7 December 2024
ਅਜ਼ੀਮ ਸ਼ੇਖਰ
ਅਜ਼ੀਮ ਸ਼ੇਖਰ

ਗ਼ਜ਼ਲ ‘ਤੇ ਕਵਿਤਾ – ਅਜ਼ੀਮ ਸ਼ੇਖਰ

ਗ਼ਜ਼ਲ ‘ਤੇ ਕਵਿਤਾ

-ਅਜ਼ੀਮ ਸ਼ੇਖਰ-

ਗ਼ਜ਼ਲ

ਆਦਮੀ ਦਾ ਖੂਨ ਜਿਸ ਦਿਨ, ਪਾਣੀਓਂ ਸਸਤਾ ਪਿਆ।
ਵਕਤ ਨਾਲੋਂ ਫੇਰ ਮੈਨੂੰ, ਤੋੜਣਾ ਰਿਸ਼ਤਾ ਪਿਆ।

ਮਾਂ ਪਹਿਲਾਂ ਨੂਰ ਵੰਡੇ, ਮੌਤ ਨੂੰ ਕੋਲੇ ਬੁਲਾ,
ਨਾਮ ਉਸਦੇ ਪਿਆਰ ਦਾ, ਐਂਵੇਂ ਨਹੀਂ ਮਮਤਾ ਪਿਆ।

ਸਮਝਕੇ ਖ਼ੁਦ ਨੂੰ ਪੈਗੰਬਰ, ਜਿਉਣ ਲਈ ਹਾਸਿਲ ਬਣਾ,
ਜ਼ਿੰਦਗੀ ਵਿੱਚ ਹਰ ਕਿਤੇ ਹੈ, ਬਾ-ਵਫਾ ਨੁਕਤਾ ਪਿਆ।

ਵਕਤ ਨੇ ਜੋ ਨਾ ਕਿਹਾ, ਵਕਤ ਸਿਰ ਕਰਜ਼ਾ ਰਿਹਾ,
ਅਣਕਹੇ ਨੂੰ ਕਹਿਣ ਵੇਲੇ , ਉਸਦਾ ਨਾਂ ਕਵਿਤਾ ਪਿਆ।

ਲੈ ਗਏ ਬੁੱਲੇ ਉਡਾ ਕੇ, ਕਾਫਲੇ ਦਾ ਹਰ ਨਿਸ਼ਾਨ,
ਪੈੜਾਂ ਵਾਲੀ ਜਗਾਹ ”ਸ਼ੇਖਰ”, ਵੇਖਦੈ ਰੇਤਾ ਪਿਆ।
***

”ਰਾਜ਼-ਇਤਰਾਜ਼”
ਬੰਦ ਕਮਰੇ ਦੀ ਖਿੜਕੀ ਨਾ ਖੋਹਲ“,
ਮੈਂ ਮਨ ਨੂੰ ਕਿਹਾ।
‘ਮੇਰਾ ਮਨ ਘੁਟਦਾ ਹੈ’,
ਮਨ ਨੇ ਕਿਹਾ।
‘ਕੀ ਤੈਨੂੰ ਤਾਜ਼ੀ ਹਵਾ ਚੰਗੀ ਨਹੀਂ ਲਗਦੀ’,
ਉਸਨੇ ਮੈਨੂੰ ਫਿਰ ਪੁੱਛਿਆ,
”ਮੇਰੇ ਕੋਲ ਬਹੁਤ ਹੈ ਤਾਜ਼ੀ ਹਵਾ ਜੀਣ ਲਈ”, ਮੈਂ ਕਿਹਾ।
”ਚੰਗੇ ਮੌਸਮ ਵਿੱਚ ਖਿੜਕੀ ਖੋਹਲਣ ‘ਤੇ ਕੀ ਇਤਰਾਜ਼ ਏ”?
ਉਸ ਫਿਰ ਸਵਾਲ ਕੀਤਾ ।
ਮੈਂ ਕਿਹਾ, ”ਇਤਰਾਜ਼ ਨਹੀਂ , ਇੱਕ ਰਾਜ਼ ਏ”,
ਕੀ ?
‘ਪਹਿਲਾਂ ਵਾਅਦਾ ਕਰ, ਸਵਾਲ ਨਹੀਂ ਕਰੇਂਗਾ ਇਸ ਤਰਾਂ,’
”ਠੀਕ ਹੈ” ਉਹ ਮੰਨਿਆ,
”ਸੁਣ”
ਖਿੜਕੀ ਖੋਹਲਣ ਤੇ ਇੱਕ ਚਿੱਟਾ ਕਬੂਤਰ ਆਉਂਦਾ ਹੈ,
ਖੰਭ ਫੈਲਾਉਂਦਾ ਹੈ,
ਪਰ ਉਸਦੇ ਬੈਠਣ ਲਈ ਥਾਂ ਨਹੀਂ ਹੁੰਦੀ
ਤੇ ਉਹ ਵਾਪਿਸ ਉੱਡ ਜਾਂਦਾ ਹੈ”,
”ਫੇਰ ਕੀ ਹੈ ,” ਮਨ ਹੱਸਿਆ ।
”ਨਹੀਂ ਅਜੇ ਹੋਰ ਸੁਣ”,
ਵਾਪਿਸੀ ‘ਤੇ ਉੱਡਣ ਵੇਲੇ ਉਸਦਾ ਇੱਕ ਖੰਭ ਟੁਟਦਾ ਹੈ,
ਨਿਰਜਿੰਦ ਖੰਭ ਨਾਲ ਬਨੇਰੇ ਦੀ ਹਵਾ ਖ੍ਹੇਡਦੀ ਹੈ,
ਅਤੇ ਮੈਨੂੰ ਖਿੜਕੀ ‘ਚ ਖੜ੍ਹੇ ਨੂੰ ਨੇੜੇ ਹੋ ਛੇੜਦੀ ਹੈ,
ਹਵਾ ਨਾਲ ਅਚਾਨਕ ਰੁੱਸਿਆ ਖੰਭ ਮੈਂ ਚੁਕਦਾ ਹਾਂ,
ਰਖਦਾ ਹਾਂ ਨਵੀਂ ਲਿਖੀ ਕਵਿਤਾ ਦੇ ਪੰਨਿਆਂ ਵਿਚਕਾਰ,
”’ਤੇ ਫਿਰ” ਮਨ ਉਤਸਕ ਹੋਇਆ ।
”ਫੇਰ ਕੀ , ਮੈਂ, ਖੰਭ ਤੇ ਮੇਰੀ ਕਵਿਤਾ
ਉੱਡਣ ਲਗਦੇ ਹਾਂ ਉਸ ਚਿੱਟੇ ਕਬੂਤਰ ਦੇ ਨਾਲ-ਨਾਲ
ਅਤੇ ਕਮਰਾ ਖਾਲੀ ਹੋ ਜਾਂਦਾ ਹੈ ”!!!!
***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 12 ਅਕਤੂਬਰ 2008)
(ਦੂਜੀ ਵਾਰ 9 ਸਤੰਬਰ 2021)

***
345
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