ਨੋਟ: ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006), ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019).
‘ਇਕ ਮੋੜ ਵਿਚਲਾ ਪੈਂਡਾ’ ਇਸ ਅੰਗਰੇਜ਼ੀ ਪੁਸਤਕ ‘Journey Through A Turning Point—My Life After Leukemia ਦਾ ਹੀ ਪੰਜਾਬੀ ਰੂਪ ਹੈ। ਇਹ ਸਵੈ-ਜੀਵਨੀ ਪੜ੍ਹਨ ਨਾਲ ਹੀ ਸੰਬੰਧ ਰੱਖਦੀ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਕਿ ਇਸ ਸਿਰੜ ਦੇ ਪੱਕੇ ਕਵੀ/ਲੇਖਕ ਨੇ ਕਿੰਨ੍ਹਾਂ ਗੰਭੀਰ ਹਾਲਤਾਂ ਵਿੱਚੋਂ ਲੰਘਦਿਆ ਆਪਣੇ ਜੀਵਨ ਦੇ ਇਸ ‘ਸਮੇਂ’ ਦਾ ਦਲੇਰੀ ਨਾਲ ਨਾ ਕੇਵਲ ਮੁਕਾਬਲਾ ਹੀ ਕੀਤਾ ਸਗੋਂ ਲੋੜੀਂਦੀ ਜਿੱਤ ਵੀ ਪਰਾਪਤ ਕੀਤੀ ਅਤੇ ਜੀਵਨ ਨੂੰ ਨਵੀਅਾਂ ਸੇਧਾਂ ਦੇ ਕੇ ਹਲਕੇ-ਫੁਲਕੇ ਰੁਝੇਵਿਅਾਂ ਨਾਲ ਸੁਖਾਵਾਂ ਬਣਾਇਆ। ਇਸ ਪ੍ਰੇਰਨਾ-ਸਰੋਤ ਪੁਸਤਕ ਦੇ ਪਠਨ ਨੇ ਨਿਰਸੰਦੇਹ ਮੈਂਨੂੰ ਝੰਝੋੜਿਆ, ਸੋਚ ਨੂੰ ਟੁੰਬਿਆ, ਢੇਰੀ ਢਾਉਣ ਤੋਂ ਵਰਜਿਆ ਅਤੇ ਬਲ ਬਖਸ਼ਿਆ। ਇਹ ਸਵੈ-ਜੀਵਨੀ ਪੜ੍ਹਨ ਯੋਗ, ਸੋਚ ਨੂੰ ਡਾਵਾਂ-ਡੋਲ ਹੋਣ ਤੋਂ ਬਚਾਉਣ ਵਾਲੀ ਅਤੇ ਪ੍ਰੇਰਨਾਦਾਇਕ ਹੋਣ ਕਾਰਨ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਿਸ਼ਤਾਂ ਵਿੱਚ ਹਾਜ਼ਰ ਕੀਤੀ ਜਾ ਰਹੀ ਹੈ।—-ਲਿਖਾਰੀ** |
ਇਕ ਮੋੜ ਵਿਚਲਾ ਪੈਂਡਾ-(ਨੌਵੀਂ ਕਿਸ਼ਤ:ਅੰਤਿਮ)-ਮੇਰੀ ਕੈਂਸਰ ਅਤੇ ਅਗਲਾ ਜੀਵਨ ਅਚਾਨਕ ਸਤੰਬਰ 25, 2018 ਨੂੰ ਜੂਡੀ ਰੌਲਿਨਜ਼ ਨੇ ਮੈਂਨੂੰ ਅਤੇ ਸੁਰਿੰਦਰ ਨੂੰ ਦੁਪਹਿਰ ਦੇ ਖਾਣੇ ‘ਤੇ ਰੱਖੀ ਮੀਟਿੰਗ ਵਿਚ ਭਾਗ ਲੈਣ ਲਈ ਸੱਦਾ ਦਿੱਤਾ। ਜੂਡੀ, ਇੱਕ ਸ਼ਾਇਰ ਜੋ ਮੇਰੀ ਸਵੈ-ਜੀਵਨੀ ਕਲਾਸ ਵਿੱਚ ਆਉਂਦੀ ਸੀ, ਨੇ ਇਕ ਕਾਗਜ਼ ਤੇ ਆਪਣਾ, ਘਰ ਵਾਲੇ ਦਾ, ਤੇ ਇਕ ਹੋਰ ਨਾਂ ਝਰੀਟ ਕੇ ਫੜਾ ਦਿੱਤਾ। ਨਾਂ ਤੋਂ ਮੈਂਨੂੰ ਲਗਦਾ ਸੀ ਕਿ ਤੀਜਾ ਬੰਦਾ ਕੋਈ ਸ਼ਾਇਰ ਹੋਵੇ। ਮੀਟਿੰਗ ਅਗਲੇ ਹਫਤੇ, 2 ਅਕਤੂਬਰ, 2018 ਨੂੰ ਸੀ, ਉਸੇ ਦਿਨ ਢਾਈ ਵਜੇ ਸਾਡੀ ਕਲਾਸ ਸ਼ੁਰੂ ਹੋਣੀ ਸੀ। ‘‘ਮੈਂ ਕੋਸ਼ਿਸ਼ ਜਰੂਰ ਕਰੂੰ।’’ ਮੈਂ ਕਲਾਸ ‘ਚੋਂ ਗੈਰ-ਹਾਜਰ ਨਹੀਂ ਸੀ ਹੋਣਾ ਚਾਹੁੰਦਾ, ਅਤੇ ਨਾ ਹੀ ਮੈਂਨੂੰ ਪਤਾ ਸੀ ਕਿ ਸੁਰਿੰਦਰ ਮੇਰੇ ਨਾਲ ਜਾ ਸਕੇ। ਘਰ ਆਉਣ ਤੱਕ ਮੈਂ ਸੁਰਿੰਦਰ ਨੂੰ ਦੱਸਣਾ ਭੁੱਲ ਗਿਆ। ਚੇਤਾ ਆਉਣ ਤੇ ਜਦ ਮੈਂ ਸੁਰਿੰਦਰ ਨੂੰ ਚਿਟ ਦਿਖਾਈ, ਉਹ ਝੱਟ ਤਿਆਰ ਹੋ ਗਈ। ਮੈਂ ਹੈਰਾਨ ਸੀ, ਕਈ ਵਾਰ ਤਾਂ ਉਹਨੂੰ ਘੜੀਸਣਾ ਪੈਂਦਾ ਹੈ। ਤੀਜਾ ਸ਼ਖਸ਼, ਜੈਸਿਕਾ ਮੋਰਸ, ਆਉਣ ਵਾਲੀਆਂ ਚੋਣਾਂ ਵਿਚ ਉਹ ਕਿਸੇ ਪੁਰਾਣੇ ਬੰਦੇ ਖਿਲਾਫ ਖੜੀ ਸੀ। ਸੁਰਿੰਦਰ ਉਨ੍ਹਾਂ ਲੋਕਾਂ ਦਾ ਧਿਆਨ ਰਖਦੀ, ਜਿਨ੍ਹਾਂ ਨੂੰ ਵੋਟ ਪਾਈ ਜਾਵੇ। ਮੈਂ ਅਕਸਰ ਉਹਨਾਂ ਲੋਕਾਂ ਦਾ ਧਿਆਨ ਰਖਦਾ ਜਿਨ੍ਹਾਂ ਨੂੰ ਵੋਟ ਹਰਗਿਜ਼ ਨਹੀਂ ਪਾਉਣੀ। ਫੇਰ ਅਸੀਂ ਬਹਿਸਾਂ ਵਿਚ ਫਸੇ ਰਹਿੰਦੇ। ਸੁਰਿੰਦਰ ਨੀਯੂ ਯਾਰਕ, ਨੀਯੂ ਜਰਸੀ ਵੱਲ ਰਿਸ਼ਤੇਦਾਰਾਂ ਨੂੰ ਮਿਲਣ ਚਲੀ ਗਈ। ਮੈਂ ਸਾਨ ਫਰਾਂਸਿਸਕੋ ਬੇ-ਏਰੀਏ ਵੱਲ ਪੰਜਾਬੀ ਕਵੀ ਦਰਬਾਰ ‘ਚ ਭਾਗ ਲੈਣ ਚਲਾ ਗਿਆ, ਜਿੱਥੇ ਮੇਰੀ ਤਬਲਾ ਵਜਾਉਣ ਦੀ ਤਮੰਨਾ ਸੀ। ਮੈਂ ਵਜਾਉਣ ਦੀ ਕੋਈ ਤਜਵੀਜ਼ ਘੜਕੇ ਲਿਆਇਆ ਸੀ। ਮੇਰੇ ਤਬਲਾ ਵਜਾਉਣ ਤੋਂ ਪਹਿਲਾਂ ਪਰਧਾਨ, ਮੀਤ ਪਰਧਾਨ ਵਿਚ ਤੂੰ ਤੂੰ, ਮੈਂ ਮੈਂ, ਹੋ ਗਈ। ਗੱਲ ਐਨੀ ਭਖ ਗਈ ਕਿ ਸਭਾ ਵਿਚ ਬੈਠੀਆਂ ਦੋਵੇਂ ਜ਼ਨਾਨੀਆਂ ਕਮਰਾ ਛੱਡ ਗਈਆਂ। ਉਹ ਉਦੋਂ ਵਾਪਸ ਆਈਆਂ ਜਦ ਸ਼ਾਂਤੀ ਪਰਤ ਆਈ। ਪਰਧਾਨ ਸਿਆਣਾ ਨਿਕਲਿਆ, ਗਲਤੀ ਮੰਨ ਲਈ, ਨਹੀਂ, ਨਹੀਂ ਤਾਂ ਏਦਾਂ ਘੱਟ ਹੀ ਹੁੰਦਾ ਹੈ। ਸਾਨ ਫਰਾਂਸਿਸਕੋ ਬੇ-ਏਰੀਏ ਵੱਲੋਂ ਵਾਪਸ ਆਉਂਦਿਆਂ ਸਮੇਂ, ਸਭਾ ਵਿਚਲੇ ਮਹੌਲ ਕਰਕੇ, ਮਨ ਅਜੇ ਵੀ ਖੱਟਾ ਸੀ। ਘਰ ਆਕੇ ਟੀ.ਵੀ. ਤੇ, ਸੁਪਰੀਮ ਕੋਰਟ ਲਈ, ਜੱਜ ਕੈਵਾਨੌਘ ਦੀ ਯੋਗਤਾ ਦਾ ਮਸਲਾ ਭੜਕਿਆ ਹੋਇਆ ਸੀ। ਮੈਂ ਸੋਚਾਂ ਵਿਚ ਪਿਆ ਸੀ ਕਿ ਬੇਗਾਨੇ ਮੁਲਕਾਂ ਦੇ ਲੋਕ ਸਾਡੇ ਅਮਰੀਕਾ ਵਾਰੇ ਕੀ ਸੋਚਦੇ ਹੋਣਗੇ। ਸੁਰਿੰਦਰ ਪਹਿਲੀ ਅਕਤੂਬਰ ਨੂੰ ਵਾਪਸ ਆ ਗਈ। ਜਾਣ ਤੋਂ ਪਹਿਲਾਂ ਅਸੀਂ ਜੂਡੀ ਦੇ ਘਰ ਜਾਣ ਦਾ ਫੈਸਲਾ ਕਰ ਲਿਆ ਸੀ। ਜਾਂਦੀ ਹੋਈ ਸੁਰਿੰਦਰ, ਜੂਡੀ ਨੂੰ ਫੋਨ ਕਰ ਗਈ ਸੀ। ਮੈਂ ਇਕ ਕਵਿਤਾ ਵੀ ਲਿਖ ਲਈ, ਜੋ ਅੱਧ ਵਿਚਕਾਰ ਲਟਕ ਰਹੀ ਸੀ। ਜੈਸਿਕਾ ਮੋਰਸ ਤੋਂ ਪੁੱਛਣ ਲਈ ਮੈਂ ਅਮਰੀਕਾ ਦੀਆਂ ਚੋਣਾਂ ਅਤੇ ਸੁਪਰੀਮ ਕੋਰਟ ਵਿਚ ਚੱਲ ਰਹੇ ਨਾਟਕ ਬਾਰੇ ਕੁਝ ਸਵਾਲ ਵੀ ਲਿਖ ਲਏ। ਜੂਡੀ ਦੇ ਘਰ, 2 ਅਕਤੂਬਰ, 2018 ਨੂੰ ਜੈਸਿਕਾ ਮੋਰਸ ਦਾ ਭਾਸ਼ਣ ਸੁਣਨ ਗਏ ਅਸੀਂ ਜੂਡੀ ਦੇ ਪਤੀ, ਜੋਅ ਰੌਲਿੰਗ, ਨੂੰ ਵੀ ਮਿਲੇ, ਜਿਸਨੂੰ ਮੈਂ ਕਲਾਸ ਤੋਂ ਜਾਣਦਾ ਸੀ, ਪਰ ਮੈਂਨੂੰ ਇਹ ਨਹੀਂ ਸੀ ਪਤਾ ਕਿ ਉਹਦਾ ਜੂਡੀ ਨਾਲ ਕੋਈ ਰਿਸ਼ਤਾ ਹੈ। ਸਿਹਤ ਢਿੱਲੀ ਹੋਣ ਕਰਕੇ ਜੋਅ ਨੇ ਕਲਾਸ ਵਿਚ ਜਾਣਾ ਛੱਡ ਦਿੱਤਾ ਸੀ। ਚਾਹ ਪਾਣੀ ਪੀਕੇ ਮੈਂ ਆਪਣੀ ਸਵੈ-ਜੀਵਨੀ ਕਲਾਸ ਲਈ ਰਵਾਨਾ ਹੋ ਗਿਆ। ਮੁਲਕ, ਸਾਰਾ ਹਫਤਾ ਟੀ.