18 October 2025

ਬਾਰਾਂ ਕਵਿਤਾਵਾਂ — ਸੋਨੀਆ ਪਾਲ, ਵੁਲਵਰਹੈਂਪਟਨ, ਯੂ.ਕੇ.

ਬਾਰਾਂ ਕਵਿਤਾਵਾਂ: (1) ਨੂਰ ਜ਼ੋਰਾ ਦੇ ਨਾਂ, (2)ਪਹਿਲੀ ਮਿਲਣੀ ਵੇਲੇ, (3) ਕੁਝ ਔਰਤਾਂ, (4} ਪਹਿਲਾ ਪੋਲਾ ਪੱਬ, (5) ਹਾਇਕੂ, (6) ਸੁਣ ਨੀ ਜਿੰਦੇ,
(7) ਛੁੱਟੀਆਂ, (8) ਜੁੱਤੀ, (9} ਵਿਅੰਗ, (10) ਬੱਦਲ਼ ਰੰਗੀਏ,  ਸੱਧਰੇ ਨੀ!, (11) ਰੁੱਖਾਂ ‘ਤੇ ਕਾਤਰ, ਅਤੇ (12) ਚੇਤੇ ਹੈ !
  ਸੋਨੀਆ ਪਾਲ, ਵੁਲਵਰਹੈਂਪਟਨ, ਯੂ.ਕੇ.-

ਨੂਰ ਜ਼ੋਰਾ ਦੇ ਨਾਂ
ਇਹ ਬੰਦਾ ਔਰਤ ਦਾ ਰੂਪ ਲੈ, ਆਪ ਕਾਮਯਾਬ ਹੋ, ਸਭ ਨੂੰ ਕਾਮਯਾਬੀ ਦੀਆਂ ਦੁਆਵਾਂ ਦਿੰਦਾ ਹੈ।

ਮੈਂ ਔਰਤ ਦਾ ਰੂਪ ਹਾਂ

ਗਿੱਧਿਆਂ ਦਾ ਸ਼ਿੰਗਾਰ
ਮੇਰੇ ਸਿਰ ਤੇ ਸੱਗੀ ਸੋਂਹਦੀ
ਪਿੜ ਮੱਚੇ ਝਾਂਜਰਾਂ ਨਾਲ

ਮੇਂ ਅੱਧੋ-ਅੱਧ ‘ਚ ਪੂਰਾ
ਸ਼ਿਵਾ ਜਿਉਂ ਅਰਧਨਾਰ

ਸ਼ਗਨਾਂ ਵਾਲਾ ਵਿਹੜਾ ਮੈਨੂੰ
ਭਰੇ ਲੱਡੂਆਂ ਦਾ ਥਾਲ

ਬੋਲੀਆਂ ਪਾ ਮੈਂ ਝੂਮਦਾ
ਪੰਜਾਬੀ ਮਾਂ ਦਾ ਲਾਲ

ਨੂਰ’ ਨਿਰਾ ਮੈਂ ਅੱਗ ਦਾ
‘ਜ਼ੋਰਾ’ ਰੋਹਬ ਕਮਾਲ

ਉੱਚਾ ਲੰਮਾ ਸਰੂ ਜਿਹਾ
ਨਿੱਤ ਲਵਾਂ ਸਨਮਾਨ

ਮੇਰੇ ਨਾਲ ਹੈ ਸ਼ੋਭਦੀ
ਢੋਲ ਤੂੰਬੇ ਦੀ ਤਾਨ

ਮੱਥਾ ਟੇਕ ਕੇ ਧਰਤ ਨੂੰ
ਮੈਂ ਨੱਚਾਂ ਪੱਬਾਂ ਭਾਰ

ਮੇਰੀ ਅਦਾ ਤੋਂ ਸਦਕੇ
ਹਰ ਬੱਚਾ, ਬੁੱਢਾ ਨਾਲ

ਮੈਂ ਔਰਤ ਦਾ ਰੂਪ ਹਾਂ
ਗਿੱਧਿਆਂ ਦਾ ਸ਼ਿੰਗਾਰ
*
2. ਪਹਿਲੀ ਮਿਲਣੀ ਵੇਲੇ 

ਨਨਦਾਂ, ਭਾਬੀਆਂ
ਦਰਾਣੀਆਂ ਜਿਠਾਣੀਆਂ
ਨੂੰਹਾਂ ਸੱਸਾਂ  ਨੇ
ਦੋ ਸਕੀਆਂ ਰੂਹਾਂ ਦਾ
‘ਇੱਕ’ ਸੁੱਚਾ ਹਾਸਾ ਹੱਸਿਆ  ਸੀ

ਲੜਨ ਲੱਗੀਆਂ ਫੇਰ
ਮਿਹਣੇ ਤਿਹਣੇ ਮਾਰੇ
ਪਿੱਟ ਸਿਆਪੇ ਕੀਤੇ
ਗਾਲ੍ਹਾਂ ਦੇ ਨਾਲ ਇੱਕ ਦੂਈ ਦਾ
ਅੱਗਾ ਤੱਗਾ ਵੀ ਇੱਕ ਕਰ ਛੱਡਿਆ ਸੀ

ਸ਼ਗਨਾਂ ਵੇਲੇ ਜਿਹੜੇ ਗਾਨੇ ਬੱਧੇ ਸੀ
ਦੁੱਖਾਂ ਸੁੱਖਾਂ ਦੀਆਂ ਸਾਂਝਾਂ ਪਾ
ਜਿਹੜੇ ਹਾਸੇ ਹੱਸੇ ਸੀ
ਇੱਕ ਛੱਤ ਹੇਠਾਂ ਰਹਿੰਦਿਆਂ
ਭਮਕ ਚੜ੍ਹੇ ਤੇ ਕੁਛ ਵੀ ਚੇਤਾ
ਰਹਿਆ ਈ ਨਾ

ਘਰ ਦਿਆਂ ਬਾਲਾਂ ‘AI’ ਤਾਂਈਂ ਨੱਠ ਕੇ ਜਦ
ਇਹ ਸੁਆਲ ਪੁੱਛਿਆ ਸੀ :
“How can my family always be ONE?”

