23 April 2024

ਅਣਗੌਲੇ ਜਾਣ ਦਾ ਦਰਦ—ਡਾ. ਗੁਰਬਖ਼ਸ਼ ਸਿੰਘ ਭੰਡਾਲ

ਕਈ ਵਾਰ ਅਣਗੌਲੇ ਜਾਣਾ ਸੁਚੇਤ ਰੂਪ ਵਿਚ ਹੁੰਦਾ ਅਤੇ ਕਈ ਵਾਰ ਅਚੇਤ ਰੂਪ ਵਿਚ। ਕਈ ਵਾਰ ਜਾਣ ਬੁੱਝ ਕੇ ਅਤੇ ਕਈ ਵਾਰ ਸੁੱਤੇ ਸਿੱਧ। ਕਈ ਵਾਰ ਕਿਸੇ ਨੂੰ ਹੀਣਾ ਦਰਸਾਉਣ ਲਈ ਅਤੇ ਕਈ ਵਾਰ ਖੁਦ ਦੀ ਉੱਚਮਤਾ ਪ੍ਰਗਟਾਉਣ ਲਈ। ਅਣਗੌਲਣਾ, ਮਨੁੱਖੀ ਸੁਭਾਅ ਦਾ ਨਕਾਰਾਤਮਕ ਪਹਿਲੂ। ਖੁਦ ਦੇ ਮਨ ਵਿਚ ਬੈਠੀ ਹਊਮੈ ਜਾਂ ਅਗਿਆਨਤਾ। ਆਪਣਾ ਹੰਕਾਰ, ਵਹਿਮ ਪਾਲਣ ਦਾ ਭਰਮ ਅਤੇ ਖੁਦ ਦੀ ਰਹਿਬਰੀ ਨੂੰ ਪ੍ਰਾਪਤੀ ਦਾ ਸਬੱਬ ਬਣਾਉਣਾ। ਅਣਗੌਲਣਾ, ਸਮਾਜ ਵਿਚ ਵੀ ਹੁੰਦਾ, ਰਿਸ਼ਤਿਆਂ ਵਿਚ ਵੀ, ਦੋਸਤਾਂ ਵਿਚ ਵੀ, ਕੰਮ ਵਾਲੀ ਥਾਂ `ਤੇ ਵੀ ਅਤੇ ਜਮਾਤ ਵਿਚ ਵੀ। ਕੌਣ ਅਣਗੌਲਿਆ ਜਾਂਦਾ ਅਤੇ ਕਿਸ ਨੂੰ ਉਚੇਚ ਦਿਤਾ ਜਾਂਦਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ। ਅਦਿੱਖ ਰੂਪ ਵਿਚ ਇਹ ਸਭ ਕੁਝ ਸਭ ਦੇ ਸਾਹਮਣੇ ਹੀ ਵਪਾਰਦਾ। ਸਮਾਜ ਦੇ ਸ਼ੀਸ਼ੇ ਵਿਚ ਕੁਝ ਸਮੇਂ ਲਈ ਕੋਈ ਧੁੰਧਲਕਾ ਤਾਂ ਹੋ ਸਕਦਾ, ਪਰ ਸਮਾਜ ਦੀ ਪਾਰਦਰਸ਼ਤਾ ਸਾਹਵੇਂ ਗਿਰਿਆ ਬੰਦਾ ਕਦੇ ਉਠਣ ਜੋਗਾ ਨਹੀਂ ਰਹਿੰਦਾ।

ਕਈ ਵਾਰ ਅਸੀਂ ਆਪਣੀਆਂ ਹੀ ਸੋਚਾਂ ਵਿਚ ਅਜੇਹੇ ਗਵਾਚਦੇ ਹਾਂ ਕਿ ਸਾਨੂੰ ਆਲੇ-ਦੁਆਲੇ ਵਿਚ ਕੁਝ ਵਪਾਰਨ, ਕਿਸੇ ਦੀ ਹਾਜ਼ਰੀ ਜਾਂ ਹੋਂਦ ਦਾ ਅਹਿਸਾਸ ਹੀ ਨਹੀਂ ਹੁੰਦਾ। ਅਸੀਂ ਆਪਣੀ ਹੀ ਦੁਨੀਆ ਵਿਚ ਗਵਾਚੇ, ਖੁਦ ਦੀ ਦੁਨੀਆ ਵਸਾ, ਇਸ ਦੀਆਂ ਬਾਰੀਕੀਆਂ ਅਤੇ ਮਹੀਨ ਤੰਦਾਂ ਵਿਚ ਉਲਝੇ ਸਿਰਫ਼ ਖੁਦ ਤੋਂ ਖੁਦ ਦੇ ਸਫ਼ਰ ਵਿਚ ਹੀ ਰਾਹਾਂ ਦਾ ਪੈਂਡਾ ਮੁਕਾ ਛੱਡਦੇ ਹਾਂ। ਸਫ਼ਰ `ਤੇ ਜਾਂਦਿਆਂ ਅੱਖਾਂ ਖੁੱਲ੍ਹੀਆਂ ਹੋਣ, ਕੰਨਾਂ ਨੂੰ ਸਪੱਸ਼ਟ ਸੁਣਾਈ ਦੇਵੇ ਅਤੇ ਤੁਹਾਡੀ ਚੇਤਨਾ ਵਿਚ ਚੇਤਨਤਾ ਦਾ ਵਾਸ ਰਹੇ ਤਾਂ ਸਫ਼ਰ ਬਹੁਤ ਸੁਖਾਵਾਂ ਹੁੰਦਾ ਹੈ। ਇਹ ਸਫ਼ਰ ਭਾਵੇਂ ਮੰਜ਼ਲਾਂ ਦਾ ਹੋਵੇ, ਸੁਪਨਿਆਂ ਦਾ ਹੋਵੇ, ਦਿਲਲਗੀ ਦਾ ਜਾਂ ਜਿ਼ੰਦਗੀ ਦਾ ਹੋਵੇ। ਚੌਗਿਰਦੇ ਨੂੰ ਅਣਗੌਲੇ ਕੀਤਿਆਂ ਤੁਸੀਂ ਆਪਣੇ ਆਪ ਨੂੰ ਅਣਗੌਲੇ ਹੋਣ ਤੋਂ ਕਦੇ ਨਹੀਂ ਬਚਾ ਸਕਦੇ। ਅਣਗੌਲੇ ਜਾਣ ਦਾ ਦਰਦ ਬਹੁਤ ਡੂੰਘਾ ਹੁੰਦਾ ਹੈ। ਇਸਦੀ ਚੀਸ ਵਿਚ ਬੰਦਾ ਚੀਸ ਚੀਸ ਹੋ ਜਾਂਦਾ ਹੈ। ਕਈ ਵਾਰ ਤਾਂ ਬੰਦੇ ਦੀ ਹੂੰਗਰ ਵੀ ਹਾਕ ਬਣਨ ਤੋਂ ਆਕੀ ਹੋ ਜਾਂਦੀ ਹੈ। ਅਣਗੌਲਣਾ ਕਿਸੇ ਵੀ ਪੱਧਰ ਦਾ ਹੋਵੇ, ਮਾੜਾ ਹੁੰਦਾ ਹੈ। ਜੇਕਰ ਅਣਗੌਲਣਾ ਹੀ ਹੈ ਤਾਂ ਮਨ ਵਿਚ ਉਠੀਆਂ ਵਿਨਾਸ਼ਕਾਰੀ ਬਿਰਤੀਆਂ ਨੂੰ ਅਣਗੌਲੇ ਕਰੋ ਜਿਹੜੀਆਂ ਤੁਹਾਡੀ ਤਬਾਹੀ ਦਾ ਕਾਰਨ ਹੋ ਸਕਦੀਆਂ ਹਨ।

ਅਣਗੌਲੇ ਕੀਤਿਆਂ ਤਾਂ ਜਗਦੇ ਚਿਰਾਗ ਵੀ ਬੁੱਝ ਜਾਂਦੇ ਹਨ ਕਿਉਂਕਿ ਹਨੇਰਾ ਚਿਰਾਗਾਂ ਨੂੰ ਬੁਝਾਉਣ ਲਈ ਹਮੇਸ਼ਾ ਤਤਪਰ ਹੁੰਦਾ ਹੈ। ਚਿਰਾਗਾਂ ਨੂੰ ਜਗਦੇ ਰੱਖਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਕਦੇ ਵੀ ਅਣਗੌਲੇ ਨਾ ਕਰੋ, ਸਗੋਂ ਹੱਥਾਂ ਦੀ ਓਟ ਕਰ ਕੇ ਜਗਦੇ ਰਹਿਣ ਵਿਚ ਮਦਦ ਕਰੋ। ਅਣਗੌਲਾਪਣ, ਮਨੁੱਖੀ ਫਿਤਰਤ ਹੈ। ਕਦੇ ਇਸ `ਤੇ ਮਾਣ ਕਰਦਿਆਂ ਬੰਦਾ ਆਪ ਹੀ ਹੀਣਾ ਹੋ ਜਾਂਦਾ ਹੈ। ਜਦ ਕੋਈ ਮੰਤਰੀ ਜਾਂ ਅਫਸਰ ਕਿਸੇ ਸਲੂਟ ਮਾਰਦੇ ਮਾਤਹਿੱਤ ਨੂੰ ਅਣਗੌਲਿਆਂ ਕਰਦਾ ਤਾਂ ਇਹ ਉਸਦੇ ਮਨ ਵਿਚ ਬੈਠੀ ਨਾ ਅਹਿਲੀਅਤ ਦਾ ਪ੍ਰਗਟਾਵਾ ਹੁੰਦਾ ਹੈ। ਵਿਦੇਸ਼ ਵਿਚ ਅਕਸਰ ਜੇਕਰ ਕਿਸੇ ਵੱਡੇ ਅਹੁਦੇਦਾਰ ਕੋਲੋਂ ਅਜੇਹੀ ਕੁਤਾਹੀ ਹੋ ਜਾਵੇ ਤਾਂ ਉਹ ਵਾਪਸ ਮੁੜ ਕੇ ਆਪਣੀ ਗਲਤੀ ਵੀ ਸੁਧਾਰਦਾ ਹੈ ਅਤੇ ਮੁਆਫ਼ੀ ਵੀ ਮੰਗਦਾ ਹੈ।

ਅਣਗੌਲੇ ਕੀਤਿਆਂ ਖੇਤਾਂ ਵਿਚ ਖੜੀਆਂ ਫ਼ਸਲਾਂ ਵੀ ਉਦਾਸ ਤੇ ਨਿਰਾਸ਼ ਹੋ ਜਾਦੀਆਂ ਹਨ। ਅਜੋਕੇ ਸਮਿਆਂ ਵਿਚ ਨਿਰਾਸ਼ਤਾ ਦਾ ਕੇਹਾ ਆਲਮ ਕਿ ਹੁਣ ਖੇਤਾਂ ਵਿਚ ਫ਼ਸਲਾਂ ਨਹੀਂ ਸਗੋਂ ਖੁਦਕੁਸ਼ੀਆਂ ਉਗਦੀਆਂ ਹਨ। ਬਜ਼ੁਰਗ ਤਾਂ ਆਪਣੀਆਂ ਫ਼ਸਲਾਂ ਨੂੰ ਪੁੱਤਾਂ-ਧੀਆਂ ਵਾਂਗ ਪਾਲਦੇ ਸਨ। ਅਣਗੌਲੇ ਕੀਤਿਆਂ ਤਾਂ ਪਾਲਤੂ ਜਾਨਵਰ ਵੀ ਉਦਾਸ ਹੋ ਜਾਂਦੇ ਹਨ ਅਤੇ ਇਹ ਉਦਾਸੀ ਹੀ ਕਦੇ ਕਦਾਈਂ ਇਨ੍ਹਾਂ ਜਾਨਵਰਾਂ ਲਈ ਆਖਰੀ ਸਾਹ ਹੀ ਬਣ ਜਾਂਦੀ ਹੈ। 2003 ਵਿਚ ਅਸੀਂ ਕੈਨੇਡਾ ਆ ਗਏ ਤਾਂ ਸਾਡਾ ਪਾਲਤੂ ਕੁੱਤਾ ਸਾਡੇ ਗੈਰ-ਹਾਜ਼ਰੀ ਵਿਚ ਕੇਹਾ ਅਣਗੌਲਾ ਹੋਇਆ ਕਿ ਸੁੱਕ ਕੇ ਪਿੰਜਰ ਹੀ ਹੋ ਗਿਆ। ਤਿੰਨ ਕੁ ਮਹੀਨੇ ਬਾਅਦ ਸਾਡੇ ਪੰਜਾਬ ਪਰਤਣ ਤੋਂ ਕੁਝ ਹੀ ਦਿਨਾਂ ਬਾਅਦ ਮਰ ਗਿਆ। ਸ਼ਾਇਦ ਉਸਦਾ ਆਖਰੀ ਵਕਤ ਸਾਡੀ ਹੀ ਉਡੀਕ ਕਰ ਰਿਹਾ ਸੀ ਇਹ ਦੱਸਣ ਲਈ ਕਿ ਮੇਰਾ ਅਣਗੌਲਾਪਣ ਹੀ ਮੇਰੀ ਮੌਤ ਦਾ ਕਾਰਨ ਬਣਿਆ ਹੈ। ਬਜ਼ੁਰਗ ਆਪਣੇ ਬਲਦਾਂ, ਮੱਝਾਂ-ਗਾਈਆਂ ਜਾਂ ਕੁੱਤਿਆਂ ਨੂੰ ਪਰਿਵਾਰਕ ਮੈਂਬਰਾਂ ਵਾਂਗ ਪਾਲਦੇ ਸਨ। ਉਨ੍ਹਾਂ ਦੀ ਇਕ ਦਿਨ ਦੀ ਗੈਰ-ਹਾਜ਼ਰੀ ਵੀ ਜਾਨਵਰਾਂ ਦੇ ਮਨਾਂ ਵਿਚ ਹੇਰਵਾ ਪੈਦਾ ਕਰ ਦਿੰਦੀ ਸੀ। ਬਲਦਾਂ, ਮੱਝਾਂ ਤੇ ਗਾਈਆਂ ਨੂੰ ਅਣਗੌਲਿਆਂ ਕਰਕੇ ਅਸੀਂ ਕੀ ਖੱਟਿਆ, ਕਦੇ ਜ਼ਰੂਰ ਸੋਚਣਾ।

ਜਦ ਬੱਚੇ, ਮਾਪਿਆਂ ਵਲੋਂ ਅਣਗੌਲੇ ਹੁੰਦੇ ਹਨ ਤਾਂ ਉਹ ਕੁਸੰਗਤ ਦਾ ਹਿੱਸਾ ਬਣ, ਨਸ਼ਿਆਂ ਅਤੇ ਕੁਰੀਤੀਆਂ ਦਾ ਸ਼ਿਕਾਰ ਹੋ ਜਾਂਦੇ, ਆਪਣੇ ਸਾਹਾਂ ਦਾ ਸਿਵਾ ਸੇਕਣ ਲੱਗਦੇ ਅਤੇ ਆਖਰ ਉਹ ਆਪਣੇ ਮਾਪਿਆਂ ਅਤੇ ਘਰ ਲਈ ਨਮੋਸ਼ੀ ਬਣ ਜਾਂਦੇ ਹਨ। ਪਰ ਜਦ ਨੌਜਵਾਨ ਬੱਚਿਆਂ ਵਲੋਂ ਮਾਪਿਆਂ ਨੂੰ ਅਣਗੌਲਿਆਂ ਕੀਤਾ ਜਾਂਦਾ ਤਾਂ ਬੁੱਢੇ ਮਾਪੇ ਸਿਰਫ਼ ਦਰਾਂ ਦੀ ਉਡੀਕ ਬਣ ਜਾਂਦੇ। ਉਨ੍ਹਾਂ ਦੇ ਦੀਦਿਆਂ ਵਿਚ ਉਤਰ ਆਉਂਦਾ ਝਉਲਾਪਣ। ਉਹ ਕਿਸੇ ਵੀ ਦਸਤਕ ਜਾਂ ਧੁੰਧਲੀ ਪੈੜਚਾਲ ਵਿਚੋਂ ਆਪਣੇ ਬੱਚਿਆਂ ਦੀ ਆਮਦ ਨੂੰ ਕਿਆਸਦੇ। ਬੁਢਾਪੇ ਵਿਚ ਬੱਚਿਆਂ ਨੂੰ ਮਿਲਣ ਦਾ ਭਰਮ ਪਾਲਦੇ, ਆਖ਼ਰ ਨੂੰ ਘਰ ਦੀਆਂ ਦਹਿਲੀਜ਼ਾਂ ਨੂੰ ਹੰਝੂਆਂ ਨਾਲ ਧੋਂਦੇ ਅਤੇ ਆਖਰੀ ਸਾਹ ਵੀ ਔਂਸੀਆਂ ਵਿਚ ਪਰੋਂਦੇ। ਬੱਚੇ ਤਾਂ ਆਪਣੇ ਮਾਪਿਆਂ ਦੇ ਸਿਵਿਆਂ ਦੀ ਰਾਖ਼ ਵੀ ਫਰੋਲਣ ਤੋਂ ਬੇਮੁੱਖ ਹੋ ਜਾਂਦੇ। ਅਜੇਹੇ ਅਣਗੌਲੇਪਣ ਨੇ ਹੀ ਮਾਪਿਆਂ ਨੂੰ ਮੌਤ ਦੀਆਂ ਮੰਨਤਾਂ ਮੰਗਣ ਲਈ ਮਜਬੂਰ ਕੀਤਾ। ਜਦ ਰਿਸ਼ਤੇ ਹੀ ਅਣਗੌਲੇਪਣ ਦਾ ਸ਼ਿਕਾਰ ਹੋਣ ਲੱਗ ਪੈਣ ਤਾਂ ਰਿਸ਼ਤਿਆਂ ਦੇ ਕੋਸੇਪਣ ਨੂੰ ਚੜ੍ਹਦੀ ਹੈ ਸੁੰਨ। ਮੋਹ ਵਿਚ ਉਗਦੀ ਹੈ ਨਿਰਮੋਹੇਪਣ ਦੀ ਪਰਤ। ਪਾਕੀਜ਼ਗੀ ਵਿਚ ਪੈਦਾ ਹੋ ਜਾਂਦਾ ਪਲੀਤਪੁਣਾ। ਇਸਦੀ ਤਕੜਾਈ ਅਤੇ ਪਕਿਆਈ ਵਿਚ ਹੋ ਜਾਂਦਾ ਹੈ ਕਚਿਆਈ ਦਾ ਬੋਲਬਾਲਾ। ਨਿੱਜ ਦੁਆਲੇ ਉਸਰੇ ਰਿਸ਼ਤਿਆਂ ਵਿਚੋਂ ਤੁਸੀਂ ਕਿੰਝ ਸਰਬ-ਸੁੱਖ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰ ਸਕਦੇ ਹੋ। ਮੁਫ਼ਾਦ ਦੁਆਲੇ ਊਣੇ ਰਿਸ਼ਤੇ ਕਦੇ ਵੀ ਸਦੀਵ ਨਹੀਂ ਹੁੰਦੇ। ਇਸ ਦੀਆਂ ਕੱਚੀਆਂ ਤੰਦਾਂ ਵਿਚ ਬੜੀ ਜਲਦੀ ਪੈ ਜਾਂਦੀਆਂ ਨੇ ਉਲਝਣਾ। ਤੜੱਕ ਕਰ ਕੇ ਟੁੱਟ ਜਾਂਦੀ ਅਜੇਹੇ ਸੰਬੰਧਾਂ ਦੀ ਸਾਰਥਿਕਤਾ ਜਦ ਮਨੁੱਖ ਅਣਗੌਲੇਪਣ ਦੀ ਹਾਮੀ ਭਰਨ ਲੱਗ ਪਵੇ।

ਅਧਿਆਪਕ ਜਦ ਕਿਸੇ ਵਿਦਿਆਰਥੀ ਨੂੰ ਅਣਗੌਲੇ ਕਰਦਾ ਹੈ ਤਾਂ ਉਹ ਆਪਣੇ ਕਿੱਤੇ ਦਾ ਅਪਮਾਨ ਕਰਦਾ ਹੈ। ਸਿਖਿਆਰਥੀਆਂ ਦੀ ਜਿ਼ੰਦਗੀ ਨਾਲ ਖਿਲਵਾੜ ਕਰਦਾ। ਜਦ ਵਿਦਿਆਰਥੀ ਆਪਣੇ ਅਧਿਆਪਕ ਨੂੰ ਅਣਗੌਲਾ ਕਰਨ ਲੱਗਦੇ ਤਾਂ ਅਧਿਆਪਕ ਦਾ ਸਨਮਾਨ, ਅਪਮਾਨ ਬਣ ਜਾਂਦਾ। ਅਜੇਹੇ ਵਰਤਾਰੇ ਕਾਰਨ ਹੀ ਸਿਖਿਆ ਦੇ ਮਿਆਰ ਨੇ ਗਿਰਾਵਟ ਨੂੰ ਛੂਹਿਆ ਹੈ ਅਤੇ ਅਸੀਂ ਆਈਏਐਸ ਤੋਂ ਆਈਲੈਟਸ ਤੀਕ ਦਾ ਸਫ਼ਰ ਕਰ ਲਿਆ ਹੈ। ਅਣਗੌਲੇਪਣ ਦੀ ਇੰਤਹਾ ਹੀ ਹੁੰਦੀ ਜਦ ਕੋਈ ਡਾਕਟਰ ਸੱਜੀ ਅੱਖ ਦੀ ਬਜਾਏ ਖੱਬੀ ਅੱਖ ਦਾ ਹੀ ਉਪਰੇਸ਼ਨ ਕਰ ਦਿੰਦਾ। ਕਈ ਵਾਰ ਪੇਟ ਦਾ ਉਪਰੇਸ਼ਨ ਕਰਦਿਆਂ ਕੈਂਚੀ ਜਾਂ ਪੱਟੀਆਂ ਪੇਟ ਵਿਚ ਹੀ ਛੱਡ ਦਿੰਦਾ। ਅਜੇਹੇ ਵਰਤਾਰੇ ਕਿੱਤੇ ਦੀ ਪ੍ਰਮੁੱਖਤਾ, ਉਚਤਮਤਾ ਅਤੇ ਸਮਰਪਿਤਾ `ਤੇ ਬਹੁਤ ਸਾਰੇ ਪ੍ਰਸ਼ਨ ਉਕਰ ਜਾਂਦੇ। ਇਹ ਪ੍ਰਸ਼ਨ ਫਿਰ ਨਵੇਂ ਰੂਪ ਵਿਚ ਸਮਾਜੀ ਗਿਰਾਵਟ ਅਤੇ ਕਦਰਾਂ-ਕੀਮਤਾਂ ਦੇ ਖੋਰੇ ਦਾ ਸਬੱਬ ਵੀ ਬਣਦੇ।

ਦੋਸਤੀ ਦੇ ਦਾਇਰੇ ਵਿਚ ਅਣਗੌਲਾ ਕਰਨਾ, ਸਭ ਤੋਂ ਘਾਤਕ। ਉਮਰ ਭਰ ਦੀਆਂ ਸਾਂਝਾਂ ਦਾ ਮਾਤਮ, ਹੁਸੀਨ ਯਾਦਾਂ ਨੂੰ ਕਬਰ ਵਿਚ ਦਫ਼ਨਾਉਣਾ ਅਤੇ ਆਪਣੇ ਦਰਦ ਨੂੰ ਆਪਣੀ ਹੀ ਹਿੱਕ ਵਿਚ ਛੁਪਾਉਣਾ। ਇਸਦੇ ਗ਼ਮ ਵਿਚ ਖੁਦ ਨੂੰ ਗਾਲ਼ਣਾ ਅਤੇ ਗਵਾਚੇ ਹੋਏ ਅਤੀਤ ਨੂੰ ਖਾਰੇ ਨੈਣਾਂ ਥੀਂ ਭਾਲਣਾ। ਦੋਸਤੀ ਦੇ ਸੁੱਕ ਰਹੇ ਦਰਿਆਵਾਂ ਦੀ ਕਥਾ ਸੁਣਨ ‘ਤੇ ਤੁਹਾਨੂੰ ਪਤਾ ਲੱਗੇਗਾ ਕਿ ਦੋਸਤੀਆਂ ਨੂੰ ਅਜੋਕਾ ਮਨੁੱਖ ਕਿਵੇਂ ਪੌੜੀ ਬਣਾ ਕੇ ਵਰਤਦਾ ਹੈ? ਕਿੰਝ ਕਿਸੇ ਦੇ ਸੁਪਨਿਆਂ ਦੀ ਹੇਠੀ ਹੁੰਦੀ ਅਤੇ ਕਿਵੇਂ ਕਿਸੇ ਦੇ ਚਾਵਾਂ ਦੀ ਅਰਥੀ ਵਿਚ ਖੁਦ ਲਈ ਖੁਸ਼ੀਆਂ ਦੇ ਰੰਗ ਉਘੜਦੇ? ਕਿਵੇਂ ਕਿਸੇ ਦੀ ਬੁਰਕੀ ਖੋਹਣ ਦੇ ਜਸ਼ਨ ਮਨਾਏ ਜਾਂਦੇ ਅਤੇ ਜਸ਼ਨਾਂ ਨੂੰ ਦੋਸਤੀਆਂ ਦਾ ਨਾਮ ਦਿੱਤਾ ਜਾਂਦਾ। ਦੋਸਤੀ ਨੂੰ ਦੁਸ਼ਮਣੀ ਦੇ ਕਟਹਿਰੇ ਵਿਚ ਪੇਸ਼ ਕਰਨ ਵਾਲਿਆਂ ਲਈ ਦੋਸਤੀ ਤੇ ਦੁਸ਼ਮਣੀ ਨੂੰ ਪਾਲਣ ਦੇ ਵੀ ਗੁਰ ਨਿਰਾਲੇ ਅਤੇ ਆਲਮ ਵੀ ਵੱਖਰਾ।

ਡਾ. ਗੁਰਬਖਸ਼ ਸਿੰਘ ਭੰਡਾਲ
001-216-556-2080

ਸੁਪਨਿਆਂ ਨੂੰ ਅਣਗੌਲਾ ਕਰਨ ਵਾਲੇ ਕਦੇ ਵੀ ਸੁਪਨਿਆਂ ਦਾ ਸੱਚ ਨਹੀਂ ਹੋ ਸਕਦੇ। ਸਿਰਫ਼ ਉਨ੍ਹਾਂ ਦੇ ਹਿੱਸੇ ਸੁਪਨਿਆਂ ਦੀ ਕਿਰ ਰਹੀ ਰਾਖ਼ ਜੋ ਉਨ੍ਹਾਂ ਦੇ ਦੀਦਿਆਂ ਨੂੰ ਕੁੱਕਰੇ ਅਰਪਿਤਦੀ। ਉਨ੍ਹਾਂ ਦੇ ਰਾਹਾਂ ਵਿਚ ਔਕੜਾਂ ਵਿਛਾਉਂਦੀ ਅਤੇ ਉਨ੍ਹਾਂ ਦੀ ਸੋਚ ਵਿਚੋਂ ਮਨਫ਼ੀ ਹੋ ਜਾਂਦੀ ਜੀਵਨ ਦੀਆਂ ਮੰਜ਼ਲਾਂ ਦੀ ਨਿਸ਼ਾਨਦੇਹੀ, ਜਿਨ੍ਹਾਂ ਨੇ ਮਨੁੱਖਤਾ ਨੂੰ ਸਦੀਵਤਾ ਦਾ ਪਾਂਧੀ ਬਣਾਉਣਾ ਹੁੰਦਾ। ਜਦ ਮਨ ਵਿਚ ਪਨਪੇ ਅਚਨਚੇਤੀ ਵਿਚਾਰਾਂ ਨੂੰ ਅਣਗੌਲੇ ਕਰਨ ਦੀ ਆਦਤ ਹੋਵੇ ਤਾਂ ਇਨ੍ਹਾਂ ਵਿਚਾਰਾਂ ਵਿਚੋਂ ਰਾਂਗਲੇ ਭਵਿੱਖ ਦੀ ਸਿਰਜਣਾ ਦਾ ਕਮਾਲ ਖੁਦ-ਬ-ਖੁਦ ਹੀ ਅਲੋਪ ਹੋ ਜਾਂਦਾ। ਇਹ ਮਨ `ਤੇ ਦਸਤਕ ਦਿੰਦੇ ਸੂਖਮਭਾਵੀ ਵਿਚਾਰ ਜਾਂ ਪ੍ਰਤੀਕ ਹੁੰਦੇ ਜੋ ਕਦੇ ਕਿਸੇ ਕਵਿਤਾ ਦਾ ਰੂਪ ਧਾਰਦੇ ਜਾਂ ਕਿਸੇ ਕਲਾ-ਕ੍ਰਿਤ ਦੀ ਸੰਭਾਵੀ ਸਿਰਜਣਾ ਦਾ ਅਧਾਰ ਹੁੰਦੇ। ਇਨ੍ਹਾਂ ਨੂੰ ਕਦੇ ਵੀ ਅਣਗੌਲੇ ਨਾ ਕਰੋ ਕਿਉਂਕਿ ਹੋ ਸਕਦਾ ਹੈ ਕਿ ਇਨ੍ਹਾਂ ਵਿਚਾਰਾਂ ਦੀ ਬੁੱਕਲ ਵਿਚ ਅਜੇਹਾ ਕੁਝ ਹੋਵੇ ਜਿਸਦੀ ਤੁਸੀਂ ਕਾਮਨਾ ਕਰਦੇ ਹੋਵੇ। ਇਸਦੀ ਬੇਗਾਨਗੀ ਸਿਰਫ਼ ਤੁਹਾਨੂੰ ਤੁਹਾਡੀਆਂ ਸਫ਼ਲਤਾਵਾਂ ਤੋਂ ਹੀ ਮਹਿਰੂਮ ਕਰੇਗੀ। ਯਾਦ ਰੱਖਣਾ ਅਜੇਹੇ ਪਲ ਥਿਰ ਨਹੀਂ ਰਹਿੰਦੇ। ਪਤਾ ਨਹੀਂ ਇਨ੍ਹਾਂ ਕਿਹੜੇ ਮਨ-ਬਿਰਖ਼ ਦੀ ਟਾਹਣੀ ਮਲ ਲੈਣੀ। ਟਾਹਣੀ ਨੂੰ ਹੁਲਾਰਾ ਦੇਣਾ, ਵਿਸਥਾਰ ਦੇਣਾ, ਨਿਖਾਰ ਦੇਣਾ ਅਤੇ ਸੰੁਦਰਤਾ ਨੂੰ ਚਾਰ ਚੰਨ ਲਾ ਕੇ ਅਗਲੇ ਪੜਾਅ ਵੰਨੀਂ ਉਡਾਰੀ ਭਰਨੀ। ਪਲੰਗ `ਤੇ ਪਈਆਂ ਹੋਈਆਂ ਰੂਹਾਂ ਅਣਗੌਲੇ ਰੂਪ ਵਿਚ ਜਦ ਦੋ ਜਿਸਮ ਬਣ ਕੇ ਰੋਬੋਟੀ ਭਾਵਨਾ ਦਾ ਪ੍ਰਗਟਾਅ ਕਰਦੀਆਂ ਤਾਂ ਰੁੱਸ ਜਾਂਦੀ ਸਾਹਾਂ ਦੀ ਸੁਗੰਧਤਾ। ਇਕ ਦੂਜੇ ਦੇ ਸਾਹ ਬਣਨ ਦੀ ਦੁਆ। ਇਕ ਦੂਜੇ ਨੂੰ ਆਪਣੀਆਂ ਬਾਹਾਂ ਵਿਚ ਲੈਣ ਦੀ ਅਦਾਅ। ਇਕ ਦੂਜੇ ਨੂੰ ਅਪਨਾਉਣਾ, ਇਕ ਦੂਜੇ ਵਿਚ ਸਮਾਉਣਾ, ਜ਼ਿੰਦਗੀ ਨੂੰ ਹੋਰ ਹੁਸੀਨ ਬਣਾਉਣਾ ਅਤੇ ਪਰਿਵਾਰਕ ਜ਼ਿੰਦਗੀ ਨੂੰ ਨਵੇਂ ਅਰਥ ਦੇਣਾ। ਅਣਗੌਲੇ ਹੋਣ ਦਾ ਦਰਦ ਦੇਖਣਾ ਹੈ ਤਾਂ ਕਦੇ ਮਾਂ ਮਹਿੱਟਰ ਬੱਚੇ ਦੇ ਦੀਦਿਆਂ ਵਿਚ ਉਤਰੀ ਬੇਬਸੀ, ਉਦਾਸੀ, ਹੀਣ-ਭਾਵਨਾ ਅਤੇ ਬੇਗਾਨਗੀ ਨੂੰ ਦੇਖਣਾ ਤਾਂ ਪਤਾ ਲੱਗੇ ਕਿ ਅਣਗੌਲੇ ਬੱਚਿਆਂ ਦੀ ਤਰਾਸਦੀ ਕੀ ਹੁੰਦੀ? ਉਹ ਕਿਹੜੀ ਆਉਧ ਨੂੰ ਤਰਸਦੇ, ਆਪਣੇ ਸਾਹਾਂ ਨੂੰ ਸਲੀਬ `ਤੇ ਟੰਗੀ ਰੱਖਦੇ? ਕਦੇ ਕਿਸੇ ਢਾਬੇ `ਤੇ ਕਿਸੇ ਮੁੰਡੂ ਨੂੰ ਭਾਂਡਿਆਂ ਦੇ ਨਾਲ ਹੰਝੂਆਂ ਸੰਗ ਆਪਣੇ ਮੂੰਹ ਨੂੰ ਧੋਂਦਿਆਂ, ਅਣਗੌਲੇ ਹੋਇਆਂ ਅਤੇ ਆਪਣੀ ਕਿਸਮਤ `ਤੇ ਝੂਰਦਿਆਂ ਦੇਖਣਾ ਤਾਂ ਪਤਾ ਲੱਗੇਗਾ ਕਿ ਅਣਗੌਲਿਆ ਬੱਚਾ ਕਿਵੇਂ ਮਾਪਿਆਂ ਦੀ ਨਿੱਘੀ ਬੁੱਕਲ ਨੂੰ ਤਰਸਿਆ ਪਿਆ ਏ? ਉਹ ਠੁਰ ਠੁਰ ਕਰਦੇ ਸਿਰਫ਼ ਆਪਣੇ ਸਾਹਾਂ ਨਾਲ ਖੁਦ ਨੂੰ ਗਰਮਾਉਣ ਦੀ ਕੋਸ਼ਿਸ਼ ਵਿਚ ਬਚਪਨੇ ਦੀ ਬਾਦਸ਼ਾਹੀ ਨੂੰ ਕੰਗਾਲੀ ਦਾ ਨਾਮ ਦੇਣ ਜੋਗੇ ਹੀ ਹੁੰਦੇ। ਗਿੱਧ ਭਰੀਆਂ ਅੱਖਾਂ ਵਿਚੋਂ ਉਡੀ ਹੋਈ ਨੀਂਦ ਉਸਦੇ ਸੁਪਨਿਆਂ ਨੂੰ ਕਿਹੜੇ ਅਰਥ ਦਿੰਦੀ ਹੋਵੇਗੀ, ਦੱਸਣ ਦੀ ਲੋੜ ਹੀ ਨਹੀਂ ਰਹਿੰਦੀ। ਅਣਗੌਲੇ ਜਾਣਾ ਉਸ ਸਮੇਂ ਸਭ ਤੋਂ ਜ਼ਿਆਦਾ ਦੁਖਦਾਈ ਜਦ ਤੁਹਾਡਾ ਕੋਈ ਆਪਣਾ ਹੀ ਤੁਹਾਡੀ ਜਿ਼ੰਦਗੀ ਨੂੰ ਨਰਕ ਬਣਾ, ਆਪਣੀਆਂ ਹੋਛੀਆਂ ਕਰਤੂਤਾਂ ਵਿਚੋਂ ਜਿੰ਼ਦਗੀ ਦਾ ਕਰੂਰ ਰੂਪ ਤੁਹਾਡੇ ਨਾਮ ਕਰ ਜਾਂਦਾ ਜਿਸਦੀ ਤੁਸੀਂ ਕਦੇ ਤਵੱਕੋਂ ਵੀ ਨਹੀਂ ਕਰ ਸਕਦੇ। ਅਣਗੌਲੇ ਜਾਣ ਵਾਲੇ ਵਿਅਕਤੀ ਦਰਅਸਲ ਸੂਖਮਭਾਵੀ ਹੁੰਦੇ ਜੋ ਕਿਸੇ ਦੇ ਝਾਂਸੇ ਵਿਚ ਆ ਆਪਣੀ ਕਬਰ ਦਾ ਨਾਮਕਰਨ ਖੁਦ ਹੀ ਹੋ ਜਾਂਦੇ। ਅਣਗੌਲੇ ਕਰਨ ਵਾਲੇ ਇਹ ਲੋਕ ਹੀ ਹੁੰਦੇ ਜਿਹੜੇ ਬਾਅਦ ਵਿਚ ਉਨ੍ਹਾਂ ਦੀਆਂ ਕਬਰਾਂ `ਤੇ ਫੁੱਲ ਚੜ੍ਹਾਉਣ ਜਾਂ ਕਦੇ ਕਦਾਈਂ ਦੀਵਾ ਜਗਾਉਣ ਦਾ ਭੁਲੇਖਾ ਮਨ ਵਿਚ ਪਾਲ, ਆਪਣੇ ਆਪ ਨੂੰ ਸੁਰਖ਼ਰੂ ਹੋਣ ਦਾ ਸਵਾਂਗ ਰਚਾਉਂਦੇ। ਬਹੁਤ ਮਾੜਾ ਹੁੰਦਾ ਜਿ਼ੰਦਗੀ ਦੇ ਰੁਝੇਵਿਆਂ ਵਿਚ ਆਪਣੀ ਸਿਹਤ ਨੂੰ ਅਣਗੌਲਿਆ ਕਰਨਾ ਕਿਉਂਕਿ ਸਿਹਤ ਤੋਂ ਬਗੈਰ ਜੀਵਨ ਦੇ ਕੋਈ ਅਰਥ ਨਹੀਂ ਰਹਿੰਦੇ। ਜਿ਼ੰਦਗੀ ਦੀ ਭੱਜਦੌੜ ਵਿਚ ਉਲਝਿਓ! ਕਦੇ ਕਦਾਈਂ ਇਹ ਯਾਦ ਕਰਿਓ ਕਿ ਸਿਹਤਯਾਬ ਨਾ ਹੋਣ ਕਾਰਨ ਸ਼ਾਇਦ ਤੁਸੀਂ ਨਾ ਰਹੋ। ਪਰ ਦੁਨੀਆਂ ਨੇ ਆਪਣੀ ਰਫ਼ਤਾਰ ਵਿਚ ਤੁਰਦੇ ਰਹਿਣਾ। ਮੇਰਾ ਜਾਣਕਾਰ ਪ੍ਰੋ. ਤੜਕੇ ਤੋਂ ਲੈ ਕੇ ਦੇਰ ਰਾਤ ਤੀਕ ਟਿਊਸ਼ਨਾਂ ਪੜ੍ਹਾਉਂਦਾ ਸੀ। `ਕੇਰਾਂ ਮੈਂ ਉਸਨੂੰ ਕਿਹਾ ਕਿ ਕੋਈ ਸਮਾਂ ਸੈਰ ਆਦਿ ਲਈ ਹੋਣਾ ਚਾਹੀਦਾ ਹੈ। ਤਾਂ ਉਸਦਾ ਤਰਕ ਮੈਨੂੰ ਲਾਜਵਾਬ ਕਰ ਗਿਆ। ਉਸਦਾ ਕਹਿਣਾ ਸੀ ਕਿ ਮੈਨੂੰ ਪਤਾ ਹੈ ਕਿ ਮੈਨੂੰ ਦਿਲ ਦਾ ਦੌਰਾ ਪੈਣਾ ਹੈ। ਮੈਂ ਇਸ ਲਈ ਪੰਜ ਲੱਖ ਰੱਖਿਆ ਹੋਇਆ ਹੈ। ਸੱਚੀਂ ਕੁਝ ਸਾਲਾਂ ਬਾਅਦ ਉਸਨੂੰ ਹਾਰਟ ਅਟੈਕ ਹੋਇਆ ਅਤੇ ਉਹ ਮਸਾਂ ਹੀ ਬਚਿਆ। ਪਰ ਇਸ ਤੋਂ ਬਾਅਦ ਵੀ ਉਹ ਟਿਊਸ਼ਨ ਪੜ੍ਹਾਉਣ ਦੀ ਆਦਤ ਤੋਂ ਨਹੀਂ ਹਟ ਸਕਿਆ। ਸ਼ਾਇਦ ਉਹ ਆਪਣੀ ਕਰਮ-ਹਥੇਲੀ `ਤੇ ਮੌਤ ਦਾ ਫੁਰਮਾਨ ਉਕਰਾਨ ਲਈ ਬਹੁਤ ਕਾਹਲਾ ਹੋਵੇ।

ਆਲੇ-ਦੁਆਲੇ ਨੂੰ ਅਣਗੌਲਿਆਂ ਕੀਤਿਆਂ ਫਿ਼ਜ਼ਾ ਤੁਹਾਥੋਂ ਰੁੱਸ ਜਾਂਦੀ। ਪਰਿਵਾਰ ਨੂੰ ਅਣਗੌਲੇ ਕੀਤਿਆਂ ਸੰਬੰਧਾਂ ਵਿਚ ਤਰੇੜ ਪੈਣੀ ਲਾਜ਼ਮੀ ਹੁੰਦੀ। ਪਰਿਵਾਰ ਵਿਚ ਰਹਿੰਦਿਆਂ ਵੀ ਉਹ ਇਕੱਲਤਾ ਦਾ ਸ਼ਿਕਾਰ ਹੋ ਜਾਂਦਾ ਅਤੇ ਫਿਰ ਇਹ ਇਕੱਲਤਾ ਉਸਨੂੰ ਹੀ ਖਾ ਜਾਂਦੀ। ਅਣਗੌਲਿਆਂ ਕਰਨਾ ਹੈ ਤਾਂ ਮਾੜੀ ਸੰਗਤ, ਮਾੜੀਆਂ ਆਦਤਾਂ ਤੇ ਮਾੜੀ ਬਿਰਤੀ ਨੂੰ ਕਰੋ। ਪਰ ਕਦੇ ਵੀ ਆਪਣੇ ਆਪ ਨੂੰ, ਆਪਣੀ ਰੂਹ, ਆਪਣੇ ਮਨ ਅਤੇ ਆਪਣੇ ਦਿਲ ਨੂੰ ਅਣਗੌਲਿਆਂ ਨਾ ਕਰੋ। ਸਭ ਕੁਝ ਨੂੰ ਅਣਗੌਲੇ ਕੀਤਿਆਂ ਬੰਦਾ ਜਿਉਂਦਾ ਰਹਿ ਸਕਦਾ ਪਰ ਮਨ ਨੂੰ ਅਣਗੌਲੇ ਕੀਤਿਆਂ ਬੰਦਾ ਮਰ ਜਾਂਦਾ ਅਤੇ ਫਿਰ ਲਾਸ਼ ਬਣੇ ਵਿਅਕਤੀ ਦੇ ਜਿਊਣ ਦੇ ਕੋਈ ਅਰਥ ਨਹੀਂ ਰਹਿੰਦੇ। ਕਦੇ ਵੀ ਖੁਦ ਨੂੰ ਅਣਗੌਲਿਆ ਨਾ ਕਰੋ ਕਿਉਂਕਿ ਜਦ ਮਨੁੱਖ ਖੁਦ ਨੂੰ ਅਣਗੌਲਿਆਂ ਕਰਦਾ ਤਾਂ ਫਿਰ ਅਣਗੌਲਾ ਕਰਨਾ ਉਸਦੀ ਆਦਤ ਬਣ ਜਾਂਦੀ ਹੈ। ਫਿਰ ਅਣਗੌਲਤਾ ਦਾ ਸ਼ਿਕਾਰ ਹੁੰਦਾ ਏ ਪਰਿਵਾਰ, ਮਾਪੇ, ਬੱਚੇ, ਸਮਾਜ ਅਤੇ ਸੰਸਾਰ। ਬੰਦਾ ਆਪਣੀ ਹਯਾਤੀ ਨੂੰ ਸਿਰਫ਼ ਸਾਹਾਂ ਦੀ ਪੂਰਤੀ ਬਣਾ ਲੈਂਦਾ ਕਿਉਂਕਿ ਜਿ਼ੰਦਗੀ ਨੂੰ ਜਿਊਣਾ ਅਤੇ ਮਾਨਣਾ ਤਾਂ ਉਸਦੀ ਜ਼ਹਿਨੀਅਤ ਦਾ ਹਿੱਸਾ ਹੀ ਨਹੀਂ ਰਹਿੰਦਾ। ਪਰ ਸਭ ਤੋਂ ਜਿ਼ਆਦਾ ਪੀੜਤ ਕਰਦਾ ਹੈ ਜਦ ਬੰਦਾ ਆਪਣੇ ਹੀ ਦਿਲ ਨੂੰ ਅਣਗੌਲਿਆਂ ਕਰਦਾ। ਦਿਲ ਦੀਆਂ ਗੱਲਾਂ ਨੂੰ ਸੁਣਨ ਅਤੇ ਇਸਦੀ ਮੰਨਣ ਤੋਂ ਆਨਾਕਾਨੀ ਕਰਦਾ, ਆਖਰ ਨੂੰ ਦਿਲ ਦੇ ਰੋਗ ਹੱਥੋਂ ਹੀ ਰੁੱਖਸਤ ਹੋ ਜਾਂਦਾ ਹੈ। ਪਰ ਇਸ ਤੋਂ ਵੀ ਜ਼ਿਆਦਾ ਦੁੱਖ ਪਹੁੰਚਾਂਦਾ ਹੈ ਜਦ ਬੰਦਾ ਆਪਣੇ ਮਨ ਨੂੰ ਅਣਗੌਲਿਆਂ ਕਰਦਾ, ਆਪਣੀ ਰੂਹ ਦੀ ਅਵੱਗਿਆ ਕਰਦਾ ਹੈ। ਰੂਹ ਦੀ ਬੇਧਿਆਨੀ ਵਿਚੋਂ ਮਨੁੱਖੀ ਆਸਾਂ ਖਤਮ ਹੋ ਜਾਂਦੀਆਂ, ਚਾਵਾਂ ਅਤੇ ਖੇੜਿਆਂ ਦੀ ਪੱਤਝੜ ਮਨ ਦੀਆਂ ਬਰੂਹਾਂ `ਤੇ ਦਸਤਕ ਦਿੰਦੀ। ਫਿਰ ਅਸੀਂ ਪੱਤਝੜ ਵਰਗੇ ਪਲਾਂ ਦਾ ਦਰਦਨਾਮਾ ਬਣੇ, ਉਡਦੇ ਪੱਤੇ ਵਰਗਾ ਜੀਵਨ ਜਿਊਂਦੇ ਪਤਾ ਨਹੀਂ ਕਿਹੜੇ ਖੂਹ-ਖਾਤੇ ਵਿਚ ਖੁਦ ਨੂੰ ਖਤਮ ਕਰ ਬੈਠਦੇ। ਕਦੇ ਕਦਾਈਂਂ ਅਣਗੌਲੇ ਮਿੱਤਰਾਂ ਨੂੰ ਹਾਕ ਮਾਰਦੇ ਰਹੋ ਤਾਂ ਕਿ ਉਨ੍ਹਾਂ ਨਾਲ ਜਿ਼ੰਦਗੀ ਦੇ ਬੀਤੇ ਹੋਏ ਰਾਂਗਲੇ ਦਿਨਾਂ ਨੂੰ ਸਦਾ ਲਈ ਜਿ਼ੰਦਾ ਰੱਖਿਆ ਜਾ ਸਕੇ। ਵੇਲਾ ਮਿਲੇ ਤਾਂ ਆਪਣੇ ਉਨ੍ਹਾਂ ਰਿਸ਼ਤਿਆਂ ਨੂੰ ਜ਼ਰੂਰ ਯਾਦ ਕਰਨਾ ਜਿਹੜੇ ਤੁਹਾਡੇ ਚੇਤਿਆਂ ਵਿਚੋਂ ਹੀ ਵਿਸਰ ਚੁੱਕੇ। ਸ਼ਾਇਦ ਇਨ੍ਹਾਂ ਸਬੰਧਾਂ ਨੂੰ ਪੁਨਰ-ਸੰਜੀਵ ਕਰ ਕੇ ਤੁਹਾਨੂੰ ਆਪਣੇ ਬੀਤੇ ਦੇ ਹੇਰਵੇ ਵਿਚੋਂ ਮੁੜ ਉਭਰਨ ਦਾ ਮੌਕਾ ਮਿਲੇ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
960
***

About the author

ਡਾ. ਗੁਰਬਖਸ਼ ਸਿੰਘ ਭੰਡਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਬਖਸ਼ ਸਿੰਘ ਭੰਡਾਲ

View all posts by ਡਾ. ਗੁਰਬਖਸ਼ ਸਿੰਘ ਭੰਡਾਲ →