ਵੀ. ਨਾਲ ਚਿੰਬੜਿਆ ਹੋਇਆ ਸੀ। ਐਸੀ ਬਹਿਸ ਚੱਲ ਰਹੀ ਸੀ ਜਿਸਦਾ ਉੱਤਰ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ। ਨਿਰੀ ਡਰਾਮੇਬਾਜ਼ੀ। ਟੀ.ਵੀ. ਦੇਖਕੇ ਏਦਾਂ ਲਗਦਾ ਸੀ ਕਿ ਜੋ ਹੋ ਰਿਹਾ ਸੀ, ਸਭ ਬਕਵਾਸ ਸੀ। ਕਿਸੇ ਵਿਵਾਦ ਵਿਚ ਫਸੇ ਬੰਦੇ ਨੂੰ ਸੁਪਰੀਮ ਕੋਰਟ ਦਾ ਜੱਜ ਥਾਪਣ ਲਈ ਜਿਸ ਸਖਸ਼ ਨੇ ਨਾਮਜ਼ਦ ਕੀਤਾ ਸੀ, ਉਹ ਕਾਨੂੰਨ ਦੀਆਂ ਨਜ਼ਰਾਂ ਵਿਚ ਖੁਦ ਸਹਿ-ਸਾਜ਼ਿਸ਼ੀ ਕਰਾਰਿਆ ਹੋਇਆ ਸੀ। ਸਿਰਫ ਦੋ ਵੋਟਾਂ ਦੇ ਫਰਕ ਨਾਲ ਨਵਾਂ ਜੱਜ ਬਣ ਗਿਆ। ਡਾਕਟਰ ਫੋਰਡ ਵਲੋਂ, ਇਕ ਲਿੰਗ ਕਲੇਸ਼ ਵਿਚ ਫਸੀ ਔਰਤ ਦਾ ਮਖੌਲ ਉਡਾਇਆ ਗਿਆ। ਕੋਈ ਜੱਜ ਨੂੰ ਦੋਸ਼ੀ ਠਹਿਰਾ ਰਿਹਾ ਸੀ, ਕੋਈ ਜ਼ਨਾਨੀ ਨੂੰ ਕੋਸ ਰਿਹਾ ਸੀ। ਇਕ ਬਜ਼ੁਰਗ ਦਾਦੀ ਆਪਣੇ ਪੋਤੇ ਤੋਂ ਝਿੜਕਾਂ ਖਾ ਰਹੀ ਸੀ। ਵਾਸ਼ਿੰਗਟਨ, ਡੀ.ਸੀ. ਵਿਚ ਦੇਸ ਦਾ ਪਰਧਾਨ, ਇਸ ਮਾਈ ਨੂੰ ਸਟੇਜ ਤੇ ਲਿਆਕੇ, ਨਾਜਾਇਜ਼ ਸਿਆਸੀ ਫਾਇਦਾ ਉਠਾ ਰਿਹਾ ਸੀ। ਦੇਖ ਦੇਖ ਮੈਂਨੂੰ ਤਿੰਨ ਮਸ਼ਹੂਰ ਬਾਂਦਰਾਂ ਤੀ ਤਸਵੀਰ ਯਾਦ ਆਉਂਦੀ ਜਿਸ ਵਿਚ ਇਕ ਦਾ ਮੂੰਹ, ਦੂਜੇ ਦੇ ਨੇਤਰ, ਅਤੇ ਤੀਜੇ ਨੇ ਕੰਨ ਢਕੇ ਹੋਏ ਹਨ। ਉਸ ਸਮੇਂ ਮੈਨੂੰ ਇਹ ਵੀ ਅਨੁਭਵ ਹੋਇਆ ਕਿ ਅਮਰੀਕਾ ਦੇ ਲੋਕ ਕਿੰਨੇ ਸੁਭਾਗੇ ਹਨ। ਦੇਸ ਵੱਡਾ ਹੈ, ਲੋਕ ਕੰਮਾਂ ਵਿਚ ਜੁਟੇ ਰਹਿੰਦੇ ਹਨ, ਤੇ ਇਹੋ ਜਿਹੇ ਸਿਆਸੀ ਮਸਲੇ ਬਹੁਤਾ ਘਾਣ ਨਹੀਂ ਕਰ ਸਕਦੇ। ਕੰਮ ਦੇ ਨਾਲ ਨਾਲ ਮਖੌਲੀਏ ਲੋਕ ਸਿਆਸੀ ਲੋਕਾਂ ਦਾ ਮਖੌਲ ਉਡਾਉਂਦੇ ਰਹਿੰਦੇ ਹਨ। ਅਕਤੂਬਰ ਅੱਠ, 2018 ਨੂੰ, ਸੋਮਵਾਰ ਵਾਲੇ ਦਿਨ ਮੈਂ ਦੋ ਡਾਕਟਰਾਂ ਨੂੰ ਮਿਲਣਾ ਸੀ ਅਤੇ ਫਲੂ ਦਾ ਟੀਕਾ ਲਵਾਉਣਾ ਸੀ। ਇਸਤੋਂ ਉੱਪਰ ਮੈਂ ਮੰਗਲਵਾਰ ਦੀ ਕਲਾਸ ਲਈ ਦਿੱਤੇ ਹੋਏ ਹੋਮਵਰਕ ਦੇ ਤਿੰਨ ਵਰਕੇ ਭਰਨੇ ਸਨ। ਬੁੱਧਵਾਰ ਨੂੰ ਆ ਰਹੀ ਟਰੱਕੀ ਵਿਚ ਡੌਨਰ ਯਾਦਗਾਰੀ ਪਾਰਕ ਦੀ ਯਾਤਰਾ ਲਈ ਤਿਆਰੀ ਕਸਣੀ ਸੀ। ਸਿਆਰਾ ਕਾਲਜ ਤੋਂ ਬੱਸ ਸਵੇਰੇ 8:30 ਤੇ ਚੱਲਣੀ ਸੀ, ਅਤੇ 5:00 ਵਜੇ ਤੱਕ ਵਾਪਸ ਪਹੁੰਚਣੀ ਸੀ। ਘਰ ਆਕੇ 6:30 ਤੇ ਮੈਂ ਸੰਗੀਤ ਸਿੱਖਣਾ ਸੀ। ਇਹ ਸਾਰੀ ਭੱਜ-ਦੌੜ ਮੇਰੇ ਮਨ ਦੀ ਬੇਚੈਨੀ ਦਾ ਕਾਰਨ ਬਣੇ ਹੋਏ ਸੀ। ਸਿਰਫ ਅਮ੍ਰੀਕਾ ਵਿੱਚ। ਮੇਰੀ ਟਰੱਕੀ ਦੀ ਯਾਤਰਾ ਤੋਂ ਇੱਕ ਦਿਨ ਪਹਿਲਾਂ, ‘ਨਿੱਕੀ ਹੇਲੀ’, ਜਿਸਦਾ ਪਿਤਾ ਲੁਧਿਆਣਾ ਵਿਚ ਮੇਰਾ ਅਧਿਆਪਕ ਰਿਹਾ ਸੀ, ਅਖਬਾਰਾਂ ਦੀ ਸੁਰਖੀ ਬਣੀ ਹੋਈ ਸੀ। ਉਸਦਾ ਨਾਂ ਸ਼ਾਇਦ ਕਿਸੇ ਪੈਸੇ ਦੀ ਹੇਰਾ-ਫੇਰੀ ਵਿਚ ਲਟਕ ਰਿਹਾ ਸੀ। ਉਸਦੀ ਯੂ.ਐਨ.ਓ. ਦੀ ਉੱਚੀ ਨੌਕਰੀ ਛੱਡਣ ਦੇ ਕਾਰਨਾਂ ਵਾਰੇ ਲੋਕ ਵੱਖ ਵੱਖ ਅੰਦਾਜ਼ੇ ਲਾ ਰਹੇ ਸਨ, ਕਈ ਇਹ ਕਹਿ ਰਹੇ ਸਨ ਕਿ ਉਹ ਅਵਸਰਵਾਦੀ ਹੈ। ਉਸੇ ਦਿਨ ਅਵਤਾਰ ਗਿੱਲ ਨੇ ਗੁਰਚਰਨ ਰਾਮਪੁਰੀ ਦੀ ਮੌਤ ਦੀ ਖਬਰ ਦਿੱਤੀ। ਰਾਮਪੁਰੀ ਮੇਰਾ ਮਨਪਸੰਦ ਕਵੀ ਸੀ ਜਿਸਦੀ ਇਕ ਮਸ਼ਹੂਰ ਕਵਿਤਾ ਅਵਸਰਵਾਦ ਬਾਰੇ ਸੀ। ਇਹ ਵੀ ਕੈਸਾ ਹਫਤਾ ਸੀ? *** ਅਧਿਆਇ 26 ਅਮਰੀਕਾ ਦੇ ਇਤਿਹਾਸ ਵਿਚ ਨਵੰਬਰ 6, 2018 ਦੀਆਂ ਵੋਟਾਂ ਦਾ ਮੌਸਮ ਬਹੁਤ ਖਰ੍ਹਵਾ ਸੀ। ਇਸਦੇ ਮਾਰੂ ਅਸਰ ਤੇ ਕਾਬੂ ਰੱਖਣ ਲਈ ਅਸੀਂ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਨ ਲੱਗ ਪਏ। ਕੈਲੇਫੋਰਨੀਆ ਦੇ ਟਰੱਕੀ ਇਲਾਕੇ ਦੇ ਬੱਸ ਟਰਿੱਪ ਤੋਂ ਬਾਅਦ, ਮੈਂ ਇਸ ਟਰਿੱਪ ਬਾਰੇ ਲਿਖਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਦੇ ਹੋਰ ਸੈਰ-ਸਪਾਟਿਆਂ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ, ਜੋ ਰੌਕਲੈਂਡ ਦੇ ਸੀਐਰਾ ਕਾਲਜ ਤੋਂ ਸਵੇਰੇ ਸ਼ੁਰੂ ਹੁੰਦੇ ਅਤੇ ਸੀਐਰਾ ਕਾਲਜ ਵਿਚ ਸ਼ਾਮ ਨੂੰ ਸਮਾਪਤ ਹੁੰਦੇ। ਟਰੱਕੀ ਇਕ ਇਤਿਹਾਸਕ ਕਸਬਾ ਹੈ, ਜਿੱਥੇ 19ਵੀਂ ਸਦੀ ਦੇ ਦਰਮਿਆਨ ਦੂਰੋਂ ਦੂਰੋਂ ਬਾਹਰਲੇ ਲੋਕ ਆ ਰਹੇ ਸਨ। 1848-1855 ਦਾ, ਸੋਨੇ ਦੀ ਭਿਣਕ ਵਾਲਾ ਸਮਾਂ, ਕੈਲੇਫੋਰਨੀਆ ਦਾ ਗੋਲਡ ਰਸ਼ ਜਾਣਿਆ ਜਾਂਦਾ ਹੈ। ਇਤਿਹਾਸ ਮੁਤਾਬਕ, ਘੱਟੋ ਘੱਟ 9000 ਸਾਲ ਪਹਿਲਾਂ, ਟਰੱਕੀ ਦੇ ਇਰਦ-ਗਿਰਦ ਦਾ ਇਲਾਕਾ ਵਾਸ਼ੋ ਕਬੀਲੇ ਦਾ ਜ਼ੱਦੀ ਦੇਸ ਸੀ। ਵਾਸ਼ੋ ਕਬੀਲੇ ਤੁਰਦੇ ਫਿਰਦੇ ਰਹਿੰਦੇ ਸਨ, ਇਨ੍ਹਾਂ ਦਾ ਜੀਵਨ ਢੰਗ ਵੀ ਕੋਈ ਵੱਖਰਾ ਸੀ। ਸਤੰਬਰ 9, 1850 ਵਿਚ ਕੈਲੇਫੋਰਨੀਆ ਅਮਰੀਕਾ ਦਾ 31ਵਾਂ ਸੂਬਾ ਬਣਿਆ। ਸੰਨ 1850 ਤੋਂ ਪਹਿਲਾਂ, ਇਹ ਇਲਾਕਾ ਮੈਕਸੀਕੋ ਦਾ ਹਿੱਸਾ ਸੀ, ਜਦ ਮੱਧ ਅਮਰੀਕਾ ਅਤੇ ਯੂਰਪ ਦੇ ਲੋਕ ਇੱਥੋਂ ਦੀ ਖੁਸ਼ਹਾਲੀ ਦੇਖ ਇਧਰ ਆਉਣ ਲੱਗ ਪਏ, ਤਦ ਇੱਥੋਂ ਦੇ ਆਦਿ-ਵਾਸੀਆਂ ਨਾਲ ਯੁੱਧ ਵੀ ਛਿੜਦੇ ਰਹੇ। ਮੱਧ ਅਮਰੀਕਾ ਵਿਚ ਵਸੇ ਲੋਕਾਂ ਦਾ ਇਕ ਕਾਫਲਾ, ਜੀਹਦਾ ਪ੍ਰਚੱਲਤ ਨਾਮ ਡੌਨਰ ਗਰੁੱਪ ਹੈ, 1846 ਦੀਆਂ ਗਰਮੀਆਂ ਵਿਚ ਆਪਣੀ ਬੱਘੀ ‘ਚ ਸਮਾਨ ਲੱਦ ਟਰੱਕੀ ਦੇ ਇਲਾਕੇ ਵਿਚ ਪਹੁੰਚ ਗਏ। ਇਸ ਸਫ਼ਰ ਨੂੰ ਛੇ ਮਹੀਨੇ ਲੱਗ ਗਏ। ਜਿਸ ਦਿਨ ਪਹੁਚੇ ਅਕਤੂਬਰ 31 ਸੀ, ਜਿਸ ਤਰੀਕ ਨੂੰ ਹੁਣ ਹਾਲੋਈਨ (Halloween) ਦਾ ਤਿਓਹਾਰ ਮਨਾਇਆ ਜਾਂਦਾ ਹੈ। ਅੱਕੇ ਥੱਕੇ ਹੋਣ ਕਰਕੇ ਉਹ ਇੱਥੇ ਸਾਹ ਲੈਣ ਲਈ ਰੁਕ ਗਏ। ਅਚਾਨਕ ਉਸ ਸਾਲ ਬਰਫ ਐਨੀ ਪਈ ਕਿ ਕਈ ਮਹੀਨੇ ਅੱਗੇ ਨਾ ਤੁਰ ਸਕੇ। ਨਤੀਜੇ ਭਿਆਨਕ ਨਿਕਲੇ। ਇਸ ਜਗ੍ਹਾ ਦਾ ਨਾਂ ਡਾਨਰ ਲੇਕ ਪੈ ਗਿਆ ਜਿੱਥੇ ਸ਼ਾਨਦਾਰ ਡਾਨਰ ਮੈਮੋਰੀਅਲ ਪਾਰਕ (Donner Memorial Park) ਵੀ ਬਣਿਆ ਹੋਇਆ ਹੈ। ਸਾਡਾ ਟੂਰ ਗਾਈਡ, ਡਾਨਰ ਪਾਰਕ ਦੀ ਇਤਿਹਾਸਕ ਜਾਣਕਾਰੀ ਦੇਣ ਸਮੇਂ, ਮਨਘੜਤ ਗੱਲਾਂ ਘਸੋੜ ਜਾਂਦਾ ਜਾਂ ਇਧਰਲੀਆਂ ਉਧਰਲੀਆਂ ਤੇ ਜੋਰ ਦੇਣ ਲੱਗ ਜਾਂਦਾ। ਉਹਨੂੰ ਪਾਸੇ ਛੱਡ, ਮੈਂ ਤਸਵੀਰਾਂ ਖਿੱਚਣ ਲੱਗ ਪਿਆ। ਤੁਰਨ ਸਮੇਂ ਮੈਂ ਫੇਰ ਟੋਲੇ ਨਾਲ ਰਲ ਜਾਂਦਾ। ਇਕ ਥਾਂ ਐਸੀ ਦੇਖੀ ਜਿੱਥੇ ਵੱਡੇ ਵੱਡੇ ਪੱਥਰ ਸਿਰ ਕੱਢੀ ਪਏ ਹਨ। ਬਰਫਾਲੀ ਚਟਾਨਾਂ ਦੇ ਨਾਲ ਕਿਸੇ ਸਮੇਂ ਪੱਥਰ ਵੀ ਰੁੜ੍ਹ ਆਏ, ਟੂਰ ਗਾਈਡ ਕਹਿੰਦਾ। ਪਾਰਕ ਵਿਚ ਬਣੇ ਅਜਾਇਬ ਘਰ ਵਿਚ ਫਿਲਮ ਵੀ ਦਿਖਾਈ ਜਾਂਦੀ ਹੈ, ਡਾਨਰ ਟੋਲੀ ਦੀਆਂ 1846 ਵੇਲੇ ਦੀਆਂ ਨਿਸ਼ਾਨੀਆਂ ਵੀ ਪਈਆਂ ਹਨ, ਜਿਨ੍ਹਾਂ ਤੋਂ ਉਸ ਵੇਲੇ ਦੀਆਂ ਮੁਸ਼ਕਲਾਂ ਬਾਰੇ ਅਹਿਸਾਸ ਹੁੰਦਾ ਹੈ। ਉਸ ਵੇਲੇ ਉਨ੍ਹਾਂ ਨੂੰ ਪਰਦੇਸੀ ਜਾਂ ਪਰਵਾਸੀ, emigrants, ਆਖਿਆ ਜਾਂਦਾ ਸੀ। ਆਵਾਸੀ, immigrants, ਨਹੀਂ। ਮੇਰੇ ਲਈ ਇਹ ਉਹ ਸਮਾਂ ਸੀ ਜਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਪੰਜਾਬ ਵਿਚ ਫਰੰਗੀਆਂ ਨੇ ਮਹਾਰਾਜੇ ਨਾਲ ਕੀਤੀ ਸੰਧੀ ਰੱਦ ਕਰਕੇ ਸਾਰੇ ਪੰਜਾਬ ਨੂੰ ਵੀ ਆਪਣੇ ਅਧੀਨ ਕਰ ਲਿਆ। ਇਸ ਨਾਲ ਅੰਗਰੇਜਾਂ ਨੇ ਸਾਰੇ ਭਾਰਤ ਉੱਤੇ ਕਬਜਾ ਕਰਕੇ 98 ਕੁ ਸਾਲ ਰਾਜ ਕੀਤਾ। ਇੰਡੀਆ ਤੇ ਪਹਿਲਾਂ ਵੀ ਕਈ ਧਾੜਵੀਆਂ ਨੇ ਰਾਜ ਕੀਤੇ ਸਨ। ਇਸ ਤੁਲਨਾ ਨਾਲ ਮੇਰੇ ਜ਼ਹਿਨ ਵਿਚ ਟਰੱਕੀ ਦੇ ਡਾਨਰ ਅਜਾਇਬ ਘਰ ਦੀ ਯਾਦ ਪੱਕੀ ਹੋ ਗਈ। ਵੋਟਾਂ ਦੇ ਮੌਸਮ ਤੋਂ ਥੋੜੇ ਦਿਨਾਂ ਦਾ ਛੁਟਕਾਰਾ, ਟੱਰੱਕੀ ਜਾਣ ਦੇ ਬਾਅਦ ਫੇਰ ਖਤਮ ਹੋ ਗਿਆ। ਮਾਮਲਾ ਦਿਨ-ਬ-ਦਿਨ ਭਖਦਾ ਗਿਆ, ਮੰਦਾ ਵੱਧ, ਚੰਗਾ ਘੱਟ। ਵੋਟਾਂ ਦਬਾਉਣ ਲਈ ਹੇਰਾ ਫੇਰੀ ਦੀਆਂ ਮਸਾਲਾਂ ਅਟਲਾਂਟਾ, ਜੌਰਜੀਆ ਤੋਂ ਹੋਰ ਥਾਵਾਂ ਤੱਕ ਫੈਲ ਗਈਆਂ ਸਨ। ਨੈਸ਼ਨੇਲਿਜ਼ਮ ਅਤੇ ਸੋਸ਼ਲਿਜ਼ਮ (Nationalism and Socialism) ਦੇ ਅਰਥ ਵਿਗਾੜ ਕੇ ਫੈਲਾਏ ਜਾ ਰਹੇ ਸਨ। “ਸੀਖਾਂ ਪਿੱਛੇ ਸੁੱਟ ਦੇਵੋ,” ਹਿਲਰੀ ਕਲਿੰਟਨ ਲਈ ਵਰਤਿਆ ਨਾਹਰਾ, ਐਨਾ ਮਸ਼ਹੂਰ ਹੋ ਗਿਆ ਸੀ ਜਿੰਨੀਂ ਅਮਰੀਕਾ ਵਿਚ ਸੇਬ ਦੀ ਪਾਈ (apple pie)। ਅਮਰੀਕੀ ਪੱਤਰਕਾਰ, ਜਮਾਲ ਐਹਮਦ ਖਸ਼ੋਗੀ, ਟਰਕੀ ਵਿਖੇ ਸੌਦੀ ਅਰਬ ਦੀ ਐਮਬੈਸੀ ਵਿਚ ਮਾਰਿਆ ਗਿਆ ਸੀ। ਅਮਰੀਕਾ/ਮੈਕਸੀਕੋ ਸਰਹੱਦ ਤੇ ਅਮਰੀਕਾ ਵਿਚ ਪਨਾਹ ਲੈਣ ਆਏ ਲੋਕ ਸਿਆਸਤ ਦੀ ਫੁੱਟਬਾਲ ਬਣ ਚੁੱਕੇ ਸਨ। ਚਿਰਾਂ ਤੋਂ ਲਟਕਦਾ ਇਮੀਗਰੇਸ਼ਨ ਦਾ ਵਿਸ਼ਾ ਹੋਰ ਵੀ ਧੁੰਦਲਾ ਹੋ ਰਿਹਾ ਸੀ। ਜਦੋਂ ਵੋਟਾਂ ਪਾਉਣ ਦੀ ਤਰੀਕ ਆਈ, ਡਾਕ ਰਾਹੀਂ ਬੰਬ ਧਮਾਕਿਆਂ ਦਾ ਪਰਚਾਰ ਪੂਰਬ ਤੋਂ ਪੱਛਮੀ ਤੱਟ ਤੱਕ ਫੈਲ ਗਿਆ। ਕਾਨੂੰਨਾਂ ਦੀ ਰਾਖੀ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਪਿਟਸਬਰਗ ਦੇ ਇਕ ਯਹੂਦੀ ਮੰਦਰ ਵਿਚ ਗੋਲਾਬਾਰੀ ਦਾ ਸਾਹਮਣਾ ਕਰਨਾ ਪਿਆ, ਜਿਸ ਵਿਚ 11 ਉਪਾਸ਼ਕ ਮਾਰੇ ਗਏ। ਖਬਰਾਂ ਦੇ ਮਾਹਰ ਅਮਰੀਕਾ ਦੀ ਘਰ-ਬਾਹਰ ਘੱਟ ਰਹੀ ਇੱਜ਼ਤ ਬਾਰੇ ਬਹਿਸਾਂ ਕਰਦੇ ਰਹੇ। ਸੁਰਿੰਦਰ ਅਤੇ ਮੈਂ, ਸੰਨ 1937 ਵੇਲੇ ਦੀ ਦੁਬਾਰਾ ਬਣੀ ਫਿਲਮ, ‘‘ਇਕ ਸਤਾਰਾ ਜਨਮਿਆ ਹੈ’’, ਦੇਖੀ। ਮੈਂ ਸੰਨ 1942 ਵਿਚ ਜਨਮਿਆ ਅਜੇ ਵੀ ਸਿੱਖ ਰਿਹਾ ਸਾਂ। *** ਅੰਤਕਥਨ ਇਹ ਯਾਦਦਾਸ਼ਤ ਮੈਂ ਛਪਾਈ ਤੋਂ ਪੰਜ ਕੁ ਸਾਲ ਪਹਿਲਾਂ ਲਿਖਣੀ ਸ਼ੁਰੂ ਕੀਤੀ ਸੀ, ਪਰ ਇਸ ਲਿਖਾਈ ਦੇ ਬੀਜ ਤਾਂ ਸੰਨ 2002 ਵਿਚ ਬੀਜੇ ਗਏ ਸਨ, ਜਦ ਮੈਂ ਕੈਂਸਰ ਤੋਂ ਛੁਟਕਾਰਾ ਪਾ ਕੇ ਲਿਖਣਾ ਸ਼ੁਰੂ ਕੀਤਾ। ਜੋ ਮਨ ਆਇਆ, ਮੈਂ ਲਿਖ ਮਾਰਿਆ। ਇਕ ਵਾਰ ਮੈਂ ਇਕ ਪੰਜਾਬੀ ਰਸਾਲੇ ਲਈ ਕੈਂਸਰ ਲੇਖ ਲਿਖਿਆ। ਪਾਠਕਾਂ ਵੱਲੋਂ ਮੇਰਾ ਲੇਖ ਸਲਾਹਿਆ ਗਿਆ। ਕਨੇਡਾ ਅਤੇ ਆਸਟਰੇਲੀਆ ਵਿਚੋਂ ਉਨ੍ਹਾਂ ਲੋਕਾਂ ਦੇ ਫੋਨ ਵੀ ਆਏ ਜਿਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੂੰ ਕੈਂਸਰ ਨੇ ਘੇਰਿਆ ਹੋਇਆ ਸੀ। ਇਕ ਨੇ ਮੈਂਨੂੰ ਆਪਣੇ ਮਰ ਰਹੇ ਬਾਪ ਨਾਲ ਗੱਲ ਕਰਨ ਲਈ ਕਿਹਾ। ਜਦ ਮੈਂ ਆਪਣੀ ਯਾਦਦਾਸ਼ਤ ਬਾਰੇ ਲਿਖਣਾ ਸ਼ੁਰੂ ਕੀਤਾ ਤਦ ਮੈਂ ਕੈਂਸਰ ਬਾਰੇ ਹੋਰ ਜ਼ਿਆਦਾ ਪੜ੍ਹਨ ਲੱਗਾ। ਪਹਿਲਾਂ ਮੈਂਨੂੰ ਕੋਈ ਸੁੱਧ-ਬੁੱਧ ਨਹੀਂ ਸੀ ਕਿ ਇਸਦਾ ਕੀ ਬਣੂ। ਆਪਣੀਆਂ ਯਾਦਾਂ ਲਿਖਣ ਦੀ ਵੰਗਾਰ ਮੈਂਨੂੰ ਖੁਸ਼ੀਆਂ ਭਰੀ ਹੋਣ ਲੱਗੀ। ਇਹ ਤਜਰਬਾ ਸਿਰਫ ਲਿਖਣਾ ਹੀ ਨਹੀਂ ਸੀ। ਮੇਰੀ ਖ਼ੁਸ਼ਕਿਸਮਤੀ, ਕਿ ਮੇਰਾ ਲੀਊਕੀਮੀਆ ਤੋਂ ਬਚਾ ਹੋ ਗਿਆ। ਇਸ ਬਾਰੇ ਲਿਖਣਾ ਪਹਿਲਾਂ ਔਖਾ ਸੀ, ਤੇ ਮੱਠਾ ਸੀ, ਪਰ, ਮਨ ਦੇ ਟਿਕਾਓ ਦਾ ਸਾਧਨ ਵੀ ਸੀ। ਇਸ ਕਿਤਾਬ ਨੂੰ ਖਤਮ ਕਰਦੇ ਸਮੇਂ, ਆਮ ਤੌਰ ਤੇ ਮੈਂ ਸਵੇਰ ਦੇ ਪੰਜ ਵਜੇ ਉਠਦਾ ਸੀ, ਅਤੇ ਜੇ ਸੁਰਿੰਦਰ ਨਾ ਉੱਠੀ ਹੁੰਦੀ ਤਾਂ ਦੋਨਾਂ ਲਈ ਚਾਹ ਮੈਂ ਧਰ ਦਿੰਦਾ। ਚਾਹ ਪੀ ਕੇ ਮੈਂ ਆਸਾ ਦੀ ਵਾਰ ਗੁਰਬਾਣੀ ਸੁਣਦਾ ਅਤੇ ਨਾਲ ਕੁਝ ਵਜਾਉਣ ਵੀ ਲੱਗ ਜਾਂਦਾ। ਏਨੇ ਵਿਚ ਛੋਟਾ-ਮੋਟਾ ਨਾਸ਼ਤਾ ਅਤੇ ਦਵਾਈਆਂ ਲੈਣ ਦਾ ਸਮਾਂ ਆ ਜਾਂਦਾ। ਇਸਤੋਂ ਬਾਅਦ ਦਿਨ ਦੇ ਖਾਕੇ ਤੇ ਨਜ਼ਰ ਮਾਰੀ ਜਾਂਦੀ। ਇਸ ਖਾਕੇ ਵਿਚ ਤੁਰਨਾ-ਫਿਰਨਾ ਜਾਂ ਤੈਰਨਾ ਵੀ ਸ਼ਾਮਲ ਹੁੰਦੇ। ਮੈਂਨੂੰ ਪਾਣੀ ਦੀਆਂ ਕਸਰਤਾਂ ਜ਼ਿਆਦਾ ਪਸੰਦ ਸਨ। ਜਦ ਅਸੀਂ ਕੈਲੇਫੋਰਨੀਆ ਮੁੜ ਆ ਕੇ ਟਿਕੇ ਤਾਂ ਸਾਡੇ ਲਾਗੇ ਇਕ ਢਕਿਆ ਤਲਾਅ ਖੁੱਲ੍ਹ ਗਿਆ ਸੀ। ਅਸੀਂ ਇਸਦੇ ਪਹਿਲੇ ਮੈਂਬਰ ਹੋਣ ਕਰਕੇ ਫੀਸ ਵੀ ਘੱਟ ਦਿੰਦੇ ਸੀ। ਜਦ ਕਿ ਕਸਰਤ ਕਰਨਾ ਜਰੂਰੀ ਸੀ, ਮੇਰਾ ਬਾਕੀਦਾ ਦਿਨ ਪੜ੍ਹਨ, ਲਿਖਣ, ਸੰਗੀਤ ਅਤੇ ਘਰੋਗੀ ਕੰਮਾਂ ਵਿਚ ਗੁਜ਼ਰ ਜਾਂਦਾ। ਮੇਰੇ ਲਈ ਕਿਸੇ ਆਹਰ ਵਿਚ ਲੱਗੇ ਰਹਿਣਾ ਜ਼ਰੂਰੀ ਸੀ, ਨਹੀਂ ਤਾਂ ਨੌਕਰੀ ਬਿਨਾ ਦਿਨ ਕੱਟਣਾ, ਦਿਨਕਟੀ ਵਿਚ ਬਦਲ ਜਾਂਦਾ। ਮੇਰੇ ਸੰਗੀਤ ਉਸਤਾਦ ਸਭ ਚੰਗੇ ਸਨ, ਪਰ ਹਮੇਸ਼ਾਂ ਮੇਰੇ ਨਾਲ ਨਹੀਂ ਸਨ ਚਲਦੇ। ਇਕ ਨੂੰ ਤਾਂ ਇਹ ਨਹੀਂ ਸੀ ਸਮਝ ਆਉਂਦੀ ਕਿ ਮੈਂ ਕਿਉਂ ਸਿੱਖ ਰਿਹਾਂ। ਸ਼ਾਇਦ ਉਹ ਮੇਰੀ ਉਮਰ ਅਨੁਸਾਰ ਕੋਈ ਵੱਖ ਅੰਦਾਜੇ ਲਾ ਰਿਹਾ ਸੀ। ਮੇਰੇ ਅਨੁਸਾਰ ਇਹ ਬੇਹੂਦਾਪਣ ਸੀ। ਮੈਂ ਉਸਤੋਂ ਖਹਿੜਾ ਛੁਡਾਇਆ ਤੇ ਜਿੱਥੋਂ ਮੌਕਾ ਮਿਲਿਆ ਸਿਖਦਾ ਗਿਆ। ਉਮਰ, ਝਗੜੇ ਮਹਾਰਾਜਾ ਤੇ ਰੋਸਿਆਂ ਕਰਨ ਵਾਲੀ ਨਹੀਂ ਰਹੀ। ਮੇਰੀ ਜਮਾਤ ਨਾਲ ਜੁੜੇ ਵਿਦਿਆਰਥੀ ਯਾਦਦਾਸ਼ਤਾਂ ਜਾਂ ਸਵੈ-ਜੀਵਨੀਆਂ ਆਪਣੇ ਬੱਚਿਆਂ ਲਈ ਲਿਖਦੇ, ਜਾਂ ਹੋਰ ਕਾਰਨਾਂ ਕਰਕੇ ਲਿਖ ਰਹੇ ਸਨ। ਕਈਆਂ ਨੂੰ ਡਰ ਸੀ ਕਿ ਕੋਈ ਪੁਆੜਾ ਹੀ ਨਾ ਪੈ ਜਾਵੇ। ਮੇਰੀ ਪਹਿਲੀ ਕਿਤਾਬ ਛਪਣ ਤੋਂ ਬਾਅਦ ਮੈਂਨੂੰ ਅਜੇ ਤੱਕ ਕੋਈ ਪਰੇਸ਼ਾਨੀ ਨਹੀਂ ਸੀ ਆਈ। ਨਾਂ ਮੈਂ ਕਿਤਾਬ ਬੱਚਿਆਂ ਲਈ ਲਿਖਦਾ ਸੀ, ਅਤੇ ਨਾਂ ਹੀ ਅਮੀਰ ਹੋਣ ਦੇ ਧੋਖੇ ਵਿਚ। ਲਿਖਣ ਨਾਲ ਮਨ ਸੰਤੁਸ਼ਟ ਹੋ ਰਿਹਾ ਸੀ। ਪਹਿਲੀ ਕਿਤਾਬ ਲਿਖਣ ਤੋਂ ਬਾਅਦ ਲਿਖਣ ਲਈ ਨਵੀਆਂ ਯਾਦਾਂ ਉੱਭਰ ਰਹੀਆਂ ਸਨ। ਪਰ ਮੈਂ ਲੋਕਾਂ ਦੀਆਂ ਟਿੱਪਣੀਆਂ ਪੜ੍ਹ ਪੜ੍ਹ ਖੁਸ਼ ਰਹਿੰਦਾ ਅਤੇ ਨਵੇਂ ਸੰਪਰਕਾਂ ਦੀ ਭਾਲ ਕਰਦਾ ਰਹਿੰਦਾ। ਕੁਝ ਗੱਲਾਂ ਮੈਂ ਐਸੀਆਂ ਕਰਦਾ ਜੋ ਮੈਂ ਵਿਗਿਆਨੀ ਹੋਣ ਸਮੇਂ ਨਹੀਂ ਸੀ ਕਰ ਸਕਦਾ। ਇਕ ਵਾਰ ਪਰਧਾਨ ਓਬਾਮਾ ਆਪਣੇ ਸਾਲਾਨਾ ਭਾਸ਼ਣ ਸਮੇਂ ਆਪਣੇ ਦਸਖਤ ਕਰਦਾ ਜਾ ਰਿਹਾ ਸੀ। ਮੈਂ ਉਹਨੂੰ ਆਪਣੀ ਕਿਤਾਬ ਭੇਜ ਦਿੱਤੀ। Photo ਸਮਾਂ ਪਾਕੇ ਪਰਧਾਨ ਓਬਾਮਾ ਵੱਲੋਂ ਭੇਜੇ ਪੱਤਰ ਤੇ ਉਸਦੇ ਅਤੇ ਮਿਛੈਲ ਓਬਾਮਾ ਦੇ ਦਸਖਤ ਸਨ। ਜਿਸ ਤਰ੍ਹਾਂ ਵੋਟਾਂ ਸਮੇਂ ਉਹ ਆਪਣੀਆਂ ਤਸਵੀਰਾਂ ਭੇਜਦਾ ਸੀ, ਹੁਣ ਨਹੀਂ ਸੀ ਭੇਜੀ। ਉਹਦੀਆਂ ਪਹਿਲੀਆਂ ਤਸਵੀਰਾਂ ਮੇਰੇ ਮੇਜ ਤੇ ਪਈ ਕਾਗਜਾਂ ਦੀ ਢੇਰੀ ਵਿਚ ਦੱਬੀਆਂ ਪਈਆਂ ਸਨ। ਲਫਾਫੇ ਦੇ ਬਾਹਰ ਮੇਰਾ ਨਾਂ ਗਲਤ ਲਿਖਿਆ ਹੋਇਆ ਸੀ। ਪਹਿਲਾਂ ਪਹਿਲਾਂ ਮੈਂਨੂੰ ਇਹ ਇਕ ਹਾਸੇ ਭਰੀ ਗੱਲ ਲੱਗਾ। ਪਰ, ਮੇਰੇ ਲਈ ਇਹ ਇਕ ਇਤਿਹਾਸਕ ਚਿੱਠੀ ਵੀ ਹੈ। ਮੇਰੀ ਪਹਿਲੀ ਲਿਖੀ ਯਾਦ-ਦਾਸ਼ਤ ਬਾਰੇ, ਜੋ ਸ਼ਬਦ ਹੋਰਾਂ ਪਾਸਿਆਂ ਤੋਂ ਆਏ, ਉਹ ਵੀ ਖਾਸ ਮਾਇਨੇ ਰੱਖਦੇ ਹਨ। ਉਹਨਾਂ ਨੇ ਮੈਂਨੂੰ ਲਿਖਦੇ ਰਹਿਣ ਲਈ ਪਰੇਰਿਆ। ਸਾਡੇ ਬੱਚਿਆਂ ਨੇ ਮੇਰੀ ਲਿਖਤ ਧਿਆਨ ਨਾਲ ਪੜ੍ਹੀ। ਇਹ ਵੀ ਸੰਤੁਸ਼ਟੀ ਵਾਲਾ ਅਨੁਭਵ ਸੀ ਕਿ ਮੇਰੇ ਨਾਲੋਂ ਮੇਰੀ ਕਿਤਾਬ ਬੱਚਿਆਂ ਨਾਲ ਚੰਗੇ ਢੰਗ ਨਾਲ ਬੋਲਦੀ ਹੈ। ਮੈਂ ਹੁਣ ਤੱਕ ਕਾਫੀ ਕੁਝ ਲਿਖ ਲਿਆ, ਜਿਸ ਨਾਲ ਮੇਰੇ ਜੀਵਨ ਦੀ ਇਹ ਹੋਰ ਕਹਾਣੀ ਦੱਸਣ ਜੋਗੀ ਹੋ ਗਈ। ਜੀਵਨ ਢਲ ਰਿਹਾ ਸੀ। ਹੋਰ ਬਹੁਤਾ ਲਿਖਣ ਨਾਲ ਲਿਖਤ ਬੋਝਲ ਦੁਹਰਾਵਿਆਂ ਨਾਲ ਲੱਦੀ ਜਾਂਦੀ, ਭਾਵੇਂ ਢਲਦੀ ਉਮਰ ਨਾਲ ਲਿਖਣਾ ਕੁਝ ਸਰਲ ਹੋ ਗਿਆ ਸੀ। ਇਸ ਕਿਤਾਬ ਦਾ ਅੱਧ-ਪਚੱਧਾ ਖਰੜਾ ਪਰਿਵਾਰ ਨਾਲ ਸਾਂਝਾ ਕਰਕੇ ਮੈਂਨੂੰ ਮਹਿਸੂਸ ਹੋਣ ਲੱਗਾ ਕਿ ਕਿਤਾਬ ਛਾਪਣ ਦਾ ਸਮਾਂ ਆ ਗਿਆ ਸੀ, ਤਾਂਕਿ ਸਵੈਜੀਵਨੀਆਂ ਦੇ ਪਾਠਕ ਵੀ ਪੜ੍ਹ ਸਕਣ। ਇਹ ਮੇਰੇ ਜੀਵਨ ਦੇ ਉਸ ਭਾਗ ਦੀ ਗਾਥਾ ਹੈ ਜਿਸਨੇ ਮੈਨੂੰ ਜਿੰਦਗੀ ਅਤੇ ਮੌਤ ਦੀ ਪੀਂਘ ਤੇ ਲਟਕਾਇਆ। ਫੋਟੋ ਕੈਪਸ਼ਨ ਨਵੰਬਰ 2018 ਦੀ ਅੱਗ, ਜਿਸਨੇ ਪੈਰੇਡਾਈਜ਼, ਕੈਲੇਫੋਰਨੀਆ ਦੇ ਇਲਾਕੇ ਨੂੰ ਝੁਲਸ ਦਿੱਤਾ, ਫੋਟੋ ਦਸੰਬਰ, 2018 ਧੰਨਵਾਦ ਕਨੇਡਾ ਵਸਦੇ ਦੋਸਤ, ਅਵਤਾਰ ਗਿੱਲ ਨੇ ਜੋ ਇੰਟਰਨੈਟ ਪੰਜਾਬੀ ਰਸਾਲੇ ‘ਲਿਖਾਰੀ’, Likhari.org, ਨਾਲ ਜੁੜਿਆ ਹੋਇਆ ਸੀ, 2013 ਵਿਚ ਮੈਂਨੂੰ ਕੈਂਸਰ ਬਾਰੇ ਲੇਖ ਲਿਖਣ ਲਈ ਆਖਿਆ। ਮੈਂ ਝਿੱਜਕ ਝਿੱਜਕ ਕੇ ਉਹਦੀ ਪਰੇਰਨਾ ਸਵੀਕਾਰ ਕੀਤੀ। ਲੇਖ ਛਪਣ ਤੇ ਇੰਡੀਆ, ਕਨੇਡਾ, ਆਸਟਰੇਲੀਆ ਤੋਂ ਸ਼ਲਾਘਾ ਭਰੇ ਫੋਨ ਆਏ। ਇਸ ਨਾਲ ਮੇਰਾ ਹੌਸਲਾ ਇਸ ਯਾਦਦਾਸਤ ਲਿਖਣ ਦੇ ਰੂਪ ਤੱਕ ਪਹੁੰਚ ਗਿਆ। ਸਾਡੇ ਘਰ ਦੇ ਨੇੜੇ ਸਿਆਰਾ ਕਾਲਜ (Sierra College) ਹੈ ਜਿਸ ਵਿਚ ‘ਸੂਅ ਕਲਾਰਕ’, Sue Clark, ਯਾਦਦਾਸਤਾਂ ਲਿਖਣ ਬਾਰੇ ਪੜ੍ਹਾ ਰਹੀ ਸੀ, ਮੈਂ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਸੂਅ ਕਲਾਰਕ, ਇਕ ਸਿੱਦਕੀ ਪੇਸ਼ਾਵਰ ਲਿਖਾਰੀ ਹੁੰਦੀ ਹੋਈ, ਸਾਡੀ ਦੇਖ-ਰੇਖ ਖਿੜੇ ਮੱਥੇ ਕਰਦੀ। ਲੋੜ ਪਈ ਤੇ ਮੱਦਦ ਕਰਨ ਲਈ ਤਿਆਰ ਰਹਿੰਦੀ। ਮੇਰੇ ਲਈ ਇਸ ਸੰਗਤ ਦਾ ਭਾਗ ਹੋਣਾ, ਭਾਗਾਂ ਵਾਲੀ ਗੱਲ ਸੀ। ਡਾ. ਚਾਰਲਸ ਗਾਰਬੋ, ਜੀਹਨੇ ਮੇਰੀ ਕੈਂਸਰ ਦੇ ਇਲਾਜ ਵਿਚ ਭਾਗ ਲਿਆ ਸੀ, ਉਹਨੇ ਮੇਰੀ ਬੀਮਾਰੀ ਦੇ ਕਾਗਜ-ਪੱਤਰ ਇਥਕਾ ਤੋਂ ਪਹੁੰਚਾ ਦਿੱਤੇ। ਇਨ੍ਹਾਂ ਨੂੰ ਪੜ੍ਹ ਪੜ੍ਹ ਮੇਰੀਆਂ ਰੌਚੈਸਟਰ ਦੇ ਸਟਰੌਂਗ ਮੈਮੋਰੀਅਲ ਹਸਪਤਾਲ, Strong Memorial Hospital, ਦੀਆਂ ਅਤੇ ਡਾ. ਜੇਨ ਲੀਜ਼ਵੈਲਡ ਨਾਲ ਜੁੜੀਆਂ ਯਾਦਾਂ ਉੱਗ ਆਈਆਂ, ਜਿਨ੍ਹਾਂ ਨੇ ਮੇਰੀ ਜਾਨ ਹੀ ਨਹੀਂ ਸੀ ਬਚਾਈ, ਸੁਰਿੰਦਰ ਦੀ ਹਰ ਗੱਲ ਵੀ ਸੁਣੀ ਸੀ। ਜਿਵੇਂ ਡੇਵਿਡ ਟਾਈਲਰ, ਸਾਡਾ ਵਕੀਲ, ਘਰ ਆ ਕੇ ਕੰਮ ਨਿਵੇੜ ਜਾਂਦਾ, ਤਿਵੇਂ ਰਿਚਰਡ ਬਲੈਕਮੈਨ, ਚੰਗੇ ਗੁਆਂਢੀ ਵਾਂਗ ਟੁੱਟੀ ਭੱਜੀ ਚੀਜ਼ ਸਵਾਰ ਜਾਂਦਾ। ਜਦ ਵੀ ਮੈਂ ਇੰਡੀਆ ਜਾਂਦਾ, ਹਮੇਸ਼ਾਂ ਭੈਣ ਹਰਬੰਸ ਹੋਰਾਂ ਦੇ ਪਰਿਵਾਰ ਵਿਚ ਹੀ ਰਹਿੰਦਾ। ਉਨ੍ਹਾਂ ਸਦਕੇ ਮੈਂਨੂੰ ਇੰਡੀਆ ਵਿਚ ਕੋਈ ਬੇਗਾਨਗੀ ਨਾ ਲਗਦੀ। ਮੇਰੇ ਸੰਗੀਤ ਉਸਤਾਦ 2010 ਤੋਂ ਮੇਰੇ ਲਈ ਚੜ੍ਹਦੀ ਕਲਾ ਦੇ ਸੋਮੇ ਹਨ। ਫਰੀਮਾਂਟ ਵਸਦਿਆਂ, ਲਾਲ ਸਿੰਘ ਭੱਟੀ ਨੇ ਮੈਂਨੂੰ ਢੋਲ ਸਿਖਾਇਆ। ਬਨਾਰਸ ਵਾਲੇ ਪੰਡਿਤ ਸੰਤੋਸ਼ ਕੁਮਾਰ ਮਿਸ਼ਰਾ, ਅਤੇ ਫਰੀਦਾਬਾਦ ਵਾਲੇ ਸੁਰਿੰਦਰ ਸਿੰਘ ਕੀਰਤੀ ਮੈਂਨੂੰ ਸਕਾਈਪ ਰਾਹੀਂ ਸਾਰੰਗੀ ਸਿਖਾਉਂਦੇ ਰਹੇ। ਮੇਰੀ ਇਹ ਵੀ ਖੁਸ਼ਕਿਸਮਤੀ ਹੈ ਕਿ ਮੈਂ ਪੰਡਿਤ ਬਿਨੇ ਪਾਠਕ ਤੋਂ ਹਾਰਮੋਨੀਅਮ ਦੇ ਸਬਕ ਲਏ ਅਤੇ ਇੰਦਰਜੀਤ ਸਿੰਘ ਤੋਂ ਤਬਲੇ ਦੇ। ਇਹ ਦੋਨੋਂ ਉਸਤਾਦ ਸੈਕਰਾਮੈਂਟੋ ਨਿਵਾਸੀ ਹਨ। ਸੰਨ 1974-76 ਵਿਚ ਕੈਲੇਫੋਰਨੀਆ ਰਹਿੰਦਿਆਂ ਸਾਡੇ ਸਨੇਹੀਆਂ ਦੇ ਦਾਇਰੇ ਵਿਚ ਐਨ ਓਲਸਨ, ਸ਼ਮਸ਼ੇਰ ਕੰਗ, ਸੁਰਜੀਤ ਮਾਰ ਅਤੇ ਹਰਭਜਨ ਢਿਲੋਂ ਵੀ ਸਨ। ਜਦ ਅਸੀਂ 2010 ਵਿਚ ਦੁਬਾਰਾ ਇੱਥੇ ਪਰਤ ਆਏ ਤਾਂ ਉਹ ਅਜੇ ਵੀ ਸਾਨ-ਫਰਾਂਸਿਸਕੋ ਦੇ ਇਰਦ ਗਿਰਦ ਹੀ ਰਹਿ ਰਹੇ ਸਨ। ਨੀਊ ਯਾਰਕ ਪੜ੍ਹਿਆ ਦੋਸਤ ਸੁੱਬਾ ਰਾਓ ਵੀ ਬਰਕਲੇ ਲਾਗੇ ਆ ਵਸਿਆ ਸੀ। ਉਨ੍ਹਾਂ ਸਦਕੇ ਸਾਡੇ ਲਈ ਕੈਲੇਫੋਰਨੀਆ ਟਿਕਣਾ ਸੌਖਾ ਰਿਹਾ ਹੈ। ਸੁਰਿੰਦਰ ਭਾਵੇਂ ਮੇਰੇ ਲਿਖਾਰੀ ਹੋਣ ਤੇ ਨੱਕ-ਬੁੱਲ੍ਹ ਮਾਰਦੀ ਰਹਿੰਦੀ ਹੈ, ਪਰ ਮੇਰਾ ਸਾਥ ਵੀ ਪੂਰਾ ਨਿਭਾਉਂਦੀ ਹੈ। ਪ੍ਰਿੰਟਰ ਦੀ ਸ਼ਿਆਹੀ ਬਦਲਣਾ, ਨੌਕਰੀ ਦੇ ਕੰਮ ਸੰਭਾਲਣੇ, ਬੱਚਿਆਂ ਨਾਲ ਭੁਗਤਣਾ, ਰੱਬ ਦਾ ਉਲਾਂਭਾ ਲਾਹੁਣਾ – – ਉਹ ਸਾਰੇ ਕੰਮ ਜੋ ਮੈਂ ਨਹੀਂ ਸੀ ਕਰਨ ਜੋਗਾ, ਉਹ ਕਰਦੀ। ਇਸ ਤੋਂ ਉਪਰੰਤ ਉਹ ਭੋਜਨ ਬਣਾਉਂਦੀ, ਭਾਂਡੇ ਸੰਭਾਲਦੀ, ਅਤੇ ਲੀੜੇ-ਕੱਪੜੇ ਸਾਫ ਕਰਦੀ। ਕਈ ਵਾਰ ਸੁਰਿੰਦਰ, ਮਨ ਟਿਕਾਉਣ ਲਈ, ਸਾਫ-ਸੁਥਰੇ ਕੱਪੜੇ ਧੋਂਦੀ ਰਹਿੰਦੀ – – ਮੈਂਨੂੰ ਤਾਂ ਏਦਾਂ ਹੀ ਲਗਦਾ ਸੀ। ਸਾਡੇ ਬੱਚੇ, ਇਮਰੋਜ਼, ਪਰਮ, ਅਤੇ ਰੂਪ ਮੈਂਨੂੰ ਹਸਪਤਾਲ ਵਿਚ ਆਕੇ ਮਿਲ ਜਾਂਦੇ ਰਹੇ। ਇਹ ਸਮਾਂ ਉਹ ਕਾਲਜਾਂ ਦੀ ਪੜ੍ਹਾਈ ‘ਚੋ ਕੱਢਦੇ ਰਹੇ। ਹਾਈ ਸਕੂਲ ਤੋਂ ਜੁੜੇ ਸਾਥੀ, ਪਿੰਡ ਝੱਮਟ ਦੇ ਰਾਜਿੰਦਰ ਸਿੰਘ ਪੰਧੇਰ, ਨੇ ਖਰੜੇ ਦਾ ਪੰਜਾਬੀ ਰੂਪ-ਰੰਗ, ਛੇਤੀ ਛੇਤੀ, ਖੁਸ਼ੀ ਨਾਲ ਨਿਖਾਰ ਦਿੱਤਾ ਹੈ। ਉਹ ਅਜੇ ਵੀ ਉਤਨਾ ਹੀ ਫੁਰਤੀਲਾ ਹੈ, ਜਿਤਨਾ ਸੱਠ ਸਾਲ ਪਹਿਲਾਂ ਸਾਡੀ ਹਾਕੀ ਦੀ ਟੀਮ ਦਾ ਕੈਪਟਨ ਹੋਣ ਸਮੇਂ ਹੁੰਦਾ ਸੀ। ਉਪਰੋਕਤ ਵਿਅਕਤੀਆਂ ਦਾ ਮੈਂ ਅਭਾਰੀ ਹਾਂ ਜਿਨ੍ਹਾਂ ਸਦਕੇ ਮੇਰੀ ਯਾਦਦਾਸ਼ਤ ਲਿਖਣ ਲਈ ਚੰਗੀ ਯਾਦ ਬਣੀ ਰਹੀ ਅਤੇ ਹੌਸਲਾ ਬਣਿਆ ਰਿਹਾ। ਕੈਂਸਰ ਦੀ ਮਾਰ ਤੋਂ ਬਚਿਆ ਬਜ਼ੁਰਗ ਹੋਣ ਦੇ ਨਾਤੇ, ਜੇ ਮੈਂ ਕਿਸੇ ਵਿਅਕਤੀ ਦਾ ਨਾਮ, ਜੋ ਭੁੱਲਣਾ ਨਹੀਂ ਸੀ ਚਾਹੀਦਾ, ਭੁੱਲ ਗਿਆ ਹਾਂ, ਤਾਂ ਮੈਂਨੂੰ ਮਾਫੀ ਦਿੱਤੀ ਜਾ ਸਕਦੀ ਹੈ। ਫਿਰ ਭੀ ਮੈਂ ਸਭਨਾਂ ਦਾ, ਸਦਾ ਲਈ, ਧੰਨਵਾਦੀ ਹਾਂ। **** ਪੂਰਕ ਭਾਗ (Appendix) ਮੇਰੇ ਦੋਸਤ ਕਈ ਵਾਰ ਮੈਂਨੂੰ ਕੈਂਸਰ ਦੀ ਬੀਮਾਰੀ ਬਾਰੇ ਸਵਾਲ ਪੁਛਦੇ। ਕੁਝ ਪੰਜਾਬੀ ਵਿਚ ਲਿਖਣ ਲਈ ਕਹਿੰਦੇ, ਜੋ ਮੇਰੀ ਮਾਂ ਬੋਲੀ ਹੈ। ਪਰ ਕਿਉਂਕਿ ‘ਕੈਂਸਰ’ ਇੱਕ ਵੱਡਾ ਮਜਮੂਨ ਹੈ ਜਿਸ ਵਿੱਚ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ, ਇਸ ਬਾਰੇ ਸਾਰਾ ਕੁਝ ਸਮਝਣਾ ਔਖਾ ਹੈ, ਤੇ ਸਮਝਾਣਾ ਹੋਰ ਵੀ ਔਖਾ ਹੈ। ਇਸ ਲਈ ਕਾਫੀ ਦੇਰ ਮੈਂ ਝਿਜਕਦਾ ਰਿਹਾ। ਦੁਨੀਆ ਵਿਚ ਬਹੁਤੀ ਖੋਜ ਦੇ ਨਤੀਜੇ ਅੰਗਰੇਜ਼ੀ ਲਿਖਤ ਅਤੇ ਜ਼ੁਬਾਨ ਵਿਚ ਸੰਚਾਰ ਕੀਤੇ ਜਾਂਦੇ ਹਨ, ਇਸ ਲਈ ਇਸਨੂੰ ਪੰਜਾਬੀ ਵਰਗੇ ਮਜ਼ਮੂਨ ਵਿਚ ਦਰਸਾਉਣਾ ਕੁਝ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ। ਪਰ, ਕੈਂਸਰ ਸਿਰਫ਼ ਅੰਗਰੇਜ਼ੀ ਪੜ੍ਹਨ ਵਾਲਿਆਂ ਦੀ ਧਰਤੀ ਤੇ ਨਹੀਂ ਹੁੰਦੀ, ਕੈਂਸਰ ਦੀਆਂ ਖਬਰਾਂ ਪੰਜਾਬੀ ਅਖ਼ਬਾਰਾਂ ਵਿਚ ਹੁਣ ਆਮ ਛਪਦੀਆਂ ਰਹਿੰਦੀਆਂ ਹਨ। ਅੰਗਰੇਜ਼ੀ ਰਸਾਲਿਆਂ ਵਿਚ ਲੋਕਾਂ ਦੀ ਜਾਣਕਾਰੀ ਲਈ ਸਰਲ ਭਾਸ਼ਾ ਵਿਚ ਬਹੁਤ ਕੁਝ ਛਪਦਾ ਰਹਿੰਦਾ ਹੈ। ਜੋ ਪੰਜਾਬੀ ਅਖਬਾਰਾਂ ਵਿਚ ਛਪਦਾ ਹੈ, ਉਨ੍ਹਾਂ ਦੇ ਸਬੂਤ ਲੱਭਣੇ ਤੇ ਵੇਰਵੇ ਦੇਣੇ ਬਹੁਤੀ ਸਿਆਣੀ ਗੱਲ ਨਹੀਂ ਜਾਪਦੀ। ਕਈ ਲੇਖ ਤਾਂ ਇਸ ਤਰ੍ਹਾਂ ਦੇ ਲੋਕਾਂ ਦੇ ਲਿਖੇ ਹੁੰਦੇ ਹਨ ਜੋ ਆਪਣੇ ਨਾਵਾਂ ਨਾਲ ਡਾਕਟਰ ਲਿਖਕੇ, ਚੰਗੀਆਂ-ਮਾੜੀਆਂ ਦਵਾਈਆਂ ਵੀ ਦੇਈ ਜਾਂਦੇ ਹਨ। ਇਸ ਨਾਲ ਲੋਕਾਂ ਦਾ ਧਰਵਾਸ ਬਣਿਆ ਰਹਿੰਦਾ ਹੈ ‘ਤੇ ਕੁਝ ਲੋਕਾਂ ਦਾ ਤੋਰੀ-ਫੁਲਕਾ ਚਲਦਾ ਰਹਿੰਦਾ ਹੈ। ਪਹਿਲੇ ਸਮਿਆਂ ਵਿਚ ਹੋਮੀਓਪੈਥੀ (Homeopathy) ਦੇ ਇਲਾਜ ਉਸ ਸਮੇਂ ਦੇ ਅਨੁਸਾਰ ਠੀਕ ਹੁੰਦੇ ਸਨ। ਪਰ, ਗੁਲਾਮੀ ਦੇ ਢੇਰ ਹੇਠਾਂ ਹੋਮੀਓਪੈਥੀ ਦੇ ਇਲਾਜ ਆਪਣੀ ਵੱਖਰੀ ਪਛਾਣ ਗੁਆ ਬੈਠੇ ਹਨ ਅਤੇ ਹੁਣ ਲੋਕ ਆਪੋ-ਆਪਣੀਆਂ ਤੂਤੀਆਂ ਜੋਗੇ ਹੀ ਰਹਿ ਗਏ ਲਗਦੇ ਹਨ। ਕਈ ਵਾਰ ਇਨ੍ਹਾਂ ਤੇ ਭੋਲੇ-ਭਾਲੇ ਲੋਕਾਂ ਨੂੰ ਭਰਮਾਉਣ ਦਾ ਦੋਸ਼ ਵੀ ਲਗਦਾ ਦੇਖਿਆ ਗਿਆ ਹੈ। ਅਜੋਕੇ ਵਿਗਿਆਨੀ ਲੇਖਾਂ ਵਿਚ ਹੋਮੀਓਪੈਥੀ ਦਾ ਵੇਰਵਾ ਬਹੁਤ ਘੱਟ ਮਿਲਦਾ ਹੈ ਭਾਵੇਂ ਵਿਗਿਆਨਕ ਖੋਜ ਅਤੇ ਹੋਮੀਓਪੈਥੀ ਦਾ ਆਪਸੀ ਸੰਬੰਧ ਜ਼ਰੂਰ ਹੈ। ਮੈਂ ਕੋਈ ਇਲਾਜ ਕਰਨ ਵਾਲਾ ਡਾਕਟਰ ਤਾਂ ਨਹੀਂ, ਪਰ ਵਿਗਿਆਨਕ ਖੋਜ ਸਮੇਂ ਜੀਵ-ਵਿਗਿਆਨੀਆਂ (biologists) ਦਾ ਕੈਂਸਰ ਦੇ ਵਿਸ਼ੇ ਨਾਲ ਵਾਹ ਹਮੇਸ਼ਾਂ ਪੈਂਦਾ ਰਹਿੰਦਾ ਹੈ। ਮੇਰਾ ਵੀ ਪੈਂਦਾ ਰਿਹਾ ਹੈ ਅਤੇ ਨਿੱਜੀ ਤੌਰ ਤੇ ਹਰ ਬੰਦੇ ਦਾ ਪੈਂਦਾ ਰਹਿੰਦਾ ਹੈ। ਇਸ ਲਈ ਕੈਂਸਰ ਦੇ ਮਜਮੂਨ ਵਿਚ ਬਹੁਤ ਸਾਰੇ ਲੋਕਾਂ ਦੀ ਜੋ ਵੀ ਦਿਲਚਸਪੀ ਹੈ, ਇਹ ਕੁਦਰਤੀ ਹੈ। ਇਸੇ ਤਰ੍ਹਾਂ ਮੇਰੀ ਵੀ ਹੈ। ਪਰ ਪੰਜਾਬੀ ਵਿਚ ਲਿਖਣ ਲਈ ਕੁਝ ਹੋਰ ਤਕਲੀਫਾਂ ਵੀ ਆਉਂਦੀਆਂ ਹਨ ਜਿਨ੍ਹਾਂ ਨੂੰ ਧਿਆਨ ਵਿਚ ਰਖਦਿਆਂ ਮੈਂ ਆਪਣੀ ਸਮਝ ਅਨੁਸਾਰ ਇਕ ਲੇਖ ਤਿਆਰ ਕਰਨ ਦਾ ਉਪਰਾਲ਼ਾ ਕੀਤਾ ਹੈ, ਜਿਸ ਵਿਚ ਮੇਰੀ ਕੋਸ਼ਿਸ਼ ਹੈ ਕਿ ਮੇਰਾ ਲੇਖ: 1. ਸੰਖੇਪ(ਛੋਟਾ)ਰਹਿ ਸਕੇ, ਮੇਰੀ ਇਹ ਵੀ ਕੋਸ਼ਿਸ਼ ਹੈ ਕਿ ਇਸ ਲੇਖ ਵਿਚ ਸਿਰਫ਼ ਸਾਦੇ ਢੰਗ ਨਾਲ ਗੱਲ ਕੀਤੀ ਜਾਵੇ। ‘ਗੁੰਝਲਦਾਰ ਵਿਸ਼ੇ ਤੇ ਸਾਦੇ ਤਰੀਕੇ ਨਾਲ ਗੱਲ ਕਰਨ ਦਾ ਢੰਗ’ ਬਹੁਤੇ ਪਾਠਕਾਂ ਦਾ ਹਿੱਤ ਪੂਰਦਾ ਹੈ। ਭਾਵੇਂ ਇਹ ਲੇਖ ਪੰਜਾਬੀ ਵਿਚ ਲਿਖਿਆ ਗਿਆ ਹੈ, ਪਰ ਕੈਂਸਰ ਦੀਆਂ ਕਿਸਮਾਂ ਦੇ ਨਾਮ ਸਿਰਫ ਪੰਜਾਬੀ ਵਿਚ ਦੇਣ ਨਾਲ ਲੇਖ ਦੀ ਸਾਦਗੀ ਵਿਚ ਕੋਈ ਵਾਧਾ ਨਹੀਂ ਹੁੰਦਾ। ਮੇਰੀ ਇਹ ਕੋਸ਼ਿਸ਼ ਤਾਂ ਕੈਂਸਰ ਬਾਰੇ ਆਮ ਜਾਣਕਾਰੀ ਦੇਣ ਲਈ ਕੀਤੀ ਗਈ ਹੈ। 1. ਮਨੁੱਖੀ ਸਰੀਰ: ਸਾਦੇ ਲਫਜਾਂ ਵਿਚ, ਜਿਸ ਤਰ੍ਹਾਂ ਰਹਿਣ ਲਈ ਘਰ ਕਈ ਕਿਸਮ ਦੀਆਂ ਇੱਟਾਂ, ਪੱਥਰਾਂ ਬਗੈਰਾ ਤੋਂ ਬਣੇ ਹੁੰਦੇ ਹਨ, ਇਸੇ ਤਰ੍ਹਾਂ ਮਨੁੱਖੀ ਸਰੀਰ ਦੇ ਛੋਟੇ ਛੋਟੇ ਟੁਕੜੇ ਹੁੰਦੇ ਹਨ ਜਿਹੜੇ ਜੁੜ ਜੁੜ ਕੇ ਵੱਖਰੇ ਅੰਗ ਬਣ ਜਾਂਦੇ ਹਨ। ਇਹ ਟੁਕੜੇ ਖੁਰਦਬੀਨ ਬਿਨਾ ਦੇਖੇ ਨਹੀਂ ਜਾ ਸਕਦੇ। ਇਨ੍ਹਾਂ ਨੂੰ ‘ਸੈਲ’ ਕਹਿੰਦੇ ਹਨ। ਇਹ ‘ਸੈਲ’ ਹੀ ਸਰੀਰ ਨੂੰ ਚਲਾਂਉਂਦੇ ਹਨ, ਅਤੇ ਜੀਂਦਿਆਂ ਰਖਦੇ ਹਨ। (ਜਿਵੇਂ ਬੈਟਰੀ ਦੇ ਸੈਲ ਬੈਟਰੀ ਨੂੰ ਚਲਾਂਦੇ ਨੇ)। ਸਰੀਰ ਵਿਚ ਇਨ੍ਹਾਂ ‘ਸੈਲਾਂ’ ਦੀਆਂ ਬਹੁਤ ਕਿਸਮਾਂ ਹੁੰਦੀਆਂ ਹਨ। ਦਿਮਾਗ ਦੇ ਸੈਲ ਵੱਖਰੀ ਕਿਸਮ ਦੇ ਹੁੰਦੇ ਹਨ। ਲਹੂ ਦੇ ਸੈਲ ਵੀ ਵੱਖਰੀ ਕਿਸਮ ਦੇ ਹੁੰਦੇ ਹਨ। ਇਹ ਸਾਰੇ ਸੈਲ ਇਕੋ ਕਿਸਮ ਦੇ ਸੈਲਾਂ ਤੋਂ ਸ਼ੁਰੂ ਹੋ ਕੇ ਵੱਖੋ ਵੱਖਰੇ ਰਸਤੇ ਅਪਣਾਕੇ ਪੈਦਾ ਹੋਏ ਹੁੰਦੇ ਹਨ। ਨਵੇਂ ਨਰੋਏ ਵੱਖ ਵੱਖ ਸਰੀਰਾਂ ਵਿਚ ਇਨ੍ਹਾਂ ਦੀ ਮਾਤਰਾ ਤਕਰੀਬਨ ਇਕੋ ਜਿਹੀ ਹੁੰਦੀ ਹੈ। ਥੋੜਾ ਬਹੁਤਾ ਫ਼ਰਕ ਜਰੂਰ ਹੁੰਦਾ ਹੈ ਜੋ ਉਮਰ ਅਨੁਸਾਰ ਸਭਨਾਂ ਲੋਕਾਂ ਵਿਚ ਬਦਲਦਾ ਵੀ ਰਹਿੰਦਾ ਹੈ। ਸਰੀਰ ਵਿਚਲੇ ‘ਸੈਲ’ ਟੁਟਦੇ-ਭਜਦੇ ਵੀ ਰਹਿੰਦੇ ਹਨ ਅਤੇ ਇਨ੍ਹਾਂ ਦੀ ਟੁੱਟ-ਭੱਜ ਦੀ ਪੂਰਤੀ ਲਈ ਨਵੇਂ ‘ਸੈਲ’ ਬਣਦੇ ਰਹਿੰਦੇ ਹਨ। ਕੋਈ ਸਮਾਂ ਆ ਜਾਂਦਾ ਹੈ ਜਦੋਂ ਨਵੇਂ ‘ਸੈਲ’ ਬਨਾਉਣ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਤੇ ਬੁਢਾਪੇ ਦੇ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ। ਸਹੀ ਖ਼ੁਰਾਕ ਤੇ ਸਹੀ ਜੀਵਨ-ਜਾਚ ਨਾਲ ਇਨਸਾਨ ਬੁਢਾਪੇ ਨੂੰ ਕੁਝ ਆਹਿਸਤਾ ਕਰ ਸਕਦਾ ਹੈ, ਪਰ ਆਖਰ ਨੂੰ ਇਹ ਨਵੇਂ ‘ਸੈਲ’ ਬਨਾਉਣ ਦੀ ਕ੍ਰਿਆ ਵੀ ਖਤਮ ਹੋ ਜਾਂਦੀ ਹੈ। 2. ਕੈਂਸਰ ਕੀ ਹੁੰਦੀ ਹੈ: ਜਦੋਂ ਸਰੀਰ ਦੇ ਕਿਸੇ ਕਿਸਮ ਦੇ ਸੈਲ ਬਹੁਤੇ ਵਧਣ ਲੱਗ ਜਾਣ ਤੇ ਦੂਸਰੀਆਂ ਕਿਸਮਾਂ ਦੇ ਸੈਲ ਘਟਣ ਲੱਗ ਪੈਣ ਤਾਂ ਅੱਡ ਅੱਡ ਸੈੱਲਾਂ ਦੀ ਮਾਤਰਾ ਬਹੁਤ ਅਦਲ-ਬਦਲ ਹੋ ਜਾਂਦੀ ਹੈ। ਉਸੇ ਨੂੰ ਕੈਂਸਰ ਕਹਿੰਦੇ ਹਨ। ਬਹੁਤੀ ਖੁਰਾਕ ਫਿਰ, ਇਹ ਇੱਕੋ ਕਿਸਮ ਦੇ ਸੈਲ ਖਾਣ ਲੱਗ ਪੈਂਦੇ ਹਨ ਤੇ ਬਾਕੀਆਂ ਦਾ ਨਿਘਾਰ ਹੋਣ (ਭੱਠਾ ਬਹਿਣ) ਲੱਗ ਜਾਂਦਾ ਹੈ। ਇਹ ਵਧ ਰਹੇ ਸੈਲ ਕਿਤੋਂ ਬਾਹਰੋਂ ਨਹੀਂ ਆਉਂਦੇ, ਇਸ ਲਈ ਇਹ ਘਰ ਦੇ ਭੇਤੀ ਸੈਲ, ਸਹਾਇਤਾ ਕਰਨ ਦੀ ਵਜਾਏ, ਸਭ ਕੁਝ ਆਪ ਹੀ ਸਮੇਟੀ ਜਾਂਦੇ ਹਨ। ਭ੍ਰਿਸ਼ਟਾਚਾਰ ਖਿੰਡਾਉਣ ਵਾਲੇ ਕਰਮਚਾਰੀਆਂ ਵਾਂਗ। 3. ਕੈਂਸਰ ਦੀਆਂ ਕਿਸਮਾਂ (Cancer Types): ਕੈਂਸਰ ਕੋਈ ਇਕ ਕਿਸਮ ਦੀ ਬੀਮਾਰੀ ਨਹੀਂ। ਸਾਡੇ ਸਰੀਰ ਦਾ ਕੋਈ ਹਿੱਸਾ ਕੈਂਸਰ ਦਾ ਸ਼ਿਕਾਰ ਹੋ ਸਕਦਾ ਹੈ। ਪਰ ਕਿਉਂਕਿ ਵੱਖ ਵੱਖ ਹਿੱਸੇ ਵੱਖੋ-ਵੱਖਰੇ ‘ਸੈਲਾਂ’ ਨਾਲ ਬਣੇ ਹੋਏ ਹਨ, ਇਸ ਲਈ ਕੈਂਸਰ ਦੀਆਂ ਕਿਸਮਾਂ ਵੀ ਬਹੁਤ ਹਨ। ਸਾਇੰਸਦਾਨਾਂ-ਡਾਕਟਰਾਂ ਨੇ ਵੱਖਰੀ ਵੱਖਰੀ ਪਛਾਣ ਵਾਲੀਆਂ ਕੈਂਸਰ ਦੀਆਂ ਤਕਰੀਬਨ 100 ਕਿਸਮਾਂ ਦੱਸੀਆਂ ਹਨ।। ਕੁਝ ਕਿਸਮਾਂ ਔਰਤਾਂ ਨਾਲ ਸੰਬੰਧਤ ਹਨ। ਛਾਤੀ, ਬੱਚੇਦਾਨੀ ਅਤੇ ਅੰਡੇਦਾਨੀ ਦਾ ਕੈਂਸਰ ਔਰਤਾਂ ਵਿਚ ਜ਼ਿਆਦਾ ਮਿਲਦਾ ਹੈ। ਇਸੇ ਤਰ੍ਹਾਂ ਕੁਝ ਕਿਸਮਾਂ ਮਰਦਾਂ ਵਿਚ ਆਮ ਹੁੰਦੀਆਂ ਹਨ। ਹੇਠਾਂ ਮੈਂ ਕੈਂਸਰ ਦੀਆਂ ਮੋਟੀਆਂ ਮੋਟੀਆਂ ਕਿਸਮਾਂ ਦਾ ਵੇਰਵਾ ਲਿਖ ਦਿੱਤਾ ਹੈ ਜੋ ਆਮ ਲੇਖਾਂ ਵਿਚ ਛਪਦਾ ਰਹਿੰਦਾ ਹੈ। ਕੈਂਸਰ ਕਿਸਮਾਂ ਦੀ ਸੂਚੀ (Cancer Types): ਬੇਸ਼ੱਕ, ਇਹ ਸੂਚੀ ਵੀ ਅਧੂਰੀ ਹੈ, ਪਰ ਇਸ ਨਾਲ ਕੁਝ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਇਸ ਸੂਚੀ ਤੋਂ ਸਿੱਧ ਹੁੰਦਾ ਹੈ ਕਿ ਕੈਂਸਰ ਸਰੀਰ ਦੇ ਕਿਸੇ ਵੀ ਅੰਗ ਨੂੰ ਛੂਹ ਸਕਦੀ ਹੈ। ਜਦੋਂ ਸਰੀਰ ਦੇ ਕਿਸੇ ਵੀ ਅੰਗ ਨੂੰ ਲਗਾਤਾਰ ਠੇਸ ਪਹੁੰਚੀ ਤੇ ਉਸ ਅੰਗ ਵਿਚ ਐਸੀ ਤਬਦੀਲੀ ਆਈ ਕਿ ਕੁਝ ਸੈਲ ਬਹੁਤ ਵਧਣ ਲੱਗ ਪਏ ਤੇ ਦੂਸਰੇ ਸੈਲਾਂ ਤੇ ਇਨ੍ਹਾਂ ਦਾ ਅਸਰ ਭਾਰੂ ਹੋ ਗਿਆ। ਜੇ ਇਸ ਕ੍ਰਿਆ ਨੂੰ ਰੋਕਿਆ ਨਾ ਜਾ ਸਕੇ ਤਾਂ ਹੌਲੀ ਹੌਲੀ ਇਹ ਸਰੀਰ ਲਈ ਘਾਤਕ ਹੋ ਜਾਂਦੀ ਹੈ। ਕੈਂਸਰ ਇਕ ਜਾਨ-ਲੇਵਾ ਰੋਗ ਹੈ। 4. ਕੈਂਸਰ ਕਿਉਂ ਹੋ ਜਾਂਦੀ ਹੈ: ਕੈਂਸਰ ਸਾਰੇ ਲੋਕਾਂ ਨੂੰ ਨਹੀਂ ਹੁੰਦੀ। ਜੇ ਇਹ ਕਿਸੇ ਨੂੰ ਹੋ ਵੀ ਜਾਵੇ ਤਾਂ ਖੰਘ (Flu) ਵਾਂਗ ਫੈਲਦੀ ਨਹੀਂ। ਕੁਝ ਬੱਚੇ ਜਨਮ ਤੋਂ ਹੀ ਇਸ ਕਰਕੇ ਕਮਜ਼ੋਰ ਹੁੰਦੇ ਹਨ ਕਿ ਉਨ੍ਹਾਂ ਦੇ ਸਰੀਰਕ ਸੈੱਲਾਂ ਦੀ ਮਾਤਰਾ ਪਹਿਲਾਂ ਹੀ ਭੰਗ ਹੋਈ ਹੁੰਦੀ ਹੈ ਜਾਂ ਛੇਤੀ ਭੰਗ ਹੋ ਸਕਦੀ ਹੈ। ਇਹ ‘ਜਮਾਂਦਰੂ’ ਕਿਸਮ ਦੀ ਕੈਂਸਰ ਹੁੰਦੀ ਹੈ। ਬਹੁਤੇ ਨਵੇਂ ਨਰੋਏ ਲੋਕਾਂ ਵਿਚ ਇਸ ਮਾਤਰਾ ਨੂੰ ਭੰਗ ਹੋਣ ਤੋਂ ਉਮਰ ਭਰ ਰੋਕ ਰਹਿੰਦੀ ਹੈ। ਇਸ ਰੋਕਣ-ਦੇ-ਕਾਬਲ (ਅਰੋਗ) ਹਾਲਤ ਨੂੰ ਅੰਗਰੇਜੀ ਵਿੱਚ ‘ਇਮੂਨੋ-ਕੰਮਪੀਟੈਂਟ’, immuno-competent, ਕਿਹਾ ਜਾਂਦਾ ਹੈ। ਪਰ ਸਰੀਰਾਂ ਉੱਤੇ ਮਾੜੇ ਪੌਣ-ਪਾਣੀ-ਪਦਾਰਥਾਂ ਦੇ ਅਸਰ ਵੀ ਚਲਦੇ ਰਹਿੰਦੇ ਹਨ ਜਿਨ੍ਹਾਂ ਕਰਕੇ ‘ਸੈੱਲਾਂ’ ਦੀ ਮਸ਼ੀਨਰੀ (Genetic make-up) ਬਦਲਦੀ ਰਹਿੰਦੀ ਹੈ। ਆਮ ਤੌਰ ਤੇ ਇਸ ਅਦਲਾ-ਬਦਲੀ ਨਾਲ ਕੋਈ ਫਰਕ ਨਹੀਂ ਪੈਂਦਾ। ਕਦੇ-ਕਦਾਈਂ ਇਹ ਅਦਲਾ-ਬਦਲੀ ਕੈਂਸਰ ਦੇ ‘ਸੈੱਲ’ ਪੈਦਾ ਕਰਨ ਲੱਗ ਜਾਂਦੀ ਹੈ। ਇਸ ਹਾਲਤ ਨੂੰ ਰੋਕਣ-ਤੋਂ-ਅਸਮਰਥ, ਅੰਗਰੇਜੀ ਵਿੱਚ ‘ਇਮੂਨੋ-ਇਨਕੰਮਪੀਟੈਂਟ’ immuno-incompetent, ਕਿਹਾ ਜਾਂਦਾ ਹੈ। ਸਾਡੇ ਮਨੁੱਖੀ ਸਰੀਰ ਆਲੇ-ਦੁਆਲੇ ਦੇ ਵਾਤਾਵਰਨ ਅਨੁਸਾਰ ਢਲਦੇ ਰਹਿੰਦੇ ਹਨ। ਕੈਂਸਰ ਪੈਦਾ ਹੋਣ ਦੇ ਸਾਰੇ ਕਾਰਨ ਅਤੇ ਹੱਲ ਲੱਭ ਲੈਣਾ ਸਾਇੰਸਦਾਨ ਦੁਨੀਆ ਲਈ ਵੰਗਾਰ (Challenge) ਬਣੀ ਰਹਿੰਦੀ ਹੈ। ਆਦਤਾਂ ਪੱਖੋਂ ਮਨੁੱਖ ਮੁਨਾਫਾ-ਖੋਰ ਹੈ ਤੇ ਸੁਆਦ-ਖੋਰ ਹੈ। ਮੁਨਾਫਾ-ਖੋਰ ਲੋਕ ਜ਼ਹਿਰਾਂ ਪੈਦਾ ਕਰੀ ਜਾਂਦੇ ਹਨ ਤੇ ਸੁਆਦ-ਖੋਰ ਲੋਕ ਜ਼ਹਿਰਾਂ ਦੇ ਆਦੀ ਹੋਈ ਜਾਂਦੇ ਹਨ। ਇਹਨਾਂ ਤੋਂ ਛੁਟਕਾਰਾ ਕਰਨਾ ਸੌਖਾ ਨਹੀਂ ਹੁੰਦਾ। ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।’ ਹਵਾ ਵਿਚਲੇ ਧੂੰਏਂ ਨਾਲ ਕੈਂਸਰ ਵਿਚ ਵਾਧਾ ਹੁੰਦਾ ਰਹਿੰਦਾ ਹੈ, ਇਹ ਇੱਕ ਵਿਗਿਆਨਕ ਸਚਾਈ ਹੈ। ਇਸੇ ਕਰਕੇ ਸਿਗਰਟਾਂ-ਤੰਬਾਕੂ ਦਾ ਸਾਥ, ਧੂੰਆਂ-ਧਾਰ ਫੈਕਰੀਆਂ ਦੀ ਨੇੜਤਾ ਨਾਲ ਫੇਫੜਿਆਂ ਦੀ ਅਤੇ ਸਾਹ ਲੈਣ ਵਾਲੇ ਅੰਗਾਂ ਦੀ ਕੈਂਸਰ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਜਿਨ੍ਹਾਂ ਥਾਵਾਂ ਤੇ ਖਤਰਨਾਕ ਦਵਾਈਆਂ ਬਣਦੀਆਂ ਹਨ ਜਾਂ ਬੰਬ ਬਣਦੇ ਹਨ ਜੇ ਉਹੀ ਖਤਰਨਾਕ ਪਦਾਰਥ ਚੋਅ ਕੇ ਪਾਣੀ ਵਿਚ ਆ ਵੜਨ ਤਾਂ ਲਾਗੇ ਰਹਿੰਦੇ ਲੋਕਾਂ ਵਿਚ ਕੈਂਸਰ ਦਾ ਵਾਧਾ ਹੁੰਦਾ ਹੈ। ਜਾਪਾਨ ਦੇ ਸ਼ਹਿਰ ਹੀਰੋਸ਼ੀਮਾ-ਨਾਗਾਸਾਕੀ ਪੰਜਾਹ-ਸੱਠ ਸਾਲ ਪਹਿਲਾਂ ਸੁੱਟੇ ਬੰਬਾਂ ਦਾ ਅਸਰ ਅਜੇ ਤੱਕ ਝੱਲ ਰਹੇ ਹਨ। ਇਸੇ ਤਰ੍ਹਾਂ ਅਮਰੀਕਾ ਦੇ ਸ਼ਹਿਰ ਨੀਊ-ਯਾਰਕ ਵਿਚ 9/11/2001 ਨੂੰ ਹੋਏ ਬੰਬ-ਧਮਾਕੇ ਵਿਚ ਫਸੇ ਬੰਦੇ ਜਹਿਰੀਲੀਆਂ ਵਸਤੂਆਂ ਦੇ ਅਸਰ ਹੇਠਾਂ ਅਜੇ ਵੀ ਕੈਂਸਰ ਦੀ ਲਪੇਟ ਵਿਚ ਆ ਰਹੇ ਹਨ। ਜਿਉਂ ਜਿਉਂ ਆਬਾਦੀ ਅਤੇ ਲਾਲਚ ਵਧ ਰਹੇ ਹਨ, ਤਿਉਂ ਤਿਉਂ ਹੀ ਵਾਤਾਵਰਣ ਵਿਚ ਤਬਦੀਲੀਆਂ ਆ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਦੇ ਮਨੁੱਖੀ ਸਰੀਰ ’ਤੇ ਚੰਗੇ-ਮਾੜੇ ਅਸਰ ਵੀ ਪੈਂਦੇ ਰਹਿੰਦੇ ਹਨ। ਘਟੀਆ ਖੁਰਾਕ, ਸੁਸਤ ਜੀਵਨ ਜਾਚ ਨਾਲ ਕੈਂਸਰ ਨਹੀਂ ਹੁੰਦਾ ਪਰ ਇਸਦਾ ਟਾਕਰਾ ਕਰਨਾ ਔਖਾ ਹੋ ਜਾਂਦਾ ਹੈ। ਆਮ ਤੌਰ ‘ਤੇ ਬੰਦੇ ਨੂੰ ਹਮੇਸ਼ਾ ਡਰਦੇ ਵੀ ਨਹੀਂ ਰਹਿਣਾ ਚਾਹੀਦਾ, ਪਰ ਸਾਵਧਾਨ ਰਹਿਣ ਵਿਚ ਸਿਆਣਪ ਹੈ। 