9 October 2024

ਜ਼ਿੰਦਗੀ ਜਸ਼ਨ ਹੈ—ਡਾ. ਗੁਰਬਖਸ਼ ਸਿੰਘ ਭੰਡਾਲ

ਜ਼ਿੰਦਗੀ ਨੂੰ ਸਾਲਾਂ ਵਿੱਚ ਨਾ ਮਿਣੋ ਸਗੋਂ ਇਸ ਨੂੰ ਮਾਣੇ ਹੋਏ ਪਲਾਂ ਵਿੱਚ ਮਿਣੋਗੇ ਤਾਂ ਜ਼ਿੰਦਗੀ ਦਾ ਜਸ਼ਨ ਤੁਹਾਡੇ ਜੀਵਨ ਦਾ ਹਿੱਸਾ ਬਣੇਗਾ। ਜ਼ਿੰਦਗੀ ਇਹ ਨਹੀਂ ਕਿ ਤੁਸੀਂ ਕਿੰਨੇ ਸਾਲਾਂ ਤੀਕ ਸਾਹਾਂ ਦਾ ਭਾਰ ਢੋਂਦੇ ਰਹੇ ਸਗੋਂ ਇਸ ’ਤੇ ਨਿਰਭਰ ਹੈ ਕਿ ਸਾਹਾਂ ਦੀ ਸਾਰਥਿਕਤਾ ਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕੀਤਾ ਹੈ? ਜ਼ਿੰਦਗੀ ਇੱਕ ਬੋਝ ਨਹੀਂ ਸਗੋਂ ਇੱਕ ਸੌਗਾਤ। ਇਸ ਦੀ ਵਿਕੋਲਿਤਰੀ ਮਹਿਕ ਅਤੇ ਸੁੰਦਰਤਾ ਹੈ। ਇਸ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਅਤੇ ਕਿਹੜੀ ਤਸ਼ਬੀਹ ਦਿੰਦੇ ਹੋ, ਇਸ ਨੇ ਤੁਹਾਡੇ ਇਸੇ ਨਜ਼ਰੀਏ ਨੂੰ ਪਰਿਭਾਸ਼ਿਤ ਕਰਨਾ ਹੁੰਦਾ ਹੈ

ਜ਼ਿੰਦਗੀ ਰੁਟੀਨ ਨਹੀਂ ਜਿਸ ਨੂੰ ਨਿਭਾਉਣਾ ਮਨੁੱਖ ਦੀ ਮਜਬੂਰੀ ਹੈ। ਸਗੋਂ ਇਹ ਤਾਂ ਇੱਕ ਅਦਾ ਹੈ ਜਿਸ ਵਿੱਚੋਂ ਜ਼ਿੰਦਗੀ ਦੀਆਂ ਰੰਗੀਨ ਅਦਾਵਾਂ ਚੌਗਿਰਦੇ ਨੂੰ ਮੋਹਿਤ ਕਰਦੀਆਂ ਹਨ ਤਾਂ ਮਨੁੱਖ ਜਿਊਣ ਜੋਗਾ ਹੋ ਜਾਂਦਾ ਹੈ। ਕਿਸੇ ਦੀ ਅਦਾ ਹੀ ਮਨੁੱਖ ਨੂੰ ਕਿਵੇਂ ਆਕਰਸ਼ਿਤ ਕਰਦੀ ਹੈ, ਇਸ ਨੇ ਹੀ ਹਰੇਕ ਲਈ ਜ਼ਿੰਦਗੀ ਦੇ ਵੱਖੋ-ਵੱਖ ਅਰਥਾਂ ਅਤੇ ਪਰਤਾਂ ਨੂੰ ਪ੍ਰਦਰਸ਼ਿਤ ਕਰਨਾ ਹੁੰਦਾ ਹੈ। ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਜਿਊਣ ਵਾਲੇ ਰੱਬ ਦੇ ਮਹਿਮਾਨ ਹਨ ਜਦ ਕਿ ਇਸ ਨੂੰ ਸਮਾਜਿਕ ਬੰਦਸ਼ਾਂ ਅਤੇ ਸੌੜੀਆਂ ਸੋਚਾਂ ਵਿੱਚ ਜਕੜ ਕੇ ਗੁਜ਼ਾਰਨ ਵਾਲੇ ਸਮੇਂ ਦੇ ਗ਼ੁਲਾਮ ਹਨ। ਉਨ੍ਹਾਂ ਲਈ ਜ਼ਿੰਦਗੀ ਸਿਰਫ਼ ਸਾਹ ਪੂਰੇ ਕਰਨ ਦੀ ਨੌਬਤ ਹੀ ਹੁੰਦੀ ਹੈ।

