2 May 2024

ਦੋ ਕਵਿਤਾਵਾਂ: 1. ਇਨਸਾਨ ਬਣੋ ਅਤੇ 2. ਕਵਿਤਾ — ਕੁਲਵੰਤ ਢਿੱਲੋਂ

ਕੁਲਵੰਤ ਕੋਰ ਢਿੱਲੋਂ

ਕੁਲਵੰਤ ਕੌਰ ਢਿੱਲੋਂ, ਪੰਜਾਬੀ ਸਾਹਿਤਕ ਜਗਤ ਵਿੱਚ, ਕਿਸੇ ਵੀ ਜਾਣ-ਪਹਿਚਾਣ ਦੀ ਮੁਥਾਜ ਨਹੀਂ। ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ ਯੂ.ਕੇ. ਦੇ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀਅਤ ਲਈ ਸਦਾ ਹੀ ਸਰਗਰਮ ਰਹਿੰਦੇ ਹਨ। ਉਹਨਾਂ ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ ‘ਵਕਤ ਦਿਅਾਂ ਪੈਰਾਂ ‘ਚ’ ਰਾਹੀਂ  ਪੰਜਾਬੀ ਕਾਵਿ-ਸੰਸਾਰ ਵਿੱਚ ਆਪਣੀ ਹਾਜ਼ਰੀ ਲੁਆਈ। ਕੁਲਵੰਤ ਢਿੱਲੋਂ ਦੀ ਕਵਿਤਾ ਕੇਵਲ ਅੱਖਰਾਂ ਦਾ ਜੋੜ ਜਾਂ ਸੁੰਦਰ ਸ਼ਬਦਾਂ ਦਾ ਤਾਲ ਮੇਲ ਨਹੀਂ ਸਗੋਂ ਉਸਨੇ ਆਪਣੀ ਕਵਿਤਾ ਵਿੱਚ ਆਪਣੇ ਅਹਿਸਾਸਾਂ ਨੂੰ ਬਹੁਤ ਹੀ ਸ਼ਿਦਤ ਅਤੇ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।

ਇਸਤੋਂ ਬਿਨਾਂ ਕੁਲਵੰਤ ਢਿੱਲੋਂ ਨੇ ਅਜੀਮ ਸ਼ੇਖਰ ਅਤੇ ਦਰਸ਼ਨ ਬੁਲੰਦਵੀ ਨਾਲ ਮਿਲਕੇ, ਅਮਰੀਕਾ, ਕਨੇਡਾ, ਜਪਾਨ ਅਤੇ ਬਰਤਾਨੀਅਾ ਦੇ 79 ਪੰਜਾਬੀ ਕਵੀਅਾਂ ਦੀਅਾਂ ਕਵਿਤਾਵਾਂ ਦੀ ਸੰਪਾਦਨਾ ‘ਵਰਤਮਾਨ ਦੇ ਆਰਪਾਰ’ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਵੀ ਕੀਤੀ। ਉਹਨਾਂ ਦੀਅਾਂ ਦੋ ਹੋਰ ਪੁਸਤਕਾਂ: ‘ਦਸਤਕ’ ਨਾਵਲ ਅਤੇ ‘ਸਾਲ ਦਰ ਸਾਲ’ ਕਾਵਿ ਸੰਗ੍ਰਹਿ ਛਪਾਈ ਅਧੀਨ ਹਨ।

ਕੁਲਵੰਤ ਕੌਰ ਢਿੱਲੋਂ ‘ਪੰਜਾਬੀ ਸਾਹਿਤਕ ਕਲਾ ਕੇਂਦਰ’ ਵੱਲੋਂ ਨਿਰੰਤਰ ਸਾਹਿਤਕ ਸਰਗਰਮੀਅਾਂ ਕਰਵਾਉਂਦੇ ਰਹਿੰਦੇ ਹਨ। ਸਾਊਥਾਲ ਦੇ ਦੇਸੀ ਰੇਡੀਓ ‘ਤੇ ਬੜੇ ਹੀ ਵਿਲੱਖਣ ਰੂਪ ਵਿੱਚ ‘ਰੇਡੀਓ ਪੇਸ਼ਕਾਰਾ’ (Radio Host/Anchore) ਦੀ ਭੂਮਿਕਾ ਵੀ ਨਿਭਾਉਂਦੇ ਆ ਰਹੇ ਹਨ। —‘ਲਿਖਾਰੀ’ 

1. ਇਨਸਾਨ ਬਣੋ

ਕੁਝ ਵੀ ਬਣੋ, ਤੁਹਾਨੂੰ ਮੁਬਾਰਕ ਹੈ!
ਪਹਿਲਾਂ ਪਰ ਇਨਸਾਨ ਬਣੋ!

ਪੈਸਾ ਕਮਾਇਆ, ਦਾਨ ਨਾ ਕੀਤਾ।
ਡਿਗਰੀਆਂ ਲਈਆਂ, ਗਿਆਨ ਨਾ ਦਿੱਤਾ।
ਕਿਹੜੇ ਕੰਮ ਨੇ ਇਹ ਕਮਾਈਆਂ,
ਕਿਸ ਲੇਖੇ ਨੇ ਇਹ ਵਧਾਈਆਂ।
ਦੁਨੀਆ ਤੇ ਪਹਿਚਾਣ ਬਣੋ!
ਕੁਝ ਵੀ ਬਣੋ…..

ਧਰਮ ਕਮਾਇਆ, ਮਨੁੱਖਤਾ ਗੁਆਈ,
ਪਾਠ ਪੂਜਾ ਕੀਤੀ, ਪਰ ਦਿਲ ਦੁਖਾਇਆ!
ਕੀ ਇਹ ਧਰਮ ਤੇ ਕੀ ਇਹ ਪੂਜਾ,
ਪਹਿਲਾਂ ਕਰਮ ਦਾਨ ਬਣੋ!
ਕੁਝ ਵੀ ਬਣੋ……

ਪੁੱਤਾਂ ਨੂੰ ਜਗੀਰਾਂ, ਧੀਆਂ ਨੂੰ ਦੁਰਕਾਰਾਂ,
ਬਣ ਕੇ ਵੱਡੇ ਵਪਾਰੀ
ਮਾਪ ਤੋਲ ਦਾ ਕਰਦੇ ਘਾਣ।
ਬਰਾਬਰਤਾ ਨੂੰ ਗਲੇ ਲਗਾ ਕੇ,
ਪਹਿਲਾਂ ਕਦਰਦਾਨ ਬਣੋ!
ਕੁਝ ਵੀ ਬਣੋ……

ਫੋਟੋਆਂ ਖਿਚਾ ਕੇ ਰਾਜਨੀਤੀ ਵਿੱਚ,
ਸ਼ਮਲੇ ਉੱਚੇ ਕਰਦੇ ਹੋ।
ਕੀ ਕੁਝ ਹੁੰਦਾ, ਕੀ ਵਾਪਰਦਾ
ਅੱਖੋਂ ਉਹਲੇ ਕਰਦੇ ਹੋ।
ਹਰ ਇੱਕ ਨੂੰ ਹੱਕ ਕੁਦਰਤ ਦਿੰਦੀ,
ਕੁਦਰਤ ਦਾ ਸਨਮਾਨ ਕਰੋ!
ਕੁਝ ਵੀ ਬਣੋ……

ਹੱਕ ਤੇ ਸੱਚ ਨੂੰ ਉਹਲੇ ਕਰਕੇ,
ਨ੍ਹੇਰਿਆਂ ਵਿੱਚ ਪੈਰ ਧਰਦੇ ਹੋ।
ਜੀਵਨ ਲਈ ਜੋ ਸਹਿਕ ਰਹੇ ਨੇ,
ਚਾਨਣ ਦੀ ਇੱਕ ਕਿਰਨ ਲਿਆ ਕੇ।
ਉਹਨਾਂ ਦੀ ਮੁਸਕਾਨ ਬਣੋ!!

ਕੁਝ ਵੀ ਬਣੋ, ਤੁਹਾਨੂੰ ਮੁਬਾਰਕ ਹੈ।
ਪਰ ਪਹਿਲਾਂ ਇਨਸਾਨ ਬਣੋ!!
***

2. ਕਵਿਤਾ

ਮੈਨੂੰ ਕਵਿਤਾ ਆਉਂਦੀ ਨਹੀਂ-
ਤੇ ਨਾ ਹੀ ਫੁਰਦੀ ਹੈ।
ਕਵਿਤਾ ਬਣ ਜਾਂਦੀ ਹੈ ਦੋਸਤ!
ਜਦੋਂ ਬਿਲ ਕਿਸ਼ਤਾਂ, ਬੱਚਿਅਾਂ ਦੀਆ ਫੀਸਾਂ,
ਤੇ ਘਰ ਦੇ ਖ਼ਰਚੇ ਤੋਂ ਬਾਅਦ,
ਕੰਮ ਤੇ ਜਾਣ ਲੱਗਿਆਂ
ਕਿਸੇ ਪਤੀ ਦੀ ਜੇਬ ਦੇ ਵਿੱਚੋਂ,
ਬੱਸ ਕਰਾਏ ਲਈ ਪੰਝਤਰ ਦੀ ਥਾਂ ਪੈਂਹਟ
ਪੈਂਸ ਹੀ ਨਿਕਲਦੇ ਹਨ।
ਤਦ
ਮੈਨੂੰ ਕਵਿਤਾ ਆਉਂਦੀ ਨਹੀਂ …..

ਜਦੋਂ ਮੇਰੀ ਗੁਆਂਢਣ ਦੱਸਦੀ ਹੈ,
ਵਿਆਹ ਤੇ ਲਏ ਕਰਜ਼ੇ ਦੀ ਕਿਸ਼ਤ,
ਪਰਸੋਂ ਸ਼ੁਰੂ ਹੋਣੀ ਹੈ
ਉਸ ਦੀ ਧੀ ਅਟੈਚੀ ਚੁੱਕ,
ਰਾਤੀਂ ਘਰ ਪਰਤ ਆਈ ਹੈ।
ਤਦ
ਮੈਨੂੰ ਕਵਿਤਾ ਆਉਂਦੀ ਨਹੀਂ…..

ਜਦੋਂ ਮੈ ਆਪਣੀ ਬੱਚੀ ਦੇ
ਮਾਸੂਮ ਚੇਹਰੇ ਵੱਲ ਤੱਕਦੀ ਹਾਂ,
ਤੇ ਉਸ ਦੀ ਭਰਪੂਰ ਜਵਾਨੀ ਨੂੰ –
ਤੇ ਸਾਹਮਣੇ ਕੈਨਵਸ ‘ਤੇ ਪਏ ਗਰੀਟਿੰਗ ਕਾਰਡ ਨੂੰ।
ਜੋ ਮੇਰੀ ਇੱਕ ਦੋਸਤ ਨੇ,
ਉਸ ਦੇ ਜਨਮ ਦਿਨ ਤੇ ਦਿੱਤਾ ਸੀ।
“ਰੱਬ ਕਰੇ ਤੈਨੂੰ ਕਵਿਤਾ ਨਾ ਲਿਖਣੀ ਪਵੇ”
ਤਦ
ਮੈਨੂੰ ਕਵਿਤਾ ਆਉਂਦੀ ਨਹੀਂ……

ਜਦੋਂ ਇੱਕ ਪੁੱਤਰ ਆਪਣੇ ਬਾਪ ਨੂੰ ਪੁੱਛਦਾ ਹੈ।
“ਡੈਡ ਤੇਰੀ ਜਮ੍ਹਾ ਪੂੰਜੀ ਕਿੰਨੀ ਹੈ?”
ਤਦ ਉਹ ਵਿਅੰਗਆਤਮਿਕ ਮੁਸਕਰਾਹਟ ਵਿਖੇਰਦਾ
ਕਹਿੰਦਾ ਹੈ “ਪੁੱਤਰ ਅੱਜ ਤੋਂ ਬੱਜਟ ਤੂੰ ਹੀ ਬਣਾਈਂ,
ਹਫ਼ਤੇ ਦੇ ਅਖੀਰ ਤੇ ਪਿਛਲੇ ਵੀਹ ਸਾਲਾਂ ਦਾ,
ਹਿਸਾਬ ਜੋੜ ਲਈਂ”
ਤਦ
ਮੈਨੂੰ ਕਵਿਤਾ ਆਉਂਦੀ ਨਹੀਂ……

ਜਦੋਂ ਇੱਕ ਬਾਪ, ਆਪਣੇ ਜਵਾਨ ਪੁੱਤਰ ਦੇ,
ਗਲੇ ‘ਚੋਂ ਰੱਸੀ ਕੱਟਦਾ ਹੈ
ਕਿਉਂਕਿ
ਜਾਤ-ਪਾਤ ਦੇ ਭੰਬਲ ਭੂੱਸੇ ਨੇ
ਉਸ ਦੇ ਸੁਹਿਰਦ ਇਸ਼ਕ ਤੇ ਡਾਕਾ ਮਾਰ ਲਿਆ
ਤਦ
ਮੈਨੂੰ ਕਵਿਤਾ ਆਉਂਦੀ ਨਹੀਂ……

ਜਦੋਂ ਮੇਰੇ ਗੁਆਂਢੀ ਗੋਰੇ ਦੀਆਂ ਬਿੱਲੀਆਂ,
ਮੇਰੇ ਪਿਛਲੇ ਬਗ਼ੀਚੇ ਬੀਜੇ
ਗੇਂਦੇ ਦੀ ਮਿੱਟੀ ਫਰੋਲ ਰਹੀਆਂ ਹੁੰਦੀਆਂ
ਤੇ ਉਹ ਦੋਵੇਂ ਮੀਆਂ ਬੀਵੀ,
ਖਚਰੀ ਜਿਹੀ ਹਾਸੀ ਖਿਲੇਰ ਰਹੇ ਹੁੰਦੇ ਹਨ।
ਤਦ ਮੈਨੂੰ ਕਵਿਤਾ ਆਉਂਦੀ ਨਹੀਂ,
ਨਾ ਹੀ ਫੁਰਦੀ ਹੈ-
ਬਸ ਕਵਿਤਾ ਤਾਂ ਬਣ ਜਾਂਦੀ ਹੈ ਦੋਸਤੋ!
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1202
***

About the author

ਕੁਲਵੰਤ ਢਿੱਲੋਂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੁਲਵੰਤ ਢਿੱਲੋਂ
kulwantdhillon@hotmail.co.uk
+44 7870358186

ਪੁਸਤਕਾਂ ਦਾ ਵੇਰਵਾ:
1. ਵਕਤ ਦਿਅਾਂ ਪੈਰਾਂ 'ਚ--- (ਕਾਵਿ-ਸੰਗ੍ਰਹਿ)
2. ਵਰਤਮਾਨ ਦੇ ਆਰ ਪਾਰ (ਕਾਵਿ ਸੰਗ੍ਰਹਿ: ਅਮਰੀਕਾ, ਕਨੇਡਾ, ਜਪਾਨ ਅਤੇ ਇੰਗਲੈਂਡ ਦੇ 79 ਕਵੀਅਾਂ ਦੀਅਾਂ ਰਚਨਾਵਾਂ)
    ਸੰਪਾਦਨਾ: ਕੁਲਵੰਤ ਢਿੱਲੋਂ, ਅਜੀਮ ਸ਼ੇਖਰ ਤੇ ਦਰਸ਼ਨ ਬੁਲੰਦਵੀ
3. ਦਸਤਕ (ਨਾਵਲ)--- ਛਪਾਈ ਅਧੀਨ
4. ਸਾਲ ਦਰ ਸਾਲ (ਕਾਵਿ-ਸੰਗ੍ਰਹਿ)--- ਛਪਾਈ ਅਧੀਨ

'ਲਿਖਦੇ ਥੋੜਾ ਹਨ ਪਰ ਪੜ੍ਹਦੇ ਜ਼ਿਆਦਾ ਹਨ।'

ਕੁਲਵੰਤ ਢਿੱਲੋਂ

ਕੁਲਵੰਤ ਢਿੱਲੋਂ kulwantdhillon@hotmail.co.uk +44 7870358186 ਪੁਸਤਕਾਂ ਦਾ ਵੇਰਵਾ: 1. ਵਕਤ ਦਿਅਾਂ ਪੈਰਾਂ 'ਚ--- (ਕਾਵਿ-ਸੰਗ੍ਰਹਿ) 2. ਵਰਤਮਾਨ ਦੇ ਆਰ ਪਾਰ (ਕਾਵਿ ਸੰਗ੍ਰਹਿ: ਅਮਰੀਕਾ, ਕਨੇਡਾ, ਜਪਾਨ ਅਤੇ ਇੰਗਲੈਂਡ ਦੇ 79 ਕਵੀਅਾਂ ਦੀਅਾਂ ਰਚਨਾਵਾਂ)     ਸੰਪਾਦਨਾ: ਕੁਲਵੰਤ ਢਿੱਲੋਂ, ਅਜੀਮ ਸ਼ੇਖਰ ਤੇ ਦਰਸ਼ਨ ਬੁਲੰਦਵੀ 3. ਦਸਤਕ (ਨਾਵਲ)--- ਛਪਾਈ ਅਧੀਨ 4. ਸਾਲ ਦਰ ਸਾਲ (ਕਾਵਿ-ਸੰਗ੍ਰਹਿ)--- ਛਪਾਈ ਅਧੀਨ 'ਲਿਖਦੇ ਥੋੜਾ ਹਨ ਪਰ ਪੜ੍ਹਦੇ ਜ਼ਿਆਦਾ ਹਨ।'

View all posts by ਕੁਲਵੰਤ ਢਿੱਲੋਂ →