ਕਦੇ ਕਦੇ ਉਦਾਸੀ ਮਨ ਵਿੱਚ ਖ਼ਲਬਲੀ ਪੈਦਾ ਕਰਦੀ ਹੈ। ਚਿੱਤ ਵਿਆਕੁਲ ਹੋ ਉੱਠਦਾ ਹੈ ਅਤੇ ਇਸ ਵਿਆਕੁਲਤਾ ਵਿੱਚ ਸਿਰਫ਼ ਹੋਠਾਂ ’ਤੇ ਪਸਰੀ ਚੁੱਪ ਹੀ ਸਾਥ ਦਿੰਦੀ ਹੈ। ਇਸ ਚੁੱਪ ਵਿੱਚੋਂ ਉਦਾਸੀ ਦਾ ਇੱਕ ਨਗ਼ਮਾ, ਅੰਤਰੀਵ ਵਿੱਚ ਫੈਲ ਕੇ ਮੇਰੇ ਸਮੁੱਚ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਹ ਮੇਰੀ ਉਦਾਸੀ ਮੇਰੀ ਹੀ ਨਹੀਂ, ਇਹ ਤਾਂ ਚੌਗਿਰਦੇ ਦੀ ਉਦਾਸੀ ਹੈ, ਸਾਡੇ ਸਾਰਿਆਂ ਦੀ ਉਦਾਸੀ ਹੈ, ਜਿਸ ਵਿੱਚ ਅਸੀਂ ਜਿਊਂਦੇ ਅਤੇ ਇਸ ਵਿੱਚੋਂ ਹੀ ਜੀਵਨ ਪੈੜਾਂ ਨੂੰ ਸਿਰਜਦੇ ਹਾਂ। ਉਦਾਸੀ ਸਿਰਫ਼ ਜਾਤੀ ਜਾਂ ਨਿੱਜ ਤੱਕ ਸੀਮਤ ਕੀਤੀ ਜਾਵੇ ਤਾਂ ਇਹ ਬੰਦੇ ਨੂੰ ਖਾ ਜਾਂਦੀ ਹੈ, ਪਰ ਜਦ ਇਹੀ ਉਦਾਸੀ ਸਮੂਹਿਕਤਾ ਵਿੱਚੋਂ ਪੈਦਾ ਹੁੰਦੀ ਹੈ ਤਾਂ ਇਸ ਵਿੱਚੋਂ ਰੋਹ ਵੀ ਉਪਜਦਾ ਹੈ। ਇਸ ਵਿੱਚੋਂ ਰੂਹ ਦੀ ਅਵੱਗਿਆ ਅਤੇ ਆਜ਼ਾਦੀ ਵੀ ਉਪਜਦੀ ਹੈ। ਇਸ ਵਿੱਚ ਹਨੇਰ ਵੀ ਹੈ, ਪਰ ਇਸ ਵਿੱਚੋਂ ਚਾਨਣ ਦੀ ਕਾਤਰ ਵੀ ਤੁਹਾਡੇ ਹਿੱਸੇ ਆਉਂਦੀ ਹੈ। ਉਦਾਸੀ ਨੂੰ ਕਦੇ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਾਂ ਅਤੇ ਕਦੇ ਬੰਦ ਦੀਦਿਆਂ ਵਿੱਚੋਂ ਵੀ ਦੇਖ ਸਕਦੇ ਹਾਂ। ਕਦੇ ਸੁਣਦੇ ਅਤੇ ਕਦੇ ਅਣਸੁਣੀ ਵੀ ਕਰਦੇ ਹਾਂ। ਕਦੇ ਇਸ ਉਦਾਸੀ ਨੂੰ ਉਲਥਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਦੇ ਅਸੀਂ ਉਦਾਸੀ ਵਿੱਚ ਖ਼ੁਦ ਹੀ ਉਲਥਾਏ ਜਾਂਦੇ ਹਾਂ। ਇਹ ਉਦਾਸੀ ਕਦੇ ਸਾਡੇ ਸ਼ਬਦਾਂ ਵਿੱਚ ਸਿੰਮਦੀ ਹੈ ਅਤੇ ਕਦੇ ਅਰਥਾਂ ਦੀ ਲੋਅ ਬਣ ਕੇ ਵਰਕਿਆਂ ਨੂੰ ਚਾਨਣ ਨਾਲ ਭਰਦੀ ਹੈ। ਕਦੇ ਇਹ ਮਨ-ਮਸਤਕ ’ਤੇ ਚਲਚਿੱਤਰ ਬਣਦੀ ਹੈ ਅਤੇ ਕਦੇ ਕਿਸੇ ਫਰੇਮ ਵਿੱਚ ਜੜੀ ਸਾਡੀ ਮਾਨਸਿਕ ਕੰਧ ’ਤੇ ਜੜੀ ਜਾਂਦੀ ਹੈ। ਉਦਾਸੀ ਨੂੰ ਮੁਖ਼ਾਤਬ ਹੋਣ ਲਈ ਜਿਗਰਾ ਚਾਹੀਦਾ ਹੈ। ਜ਼ਿੰਦਾਦਿਲੀ ਦੀ ਲੋੜ ਹੁੰਦੀ ਹੈ ਕਿਉਂਂਕਿ ਉਦਾਸੀ ਤੁਹਾਨੂੰ ਬਹੁਤ ਕੁਝ ਕਹਿਣਾ ਚਾਹੁੰਦੀ ਹੈ, ਪਰ ਤੁਸੀਂ ਉਦਾਸੀ ਵਿੱਚੋਂ ਹੀ ਨਵੀਆਂ ਸਿਖਰਾਂ ਦੀ ਬੁਲੰਦੀ ਬਣਨਾ ਚਾਹੁੰਦੇ ਹੋ। ਇਸ ਬੁਲੰਦਗੀ ਲਈ ਜ਼ਰੂਰੀ ਹੁੰਦਾ ਹੈ ਕਿ ਉਦਾਸ ਪਲਾਂ ਨੂੰ ਹੁਲਾਸ ਪਲਾਂ ਵਿੱਚ ਤਬਦੀਲ ਕਰਨ ਦੀ ਜੁਗਤ ਜਾਣੀਏ। ਹਤਾਸ਼ ਪਹਿਰ ਨੂੰ ਹਸਾਸ ਵਕਤ ਦੀ ਤਸ਼ਬੀਹ ਦੇਈਏ। ਮਨ-ਮਾਰੂ ਖ਼ਿਆਲਾਂ ਦੀ ਜੂਹ ਵਿੱਚ ਜਿਊਣ-ਜੋਗੇ ਖ਼ਾਬ ਧਰੀਏ। ਆਪਣੀ ਉਦਾਸੀ ਨੂੰ ਹਿੱਕ ਵਿੱਚ ਲੁਕੋ ਕੇ, ਕਿਸੇ ਦੀ ਉਦਾਸ ਰੁੱਤ ਨੂੰ ਬਹਾਰ ਵਿੱਚ ਬਦਲਣ ਦੀ ਸੋਝੀ ਆ ਜਾਵੇ ਤਾਂ ਜ਼ਿੰਦਗੀ ਦੀ ਸਾਰਥਿਕਤਾ ਨੂੰ ਸਾਹਾਂ ਦੇ ਨਾਮ ਲਾਇਆ ਜਾ ਸਕਦਾ ਹੈ। ਉਦਾਸੀ ਦਾ ਗੀਤ ਲਿਖਣ ਲਈ ਜ਼ਰੂਰੀ ਹੈ ਕਿ ਖਿੱਲਰੇ ਵਾਲਾਂ ਵਾਲੇ ਹੱਥ ਅੱਡੀਂ ਨਿੱਕੇ ਜਿਹੇ ਬਾਲਕ ਦੀਆਂ ਅੱਖਾਂ ਵਿਚਲੀ ਤਰਾਸਦੀ ਨੂੰ ਸਮਝ ਸਕੀਏ। ਉਸ ਦੇ ਮਰ ਰਹੇ ਬਚਪਨ ਵੰਨੀਂ ਨੀਝ ਨਾਲ ਦੇਖਣਾ ਤਾਂ ਪਤਾ ਲੱਗੇਗਾ ਕਿ ਉਦਾਸੀ ਦਾ ਗੀਤ ਕਿੰਨਾ ਗ਼ਹਿਰਾ ਅਤੇ ਇਸ ਨੂੰ ਗਾਉਣਾ ਕਿੰਨਾ ਕਠਿਨ ਹੈ। ਉਦਾਸੀ ਦੇ ਗੀਤ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਲੀਰਾਂ ਚੁਗ ਰਹੇ ਬੱਚੇ ਦੀ ਮਾਨਸਿਕਤਾ ਨੂੰ ਪੜ੍ਹਨਾ ਜੋ ਸਾਫ਼ ਸੁਥਰੀ ਵਰਦੀ ਵਿੱਚ ਸਕੂਲੇ ਜਾ ਰਹੇ ਬੱਚਿਆਂ ਨੂੰ ਦੇਖ ਕੇ ਮਨ-ਮਸੋਸ ਕੇ ਰਹਿ ਜਾਂਦਾ ਹੈ ਕਿ ਉਸ ਦੇ ਹਿੱਸੇ ਦੇ ਪੂਰਨੇ ਉਸ ਤੋਂ ਹੀ ਕਿਉਂ ਰੁੱਸ ਗਏ? ਉਦਾਸੀ ਦੀ ਗੀਤਕਾਰੀ ਲਈ ਅਤਿ ਜ਼ਰੂਰੀ ਹੈ ਕਿ ਸਿਰ ’ਤੇ ਪਰਨਾ ਵਲੇਟੇ, ਵੱਟ ’ਤੇ ਬੈਠੇ ਉਸ ਕਿਸਾਨ ਦੀ ਮਨੋਦਸ਼ਾ ਨੂੰ ਚੇਤਿਆਂ ਵਿੱਚ ਲਿਆਉਣਾ ਜਿਸ ਦੀ ਫ਼ਸਲ ਸੱਥਰ ਬਣ ਕੇ ਉਸ ਦੇ ਭਵਿੱਖੀ ਸੁਫ਼ਨਿਆਂ ਨੂੰ ਧੁਆਂਖ ਗਈ ਹੋਵੇ। ਇਨ੍ਹਾਂ ਸੁਫ਼ਨਿਆਂ ਦੇ ਸੇਕ ਵਿੱਚ ਉਸ ਦੇ ਪਰਿਵਾਰ ਅਤੇ ਬੱਚਿਆਂ ਦਾ ਬਹੁਤ ਕੁਝ ਰਾਖ਼ ਹੋ ਗਿਆ ਜਿਸ ਨੇ ਚੌਗਿਰਦੇ ਦੀ ਮਹਿਕ ਬਣਨਾ ਸੀ। ਸੱਚ ਤਾਂ ਇਹ ਹੈ ਕਿ; ਉਦਾਸੀ ਉਦਾਸੀ ਦਾ ਰੰਗ ਉਸ ਬਿਰਖ਼ ਦੇ ਪਿੰਡੇ ’ਤੇ ਉੱਘੜਵੇਂ ਰੂਪ ਵਿੱਚ ਜ਼ਰੂਰ ਦੇਖਣਾ ਜਿਹੜਾ ਪੱਤਹੀਣ ਹੋਇਆ ਵੀ, ਬਰਫ਼ਬਾਰੀ ਨੂੰ ਜੀਰਦਾ ਅਤੇ ਆਪਣੀ ਅੰਦਰਲੀ ਅੱਗ ਨੂੰ ਬਾਲੀ ਰੱਖਣ ਲਈ ਹੱਡਾਂ ਨੂੰ ਵੀ ਬਾਲਣ ਤੋਂ ਗੁਰੇਜ਼ ਨਹੀਂ ਕਰਦਾ। ਉਦਾਸੀ ਤਾਂ ਅੰਬਰ ਨੂੰ ਆਪਣੇ ਕਲਾਵੇ ਵਿੱਚ ਲੈ ਹੀ ਲੈਂਦੀ ਹੈ, ਜਦੋਂ ਸੂਰਜ ਦੀ ਅੱਖ ਵਿੱਚ ਤੀਲ੍ਹਾ ਪੈ ਜਾਵੇ, ਦਿਨ ਨੂੰ ਆਪਣੀ ਅਰਥੀ ਢੋਣ ਲਈ ਮਜਬੂਰ ਹੋਣਾ ਪੈ ਜਾਵੇ ਜਾਂ ਚਾਨਣ-ਲੋਚਾ, ਕਾਲ-ਕੋਠੜੀ ਵਿੱਚ ਦਮ ਤੋੜ ਰਹੀ ਹੋਵੇ। ਉਦਾਸੀ ਅੰਤਰੀਵ ਵਿੱਚ ਬਹੁਤ ਡੂੰਘੀ ਉਤਰ ਜਾਂਦੀ ਹੈ, ਜਦੋਂ ਆਪਣਿਆਂ ਦੀ ਤੱਕਣੀ ਤੁਹਾਡੇ ਮਨ ਵਿੱਚ ਭਵਿੱਖੀ ਕਹਿਰ ਦਾ ਖ਼ੌਫ ਪੈਦਾ ਕਰਦੀ ਹੈ। ਉਸ ਡਰ ਕਾਰਨ ਬੰਦਾ ਸਾਹਸਤ-ਹੀਣ ਹੋ ਕੇ ਮੌਤ-ਮੰਗਣ ਦੀ ਨੌਬਤ ਤੀਕ ਪਹੁੰਚ ਜਾਂਦਾ ਹੈ। ਉਦਾਸੀ ਦੀ ਰੁੱਤ ਹਰ ਬਿਰਖ਼ ’ਤੇ ਆਪਣਾ ਆਲ੍ਹਣਾ ਪਾਉਣਾ ਲੋਚਦੀ ਹੈ, ਪਰ ਇਹ ਬਿਰਖ਼ ਦਾ ਸਿਰੜ ਕਿ ਉਹ ਉਦਾਸ ਰੁੱਤ ਵਿੱਚ ਕੁਮਲਾ ਜਾਣ ਦੀ ਬਜਾਏ ਇਸ ਉਦਾਸੀ ਨੂੰ ਖ਼ੁਸ਼ਗਵਾਰ ਪਲਾਂ ਵਿੱਚ ਬਦਲ ਦਿੰਦਾ ਹੈ। ਉਦਾਸੀ ਜੀਵਨ ਦਾ ਅੰਗ ਹੈ। ਜੀਵਨ ਵਿੱਚੋਂ ਇਸ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੀਵਨ ਕਦੇ ਵੀ ਇਕਸਾਰ ਨਹੀਂ ਹੁੰਦਾ, ਪਰ ਅਸੀਂ ਉਦਾਸੀ ਦੇ ਗਹਿਰੇ ਦਰਿਆ ਨੂੰ ਤਰ ਕੇ ਹੁਸੀਨ ਪਲਾਂ ਨੂੰ ਹਾਸਲ ਬਣਾ ਸਕਦੇ ਹਾਂ। ਉਦਾਸ ਵਕਤ ਦੀ ਕੁੱਖ ਵਿੱਚ ਵੀ ਅਣਮੁੱਲੇ ਰਤਨ ਹਨ, ਪਰ ਇਨ੍ਹਾਂ ਦੀ ਨਿਸ਼ਾਨਦੇਹੀ ਕਰਨ ਲਈ ਜ਼ਰੂਰੀ ਹੁੰਦਾ ਹੈ ਖ਼ੁਦ ਨੂੰ ਉਦਾਸੀ ਦੇ ਡੂੰਘੇ ਪਾਣੀਆਂ ਵਿੱਚ ਹੰਘਾਲਣਾ ਅਤੇ ਫਿਰ ਹੀ ਕੁਝ ਹਾਸਲ ਹੋ ਸਕਦਾ ਹੈ। ਉਦਾਸੀ ਵਿੱਚ ਮੁਸਕਰਾਉਣ ਦੇ ਹੁਨਰ ਦੀ ਪ੍ਰਾਪਤੀ ਲਈ ਜ਼ਰੂਰੀ ਹੁੰਦਾ ਹੈ ਕਿ ਜੀਵਨ ਵਿਚਲੀਆਂ ਨਿਰਮੂਲ ਜਾਪਦੀਆਂ ਖ਼ੁਸ਼ੀਆਂ ਨੂੰ ਮਾਣਦੇ ਰਹੀਏ। ਉਦਾਸ ਬਿਰਖ਼ ਤੇ ਉਦਾਸ ਰਾਹੀ ਜਦੋਂ ਇੱਕ ਦੂਜੇ ਦੇ ਗਲ਼ ਲੱਗ ਕੇ ਰੋਂਦੇ ਹਨ ਤਾਂ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਨੂੰ ਹੌਸਲਾ ਦੇ ਰਿਹਾ ਹੈ ਕਿਉਂਕਿ ਕੋਈ ਵੀ ਨਹੀਂ ਦੱਸਣਾ ਚਾਹੁੰਦਾ ਕਿ ਉਹ ਉਦਾਸ ਕਿਉਂ ਹੈ? ਦਰਅਸਲ, ਮੋਹਵੰਤੀ ਗਲਵੱਕੜੀ ਵਿੱਚ ਉਦਾਸ ਵਕਤ ਦਾ ਖ਼ਿਆਲ ਹੀ ਨਹੀਂ ਰਹਿੰਦਾ। ਦਿਲ ਦੀ ਉਦਾਸੀ ਨੂੰ ਦੂਰ ਕਰਨ ਲਈ ਇੱਕ ਅਜਿਹੇ ਪਿਆਰੇ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਉਦਾਸੀ ਦੇ ਕਾਰਨ ਦੱਸੇ ਬਗੈਰ, ਉਸ ਦੇ ਮੋਢੇ ’ਤੇ ਸਿਰ ਰੱਖ ਕੇ ਦਿਲ ਦਾ ਬੋਝ ਹਲਕਾ ਕਰ ਸਕੀਏ। ਕੁਝ ਲੋਕ ਇੰਨੀ ਪਰਦਾਦਾਰੀ ਨਾਲ ਮੁਸਕਰਾਉਂਦੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਵਿੱਚ ਉਤਰੀ ਉਦਾਸੀ ਕਦੇ ਨਜ਼ਰ ਨਹੀਂ ਆਉਂਦੀ। ਕੁਝ ਤਾਂ ਇੰਨੀ ਮੁਹਾਰਤ ਨਾਲ ਆਪਣਿਆਂ ਨਾਲ ਗੱਲਾਂ ਕਰਦੇ ਨੇ ਕਿ ਉਨ੍ਹਾਂ ਦੇ ਬੋਲਾਂ ਵਿੱਚ ਜਜ਼ਬ ਹੋਈ ਉਦਾਸੀ ਨੂੰ ਸੁਣਿਆ ਹੀ ਨਹੀਂ ਜਾ ਸਕਦਾ, ਪਰ ਉਦਾਸੀ ਤਾਂ ਉਦਾਸੀ ਹੈ, ਇਸ ਨੇ ਤਾਂ ਜੱਗ-ਜ਼ਾਹਰ ਹੋਣਾ ਹੀ ਹੋਇਆ, ਕਦੇ ਸੁਚੇਤ ਅਤੇ ਕਦੇ ਅਚੇਤ। ਉਦਾਸੀ ਸਭ ਤੋਂ ਅਹਿਮ ਹੁੰਦਾ ਹੈ ਕਿ ਉਦਾਸੀ ਦੇ ਸਫ਼ਰ ਨੂੰ ਸਦਾ ਜਾਰੀ ਰੱਖੋ। ਇਸ ਦੀ ਨਿਰੰਤਰਤਾ ਹੀ ਜੀਵਨ ਦਾ ਮੂਲ ਮੰਤਰ ਹੈ। ਇਸ ਦੇ ਜਾਪ ਵਿੱਚੋਂ ਹੀ ਅਸੀਂ ਫਿਰ ਉਸ ਉਦਾਸੀ ’ਤੇ ਖ਼ੁਦ ਨੂੰ ਤੋਰਦੇ ਹਾਂ ਜਿਸ ਦੀ ਇੱਛਾ ਖ਼ੁਦ ਨੂੰ ਖ਼ੁਦ ਅਤੇ ਖ਼ੁਦਾ ਦੇ ਦੀਦਾਰੇ ਕਰਵਾਉਂਦੀ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |