19 April 2024

ਦੋ ਕਵਿਤਾਵਾਂ—ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ ਯੂ ਕੇ

1. ਦਸਮੇਸ਼ ਪਿਤਾ ਦੇ ਦਿਲ ਦੀ ਦਸ਼ਾ,  ਅਤੇ 2. ਵੱਟੇ ਸੱਟੇ ਦੀ ਕੁੜਮਾਈ

1. ਦਸਮੇਸ਼ ਪਿਤਾ ਦੇ ਦਿਲ ਦੀ ਦਸ਼ਾ
 
ਵਗਦੇ ਤੀਰ ਤੇ ਨੀਰ ਇੱਕ ਸਾਰ ਹੋਕੇ,
ਇਹ ਹੈ ਨੈਣਾਂ ਦਾ ਕੈਸਾ ਕਮਾਲ ਇੱਥੇ।
ਇੱਕ ਨੈਣ ਜੋ ਰੋਹ ਦੇ ਅੰਗਿਆਰ ਛੱਡਣ,
ਉਹੀ ਨੈਣ ਰੋਵਣ ਜ਼ਾਰ ਜ਼ਾਰ ਇੱਥੇ।

ਗੜ੍ਹੀ ਚਮਕੌਰ ਦੀ ਜੰਗ ਦਾ ਇਹ ਮੰਜ਼ਰ,
ਰੋਕਣ ਗੁਰੂ ਜੀ ਵੈਰੀਆਂ ਦੇ ਹੱਲੇ।
ਚੁਣ ਚੁਣ ਕੇ ਭੇਜਦੇ ਯੋਧਿਆਂ ਨੂੰ,
ਝੜੀ ਖ਼ਿਆਲਾਂ ਦੀ ਮਨ ਵਿੱਚ ਇੰਝ ਚੱਲੇ।

ਦਰਦ ਦੇਸ਼ ਤੇ ਕੌਮ ਦਾ ਬਹੁਤ ਮੈਨੂੰ,
ਮੋਹ ਪੁੱਤਾਂ ਦੇ ਪਿਆਰ ਦਾ ਦੂਜੇ ਪਾਸੇ।
ਅਸੂਲ ਐਸੇ ਬਲੀਦਾਨ ਵੀ ਮੰਗਦੇ ਨੇ,
ਬਾਪ ਕਿਸੇ ਪਾਸੇ ’ਤੇ ਪੁੱਤਰ ਕਿਸੇ ਪਾਸੇ।

ਇਸ ਜ਼ਮੀਰ ਨੂੰ ਕਿਵੇਂ ਧਰਵਾਸ ਦੇਵਾਂ,
ਦਿਖਾਵਾਂ ਮੋਹ ਨੂੰ ਕਿਵੇਂ ਮੈਂ ਮੂੰਹ ਅਪਣਾ।
ਕਿਵੇਂ ਸਮਝਾਂ ਕਿ ਰਾਖਾ ਮੈਂ ਕੌਮ ਦਾ ਹਾਂ,
ਪਰ ਬਚਾ ਨਾ ਸਕਿਆ ਮੈਂ ਖੂਨ ਅਪਣਾ।

ਭਾਣਾ ਤੇਰਾ ਤੇ ਤੇਰਾ ਹੀ ਜ਼ੋਰ ਚੱਲਦਾ,
ਮੰਗਾਂ ਅੱਜ ਮੈਂ ਕਿੱਥੋਂ ਇਨਸਾਫ ਜਾਕੇ?
ਦਾਤਾਂ ਤੇਰੀਆਂ ਸੀ ਤੂੰ ਹੀ ਸੀ ਦੇਣ ਵਾਲਾ,
ਖੋਹ ਲਈਆਂ ਨੇ ਤੂੰ ਹੀ ਵਾਰ ਵਾਰ ਆਕੇ।

ਕਿਵੇਂ ਹੋਵਾਂ ਸਨਮੁੱਖ ਅੱਜ ਕੌਮ ਅੱਗੇ,
ਕੀ ਦੇਵਾਂ ਧਰਵਾਸ ਮੈਂ ਕੌਮ ਨੂੰ ਅੱਜ।
ਜਿਨ੍ਹਾਂ ਮਾਵਾਂ ਨੇ ਯੋਧੇ ਪਲੋਸ ਘੱਲੇ,
ਕਿਵੇਂ ਸਿਖਾਵਾਂ ਮੈਂ ਉਨ੍ਹਾਂ ਨੂੰ ਜੀਣ ਦਾ ਹੱਜ।

ਕਿਹੜੇ ਹੌਸਲੇ ਦੇਵਾਂ ਉਨ੍ਹਾਂ ਟੱਬਰਾਂ ਨੂੰ,
ਜਿਨ੍ਹਾਂ ਆਪਣੇ ਜੀਅ ਮੇਰੇ ਨਾਲ ਤੋਰੇ।
ਜੀ ਸਕਦੇ ਨੇ ਕਿਵੇਂ, ਹੁਣ ਕਿਵੇਂ ਦੱਸਾਂ,
ਕਿਵੇਂ ਝੱਲਣਗੇ ਸੱਲ ਉਹ ਮਰਨ ਤੋੜੇ।

ਕਰਜ਼ਦਾਰ ਹਾਂ ਸਭਨਾਂ ਹੀ ਪਾਸਿਆਂ ਤੋਂ,
ਗੁਨਾਹਗਾਰ ਹਾਂ ਸਾਰੀਆਂ ਹੀ ਧਿਰਾਂ ਦਾ ਮੈਂ।
ਕਿਸ ਕਿਸ ਨੂੰ ਦੇਵਾਂ ਹਿਸਾਬ ਗਿਣ ਗਿਣ,
ਮੁੱਲ ਪਾਵਾਂ ਅੱਜ ਕਿੰਝ ਇਨ੍ਹਾਂ ਸਿਰਾਂ ਦਾ ਮੈਂ।

ਕਿੱਥੋਂ ਕਰਾਂ ਸ਼ੁਰੂ ਤੇ ਕਿੱਥੇ ਖ਼ਤਮ ਕਰਾਂ,
ਕਿਹੜੇ ਲੇਖੇ ਮੈਂ ਪਾਵਾਂ ਕੁਰਬਾਨੀਆਂ ਇਹ।
ਕਰਾਂ ਕਿਵੇਂ ਮੈਂ ਸਭ ਦਾ ਹਿਸਾਬ ਚੁੱਕਦਾ,
ਛੱਡਾਂ ਕਿਸ ਦੇ ਲਈ ਨਿਸ਼ਾਨੀਆਂ ਇਹ।

ਮੇਰੇ ਸਬਰ ਦਾ ਬੰਨ੍ਹ ਅੱਜ ਜਾਵੇ ਟੁੱਟਦਾ,
ਕਿਸ ਇਮਤਿਹਾਨ ਚੋਂ ਮੈਨੂੰ ਲੰਘਾ ਛੱਡਿਆ।
ਜਿਨ੍ਹਾਂ ਰਾਹਾਂ ਦਾ ਕਦੀ ਨਾ ਕਿਆਸ ਕੀਤਾ,
ਉਨ੍ਹਾਂ ਰਾਹਾਂ ਦੇ ਵੱਸ ਅੱਜ ਪਾ ਛੱਡਿਆ।

ਮੇਰੇ ਜ਼ਿੰਮੇ ਜੋ ਤੂੰ ਸਭ ਫ਼ਰਜ਼ ਲਾਏ,
ਦੇਹ ਹਿੰਮਤ ‘ਤੇ ਬਲ ਕਿ ਮੈਂ ਕਰਾਂ ਪੂਰੇ।
ਪੈਦਾ ਕਰਾਂ ਮਰਜੀਵੜੇ ਹੋਰ ਮੁੜਕੇ,
ਜਿਹੜੇ ਕਹਿਣੀ ਤੇ ਕਰਨੀ ਦੇ ਹੋਣ ਸੂਰੇ।

ਜਿਹੜੇ ਕਹਿਣੀ ਤੇ ਕਰਨੀ ਦੇ ਹੋਣ ਸੂਰੇ।
**

2. ਵੱਟੇ ਸੱਟੇ ਦੀ ਕੁੜਮਾਈ

ਵੱਟੇ ਸੱਟੇ ਦੀ ਕੁੜਮਾਈ, ਗੰਜੀ ਗਈ ਗਲੋਲੋ ਆਈ,
ਇੱਕੋ ਜਿਹੇ ਚੱਟਿਆਂ ਵੱਟਿਆਂ ਦੀ, ਹੁੰਦੀ ਹੈ ਨਿੱਤ ਦਿਨ ਵਟਾਈ।

ਧੋਬੀਆਂ ਦੇ ਕੁੱਤਿਆਂ ਦੇ ਵਰਗੇ, ਇਹਨਾਂ ਲੀਡਰਾਂ ਦੇ ਕਾਰੇ,
ਬੁਰਕੀਆਂ ਦੇ ਲਈ ਨੱਠੇ ਫਿਰਦੇ, ਦਿਨ ਰਾਤੀਂ ਮਾਰੇ ਮਾਰੇ।

ਕਿਸ ਭਾਅ ਕਿਹੜਾ ਕਿੱਥੇ ਵਿਕਦਾ, ਸਮਝ ਨਹੀਂ ਕੁੱਛ ਆਉਂਦਾ,
ਹਰ ਵੱਟੇ ਨੂੰ ਤੋਲ ਤੋਲ ਕੇ, ਹਰ ਕੋਈ ਬੋਲੀ ਲਾਉਂਦਾ।

ਗੋਲ਼ ਹੋਵੇ ਜਾਂ ਭਾਂਵੇਂ ਚਪਟਾ, ਭਾਵੇਂ ਬਤਾਊਂ ਵਰਗਾ,
ਜਦ ਤੱਕੜੀ ‘ਤੇ ਚੜ੍ਹ ਜਾਂਦਾ ਹੈ, ਵਿਕਣ ਨੂੰ ਦੇਰ ਨੀਂ ਕਰਦਾ।

