27 April 2024

ਇਕ ਮੋੜ ਵਿਚਲਾ ਪੈਂਡਾ(ਪੰਜਵੀਂ ਕਿਸ਼ਤ)-ਮੇਰੀ ਕੈਂਸਰ ਅਤੇ ਅਗਲਾ ਜੀਵਨ—ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸਨੋਟ: ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006), ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019).

‘ਇਕ ਮੋੜ ਵਿਚਲਾ ਪੈਂਡਾ’ ਇਸ ਅੰਗਰੇਜ਼ੀ ਪੁਸਤਕ ‘Journey Through A Turning Point—My Life After Leukemia ਦਾ ਹੀ ਪੰਜਾਬੀ ਰੂਪ ਹੈ। ਇਹ ਸਵੈ-ਜੀਵਨੀ ਪੜ੍ਹਨ ਨਾਲ ਹੀ ਸੰਬੰਧ ਰੱਖਦੀ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਕਿ ਇਸ ਸਿਰੜ ਦੇ ਪੱਕੇ ਕਵੀ/ਲੇਖਕ ਨੇ ਕਿੰਨ੍ਹਾਂ ਗੰਭੀਰ ਹਾਲਤਾਂ ਵਿੱਚੋਂ ਲੰਘਦਿਆ ਆਪਣੇ ਜੀਵਨ ਦੇ ਇਸ ‘ਸਮੇਂ’ ਦਾ ਦਲੇਰੀ ਨਾਲ ਨਾ ਕੇਵਲ ਮੁਕਾਬਲਾ ਹੀ ਕੀਤਾ ਸਗੋਂ ਲੋੜੀਂਦੀ ਜਿੱਤ ਵੀ ਪਰਾਪਤ ਕੀਤੀ ਅਤੇ ਜੀਵਨ ਨੂੰ ਨਵੀਅਾਂ ਸੇਧਾਂ ਦੇ ਕੇ ਹਲਕੇ-ਫੁਲਕੇ ਰੁਝੇਵਿਅਾਂ ਨਾਲ ਸੁਖਾਵਾਂ ਬਣਾਇਆ। ਇਸ ਪ੍ਰੇਰਨਾ-ਸਰੋਤ ਪੁਸਤਕ ਦੇ ਪਠਨ ਨੇ ਨਿਰਸੰਦੇਹ ਮੈਂਨੂੰ ਝੰਝੋੜਿਆ, ਸੋਚ ਨੂੰ ਟੁੰਬਿਆ, ਢੇਰੀ ਢਾਉਣ ਤੋਂ ਵਰਜਿਆ ਅਤੇ ਬਲ ਬਖਸ਼ਿਆ। ਇਹ ਸਵੈ-ਜੀਵਨੀ ਪੜ੍ਹਨ ਯੋਗ, ਸੋਚ ਨੂੰ ਡਾਵਾਂ-ਡੋਲ ਹੋਣ ਤੋਂ ਬਚਾਉਣ ਵਾਲੀ ਅਤੇ ਪ੍ਰੇਰਨਾਦਾਇਕ ਹੋਣ ਕਾਰਨ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਿਸ਼ਤਾਂ ਵਿੱਚ ਹਾਜ਼ਰ ਕੀਤੀ ਜਾ ਰਹੀ ਹੈ।—-ਲਿਖਾਰੀ 

ਅਧਿਆਇ 14
ਲਿਖਣ ਲਈ ਪੜ੍ਹਤ ਜਰੂਰੀ

ਸ਼ਿਆਮ ਪ੍ਰਕਾਸ਼ ਜੀ ਵੱਲੋਂ ਹਾਈ ਸਕੂਲ ਵਿਚ ਪੜ੍ਹਾਈ ਅੰਗਰੇਜੀ ਨਾਲ ਮੇਰਾ ਰੋਜ਼ਾਨਾ ਕੰਮ ਚੱਲਦਾ ਰਹਿੰਦਾ ਸੀ। ਇੰਡੀਆ ਵਿਚ ਉਹ ਅੰਗਰੇਜੀ ਦੇ ਨਾਲ ਮੇਰੇ ਇਤਿਹਾਸ ਦੇ ਉਸਤਾਦ ਵੀ ਸਨ, ਇਕ ਨੇਕਦਿਲ ਇਨਸਾਨ, ਜੋ ਤਿੰਨ ਭਾਸ਼ਾਵਾਂ ਵਿਚ ਕਵਿਤਾ ਵੀ ਰਚਦੇ – – ਉਰਦੂ, ਪੰਜਾਬੀ, ਅਤੇ ਅੰਗਰੇਜੀ। ਬਾਅਦ ਵਿਚ ਉਹ ਆਪਣੇ ਨਾਂ ਨਾਲ ਸਿੰਘ ਵੀ ਲਿਖਣ ਲੱਗ ਪਏ, ਪਰ ਉਹ ਵੱਖਰੀ ਕਹਾਣੀ ਹੈ।

ਇਕ ਲਿਖਾਰੀ ਵੱਜੋਂ, ਮੇਰੇ ਲਈ ਅੰਗਰੇਜ਼ੀ ਵਿਚ ਲਿਖਣਾ ਸੁਭਾਵਕ ਨਹੀਂ ਸੀ। ਸਾਇੰਸ ਦੇ ਕਿੱਤੇ ਤੋਂ ਹੱਥ ਝਾੜਕੇ, ਸੱਠਾਂ ਤੋਂ ਬਾਅਦ, ਮੈਂ ਲਿਖਣਾ ਸ਼ੁਰੂ ਕੀਤਾ। ਉਮਰ ਦੇ ਸੱਤਰਵੇਂ ਸਾਲ, ਮੈਂ ਅੰਗਰੇਜ਼ੀ ਵਿਚ ਜੀਵਨ ਦੀਆਂ ਯਾਦਾਂ ਲਿਖਣਾ ਅਤੇ ਸਿੱਖਣਾ ਕੀਤਾ। ਇਹ ਕਲਾਸਾਂ ਕੈਲੇਫੋਰਨੀਆ ਦੇ ਸ਼ਹਿਰ ਲਿੰਕਨ ਵਿਚ ‘ਸੂ ਕਲਾਰਕ’ ਪੜ੍ਹਾਉਂਦੀ ਆ ਰਹੀ ਸੀ।

ਛੇ ਹਫਤੇ ਲੰਘ ਜਾਣ ਸਮੇਂ ਤੱਕ, ਸਾਨੂੰ ਘੱਟੋ-ਘੱਟ ਇਕ ਯਾਦ-ਦਾਸਤ ਪੜ੍ਹਨੀ ਜ਼ਰੂਰੀ ਸੀ, ਅਤੇ ਕਿਤਾਬ ਬਾਰੇ ਤਿੰਨ ਤੋਂ ਪੰਜ ਮਿੰਟ ਬੋਲਣਾ ਹੁੰਦਾ ਸੀ। ਉਹਦੇ ਵਿਚ ਕਿਤਾਬ ਦਾ ਖਾਕਾ ਨਹੀਂ ਸੀ ਦੱਸਣਾ ਹੁੰਦਾ, ਸਿਰਫ ਇਹੀ ਦੱਸਣਾਂ ਹੁੰਦਾ ਸੀ ਕਿ ਕਿਤਾਬ ਕਿਸ ਵਿਸ਼ੇ ਦੁਆਰਾ ਘੁੰਮਦੀ ਹੈ। ਜੇ ਇਸ ਗੱਲ ਨਾਲ ਘੜਮੱਸ ਨਹੀਂ ਸੀ ਪੈਂਦਾ, ਤਾਂ ਪੜ੍ਹਨ ਲਈ ਕਿਤਾਬ ਦੀ ਚੋਣ ਕਰਨਾ, ਜ਼ਰੂਰ ਇੱਕ ਧੰਦਾ ਬਣ ਜਾਂਦਾ ਸੀ। ਮੈਂ ਕਿਤਾਬਾਂ ਦੀ ਦੁਕਾਨ ‘ਚ ਵੜਕੇ ਜਦ ਬਾਹਰ ਆਉਂਦਾ, ਘਰਵਾਲੀ ਕਾਰ ’ਚ ਕੁੜ੍ਹੀ ਬੈਠੀ ਹੁੰਦੀ।

‘‘ਇਹ ਕਲਾਸਾਂ ਕਦੇ ਖਤਮ ਵੀ ਹੋਣਗੀਆਂ?’’ ਸੁਰਿੰਦਰ ਲਈ ਸਮਝਣਾ ਔਖਾ ਸੀ ਕਿ ਇਕ ਕਿਤਾਬ ਦੀ ਚੋਣ ਲਈ ਐਨਾ ਸਮਾਂ ਕਿਵੇਂ ਲੱਗ ਸਕਦਾ ਹੈ? ਮੈਂ ਵੱਖ ਵੱਖ ਕਿਸਮ ਦੀਆਂ ਸਵੈ-ਜੀਵਨੀਆਂ ਪੜ੍ਹਣਾ ਪਸੰਦ ਕਰਦਾਂ। ਕੁਝ ਪੜ੍ਹਨ ਲਈ, ਕੁਝ ਲਿਖਣਾ ਸਿੱਖਣ ਲਈ।

ਨਵੰਬਰ 22, 2018 ਤੱਕ, ਜਦ ਅਮ੍ਰੀਕਾ ਵਿਚ ਸ਼ੁਕਰਾਨਾ (Thanksgiving) ਤਿਓਹਾਰ ਮਨਾਇਆ ਜਾਂਦਾ ਹੈ, ਮੈਂ ਜਕੋਤੱਕੀ ਵਿਚ ਪਿਆ ਕਿਤਾਬ ਨਾ ਚੁਣ ਸਕਿਆ। ਕਲਾਸ ਨੇ ਦੋ ਹਫਤਿਆਂ ਵਿਚ ਖਤਮ ਹੋ ਜਾਣਾ ਸੀ। ਅਖੇ,‘‘ਵਿਹੜੇ ਆਈ ਜੰਨ, ਹੁਣ ਵਿੰਨੋ ਕੁੜੀ ਦੇ ਕੰਨ।” ਮੈਂ ਕੋਸ਼ਿਸ਼ ਤਾਂ ਬਥੇਰੀ ਕੀਤੀ ਸੀ, ਕਿਤਾਬਾਂ ਵੀ ਬਥੇਰੀਆਂ ਸਨ। ਕੁਝ ਟੱਬਰ ਦੀਆਂ ਖਰੀਦੀਆਂ, ਕੁਝ ਲਾਇਬਰੇਰੀ ਦੀਆਂ ਤਿਆਗੀਆਂ ਜਾਂ ਭੰਗ ਦੇ ਭਾਅ ਵੇਚੀਆਂ।

ਕਿਸੇ ਕਿਤਾਬ ਦੀ ਕਦਰ-ਕੀਮਤ ਪੜ੍ਹਨ ਵਾਲੇ ਤੇ ਨਿਰਭਰ ਹੁੰਦੀ ਹੈ। ਕੁਝ ਕਿਤਾਬਾਂ ਜੋ ਮੇਰੇ ਕੋਲ ਪਹਿਲਾਂ ਹੀ ਸਨ, ਉਹਨਾਂ ਲਈ ਮੈਂ ਦੁਕਾਨਾਂ ਵਿਚ ਭਟਕਦਾ ਫਿਰਦਾ ਰਿਹਾ। ਕਈਆਂ ਨੂੰ ਬਾਹਰੋਂ ਦੇਖਕੇ ਚਿੰਬੜਿਆ ਰਿਹਾ ਤੇ ਜਦ ਅੰਦਰ ਝਾਤ ਮਾਰੀ ਤਾਂ ਗਲ਼ੇ ਹੋਏ ਆਲੂਆਂ ਵਾਂਗ ਅੱਖਾਂ ਮੂਹਰੇ ਸੁੱਟ ਦਿੱਤੀਆਂ।

‘‘ਤੁਸੀਂ ਆਹ ਕਿਤਾਬ ਪੜ੍ਹਕੇ ਦੇਖੋ ਜੀ,’’ ਕਈ ਬੰਦੇ, ਮਸ਼ਹੂਰ ਲੋਕਾਂ ਦੀ ਭਾਰੀ ਪੁਸਤਕ ਮੇਰੇ ਵੱਲ ਕਰ ਦਿੰਦੇ। ਮੈਂ ਦੇਖ ਜਰੂਰ ਲੈਂਦਾ, ਪਰ ਸਿਆਸੀ ਬੰਦੇ ਦੀ ਲਿਖੀ-ਲਿਖਾਈ ਕਿਤਾਬ ਮੈਨੂੰ ਮੇਚ ਨਾ ਖਾਂਦੀ।

ਆਖਰ ਨੂੰ, ਜਦ ਸਾਡੀ ਜਮਾਤ ‘ਚ ਪੜ੍ਹ ਰਹੀ ਪੈਟੀ ਕਿੰਗਸਟਨ ਦੀ ਨਵੀਂ ਕਿਤਾਬ ਛਪੀ, ਮੇਰਾ ਮਸਲਾ ਹੱਲ ਹੋ ਗਿਆ। ਪੈਟੀ ਮੇਰੀ ਉਮਰ ਦੀ ਹੈ, ਭਾਵੇਂ ਸਾਡੇ ਜਨਮ ਅਸਥਾਨਾਂ ਵਿਚ ਸੱਤ ਸਮੁੰਦਰਾਂ ਦੀ ਵਿੱਥ ਹੈ। ਪੈਟੀ ਦਾ ਜਨਮ ਅਤੇ ਪਾਲਣ ਪੋਸਣ ਸਾਨ ਫਰਾਂਨਸਿਸਕੋ ਦੇ ਲਾਗਲੇ ਸ਼ਹਿਰ ਓਕਲੈਂਡ ਵਿਚ ਹੋਇਆ ਸੀ। ਮੇਰਾ ਬਚਪਨ ਇੰਡੀਆ ਵਿਚ ਬੀਤਿਆ, ਪਰ ਮੈਂ 1974-1976 ਵਿਚ ਓਕਲੈਂਡ ਦੇ ਪੜੋਸ ਵਿਚ ਰਿਹਾ ਸੀ। ਪੈਟੀ ਦੀ ਕਿਤਾਬ ਮੈਂ ਇਕੋ ਬੈਠਕ ਵਿਚ ਪੜ੍ਹ ਲਈ।

ਪਰ ਪੈਟੀ ਦੀ ਕਿਤਾਬ ਵਿਚ ਉਹ ਕੁਝ ਨਹੀਂ ਸੀ, ਜਿਸਦੀ ਮੈਂਨੂੰ ਭਾਲ ਸੀ। 1976 ਤੋਂ ਬਾਅਦ 35 ਸਾਲ ਅਸੀਂ ਅਮ੍ਰੀਕਾ ਦੇ ਪੂਰਬੀ ਤੱਟ ਨਾਲ ਲਗਦੇ ਸੂਬਿਆਂ ਵਿਚ ਬਿਤਾਏ। ਇਸ ਸਮੇਂ ਦੌਰਾਨ ਪੱਛਮੀ ਤੱਟ, ਕੈਲੇਫੋਰਨੀਆ ਵਿਚ ਬਹੁਤ ਕੁਝ ਬਦਲ ਚੁੱਕਾ ਸੀ। ਏਥੋਂ ਤੱਕ ਕਿ ਹਵਾ ਵੀ ਬਦਲ ਚੁੱਕੀ ਸੀ। ਸੰਨ 1989 ਦੇ ਭੁਚਾਲ ਨੇ ਸਾਨ ਫਰਾਂਨਸਿਸਕੋ ਨੂੰ ਓਕਲੈਂਡ ਨਾਲ ਮਿਲਾਉਂਦਾ ਪੁਲ ਤਬਾਹ ਕਰ ਦਿੱਤਾ ਸੀ, ਜਿਸ ਦੀਆਂ ਤਸਵੀਰਾਂ ਲੋਕਾਂ ਨੂੰ ਅਜੇ ਵੀ ਯਾਦ ਹਨ। ਇਸੇ ਤਰ੍ਹਾਂ ਇਸ ਇਲਾਕੇ ਬਾਰੇ ਜੁੜੀਆਂ ਹੋਰ ਵੀ ਬਹੁਤ ਯਾਦਾਂ ਹਨ। ਜਿਵੇਂ ਪੈਟੀ ਹਰਸਟ, ਹਿੱਪੀ ਜੀਵਨ ਵਾਲੇ ਲੋਕ, ਐਲ. ਐਸ. ਡੀ. ਦਾ ਨਸ਼ਾ, ਐਚ. ਆਈ. ਵੀ. ਅਤੇ ਏਡਜ਼ ਦੇ ਰੋਗ, ਜੋ ਅਕਸਰ ਸਾਨ ਫਰਾਂਨਸਿਸਕੋ ਨਾਲ ਜੋੜੇ ਜਾਂਦੇ ਹਨ, ਅਤੇ ਜੀਵ-ਟੈਕਨਾਲੋਜੀ ਦੀਆਂ ਕੰਪਨੀਆਂ ਦਾ ਉਥੇ ਖੁੰਬਾਂ ਵਾਂਗ ਉੱਗ ਪੈਣਾ, ਇਤ-ਆਦਿ।

ਜਿਸ ਬੰਦੇ ਦਾ ਕਿੱਤਾ ਵਿਗਿਆਨ ਨਾ ਹੋਵੇ, ਉਸਤੋਂ ਵਿਗਿਆਨ ਦੀਆਂ ਨਵੀਂਆਂ ਖੋਜਾਂ ਬਾਰੇ ਲਿਖਣ ਦੀ ਆਸ ਨਹੀਂ ਕਰਨੀ ਚਾਹੀਦੀ। ਪਰ ਪੈਟੀ ਦੀ ਕਿਤਾਬ ਮੈਂ ਇਸ ਕਰਕੇ ਵੀ ਪੜ੍ਹ ਰਿਹਾ ਸੀ ਕਿ ਕੀ ਉਹਨੇ ਸਮੇਂ ਦੇ ਸਮਾਜਕ ਮੁੱਦਿਆਂ ਬਾਰੇ ਕੁਝ ਲਿਖਿਆ ਹੈ। ਫਿਰ ਸਮਝ ਆਈ ਕਿ ਪੈਟੀ ਨੇ ਸਿਰਫ ਆਪਣੇ 1940 ਤੋਂ ਸ਼ੁਰੂ ਹੋਏ ਬਚਪਨ ਬਾਰੇ ਲਿਖਿਆ ਸੀ।

ਯਾਦ-ਦਾਸਤਾਂ ਏਦਾਂ ਹੀ ਲਿਖੀਆਂ ਜਾਂਦੀਆਂ ਹਨ। ਇਹ ਪੂਰੀ ਸਵੈ-ਜੀਵਨੀ ਨਹੀਂ ਹੁੰਦੀ। ਨਵੇਂ ਯਾਦ-ਦਾਸ਼ਤ ਲਿਖਾਰੀਆਂ ਲਈ ਇਹ ਯਾਦ ਰੱਖਣ ਵਾਲਾ ਨੁਕਤਾ ਹੈ।

ਸੰਖੇਪ ਵਿੱਚ, ਪੈਟੀ ਕਿੰਗਸਟਨ ਦੀ ਲਿਖੀ ਯਾਦ-ਦਾਸ਼ਤ, ਉਹਦੇ 1940 ਤੋਂ ਸ਼ੁਰੂ ਹੋਏ ਬਚਪਨ ਬਾਰੇ ਹੈ। ਪੜ੍ਹਨ ਤੇ ਸਮਝਣ ਨੂੰ ਸੌਖੀ ਤੇ ਮਾਣਨਯੋਗ ਹੈ। ਤਸਵੀਰਾਂ ਲਿਖਤ ਨੂੰ ਬੋਝਲ ਨਹੀਂ ਬਣਨ ਦੇਂਦੀਆਂ। ਇਹ ਕਿਤਾਬ ਸਾਂਝੇ ਮੇਜ ਤੇ ਰੱਖੀ ਜਾ ਸਕਦੀ ਹੈ। ਪੈਟੀ ਦੇ ਵੰਸ਼ ਲਈ ਖੁਸ਼ੀ ਦਾ ਭੰਡਾਰ ਇਹ ਬਣੀ ਰਹੇਗੀ।

ਇਸ ਕਿਤਾਬ ਤੋਂ ਯਾਦ-ਦਾਸ਼ਤ ਲਿਖਣ ਲਈ ਅਗਵਾਈ ਮਿਲਦੀ ਹੈ। ਬੱਸ ਜਿਸਤਰ੍ਹਾਂ ਪੈਟੀ ਨੇ ਲਿਖਿਆ, ਤੁਸੀਂ ਵੀ ਲਿਖੀ ਜਾਓ। ਜਿੱਥੇ ਤੁਹਾਡਾ ਜੀਵਨ ਵੱਖਰਾ ਹੈ, ਵੱਖਰਾਪਣ ਦਿਖਾ ਦਿਓ। ਜਿਵੇਂ ਘਰ-ਬਾਰ, ਖਾਣੇ-ਪਕਾਣੇ, ਆਦਤਾਂ, ਕੁਦਰਤ ਦੇ ਨਜ਼ਾਰੇ, ਅਤੇ ਆਫਤਾਂ ਜੋ ਤੁਹਾਡੀ ਜ਼ਿੰਦਗੀ ਵਿਚ ਆਈਆਂ, ਅਤੇ ਤੁਹਾਡੇ ਸਮੇਂ ਦੇ ਸੁੱਖਾਂ ਦੁੱਖਾਂ ਦੇ ਗਾਣੇ-ਬਜਾਣੇ। ਕੁਝ ਆਪਣੇ ਮਾਪਿਆਂ ਬਾਰੇ, ਭੈਣ-ਭਰਾਵਾਂ ਅਤੇ ਆਂਢੀਆਂ-ਗੁਆਂਢੀਆਂ ਬਾਰੇ ਲਿਖਦੇ ਸਮੇਂ, ਹਾਸੇ-ਮਖੌਲ ਦੀਆਂ ਗੱਲਾਂ ਲਿਖ ਛੱਡੋ। ਚੱਲ ਮੇਰੇ ਭਾਈ, ਗੱਲ ਖਤਮ ਹੋਈ।

