13 November 2024

ਹਾਜ਼ਰ ਹਨ ਹਰਦਮ ਸਿੰਘ ਮਾਨ ਦੀਆਂ ਗਿਆਰਾਂ ਗ਼ਜ਼ਲਾਂ

 ਗਿਆਰਾਂ ਗ਼ਜ਼ਲਾਂ—ਹਰਦਮ ਸਿੰਘ ਮਾਨ
1. ਗ਼ਜ਼ਲ

ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿਚ।
ਦੂਰ ਤਕ ਖੰਡਰ ਹੀ ਖੰਡਰ ਅੱਜ ਸਮੇਂ ਦੀ ਅੱਖ ਵਿਚ।

ਉਪਜਦੇ ਨੇ ਜ਼ਖ਼ਮ, ਪੀੜਾਂ, ਦਰਦ, ਹਉਕੇ ਨਿਤ ਨਵੇਂ,
ਬੀਜ ਦਿੱਤੇ ਕਿਸ ਨੇ ਕੰਕਰ ਅੱਜ ਸਮੇਂ ਦੀ ਅੱਖ ਵਿਚ।

ਮੋਤੀਆਂ ਦੇ ਢੇਰ ਉੱਤੇ ਕਾਵਾਂ ਰੌਲੀ ਪੈ ਰਹੀ,
ਚੁਗ ਰਹੇ ਨੇ ਹੰਸ ਪੱਥਰ ਅੱਜ ਸਮੇਂ ਦੀ ਅੱਖ ਵਿਚ।

ਕਿਸ ਹਵਾ ਨੇ ਡਸ ਲਿਆ ਹੈ ਇਨ੍ਹਾਂ ਦਾ ਅਣਖੀ ਜਲੌਅ,
ਸ਼ਾਂਤ ਨੇ ਸਾਰੇ ਹੀ ਅੱਖਰ ਅੱਜ ਸਮੇਂ ਦੀ ਅੱਖ ਵਿਚ।

ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ,
ਗ਼ੈਰ ਵੀ ਲਗਦੇ ਨੇ ਮਿੱਤਰ ਅੱਜ ਸਮੇਂ ਦੀ ਅੱਖ ਵਿਚ।

ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ,
ਵਿਛ ਰਹੇ ਨੇ ਥਾਂ-ਥਾਂ ਸੱਥਰ ਅੱਜ ਸਮੇਂ ਦੀ ਅੱਖ ਵਿਚ।

ਆਓ ਰਲ ਮਿਲ ਡੀਕ ਜਾਈਏ ਇਹਦਾ ਕਤਰਾ-ਕਤਰਾ ‘ਮਾਨ’,
ਦਰਦ ਦਾ ਵਗਦਾ ਸਮੁੰਦਰ ਅੱਜ ਸਮੇਂ ਦੀ ਅੱਖ ਵਿਚ।
**

2. ਗ਼ਜ਼ਲ

ਸੋਚਾਂ ਦੇ ਨੈਣਾਂ ਵਿਚ ਜੇਕਰ ਚਾਨਣ ਦੀ ਲੋਅ ਪਾਉਂਦੇ।
ਫਿਰ ਨਾ ਅੰਨ੍ਹੀ ਭੀੜ ਦੇ ਪਾਤਰ ਯਾਰੋ ਅਸੀਂ ਕਹਾਉਂਦੇ।

ਤਪਦੇ ਥਲ ‘ਤੇ ਵਰਖਾ ਹੋਣ ਦਾ ਲੋਕੀਂ ਭਰਮ ਸਜਾਉਂਦੇ।
ਫਿਰ ਬੁੱਲ੍ਹਾਂ ‘ਤੇ ਜੀਭ ਫੇਰ ਕੇ ਆਪਣੀ ਪਿਆਸ ਬੁਝਾਉਂਦੇ।

ਆਪਣੇ ਸ਼ਹਿਰ ‘ਚ ਥਾਂ-ਥਾਂ ਐਸੇ ਵੇਖਾਂ ਰੋਜ਼ ‘ਮਸੀਹੇ’
ਜੋ ਨੇ ਬਾਲ ਮਨਾਂ ਦੇ ਸੁਪਨੇ ਬੁੱਤ ਦੀ ਭੇਟ ਚੜ੍ਹਾਉਂਦੇ।

ਆਪਣਾ ਦਰਦ ਛੁਪਾ ਕੇ ਤਾਂ ਹੀ ਸੀਨੇ ਅੰਦਰ ਰਖਦਾਂ,
ਅਕਸਰ ਲੋਕੀਂ ਜ਼ਖ਼ਮ ਕੁਰੇਦਣ ਮਰਹਮ ਲਾਉਂਦੇ ਲਾਉਂਦੇ।

ਤੇਰੇ ਸ਼ਹਿਰ ‘ਚ ਥਾਂ ਥਾਂ ਯਾਰਾ ਬੁੱਤਾਂ ਦੀ ਸੀ ਮਹਿਮਾ
ਆਪਣੇ ਦਿਲ ਦਾ ਹਾਲ ਅਸੀਂ ਫਿਰ ਕਿਸ ਨੂੰ ਦੱਸ ਸੁਣਾਉਂਦੇ?
**
3. ਗ਼ਜ਼ਲ

ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ।
ਹੁਣ ਤਾਂ ਸ਼ਰੇ-ਬਾਜ਼ਾਰੀਂ ਇਨਸਾਨ ਵਿਕ ਰਹੇ ਨੇ।

ਨਾ ਦਰਦ ਕੋਈ ਜਾਣੇ, ਨਾ ਰੋਗ ਨੂੰ ਪਛਾਣੇ,
ਇਸ ਸ਼ਹਿਰ ਵਿਚ ਮਸੀਹੇ, ਲੁਕਮਾਨ ਵਿਕ ਰਹੇ ਨੇ।

ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ,
ਦਿਲ, ਜਾਨ, ਰੀਝਾਂ, ਸੱਧਰਾਂ, ਅਰਮਾਨ ਵਿਕ ਰਹੇ ਨੇ।

ਇਹ ਸ਼ਹਿਰ ਪੱਥਰਾਂ ਦਾ, ਪੱਥਰ ਹੀ ਪੂਜਦਾ ਹੈ,
ਏਥੇ ਗਲੀ-ਗਲੀ ਵਿਚ ਭਗਵਾਨ ਵਿਕ ਰਹੇ ਨੇ।

ਤੂੰ, ਮੈਂ ਤਾਂ ਆਮ ਵਸਤੂ, ਕੀ ਆਪਣੀ ਹੈ ਹਸਤੀ,
ਚਾਂਦੀ ਦੇ ਪੰਨਿਆਂ ‘ਤੇ ਵਿਦਵਾਨ ਵਿਕ ਰਹੇ ਨੇ।

ਸਿਰਤਾਜ, ਤਖ਼ਤ, ਸ਼ੁਹਰਤ, ਸਨਮਾਨ ‘ਮਾਨ’ ਕੀ-ਕੀ,
ਥਾਂ-ਥਾਂ ਟਕੇ-ਟਕੇ ਵਿਚ ਧਨਵਾਨ ਵਿਕ ਰਹੇ ਨੇ।
**