ਬੂਹੇ, ਕੰਧਾਂ, ਬਾਰੀਆਂ ਹੁੱਬਕੀਂ ਰੋ ਚੁੱਪ ਚਾਪ ਤਦ
‘ਇੱਕ’ ਖਾਰਾ ਅੱਥਰੂ ਘਰ ਦੀ ਨੀਂਹ ਵਿੱਚ ਦੱਬਿਆ ਸੀ
**

3. ਕੁਝ ਔਰਤਾਂ

ਕੁਝ ਔਰਤਾਂ ਜੋ ਪਾਟੀਆਂ ਗਧੋਲੀਆਂ ਨੂੰ
ਟਾਕੀਆਂ ਲਾ ਕੇ ਸੀਣਾ ਜਾਣਦੀਆਂ
ਜੋੜ ਦਿੰਦੀਆਂ ਲੋਗੜਾਂ ‘ਤੇ ਤੰਦਾਂ ਵਿਚਲੀ ਤਿੜਕ ਨੂੰ
ਰਿਸ਼ਤਿਆਂ ਵਿਚਲੀ ਝਿੜਕ ਨੂੰ
ਨਗੰਦਿਆਂ ਨਾਲ

ਉਹ ਚੁੱਪ-ਚਾਪ ਗੰਢ-ਤੁੱਪ ਲੈਂਦੀਆਂ
ਉਹ ਵੀ ਰਿਸ਼ਤੇ
ਜੋ ਸੂਈ ਦੀ ਨੋਕ ਤੋਂ ਜਿਆਦੀ ਚੋਭ ਲਾਉਂਦੇ
ਜਾਸਤੀ ਕਰਦੇ, ਇਹ ਲੋਲੋ-ਪੋਪੋ ਨਾਲ ਲੁਭਾ ਲੈਂਦੀਆਂ
ਅੱਕਿਆ-ਥੱਕਿਆ ਮਨ

ਇਹ ਔਰਤਾਂ ਅਪਣੀ ਸ਼ਾਹ ਰਗ ‘ਚ ਵਸਦੇ ਪੇਕੇ ਘਰੋਂ
ਰੂੰ ਦੇ ਰੇਸ਼ੇ ਵਰਗੇ ਕੋਮਲ,ਸੂਖਮ ਅਤੇ ਨਿੱਘੇ ਰਿਸ਼ਤਿਆਂ
ਦੀਆਂ ਪੀਡੀਆਂ ਸੱਚੀਆਂ- ਸੁੱਚੀਆ ਗੱਠਾਂ ਦੇ ਦੰਮ-ਖੰਮ ਸਦਕਾ ਹੰਢਣਸਾਰ ਬਣਾ ਲੈਂਦੀਆਂ
ਅਪਣੀ ਜ਼ਿੰਦਗੀ ਦੇ ਲੰਗਾਰ

ਕਾਣਸੂਤ ਪੱਧਰ ਕਰ ਦਾਬਾਂ ਲਾ ਰੱਖਦੀਆਂ
ਰੀਝਾਂ ਨੂੰ ਰਿੜਕ,ਰੋਜ਼  ਦਾ ਰੇੜਕਾ ਮੁਕਾਉਂਦੀਆਂ
ਸੂਈ ਦੇ ਨੱਕੇ ਥਾਣੀਂ ਲੰਘਣ ਵਾਲਾ ਜੀਵਨ ਜਿਉਂਦੀਆਂ
ਪਰ ਬਿੜਕ’ ਨਾ ਲੱਗਣ ਦਿੰਦੀਆਂ

ਸਗੋਂ ਜ਼ਿੰਦਗੀ ਨਿੱਘੀ ਹੰਢਣਸਾਰ ਰਜਾਈ ਵਾਂਗ ਬਣਾਉਂਦੀਆਂ
ਇਹ ਪਾਟੀਆਂ ਗਧੋਲੀਆਂ ਨੂੰ ਸੀਣਾ ਜਾਨਣ ਵਾਲੀਆਂ
ਮੇਰੀ ਰਹਿਤਲ ਦੀਆਂ ਔਰਤਾਂ

ਜ਼ਹਿਮਤ ਭਜਾਉਂਦੇ, ਰੱਬ ਦੀ ਰਹਿਮਤ ਦਾ ਅਹਿਸਾਸ ਦਿਵਾਉਂਦੇ
ਇਨ੍ਹਾਂ ਦੇ ਕਿਰਤੀ ਹੱਥਾਂ ਦੀ ਨਿਹਮਤ ਨੂੰ
ਮੇਰਾ ਲਾਲ, ਸੱਚਾ ‘ਤੇ ਸੁੱਚਾ ਸਲਾਮ
***

4. ਪਹਿਲਾ ਪੋਲਾ ਪੱਬ

ਪਹਿਲਾ ਪੋਲਾ ਪੱਬ ਮੁਬਾਰਕ
ਨੰਨ੍ਹੀ ਪੈੜ -ਚਾਲ  ਮੁਬਾਰਕ

ਬਾਪ ਦੀ  ਨਿੱਘੀ ਓਟ ਮੁਬਾਰਕ
ਮਾਂ ਦੀ ਦਿੱਤੀ ਅਸੀਸ  ਮੁਬਾਰਕ

ਧਰੇਜੇ!* ਸਗਲ ਧਰਤ  ਮੁਬਾਰਕ
ਸੁੱਚੇ    ਚਾਅ-ਮਲ੍ਹਾਰ  ਮੁਬਾਰਕ

ਕੁਲ ਦੀ ਵਧ ਗਈ ਜੜ੍ਹ ਮੁਬਾਰਕ
ਮੋਹ ਦਾ ਆਇਆ ਹੜ੍ਹ ਮੁਬਾਰਕ

ਪੂਰਨ  ਪ੍ਰੇਮ  ਪ੍ਰਭਾਓ  ਮੁਬਾਰਕ
ਜੀਵਨ  ਪੁਰ-ਜ਼ੋਰ   ਮੁਬਾਰਕ

ਪਹਿਲਾ ਪੋਲਾ ਪੱਬ ਮੁਬਾਰਕ
ਨੰਨ੍ਹੀ  ਪੈੜ-ਚਾਲ  ਮੁਬਾਰਕ
**
ਧਰੇਜਾ * – ਧਰਤੀ- ਪੁੱਤਰ
****

5. ਹਾਇਕੂ

ਸ਼ੀਸ਼ੇ ਸਾਹਵੇਂ
ਬੱਚਾ ਕਰਦਾ ਗੱਲਾਂ
ਦੇਖੇ ਸੁਫ਼ਨੇ
*****
6. ਸੁਣ ਨੀ ਜਿੰਦੇ

ਸੁਣ ਨੀ ਜਿੰਦੇ ! ਕਿਉਂ ਉੱਖੜੀਂ ਫਿਰਦੀ
ਓਸ ਜਹਾਨ ਨੂੰ ਚੱਲ
ਜਿੱਥੇ ਤੇਰੇ ਅਪਣੇ ਵਸਦੇ
ਤੇਰੀ ਸਾਰੀ ਜਾਣਦੇ ਸੱਲ

ਸੁਣ ਨੀ ਜਿੰਦੇ! ਕਿਉਂ ਹੌਂਸਲੇ ਢਾਏ –
ਰੂਹ ਦੇ ਸਾਕ ਤੈਂ ਧੁਰੋਂ ਲਿਖਾਏ
ਨੇੜੇ ਹੋ ਜਦ ਕੁਝ ਪਲ ਹੰਢਾਏ
ਤੇਰੀ ਭਟਕਨ ਦੇਣਗੇ ਠੱਲ

ਸੁਣ ਨੀ ਜਿੰਦੇ! ਤੂੰ ਵਾਹਲੀ ਸੋਹਣੀ
ਅਪਣਿਆਂ ਦੀ ਤੂੰ ਮਨ ਮੋਹਣੀ
ਦਿਲ ਦੇ ਭੇਤ ਨਾ ਗੁੱਝੇ ਰੱਖੀਂ
ਉਨ੍ਹਾਂ ਆਪੇ ਹਰ ਗੱਲ ਟੋਹਣੀ

ਸੁਣ ਨੀ ਜਿੰਦੇ! ਤੇਰਾ ਰੋਮ ਰੋਮ
ਉਨ੍ਹਾਂ ਦਾ ਹੈ ਕਰਜ਼ਾਈ
ਸ਼ਗਨ ਮਨਾਉਂਦੇ ਥੱਕਣ ਨਾਹੀਂ
ਵਿਹੜੇ ਦੀ ਰੌਣਕ ਆਈ

ਸੁਣ ਨੀ ਜਿੰਦੇ! ਤੇਰਾ ਭਤੀਜਾ
ਮਿੱਠਾ ਮਿੱਠਾ ਜਿਉਂ ਪਤੀਸਾ
ਢਾਕੇ ਚੱਕ ਕੇ ਖੇਡੀਂ ਮੱਲੀਂ
ਵਿੱਚ ਹੋਰ ਨਾ ਆਵੇ ਤੀਜਾ

ਸੁਣ ਨੀ ਜਿੰਦੇ! ਤੇਰੀ ਅੰਮਾ ਜਾਇਆ
ਨਾਲ ਫਿਰੂ ਬਣ ਤੇਰਾ ਸਾਇਆ
ਪਲਟ ਦੇਣਗੇ  ਤੇਰੀ ਕਾਇਆ
ਤੇਰੀ ਭੂਆ, ਚਾਚਾ ‘ਤੇ ਤਾਇਆ

ਸੁਣ ਨੀ ਜਿੰਦੇ! ਚਾਰ ਤੰਦਾਂ ਪਰੋ ਕੇ
ਬੰਨ੍ਹ ਆਂਵੀਂ ਇੱਕ ਡੋਰ
ਸੱਚੇ ਸੁੱਚੇ ਰਿਸ਼ਤਿਆਂ ਵਾਲੀ
ਸਦਾ ਚੜ੍ਹੀ ਰਹੇ ਤੈਨੂੰ ਲੋਰ

ਸੁਣ ਨੀ ਜਿੰਦੇ! ਮਾਮੇ-ਮਾਸੀਆਂ
ਘੱਟ ਕੋਈ ਨਾ ਜਾਣੀਂ
ਗਲ ਲੱਗ ਲੱਗ ਹਰਿੱਕ ਜੀਅ ਦੇ
ਰੱਬੀ ਨੇੜ ਸਦਾ ਮਾਣੀਂ

ਸੁਣ ਨੀ ਜਿੰਦੇ!ਉੱਚਾ ਨੀਂਵਾਂ ਬੋਲ ਨਾ ਬੋਲੀਂ
ਹੱਕ ਹਕੂਕ ਦੀ ਖਾਈਂ
ਸੋਹਰੇ ਪੇਕੇ  ਮਾਣ ਵਧਾ ਕੇ
ਵਸਦੀ ਰਸਦੀ ਵੱਧ ਜਾਂਈਂ
******
7. ਛੁੱਟੀਆਂ