ਪਰ ਇਹ ਇਤਨਾ ਸਾਦਾ ਕੰਮ ਵੀ ਨਹੀਂ। ਸਿਰਫ ਬੁੱਧੀ-ਮਾਨ ਹੀ ਸਮਝ ਸਕਦੇ ਹਨ ਕਿ ਸਾਦੇ ਕੰਮ ਸਮੇਂ ਸਿਰ ਖਤਮ ਕਰਨੇ ਜਰੂਰੀ ਹੁੰਦੇ ਹਨ।

***

ਭਾਗ 3
ਸੰਗੀਤ
ਅਧਿਆਇ 15
ਸੰਗੀਤ ਦੀ ਉਤਪਤੀ

ਮੇਰੇ ਸਕੂਲ ਅਤੇ ਕਾਲਜ ਵਿਚ ਸੰਗੀਤ ਨਹੀਂ ਸੀ ਪੜ੍ਹਾਇਆ ਜਾਂਦਾ, ਇਸ ਲਈ ਮੈਂ ਇਸ ਪੱਖੋਂ ਕੁਝ ਵੀ ਨਾ ਸਿੱਖ ਸਕਿਆ। ਸੰਗੀਤ, ਫਿਰ ਵੀ, ਮੇਰੇ ਆਲੇ ਦੁਆਲੇ ਘੁੰਮਦਾ ਰਹਿੰਦਾ ਸੀ, ਪਿੰਡਾਂ ਵਿਚ, ਖੇਤਾਂ ਵਿਚ, ਅਤੇ ਭਜਨ ਬੰਦਗੀ ਦੀਆਂ ਥਾਵਾਂ ਤੇ।

ਪਿੰਡਾਂ ਵਿਚ ਲਾਊਡ ਸਪੀਕਰ ਉਨਾ ਚਿਰ ਚਲਦੇ ਰਹਿੰਦੇ, ਜਿੰਨਾਂ ਚਿਰ ਕੋਈ ਅਸ਼ਲੀਲ ਗਾਣੇ ਹਟਾਉਣ ਦੀ ਗੱਲ ਨਾ ਕਰਦਾ। ਵਿਆਹ-ਸ਼ਾਦੀ ਜਾਂ ਹੋਰ ਤਿਉਹਾਰ ਸਮੇਂ ਕੰਨ-ਪਾੜ ਗਾਣੇ ਦਿਨ ਵਿਚ ਸ਼ੁਰੂ ਹੋ ਜਾਂਦੇ ਅਤੇ ਦੇਰ ਤੱਕ ਚਲਦੇ ਰਹਿੰਦੇ।

ਧਾਰਮਕ ਅਸਥਾਨਾਂ ‘ਚੋਂ ਭਜਨ-ਬੰਦਗੀ ਦੀਆਂ ਆਵਾਜਾਂ ਤੜਕੇ ਕੁੱਕੜ ਦੀ ਬਾਂਗ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ, ਧਾਰਾਂ ਕੱਢਣ ਅਤੇ ਦੁੱਧ ਰਿੜਕਣ ਤੱਕ ਚਲਦੀਆਂ ਰਹਿੰਦੀਆਂ। ਫਸਲਾਂ ਬੀਜਣ ਵੱਢਣ ਸਮੇਂ ਬਲਦਾਂ ਦੀਆਂ ਟੱਲੀਆਂ ਖੜਕਣ ਲੱਗ ਪੈਂਦੀਆਂ।

ਖੇਤਾਂ, ਵਿਹੜਿਆਂ, ਸੜਕਾਂ, ਅਤੇ ਨਹਿਰਾਂ ਦੇ ਦਰਖਤ, ਗਰਮ ਰੁੱਤਾਂ ਵਿਚ ਕਾਮਿਆਂ ਨੂੰ ਰੋਟੀ ਖਾਣ ਵੇਲੇ ਛਾਂ ਕਰਦੇ। ਜਦ ਹਵਾ ਦਾ ਬੁਲਾ ਆਉਂਦਾਂ, ਪਿੱਪਲਾਂ ਬੋਹੜਾਂ, ਟਾਲੀਆਂ ਦੇ ਪੱਤੇ ਆਪੋ-ਆਪਣਾ ਸੰਗੀਤ ਪਰਦਾਨ ਕਰਦੇ।
ਸੰਗੀਤ ਨਾਲ ਮੇਰਾ ਰਿਸ਼ਤਾ ਉਦੋਂ ਦਾ ਬਣਿਆ ਹੋਇਆ ਹੈ ਜਦੋਂ ਬੱਚੇ ਹੁੰਦਿਆਂ ਮੀਊਜ਼ਕ ਮੈਂ ਗੁਰਦਵਾਰਿਆਂ ਜਾਂ ਪਿੰਡਾਂ ਦੇ ਮੇਲਿਆਂ ਤੇ ਵਜਦਾ ਦੇਖਿਆ ਸੀ। ਮੈਂਨੂੰ ਢੋਲ ਦੀ ਆਵਾਜ ਕੱਢਣ ਵਾਲਿਆਂ ਤੇ ਹੈਰਾਨੀ ਹੁੰਦੀ। ਜੇ ਮੈਂਨੂੰ ਮੌਕਾ ਮਿਲਦਾ ਮੈਂ ਬਚਪਨ ਵਿਚ ਢੋਲ ਸਿੱਖ ਲੈਣਾ ਸੀ। ਮੇਰੇ ਹੋਰ ਵੀ ਸ਼ੌਕ ਹੁੰਦੇ ਸਨ। ਇਸ ਲਈ ਢੋਲ ਬਿਨਾ ਵੀ ਸਰ ਗਿਆ।

ਜਦ 1977-79 ਵਿਚ ਅਸੀਂ ਨੀਊ ਯਾਰਕ ਸ਼ਹਿਰ ਵਿਚ ਰਹਿੰਦੇ ਸੀ, ਤਾਂ ਅਕਸਰ ਹਰ ਹਫ਼ਤੇ ਇਕ ਵਾਰ ਅਸੀਂ ਰਿਚਮੰਡ ਹਿੱਲ ਦੇ ਗੁਰਦੁਆਰੇ ਜਾਂਦੇ ਜਿੱਥੇ ਕੀਰਤਨ ਸੁਣਦੇ, ਅਤੇ ਲੰਗਰ ਛਕਦੇ, ਕਦੇ ਕਦੇ ਸੇਵਾ ਵੀ ਕਰਦੇ। ਉਥੇ ਮੇਰਾ ਸੰਪਰਕ ਤਬਲਾ ਵਾਦਕ ਇਕਬਾਲ ਸਿੰਘ ਨਾਲ ਬਣ ਗਿਆ। ਉਹ ਬੰਦਾ ਵੀ ਨੇਕ ਸੀ, ਤਬਲਾ ਵੀ ਵਧੀਆ ਵਜਾਉਂਦਾ ਸੀ, ਪਰ ਮੇਰੇ ਪਾਸ ਅਭਿਆਸ ਲਈ ਸਮਾਂ ਨਹੀਂ ਸੀ। ਤਬਲਾ ਸਿੱਖਣਾ ਕੋਈ ਖੇਡ ਨਹੀਂ, ਇਹ ਲਗਨ ਤੇ ਮਿਹਨਤ ਮੰਗਦਾ ਹੈ।

ਤਿੰਨ ਦਹਾਕੇ ਬਾਅਦ, 2010 ਵਿਚ, ਜਦ ਅਸੀਂ ਇੱਥਕਾ (ਨੀਊ ਯਾਰਕ) ਤੋਂ ਕੈਲੇਫੋਰਨੀਆ ਜਾ ਵਸੇ, ਮੈਂ ਢੋਲ-ਢਮੱਕੇ ਵਾਲੇ ਸਾਜ ਸਿੱਖਣ ਲਈ ਮਨ ਬਣਾ ਲਿਆ। ਇਸ ਸਮੇਂ ਮੇਰਾ ਕੈਂਸਰ ਦਾ ਹਊਆ ਖਤਮ ਹੋ ਚੁੱਕਿਆ ਸੀ। ਸਾਇੰਸ ਦਾ ਪਿੱਛਾ ਹੁਣ ਮੈਂ ਛੱਡ ਦਿੱਤਾ ਸੀ। ਭਾਰੀ ਕੰਮਾਂ ਅਤੇ ਖੇਡਾਂ ਦੇ ਵੀ ਮੈਂ ਕਾਬਲ ਨਹੀਂ ਸੀ ਰਿਹਾ। ਸਾਇੰਸ ਵੇਲੇ ਦੇ ਸਾਥੀ ਓਪਰੇ ਹੋ ਚੁੱਕੇ ਸਨ। ਸਾਰੇ ਘਾਟੇ ਪੂਰੇ ਕਰਨ ਦਾ ਵਸੀਲਾ ਮੇਰੇ ਲਈ ਹੁਣ ਸੰਗੀਤ ਹੀ ਹੋ ਗਿਆ।

ਸੈਕਰਾਮੈਂਟੋ ਦੇ ਇਲਾਕੇ ਵਿਚ, ਬਹੁਤ ਦਿਲਚਸਪ ਰੁਝਾਨ ਸਨ। ਮੈਂ ਵੋਲੰਟੀਅਰ ਕੰਮ ਵੀ ਕਰਨਾ ਚਾਹਿਆ, ਪਰ ਛੇਤੀ ਅਨੁਭਵ ਕੀਤਾ ਕਿ ਮੇਰੀ ਜਿਸਮਾਨੀ ਤਾਕਤ ਮੇਚ ਦੀ ਨਹੀਂ।

ਇਕ ਵਾਰ ਮੈਂ ਸੈਕਰਾਮੈਂਟੋ ਦੇ ਨਾਲ ਲਗਦੇ ਸ਼ਹਿਰ ਐਲਕ ਗਰੋਵ ਗਿਆ ਜਿੱਥੇ ਪੰਜਾਬੀ ਵਿਰਸੇ ਦੇ ਲੋਕ ਪਾਰਕ ਵਿਚ ਮੇਲਾ ਸਜਾਕੇ ਮੌਜਾਂ ਲੈ ਰਹੇ ਸਨ। ਉਥੇ ਮੈਂ ਉਸਤਾਦ ਲਾਲ ਸਿੰਘ ਭੱਟੀ ਨੂੰ ਢੋਲ ਵਜਾਉਂਦਾ ਦੇਖਿਆ, ਜੋ ਇੰਡੀਆ ਦਾ ਮਸ਼ਹੂਰ ਢੋਲੀ ਹੁੰਦਾ ਸੀ। ਮੇਰੇ ਤੇ ਏਨਾਂ ਅਸਰ ਹੋਇਆ ਕਿ ਮੈਂ ਉਹਦੇ ਨਾਲ ਪਾਰਕ ਵਿਚ ਗੱਲ ਨਿਬੇੜ ਕੇ ਉਹਦੇ ਬੇ-ਏਰੀਆ, ਫਰੀਮਾਂਟ ਵਾਲੇ ਘਰ ਜਾਣ ਲੱਗ ਪਿਆ। ਉਸ ਵੇਲੇ, ਮੇਰਾ ਘਰ ਫਰੀਮਾਂਟ ਤੋਂ 120 ਮੀਲ ਤੇ ਸੀ। ਮੇਰੇ ਅੰਦਰ ਬਚਪਨ ਦੇ ਅਰਮਾਨ ਪੂਰੇ ਕਰਨ ਲਈ ਚਾਹਨਾ, ਲਗਨ, ਦ੍ਰਿੜਤਾ, ਅਤੇ ਜਿਗਰੇ ਵਰਗੀਆਂ ਅੱਗਾਂ ਸਨ।
ਉਸਤਾਦ ਭੱਟੀ, ਤੀਖਣ ਬੁੱਧੀ ਵਾਲਾ ਬੰਦਾ, ਕਈ ਸਾਜ਼ ਬਜਾ ਲੈਂਦਾ ਹੈ। ਉਹਨੇ ਮੈਂਨੂੰ ਢੋਲ ਤੇ ਕਹਿਰਵਾ, ਅੱਠ ਮਾਤਰਾ ਤਾਲ, ਸਿਖਾਉਣਾ ਸ਼ੁਰੂ ਕੀਤਾ। ਤਾਲਾਂ ਬਾਰੇ ਕੁਝ, ਮੈਂ ਆਪਣੇ-ਆਪ ਪੜ੍ਹਨਾ ਸ਼ੁਰੂ ਕਰ ਲਿਆ ਤੇ ਅਨੁਮਾਨ ਲਾਇਆ ਕਿ ਕਹਿਰਵਾ ਦੁਨੀਆ ਦੇ ਪੂਰਬੀ ਅਤੇ ਪੱਛਮੀ ਦੇਸਾਂ ਦੀ ਪਰਮੁੱਖ ਤਾਲ ਹੈ। ਮੈਂ ਦੁਨੀਆ ਦੇ ਸਾਰੇ ਮੁਲਕਾਂ ਦੀਆਂ ਅੱਠ ਮਾਤਰਾਂ ਵਾਲੀਆਂ ਤਾਲਾਂ ਨਾਲ ਢੋਲ ਵਜਾਕੇ ਅਭਿਆਸ ਕਰਿਆ। ਫੇਰ ਭੱਟੀ ਸਾਹਿਬ ਨੇ ਹਾਰਮੋਨੀਅਮ ਅਤੇ ਤੂੰਬੀ ਦੀ ਮੁਢਲੀ ਜਾਣਕਾਰੀ ਦਿੱਤੀ। ਹੌਲੀ ਹੌਲੀ ਢੱਡ ਤੇ ਵੀ ਕਹਿਰਵਾ ਸ਼ੁਰੂ ਕਰ ਲਿਆ। ਢੋਲ ਨਾਲੋਂ ਢੱਡ ਬਹੁਤ ਛੋਟੀ ਹੋਣ ਕਰਕੇ ਚੁੱਕਣੀ ਸੌਖੀ ਹੈ। ਥੋੜੀ ਦੇਰ ਅਮਰੀਕਣ ਸਾਜ਼ ਉਕੁਲੀਲੀ (Ukulele) ਸਿੱਖਣ ਦਾ ਯਤਨ ਕੀਤਾ। ਉਕੁਲੀਲੀ ਤਾਰਾਂ ਵਾਲਾ ਸਾਜ ਹੈ ਜਿਸਦੀ ਮੁਢਲੀ ਜਾਣਕਾਰੀ ਮੈਂ ਸੈਕਰਾਮੈਂਟੋ ਇਲਾਕੇ ਦੇ ਸਿਆਰਾ ਕਾਲਜ ਤੋਂ ਲਈ।

ਜਦ ਮੇਰਾ ਹੱਥ ਟਿਕਣ ਲੱਗਾ, ਮੈਂ ਜ਼ਿਆਦਾ ਸਮਾਂ ਢੱਡ ਤੇ ਲਾਉਂਦਾ। ਉਸ ਸਮੇਂ ਬਾਕੀ ਦੇ ਸਾਜ਼ ਕੋਨੇ ‘ਚ ਟਿਕੇ ਰਹੇ। ਕਈ ਮਹੀਨੇ ਢੱਡ ਵਜਾਉਣਾ ਮੇਰੇ ਲਈ ਰੋਜ਼ਾਨਾ ਸ਼ੌਕ ਰਿਹਾ। ਜਦ ਮੈਂ ਇੰਡੀਆ ਜਾਂਦਾ, ਮੇਲਿਆਂ ਤੇ ਢੱਡ-ਸਾਰੰਗੀ ਸੁਣਕੇ ਆਉਂਦਾ।

ਇਕਲੋਤਾ ਹੋਣ ਕਰਕੇ ਮੈਂ ਢੱਡ ਦਾ ਮਾਹਰ ਤਾਂ ਨਾ ਬਣ ਸਕਿਆ, ਪਰ ਇਸ ਨਾਲ ਮੈਂ ਗੁਜ਼ਾਰੇ ਜੋਗੀ ਢੱਡ ਵਜਾਉਣ ਲੱਗ ਪਿਆ, ਇਕ ਐਸਾ ਸਾਜ਼ ਜੋ ਮੈਂਨੂੰ ਸਾਇੰਸ ਜਿੰਨਾ ਪਸੰਦ ਹੈ, ਸ਼ਾਇਦ ਹੁਣ ਉਸਤੋਂ ਵੀ ਵੱਧ। ਜਦ ਮੈਂ ਪੰਜਾਬ ਜਾਂਦਾ, ਬੱਚਿਆਂ ਨੂੰ ਸੰਗੀਤ ਸਿਖਾਉਂਦਾ। ਮੇਰੀ ਉਮਰ ਦੇ ਲੋਕਾਂ ਦੇ ਮੁਕਾਬਲੇ, ਬੱਚੇ ਸੰਗੀਤ ਛੇਤੀ ਫੜ ਲੈਂਦੇ ਹਨ।

 

ਕੈਂਸਰ ਤੋਂ 20 ਸਾਲ ਪਹਿਲਾਂ ਲੇਖਕ ਆਪਣੀ ਇੱਥਕਾ (ਨੀਊ ਯਾਰਕ) ਦੀ ਰਿਹਾਇਸ਼ ਵਿਚ ਤਬਲਾ ਵਜਾਉਣ ਦੀ ਕਲਪਨਾ ਕਰਦਾ, ਫੋਟੋ 1979

 

ਸਿੰਘ ਭੱਟੀ ਸਾਨ ਹੋਜੇ, ਕੈਲੇਫੋਰਨੀਆ ਵਿਚ ਰਚਾਏ ਗਏ ਇਕ ਵਿਆਹ ਸਮੇਂ
:ਅਨੇਕਤਾ ਵਿਚ ਏਕਤਾ: ਲੇਖਕ ਸਾਨ ਫਰਾਂਸਿਸਕੋ ਦੀਆਂ ਸੜਕਾਂ ਤੇ ਅੱਠ-ਮਾਤਰਾ ਕਹਿਰਵਾ ਤਾਲ ਦੀ ਭਾਲ ਵਿਚ

***

ਅਧਿਆਇ 16
ਮੇਰੇ ਸੰਗੀਤਕ ਦੋਸਤ
ਉਹ ਹਨ ਮੇਰੇ ਦਿਲ ਦੇ ਨੇੜੇ ਜੀਹਨਾਂ ਨਾਲ ਮੈਂ ਲਾਏ ਗੇੜੇ—ਗੁਰਦੇਵ ਸਿੰਘ ਘਣਗਸ

ਭਾਰਤੀ ਸੰਗੀਤ ਦਿਲ ਤੇ ਅਸਰ ਕਰਨ ਵਾਲੀ ਸ਼ੈਅ ਹੈ। ਇਸਦਾ ਝੱਸ ਵੀ ਪੈ ਸਕਦਾ ਹੈ। ਇੰਡੀਆ ਦੀਆਂ ਫਿਲਮਾਂ ਵਿਚ ਜੇਕਰ ਪੰਜ-ਛੇ ਗਾਣੇ ਨਾ ਹੋਣ, ਤਾਂ ਫੇਲ੍ਹ ਹੋ ਜਾਂਦੀਆਂ ਹਨ। ਸੰਗੀਤ ਨਾਲ ਲੱਦੀਆਂ ਦੇਸੀ ਫਿਲਮਾਂ ਪਾਕਿਸਤਾਨ, ਅਫਗਾਨਿਸਤਾਨ, ਚੀਨ, ਮਿਸਰ, ਅਤੇ ਨਾਈਜੀਰੀਆ ਮੁਲਕਾਂ ਵਿੱਚ ਬਹੁਤ ਚਲਦੀਆਂ ਹਨ।

ਰੂਹਾਨੀ ਸੰਗੀਤ ਇੰਡੀਆ ਵਿਚ ਆਮ ਚਲਦਾ ਰਹਿੰਦਾ ਹੈ। ਭਾਰਤੀ ਸੰਗੀਤ ਭਾਰਤ ਦਾ ਸਦੀਆਂ ਤੋਂ ਅਨਿੱਖੜਵਾਂ ਅੰਗ ਹੈ, ਆਦਮ ਦੇ ਵੇਲੇ ਤੋਂ। ਜਿਹੜੇ ਲੋਕ ਇਸ ਧਰਤੀ ਤੇ ਜਨਮਦੇ ਹਨ, ਭਾਵੇਂ ਬਿਦੇਸਾਂ ਵਿਚ ਜਾ ਵਸਦੇ ਹਨ, ਸੰਗੀਤ ਨਾਲ ਫਿਰ ਵੀ ਜੁੜੇ ਰਹਿੰਦੇ ਹਨ।

ਭਾਰਤੀ ਸੰਗੀਤ ਬਚਪਨ ਤੋਂ ਹੀ ਮੈਂਨੂੰ ਬਹੁਤ ਪਸੰਦ ਹੈ, ਇੰਡੀਆ ਦੀਆਂ ਹੋਰ ਰਵਾਇਤਾਂ ਨਾਲੋਂ। ਖਾਸ ਕਰਕੇ ਪੰਜਾਬ ਦੇ ਲੋਕ ਗੀਤ। ਕਦੇ ਕਦੇ ਅਮਰੀਕਾ ਦੇ ਲੋਕ ਗੀਤਾਂ ਵਿਚ ਪੰਜਾਬ ਦੇ ਲੋਕ ਗੀਤਾਂ ਦੀ ਝਲਕ ਮਾਰਦੀ ਹੈ।