4. ਗ਼ਜ਼ਲ

ਕਿਸ਼ਤੀ ਡਾਵਾਂਡੋਲ ਕਿਨਾਰਾ ਦਿਸਦਾ ਨਹੀਂ।
ਤਿਣਕੇ ਜਿਹਾ ਵੀ ਕੋਈ ਸਹਾਰਾ ਦਿਸਦਾ ਨਹੀਂ।

ਕੇਹੀ ਗਰਦ ਚੜ੍ਹੀ ਹੈ ਅੱਜ ਅਸਮਾਨ ਉੱਤੇ,
ਧੁੰਦਲਾ ਜਿਹਾ ਵੀ ਕੋਈ ਤਾਰਾ ਦਿਸਦਾ ਨਹੀਂ।

ਟੁਕੜੇ ਟੁਕੜੇ ਹੋਇਆ ਫਿਰਦਾ ਹਰ ਬੰਦਾ,
ਕੋਈ ਵੀ ਸਾਰੇ ਦਾ ਸਾਰਾ ਦਿਸਦਾ ਨਹੀਂ।

ਸੀਸ ਤਲੀ ‘ਤੇ ਆ ਕੇ ਖ਼ੁਦ ਹੀ ਬੋਲ ਪਿਆ,
ਬਹੁਤਾ ਚਿਰ ਹੁਣ ਹੋਰ ਗੁਜ਼ਾਰਾ ਦਿਸਦਾ ਨਹੀਂ।

ਸਭ ਦੇ ਅੰਦਰ ਭੀੜ ਹੈ ਸੰਸੇ, ਫਿਕਰਾਂ ਦੀ
ਸ਼ਖ਼ਸ ਕੋਈ ਵੀ ਕੱਲਾ ਕਾਰਾ ਦਿਸਦਾ ਨਹੀਂ।

ਕਿੱਧਰ ਜਾਈਏ, ਸੋਚਾਂ ਵਿਚ ਹੈ ਧੁੰਦ ਬੜੀ
ਆਸੇ ਪਾਸੇ ਕੋਈ ਇਸ਼ਾਰਾ ਦਿਸਦਾ ਨਹੀਂ।

ਸਾਰੇ ਮੰਜ਼ਰ ਵੇਖ ਲਏ ਨੇ ਤੁਰ ਫਿਰ ਕੇ
ਰੂਹ ਦਾ ਹਾਣੀ ਕੋਈ ਨਜ਼ਾਰਾ ਦਿਸਦਾ ਨਹੀਂ।

ਭਰੇ ਬਜ਼ਾਰ ‘ਚ ਬੰਦੇ ਵਸਤਾਂ ਵਰਗੇ ਬਹੁਤ
ਦਿਲਬਰ, ਜਾਨੀ, ਯਾਰ, ਪਿਆਰਾ ਦਿਸਦਾ ਨਹੀਂ।

ਕੈਸੀ ਹੱਥ ਸਫਾਈ ਸ਼ਾਤਰ ਲੋਕਾਂ ਦੀ
ਜੰਗਲ ਵੱਢ ਲਿਆ ਹੈ, ਆਰਾ ਦਿਸਦਾ ਨਹੀਂ।
**

5. ਗ਼ਜ਼ਲ

ਫੁੱਲ ਵਾਂਗੂੰ ਓਸ ਨੇ ਹੀ ਟਹਿਕਣਾ ਇਸ ਦੌਰ ਵਿਚ।
ਜਾਣਦੈ ਜੋ ਸੂਲੀਆਂ ਨੂੰ ਚੁੰਮਣਾ ਇਸ ਦੌਰ ਵਿਚ।

ਹਰ ਕਦਮ ‘ਤੇ ਲਟਕਦੇ ਨੇ ਖੂਬਸੂਰਤ ਪਿੰਜਰੇ,
ਭੁੱਲ ਗਿਆ ਪੰਛੀ ਵਿਚਾਰਾ ਆਲ੍ਹਣਾ ਇਸ ਦੌਰ ਵਿਚ।

ਸਿਦਕ ਹੈ, ਈਮਾਨ ਹੈ, ਸਾਡੀ ਤਲੀ ‘ਤੇ ਜਾਨ ਹੈ,
ਪਰਖ ਲੈ, ਜੋ ਪਰਖਣੈ ਤੂੰ ਦੁਸ਼ਮਣਾ ਇਸ ਦੌਰ ਵਿਚ।

ਦੋਸ਼ ਪੱਥਰ ਦਾ ਨਹੀਂ ਤੇ ਨਾ ਕਿਸੇ ਵੀ ਫੁੱਲ ਦਾ
ਸ਼ੀਸ਼ਿਆਂ ਤਾਂ ਤਿੜਕਣਾ ਹੀ ਤਿੜਕਣਾ ਇਸ ਦੌਰ ਵਿਚ।

ਕੀ ਭਰੋਸਾ ਏਸ ਜੰਗਲ ਦੇ ਸਦੀਵੀ ਹੋਣ ਦਾ
ਝੂਮਦੇ ਬਿਰਖਾਂ ਅਚਾਨਕ ਡਿੱਗਣਾ ਇਸ ਦੌਰ ਵਿਚ।

ਕੌਣ ਹੈ ਇਹ,ਕਿਸ ਨੇ ਸਾਡੇ ਮੱਥਿਆਂ ਤੇ ਉਕਰਿਐ?
ਗਿੱਲੇ ਗੋਹੇ ਵਾਂਗ ਹਰ ਪਲ ਸੁਲਘਣਾ ਇਸ ਦੌਰ ਵਿਚ

ਹੂਕ ਹੈ, ਵੈਰਾਗ ਹੈ, ਇਕ ਰਾਗ ਹੈ ਪਰ ਸਾਜ਼ ਨਾ,
ਗੀਤ ਦਾ ਇਹ ਦਰਦ ਕਿਸ ਨੇ ਸਮਝਣਾ ਇਸ ਦੌਰ ਵਿਚ।

ਮੌਸਮਾਂ ਦਾ ਕਹਿਰ ਹੈ, ਸੂਲਾਂ ਦੀ ਤਿੱਖੀ ਜ਼ਹਿਰ ਹੈ,
ਫੇਰ ਵੀ ਫੁੱਲਾਂ ਨੇ ਹਰਦਮ ਮਹਿਕਣਾ ਇਸ ਦੌਰ ਵਿਚ।
**

6. ਗ਼ਜ਼ਲ

ਪੱਥਰ ਅੱਗੇ ਸੀਸ ਨਿਵਾਉਣਾ ਆਉਂਦਾ ਨਈਂ।
ਲੋਕੀਂ ਆਖਣ ਰੱਬ ਧਿਆਉਣਾ ਆਉਂਦਾ ਨਈਂ।

ਅਸੀਂ ਤਾਂ ਦਰਦ ਹੰਢਾਇਆ ਪੂਰੀ ਸ਼ਿੱਦਤ ਨਾਲ,
ਝੂਠੀ ਮੂਠੀ ਦਿਲ ਪਰਚਾਉਣਾ ਆਉਂਦਾ ਨਈਂ।

ਉਸ ਨੇ ਫੁੱਲਾਂ ਵਾਂਗੂੰ ਕਾਹਦਾ ਖਿੜਣਾ ਹੈ,
ਕੰਡਿਆਂ ਨੂੰ ਤਾਂ ਗਲੇ ਲਗਾਉਣਾ ਆਉਂਦਾ ਨਈਂ।

ਤੇਰੇ ਤਮਗ਼ੇ ਹੋਣ ਮੁਬਾਰਕ ਤੈਨੂੰ ਹੀ,
ਸਾਨੂੰ ਸ਼ਾਹੀ-ਰਾਗ ‘ਚ ਗਾਉਣਾ ਆਉਂਦਾ ਨਈਂ।

ਯਾਰਾਂ ਖ਼ਾਤਰ ਹੋਏ ਹਾਂ ਨੀਲਾਮ ਅਸੀਂ,
ਦੁਨੀਆਂ ਆਖੇ ਮੁੱਲ ਪਵਾਉਣਾ ਆਉਂਦਾ ਨਈਂ।

ਸਾਰੇ ਵੇਦ ਕਤੇਬਾਂ ਪੜ੍ਹ ਪੜ੍ਹ ਵਾਚ ਲਏ
ਦਿਲ ਤੇ ਲਿਖਿਆ ਹਰਫ਼ ਉਠਾਉਣਾ ਆਉਂਦਾ ਨਈਂ।

ਮਾਲ ਖਜ਼ਾਨੇ ਸਾਂਭ ਲਏ ਕੁੱਲ ਧਰਤੀ ਦੇ
ਪਰ ਮਿੱਟੀ ਦਾ ਕਰਜ਼ ਚੁਕਾਉਣਾ ਆਉਂਦਾ ਨਈਂ।

ਸਿੱਖ ਲਿਆ ਰੁਸ਼ਨਾਉਣਾ ਕਾਲੀਆਂ ਰਾਤਾਂ ਨੂੰ
ਸੀਨੇ ਵਿਚ ਇਕ ਦੀਪ ਜਗਾਉਣਾ ਆਉਂਦਾ ਨਈਂ।

ਸਾਰੀ ਰਾਤ ਉਲਾਂਭੇ ਦੇਵਾਂ ਨੇਰ੍ਹੇ ਨੂੰ
ਸੂਰਜ ਦਾ ਕੁੰਡਾ ਖੜਕਾਉਣਾ ਆਉਂਦਾ ਨਈਂ।

ਲੋਕ-ਰੰਗ ਵਿਚ ਰੰਗੀ ‘ਮਾਨ’ ਗ਼ਜ਼ਲ ਤੇਰੀ,
ਤੈਨੂੰ ਸ਼ਬਦੀ ਜਾਲ ਵਿਛਾਉਣਾ ਆਉਂਦਾ ਨਈਂ।
**

7. ਗ਼ਜ਼ਲ

ਦੌਲਤਾਂ ਦੀ ਭਾਲ ਵਿਚ ਨਾ ਸ਼ੁਹਰਤਾਂ ਦੀ ਭਾਲ ਵਿਚ।
ਤੜਫਦਾ ਸ਼ਾਇਰ ਹਮੇਸ਼ਾ ਮਰਹਮਾਂ ਦੀ ਭਾਲ ਵਿਚ।

ਦਰਦ, ਪੀੜਾਂ, ਹੌਕਿਆਂ ਦਾ ਸੇਕ ਸੀਨੇ ਸਾਂਭ ਕੇ,
ਨਿਕਲਦੇ ਹਾਂ ਨਿਤ ਅਸੀਂ ਤਾਂ ਹਾਸਿਆਂ ਦੀ ਭਾਲ ਵਿਚ।

ਜ਼ਿੰਦਗੀ ਹੈ ਮਾਣ ਲੈ ਸੁਪਨੇ ਨਵੇਂ ਤੂੰ ਸਿਰਜ ਲੈ,
ਭਟਕਣੈ ਤਾਂ ਭਟਕ ਲੈ ਗੁਜ਼ਰੇ ਪਲਾਂ ਦੀ ਭਾਲ ਵਿਚ।

ਤਾਰਿਆਂ ਦਾ ਸਫ਼ਰ ਹੀ ਬਣਦਾ ਹੈ ਉਨ੍ਹਾਂ ਦਾ ਨਸੀਬ,
ਦਿਨ ਢਲੇ ਜੋ ਨਿਕਲਦੇ ਨੇ ਸੂਰਜਾਂ ਦੀ ਭਾਲ ਵਿਚ।

ਮੋਹ, ਮੁਹੱਬਤ, ਰਿਸ਼ਤਿਆਂ ਦਾ ਵੇਖਿਆ ਮਾਤਮ ਜਦੋਂ,
ਸ਼ਹਿਰ ਸਾਰਾ ਤੁਰ ਪਿਆ ਫਿਰ ਤੋਂ ਗਰਾਂ ਦੀ ਭਾਲ ਵਿਚ।

ਮੋਹ ਨਹੀਂ ਸਕਦੇ ਸੁਨਹਿਰੀ ਪਿੰਜਰੇ ਸਾਨੂੰ ਇਹ ‘ਮਾਨ’
ਉੱਡਣਾ ਹਰ ਪਲ ਅਸੀਂ ਤਾਂ ਅੰਬਰਾਂ ਦੀ ਭਾਲ ਵਿਚ
**

8. ਗ਼ਜ਼ਲ

ਮਨਾਂ ਅੰਦਰ, ਘਰਾਂ ਅੰਦਰ ਤੇ ਹਰ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ ‘ਤੇ ਕਿ ਕੱਜਦੈ ਆਬਰੂ ਸਭ ਦੀ,
ਗਏ ਜਾਂ ਵਿਹੜੇ ਫ਼ੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।

ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ,
ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ ਪਰਦੇ ‘ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ,
ਜਦੋਂ ਪਰਦੇ ‘ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਸੀ ਜਿਹੜੇ ‘ਮਾਨ’
ਉਨ੍ਹਾਂ ਨੂੰ ਜ਼ਿੰਦਗੀ ਅਕਸਰ ਮਿਲੀ ਕਰ ਕੇ ਰਤਾ ਪਰਦਾ।
**

9. ਗ਼ਜ਼ਲ

ਡਲਕਦੇ ਨੈਣਾਂ ਦੇ ਵਿਚ ਸੁਪਨੇ ਲਈ ਫਿਰਦੇ ਰਹੇ।
ਆਪਣੀ ਹੀ ਲਾਸ਼ ਦੇ ਟੁਕੜੇ ਲਈ ਫਿਰਦੇ ਰਹੇ।

ਵਕਤ ਦੀ ਸਾਜ਼ਿਸ਼ ਸੀ ਇਹ, ਨਾ ਜ਼ਿੰਦਗੀ ਨੂੰ ਵਰ ਸਕੇ,
ਉਮਰ ਭਰ ਹੱਥਾਂ ਦੇ ਵਿਚ ਸਿਹਰੇ ਲਈ ਫਿਰਦੇ ਰਹੇ।

ਰੌਸ਼ਨੀ ਦੀ ਝਲਕ ਮਾਤਰ ਵੀ ਨਹੀਂ ਹੋਈ ਨਸੀਬ,
ਸੁੰਨੀਆਂ ਮੜ੍ਹੀਆਂ ‘ਚ ਉਹ ਦੀਵੇ ਲਈ ਫਿਰਦੇ ਰਹੇ।

ਜ਼ਿੰਦਗੀ ਦੀ ਭੂਮਿਕਾ ਵੀ ਹਾਇ ! ਸੀ ਕਿੰਨੀ ਅਜੀਬ,
ਦਿਲ ‘ਚ ਗ਼ਮ ਪਰ ਬੁੱਲ੍ਹਾਂ ‘ਤੇ ਹਾਸੇ ਲਈ ਫਿਰਦੇ ਰਹੇ।

ਜ਼ਖ਼ਮ, ਪੀੜਾਂ, ਹਉਕੇ, ਹੰਝੂ, ਰੋਸੇ, ਰੋਣੇ, ਦਰਦ, ਗ਼ਮ,
ਇਸ ਤਰ੍ਹਾਂ ਦੇ ਕੁਝ ਅਸੀਂ ਤੋਹਫ਼ੇ ਲਈ ਫਿਰਦੇ ਰਹੇ।

ਮੌਤ ਵਾਂਗੂੰ ਨਾ ਕਿਸੇ ਨੇ ਲਾਇਆ ਸਾਨੂੰ ਗਲ ਦੇ ਨਾਲ,
ਜ਼ਿੰਦਗੀ ਵਿਚ ਸੈਂਕੜੇ ਰਿਸ਼ਤੇ ਲਈ ਫਿਰਦੇ ਰਹੇ।

