18 December 2025

ਆਪਣੇ ਲਈ ਵੀ ਵਕਤ ਕੱਢਿਆ ਕਰ ਯਾਰਾ! — ਡਾ ਗੁਰਬਖ਼ਸ਼ ਸਿੰਘ ਭੰਡਾਲ

ਮਿੱਤਰ ਦਾ ਫ਼ੋਨ ਆਉਂਦਾ ਹੈ। ਬੜੀ ਲੰਮੀ ਚੌੜੀ ਗੱਲਬਾਤ ਹੁੰਦੀ ਹੈ। ਪਰ ਇਸ ਗੱਲਬਾਤ ਵਿਚ ਉਹ ਆਪਣਾ ਸਵੇਰ ਤੋਂ ਸੌਣ ਤੱਕ ਦੀ ਸਮਾਂ-ਸੂਚੀ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ ਸਾਰਾ ਦਿਨ ਦੀ ਨੱਸ ਭੱਜ ਕਾਰਨ ਬਹੁਤ ਥੱਕ ਜਾਂਦਾ ਹੈ। ਉਮਰ ਦੇ ਤੀਸਰੇ ਪਹਿਰ ਵਿਚ ਉਸਦੇ ਰੁਝੇਵਿਆਂ ਦਾ ਲੇਖਾ-ਜੋਖਾ ਕਰਦਿਆਂ ਇਹ ਮਹਿਸੂਸ ਹੁੰਦਾ ਕਿ ਉਹ ਸਾਰਾ ਦਿਨ ਦੁਨਿਆਵੀ/ਪਰਿਵਾਰਕ ਝੰਮੇਲਿਆਂ ਵਿਚ ਹੀ ਰੁੱਝਿਆ ਰਹਿੰਦਾ ਹੈ। ਇਸ ਸਾਰੀ ਗੱਲਬਾਤ ਵਿਚ ਉਸਦਾ ਖ਼ੁਦ ਦਾ ਜਿਕਰ ਤਾਂ ਕਿਧਰੇ ਵੀ ਨਹੀਂ। ਸੋਚਦਾ ਹਾਂ ਉਹ ਸਾਰੀ ਗੱਲਬਾਤ ਵਿਚੋਂ ਖੁਦ ਕਿਉਂ ਗਾਇਬ ਹੈ? ਕੀ ਉਸਨੇ ਕਦੇ ਆਪਣੇ ਲਈ ਵੀ ਸਮਾਂ ਕੱਢਿਆ ਹੈ? ਕੀ ਉਸਨੂੰ ਪਤਾ ਹੈ ਕਿ ਉਮਰ ਤਾਂ ਬੀਤਦੀ ਜਾ ਰਹੀ ਹੈ? ਕੀ ਉਸਨੁੰ ਕਿਆਸ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਉਹ ਜੀਵਨ ਬਤੀਤ ਕਰਦਾ ਰਿਹਾ ਤਾਂ ਉਹ ਆਪਣੇ ਆਪ ਲਈ ਸਮਾਂ ਕੱਢੇਗਾ ਵੀ ਕਿ ਨਹੀਂ? ਕੀ ਉਹ ਖੁਦ ਨੂੰ ਮਿਲਣ ਤੋਂ ਬਗੈਰ ਹੀ ਇਸ ਜਹਾਨ ਤੋਂ ਤੁੱਰ ਜਾਵੇਗਾ? ਕੀ ਉਸਨੇ ਆਪਣੀਆਂ ਤਰਜ਼ੀਹਾਂ ਨੂੰ ਆਪਣੇ ਸ਼ੀਸ਼ੇ ਰਾਹੀਂ ਦੇਖਿਆ ਹੈ? ਕੀ ਉਸਦੀਆਂ ਤਮੰਨਾਂਵਾਂ ਅਤੇ ਭਾਵਨਾਵਾਂ ਨੂੰ ਉਹ ਉਡਾਣ ਮਿਲੀ ਹੈ ਜਿਹੜੀ ਉਸਨੇ ਕਦੇ ਚੜ੍ਹਦੀ ਉਮਰੇ ਸੋਚੀ ਸੀ? ਉਹ ਤਾਂ ਅਕਸਰ ਹੀ ਕਹਿੰਦਾ ਹੁੰਦਾ ਸੀ ਕਿ ਆਹ ਕੰਮ ਕਰ ਲਵਾਂ, ਬੱਚਿਆਂ ਨੂੰ ਸੈਟ ਕਰ ਲਵਾਂ, ਘਰ ਬਣਾ ਲਵਾਂ, ਆਦਿ ਅਤੇ ਫਿਰ ਮੈਂ ਆਪਣੀ ਜਿ਼ੰਦਗੀ ਨੂੰ ਆਪਣੇ ਰੰਗ ਵਿਚ ਜਿਊਣਾ ਹੈ। ਮੈਂ ਅਤੇ ਮੇਰਾ ਵਕਤ ਹੋਵੇਗਾ। ਮੈਂ ਵਕਤ ਨੂੰ ਆਪਣੀਆਂ ਮਨੋਭਾਵਾਂ ਅਤੇ ਰੁੱਚੀਆਂ ਅਨੁਸਾਰ ਜੀਵਾਂਗਾ। ਆਪਣੇ ਖ਼ਾਬਾਂ ਅਤੇ ਖਿਆਲਾਂ ਦੀ ਦੁਨੀਆਂ ਵਿਚ ਵਿਚਰਦਿਆਂ ਆਪਣੀ ਜਿ਼ੰਦਗੀ ਨੂੰ ਆਪਣੇ ਤੌਰ-ਤਰੀਕਿਆ ਨਾਲ ਪੂਰੇ ਕਰਾਂਗਾ। ਹੁਣ ਮੈਂ ਸੋਚਦਾ ਹਾਂ ਕਿ ਇਹ ਸਿਰਫ਼ ਉਸਦੇ ਹੀ ਨਹੀਂ ਸਾਡੇ ਸਾਰਿਆਂ ਦੇ ਅਧੂਰੇ ਸੁਪਨਿਆਂ ਦੀ ਗਾਥਾ ਹੈ। ਜਿਸ ਤਰ੍ਹਾਂ ਉਹ ਆਪਣੇ ਦਿਨ ਦੇ ਰੁਝੇਵਿਆਂ ਦਾ ਵਿਸਥਾਰ ਦੱਸ ਰਿਹਾ ਸੀ, ਲੱਗਦਾ ਨਹੀਂ ਕਿ ਕਦੇ ਉਹ ਆਪਣੇ ਲਈ ਵੀ ਵਕਤ ਕੱਢ ਸਕੇਗਾ?

ਸਾਡੀ ਪੀਹੜੀ ਅਖੀਰਲੀ ਪੀਹੜੀ ਹੋਵੇਗੀ ਜਿਸਦੀ ਇਹ ਤਰਾਸਦੀ ਹੈ ਕਿ ਅਸੀਂ ਆਪਣਾ ਬਚਪਨਾ ਆਪਣੇ ਮਾਪਿਆਂ ਦੀ ਇਛਾਂਵਾਂ ਅਨੁਸਾਰ ਜੀਵਿਆ ਕਿਉਂਕਿ ਸਾਡੀ ਕਿਸੇ ਵੀ ਚਾਹਨਾ ਦਾ ਕੋਈ ਅਰਥ ਨਹੀਂ ਸੀ ਹੁੰਦਾ। ਮਾਪਿਆਂ ਦਾ ਫੈਸਲਾ ਅਟੱਲ ਹੁੰਦਾ ਸੀ। ਭਾਵੇਂ ਇਹ ਪੜਾਈ ਹੋਵੇ, ਵਿਆਹ ਕਰਵਾਉਣਾ ਜਾਂ ਘਰ ਦਾ ਕੋਈ ਕਾਰਜ ਕਰਨਾ ਹੋਵੇ। ਸਿਰਫ਼ ਮਾਪਿਆਂ ਦੇ ਹੁਕਮ ਦੀ ਪਾਲਣਾ ਸੀ ਸਾਡਾ ਧਰਮ। ਅਵੱਗਿਆ ਦਾ ਤਾਂ ਕਿਆਸ ਵੀ ਨਹੀਂ ਸੀ ਕੀਤਾ ਜਾ ਸਕਦਾ। ਕਈ ਵਾਰ ਸਾਨੂੰ ਆਪਣੇ ਸੁਪਨਿਆਂ ਦੇ ਪਰ ਖ਼ੁਦ ਹੀ ਕੱਟਣੇ ਪਏ ਅਤੇ ਟੁੱਟੇ ਖੰਭਾਂ ਦੀ ਪ੍ਰਵਾਜ ਅੰਬਰਾਂ ਨੂੰ ਤਾਂ ਕਦੇ ਵੀ ਹੱਥ ਨਹੀਂ ਲਾ ਸਕਦੀ। ਮਾਪਿਆਂ ਦੇ ਸਾਧਨ ਵੀ ਸੀਮਤ ਸਨ ਅਤੇ ਉਹ ਸਾਡੀਆਂ ਬਹੁਤ ਸਾਰੀਆਂ ਮੰਗਾਂ ਪੂਰੀਆਂ ਕਰਨ ਦੇ ਅਸਮਰਥ ਸਨ। ਅਸੀਂ ਸਦਾ ਆਗਿਆਕਾਰੀ ਔਲਾਦ ਬਣੇ ਰਹੇ। ਮਾਪਿਆਂ ਵਲੋਂ ਇਹ ਅਚੇਤ ਰੂਪ ਵਿਚ ਮਿਲੀ ਗੁੜਤੀ ਅਤੇ ਜੀਵਨ ਜਾਚ ਹੈ ਕਿ ਅਸੀਂ ਉਮਰ ਦਾ ਦੂਸਰਾ ਪੜਾਅ ਪਰਿਵਾਰਕ ਜੀਵਨ ਦੀ ਸਥਾਪਤੀ ਅਤੇ ਆਪਣੇ ਲਈ ਆਪਣਾ ਅੰਬਰ ਅਤੇ ਪੈਰਾਂ ਹੇਠਲੀ ਧਰਤ ਭਾਲਣ ਵਿਚ ਲਾਈ ਤਾਂ ਕਿ ਸਾਡੀ ਔਲਾਦ ਜੀਵਨੀ ਮਾਰਗ ਤੇ ਚੱਲਦਿਆਂ ਉਨ੍ਹਾਂ ਤੰਗੀਆਂ-ਤੁਰਸ਼ੀਆਂ ਥੀਂ ਨਾ ਗੁਜਰੇ ਜਿਨ੍ਹਾਂ ਵਿਚ ਲੰਘਦਿਆਂ ਅਸੀਂ ਆਪਣੇ ਰਾਹਾਂ ਦੀ ਨਿਸ਼ਾਨਦੇਹੀ ਕੀਤੀ ਸੀ।

ਫਿਰ ਅਸੀਂ ਆਪਣੇ ਬੱਚਿਆਂ ਦੇ ਮੋਹ ਵਿਚ ਅਜੇਹੇ ਬੱਝ ਗਏ ਕਿ ਉਨ੍ਹਾਂ ਦੀ ਪ੍ਰਵਰਿਸ਼ ਵਿਚੋਂ ਆਪਣਾ ਬਚਪਨ ਦੇਖਣ ਲੱਗ ਪਏ। ਇਸ ਤੋਂ ਬਾਅਦ ਆਪਣੇ ਬੱਚਿਆਂ ਦੇ ਬੱਚਿਆਂ ਵਿਚੋਂ ਆਪਣੇ ਬੱਚਿਆਂ ਦੇ ਬਚਪਨ ਦੀਆਂ ਭੋਲੀਆਂ-ਭਾਲੀਆਂ ਹਰਕਤਾਂ ਅਤੇ ਮਾਸੂਮੀਅਤ ਮਾਣਦਿਆਂ ਆਪਣੇ ਜੀਵਨ ਨੂੰ ਸਾਰਥਿਕ ਕਰਨ ਲੱਗੇ ਕਿਉਂਕਿ ਆਪਣੇ ਬੱਚਿਆਂ ਦੇ ਬਚਪਨੇ ਨੂੰ ਵਾਚਣ ਦਾ ਮੌਕਾ ਹੀ ਨਹੀਂ ਸੀ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੇ ਹੀ ਸਾਹ ਨਾ ਲੈਣ ਦਿੱਤਾ। ਆਪਣੀ ਅਗਲੀ ਪੀਹੜੀ ਨਾਲ ਮੋਹ ਦੇ ਰਿਸ਼ਤੇ ਦਾ ਬਾਖੂਬੀ ਨਿੱਘ ਮਾਣ ਰਹੇ ਹਾਂ ਅਤੇ ਇਨ੍ਹਾਂ ਸੁਖਨਵਰ ਪਲਾਂ ਨੂੰ ਆਪਣੇ ਜੀਵਨ ਦਾ ਸੁਨਹਿਰੀ ਯੁਗ ਮੰਨਦੇ ਹਾਂ। ਪਰ ਕਦੇ ਕਦੇ ਮਨ ਵਿਚ ਇਹ ਕਸਕ ਜ਼ਰੂਰ ਉਠਦੀ ਕਿ ਉਮਰ ਤਾਂ ਬੀਤ ਹੀ ਚੱਲੀ ਆ, ਆਪਣੇ ਲਈ ਤਾਂ ਸਮਾਂ ਮਿਲਿਆ ਹੀ ਨਹੀਂ?

ਸਮਾਂ ਬਹੁਤ ਤੇਜੀ ਨਾਲ ਬਦਲ ਰਿਹਾ ਅਤੇ ਬਦਲ ਰਹੇ ਨੇ ਲੋਕਾਂ ਦੇ ਸੁਹਜ-ਸਵਾਦ ਅਤੇ ਤਰਜ਼ੀਹਾਂ। ਅਜੋਕੇ ਜੀਵਨ ਵਿਚ ਨਿੱਜਵਾਦ ਭਾਰੂ। ਹਰ ਕੋਈ ਆਪਣੇ ਤੀਕ ਹੀ ਸੀਮਤ। ਉਹ ਆਪਣੀਆਂ ਸੁੱਖ-ਸੁਵਿਧਾਂਵਾਂ ਮਾਣਦਾ, ਆਪਣੇ ਹੀ ਤਰੀਕੇ ਨਾਲ ਜਿ਼ੰਦਗੀ ਜਿਊਣ ਲਈ ਬਜਿੱਦ। ਕਈ ਵਾਰ ਤਾਂ ਇੰਝ ਲੱਗਦਾ ਕਿ ਜਿ਼ਆਦਾਤਰ ਅੱਜ ਕੱਲ ਦੇ ਮਾਪੇ ਆਪਣੀ ਔਲਾਦ ਲਈ ਉਨੇ ਫਿ਼ਕਰਮੰਦ ਨਹੀਂ ਜਿੰਨੇ ਸਾਡੇ ਸਮਿਆਂ ਵਿਚ ਹੁੰਦੇ ਸਨ। ਉਨ੍ਹਾਂ ਨੇ ਆਪਣੇ ਸ਼ੌਕ ਪੂਰੇ ਕਰਨ ਤੀਕ ਹੀ ਖੁਦ ਨੂੰ ਸੀਮਤ ਕਰ ਲਿਆ ਹੈ।

ਸਾਡੇ ਸਮਿਆਂ ਵਿਚ ਮਾਪੇ ਨਿੱਕੇ ਨਿੱਕੀ ਕੁਤਾਹੀ ਤੇ ਟੋਕਦੇ, ਜੀਵਨੀ ਕਦਰਾਂ ਕੀਮਤਾਂ ਅਤੇ ਸੁਹਜਮਈ ਤੌਰ ਤਰੀਕਿਆਂ ਰਾਹੀਂ ਸਾਡੇ ਸਖ਼ਸੀ ਵਿਕਾਸ ਪ੍ਰਤੀ ਸੁਚੇਤ ਹੁੰਦੇ ਸਨ। ਅਜੋਕੇ ਸਮੇਂ ਵਿਚ ਜਦ ਕਈ ਵਾਰ ਕਿਸੇ ਸਮਾਜਿਕ ਇਕੱਠ ਵਿਚ ਕੁਝ ਬੱਚਿਆਂ ਨੂੰ ਖਾਣਾ ਖਾਣ ਵੇਲੇ ਜਾਂ ਸਮਾਗਮ ਵਿਚ ਵਿਚਰਦਿਆਂ ਦੇਖਦਾ ਹਾਂ ਤਾਂ ਇੰਝ ਲੱਗਦਾ ਕਿ ਮਾਪਿਆਂ ਨੇ ਬੱਚਿਆਂ ਨੂੰ ਜੀਵਨ ਦੀਆਂ ਕਦਰਾਂ ਕੀਮਤਾਂ ਅਪਨਾਉਣ ਅਤੇ ਦਿਲਕੱਸ਼ ਸਖ਼ਸ਼ੀਅਤ ਬਣਾਉਣ ਵੱਲ ਤਾਂ ਕਦੇ ਧਿਆਨ ਦਿਤਾ ਹੀ ਨਹੀਂ। ਸਿਰਫ਼ ਉਹ ਤਾਂ ਖੁਦ ਤੀਕ ਹੀ ਸੀਮਤ ਰਹੇ।

ਔਲਾਦ ਦਾ ਖੁਦ ਤੀਕ ਹੀ ਸੁੰਗੜ ਜਾਣ ਦਾ ਸੱਭ ਤੋਂ ਵੱਡਾ ਸਬੂਤ ਹੈ ਕਿ ਅਸੀਂ ਆਪਣੇ ਬਜੁਰਗਾਂ ਨੂੰ ਸੀਨੀਅਰ ਹੋਮਾਂ ਵਿਚ ਵਾੜ ਦਿਤਾ ਅਤੇ ਉਨ੍ਹਾਂ ਦੀ ਪ੍ਰਵਾਹ ਕਰਨੀ ਹੀ ਛੱਡ ਦਿਤੀ ਹੈ। ਭਲਾ! ਉਨ੍ਹਾਂ ਬਜੁਰਗਾਂ ਦੇ ਪੱਲੇ ਕੀ ਪਿਆ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਔਲਾਦ ਦੇ ਲੇਖੇ ਲਾਈ ਪਰ ਆਖਰੀ ਉਮਰੇ ਬਜੁਰਗ ਆਸ਼ਰਮ ਵਿਚ ਹੀ ਪਨਾਹ ਮਿਲੀ। ਉਹ ਸੋਚਦੇ ਤਾਂ ਜ਼ਰੂਰ ਹੋਣਗੇ ਕਿ;

ਜਿਸ ਘਰ ਲਈ ਅਸੀਂ ਸਾਰੀ ਉਮਰ ਗਾਲ਼ੀ ਉਹ ਘਰ ਕਿਧਰ ਗਿਆ?
ਬਹੁਤੇ ਕਮਰਿਆਂ ਵਾਲੇ ਘਰ `ਚ ਸਾਡੇ ਲਈ ਇਕ ਕਮਰਾ ਵੀ ਨਾ ਰਿਹਾ।
ਬੁੱਢੀ ਉਮਰੇ ਸਾਡੀ ਡੰਗੋਰੀ ਦਾ ਤਿੱੜਕ ਜਾਣਾ, ਸਾਹੀਂ ਸੋਗ ਧਰ ਗਿਆ।
ਚੰਗਾ ਭਲਾ ਵੱਸਦਿਆਂ ਦੇ ਹੱਡਾਂ `ਚ ਕੁੱਖੋਂ ਜਾਇਆਂ ਦਾ ਨਾਸੂਰ ਰਿਸ ਰਿਹਾ।
ਦੁਹਾਈ ਲੋਕੋ! ਕੇਹਾ ਵਕਤ ਕਿ ਆਪਣੀ ਅਰਥੀ ਨੂੰ ਖ਼ੁਦ ਮੋਢਾ ਦੇਣਾ ਪਿਆ।

ਸੀਨੀਅਰ ਹੋਮ ਵਿਚ ਬੈਠਾ ਬਜੁਰਗ ਜ਼ਰੂਰ ਹਿਸਾਬ ਲਾਉਂਦਾ ਹੋਵੇਗਾ ਕਿ ਮੈਂ ਕੀ ਖੱਟਿਆ ਅਤੇ ਕੀ ਕਮਾਇਆ? ਰਹਿ ਗਿਆ ਮੈਂ ਖਾਲੀ ਹੱਥ, ਆਪਣੇ ਘਰ `ਚ ਹੋਇਆ ਪਰਾਇਆ। ਜੇ ਮੇਰੇ ਨਾਲ ਇਹ ਹੀ ਹੋਣੀ ਸੀ ਤਾਂ ਮੈਂ ਆਪੇ ਨਾਲ ਸਮਾਂ ਕਿਉਂ ਨਾ ਬਿਤਾਇਆ? ਆਪਣੀਆਂ ਰੀਝਾਂ ਨੂੰ ਮਨ ਵਿਚ ਕਿਉਂ ਦਫ਼ਨਾਇਆ। ਕਿਉਂ ਮੈਂ ਆਪਣੇ ਹਿੱਸੇ ਦਾ ਵਕਤ ਗਵਾਇਆ? ਕਿਉਂ ਮੈਂ ਉਸ ਔਲਾਦ ਲਈ ਖੱਪ ਖੱਪ ਮਰਦਾ ਰਿਹਾ ਜਿਹੜੀ ਆਖਰੀ ਵਕਤ ਮੇਰੇ ਸਾਹਾਂ ਨੂੰ ਸੂਲੀ ਤੇ ਟੰਗ ਕੇ ਤੁੱਰ ਗਈ? ਅਜੇਹੀ ਤਰਾਸਦੀ ਮੇਰੇ ਹੀ ਹਿੱਸੇ ਕਿਉਂ ਆਈ ? ਮੇਰੀ ਔਲਾਦ ਇੰਨੀ ਭਾਵਹੀਣ ਅਤੇ ਨਿਰਮੋਹੀ ਕਿਉਂ ਹੋ ਗਈ? ਕੀ ਉਸਦੀਆਂ ਮੋਹ ਦੀਆਂ ਤੰਦਾਂ ਸਿਰਫ਼ ਆਪਣੇ ਹਿੱਤਾਂ ਦੀ ਪੂਰਤੀ ਤੀਕ ਹੀ ਸੀਮਤ ਸਨ। ਮੈਂ ਤਾਂ ਦੋ ਡੰਗ ਦੀ ਰੋਟੀ ਦਾ ਪ੍ਰਹੁਣਾ ਸਾਂ। ਪਤਾ ਨਹੀਂ ਕਦੋਂ ਸਦਾ ਲਈ ਜਾਣ ਦਾ ਸੱਦਾ ਆ ਜਾਣਾ ਅਤੇ ਘਰ ਨੂੰ ਵਿਹਲਾ ਕਰ ਜਾਣਾ? ਇਹ ਕੇਹੀ ਕਾਹਲ ਔਲਾਦ ਦੇ ਮਨ ਵਿਚ ਵੱਸੀ ਕਿ ਮਰਨ ਦਾ ਇੰਤਜ਼ਾਰ ਵੀ ਨਾ ਕਰ ਸਕੇ। ਸਗੋਂ ਉਹ ਮੇਰੇ ਜਿਉਂਦੇ ਜੀਅ ਹੀ ਸੱਭ ਕੁਝ ਹੜੱਪਣ ਲਈ ਕਾਹਲੇ? ਬਹੁਤ ਸਾਰੇ ਵਿਚਾਰ ਅਤੇ ਪ੍ਰਸ਼ਨ ਇਕੱਲ ਭੋਗਦੇ ਵਿਅਕਤੀ ਨੂੰ ਘੇਰ ਲੈਂਦੇ। ਇਨ੍ਹਾਂ ਘੁੰਮਣਘੇਰੀਆਂ ਵਿਚ ਉਹ ਆਪਣੇ ਸਾਹਾਂ ਦਾ ਹਿਸਾਬ ਖਤਮ ਕਰ, ਆਪਣਾ ਬਿਸਤਰ ਵਲੇਟ ਲੈਂਦਾ। ਫਿਰ ਕਿਸੇ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਕੋਈ ਹੁੰਦਾ ਸੀ ਮਾਂ ਵਰਗਾ ਬਾਪ ਜਾਂ ਬਾਪ ਵਰਗੀ ਮਾਂ ਜੋ ਸਾਡੀਆਂ ਲੋੜਾਂ ਅਤੇ ਥੋੜ੍ਹਾਂ ਨੂੰ ਸਾਡੇ ਤੋਂ ਪਹਿਲਾਂ ਜਾਣ ਲੈਂਦਾ/ਲੈਂਦੀ। ਉਸਦਾ ਖਾਲੀ ਬੋਝਾ ਵੀ ਸਾਡੇ ਲਈ ਹਮੇਸ਼ਾ ਭਰਿਆ ਹੁੰਦਾ ਸੀ।

ਇਸ ਤੋਂ ਪਹਿਲਾਂ ਕਿ ਅਸੀਂ ਤੁਰਨੋਂ ਫਿਰਨੋਂ ਆਰੀ ਹੋ ਜਾਈਏ, ਸਾਡਾ ਖਾਣਾ ਪੀਣਾ ਵੀ ਸੀਮਤ ਹੋ ਜਾਵੇ, ਸਾਡੇ ਸ਼ੌਕ ਸਿਊਂਕੇ ਜਾਣ ਜਾਂ ਸਾਡੇ ਸੁਪਨਿਆਂ ਦਾ ਸੰਦਲੀ ਰੰਗ ਧੁੰਧਲਕੇ ਦਾ ਸਿ਼ਕਾਰ ਹੋ ਜਾਵੇ, ਕੁਝ ਸਮਾਂ ਤਾਂ ਆਪਣੇ ਲਈ ਕੱਢ ਲਿਆ ਕਰੀਏ। ਆਪਣੇ ਅੰਤਰੀਵੀ ਨਾਦ ਨੂੰ ਸੁਣੀਏ। ਅੰਦਰ ਸੁੱਤੀਆਂ ਕਲਾਵਾਂ ਨੂੰ ਜਗਾਈਏ। ਅਚੇਤ ਵਿਚ ਬੈਠੀਆਂ ਸੱਧਰਾਂ ਨੂੰ ਪੂਰਾ ਕਰਨ ਦਾ ਅਹਿਦ ਕਰੀਏ। ਕੁਝ ਅਣਗਾਹੇ ਥਾਵਾਂ ਅਤੇ ਗਰਾਵਾਂ ਨੂੰ ਮਿਲ ਕੇ ਆਪਣੀ ਸੋਚ-ਸੰਵੇਦਨਾ ਨੂੰ ਵਿਸਥਾਰੀਏ। ਆਪਣੇ ਮਨ ਵਿਚ ਸੁੰਘੜ ਗਈ ਸੂਖ਼ਮਤਾ ਨੂੰ ਫੈਲਾਈਏ। ਆਪਣੀ ਸਹਿਜਤਾ ਅਤੇ ਸੁਹਜਤਾ ਵਿਚੋਂ ਸੁਖਨ ਦਾ ਜਾਗ ਆਪਣੀ ਜੀਵਨ ਦੇ ਨਾਮ ਲਾਈਏ ਤਾਂ ਕਿ ਸਾਨੂੰ ਇਹ ਗਿਲ਼ਾ ਨਾ ਹੋਵੇ ਕਿ ਅਸੀਂ ਸਾਰੀ ਉਮਰ ਬੇਅਰਥੀ ਹੀ ਵਿਹਾਜ ਲਈ। ਅਸੀਂ ਆਪਣੇ ਲਈ ਤਾਂ ਵਕਤ ਕੱਢਿਆ ਹੀ  ਨਹੀਂ। ਕਿਉਂ ਨਾ ਇਸਦੀ ਸ਼ੁਰੂਆਤ ਅੱਜ ਤੋਂ ਹੀ ਕਰੀਏ।

ਤਿਲਕਦਾ ਜਾ ਰਿਹਾ ਵਕਤ ਸਾਡੀ ਤਲੀ ਤੇ ਇਕ ਪ੍ਰਸ਼ਨ ਖੁਣ ਰਿਹਾ ਕਿ ਮੈਂ ਤਾਂ ਅਰੋਕ ਹਾਂ। ਪਰ ਹੱਥੋਂ ਨਿਕਲ ਰਹੇ ਵਕਤ ਨੂੰ ਐ ਬੰਦੇ! ਕਿਵੇਂ ਵਰਤਣਾ, ਇਹ ਤਾਂ ਤੂੰ ਸੋਚਣਾ ਕਿ ਇਹ ਸਮਾਂ ਤੇਰਾ ਹੈ ਜਾਂ ਤੂੰ ਇਸਨੂੰ ਕਿਸੇ ਅਕ੍ਰਿਤਘਣ ਦੇ ਲੇਖੇ ਲਾਉਣਾ? ਐ ਬੰਦੇ! ਆ ਆਪਾਂ ਦੋਵੇਂ ਇਕਸਾਰ ਹੋਈਏ। ਇਕ ਦੂਜੇ ਵਿਚ ਘੁੱਲ ਮਿਲ ਜਾਈਏ। ਆਉਣ ਵਾਲੇ ਵਕਤ ਨੂੰ ਆਪਣੀ ਤਾਸੀਰ ਅਤੇ ਤਰਜ਼ੀਹ ਅਨੁਸਾਰ ਮਾਣ। ਇਸ ਰੰਗਲੀ ਦੁਨੀਆਂ ਤੋਂ ਤਾਂ ’ਕੇਰਾਂ ਸਭ ਨੇ ਹੀ ਤੁੱਰ ਜਾਣਾ। ਮਨ ਵਿਚ ਸੰਤੁਸ਼ਟੀ ਰੱਖ ਕੇ ਅਤੇ ਬਿਨ੍ਹਾਂ ਕਿਸੇ ਗਿਲ਼ੇ ਜਾਂ ਸਿ਼ਕਵੇ ਤੋਂ, ਹੱਸ ਕੇ ਆਪਣਾ ਆਖਰੀ ਕਦਮ ਧਰਨ ਵਾਲੇ ਜੀਵਨ ਦੇ ਸ਼ਾਹ-ਅਸਵਾਰ ਬਣਨਾ ਜਾਂ ਮਨ ਵਿਚ ਅਣਮਾਣੀਆਂ, ਅਧੂਰੀਆਂ ਤੇ ਅਪੂਰਨ ਆਸਾਂ ਦੀ ਧੂਣੀ ਬਾਲ ਕੇ ਖੁਦ ਨੂੰ ਰਾਖ਼ ਕਰਦਿਆਂ ਸਿਵੇ ਦੀ ਰਾਖ ਬਨਣਾ, ਇਹ ਤਾਂ ਬੰਦੇ ਤੈਨੂੰ ਹੀ ਸੋਚਣਾ ਪੈਣਾ।

ਮੇਰਾ ਕਾਲਜ ਦਾ ਦੋਸਤ ਹੈ। ਪਿਛਲੇ 50 ਕੁ ਸਾਲਾਂ ਤੋਂ ਵੱਖਰੇ ਵੱਖਰੇ ਦੇਸ਼ਾਂ ਵਿਚ ਪ੍ਰਵਾਸ ਹੰਢਾਉਂਦਾ, ਅਜੇ ਤੀਕ ਵੀ ਗੈਰ-ਕਾਨੂੰਨੀ ਪਰਵਾਸੀ ਹੀ ਹੈ। ਦਿਨੇ ਰਾਤ ਮਿਹਨਤ ਕਰਦਾ, ਪਿਛੇ ਪਰਿਵਾਰ ਨੂੰ ਪੈਸੇ ਭੇਜਦਾ, ਇਕ ਮਸ਼ੀਨ ਬਣਿਆ ਹੋਇਆ ਹੈ। ਉਹ ਵਿਆਹਿਆ ਹੋਇਆ ਵੀ ਅਣਵਿਆਹਿਆ ਹੈ। ਘਰ ਵਾਲੀ ਉਸਨੂੰ ਉਡੀਕਦਿਆਂ ਚਾਂਦੀ ਰੰਗੇ ਵਾਲਾਂ ਵਿਚੋਂ ਹੁਣ ਵੀ ਆਪਣੇ ਸੁਹਾਗ ਦਾ ਰੰਗ ਦੇਖਦੀ ਹੈ। ਉਸਦੀਆਂ ਧੀਆਂ ਦੇ ਵਿਆਹ ਵੀ ਉਸਦੀ ਗੈਰਹਾਜਰੀ ਵਿਚ ਹੋਏ। ਉਸਦੇ ਮਾਪੇ ਆਪਣੇ ਪੁੱਤ ਨੂੰ ਮਿਲਣ ਦੀ ਆਸ ਵਿਚ ਇਸ ਦੁਨੀਆਂ ਤੋਂ ਰੱਖਸਤ ਹੋ ਗਏ। ਕਈ ਵਾਰ ਮੈਂ ਸੋਚਦਾ ਹਾਂ ਕਿ ਉਸਦਾ ਸਾਰਾ ਜੀਵਨ ਕਿਸ ਲੇਖੇ ਲੱਗਿਆ?  ਕੀ ਉਸਨੇ ਪਰਿਵਾਰਕ ਸੁਖ ਨੂੰ ਮਾਣਿਆ ਜਾਂ ਉਹ ਮਾਣਨਾ ਹੀ ਨਹੀਂ ਸੀ ਚਾਹੁੰਦਾ। ਆਪਣੀਆਂ ਧੀਆਂ ਦਾ ਬਚਪਨਾ ਅਤੇ ਉਨ੍ਹਾਂ ਦੇ ਚਾਵਾਂ ਦੀ ਪੂਰਤੀ ਦਾ ਅਹਿਸਾਸ ਉਹ ਕਿਹੜੇ ਮੁੱਲ ਖਰੀਦੇਗਾ?  ਵਿਆਹੁਤਾ ਜੀਵਨ ਦੇ ਰਾਂਗਲੇ ਦਿਨਾਂ ਦੀ ਕਿਹੜੀ ਯਾਦ ਨੂੰ ਉਹ ਚੇਤੇ ਰੱਖੇਗਾ? ਆਪਣੇ ਮਾਪਿਆਂ ਨੂੰ ਅਗਨੀ ਨਾ ਦੇਣ ਦੀ ਪੀੜਾ ਉਸਨੂੰ ਕਿਵੇਂ ਪਲ ਪਲ ਕੋਂਹਦੀ ਹੋਵੇਗੀ? ਉਹ ਕਿਹੜੀ ਦੌੜ ਦੌੜਦਾ ਰਿਹਾ ਕਿ ਉਹ ਖੁਦ ਨੂੰ ਵੀ ਭੁੱਲ ਗਿਆ। ਉਸਦੀ ਇਸ ਭੁੱਲ ਕਾਰਨ ਉਸਦੀ ਘਰਵਾਲੀ, ਮਾਪੇ ਅਤੇ ਧੀਆਂ ਦੀ ਮਾਨਸਿਕਤਾ ਵਿਚ ਆਈਆਂ ਕੁੜੱਤਣਾਂ ਅਤੇ ਕਰੂਰਤਾ ਦਾ ਹਰਜ਼ਨਾ ਤਾਂ ਉਸਨੂੰ ਰਹਿੰਦੀ ਉਮਰ ਤੀਕ ਭਰਨਾ ਪਵੇਗਾ। ਫਿਰ ਇਕ ਹਿਰਸ ਲੈ ਕੇ ਉਹ ਇਸ ਜਹਾਨ ਤੋਂ ਤੁੱਰ ਜਾਵੇਗਾ ਕਿ ਕਾਸ਼! ਉਹ ਸਮੇਂ ਸਿਰ ਕੁਝ ਅਜੇਹਾ ਕਰਦਾ ਕਿ ਉਹ ਆਪਣੇ ਹਿੱਸੇ ਦਾ ਜੀਵਨ ਜਿਊਂਦਾ ਤਾਂ ਕਿ ਉਸਦੇ ਪਰਿਵਾਰਕ ਮੈਂਬਰ ਵੀ ਆਪਣੇ ਹਿੱਸੇ ਦੀ ਜਿ਼ੰਦਗੀ ਮਾਣਦੇ, ਆਪਣੇ ਵਕਤ ਨੂੰ ਆਪਣੇ ਰੰਗ ਵਿਚ ਰੰਗਦੇ। ਅਜੇਹੇ ਅਕਾਰਥ ਜੀਵਨ ਦਾ ਕੌਣ ਲੇਖਾ ਕਰੇਗਾ? ਉਸਦੇ ਜਾਣ ਤੋਂ ਬਾਅਦ ਉਹ ਆਪਣਿਆਂ ਦੇ ਚੇਤਿਆਂ ਵਿਚੋਂ ਸਿਵੇ ਦੀ ਰਾਖ ਵਾਂਗ ਉਡ ਜਾਵੇਗ।

ਯਾਦ ਰਹੇ ਇਹ ਤਾਂ ਮਨੁੱਖ ਨੇ ਖੁਦ ਹੀ ਸੋਚਣਾ ਕਿ ਉਸ ਨੇ ਆਪਣੀ ਜੀਵਨ-ਸ਼ੈਲੀ ਨੂੰ ਕਿਸ ਤਰਾਂ ਦਾ ਬਣਾਉਣਾ ਤਾਂ ਕਿ ਉਹ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦਾ, ਆਪਣੇ ਹਿੱਸੇ ਦਾ ਸਮਾਂ ਆਪਣੀ ਇੱਛਾ ਅਨੁਸਾਰ ਬਿਤਾਵੇ। ਉਸਨੂੰ ਕੋਈ ਸਿ਼ਕਵਾ ਨਾ ਹੋਵੇ ਕਿ ਉਹ ਆਪਣੇ ਆਪ ਨੂੰ ਤਾਂ ਮਿਲਿਆ ਹੀ ਨਹੀਂ। ਆਪਣੇ ਹਿੱਸੇ ਦੇ ਪਲ੍ਹਾਂ ਨੂੰ ਆਪਣੀਆਂ ਤਰਜ਼ੀਹਾਂ ਅਨੁਸਾਰ ਮਾਣਿਆ ਹੀ ਨਹੀਂ। ਯਾਰੋ ਵਾਸਤਾ ਈ! ਕਦੇ ਕਦਾਈਂ ਆਪਣੀ ਜਿ਼ੰਦਗੀ ਨੂੰ ਆਪਣੀ ਚਾਹਤ ਅਨੁਸਾਰ ਜੀਵਿਆ ਕਰੋ। ਇਕ ਵਾਰ ਤੁੱਰ ਗਏ ਤਾਂ ਕਿਸੇ ਨੇ ਨਹੀਂ ਕਹਿਣਾ ਕਿ ਉਸਨੇ ਸਾਡੇ ਲਈ ਬਹੁਤ ਕੁਝ ਕੀਤਾ। ਸਗੋਂ ਕਹਿਣਗੇ ਕਿ ਉਹ ਕੋਹਲੂ ਦੇ ਬਲਦ ਦੀ ਜੂਨ ਕੱਟ ਗਿਆ। ਆਪਣੀ ਜਿ਼ੰਦਗੀ ਨੂੰ ਤਾਂ ਉਸ ਮਾਣਿਆ ਹੀ ਨਹੀਂ।

ਜਿੰਦਗੀ ਦੇ ਰੁਝੇਵਿਆਂ ਵਿਚ ਵਕਤ ਦਾ ਪਤਾ ਹੀ ਨਹੀਂ ਲੱਗਦਾ। ਪਰ ਆਪਣੇ ਆਪ ਲਈ ਸਮਾਂ ਤਾਂ ਖੁਦ ਹੀ ਕੱਢਣਾ ਪੈਣਾ, ਆਪਣੇ ਆਪ ਨੂੰ ਮਿਲਣਾ ਪੈਣਾ ਅਤੇ ਖੁਦ ਨੂੰ ਕਹਿਣਾ ਪੈਣਾ ਕਿ ਮੈਂ ਹੁਣ ਆਪਣੇ ਸਮੇਂ ਦਾ ਹੱਕਦਾਰ ਹਾਂ। ਬਥੇਰਾ ਕਰ ਲਿਆ ਆਪਣਿਆਂ ਦਾ, ਕੁਝ ਆਪ ਵੀ ਜੀਅ ਕੇ ਦੇਖ ਲਾਂ।

ਆਪਣਾ ਖਿ਼ਆਲ ਰੱਖਣ ਲਈ, ਖੁਦ ਨੂੰ ਪਿਆਰ ਕਰਨ ਲਈ, ਆਪਣੀਆਂ ਸਰੀਰਕ, ਭਾਵਨਾਤਮਿਕ ਅਤੇ ਮਨੋਵਿਗਿਆਨਕ ਲੋੜਾਂ ਦੀ ਪੂਰਤੀ ਕਰਨ ਲਈ ਅਤੇ ਆਪਣੇ ਅੰਤਰੀਵ ਦੀ ਯਾਤਰਾ ਕਰਨ ਲਈ ਸਮਾਂ ਤਾਂ ਅੱਜ ਹੀ ਕੱਢੋਗੇ ਤਾਂ ਤੁਹਾਡੇ ਲਈ ਬਿਹਤਰ ਹੋਵੇਗਾ। ਉਡੀਕ ਕਿਸ ਗੱਲ ਦੀ ਕਰਦੇ ਹੋ?

ਤੁਸੀਂ ਬੇਸ਼ਕੀਮਤੀ ਹੋ, ਇਸ ਸੱਚ ਨੂੰ ਸਮਝੋ। ਜਦ ਤੱਕ ਇਹ ਨਹੀਂ ਸਮਝਦੇ ਤੁਸੀਂ ਆਪਣੇ ਆਪ ਲਈ ਸਮਾਂ ਕੱਢ ਹੀ ਨਹੀਂ ਸਕੋਗੇ। ਖੁਦ ਦੀ ਅਹਿਮੀਅਤ ਨੂੰ ਸਮਝਣ ਵਾਲੇ ਆਪਣੇ ਲਈ ਵਕਤ ਵਿਚੋਂ ਵੀ ਵਕਤ ਕੱਢ ਹੀ ਲੈਂਦੇ। ਆਖਰ ਨੂੰ ਤਾਂ;

ਸਾਹਾਂ ਸੰਦੜਾ ਸਾਜ ਇਕ ਦਮ ਰੁੱਕ ਜਾਣਾ।
ਦੁਨੀਆਂ ਉਤੋਂ ਦਾਣਾ ਪਾਣੀ ਮੁੱਕ ਜਾਣਾ।
ਯਾਦਾਂ ਤੇਰੀਆਂ ਕੁਝ ਚਿਰ ਚੇਤੇ ਰਹਿਣਗੀਆਂ,
ਆਖਰ ਨੂੰ ਇਨ੍ਹਾਂ ਵੀ ਮਨਾਂ `ਚੋਂ ਉੱਕ ਜਾਣਾ।
ਐਂਵੇਂ ਭਰਮ ਭੁਲੇਖੇ ਤੇਰੀਆਂ ਗਿਣਤੀਆਂ ਦੇ,
ਕੁੜਮ ਕਬੀਲਾ ਪਲ `ਚ ਸੱਥਰੀਂ ਢੁੱਕ ਜਾਣਾ।
ਹਰ ਪਲ ਨੂੰ ਰੱਜ ਜੀਣਾ ਜਿੰਦਗੀ ਹੁੰਦਾ ਏ,
ਤੇਰੀ ਹੋਂਦ ਨੇ ਬੀਤੇ ਦੇ ਵਿਚ ਲੁੱਕ ਜਾਣਾ।
ਵਕਤ ਦੀ ਬੀਹੀ ਕਈ ਵਜਾਗੇ ਵਾਜੇ ਨੇ,
ਤੇਰੀ ਹੋਂਦ ਨੇ ਆਖਰ ਮਿੱਟੀ ’ਚ ਛੁੱਪ ਜਾਣਾ।
ਸਾਹਾਂ ਦਾ ਸਿਰਨਾਵਾਂ ਤੈਨੂੰ ਲੱਭਣਾ ਨਹੀਂ,
ਅੰਬਰੀਂ ਜਾਪਦੀ ਡੋਰ ਨੇ ਦੇਖੀਂ ਟੁੱਟ ਜਾਣਾ।

ਚੇਤੇ ਰਹੇ! ਆਪਣੇ ਆਪ ਲਈ ਸੱਭ ਤੋਂ ਵੱਡਾ ਤੋਹਫ਼ਾ ਖੁਦ ਨੂੰ ਦਿੱਤਾ ਸਮਾਂ ਹੁੰਦਾ ਜਦੋਂ ਤੁਸੀਂ ਖੁਦ ਵਿਚੋਂ ਉਸ ਖੁਦ ਨੂੰ ਭਾਲਦੇ ਹੋ ਜਿਹੜਾ ਤੁਹਾਡੇ ਤੋਂ ਸਦਾ ਅਣਜਾਣ ਹੀ ਰਿਹਾ।

ਯਾਰਾ ਆਪਣਾ ਖਿਆਲ ਰੱਖਿਆ ਕਰ। ਆਪਣੇ ਲਈ ਵਕਤ ਜ਼ਰੂਰ ਕੱਢੀਂ ਕਿਉਂਕਿ ਤੇਰੇ ਵਰਗਾ ਮੇਰੇ ਕੋਲ ਹੋਰ ਨਹੀਂ ਹੈ। ਐਂਵੇ ਸ਼ਿਕਵਾ ਨਾ ਕਰਿਆ ਕਰ ਕਿ ਕਦੋਂ ਮੈਂਨੂੰ ਆਪਣੇ ਆਪ ਲਈ ਸਮਾਂ ਮਿਲੇਗਾ?

ਜਿ਼ੰਦਗੀ ਨੂੰ ਅੱਜ ਵਿਚ ਜੀਅ। ਕੱਲ ਨੂੰ ਪਤਾ ਨਹੀਂ ਕੀ ਹੋਵੇ। ਤੁਸੀਂ ਰਹੋ ਜਾਂ ਨਾ ਰਹੋ। ਅੱਜ ਤਾਂ ਤੁਹਾਡੇ ਹੱਥ-ਵੱਸ ਹੈ। ਇਸਨੂੰ ਜੀਵਨ ਦੀ ਅਣਮੁੱਲੀ ਅਮਾਨਤ ਬਣਾਅ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1688
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਬਖਸ਼ ਸਿੰਘ ਭੰਡਾਲ

View all posts by ਡਾ. ਗੁਰਬਖਸ਼ ਸਿੰਘ ਭੰਡਾਲ →