ਜਿਸ ਤਰ੍ਹਾਂ ਦੁਨੀਆ ਦੇ ਵੱਖਰੇ ਵੱਖਰੇ ਲੋਕਾਂ ਵਿਚ ਸਾਂਝਾਂ ਹਨ, ਇਸੇ ਤਰ੍ਹਾਂ ਸੰਗੀਤ ਵਿਚ ਵੀ ਹਨ। ਇਕ ਮੂਲ ਸਾਂਝ ਕਹਿਰਵਾ ਤਾਲ ਦੀ ਹੈ, ਜੋ ਅੱਠ ਚੋਟਾਂ ਵਾਲੀ ਚਾਲ ਹੈ। ਜੇ ਤੁਸੀਂ ਇਸ ਤਾਲ ਨੂੰ ਢੋਲ ਤੇ ਵਜਾਣਾ ਸਿੱਖ ਲਵੋ ਤਾਂ ਹੋਰ ਸਾਜਾਂ ਤੇ ਵਜਾਉਣ ਵਿਚ ਸੌਖ ਰਹਿੰਦੀ ਹੈ, ਇਸ ਗੱਲ ਦੀ ਮੈਂਨੂੰ ਖੁਦ ਸਮਝ ਪੈ ਗਈ।

ਕੈਂਸਰ ਤੋਂ ਬਾਅਦ ਮੇਰਾ ਸਾਇੰਸ ਦਾ ਕੰਮ ਠੱਪ ਹੋ ਗਿਆ, ਪਰ ਲਿਖਣਾ ਅਤੇ ਸੰਗੀਤ ਮੇਰੇ ਰੋਜ਼ਾਨਾ ਜੀਵਨ ਵਿਚ ਪਰਵੇਸ਼ ਕਰ ਗਏ। ਜਦ ਮੈਂ ਲਿਖਦਾ ਪੜ੍ਹਦਾ ਨਾ ਹੁੰਦਾ ਤਾਂ ਅਕਸਰ ਮੈਂ ਕਿਸੇ ਸਾਜ਼ ਨਾਲ ਜੁੜਿਆ ਹੁੰਦਾ। ਵੱਡੀ ਉਮਰ ਵਿਚ ਵਧਣ-ਫੁੱਲਣ ਅਤੇ ਸੌਖਿਆਂ ਬੁਢਾਪਾ ਭੋਗਣ ਲਈ ਸਾਜਾਂ ਨਾਲ ਸਮਾਂ ਚੰਗਾ ਸਿੱਧ ਹੋਇਆ।

ਮੈਂ ਦੋ ਤਰ੍ਹਾਂ ਦੇ ਸਾਜ ਵਜਾਉਣੇ ਸਿੱਖ ਰਿਹਾ ਹਾਂ: ਇਕ ਉਹ ਜੋ ਸੁਰ ਨਾਲ ਸੰਬੰਧਤ ਹਨ ਅਤੇ ਦੂਜੇ ਉਹ ਜੋ ਤਾਲ ਨਾਲ ਸੰਬੰਧ ਰਖਦੇ ਹਨ।

ਹਾਰਮੋਨੀਅਮ:
ਹਾਰਮੋਨੀਅਮ ਇਕ ਸੁਰ ਪੱਟੀ ਤੇ ਕੀ-ਬੋਰਡ ਨਾਲ, ਸੁਰਾਂ ਕੱਢਣ ਵਾਲਾ ਸਾਜ਼ ਹੈ। ਹਾਰਮੋਨੀਅਮ ਇੰਡੀਆ, ਪਾਕਿਸਤਾਨ, ਤੇ ਅਫਗਾਨਿਸਤਾਨ ਵਿਚ ਆਮ ਵਰਤਿਆ ਜਾਂਦਾ ਹੈ। ਇਸਦੀ ਆਵਾਜ਼ ਪੱਖੇ ਨਾਲ ਧੱਕੀ ਹਵਾ, ਵਾਜੇ ਵਿਚਲੀ ਰੀਡ ਜਾ ਰੀਡਾਂ ਰਾਹੀਂ ਬਾਹਰ ਜਾਂਦੀ ਆਵਾਜ਼ ਦੇਂਦੀ ਹੈ। ਹਾਰਮੋਨੀਅਮ ਦਾ ਕੀ-ਬੋਰਡ ਪਿਆਨੋ ਜੈਸਾ ਹੁੰਦਾ ਹੈ। ਇਸਦੇ ਨੋਟ ਧੁਨ ਅਨੁਸਾਰ ਵਜਾਏ ਜਾਂਦੇ ਹਨ। ਇਹ ਨੋਟ 8 ਮਾਤਰਾਂ ਦੇ ਚੱਕਰ ਅਨੁਸਾਰ ਚਲਦੇ ਰਹਿੰਦੇ ਹਨ। ਜੋ ਇਸ ਤਰ੍ਹਾਂ ਹਨ:
ਸਾ ਰੇ ਗਾ ਮਾ ਪਾ ਧਾ ਨੀ ਸਾ (Sa Re Ga Ma Pa Dha Ni Sa*)

ਅੰਗਰੇਜ਼ੀ ਵਿਚ ਇਨ੍ਹਾਂ ਨੂੰ ਕਿਹਾ ਜਾਂਦਾ ਹੈ:
ਡੋ ਰੇ ਮੀ ਫਾ ਸੋ ਲਾ ਟੀ ਡੋ (Do Re Mi Fa So La Ti Do*)

ਢੋਲ:
ਇਕ ਖਾਸ ਕਿਸਮ ਦੀ ਲੱਕੜ ਤੋਂ ਬਣਾਇਆ, ਢੋਲ ਅੰਦਰੋਂ ਖਾਲੀ ਤੇ ਬਾਹਰੋਂ ਗੋਲ਼ ਹੁੰਦਾ ਹੈ ਜਿਸਦੇ ਦੋਨੋਂ ਪਾਸੇ ਆਮ ਤੌਰ ਤੇ ਸੂਖਮ ਚੰਮੜੀ ਨਾਲ ਢਕੇ ਹੁੰਦੇ ਹਨ। ਚੰਮੜੀ ਤੇ ਡੱਗੇ ਨਾਲ ਸੱਟ ਮਾਰਿਆਂ ਆਵਾਜ਼ ਪੈਦਾ ਹੁੰਦੀ ਹੈ। ਇਕ ਅੱਠ ਚੋਟਾਂ ਵਾਲੀ ਚਾਲ, ਜਿਸਨੂੰ ਕਹਿਰਵਾ ਕਹਿੰਦੇ ਹਨ, ਹੇਠਾਂ ਲਿਖੀ ਹੋਈ ਹੈ:
ਧਾ ਨਾ ਤਾ ਨਾ
ਤਾ ਨਾ ਧਾ ਨਾ

ਸਾਰੰਗੀ:
ਦਿਓਦਾਰ ਰੁੱਖ ਦੇ ਇੱਕੋ ਟੋਟੇ ਨੂੰ ਤਰਾਸ਼ ਕੇ ਬਣਾਈ-, ਸਾਰੰਗੀ ਇਕ ਛੋਟੇ ਗਲੇ ਵਾਲਾ ਸਾਜ਼ ਹੈ ਜਿਸਦੀ ਆਵਾਜ਼ ਤਾਰਾਂ ‘ਚੋਂ ਪੈਦਾ ਕੀਤੀ ਜਾਂਦੀ ਹੈ। ਇਹ ਇੰਡੀਆ ਅਤੇ ਨੇਪਾਲ ਦਾ ਮਨਭਾਉਂਦਾ ਸਾਜ਼ ਹੈ। ਇਹ ਭਾਰਤੀ ਪੁਰਾਤਨ ਸੰਗੀਤ ਦਾ ਅਹਿਮ ਭਾਗ ਹੈ, ਜਿਸਦੀ ਆਵਾਜ਼ ਮਨੁੱਖੀ ਆਵਾਜ਼ ਦੇ ਨੇੜੇ ਲਿਆਂਦੀ ਜਾ ਸਕਦੀ ਹੈ।

ਢੱਡ:
ਢੱਡ ਇਕ ਹਲਕਾ ਢੋਲ ਹੈ, ਜੋ ਇਕ ਹੱਥ ਨਾਲ ਫੜਿਆ ਜਾਂਦਾ ਹੈ, ਦੂਜੇ ਹੱਥ ਦੀਆਂ ਉਂਗਲਾਂ ਨਾਲ ਵਜਾਇਆ ਜਾਂਦਾ ਹੈ। ਢੱਡ ਵਜਾਉਣ ਵਾਲਿਆਂ ਨੂੰ ਢਾਡੀ ਸੱਦਿਆ ਜਾਂਦਾ ਹੈ। ਢਾਡੀ ਲੋਕ ਅਕਸਰ ਇਤਿਹਾਸਕ ਬਹਾਦਰ ਲੋਕਾਂ ਦੀਆਂ ਗਾਥਾਵਾਂ ਗਾਉਂਦੇ ਹਨ। ਇਕ ਢਾਡੀ ਜੱਥੇ ਵਿਚ ਇਕ ਸਾਰੰਗੀ ਵਾਦਕ ਅਤੇ ਦੋ ਢੱਡ ਦੇ ਮਾਹਰ ਹੁੰਦੇ ਹਨ।

ਤਬਲਾ:
ਤਬਲੇ ਦੀ ਜੋੜੀ ਵੀ ਚੋਟ ਮਾਰਕੇ ਆਵਾਜ਼ ਕੱਢਣ ਵਾਲਾ ਸਾਜ਼ ਹੈ ਜੋ ਇੰਡੀਆ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਬੰਗਲਾ ਦੇਸ਼, ਅਤੇ ਸ਼੍ਰੀ ਲੰਕਾ ਦੇ ਪ੍ਰਚੱਲਤ ਸੰਗੀਤ ਵਿਚ ਵਜਾਇਆ ਜਾਂਦਾ ਹੈ। ਜੋੜੀ ਵਿਚ ਇਕ-ਮੂੰਹੇਂ ਦੋ ਡਰੱਮ ਹੁੰਦੇ ਹਨ, ਇਕ ਖੱਬੇ ਹੱਥ ਨਾਲ, ਤੇ ਦੂਜਾ ਸੱਜੇ ਹੱਥ ਦੀਆਂ ਉਂਗਲਾਂ ਨਾਲ ਵਜਾਇਆ ਜਾਂਦਾ ਹੈ। ਛੋਟਾ ਭਾਗ ਜਿਸਨੂੰ ਤਬਲਾ ਕਹਿੰਦੇ ਹਨ, ਉਹ ਸਦਾ ਲੱਕੜ ਨੂੰ ਅੰਦਰੋਂ ਤਰਾਸ ਕੇ ਬਣਾਇਆ ਜਾਦਾ ਹੈ। ਚੰਮੜੀ ਤੇ ਉਂਗਲਾਂ ਮਾਰਿਆਂ ਆਵਾਜ਼ ਨਿਕਲਦੀ ਹੈ। ਵੱਡਾ ਭਾਗ, ਜਿਸਨੂੰ ਬਾਂਇਆਂ ਕਹਿੰਦੇ ਹਨ, ਦੂਸਰੇ ਹੱਥ ਨਾਲ ਵਜਦਾ ਹੈ।

ਤੂੰਬੀ:
ਤੂੰਬੀ ਇਕ ਤਾਰ ਵਾਲਾ ਸੁਕਾਏ ਕੱਦੂ ਵਿਚ ਡੰਡਾ ਪਾਕੇ ਬਣਾਇਆ ਸਾਦਾ ਸਾਜ਼ ਹੈ। ਇਹ ਇੰਡੀਆ, ਖਾਸ ਕਰਕੇ ਪੰਜਾਬ, ਦੇ ਲੋਕ-ਗੀਤਾਂ ਵਿਚ ਆਮ ਵਜਦਾ ਹੈ। ਭੰਗੜੇ ਦੇ ਚੜ੍ਹਤ ਕਾਰਨ ਇਹ ਹੋਰ ਵੀ ਮਸ਼ਹੂਰ ਹੋ ਗਿਆ ਹੈ।

ਜਦ ਮੈਂ ਇਹ ਸਾਜ ਵਜਾਉਣੇ ਸ਼ੁਰੂ ਕੀਤੇ, ਮੇਰੀ ਹਾਲਤ ਏਦਾਂ ਸੀ ਜਿਵੇਂ ਕਾਲਜ ਦੇ ਨਵੇਂ ਵਿਦਿਆਰਥੀ ਖਾਸ-ਮਜਮੂਨ ਬਦਲਦੇ ਰਹਿੰਦੇ ਹਨ। ਪਰ ਇਕ ਚੀਜ਼ ਦਾ ਮੈਂਨੂੰ ਪਤਾ ਸੀ ਕਿ ਹੁਣ ਜੋ ਵੀ ਸਿੱਖ ਹੋਇਆ, ਮੈਂ ਸਿੱਖ ਲੈਣਾ ਹੈ।

1 ਤੂੰਬੀ, 2 ਢੱਡ, 3 ਤਬਲਾ ਜੋੜੀ, 4 ਹਾਰਮੋਨੀਅਮ, 5 ਸਾਰੰਗੀ, 6 ਉਕੂਲੀਲੀ, 7 ਢੋਲਕ, 8 ਢੋਲ
ਮੇਰੇ ਤਬਲੇ ਦੀ ਜਮਾਤ ਦੇ ਸਾਥੀ, ਕੈਲੇਫੋਰਨੀਆ ਦੇ ਵੈਸਟ ਸੈਕਰਾਮੈਂਟੋ ਬਣੇ ਗੁਰਦਵਾਰੇ ਵਿਚ। ਉਸਤਾਦ: ਭਾਈ ਇੰਦਰਜੀਤ ਸਿੰਘ ਹੀਰਾ, 2018

ਕੁਝ ਬੱਚੇ ਤਬਲਾ ਨੀ ਸਿਖਦੇ ਮਾਪਿਆਂ ਦੇ ਹਰ ਹੀਲੇ ਤੇ
ਸਿੱਖਣ ਵਾਲੇ ਸਿੱਖ ਸਕਦੇ ਨੇ ਮਾਰਕੇ ਚੋਟ ਪਤੀਲੇ ਤੇ—ਗੁਰਦੇਵ ਸਿੰਘ ਘਣਗਸ

***
563
***

About the author

ਡਾ. ਗੁਰਦੇਵ ਸਿੰਘ ਘਣਗਸ
ਡਾ. ਗੁਰਦੇਵ ਸਿੰਘ ਘਣਗਸ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →