6 December 2024

 ਪੰਜਾਹ ਸਾਲ ਪਹਿਲਾਂ ਸੱਚ ਤੇ ਅਧਾਰਿੱਤ ਲਿਖੀ ਕਵਿਤਾ: ਇਨਾਮ (ਸ਼ਹੀਦ ਦੀ ਪਤਨੀ ਦੇ ਨਾਮ)—ਕੁਲਵੰਤ ਢਿੱਲੋਂ

ਕੁਲਵੰਤ ਕੋਰ ਢਿੱਲੋਂ

ਕੁਲਵੰਤ ਕੌਰ ਢਿੱਲੋਂ, ਪੰਜਾਬੀ ਸਾਹਿਤਕ ਜਗਤ ਵਿੱਚ, ਕਿਸੇ ਵੀ ਜਾਣ-ਪਹਿਚਾਣ ਦੀ ਮੁਥਾਜ ਨਹੀਂ। ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ ਯੂ.ਕੇ. ਦੇ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀਅਤ ਲਈ ਸਦਾ ਹੀ ਸਰਗਰਮ ਰਹਿੰਦੇ ਹਨ। ਉਹਨਾਂ ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ ‘ਵਕਤ ਦਿਅਾਂ ਪੈਰਾਂ ‘ਚ’ ਰਾਹੀਂ  ਪੰਜਾਬੀ ਕਾਵਿ-ਸੰਸਾਰ ਵਿੱਚ ਆਪਣੀ ਹਾਜ਼ਰੀ ਲੁਆਈ। ਕੁਲਵੰਤ ਢਿੱਲੋਂ ਦੀ ਕਵਿਤਾ ਕੇਵਲ ਅੱਖਰਾਂ ਦਾ ਜੋੜ ਜਾਂ ਸੁੰਦਰ ਸ਼ਬਦਾਂ ਦਾ ਤਾਲ ਮੇਲ ਨਹੀਂ ਸਗੋਂ ਉਸਨੇ ਆਪਣੀ ਕਵਿਤਾ ਵਿੱਚ ਆਪਣੇ ਅਹਿਸਾਸਾਂ ਨੂੰ ਬਹੁਤ ਹੀ ਸ਼ਿਦਤ ਅਤੇ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।

ਇਸਤੋਂ ਬਿਨਾਂ ਕੁਲਵੰਤ ਢਿੱਲੋਂ ਨੇ ਅਜੀਮ ਸ਼ੇਖਰ ਅਤੇ ਦਰਸ਼ਨ ਬੁਲੰਦਵੀ ਨਾਲ ਮਿਲਕੇ, ਅਮਰੀਕਾ, ਕਨੇਡਾ, ਜਪਾਨ ਅਤੇ ਬਰਤਾਨੀਅਾ ਦੇ 79 ਪੰਜਾਬੀ ਕਵੀਅਾਂ ਦੀਅਾਂ ਕਵਿਤਾਵਾਂ ਦੀ ਸੰਪਾਦਨਾ ‘ਵਰਤਮਾਨ ਦੇ ਆਰਪਾਰ’ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਵੀ ਕੀਤੀ। ਉਹਨਾਂ ਦੀਅਾਂ ਦੋ ਹੋਰ ਪੁਸਤਕਾਂ: ‘ਦਸਤਕ’ ਨਾਵਲ ਅਤੇ ‘ਸਾਲ ਦਰ ਸਾਲ’ ਕਾਵਿ ਸੰਗ੍ਰਹਿ ਛਪਾਈ ਅਧੀਨ ਹਨ।

ਕੁਲਵੰਤ ਕੌਰ ਢਿੱਲੋਂ ‘ਪੰਜਾਬੀ ਸਾਹਿਤਕ ਕਲਾ ਕੇਂਦਰ’ ਵੱਲੋਂ ਨਿਰੰਤਰ ਸਾਹਿਤਕ ਸਰਗਰਮੀਅਾਂ ਕਰਵਾਉਂਦੇ ਰਹਿੰਦੇ ਹਨ। ਸਾਊਥਾਲ ਦੇ ਦੇਸੀ ਰੇਡੀਓ ‘ਤੇ ਬੜੇ ਹੀ ਵਿਲੱਖਣ ਰੂਪ ਵਿੱਚ ‘ਰੇਡੀਓ ਪੇਸ਼ਕਾਰਾ’ (Radio Host/Anchore) ਦੀ ਭੂਮਿਕਾ ਵੀ ਨਿਭਾਉਂਦੇ ਆ ਰਹੇ ਹਨ। —‘ਲਿਖਾਰੀ’ 

ਅੱਜ ਤੋਂ ਪੰਜਾਹ ਸਾਲ ਪਹਿਲਾਂ ਸੱਚ ਤੇ ਅਧਾਰਿਤ ਇੱਕ ਕਵਿਤਾ ਲਿਖੀ ਸੀ ਪਰ ਹੁਣ ਵੀ ਤੇ ਹਾਲਾਤ ਉਹੋ ਜਿਹੇ ਹੀ ਹਨ। ਕੀ ਸਾਥੀਓ ਤੁਹਾਨੂੰ ਕੋਈ ਬਦਲਾਅ ਆਇਆ ਲੱਗਿਆ? ਫਿਰ ਕਾਹਦੀਆਂ ਵਧਾਈਆਂ?— ਕੁਲਵੰਤ ਢਿੱਲੋਂ

 ਇਨਾਮ
(ਸ਼ਹੀਦ ਦੀ ਪਤਨੀ ਦੇ ਨਾਮ)

ਤੂੰ ਕਿਹਾ ਸੀ,
ਤੂੰ ਫ਼ਿਕਰ ਨਾ ਕਰੀਂ,
ਮੈਂ ਜਲਦੀ ਪਰਤ ਆਵਾਂਗਾ।
  ਫਿਰ ਅਸੀਂ ਆਜ਼ਾਦ ਹੋ,
ਆਪਣੀਆਂ ਸੋਚਾਂ ਨੂੰ ਹੰਢਾਂ ਸਕਾਂਗੇ।
ਹਰ ਅਰਮਾਨ ਇੱਕ ਕਿੱਕਲੀ ਹੋਵੇਗਾ,
ਹਰ ਦਿਨ ਰੰਗਲਾ ਜਸ਼ਨ।

