|
ਸ਼ਿਵ ਦਾ ਨਾਮ ਜ਼ਿਹਨ ਵਿੱਚ ਆਉਂਦਿਆਂ, ਉਹਦੇ ਲਿਖੇ ਲਫ਼ਜ਼ ਗੁਣਗੁਣਾਉਂਦਿਆਂ, ਤੁਸੀਂ ਕਿਸੇ ਹੋਰ ਧਰਤੀ ਦੇ ਬਾਸ਼ਿੰਦੇ ਹੋਏ ਮਹਿਸੂਸ ਕਰਦੇ ਹੋ। ਜਿੱਥੇ ਵੈਰਾਗ, ਦਰਦ, ਹੰਝੂ, ਕੁਦਰਤ, ਮਹੁੱਬਤ ਬਸ ਇਹੋ ਜੀਵਨ ਦਾ ਸਾਰ ਲੱਗਣ ਲੱਗਦੇ ਨੇ। ਸ਼ਿਵ ਦੀ ਇੱਕ ਕਵਿਤਾ ਹਾਜ਼ਰ ਹੈ: “ਕੁਝ ਰੁੱਖ ਮੈਨੂੰ” “ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਜੇ ਤੁਸੀਂ ਮੇਰਾ ਗੀਤ ਸੁਣਨਾ, ਸ਼ਿਵ ‘ਰੁੱਖਾਂ’ ਨੂੰ ਆਪਣੇ ਪਰਿਵਾਰ ਦੇ ਮੈਂਬਰ ਜਾਣ, ਵੱਖ ਵੱਖ ਰਿਸ਼ਤਿਆਂ ਦੀਆਂ ਤਸਬੀਹਾਂ ਦੇ ਕੇ ਆਪਣੀ ਸ਼ਾਹ ਰਗ ਕੋਲ਼ ਮਹਿਸੂਸ ਕਰ ਆਪਣੇ ਹਿਜਰ ਨੂੰ ਕੁਦਰਤ ਵਿੱਚ ਵਿਲੀਨ ਕਰ ਖੁਦ ਨੂੰ ਭਰਿਆ ਭਰਿਆ ਮਹਿਸੂਸ ਕਰਦਾ ਹੈ। ਰੁੱਖ ਉਸਨੂੰ ਉਸ ਦੀ ਸੰਪੂਰਨ ਦੁਨੀਆਂ ਜਾਪਦੇ ਨੇ। ਪਰ ਮਨੁਖੀ ਮਨ ਅਜਿਹਾ ਹੈ ਕਿ ਕੁਝ ਵੀ ਚੰਗਾ ਕਰ ਲਵੇ, ਪਾ ਲਵੇ। ਕੁਝ ਸਮੇਂ ਬਾਅਦ ਉਸ ਨੂੰ ਫਿਰ ਤੋਂ ਅਧੂਰੇ ਹੋਣ ਦਾ ਅਹਿਸਾਸ, ਕੁਝ ਕਰਨ, ਕੁਝ ਪਾ ਲੈਣ ਦਾ ਖਿਆਲ ਹਮੇਸ਼ਾ ਸਫ਼ਰ ਵਿਚ ਰੱਖਦਾ ਹੈ। ਇਸੇ ਕਸ਼ਮਕਸ਼ ਵਿਚ ਸ਼ਿਵ ਆਪਣੇ ਸਾਹਾਂ ਦੀ ਪੂੰਜੀ ਖਰਚ ਕੇ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਸ਼ਿਵ ਦਾ ਪ੍ਰਭਾਵ ਅਜਿਹਾ ਹੈ ਕਿ ਜਿਹੜਾ ਵੀ ਇੱਕ ਵਾਰ ਪੜ੍ਹ, ਸੁਣ ਲਵੇ, ਉਸ ਉਪਰ ਉਸ ਦੀ ਛਾਪ ਸਦੀਵੀ ਅਤੇ ਮਿਲਣ ਦੀ ਤਾਂਘ ਪ੍ਰਬਲ ਹੋ ਉੱਠਦੀ ਹੈ। ਇੰਝ ਹੀ ਅੱਲੜ੍ਹ ਉਮਰ ਵਿਚ ਨੌਵੀਂ ਜਮਾਤ ਵਿੱਚ ਪੜ੍ਹਦਾ ਇਕ ਸ਼ਖ਼ਸ ਆਪਣੇ ਸਕੂਲ ਵਿੱਚ ਸ਼ਿਵ ਦੇ ਰੁਬਰੂ ਬੈਠ ਉਹਨੂੰ ਸੁਣ ਦੇਖ ਰਿਹਾ ਸੀ। ਉਸਨੇ ਇਸ ਹੱਦ ਤੱਕ ਉਸਨੂੰ ਆਪਣੇ ਅੰਦਰ ਵਸਾ ਲਿਆ ਕਿ ਕੁਝ ਕਰਨ ਦੇ ਸਮਰੱਥ ਹੁੰਦਿਆਂ ਹੀ ਉਹ ਸ਼ਿਵ ਦੇ ਗਰਾਂ, ਸਿਰਨਾਵਿਆ ਤੋਂ ਉਹਦੀ ਭਾਲ ਕਰਦਾ, ਸ਼ਿਵ ਦੀ ਕਿਸੇ ਅਧੂਰੀ ਖਾਹਿਸ਼ ਨੂੰ ਆਪਣੇ ਅੰਦਰ ਵਸਾਉਦਿਆਂ, ਉਸਦੇ ਵਿਚਾਰ ਤੋਂ ਅਗਲੀ ਤੰਦ ਫੜ ਆਪਣੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਦਿਆਂ, ਆਪਣੀ ਹੋਂਦ ਦੇ ਪਸਾਰ ਨੂੰ ਹੋਰ ਮਜ਼ਬੂਤ ਅਤੇ ਵਿਸ਼ਾਲ ਕਰਦਾ ਹੈ। ਇਸ ਸ਼ਖਸ ਦਾ ਨਾਂ ‘ਬੀਬਾ ਬਲਵੰਤ’ ਹੈ। ਬੀਬਾ ਉਹ ਸ਼ਾਇਰ ਹੈ ਜਿਸ ਨੇ ਹਿਜਰ ਨੂੰ ਤਾਕਤ ਬਣਾ ਕੇ ਜ਼ਿੰਦਗੀ ਜਿਊਣ ਦੇ ਨਜ਼ਰੀਏ ਨੂੰ ਏਨਾ ਵਿਸ਼ਾਲ ਕਰ ਲਿਆ ਕਿ ਉਸ ਨੇ ਪੂਰੀ ਕਾਇਨਾਤ ਵਿੱਚੋਂ ਹੀ ਹਰ ਰਿਸ਼ਤਾ, ਜੀਵਨ ਦਾ ਹਰ ਰੰਗ ਵੇਖਣਾ ਸ਼ੁਰੂ ਕਰ ਦਿੱਤਾ। ਉਸਨੇ ਖੁਦ ਨੂੰ ਕੁਦਰਤ ਪ੍ਰੇਮੀ ਕਰ ਕਾਇਨਾਤ ਦੀ ਵਿਸ਼ਾਲਤਾ ਨਾਲ ਖੁਦ ਨੂੰ ਪੂਰਨਤਾ ਵੱਲ ਤੋਰਦਿਆਂ ਇੱਕ ਵੱਖਰਾ ਅਤੇ ਉਚੇਰਾ ਸਥਾਨ ਪ੍ਰਾਪਤ ਕਰ ਲਿਆ ਜੋ ਉਸ ਨੂੰ ਇਕ ਵੱਖਰੀ ਅਤੇ ਅਜ਼ੀਮ ਸ਼ਖ਼ਸੀਅਤ ਸਿੱਧ ਕਰਨ ਵਿੱਚ ਕਾਰਗਾਰ ਸਾਬਿਤ ਹੋਇਆ। ਬੀਬਾ ਬਲਵੰਤ ਦੀ ਕਵਿਤਾ #ਤੁਹਾਡੇ ਬਿਨਾਂ# ਇਉਂ ਲੱਗਦਾ ਜਿਵੇਂ ਸ਼ਿਵ ਆਪਣੇ ਅਧੂਰੇਪਨ, ਅਧੂਰੇ ਗੀਤ, ਕਿਸੇ ਕਵਿਤਾ ਦੀ ਸਤਰ, “ਬੀਬਾ ਬਲਵੰਤ” ਦੀ ਕਲਮ ਲਈ, ਉਸਦੇ ਅਹਿਸਾਸ ਦੀ ਸਿਆਹੀ ਵਿੱਚ, ਆਪਣੇ ਰੰਗ ਦਾ ਕੋਈ ਟੋਭਾ ਜ਼ਰੂਰ ਸੁਟ ਗਿਆ ਤਾਂ ਕਿ ਬੀਬਾ ਬਲਵੰਤ ਸ਼ਿਵ ਦੀਆਂ ਕੁਝ ਅਧੂਰੀਆਂ ਖਾਹਿਸ਼ਾਂ, ਕੁਝ ਅਣਮੁਕ ਪੈਂਡੇ ਬੀਬਾ ਬਲਵੰਤ ਦੀ ਕਲਮ ਤੋਂ ਪੂਰੇ ਕਰੇ। ਬੀਬਾ ਬਲਵੰਤ ਦੀ ਕਵਿਤਾ ‘ਤੁਹਾਡੇ ਬਿਨਾਂ’: “ਤੁਹਾਡੇ ਬਿਨਾਂ” ਓ ਨਦੀਓਂ! ਦਰਿਆਓ! ਨੀ ਘਟਾ ਕਾਲੀਏ! ਨੀ ਹਵਾਏ! ਜੰਗਲ ਬੇਲਿਓਂ! ਓ ਪਹਾੜੋਂ! ਬਰਫ਼ ਦੇ ਤੋਦਿਓ! ਓ ਚੰਨ ਤਾਰਿਓ! ਓ ਬਾਪੂ ਸੂਰਜਾ! ਜੇ ਤੁਸੀਂ ਨਾ ਹੁੰਦੇ
ਬੀਬਾ ਬਲਵੰਤ ਦੀ ਕਵਿਤਾ ਸੇਧ ਦਿੰਦੀ ਹੈ ਕਿ ਕਿਵੇਂ ਜਿਸਮ ਤੋਂਂ ਅੱਗੇ ਦਾ ਸਫ਼ਰ ਸਮੁੱਚੀ ਕੁਦਰਤ ਨਾਲ ਰਿਸ਼ਤਾ ਪਾ ਕਾਦਰ ਦੀ ਇਸ ਕਾਇਨਾਤ ਨੂੰ ਕਲਾਵੇ ਵਿਚ ਭਰਦਿਆਂ ਜੀਵਨ ਦੇ ਵਿਰਾਟ ਰੂਪ ਦੇ ਰੁਬਰੂ ਹੋਇਆ ਜਾ ਸਕਦਾ ਹੈ। ਬੀਬਾ ਬਲਵੰਤ ਦੀ ਇਹ ਕਵਿਤਾ ਇਉਂ ਲਗਦੈ ਜਿਵੇਂ ਸ਼ਿਵ ਨੂੰ ਕਹਿ ਰਹੀ ਹੋਵੇ ਕਿ ਸ਼ਿਵ ਮੇਰੇ ਹਮਸ਼ਬਦ, ਤੂੰ ਭੋਰਾ ਫ਼ਿਕਰ ਨਾ ਕਰ ਜਿਹੜੀ ਚਿਣਗ ਤੇਰੀ ਕਲਮ ਅੰਦਰ ਲਫ਼ਜ਼ਾਂ ਦਾ ਚਾਨਣ ਭਰ ਵਰਕੇ ਅਤੇ ਰੂਹਾਂ ਰੁਸ਼ਨਾਉਂਦੀ ਵਕਤ ਤੋਂ ਪਹਿਲਾਂ ਚੁੱਪ ਹੋ ਗਈ, ਉਸੇ ਸਿਆਹੀ ਦਾ ਇੱਕ ਟੋਭਾ ਲ਼ੈ ਮੈਂ ਸਮੁੱਚੀ ਕਾਇਨਾਤ ਨੂੰ ਕਲਾਵੇ ਵਿਚ ਲੈ ਕੇ ਆਪਣਾ ਫ਼ਰਜ਼ ਪੂਰਾ ਕਰਾਂਗਾ। ਜੀਵਨ ਨੂੰ ਬੰਧਨਾਂ ‘ਚੋਂ ਮੁਕਤ ਸਮੁੱਚੀ ਕਾਇਨਾਤ ਵਿੱਚ ਵੱਸਦਾ ਰਸਦਾ, ਹੱਸਦਾ ਮਹਿਸੂਸ ਕਰਦੀ ਬੀਬਾ ਬਲਵੰਤ ਦੀ ਕਲਮ ਦੀ ਜਾਈ ਇਹ ਕਵਿਤਾ ਸ਼ਿਵ ਦੀ ਕਵਿਤਾ ਤੋਂ ਅਗਲਾ ਅਧਿਆਇ ਹੈ ਜਿੱਥੇ ਆ ਕੇ ਕਵੀ ਦੇ ਦੇਖਣ ਦਾ ਨਜ਼ਰੀਆ ਏਨਾ ਵਿਰਾਟ ਹੋ ਗਿਆ ਕਿ ਉਸਨੇ ਆਪਣੀ ਪੂਰੀ ਦੁਨੀਆ, ਰਿਸ਼ਤੇ ਅਤੇ ਦੁਨੀਆਦਾਰੀ ਨੂੰ ਕਾਇਨਾਤ ਵਿੱਚੋਂ ਮਹਿਸੂਸ ਕਰਕੇ, ਉਹਦੇ ਨਾਲ ਇਕ ਮਿੱਕ ਹੋ ਖ਼ੁਦ ਨੂੰ ਹਰ ਬੰਧਨ ਤੋਂ ਮੁਕਤ ਮਹਿਸੂਸ ਕੀਤਾ ਹੈ। ਉਹਦੀ ਅੱਖ, ਅਹਿਸਾਸ ਦੀ ਸਮਰੱਥਾ ਤੇ ਬੰਧਨਾਂ ਤੋਂ ਮੁਕਤ ਹੋਈ ਕਾਦਰ ਦੀ ਕੁਦਰਤ ਵਿੱਚੋਂ ਇੱਕ ਬੁੱਕ ਭਰ ਸਾਡੇ ਮਨਾਂ ਦੀਆਂ ਅੱਖਾਂ ਉਤੇ ਛਿੱਟੇ ਮਾਰਦੀ ਹੈ। ਇਹ ਕਵਿਤਾ #ਤੁਹਾਡੇ ਬਿਨਾਂ# ਜੀਵਨ ਨੂੰ ਤਰੋਤਾਜ਼ਾ ਕਰਦੀ ਹੈ ਤੇ ਬੀਬਾ ਬਲਵੰਤ ਦੀ ਸ਼ਖ਼ਸੀਅਤ ਦੇ ਪਸਾਰ ਨੂੰ ਹੋਰ ਵੀ ਵਿਸ਼ਾਲ ਕਰਦੀ ਹੈ ਅਤੇ ਪਾਠਕਾਂ ਨੂੰ ਧਰਵਾਸ ਦਿੰਦੀ ਹੈ ਕਿ ਕਵਿਤਾ ਦਾ ਵਿਜ਼ਨ ਪੂਰੇ ਜੀਵਨ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਕੇ ਜੀਵਨ ਨੂੰ ਵਿਸ਼ਾਲ ਨਜ਼ਰੀਆ ਬਖ਼ਸ਼, ਖ਼ੁਦੀ ਦੇ ਦਾਇਰਿਆਂ ਨੂੰ ਤੋੜ, ਸਾਨੂੰ ਪੂਰੀ ਕਾਇਨਾਤ ਨਾਲ ਜੋੜਦੀ ਹੈ। ਇਸ ਕਵਿਤਾ ਲਈ ਬੀਬਾ ਬਲਵੰਤ ਹੁਣੀਂ ਵਧਾਈ ਦੇ ਪਾਤਰ ਨੇ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* |
About the author

ਮਨ ਮਾਨ
ਮਨ ਮਾਨ
(ਮਨਵਿੰਦਰ ਕੌਰ, ਕੋਟਕਪੂਰਾ)