ਕੌਡੀਉਂ ਖੋਟੇ ਦਾਗੀ ਸਾਰੇ, ਝੂਠ ਦੇ ਸਭ ਵਪਾਰੀ,
ਹਰ ਤਰ੍ਹਾਂ ਦੀ ਧੌਂਸ ਜਮਾਉਂਦੇ, ਸਮਾਜੀ ਜਾਂ ਸਰਕਾਰੀ।

ਨਾਮ ਇਨ੍ਹਾਂ ਦਾ ਕੋਈ ਵੀ ਹੋਵੇ, ਭਾਵੇਂ ਕੋਈ ਵੀ ਕੁਨਬਾ,
ਜ਼ਾਤ ਪਾਤ ਕੋਈ ਖਣਿਆਦਾ, ਜਾਂ ਕੋਈ ਸਰਦਾ ਪੁੱਜਦਾ।

ਢੀਠਾਂ ਵਾਂਗੂੰ ਢੀਂਡਸੇ ਘੁੰਮਦੇ, ਸ਼ਰਮੇ ਸਰਮ ਨਾ ਰੱਖਦੇ,
ਬ੍ਰਮਪੁਰੇ ਦੇ ਬ੍ਰਹਮ ਗਿਆਨੀ, ਥਾਂ ਥਾਂ ਥੁੱਕ ਥੁੱਕ ਚੱਟਦੇ।

ਮੌਤੋਂ ਡਰ ਕੇ ਮੂਸੇ ਭੱਜਦੇ, ਖੁੱਡਾਂ ਲੱਭਣ ਨਿੱਤ ਨਵੀਆਂ,
ਆਪਣੀ ਖੱਲ ਬਚਾਵਣ ਖ਼ਾਤਰ, ਲੁਕਦੇ ਝਾੜੀਆਂ ਚਰ੍ਹੀਆਂ।

ਕਾਕੇ, ਬਿੱਟੂ, ਰਾਣੇ, ਸਿੱਧੂ, ਲਾਡੀ ਕਰਨ ਨਿੱਤ ਲਾਡੀਆਂ,
ਕਿਸੇ ਦੇ ਕੁੱਛੜ ਕਿਸੇ ਘਨੇੜੀ, ਹੱਸ ਹੱਸ ਪਾਵਣ ਚਾਘੀਆਂ।

ਸੱਚਰ ਭਰ ਕੇ ਆਪਣੀ ਖੱਚਰ, ਹੋਕਾ ਦੇਵਣ ਗਲੀ ਗਲੀ,
ਸਸਤੇ ਭਾਅ ਈਮਾਨ ਹੈ ਲਾਇਆ, ਆ ਕੇ ਲੈ ਜਾਓ ਧੜੀ ਧੜੀ।

ਵਾਹੋ ਦਾਹੀ ਬਾਜਵੇ ਘੁੰਮਣ, ਬੇ ਵਜਾਹ ਗੱਲਾਂ ਕਰਦੇ,
ਆਪਣੇ ਗੌਂ ਭੁਨਾਵਣ ਖਾਤਰ, ਭਰਾ ਮਾਰਨੋਂ ਨਹੀਂ ਡਰਦੇ।

ਅੱਕੀਂ ਚੜ੍ਹਨ ਪਲਾਹੀਂ ਉਤਰਨ, ਕਿਤੇ ਸਾਈਆਂ ਕਿਤੇ ਵਧਾਈਆਂ,
ਆਪਣੇ ਮੂੰਹ ਬਣ ਮੀਆਂ ਮਿੱਠੂ, ਦੂਜੇ ਦੀਆਂ ਕਰਨ ਬੁਰਾਈਆਂ।

ਖਾ ਲਿਆ ਇਨ੍ਹਾਂ ਤੁਹਾਡਾ ਪੈਸਾ, ਤੁਹਾਡੀ ਘਾਲ ਕਮਾਈ,
ਆਖਰ ਜਾਗ ਪਿਉ ਹੁਣ ਲੋਕੋ, ਜੇ ਸਮਝ ਕੋਈ ਹੁਣ ਆਈ।

ਆਖਰ ਜਾਗ ਪਿਉ ਹੁਣ ਲੋਕੋ, ਜੇ ਸਮਝ ਕੋਈ ਹੁਣ ਆਈ।
***
ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ ਯੂ ਕੇ

***
591
***

About the author

ਰਵਿੰਦਰ ਸਿੰਘ ਕੁੰਦਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***

ਰਵਿੰਦਰ ਸਿੰਘ ਕੁੰਦਰਾ

ਮੇਰਾ ਹਵਾਲਾ ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ। ਬਾਕੀ ਸਭ ਠੀਕ ਠਾਕ ਹੈ। ਰਵਿੰਦਰ ਸਿੰਘ ਕੁੰਦਰਾ ***

View all posts by ਰਵਿੰਦਰ ਸਿੰਘ ਕੁੰਦਰਾ →