ਤੂੰ ਕਿਹਾ ਸੀ…
ਤੂੰ ਫ਼ਿਕਰ ਨਾ ਕਰੀਂ।
ਮੈਂ ਜਲਦੀ ਪਰਤ ਆਵਾਂਗਾ।
ਮੈਨੂੰ ਤੇਰੀ ਸੋਂਹ,
ਮੈਂ ਖੁਸ਼ ਸਾਂ
ਤੇਰੇ ਬੋਲਾਂ ਨੂੰ ਪੁਗਾਉਣ ਲਈ।
ਜਦੋਂ ਕਦੇ,
ਕਿਤੇ ਵੀ ਰੰਗਲਾ ਜਸ਼ਨ ਹੁੰਦਾ,
ਅਜ਼ਾਦੀ ਦੇ ਸੋਹਲੇ ਗਾਏ ਜਾਂਦੇ
ਆਜ਼ਾਦੀ ਜੋ ਸਦੀਆਂ ਦੇ ਕੋੜੇ ਬੋਲ ਦਾ,
ਇਤਿਹਾਸ ਹੁੰਦੀ..
ਇਤਿਹਾਸ ਦਾ ਇੱਕ ਪੰਨਾ
ਅਣਗਿਣਤ ਕੁਰਬਾਨੀਆਂ ਦਾ ਮੁਹਤਾਜ।
ਤਦ ਪੱਪੂ ਪੁੱਛਣ ਲੱਗ ਜਾਂਦਾ!
“ਮਾਂ ਆਜ਼ਾਦੀ
ਸੋਹਣੀਆਂ ਕਵਿਤਾਵਾਂ ਵਿੱਚ ਹੁੰਦੀ ਹੈ?”
ਵਿੱਕੀ ਰੋਂਦੀ ਹੈ..
ਆਪਾਂ ਆਜ਼ਾਦੀ ਦਿਹਾੜੇ
ਬਨੇਰਿਆਂ ਤੇ ਦੀਵੇ ਕਿਉਂ ਨਹੀਂ ਧਰਦੇ?
    ਜੀਵਨ ਦੇ ਘੁੱਪ ਹਨੇਰੇ ਵਿੱਚ
ਮੈਂ ਤੇਲ ਕਿੱਥੋਂ ਪਾਵਾਂ
ਉਹ ਨਾਦਾਨ ਕਿਵੇਂ ਸਮਝੇ?
   ਮੈਂ ਉਸ ਮਸ਼ੀਨ ਵੱਲ ਤੱਕਦੀ ਹਾਂ
ਜਿਸ ਵਿੱਚ ਰੰਗਲਾ ਜਸ਼ਨ ਵੀ ਹੁੰਦਾ
  ਤੇ ਅਜ਼ਾਦ ਸੋਚਾਂ ਵੀ।
ਉਸ ਪਲ ਨੂੰ ਅਰਮਾਨਾਂ ਦੀ ਸਿਸਕੀ ਕਹਾਂ?
ਜਾਂ ਫਿਰ ਤੇਰੇ ਜਲਦੀ ਪਰਤ ਆਉਣ ਦਾ ਲਾਰਾ।
  ਇੱਕ ਸ਼ਹੀਦ ਸਿਪਾਹੀ ਦੀ ਪਤਨੀ
ਦਿਓ ਕੱਦ ਪਹਾੜ ਜਿੱਡੀ..
ਜ਼ਿੰਦਗੀ ਦੇ ਕੋੜੇ ਸੱਚ ਨੂੰ ਨਿਗਲ
ਖੁਸ਼ਕ ਹੋਠਾਂ ਤੇ ਮੁਸਕਰਾਹਟ ਲਿਆ.
ਨਿਰਜਿੰਦ ਹੱਥਾਂ ਨਾਲ ਮਸ਼ੀਨ ਫੜੀ ਸੀ.
ਸਵੇਰ ਤੋਂ ਸ਼ਾਮ
ਉਸੇ ਮਸ਼ੀਨ ਨੂੰ ਚਲਾਉਂਦਿਆਂ
ਤੇਰੇ ਇਹਨਾਂ ਦੋ ਮਾਸੂਮ ਫੁੱਲਾਂ ਨੂੰ
ਤੇਰੇ ਸੁਪਨਿਆਂ ਸੰਗ ਤੋਰਨ ਲਈ
ਆਪਾ ਵੀਟਦੀ ਹੋਈ, ਸੋਚਦੀ ਹਾਂ
ਤਾਂ ਮੇਰੇ ਸਾਹਮਣੇ ਆ ਖੜਦੀ ਹੈ।
ਖਾਲੀ,ਆਟੇ ਵਾਲੇ ਪੀਪੇ ਦੀ ਆਵਾਜ਼
ਮਕਾਨ ਮਾਲਕ ਦੀ ਕਿਰਾਏ ਲਈ ਦਿੱਤੀ ਧਮਕੀ.
ਪੱਪੂ ਦੀ ਪਾਟੀ ਸਕੂਲ ਵਰਦੀ.
ਵਿੱਕੀ ਦੀ ਸਕੂਲ ਫੀਸ ਲਈ ਵਿਲਕਣੀ.
ਗੁਆਂਢੀ ਰੇਡੀਓ ਤੇ
ਅਜਿਹੇ ਵੇਲੇ ਕਿਸੇ ਨੇਤਾ ਦਾ ਭਾਸ਼ਨ
ਟਪੂਸੀਆਂ ਮਾਰ ਰਿਹਾ ਹੁੰਦੇ
ਦੇਸ਼ ਤਰੱਕੀ ਦਾ ਦਾਹਵਾ
ਦੇਸ਼ ਵਾਸੀਆਂ ਦਾ ਮੂੰਹ ਚਿੜਾ ਰਿਹਾ ਹੁੰਦਾ.
ਮੈਂ ਅਜਿਹੇ ਹਾਲਤਾਂ ਵਿੱਚ ਵੀ
ਤੇਰੇ, ਬੱਚਿਆਂ ਨਾਲ ਜੁੜੇ ਸੁਪਨੇ ਨੂੰ
ਮਰਨ ਨਹੀ ਦੇ ਰਹੀ
ਇੱਕੋ ਧਰਵਾਸ ਤੇ।
“ ਤੂੰ ਫ਼ਿਕਰ ਨਾ ਕਰੀਂ
ਮੈਂ ਜਲਦੀ ਪਰਤ ਆਵਾਂਗਾ”
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1164
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੁਲਵੰਤ ਢਿੱਲੋਂ
kulwantdhillon@hotmail.co.uk
+44 7870358186

ਪੁਸਤਕਾਂ ਦਾ ਵੇਰਵਾ:
1. ਵਕਤ ਦਿਅਾਂ ਪੈਰਾਂ 'ਚ--- (ਕਾਵਿ-ਸੰਗ੍ਰਹਿ)
2. ਵਰਤਮਾਨ ਦੇ ਆਰ ਪਾਰ (ਕਾਵਿ ਸੰਗ੍ਰਹਿ: ਅਮਰੀਕਾ, ਕਨੇਡਾ, ਜਪਾਨ ਅਤੇ ਇੰਗਲੈਂਡ ਦੇ 79 ਕਵੀਅਾਂ ਦੀਅਾਂ ਰਚਨਾਵਾਂ)
    ਸੰਪਾਦਨਾ: ਕੁਲਵੰਤ ਢਿੱਲੋਂ, ਅਜੀਮ ਸ਼ੇਖਰ ਤੇ ਦਰਸ਼ਨ ਬੁਲੰਦਵੀ
3. ਦਸਤਕ (ਨਾਵਲ)--- ਛਪਾਈ ਅਧੀਨ
4. ਸਾਲ ਦਰ ਸਾਲ (ਕਾਵਿ-ਸੰਗ੍ਰਹਿ)--- ਛਪਾਈ ਅਧੀਨ

'ਲਿਖਦੇ ਥੋੜਾ ਹਨ ਪਰ ਪੜ੍ਹਦੇ ਜ਼ਿਆਦਾ ਹਨ।'

ਕੁਲਵੰਤ ਢਿੱਲੋਂ

ਕੁਲਵੰਤ ਢਿੱਲੋਂ kulwantdhillon@hotmail.co.uk +44 7870358186 ਪੁਸਤਕਾਂ ਦਾ ਵੇਰਵਾ: 1. ਵਕਤ ਦਿਅਾਂ ਪੈਰਾਂ 'ਚ--- (ਕਾਵਿ-ਸੰਗ੍ਰਹਿ) 2. ਵਰਤਮਾਨ ਦੇ ਆਰ ਪਾਰ (ਕਾਵਿ ਸੰਗ੍ਰਹਿ: ਅਮਰੀਕਾ, ਕਨੇਡਾ, ਜਪਾਨ ਅਤੇ ਇੰਗਲੈਂਡ ਦੇ 79 ਕਵੀਅਾਂ ਦੀਅਾਂ ਰਚਨਾਵਾਂ)     ਸੰਪਾਦਨਾ: ਕੁਲਵੰਤ ਢਿੱਲੋਂ, ਅਜੀਮ ਸ਼ੇਖਰ ਤੇ ਦਰਸ਼ਨ ਬੁਲੰਦਵੀ 3. ਦਸਤਕ (ਨਾਵਲ)--- ਛਪਾਈ ਅਧੀਨ 4. ਸਾਲ ਦਰ ਸਾਲ (ਕਾਵਿ-ਸੰਗ੍ਰਹਿ)--- ਛਪਾਈ ਅਧੀਨ 'ਲਿਖਦੇ ਥੋੜਾ ਹਨ ਪਰ ਪੜ੍ਹਦੇ ਜ਼ਿਆਦਾ ਹਨ।'

View all posts by ਕੁਲਵੰਤ ਢਿੱਲੋਂ →