ਜ਼ਿੰਦਗੀ ਸਿਰਫ਼ ਇੱਕ ਵਾਰ ਮਿਲਦੀ ਹੈ। ਦੁਬਾਰਾ ਜਨਮ ਮਹਿਜ਼ ਮਿਥਿਹਾਸਕ ਧਾਰਨਾ ਹੈ। ਜ਼ਿੰਦਗੀ ਨੂੰ ਇੰਝ ਜੀਓ ਕਿ ਮਨ ਵਿੱਚ ਇਹ ਨਾ ਰਹਿ ਜਾਵੇ ਕਿ ਮੈਂ ਜ਼ਿੰਦਗੀ ਦੇ ਕਿਸੇ ਰੰਗ ਨੂੰ ਮਾਣਨ ਤੋਂ ਵਿਰਵਾ ਹੀ ਰਹਿ ਗਿਆ। ਇਹ ਮਿਲਖ, ਜਾਇਦਾਦ, ਰੁਤਬੇ ਜਾਂ ਮਾਣ-ਸਨਮਾਨ ਤੁਹਾਡੇ ਤੁਰ ਜਾਣ ਦੇ ਨਾਲ ਹੀ ਤੁਰ ਜਾਣੇ ਹਨ। ਸਿਰਫ਼ ਕੁਝ ਬਹੁਤ ਹੀ ਚੰਗੀਆਂ ਯਾਦਾਂ ਹੁੰਦੀਆਂ ਹਨ ਜਿਹੜੀਆਂ ਲੋਕ-ਚੇਤਿਆਂ ਦਾ ਖ਼ਜ਼ਾਨਾ ਬਣਦੀਆਂ ਹਨ। ਸੋਚਿਓ! ਕੀ ਕੁਝ ਅਜਿਹਾ ਕੀਤਾ ਹੈ ਕਿ ਲੋਕ ਕਹਿਣ ਕਿ ਤੁਸੀਂ ਜ਼ਿੰਦਗੀ ਨੂੰ ਆਪਣੇ ਸੁੱਚਮ, ਸੁਹਜ ਅਤੇ ਸਾਰਥਿਕ ਰੂਪ ਵਿੱਚ ਜਿਊਂਦਿਆਂ ਜੀਵਨ ਨੂੰ ਨਵੇਂ ਅਰਥਾਂ ਵਿੱਚ ਉਲਥਾਇਆ ਹੈ।

ਜ਼ਿੰਦਗੀ ਪ੍ਰਤੀ ਨਕਾਰਾਤਮਕ ਨਜ਼ਰੀਆ ਮਨੁੱਖ ਨੂੰ ਮੌਤ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ ਜਦ ਕਿ ਸਕਾਰਾਤਮਕ ਸੋਚ ਜੀਵਨ ਨੂੰ ਆਖ਼ਰੀ ਸਾਹ ਤੀਕ ਵੀ ਜਿਊਣ ਦਾ ਲੁਤਫ਼ ਮਾਣਨ ਲਈ ਪ੍ਰੇਰਦੀ ਹੈ। ਕਦੇ ਕਿਸੇ ਬਜ਼ੁਰਗ ਨੂੰ ਨੀਝ ਨਾਲ ਦੇਖਣਾ। ਉਸ ਦੀਆਂ ਝੁਰੜੀਆਂ ਨੂੰ ਕਦੇ ਨਾ ਦੇਖਣਾ ਸਗੋਂ ਝੁਰੜੀਆਂ ਵਿੱਚੋਂ ਲਿਸ਼ਕਦੀਆਂ ਕਿਸਮਤ ਰੇਖਾਵਾਂ ਨੂੰ ਕਿਆਸਣਾ, ਹੰਢਾਈਆਂ ਹੋਈਆਂ ਰੁੱਤਾਂ, ਮਾਣੇ ਹੋਏ ਮੌਸਮਾਂ, ਪਿੰਡੇ ’ਤੇ ਸਹੇ ਸੋਕਿਆਂ ਅਤੇ ਸਿਰ ’ਤੇ ਨੁੱਚੜੀਆਂ ਬਰਸਾਤਾਂ ਦੇ ਸ਼ਾਖ਼ਸਾਤ ਇਤਿਹਾਸ ਨੂੰ ਪੜ੍ਹਨਾ ਤੁਹਾਨੂੰ ਚੰਗਾ ਲੱਗੇਗਾ। ਉਹ ਹੁਣ ਵੀ ਹਰ ਰੁੱਤ ਦਾ ਸੁਆਗਤ ਕਰਦੇ ਹਨ ਅਤੇ ਕੁਦਰਤ ਦੇ ਰੰਗਾਂ ਵਿੱਚੋਂ ਹੀ ਜੀਵਨ ਦੀ ਨਿਸ਼ਾਨਦੇਹੀ ਕਰਦੇ ਹਨ। ਹੱਥਾਂ ਦੀ ਓਟ ਨਾਲ ਨਿਹਾਰਦੇ ਬਜ਼ੁਰਗਾਂ ਦੇ ਦੀਦਿਆਂ ਵਿੱਚ ਉਨ੍ਹਾਂ ਮੰਜ਼ਲਾਂ ਦਾ ਸਿਰਨਾਵਾਂ ਅੰਗੜਾਈਆਂ ਭਰਦਾ ਹੈ ਜਿਹੜੀਆਂ ਮੰਜ਼ਲਾਂ ’ਤੇ ਪਹੁੰਚ ਕੇ ਉਨ੍ਹਾਂ ਨੇ ਨਵੀਆਂ ਮੰਜ਼ਲਾਂ ਵੀ ਮਿੱਥੀਆਂ ਸਨ। ਉਹ ਇਨ੍ਹਾਂ ਰਾਹਾਂ ’ਤੇ ਆਪਣਿਆਂ ਨੂੰ ਜਾਂਦਿਆਂ ਕਿੰਨੇ ਮੋਹ ਨਾਲ ਨਿਹਾਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਸਫ਼ਰ ਦੇ ਅਗਲੇ ਪੜਾਅ ਨੂੰ ਪੂਰਾ ਕਰਨ ਲਈ ਪੈਰਾਂ ਵਿੱਚ ਸਫ਼ਰ ਉਗਾਇਆ ਹੁੰਦਾ ਹੈ। ਕਦੇ ਉਨ੍ਹਾਂ ਦੇ ਦੀਦਿਆਂ ਦੀ ਮੱਧਮ ਲੋਅ ਵਿੱਚ ਸੁਪਨਿਆਂ ਦੀ ਰੰਗਲੀ ਭਾਹ ਨੂੰ ਤੱਕਣਾ, ਤੁਹਾਨੂੰ ਪਤਾ ਲੱਗੇਗਾ ਕਿ ਉਹ ਜੀਵਨ ਦੇ ਆਖ਼ਰੀ ਪੜਾਅ ਵਿੱਚ ਵੀ ਸੂਹੇ ਰੰਗਾਂ ਨੂੰ ਮਾਣਨ ਦੀ ਲੋਚਾ ਮਨ ਵਿੱਚ ਪਾਲਦੇ ਹਨ। ਉਨ੍ਹਾਂ ਦੇ ਪੈਰਾਂ ਵਿੱਚ ਫਟੀਆਂ ਬਿਆਈਆਂ ਰਾਹਾਂ ਦੀ ਔਖਿਆਈ ਅਤੇ ਖੇਤਾਂ ਵਿੱਚ ਕਿਰਤ ਕਮਾਈ ਦਾ ਪ੍ਰਮਾਣ ਹੁੰਦੀਆਂ ਹਨ। ਇਸ ਲਈ ਬਿਆਈਆਂ ਵਿੱਚੋਂ ਵੀ ਬੰਦਿਆਈ ਅਤੇ ਭਲਿਆਈ ਨੂੰ ਭਾਲਿਆ ਜਾ ਸਕਦਾ ਹੈ। ਉਨ੍ਹਾਂ ਦੇ ਹੱਥਾਂ ਦੇ ਰੱਟਨਾਂ ਨੂੰ ਕਦੇ ਬਾਰੀਕਬੀਨੀ ਨਾਲ ਦੇਖਣਾ, ਤੁਹਾਨੂੰ ਪਤਾ ਲੱਗੇਗਾ ਕਿ ਇਹ ਰੱਟਨ ਤਾਂ ਹੁਣ ਵੀ ਕਾਹਲੇ ਨੇ ਕੁਝ ਨਵਾਂ ਨਿਰੋਇਆ ਕਰਨ ਲਈ।

ਜਦ ਕੋਈ ਬਜ਼ੁਰਗ ਡੰਗੋਰੀ ਨਾਲ ਤੁਰਦਾ ਹੈ ਤੇ ਥਿੜਕਦੇ ਪੈਰਾਂ ਨਾਲ ਅਗਲਾ ਕਦਮ ਪੁੱਟਦਾ ਹੈ ਤਾਂ ਉਸ ਦੇ ਕਦਮ ਨੂੰ ਸਲਾਮ ਕਰੋ ਕਿ ਉਸ ਦੀਆਂ ਲੱਤਾਂ ਨੇ ਬੁਢਾਪੇ ਵਿੱਚ ਵੀ ਹਾਰ ਨਹੀਂ ਮੰਨੀਂ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਉੱਗਿਆ ਸਫ਼ਰ, ਉਨ੍ਹਾਂ ਦੀ ਜ਼ਿੰਦਾਦਿਲੀ ਅਤੇ ਨਵੇਂ ਸਫ਼ਰ ਨੂੰ ਨਵੀਂ ਤਸ਼ਬੀਹ ਦੇਣ ਦਾ ਇਲਹਾਮ ਹੁੰਦਾ ਹੈ। ਬਜ਼ੁਰਗ ਜਦ ਵੀ ਮੰਜੇ ’ਤੇ ਬੈਠਾ ਦਰ ’ਤੇ ਹੋਏ ਖੜਾਕ ਵੰਨੀ ਅਹੁਲਦਾ ਹੈ ਤਾਂ ਇਹ ਉਸ ਦੀ ਚੇਤਨਾ ਵਿੱਚ ਉੱਗੀ ਫ਼ਿਕਰਮੰਦੀ ਨੂੰ ਜ਼ਾਹਿਰ ਕਰਦਾ ਹੈ ਕਿ ਉਸ ਨੂੰ ਘਰ ਦਾ ਕਿੰਨਾ ਫ਼‌ਿਕਰ ਹੈ ਜਾਂ ਉਹ ਕਿਸੇ ਆਉਣ ਵਾਲੇ ਮਹਿਮਾਨ ਦੇ ਉਚੇਚ ਲਈ ਖ਼ੁਦ ਨੂੰ ਤਿਆਰ ਕਰ ਰਿਹਾ ਹੁੰਦਾ ਹੈ। ਜ਼ਿੰਦਗੀ ਦੇ ਹਰ ਰੰਗ ਨੂੰ ਪੂਰਨ ਉਤਸ਼ਾਹ, ਉਮਾਹ, ਉਦਾਰਤਾ ਅਤੇ ਅਗਾਂਹ-ਵਧੂ ਧਾਰਨਾ ਨਾਲ ਜਿਊਣ ਦੀ ਗੁੜ੍ਹਤੀ ਆਪਣੇ ਬਜ਼ੁਰਗਾਂ ਤੋਂ ਜ਼ਰੂਰ ਲੈਣੀ ਚਾਹੀਦੀ ਹੈ।

ਕਦੇ ਬਜ਼ੁਰਗ ਨੂੰ ਮੋਟੀਆਂ ਐਨਕਾਂ ਨਾਲ ਕਿਸੇ ਅਖ਼ਬਾਰ ਜਾਂ ਕਿਤਾਬ ਦੇ ਅੱਖਰਾਂ ਨੂੰ ਪੜ੍ਹਦਿਆਂ ਅਤੇ ਇਸ ਦੇ ਅਰਥਾਂ ਦੀ ਤਹਿ ਤੀਕ ਜਾਣ ਲਈ ਉੱਦਮ ਕਰਦਿਆਂ ਦੇਖਣਾ, ਤੁਹਾਨੂੰ ਅਹਿਸਾਸ ਹੋਵੇਗਾ ਕਿ ਸ਼ਬਦਾਂ ਅਤੇ ਅਰਥਾਂ ਨੂੰ ਇੰਝ ਵੀ ਇਕਸੁਰ ਕਰਕੇ, ਕਿਸੇ ਲਿਖਤ ਨੂੰ ਉਸ ਰੂਪ ਵਿੱਚ ਪੜ੍ਹਿਆ ਜਾ ਸਕਦਾ ਹੈ ਜਿਵੇਂ ਸਾਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ। ਬਜ਼ੁਰਗਾਂ ਦੀਆਂ ਨਿੱਕੀਆਂ ਨਿੱਕੀਆਂ ਬਾਤਾਂ ਵਿੱਚ ਵੱਡੇ ਅਰਥ ਅਤੇ ਜੀਵਨ-ਜੁਗਤਾਂ ਹੁੰਦੀਆਂ ਹਨ ਜਿਨ੍ਹਾਂ ਨੇ ਜ਼ਿੰਦਗੀ ਨੂੰ ਸਹੀ ਢੰਗ ਨਾਲ ਰੂਪਮਾਨ ਕਰਨਾ ਹੁੰਦਾ ਹੈ। ਜਦ ਕਿਸੇ ਬਜ਼ੁਰਗ ਨੂੰ ਉੱਚਾ ਸੁਣਨ ਲੱਗ ਪਵੇ ਤਾਂ ਉਹ ਬਜ਼ੁਰਗ ਨਹੀਂ ਕਹਿਲਾਉਣਾ ਚਾਹੁੰਦਾ ਕਿਉਂਕਿ ਅਜਿਹੀ ਅਵਸਥਾ ਵਿੱਚ ਉਹ ਆਪਣੇ ਅੰਤਰੀਵੀ ਨਾਦ ਨੂੰ ਸੁਣਦਿਆਂ, ਮੰਤਰ-ਮੁਗਧ ਹੋਇਆ ਜ਼ਿੰਦਗੀ ਦੀ ਰੁੱਤ ਨੂੰ ਮਾਣਦਾ ਹੈ। ਉਸ ਦੇ ਜਜ਼ਬਾਤ ਜਿਊਂਦੇ ਹਨ ਅਤੇ ਇਹ ਜਿਊਣਾ ਹੀ ਉਸ ਨੂੰ ਜ਼ਿੰਦਗੀ ਦਾ ਰਾਜ਼ ਲੱਗਦਾ ਹੈ।

ਜ਼ਿੰਦਗੀ ਨੂੰ ਰੱਜ ਕੇ ਮਾਣੋ ਤਾਂ ਕਿ ਰੂਹ ਰਾਜ਼ੀ ਤੇ ਰੱਬ ਰਾਜ਼ੀ ਵਾਲੀ ਮਨੋ-ਅਵਸਥਾ ਤੁਹਾਡੀ ਤਰਬੀਅਤ ਦਾ ਹਾਸਲ ਬਣ ਜਾਵੇ। ਕਦੇ ਵੀ ਬਰੇਤੇ ਨੂੰ ਤਰਸ ਦੀ ਭਾਵਨਾ ਨਾਲ ਨਾ ਦੇਖੋ ਸਗੋਂ ਬਰੇਤੇ ਦੀ ਹਿੱਕ ਵਿੱਚ ਉੱਗੀ ਉਸ ਸਿੱਕ ਨੂੰ ਸਲਾਮ ਕਰੋ ਕਿ ਉਹ ਫਿਰ ਦਰਿਆ ਦਾ ਹਿੱਸਾ ਬਣ ਕੇ ਧਰਤ ਨੂੰ ਸਿੰਜਦਾ, ਜ਼ਰਖੇਜ਼ਤਾ ਦਾ ਹਾਸਲ ਬਣਨਾ ਚਾਹੁੰਦਾ ਹੈ। ਕਿਸੇ ਰੱਕੜ ਨੂੰ ਕਦੇ ਵੀ ਬੰਜਰ ਹੋਣ ਦਾ ਵਰ ਨਾ ਦਿਓ। ਕਦੇ ਰੱਕੜ ਨੂੰ ਉਸ ਨੀਝ ਨਾਲ ਦੇਖਣਾ ਕਿ ਰੱਕੜ ਦੇ ਮਨ ਵਿੱਚ ਵੀ ਜ਼ਰਖੇਜ਼ ਧਰਤ ਬਣ ਕੇ ਆਪਣੀ ਕੁੱਖ ਵਿੱਚੋਂ ਫ਼ਸਲਾਂ ਦੇ ਬੋਹਲ ਲਾਉਣ ਅਤੇ ਕਿਸੇ ਕਾਮੇ ਦੇ ਮੁੱਖ ’ਤੇ ਖੇੜੇ ਉਪਜਾਉਣ ਦੀ ਲਲ੍ਹਕ ਹੁੰਦੀ ਹੈ। ਜਦ ਕੋਈ ਰੱਕੜ ਜ਼ਰਖੇਜ਼ ਹੋ ਜਾਂਦਾ ਹੈ ਤਾਂ ਇਹ ਉਸ ਦੇ ਮਨ ਵਿੱਚ ਪੈਦਾ ਹੋਈ ਲਾਲਸਾ ਦੀ ਪੂਰਤੀ ਹੁੰਦੀ ਹੈ ਕਿ ਉਹ ਮੌਤ ਨਹੀਂ ਸੀ ਮੰਗਦਾ ਸਗੋਂ ਜਿਊਣ ਦੀ ਦੁਆ ਹੀ ਕਰਦਾ ਰਿਹਾ। ਇਹ ਦੁਆ ਦੀ ਰਹਿਮਤ ਹੀ ਹੁੰਦੀ ਹੈ ਕਿ ਰੱਕੜ ਵੀ ਲਹਿਰਾਉਂਦੀਆਂ ਫ਼ਸਲਾਂ ਦਾ ਨਾਮਕਰਨ ਹੋ ਜਾਂਦੇ ਹਨ।

ਬਰਫ਼ੀਲੇ ਤੁਫ਼ਾਨ ਸਾਹਵੇਂ ਹਿੱਕ ਡਾਹ ਕੇ ਖੜ੍ਹੇ ਹੋਏ ਬਿਨ-ਪੱਤਰੇ ਬਿਰਖ ਦਾ ਜੇਰਾ ਦੇਖਣਾ ਕਿ ਕਿਵੇਂ ਉਹ ਅਡੋਲ ਰਹਿੰਦਾ ਹੈ। ਉਸ ਦੀ ਹਿੱਕ ਵਿਚਲਾ ਸੇਕ ਹੀ ਹੁੰਦਾ ਹੈ ਕਿ ਉਹ ਬਰਫ਼ਬਾਰੀ ਵਿੱਚ ਵੀ ਤਣੇ ਵਿੱਚ ਪੁੰਗਰਨ ਲਈ ਅਹੁਲਦੇ ਪੁੰਗਾਰਿਆਂ ਨੂੰ ਸਹਿਲਾਉਂਦਾ, ਨਿੱਘ ਦੀਆਂ ਲੋਰੀਆਂ ਦਿੰਦਾ ਹੈ। ਫਿਰ ਇਹੀ ਪੁੰਗਾਰੇ ਬਹਾਰ ਦੇ ਮੌਸਮ ਵਿੱਚ ਬਿਰਖ ਦਾ ਹਰਾ ਪਹਿਰਾਵਾ ਬਣ ਕੇ ਬਿਰਖ ਅਤੇ ਚੌਗਿਰਦੇ ਨੂੰ ਰੰਗ-ਭਾਗ ਲਾਉਂਦੇ ਹਨ। ਫਿਰ ਬਿਰਖ ਫੁੱਲ ਅਤੇ ਫ਼ਲਾਂ ਦੀਆਂ ਸੁਗਾਤਾਂ ਵੰਡਦਾ ਅਤੇ ਸਮਝਾਉਂਦਾ ਹੈ ਕਿ ਯਖ਼ ਸਮਿਆਂ ਵਿੱਚ ਵੀ ਆਪਣੀ ਅੰਦਰਲੀ ਅੱਗ ਨੂੰ ਬੁਝਣ ਨਾ ਦੇਣ ਵਾਲੇ ਹੀ ਜਿਊਣ ਦੀ ਨਵੀਂ ਮਿੱਥ ਸਿਰਜਦੇ ਹਨ। ਉਹ ਇਹ ਸਿੱਧ ਕਰਦੇ ਹਨ ਕਿ ਇੰਝ ਵੀ ਜੀਆ ਜਾ ਸਕਦਾ ਹੈ।

ਡੁੱਬ ਰਿਹਾ ਸੂਰਜ ਦੇਖ ਕੇ ਕਦੇ ਵੀ ਉਦਾਸ ਨਾ ਹੋਵੋ ਕਿਉਂਕਿ ਸੂਰਜ ਕਦੇ ਡੁੱਬਦਾ ਨਹੀਂ ਸਗੋਂ ਛੁਪਦਾ ਏ ਅਤੇ ਇਹੀ ਛੁਪਣਾ ਹੀ ਰਾਤ ਤੋਂ ਬਾਅਦ ਨਵੀਂ ਸਵੇਰ ਦਾ ਆਗਮਨ ਹੁੰਦਾ ਹੈ। ਨਵੇਂ ਦਿਨ ਦੀ ਸ਼ੁਰੂਆਤ, ਨਵੇਂ ਸੁਪਨੇ, ਸੰਭਾਵਨਾਵਾਂ, ਸਾਧਨਾਂ ਅਤੇ ਸਰੋਕਾਰਾਂ ਸੰਗ ਮਨੁੱਖੀ ਮਨਾਂ ’ਤੇ ਦਸਤਕ ਦਾ ਅਲੋਕਾਰੀ ਸੱਚ, ਸਮਿਆਂ ਦਾ ਸਭ ਤੋਂ ਵੱਡਾ ਹਾਸਲ ਹੁੰਦਾ ਹੈ। ਕਦੇ ਸਮੁੰਦਰ ਦੇ ਕੰਢੇ ਟਹਿਲਦਿਆਂ ਤਟ ’ਤੇ ਬਿਖਰੇ ਹੋਏ ਘੋਗੇ-ਸਿੱਪੀਆਂ ਨੂੰ ਪੈਰਾਂ ਹੇਠ ਮਧੋਲਦੇ ਹੋਏ ਇਹ ਜ਼ਰੂਰ ਸੋਚਣਾ ਕਿ ਇਨ੍ਹਾਂ ਘੋਗੇ-ਸਿੱਪੀਆਂ ਨੂੰ ਬੱਚੇ ਕਿੰਨੇ ਚਾਅ ਨਾਲ ਆਪਣੇ ਕਮਰਿਆਂ ਵਿੱਚ ਸਜਾਉਂਦੇ ਹਨ, ਪਰ ਇਹ ਵੀ ਅਚੇਤ ਵਿੱਚ ਖ਼ਿਆਲ ਕਰਨਾ ਕਿ ਸਮੁੰਦਰ ਤੋਂ ਦੂਰ ਹੋ ਕੇ ਇਨ੍ਹਾਂ ਸਿੱਪੀਆਂ ਦੀ ਹਿੱਕ ਵਿੱਚ ਮੋਤੀਆਂ ਨੂੰ ਪਾਲਣ ਦੀ ਆਰਜਾ ਜ਼ਰੂਰ ਉਸਲਵੱਟੇ ਲੈਂਦੀ ਹੋਵੇਗੀ। ਆਪਣੀਆਂ ਪ੍ਰਾਪਤੀਆਂ ਨੂੰ ਬਾਰ ਬਾਰ ਸਿਰਜਣਾ ਹੀ ਮਨ ਦੀ ਸਭ ਤੋਂ ਅਹਿਮ ਤਾਕਤ ਹੁੰਦੀ ਹੈ। ਇਸ ਨੂੰ ਮਨੁੱਖ ਨੇ ਹੀ ਦੇਖਣਾ ਹੈ ਕਿ ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ?

ਮੀਂਹ ਵਿੱਚ ਭਿੱਜਣ ਤੋਂ ਡਰਨ ਵਾਲਿਓ, ਕਦੇ ਮੀਂਹ ਵਿੱਚ ਭਿੱਜ ਕੇ ਦੇਖਣਾ, ਤੁਹਾਨੂੰ ਆਪਣੇ ਆਪ ਨੂੰ ਮਿਲਣ ਅਤੇ ਆਪਣੇ ਵੰਨੀਂ ਝਾਕਣ ਦਾ ਮੌਕਾ ਮਿਲੇਗਾ। ਤੁਸੀਂ ਵਾਰ ਵਾਰ ਮੀਂਹ ਵਿੱਚ ਭਿੱਜਦਿਆਂ, ਬਚਪਨੇ ਵਾਲੇ ਖ਼ੁਸ਼ੀ ਦੇ ਵੇਲਿਆਂ ਨਾਲ ਬੁਢਾਪੇ ਵਿੱਚ ਬਚਪਨ ਨੂੰ ਮਾਣ ਸਕੋਗੇ। ਤਿਖੇਰੀ ਧੁੱਪ ਤੋਂ ਬਚਣ ਲਈ ਛਾਂ ਦੀ ਭਾਲ ਕਰਨ ਵਾਲਿਓਂ, ਕਦੇ ਧੁੱਪ ਵਿੱਚ ਤੁਰਨਾ, ਧੁੱਪ ਨੂੰ ਬਗ਼ਲਗੀਰ ਹੋ ਕੇ ਮਿਲਣਾ ਅਤੇ ਧੁੱਪ ਵਿੱਚ ਧੁੱਪ ਰੰਗੇ ਹੋਣਾ। ਤੁਹਾਨੂੰ ਇਹੀ ਧੁੱਪ ਅੰਤਰੀਵੀ ਧੁੱਪ ਬਣ ਕੇ ਅੰਦਰਲਾ ਨਿੱਘ ਵੀ ਦੇਵੇਗੀ ਅਤੇ ਤੁਹਾਡੀ ਰੂਹ ਨੂੰ ਵੀ ਰੁਸ਼ਨਾਏਗੀ। ਤੁਸੀਂ ਧੁੱਪ ਵਰਗੇ ਬਣਨ ਦਾ ਵਿਚਾਰ ਮਨ ਵਿੱਚ ਪੈਦਾ ਕਰੋਗੇ ਕਿਉਂਕਿ ਇਹ ਧੁੱਪਾਂ ਹੀ ਹੁੰਦੀਆਂ ਜਿਨ੍ਹਾਂ ਦੇ ਨਿੱਘ ਵਿੱਚ ਰੂਹ ਨੂੰ ਜੋਸ਼, ਜਨੂੰਨ, ਜਜ਼ਬਾ ਅਤੇ ਜ਼ਿੰਦਾ-ਦਿਲੀ ਦਾ ਜਾਗ ਲੱਗਦਾ ਹੈ।

ਰੌਸ਼ਨੀ ਤੋਂ ਸਹਿਮ ਕੇ ਹਨੇਰੇ ਦੀ ਨੁੱਕਰ ਵਿੱਚ ਛੁਪਣ ਵਾਲਿਓਂ ਹਨੇਰੇ ਤੋਂ ਦੂਰੀ ਬਣਾਓ। ਚਾਨਣ ਵਿੱਚ ਚਾਨਣ ਚਾਨਣ ਹੋਣ ਵਾਲੇ ਹੀ ਚਾਨਣ-ਰੱਤੀਆਂ ਪੈੜਾਂ ਦਾ ਸਿਰਨਾਵਾਂ ਹੁੰਦੇ ਹਨ। ਉਨ੍ਹਾਂ ਲਈ ਉਮਰ ਦੇ ਕੋਈ ਅਰਥ ਨਹੀਂ ਹੁੰਦੇ ਕਿਉਂਕਿ ਉਮਰ ਤਾਂ ਸਿਰਫ਼ ਇੱਕ ਨੰਬਰ ਹੁੰਦਾ ਹੈ, ਪਰ ਉਨ੍ਹਾਂ ਲਈ ਹਰ ਦਿਨ ਹੀ ਨਵਾਂ ਪੈਗ਼ਾਮ ਲੈ ਕੇ ਨਵੇਂ ਰਾਹਾਂ ਦੀ ਨਿਸ਼ਾਨਦੇਹੀ ਕਰਦਾ ਹੈ। ਵਗਦੀ ਹਵਾ ਦੇ ਤੇਜ਼ ਬੁੱਲੇ ਕਾਰਨ ਆਪਣੇ ਆਪ ਨੂੰ ਲੁਕਾਉਣ ਵਾਲਿਆ! ਕਦੇ ਹਵਾ ਨੂੰ ਤੂੰ ਗੰਢਾਂ ਦਿੰਦਾ ਸੀ। ਹੁਣ ਵੀ ਹਵਾ ਨੂੰ ਕਲਾਵੇ ਵਿੱਚ ਲੈ ਕੇ ਇਸ ਦੀਆਂ ਛੇੜੀਆਂ ਝਰਨਾਹਟਾਂ ਵਿੱਚੋਂ ਸੱਜਣਾਂ ਦੇ ਭੇਜੇ ਹੋਏ ਪਿਆਰ-ਸੁਨੇਹਿਆਂ ਨੂੰ ਸੁਣਨ ਦੀ ਆਦਤ ਪਾਵੇਂਗਾ ਤਾਂ ਉਮਰ ਪਿਛਲ ਗੇੜੀ ਹੋ ਤੁਰੇਗੀ। ਰਾਤ ਦੇ ਸੰਨਾਟੇ ਤੋਂ ਸਹਿਮ ਜਾਣ ਵਾਲਿਆ! ਤੈਨੂੰ ਪਤਾ ਹੋਣਾ ਚਾਹੀਦੈ ਕਿ ਰਾਤ ਗਾਉਂਦੀ ਵੀ ਹੈ। ਇਸ ਨੂੰ ਸੁਣਨ ਦੀ ਆਦਤ ਪਾ। ਪੁੰਨਿਆ ਦੀ ਰਾਤ ਵਿੱਚ ਝੀਲ ਦੀ ਚੰਨ ਦੇ ਪਰਛਾਵੇਂ ਨਾਲ ਹੁੰਦੀ ਗੁਫ਼ਤਗੂ ਨੂੰ ਕਦੇ ਧਿਆਨ ਨਾਲ ਸੁਣੇਂਗਾ ਤਾਂ ਤੇਰੇ ਮਨ ਵਿੱਚ ਵੀ ਚੰਨ ਬਣ ਕੇ ਝੀਲ ਦੇ ਕੰਢੇ ਰਾਤ ਨੂੰ ਮਾਣਨ ਅਤੇ ਦਿਲਲਗੀਆਂ ਕਰਨ ਦਾ ਚਾਅ ਪੈਦਾ ਹੋਵੇਗਾ। ਮਨ ਵਿੱਚ ਬੈਠੀ ਹੋਈ ਮੁਹੱਬਤ ਦੀ ਸੰਕੀਰਨਤਾ ਵਿੱਚੋਂ ਨਿਕਲ ਕੇ ਕਦੇ ਮੁਹੱਬਤ ਦੇ ਵਸੀਹ ਅਰਥਾਂ ਨੂੰ ਮਨ ਦੀ ਜੂਹ ਵਿੱਚ ਧਰ, ਤੈਨੂੰ ਕੁਦਰਤ ਦੇ ਹਰ ਵਰਤਾਰੇ ਤੇ ਵਸਤ ਨਾਲ ਮੁਹੱਬਤ ਹੋਵੇਗੀ। ਇਹ ਮੁਹੱਬਤ ਹੀ ਤੇਰੇ ਹਰ ਵਰਤਾਰੇ ਵਿੱਚ ਫੈਲ, ਜ਼ਿੰਦਗੀ ਨਾਲ ਇਸ਼ਕ ਕਰਨਾ ਸਿਖਾਵੇਗੀ ਅਤੇ ਜਿਊਣ ਦੀ ਨਿਆਮਤ ਨਾਲ ਨਿਵਾਜੇਗੀ।

ਬੰਦਿਆ! ਜੇ ਜ਼ਿੰਦਗੀ ਦੇ ਅਣਛੋਹੇ ਦਿਸਹੱਦਿਆਂ ਨੂੰ ਛੂਹਣਾ ਹੈ ਤਾਂ ਫਿਰ ਆਪਣੇ ਆਪ ਨੂੰ ਮਿਲਿਆ ਕਰ। ਆਪਣੇ ਆਪ ਨਾਲ ਗੁਫ਼ਤਗੂ ਕਰ। ਆਪਣੇ ਆਪ ਨੂੰ ਪਛਾਣ। ਮਨ ਵਿੱਚ ਆਪਣੇ ਪ੍ਰਤੀ ਉਪਜੀ ਅਪਣੱਤ ਅਤੇ ਪਿਆਰ ਹਰੇਕ ਦਿਲ ਵਿੱਚ ਤੁਹਾਡੇ ਲਈ ਪਿਆਰ ਪੈਦਾ ਕਰੇਗਾ। ਜਿੰਨਾ ਚਿਰ ਅਸੀਂ ਖ਼ੁਦ ਨੂੰ ਪਿਆਰ ਨਹੀਂ ਕਰਦੇ, ਕੌਣ ਕਰੇਗਾ ਸਾਡੇ ਨਾਲ ਅਤੇ ਸਾਡੇ ਵਿਅਕਤੀਤਵ ਨਾਲ ਪਿਆਰ। ਯਾਦ ਰੱਖਣਾ ਕਿ ਪਿਆਰ ਵਿਅਕਤੀ ਨਾਲ ਨਹੀਂ ਸਗੋਂ ਇਹ ਸਦਾ ਵਿਅਕਤੀਤਵ ਨਾਲ ਹੀ ਹੁੰਦਾ ਹੈ। ਜ਼ਿੰਦਗੀ ਨੂੰ ਜਸ਼ਨ ਮਈ ਰੰਗਤ ਦੇਣ ਲਈ ਪਿਆਰ-ਪਾਕੀਜ਼ਗੀ ਸਭ ਤੋਂ ਅੱਵਲ ਦਵਾ ਹੈ ਜੋ ਅਕਸਰ ਮੁਫ਼ਤ ਵਿੱਚ ਉਪਲੱਬਧ ਹੈ, ਪਰ ਇਸ ਨੂੰ ਪ੍ਰਾਪਤ ਕਰਨ ਦੀ ਜਾਚ ਤਾਂ ਮਨੁੱਖ ਨੂੰ ਆਪ ਹੀ ਹੋਣੀ ਚਾਹੀਦੀ ਹੈ।
***
ਸੰਪਰਕ: 216-556-2080

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1399
***

ਡਾ. ਗੁਰਬਖਸ਼ ਸਿੰਘ ਭੰਡਾਲ

View all posts by ਡਾ. ਗੁਰਬਖਸ਼ ਸਿੰਘ ਭੰਡਾਲ →