ਬੱਚੇ  ਘਰ ਦੇ ਜੀਆਂ ਦੀ ਨਾ ਕੁਛ ਸੁਣ ਰਹੇ,
ਨਾ ਨਾਲ ਗੱਲਾਂ ਕਰ ਰਹੇ!
ਨਾ ਹੁੰਗਾਰੇ ਭਰ ਰਹੇ

ਕੁਛ ਵੀ ਬੋਲਣ-ਸੁਣਨ ਤੋਂ ਪਹਿਲਾਂ  ਹੀ
ਵੱਡਿਆਂ ਨੂੰ ਬੜੀ ਸਖ਼ਤ ਤਾੜਨਾ ਕਰ ਰਹੇ!

ਨਾ ਟਾਇਮ ਸਿਰ ਖਾ ਰਹੇ, ਨਾ ਪੀ ਰਹੇ
ਬੱਸ! ਅਪਣੇ ਗੇਮ, ਵਿਡਿੳ  ਤੋਂ ਹੀ ਰੱਜ ਰਹੇ!

ਮਾਂ ਨੂੰ ਫਿਕਰ ਕਿ:
ਆਈ ਪੈਡ, ਆਈ ਫ਼ੋਨ, ਰੋਬਲਾੱਕਸ, ਯੂ ਟਿਊਬ
ਦੇ ਵਿੰਗ ਵਲ਼ੇਵੇਂ ਧੌਣ ਦੇ ਮਣਕੇ ਕੱਸ ਰਹੇ।

ਮਾਂ ਗੱਚ ਭਰ ਕੇ  ਪੁਰਾਣੇ ਸਮੇਂ ਨੂੰ ਚੇਤੇ ਕਰਕੇ
ਮਨੋਂ ਮਨੀ ਇਹ ਸੋਚੇ ਕਿ ਉਹਦੀਆਂ ਛੁੱਟੀਆਂ ਦੇ ਮੁਆਇਨੇ ਸਿਰਫ ਨਾਨਕੇ – ਦਾਦਕੇ ਹੁੰਦੇ ਸੀ।

ਹੁਣ ਉਹ ਕਚੀਚੀਆਂ ਲੈ ਲੈ ਇਹ ਲੋਚੇ ਕਿ ਕਾਸ਼!
ਬੱਚੇ ਏਸ ਆਈ• ਟੀ. ਤੋਂ ਥੋੜ੍ਹਾ ਕੁ ਬਚੇ ਰਹਿੰਦੇ
ਤਾਂ ਵਿਹਲੇ ਹੁੰਦੇ, ਫੇਰ ਖੌਰੇ ਓਸ ਵੱਲ ਵੀ ਦੇਖਦੇ,
ਕੁਛ ਗੱਲਾਂ ਕਰਦੇ, ਹੱਸਦੇ-ਹਸਾਉਂਦੇ,
ਖੇਡਦੇ-ਮੱਲਦੇ, ਛੁੱਟੀਆਂ ਸਹੀ ਕੱਟਦੇ।

ਕਾਸ਼ ! ਇਹ ਅੱਜ ਦੇ ਹਾਈ- ਟੈੱਕ ਬੱਚੇ
ਛੁੱਟੀਆਂ ‘ਚ ਮਾਂ -ਬਾਪ ਦੇ ਹਿੱਸੇ ਦੇ  ਬਚੇ ਰਹਿੰਦੇ.
*******
8. ਜੁੱਤੀ

ਕਿੰਨੀ ਸੋਹਣੀ ਹੋਏਗੀ ਉਹ ਜੁੱਤੀ
ਜੋ ਗੁਰੂ ਰਵਿਦਾਸ ਨੇ
ਰੱਬ ਦਾ ਧਿਆਨ ਧਰ
ਨਿਹਚਾ ਅਤੇ ਲਗਨ ਨਾਲ ਬਣਾਈ

ਜੋ ਬਾਬੇ ਨਾਨਕ ਨੇ
ਉਦਾਸੀਆਂ ਤੇ ਜਾਣ ਵੇਲੇ
ਅਪਣੇ ਪੈਰੀਂ ਪਾਈ

ਜੋ ਨਾਨਕਿਆਂ ਨੇ ਗੂੜ੍ਹੇ ਮੋਹ ਨਾਲ
ਸੁੱਚੇ ਰਿਸ਼ਤਿਆਂ ਦਾ ਮਾਣ ਵਧਾ ਕੇ
ਨਾਨਕੀ ਛੱਕ ‘ਚ ਲਿਆ ਸਜਾਈ

ਜੋ ਨਵੀਂ ਜ਼ਿੰਦਗੀ ਸ਼ੁਰੂ ਕਰਨ ਨੂੰ
ਸੱਜਰੀਆਂ ਰੀਝਾਂ ਨੂੰ ਮਨ ‘ਚ ਭਰ ਕੇ
ਵਿਆਂਹਦੜ ਨੇ ਚਾਂਈਂ ਪੈਰੀਂ ਪਾਈ

ਜੋ ਕਿਸੇ ਨੂੰਹ ਨੇ
ਸੱਸ ਸਹੁਰੇ ਦੇ ਪੈਰੀਂ
ਆਦਰ ਭਾਵ ਨਾਲ ਆਪ ਦੇ ਹੱਥੀਂ ਪਾਈ

ਜੋ ਮਾਂ ਬਣਨ ਦੇ ਚਾਅ ‘ਚ
ਸੁਆਣੀ ਨੇ ਪਹਿਲੀ ਬਾਰ
ਸਲਾਈਆਂ ਤੇ ਚਾੜ ਮੋਹ ਦੇ ਕੁੰਡਿਆਂ ਨਾਲ ਉਣਾਈ

ਏਸ ਜੁੱਤੀ ਨੇ  ਜੀਅ ਜਾਨ
ਦੇ  ਉੱਬੜ-ਖਾਬੜ ਜੀਵਨ ਪੰਧ ਦੀ
ਮੰਜ਼ਲ ਸੇਧ ਧਰਾਈ

ਨਾਲ ਹੀ ਸੋਚਾਂ
ਖਾਲੀ ਬੋਤਲ ਤੇ ਸੇਬੇ ਦੀਆਂ
ਵੱਧਰਾਂ ਵਾਲੀਆਂ ਚੱਪਲਾਂ ਬਾਰੇ
ਜਿਨ੍ਹਾਂ ਲੋਕਾਈ ਦੀ ਰੂਹ ਕੰਬਾਈ

ਰਾਹਾਂ ਤੇ ਪੈੜ ਧਰਨ ਤੋਂ ਪਹਿਲਾਂ
ਗੁੰਮ ਹੋਈ ਇੱਕ ਕਹਾਣੀ ਬਣਾਈ
********

9. ਵਿਅੰਗ
National Health Service ( NHS)

ਏਸ ਮੁਲਕ ਦੀ ਐੱਨ.ਹੈਚ.ਐੱਸ ਦਾ
ਕੀ ਹੈ ਹਾਲ ਕਿੰਝ ਦੱਸੀਏ-
ਘੰਟਿਆਂ ਵੱਧੀਂ ਵੀ ਏਥੇ ਨਾ
ਜੀ.ਪੀਂ* ਇੱਕ ਵੀ ਵਾਰ ਟੱਕਰੇ!

ਫ਼ੋਨ ‘ਤੇ ਟੰਗੇ ਰਹਿ ਜਾਈਏ
ਗੱਲ ਫੇਰ ਵੀ ਨਾ ਬਣੇ!
ਏ ਐਂਡ ਈ.* ਦੇ ਬਲਿਹਾਰ ਜਾਈਏ
ਪੰਜ ਛੇ ਘੰਟਿਆਂ ਪਹਿਲਾਂ
ਏਥੇ ਵੀ ਕੋਈ ਵਾਜ ਨਾ ਮਾਰੇ !
ਚਾਹੇ ਜੀਅ ਜੀ ਰਿਹਾ ਹੋਵੇ
ਤੇ ਭਾਵੇਂ ਮਰ ਰਿਹਾ ਹੋਵੇ!

ਵੱਨ ਵੱਨ ਵੱਨ * ਦਾ ਜੋ ਟੋਟਕਾ
ਗੱਲ ਹੋਰ ਕੋਈ ਨਾ ਬੱਸ
ਸੱਪ ਕੀਲ ਕੇ ਪਟਾਰੀ ਜਾਣੋਂ
ਜਿਉਂ ਜੋਗੀ ਪਾ ਰਿਹਾ ਹੋਵੇ!

ਏਸ ਮੁਲਕ ਦੀ ਐੱਨ.ਹੈਚ.ਐੱਸ ਦਾ
ਕੀ ਹੈ ਹਾਲ ਕਿੰਝ ਦੱਸੀਏ !
*
GP* – General Practitioner
A& E*_ Accidents and Emergency

111*- Emergency contact number
***
10. ਬੱਦਲ਼ ਰੰਗੀਏ,  ਸੱਧਰੇ ਨੀ!

ਬੱਦਲ਼ ਰੰਗੀਏ,  ਸੱਧਰੇ ਨੀ!
ਚਿੱਟਿਆਂ ਤੋਂ ਜੇ ਕਾਲੇ ਹੋਈਏ
ਭਰ ਕੇ ਵਰ੍ਹੀਏ ,ਔੜਾਂ ਹਰੀਏ
ਸੌਂਧੀ ਸੌਂਧੀ ਖੁਸ਼ਬੋਈ ਵੰਡੀਏ
ਖੇੜੇ ‘ਚ ਆ, ਵਿਛੋੜੇ ਜ਼ਰੀਏ
ਵਸਲ ਦਾ ਪੱਲਾ ਨਾ ਛੱਡੀਏ

ਬੱਦਲ਼ ਰੰਗੀਏ,  ਸੱਧਰੇ ਨੀ!
ਕਾਲਿਆਂ ਤੋਂ ਜੇ ਬੱਗੇ ਹੋਈਏ
ਸਮੇਂ ਦੇ ਗੇੜ ‘ਚ ਬੱਝੇ ਰਹੀਏ
ਤੱਤੀਆਂ ਧੁੱਪਾਂ ਹੱਸ ਕੇ ਜ਼ਰੀਏ
ਵਿੱਥ ਤੋਂ ‘ਨੇੜ’ ਨੂੰ ਚੇਤੇ ਕਰੀਏ
ਮਾੜਾ ‘ਪਾਏਦਾਰ’ ਕਰ ਦਈਏ

ਬੱਦਲ਼ ਰੰਗੀਏ ਸੱਧਰੇ ਨੀ!
ਦੁੱਖਾਂ ਦੇ ਪਰਛਾਵੇਂ ਬਹਿ ਕੇ
ਸਦਾ ਸੂਫ਼ ਦੇ ਸਫੇ ਨੂੰ ਪੜ੍ਹੀਏ
ਦੁੱਖ ‘ਤੇ ਸੁੱਖ ਦੇ ‘ਦੱਦੇ- ਸੱਸੇ’
ਵਾਲੀ ਗੁੱਝੀ ‘ਦੱਸ’ ਨੂੰ ਫੜੀਏ
ਰਜ਼ਾ ਦੀਆਂ ਰਮਜ਼ਾਂ ‘ਚ ਰਹੀਏ

ਬੱਦਲ਼ ਰੰਗੀਏ ਇੱਕ ਸੱਧਰੇ ਨੀ!
***
11. ਰੁੱਖਾਂ ‘ਤੇ ਕਾਤਰ

ਰੁੱਖਾਂ ‘ਤੇ ਲਾਲ-ਪੀਲ਼ੀ-ਹਰੀ
ਕਾਤਰ ਜਾ ਬੰਨ੍ਹੀ
ਹਵਾ ਨਾਲ ਖਹਿ ਕੇ ਵੀ
ਇਸ਼ਕ ਨੇ ਮਨ ਦੀ ਮੰਨੀ
ਏ ਜੋ ਅੱਧ ਅਧੂਰੀ ਰੀਝ ਵਾਲੀ
ਕਾਤਰਾਂ ‘ਚ ਬੱਝੀ ਬਾਤ ਹੈ
ਇਹ ਬੜੀ ਹੀ ਸ਼ਾਦ ਹੈ,
ਜੇ ਸੁਣ ਸਕੇਂ ਤਾਂ ਸੁਣ
ਏਨੇ ਜੱਗ ਦੀ ਕਦੇ ਨਾ ਮੰਨੀ
ਸਮੇਂ ਦੇ ਗੇੜ ਤੋਂ ਕਰਕੇ ਕੰਨੀ
ਹੋ ਪ੍ਰੀਤ ਪਰੁੰਨੀ, ਰੀਤ ਵਿਛੁੰਨੀ,
ਤੇਰ ਮੇਰ ਦੀ ਫੋਕੀ ਹੈਂਕੜ ਭੰਨੀ
ਬੱਸ ਅਪਣੀ ਰੂਹ ਦੀ ਮੰਨੀ
ਰੂਹ ਦੀ ਸ਼ਾਂਤ ਸ਼ਬਦ ਧੁਨੀ
ਇੱਕ ਸੁੱਚਾ ਸਬੂਰੀ ਤਾਨ ਹੈ
ਅਨਹਦੀ ਨਾਦ ਹੈ,ਸ਼ਾਦ ਹੈ,
ਜੇ ਸੁਣ ਸਕੇਂ ਤਾਂ ਸੁਣ!
***
12. ਚੇਤੇ ਹੈ !

ਤਿੱਖੀ ਧੁੱਪ ਵਿੱਚ ਕਣਕਾਂ ਦੀ ਵਾਢੀ ਚੇਤੇ ਹੈ
ਚਾਹ ਦੇ ਡੋਲੂ ਭਰ ਕੇ ਖੇਤੀਂ ਜਾਣਾ ਚੇਤੇ ਹੈ
ਤੜਕੇ ਜਾ ਕੇ ਰਾਤ ਬਰਾਤੇ ਮੁੜਨਾ  ਚੇਤੇ ਹੈ
ਡਿੱਗਦੇ ਢਹਿੰਦੇ ਵਾਟਾਂ ਕੱਟਣਾ ਅਜੇ ਚੇਤੇ ਹੈ

ਹੱਥੀਂ ਰੱਟਣ, ਪਾਟੀਆਂ ਬਿਆਈਆਂ ‘ਤੇ
ਲਾਲੀ ਮੂੰਹ ਤੇ ਲੈ ਦਿਨ ਢਲੇ ਘਰ ਮੁੜਨਾ
ਖੱਲੀਆਂ ਪਈਆਂ ਲੱਤਾਂ ਤੁਰਨੋਂ ਨਾ ਥੱਕੀਆਂ
ਨ੍ਹਾ ਕੇ ਖਾਣਾ, ਹੰਭ ਕੇ ਮੰਜੇ ਡਾਹੁਣਾ ਚੇਤੇ ਹੈ

ਸਰ੍ਹੋਂ ਤੇ ਸੂਰਜਮੁਖੀ, ਪਰਮਲ ਖਾ ਖਾ ਕੇ
ਛਾਂ ਬਰੋਟੇ ਦੀ ਬਹਿਕੇ ਉੱਚੀ ਗਾ ਗਾ ਕੇ
ਕਿੰਨੇ ਫ਼ਾਕੇ ਕੱਟੇ, ਦੜ ਵੱਟੇ, ਕੇਣ ਰਾਹ ਰੋਕੇ
ਪੱਤਾ ਪੱਤਾ ਕੱਠਾ ਕਰ ਪੰਡ ਬੰਨ੍ਹੀ ਵੀ ਚੇਤੇ ਹੈ

ਹੱਥਾਂ ਪੈਰਾਂ ‘ਚ ਲੋਹਾ ਬੀੜ ਮੁੜਾਸੇ ਬੰਨ੍ਹੇ ਸੀ
ਖੇਤਾਂ ਚੋਂ ਅਨਮੋਲ ਖਜਾਨਾ ਭਰਿਆ ਚੇਤੇ ਹੈ
ਭਾਂਤ ਭਾਂਤ ਦੇ ਫਲ ਸਬਜ਼ੀਆਂ ਜੋ ਖਾਧੇ ਸੀ
ਹਾੜ੍ਹੀ ਸਾਉਣੀ ਮਾਰਾਂ ਖਾ ਹੱਥ ਜੋੜੇ ਚੇਤੇ ਹੈ

ਹੱਥੀਂ ਕੰਮ ਕੀਤੇ ਜੀਅ ਲਾ, ਦਿਨ ਨਿਕਲ ਗਏ
‘ਸਚੈ ਮਾਰਗਿ ਚਲਦਿਆ’ ਗੁਰਾਂ ਦੇ ਸ਼ਬਦ ਕਹੇ
‘ਉਸਤਤ ਕਰੇ ਜਹਾਨ’ ਧਰੇਜੇ ਦਿਨ ਫਿਰ ਗਏ
ਧਰਤੀ ਨੇੜੇ ਮਿੱਟੀ ‘ਚ ਰਹਿਣਾ ਐਪਰ ਹਾਲੇ ਚੇਤੇ ਹੈ
***
ਸੋਨੀਆ ਪਾਲ, ਵੁਲਵਰਹੈਂਪਟਨ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1565
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸੋਨੀਆ ਪਾਲ, ਸੰਤੋਸ਼ ਰਾਮ
ਈ.ਮੇਲ – Soniapal2811@yahoo.co.in

ਮਾਤਾ/ਪਿਤਾ : ਸੱਤਪਾਲ, ਦਰੋਪਤੀ.
ਭੈਣ-ਭਰਾ : ੪- ੩ ਭੈਣਾਂ (ਆਪ ਵੱਡੀ), ਇੱਕ ਭਰਾ
ਜਨਮ ਸਥਾਨ : ਕਰਤਾਰਪੁਰ, ਜ਼ਿਲ੍ਹਾ ਜਲੰਧਰ, ਪੰਜਾਬ

ਵਿੱਦਿਅਕ ਯੋਗਤਾ : ਐਮ.ਏ. (ਅੰਗ੍ਰੇਜ਼ੀ), ਬੀ. ਐੱਡ, ਯੂ.ਜੀ.ਸੀ. ਨੈੱਟ (ਅੰਗ੍ਰੇਜ਼ੀ ਵਿਸ਼ਾ), ਡਿਪਲੋਮਾ ਇਨ ਮੌਨਟੇਸਰੀ , CELTA, Functional Skills Math and English, ਪੀ. ਜੀ. ਸੀ. ਈ. (ਅੰਗ੍ਰੇਜ਼ੀ)

ਭਾਸ਼ਾ ਗਿਆਨ- ਪੰਜਾਬੀ, ਹਿੰਦੀ, ਅੰਗ੍ਰੇਜ਼ੀ, ਸੰਸਕ੍ਰਿਤ

ਕਾਲਜ ਦੇ ਦਿਨੀਂ- ਗਿੱਧੇ, ਪੰਜਾਬੀ ਕਵਿਤਾ ਉਚਾਰਨ, ਭਾਸ਼ਨ-ਕਲਾ ਆਦਿ ਮੁਕਾਬਲਿਆਂ ‘ਚ ਮੁਹਾਰਤ ਹਾਸਿਲ ਕਰਦੀ ਰਹੀ। ਪੜ੍ਹਾਈ ‘ਚ ਅੱਵਲ।

ਕਿੱਤਾ : ਅਧਿਆਪਨ : ਜਲੰਧਰ ਦੇ ਮੰਨੇ-ਪਰਮੰਨੇ ਕਾਲਜ਼ਾਂ 'ਚ ਅੰਗ੍ਰੇਜ਼ੀ ਵਿਸ਼ਾ ੮ ਸਾਲ ਪੜ੍ਹਾਇਆ।
ਇੱਕ ਸਾਲ ਥਾਈਲੈਂਡ ਵਿੱਚ ਤੇ ਚਾਰ ਸਾਲ ਲਵਲੀ ਪਰੋਫੈਸ਼ਨ ਯੂਨੀਵਰਸਿਟੀ, ਫਗਵਾੜੇ ਵਿੱਚ ਅੰਗ੍ਰੇਜ਼ੀ ਵਿਭਾਗ ਵਿੱਚ ਕਾਰਜਸ਼ੀਲ ਰਹੀ।
ਵਿਆਹ ਕੇ ਇੰਗਲੈਂਡ ਆਉਣ ਤੋਂ ਬਾਅਦ ਇੱਕ ਸਾਲ ਲਈ ਉਸ ਇੰਡੀਅਨ ਕਾਂਸੂਲੇਟ, ਬਰਮਿੰਘਮ, ਯੂ.ਕੇ ਵਿੱਚ ਵੀ ਕੰਮ ਕੀਤਾ। ਫੇਰ ਦੋਬਾਰਾ ਪੜ੍ਹਨ ਤੋਂ ਬਾਅਦ ਅੱਜ ਕੱਲ ਵੁਲਵਰਹੈਂਪਟਨ ‘ਚ ਅਧਿਆਪਨ ਕਿੱਤੇ ਵਿੱਚ ਕਾਰਜਸ਼ੀਲ ਹਨ।

ਲੇਖਣੀ: ਅੰਗ੍ਰੇਜ਼ੀ ਅਤੇ ਪੰਜਾਬੀ

ਕਿਤਾਬਾਂ : ਅੰਗ੍ਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ
੧. ਪੰਜਾਬੀ  ਕਲਾਸਿਕਸ (Punjabi Classics by Santosh Ram)-- ਜਿਸ ਵਿੱਚ ੨੯ ਮਸ਼ਹੂਰ ਪੰਜਾਬੀ ਗਾਣੇ ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤੇ।
੨. ਤ੍ਰਿਸ਼ਾ'ਸ ਲਾਕਡਾਊਨ ਡਾਇਰੀ (Trisha’s Lockdown Diary)

ਪੰਜਾਬੀ ਭਾਸ਼ਾ ਦੇ ਸਾਂਝੇ ਕਾਵਿ ਸੰਗ੍ਰਹਿ–
੧. ਸਿਆੜ ਦਾ ਪੱਤਣ, ੨. ਅੰਦੋਲਣ ਮੇਲਾ ਨਹੀਂ ਹੁੰਦਾ. ੩. ਜਾਗਦੇ ਬੋਲ
ਮੈਂਬਰ– Progressive Writers Association, Wolverhampton Punjabi Women Writers’ Group, Wolverhampton.

ਸੋਨੀਆ ਪਾਲ, ਵੁਲਵਰਹੈਂਪਟਨ, ਇੰਗਲੈਂਡ

ਸੋਨੀਆ ਪਾਲ, ਸੰਤੋਸ਼ ਰਾਮ ਈ.ਮੇਲ – Soniapal2811@yahoo.co.in ਮਾਤਾ/ਪਿਤਾ : ਸੱਤਪਾਲ, ਦਰੋਪਤੀ. ਭੈਣ-ਭਰਾ : ੪- ੩ ਭੈਣਾਂ (ਆਪ ਵੱਡੀ), ਇੱਕ ਭਰਾ ਜਨਮ ਸਥਾਨ : ਕਰਤਾਰਪੁਰ, ਜ਼ਿਲ੍ਹਾ ਜਲੰਧਰ, ਪੰਜਾਬ ਵਿੱਦਿਅਕ ਯੋਗਤਾ : ਐਮ.ਏ. (ਅੰਗ੍ਰੇਜ਼ੀ), ਬੀ. ਐੱਡ, ਯੂ.ਜੀ.ਸੀ. ਨੈੱਟ (ਅੰਗ੍ਰੇਜ਼ੀ ਵਿਸ਼ਾ), ਡਿਪਲੋਮਾ ਇਨ ਮੌਨਟੇਸਰੀ , CELTA, Functional Skills Math and English, ਪੀ. ਜੀ. ਸੀ. ਈ. (ਅੰਗ੍ਰੇਜ਼ੀ) ਭਾਸ਼ਾ ਗਿਆਨ- ਪੰਜਾਬੀ, ਹਿੰਦੀ, ਅੰਗ੍ਰੇਜ਼ੀ, ਸੰਸਕ੍ਰਿਤ ਕਾਲਜ ਦੇ ਦਿਨੀਂ- ਗਿੱਧੇ, ਪੰਜਾਬੀ ਕਵਿਤਾ ਉਚਾਰਨ, ਭਾਸ਼ਨ-ਕਲਾ ਆਦਿ ਮੁਕਾਬਲਿਆਂ ‘ਚ ਮੁਹਾਰਤ ਹਾਸਿਲ ਕਰਦੀ ਰਹੀ। ਪੜ੍ਹਾਈ ‘ਚ ਅੱਵਲ। ਕਿੱਤਾ : ਅਧਿਆਪਨ : ਜਲੰਧਰ ਦੇ ਮੰਨੇ-ਪਰਮੰਨੇ ਕਾਲਜ਼ਾਂ 'ਚ ਅੰਗ੍ਰੇਜ਼ੀ ਵਿਸ਼ਾ ੮ ਸਾਲ ਪੜ੍ਹਾਇਆ। ਇੱਕ ਸਾਲ ਥਾਈਲੈਂਡ ਵਿੱਚ ਤੇ ਚਾਰ ਸਾਲ ਲਵਲੀ ਪਰੋਫੈਸ਼ਨ ਯੂਨੀਵਰਸਿਟੀ, ਫਗਵਾੜੇ ਵਿੱਚ ਅੰਗ੍ਰੇਜ਼ੀ ਵਿਭਾਗ ਵਿੱਚ ਕਾਰਜਸ਼ੀਲ ਰਹੀ। ਵਿਆਹ ਕੇ ਇੰਗਲੈਂਡ ਆਉਣ ਤੋਂ ਬਾਅਦ ਇੱਕ ਸਾਲ ਲਈ ਉਸ ਇੰਡੀਅਨ ਕਾਂਸੂਲੇਟ, ਬਰਮਿੰਘਮ, ਯੂ.ਕੇ ਵਿੱਚ ਵੀ ਕੰਮ ਕੀਤਾ। ਫੇਰ ਦੋਬਾਰਾ ਪੜ੍ਹਨ ਤੋਂ ਬਾਅਦ ਅੱਜ ਕੱਲ ਵੁਲਵਰਹੈਂਪਟਨ ‘ਚ ਅਧਿਆਪਨ ਕਿੱਤੇ ਵਿੱਚ ਕਾਰਜਸ਼ੀਲ ਹਨ। ਲੇਖਣੀ: ਅੰਗ੍ਰੇਜ਼ੀ ਅਤੇ ਪੰਜਾਬੀ ਕਿਤਾਬਾਂ : ਅੰਗ੍ਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ ੧. ਪੰਜਾਬੀ  ਕਲਾਸਿਕਸ (Punjabi Classics by Santosh Ram)-- ਜਿਸ ਵਿੱਚ ੨੯ ਮਸ਼ਹੂਰ ਪੰਜਾਬੀ ਗਾਣੇ ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤੇ। ੨. ਤ੍ਰਿਸ਼ਾ'ਸ ਲਾਕਡਾਊਨ ਡਾਇਰੀ (Trisha’s Lockdown Diary) ਪੰਜਾਬੀ ਭਾਸ਼ਾ ਦੇ ਸਾਂਝੇ ਕਾਵਿ ਸੰਗ੍ਰਹਿ– ੧. ਸਿਆੜ ਦਾ ਪੱਤਣ, ੨. ਅੰਦੋਲਣ ਮੇਲਾ ਨਹੀਂ ਹੁੰਦਾ. ੩. ਜਾਗਦੇ ਬੋਲ ਮੈਂਬਰ– Progressive Writers Association, Wolverhampton Punjabi Women Writers’ Group, Wolverhampton.

View all posts by ਸੋਨੀਆ ਪਾਲ, ਵੁਲਵਰਹੈਂਪਟਨ, ਇੰਗਲੈਂਡ →