ਕੋਈ ਵੀ ਗਾਹਕ ਨਾ ਮਿਲਿਆ ਸੱਚੇ ਸੁੱਚੇ ਮਾਲ ਦਾ
ਸਾਰਾ ਦਿਨ ਮੰਡੀ ਚ ਉਹ ਜਜ਼ਬੇ ਲਈ ਫਿਰਦੇ ਰਹੇ।

ਇਕ ਵੀ ਅੱਖਰ ਨਾ ਉਠਾ ਹੋਇਆ ਕਿਸੇ ਵਿਦਵਾਨ ਤੋਂ
ਲੋਕ ਰੱਤ ਵਿਚ ਲਿਬੜੇ ਵਰਕੇ ਲਈ ਫਿਰਦੇ ਰਹੇ।

ਇਹ ਕਿਸੇ ਅਸਮਾਨ ਨੇ ਮਨਜ਼ੂਰ ਨਾ ਕੀਤੇ ਕਦੇ
ਜੇਬ ਵਿਚ ਪਾ ਕੇ ਅਸੀਂ ਤਾਰੇ ਲਈ ਫਿਰਦੇ ਰਹੇ।

ਦੋਸ਼ ਕੀ ਦੇਈਏ ਕਿਸੇ ਨੂੰ ਆਪਣੀ ਹੀ ਭੁੱਲ ਸੀ ‘ਮਾਨ’,
ਪੱਥਰਾਂ ਦੇ ਸ਼ਹਿਰ ਵਿਚ ਸ਼ੀਸ਼ੇ ਲਈ ਫਿਰਦੇ ਰਹੇ।
**

10. ਗ਼ਜ਼ਲ

ਉਨ੍ਹਾਂ ਨੇ ਇਸ ਤਰ੍ਹਾਂ ਪਾਈ ਮੇਰੇ ਵਿਸ਼ਵਾਸ ਦੀ ਕੀਮਤ।
ਸਮੁੰਦਰ ਲਈ ਜਿਵੇਂ ਹੁੰਦੀ ਕਿਸੇ ਵੀ ਲਾਸ਼ ਦੀ ਕੀਮਤ।

ਤੁਸੀਂ ਫੁੱਲਾਂ ਦੀ ਵਰਖਾ ਕਰ ਲਵੋ ਲੱਖ ਵਾਰ ਇਹਨਾਂ ‘ਤੇ
ਭਲਾ ਪੱਥਰ ਕੀ ਸਮਝਣਗੇ ਕਿਸੇ ਅਹਿਸਾਸ ਦੀ ਕੀਮਤ।

ਪਟਾਖ਼ੇ, ਫੁੱਲਝੜੀਆਂ ਤੇ ਆਤਿਸ਼ਬਾਜੀਆਂ ਨੇ, ਇਹ
ਅਸਾਡੇ ਵੱਲੋਂ ਹਾਜਰ ਹੈ ਤੇਰੇ ਬਨਵਾਸ ਦੀ ਕੀਮਤ।

ਤੁਹਾਡੇ ਵਾਸਤੇ ਸ਼ਾਇਦ ਹੈ ਡਾਲਰ, ਪੌਂਡ ਜਾਂ ਸੋਨਾ
ਕਿਸੇ ਪੰਛੀ ਦਾ ਦਿਲ ਹੀ ਜਾਣਦੈ ਪਰਵਾਸ ਦੀ ਕੀਮਤ।

ਥਲਾਂ ਦੀ ਰੇਤ ਪੈਰਾਂ ਹੇਠ ਸਾਡੇ ਬੁੱਲ੍ਹਾਂ ‘ਤੇ ਸਿੱਕਰੀ
ਉਹ ਦਰਿਆ ਦੇ ਕਿਨਾਰੇ ਬੈਠ ਲਾਉਂਦੇ ਪਿਆਸ ਦੀ ਕੀਮਤ।

ਜਦੋਂ ਨੈਣਾਂ ਦੇ ਸਾਵਣ ਦੀ ਝੜੀ ਰੁਕਦੀ ਨਾ ਇਕ ਪਲ ਵੀ
ਉਦੋਂ ਮਹਿਸੂਸ ਹੁੰਦੀ ਹੈ ਕਿਸੇ ਧਰਵਾਸ ਦੀ ਕੀਮਤ।
**

11. ਗ਼ਜ਼ਲ

ਥਲਾਂ ਦੀ ਰੇਤ ਇਹ ਗ਼ਜ਼ਲਾਂ, ਨਦੀ ਦਾ ਵਹਿਣ ਇਹ ਗ਼ਜ਼ਲਾਂ।
ਬੜਾ ਖਾਮੋਸ਼ ਰਹਿ ਕੇ ਵੀ ਬੜਾ ਕੁਝ ਕਹਿਣ ਇਹ ਗ਼ਜ਼ਲਾਂ।

ਇਨ੍ਹਾਂ ਦੇ ਹਰ ਸ਼ਿਅਰ ਅੰਦਰ ਮੇਰਾ ਹੀ ਖੂਨ ਵਗਦਾ ਹੈ
ਮੇਰੇ ਸੀਨੇ ‘ਚ ਧੜਕਦੀਆਂ ਹਮੇਸ਼ਾ ਰਹਿਣ ਇਹ ਗ਼ਜ਼ਲਾਂ।

ਇਨ੍ਹਾਂ ਦੇ ਹਰਫ਼ ਕੂਲੇ ਨੇ, ਇਨ੍ਹਾਂ ਦੇ ਅਰਥ ਸੂਖਮ ਨੇ
ਬੜੇ ਬੇਰਹਿਮ ਮੌਸਮ ਨਾਲ ਫਿਰ ਵੀ ਖਹਿਣ ਇਹ ਗ਼ਜ਼ਲਾਂ।

ਫਹਾ ਬਣ ਕੇ ਹੀ ਲੱਗੀਆਂ ਨੇ ਕਿਤੇ ਵੀ ਜ਼ਖ਼ਮ ਜਦ ਡਿੱਠਾ
ਸੁਨੇਹਾ ਜ਼ਿੰਦਗੀ ਦਾ ਵੰਡਦੀਆਂ ਇਉਂ ਰਹਿਣ ਇਹ ਗ਼ਜ਼ਲਾਂ।

ਹਵਾਵਾਂ ਖਚਰੀਆਂ ਨੇ ਹਰ ਘੜੀ ਕੰਨ ਭਰਨ ਮੌਸਮ ਦੇ
ਰਵਾਨੀ ਆਪਣੀ ਵਿਚ ਮਸਤ ਹਰ ਪਲ ਰਹਿਣ ਇਹ ਗ਼ਜ਼ਲਾਂ।

ਕਿਸੇ ਨੂੰ ਰੌਸ਼ਨੀ ਦੇਣਾ ਇਨ੍ਹਾਂ ਦਾ ਧਰਮ ਹੈ ਯਾਰੋ
ਤੇ ਵਾਂਗੂੰ ਮੋਮਬੱਤੀ ਬਲਦੀਆਂ ਖ਼ੁਦ ਰਹਿਣ ਇਹ ਗ਼ਜ਼ਲਾਂ।

ਕਦੇ ਨਾ ਦਰਦ ਇਹਨਾਂ ਆਪਣਾ ਦੱਸਿਆ ਕਿਸੇ ਨੂੰ ‘ਮਾਨ’
ਸਮੇਂ ਦੀ ਤਪਸ਼ ਹੱਸ ਕੇ ਜਿਸਮ ਉਤੇ ਸਹਿਣ ਇਹ ਗ਼ਜ਼ਲਾਂ।
**

***
547
***
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Hardam Singh Mann
Punjabi Poet,
Suurey (Canada)
+1604-308-6663

ਹਰਦਮ ਸਿੰਘ ਮਾਨ

Hardam Singh Mann Punjabi Poet, Suurey (Canada) +1604-308-6663

View all posts by ਹਰਦਮ ਸਿੰਘ ਮਾਨ →