਿਚ ਵਿਚਰ ਰਹੇ ਪ੍ਰਵਾਸੀਆਂ ਬਾਰੇ ਤੇ ਉਨ੍ਹਾਂ ਦੀਆਂ ਆਸਾਂ ’ਤੇ ਫਿਰਦੇ ਮਣਾਂ-ਮੂੰਹੀ ਪਾਣੀ ਬਾਰੇ ਬੜਾ ਨਿੱਠ ਕੇ ਲਿਖਿਆ ਗਿਆ ਹੈ। 96 ਸਫ਼ਿਆਂ ਦੀ ਇਹ ਪੁਸਤਕ ਉਨ੍ਹਾਂ ਨੂੰ ਸਮਰਪਿਤ ਕੀਤੀ ਗਈ ਹੈ ਜੋ ਘਰੋਂ ਵਿਦੇਸ਼ ਪਹੁੰਚਣ ਲਈ ਤੁਰੇ ਪਰ ਵਾਪਿਸ ਨਹੀਂ ਪਰਤੇ। ਚਹਿਲ ਦੀ ਅਗਲੀ ਪੁਸਤਕ ‘ਕਵਿਤਾ ਰਾਹੀਂ ਵਿਗਿਆਨ’ ਭਾਵੇਂ ਬਾਲ ਸਾਹਿਤ ਦੇ ਦਾਇਰੇ ਵਿਚ ਆਉਂਦੀ ਹੈ ਪਰ ਇਸ ਵਿਚ ਕਵਿਤਾਵਾਂ ਰਾਹੀਂ ਦਿੱਤੀ ਗਈ ਆਮ ਵਿਗਿਆਨਕ ਜਾਣਕਾਰੀ ਵੱਡੀ ਉਮਰ ਦੇ ਪਾਠਕਾਂ ਲਈ ਵੀ ਲਾਹੇਵੰਦ ਹੈ। ਪੰਜਾਬੀ ਸਾਹਿਤ ਦੇ ਉੱਚ ਦੁਮਾਲੜੇ ਸਾਹਿਤਕਾਰ ਤੇ ਅੱਜ ਦੇ ਬਾਬਾ ਬੋਹੜ ਓਮ ਪ੍ਰਕਾਸ਼ ਗਾਸੋ ਨੇ ਆਖਿਆ ਹੈ ਕਿ ਇਸ ਪੁਸਤਕ ਵਿਚ ਚਹਿਲ ਨੇ ਕਵਿਤਾ ਰਾਹੀਂ ਵਿਗਿਆਨ ਦੇ ਵਿਵੇਕ ਨੂੰ ਬਾਖ਼ੂਬੀ ਵੰਡਿਆ ਹੈ। ਪੰਜ ਭਾਗਾਂ ਵਿਚ ਵੰਡੀ ਇਹ ਪੁਸਤਕ ਆਦਿ ਤੋਂ ਅੰਤ ਤਕ ਪੜ੍ਹਕੇ ਗ੍ਰਹਿਣ ਕਰਨ ਵਾਲੀ ਹੈ।

ਆਉਂਦੇ ਸਮੇਂ ’ਚ ਬਲਵਿੰਦਰ ਸਿੰਘ ਚਹਿਲ ਦੀ ਕਲਮ ਤੋਂ ਪਾਠਕਾਂ ਨੂੰ ਹੋਰ ਵੀ ਉੱਚ ਪਾਏ ਦਾ ਸਾਹਿਤ ਹਾਸਲ ਹੋਣ ਦੀ ਉਮੀਦ ਕਾਇਮ ਰਹੇਗੀ। ਨਿਰਸੰਦੇਹ ਚਹਿਲ ਜਿਥੇ ਖੁੱਲ੍ਹ ਦਿਲੀ ਨਾਲ ਦਿਲਾਂ ਤੇ ਦੁਨੀਆਂ ਦੇ ਸਾਫ਼-ਸੁਥਰੇਪਨ ਦਾ ਹਾਮੀ ਹੈ ਉਥੇ ਉਹ ਖ਼ੁਦ ਵੀ ਅਨੇਕ ਗੁਣ ਸੰਪੰਨ ਸ਼ਖ਼ਸੀਅਤ ਦਾ ਮਾਲਕ ਹੈ। ਸਮੇਂ ਸਮੇਂ ਚਹਿਲ ਨਾਲ ਹੋਏ ਵਿਚਾਰ-ਵਿਮਾਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਇਥੇ ਆਪ ਦੀ ਨਜ਼ਰ ਹਨ :-

* ਲਿਖਣਾ ਮੇਰੇ ਹਿਸਾਬ ਨਾਲ ਕੁਦਰਤੀ ਕਰਤਾਰੀ ਸ਼ਕਤੀ ਹੈ।

* ਜੋ ਇੱਕ ਸਾਧਾਰਨ ਲੇਖਕ ਕਹਿੰਦਾ ਹੈ ਉਹ ਪਤਾ ਤਾਂ ਬਹੁਤਿਆਂ ਨੂੰ ਹੁੰਦਾ ਹੈ। ਬੱਸ ਕਹਿਣ ਦੀ ਕਲਾ ਕੁਦਰਤੀ ਹੁੰਦੀ ਹੈ। ਜਿਸ ਵਿਚ ਜ਼ਿਆਦਾ ਕਹਿਣ ਦੀ ਡੂੰਘਾਈ ਹੁੰਦੀ ਹੈ। ਉਹ ਸਾਹਿਤਕ ਹੋ ਜਾਂਦਾ ਹੈ। ਬਾਕੀ ਮਹਿਜ ਅੱਖਰਾਂ ਦੀ ਚਿਣਾਈ ਰਹਿ ਜਾਂਦੀ ਹੈ।


* ਬਰਨਾਲੇ ਬੀਐੱਸਸੀ ਕਰਦਿਆਂ ਪ੍ਰੋ. ਰਵਿੰਦਰ ਭੱਠਲ ਦੇ ਪ੍ਰਭਾਵ ਸਦਕਾ ਮੇਰਾ ਝੁਕਾਅ ਸਾਹਿਤ ਵੱਲ ਹੋ ਗਿਆ। ਵੈਸੇ ਛੋਟੇ ਹੁੰਦਿਆਂ ਪ੍ਰੀਤਲੜੀ ਤੇ ਸੋਵੀਅਤ ਦੇਸ਼ ਪੱਤ੍ਰਿਕਾ ਦਾ ਪ੍ਰਭਾਵ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ।


* ਮੇਰੀ ਸੋਚ ਮਾਨਵਵਾਦੀ ਬਰਾਬਰਤਾ ਵਾਲੀ ਹੈ। ਦਿਲਾਂ ਤੇ ਦੁਨੀਆਂ ਨੂੰ ਉਨ੍ਹਾਂ ਦੇ ਅਸਲੀ ਉਸਾਰੂ ਤੇ ਸ਼ੁੱਧ ਰੂਪ ਵਿਚ ਦੇਖਣ ਦੀ ਚਾਹਵਾਨ ਹੈ।


* ਅਸੀਂ ਜੁਗਾੜੀ ਯੁੱਗ ’ਚ ਰਹਿ ਰਹੇ ਹਾਂ। ਜਿਸ ਕੋਲ ਜਿੰਨਾ ਜੁਗਾੜ ਹੈ ਉਹ ਉਸ ਹਿਸਾਬ ਨਾਲ ਚੱਲ ਰਿਹਾ ਹੈ। ਉਹ ਕਿਤਾਬ ਵੀ ਵੇਚ ਰਿਹਾ ਹੈ। ਅਖ਼ਬਾਰ/ਰਸਾਲੇ ’ਚ ਵੀ ਚਰਚਿਤ ਹੋ ਜਾਂਦਾ ਹੈ। ਭਾਵ ਇਹ ਨਹੀਂ ਹੈ ਕਿ ਬਾਕੀਆਂ ਨੂੰ ਕੋਈ ਪੁੱਛਦਾ ਹੀ ਨਹੀਂ। ਜੇ ਕਿਸੇ ਭਲੇ ਲੋਕ ਦੀ ਨਜ਼ਰ ਚੜ੍ਹ ਜਾਵੇ ਤਾਂ ਉਸ ਦਾ ਵੀ ਜਿਕਰ ਹੋ ਜਾਂਦਾ ਹੈ। ਆਪਣੀ ਗੱਲ ਕਹਿੰਦੇ ਜਾਓ, ਸ਼ਾਇਦ ਕਿਸੇ ਸੁਹਿਰਦ ਆਲੋਚਕ ਦੇ ਮਨ ਲੱਗ ਜਾਵੇ।


* ਮੈਂ 2005 ਤੋਂ 2019 ਤਕ ਨਿਊਜ਼ੀਲੈਂਡ ’ਚ ਰਿਹਾ ਹਾਂ। ਨਿਊਜ਼ੀਲੈਂਡ ਬਾਰੇ ਲੇਖ ਵੀ ਲਿਖਿਆ ਹੈ ਤੇ ਉੱਥੇ ਰੇਡੀਓ ਇਨਕਲਾਬ ਨਾਲ ਵੀ ਜੁੜਿਆ ਰਿਹਾ ਹਾਂ। ਆਸਟ੍ਰੇਲੀਆ ’ਚ ਤਾਂ ਲਾਕਡਾਊਨ ਹੀ ਹੈ ਜਦ ਦਾ ਆਇਆ ਹਾਂ। ਉਂਝ ਐਥੇ ਵੀ ਕੀਵੀ ਅਦਬੀ ਕਬੀਲਾ ’ਤੇ ‘ਪੰਜਾਬੀ ਸੱਥ ਮੈਲਬੌਰਨ’ ਦਾ ਮੈਂਬਰ ਹਾਂ।


ਬਿਨਾਂ ਸ਼ੱਕ ਬਲਵਿੰਦਰ ਸਿੰਘ ਚਹਿਲ ਸਾਡਾ ਪੰਜਾਬੀ ਦਾ ਸੁਚੱਜਾ ਸਾਹਿਤਕਾਰ ਹੈ ਜਿਸ ਦੀ ਹਰ ਗੱਲ ਤੇ ਹਰ ਲਿਖਤ ਤਹਿ ਦਿਲੋਂ ਕਾਬਲਿ-ਤਾਰੀਫ਼ ਹੈ।
***

262
***
ਹਰਮੀਤ ਸਿੰਘ ਅਟਵਾਲ
98155-05287

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