5. ਇਲਾਜ ਅਤੇ ਰੋਕ-ਥਾਮ: ਕੈਂਸਰ ਤੋਂ ਛੁਟਕਾਰੇ ਦੇ ਤਰੀਕੇ ਬਹੁਤ ਤਰੱਕੀ ਕਰ ਗਏ ਹਨ ਅਤੇ ਇਨ੍ਹਾਂ ਵਿਚ ਨਿੱਤ ਨਵੇਂ ਵਾਧੇ ਹੋ ਰਹੇ ਹਨ। ਕੈਂਸਰ ਦੇ ਹਰ ਇਲਾਜ ਦਾ ਮਕਸਦ ਇਹੀ ਹੁੰਦਾ ਹੈ ਕਿ ਵਧ ਰਹੇ ਸੈਲਾਂ ਨੂੰ ਕਿਵੇਂ ਨਾ ਕਿਵੇਂ ਵਧਣੋ ਹਟਾਇਆ ਜਾਵੇ। ਕਈ ਵਾਰ ਸਿਰਫ ਇਕ ਹੀ ਢੰਗ ਵਰਤਿਆ ਜਾਂਦਾ ਹੈ, ਕਈ ਵਾਰ ਮਿਲਾਕੇ ਕਈ ਢੰਗ ਵਰਤੇ ਜਾਂਦੇ ਹਨ। ਜੇ ਚਮੜੀ ਦੇ ਕਿਸੇ ਹਿੱਸੇ ਤੇ ਕੈਂਸਰ ਸ਼ੁਰੂ ਹੋ ਜਾਵੇ ਤਾਂ ਡਾਕਟਰ ਉਸ ਹਿੱਸੇ ਨੂੰ ਕੱਟਕੇ (ਸਰਜਰੀ ਨਾਲ) ਹੀ ਇਸਨੂੰ ਰੋਕ ਸਕਦੇ ਹਨ। ਇਸ ਲਈ ਜਿੰਨੀ ਜਲਦੀ ਕੈਂਸਰ ਦਾ ਪਤਾ ਲੱਗ ਜਾਵੇ ਉਤਨਾ ਹੀ ਇਲਾਜ ਸੌਖਾ ਰਹਿੰਦਾ ਹੈ। ਪਰ ‘ਲਹੂ ਦੀ ਕੈਂਸਰ’ ਨੂੰ ਕੱਟਕੇ (ਸਰਜਰੀ ਕਰਕੇ) ਨਹੀਂ ਹਟਾਇਆ ਜਾ ਸਕਦਾ। ਨਾਲੇ ‘ਲਹੂ ਦੀ ਕੈਂਸਰ’ ਦੀਆਂ ਕਿਸਮਾਂ ਵੀ ਬਹੁਤ ਹੁੰਦੀਆਂ ਹਨ, ਇਸ ਲਈ ਇਲਾਜ ਤੋਂ ਪਹਿਲਾਂ ਕਿਸਮਾਂ ਦੀ ਪਰਖ ਜਰੂਰੀ ਹੋ ਜਾਂਦੀ ਹੈ ਤਾਂ ਕਿ ਇਲਾਜ ਵੀ ਸਹੀ ਢੰਗ ਨਾਲ ਕੀਤਾ ਜਾ ਸਕੇ। ਹਰ ਇਲਾਜ ਦੇ ਮਾੜੇ ਅਸਰ ਵੀ ਹੁੰਦੇ ਹਨ, ਇਸ ਲਈ ਮਰੀਜ਼ ਦੀ ਉਮਰ ਅਤੇ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਜਿੰਨੇ ਚੰਗੇ ਡਾਕਟਰ ਉਤਨੀ ਚੰਗੀ ਮਰੀਜ਼ ਦੀ ਕਿਸਮਤ। ਹੇਠਾਂ, ਮੈਂ ਇਲਾਜਾਂ ਦੀ ਉਹ ਸੂਚੀ ਲਿਖ ਰਿਹਾ ਹਾਂ ਜੋ, 21ਵੀਂ ਸਦੀ ਦੇ ਵਿਕਸਿਤ ਦੇਸਾਂ ਵਿਚ, ਕੈਂਸਰ ਦੇ ਇਲਾਜਾਂ ਲਈ ਆਮ ਵਰਤੀਆਂ ਜਾਂਦੀਆਂ ਹਨ। ਕਿਸੇ ਲਈ ਸਿਰਫ ਇਕ ਹੀ ਕਾਫੀ ਹੁੰਦਾ ਹੈ। ਆਮ ਤੌਰ ਤੇ ਦੋ ਜਾਂ ਵੱਧ ਕਿਸਮ ਦੇ ਇਲਾਜ ਵਰਤੇ ਜਾਂਦੇ ਹਨ, ਤਾਂ ਕਿ ਕੈਂਸਰ ਦੇ ਸੈਲਾਂ ਦਾ ਖਾਤਮਾ ਕਰ ਦਿੱਤਾ ਜਾਵੇ। 1. Chemotherapy (ਕੀਮੋਥੇਰੇਪੀ ਜਾਂ ਦਵਾਈਆਂ) ਇਹਨਾਂ ਵਿੱਚੋਂ ਕਈਆਂ ਬਾਰੇ ਤਾਂ ਮੈਂ ਵੀ ਹੁਣੇ ਸੁਣਿਆ ਹੈ। ਪਰ ਜਦੋਂ ਤੁਸੀਂ ਡਾਕਟਰ ਦੇ ਜਾਂਦੇ ਹੋ ਤਾਂ ਡਾਕਟਰ ਦਾ ਫਰਜ਼ ਅਤੇ ਤੁਹਾਡਾ ਹੱਕ ਹੁੰਦਾ ਹੈ ਕਿ ਤੁਹਾਨੂੰ ਇਲਾਜ ਦੇ ਨਫੇ-ਨੁਕਸਾਨ ਤੇ ਖਤਰੇ ਬਾਰੇ ਜਾਣਕਾਰੀ ਦਿੱਤੀ ਜਾਵੇ। ਕਈ ਬਾਰ ਬੀਮਾਰੀ ਇਤਨੀ ਵਧ ਜਾਂਦੀ ਹੈ ਕਿ ਮਰੀਜ਼ ਦੇ ਇਲਾਜ਼ ਨਾਲੋਂ ਉਸਦੀ ਰਹਿੰਦੀ ਜ਼ਿਦਗੀ ਨੂੰ ਜਿਉਣ-ਜੋਗੀ ਰਹਿਣ ਦਿੱਤਾ ਜਾਵੇ ਅਤੇ ਉਸਦੀ ਪੀੜ ਨੂੰ ਕਾਬੂ ਕਰ ਲਿਆ ਜਾਵੇ। ਇਸ ਲਈ ਵੀ ਵੱਖੋ-ਵੱਖਰੀਆਂ ਵਿਧੀਆਂ ਵਰਤੀਆਂ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਇਹ ਪਰਾਪਤ ਹੋ ਸਕਣ, ਉਹ ਸੁਭਾਗੇ ਹੁੰਦੇ ਹਨ। 6. ਮੈਂਨੂੰ ਕੈਂਸਰ ਕਿਉਂ ਹੋਈ? ਇਸ ਸਵਾਲ ਦਾ ਸਹੀ ਉੱਤਰ ਕਿਸੇ ਡਾਕਟਰ ਕੋਲੋਂ ਨਹੀਂ ਮਿਲਿਆ। ਮੇਰਾ ਆਪਣਾ ਖਿਆਲ ਹੈ ਕਿ ਕੰਮ ਕਰਨ ਸਮੇਂ ਮੇਰੇ ਅੰਦਰ ਕੋਈ ਐਸੇ ਪਦਾਰਥ (Chemicals) ਦਾਖਲ ਹੁੰਦੇ ਗਏ ਜਿਨ੍ਹਾਂ ਨੇ ਮੇਰੇ ਸੈੱਲਾਂ ਦੀ ਮਾਤਰਾ ਭੰਗ ਕਰ ਦਿੱਤੀ। ਪੁਰਾਣੇ ਸਮਿਆਂ ਵਿਚ ਮੇਰੇ ਵਰਗੇ ਰਸਾਇਣਕ-ਵਿਗਿਆਨੀ (Chemists) ਅਕਸਰ ਮੇਰੇ ਨਾਲੋਂ ਛੋਟੀ ਉਮਰ ਵਿਚ ਚੱਲ ਵਸਦੇ ਸਨ। ਉਦੋਂ ਬਚਾਊ-ਸਹੂਲਤਾਂ ਵੀ ਘੱਟ ਸਨ ਤੇ ਤਜ਼ਰਬੇ ਕਰਨ ਸਮੇਂ ਲੋਕ ਸ਼ਾਇਦ ਧਿਆਨ ਵੀ ਘੱਟ ਰੱਖਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਹੁਣ ਕੌਣ ਜਾਣੇ, ਕੌਣ ਸਮਝੇ? ਬੀਮਾਰੀ ਤੋਂ ਬਾਅਦ ਮੇਰੀ ਤਾਕਤ ਇੰਨੀ ਘਟ ਗਈ ਕਿ ਸਾਇੰਸ ਦੀਆਂ ਸਾਰੀਆਂ ਲੜੀਆਂ ਅਧੂਰੀਆਂ ਰਹਿ ਗਈਆਂ ਤੇ ਹੌਲੀ ਹੌਲੀ ਮੇਰਾ ਰੁਝਾਨ ਸਾਹਿਤ ਵੱਲ ਹੋ ਗਿਆ। ਮੈਂ ਬਹੁਤ ਕਿਤਾਬਾਂ ਫਰੋਲੀਆਂ ਤੇ ਪੜ੍ਹੀਆਂ। ਸਾਹਿਤਕਾਰਾਂ ਦੇ ਦਰਸ਼ਨ ਕੀਤੇ, ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲਿਆ। ਇਸੇ ਸਮੇਂ ਮੈਂ ਗੁਜ਼ਾਰੇ ਜੋਗਾ ਪੰਜਾਬੀ ਕੰਪਿਊਟਰ ਵੀ ਸਿੱਖਿਆ ਤੇ ਪੰਜ ਕਾਵਿ-ਸੰਗ੍ਰਹਿ ਰਚੇ ਤੇ ਪ੍ਰਕਾਸ਼ਤ ਵੀ ਕਰਵਾ ਲਏ। ਜਦੋਂ ਬੰਦਾ ਮੌਤ ਦੇ ਮੂੰਹ ਵਿੱਚੋਂ ਨਿੱਕਲ ਜਾਂਦਾ ਹੈ, ਤਾਂ ਉਸਨੂੰ ਜ਼ਿੰਦਗੀ ਦੀ ਸਹੀ ਕੀਮਤ ਸਮਝ ਆਉਣ ਲਗਦੀ ਹੈ, ਤੇ ਅਹਿਸਾਸ ਆਉਂਦਾ ਹੈ ਕਿ ਦੁੱਖਾਂ ਵਿਚ ਵੀ ਖੁਸ਼ ਰਹਿਣਾ ਕੋਈ ਮਾੜੀ ਗੱਲ ਨਹੀਂ। ਉਹਦੀ ਮਨੋਵਿਰਤੀ ਬਦਲ ਜਾਂਦੀ ਹੈ ਅਤੇ ਰੁਖ਼ ਬਦਲ ਜਾਂਦਾ ਹੈ। ਕਈ ਦਫਾ ਇਹ ਰੁਖ਼ ਹੋਰ ਲੋਕਾਂ ਨਾਲ ਮੇਲ਼ ਨਹੀਂ ਖਾਂਦਾ। ਕੌਣ ਜਾਣੇ ਪੀੜ ਪਰਾਈ? ਕਈ ਵਾਰ ਬੋਦੇ ਰਿਸ਼ਤੇ ਤਿਆਗਣੇ ਵੀ ਪੈਂਦੇ ਹਨ, ਇਹ ਸਭ ਕੁਝ ਬਹੁਤ ਦੁਖਦਾਈ ਹੁੰਦਾ ਹੈ। ਸਾਰੇ ਲੋਕਾਂ ਨੂੰ ਖੁਸ਼ ਰੱਖਣਾ ਮੇਰੇ ਵੱਸ ਦਾ ਰੋਗ ਨਹੀਂ ਸੀ। ਆਪਣੇ ਆਪ ਨੂੰ ਖੁਸ਼ ਰੱਖਣ ਲਈ ਮੈਂ ਹੁਣ ਗੁਜ਼ਾਰੇ ਜੋਗਾ ਢੋਲ, ਢੱਡ ਅਤੇ ਤੂੰਬੀ ਸਿੱਖ ਲਏ ਹਨ। ਹਾਰਮੋਨੀਅਮ ਤੇ ਹੱਥ ਮਾਰਨਾ ਸ਼ੁਰੂ ਕਰ ਲਿਆ ਹੈ, ਸਰੰਗੀ ਲਿਆਕੇ ਰੱਖੀ ਹੋਈ ਹੈ। ਇਹ ਸਭ ਰੁਝਾਨ ਕਿਸੇ ਆਹਰ ਵਿੱਚ ਜੁੜੇ ਰਹਿਣ ਲਈ ਹਨ। ਇਹ ਰੁਝਾਨ ਉਨ੍ਹਾਂ ਲਿਖਤਾਂ ਅਨੁਸਾਰ ਠੀਕ ਹਨ ਜਿਨ੍ਹਾਂ ਦਾ ਕੈਂਸਰ ਦੇ ਵਿਸ਼ੇ ਨਾਲ ਸੰਬੰਧ ਹੈ। ਇਹ ਸਾਰੇ ਰੁਝਾਨ ਗੁਰਬਾਣੀ ਅਨੁਸਾਰ ਵੀ ਠੀਕ ਜਾਪਦੇ ਹਨ, ‘ਨਚਣੁ ਕੁਦਣੁ ਮਨ ਕਾ ਚਾਉ।’ ਕੈਂਸਰ ਦਾ ਅਸਰ ਜੋ ਨੇੜੇ ਦੇ ਪਰਿਵਾਰ ਤੇ ਪੈਂਦਾ ਹੈ, ਉਹ ਕੋਈ ਵਿਰਲਾ ਹੀ ਲਿਖ ਸਕਦਾ ਹੈ। ਹਰ ਪਰਿਵਾਰ ਦੀ ਕਹਾਣੀ ਵੱਖਰੀ ਹੁੰਦੀ ਹੈ। ਦਸ ਸਾਲ ਲਗਾਤਾਰ ਜੋ ਤਕਲੀਫਾਂ ਮੇਰੀ ਜੀਵਨ-ਸਾਥਣ ਨੇ ਝੱਲੀਆਂ, ਉਹ ਵੀ ਇਕ, ਲਿਖਣ ਵਾਲੀ, ਅਣਲਿਖੀ ਗਾਥਾ ਹੈ। ਡੇਢ ਦੋ ਸਾਲ ਪਹਿਲਾਂ ਜਦੋਂ ਮੈਂ ਇਹ ਲੇਖ ਲਿਖਣਾ ਸ਼ੁਰੂ ਕੀਤਾ ਤਾਂ ਮੇਰੀ ਪਤਨੀ ਨੂੰ ਗਲ਼ੇ ਦੀ ਕੈਂਸਰ ਦਾ ਸੱਦਾ ਆ ਗਿਆ। ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ। ਲੇਖ ਵੀ ਲਟਕਦਾ ਰਹਿ ਗਿਆ। ਪਰ ਉਹਨੇ ਆਪਣਾ ਹੌਸਲਾ ਕਾਇਮ ਰੱਖਿਆ। ਹੁਣ ਉਹਦਾ ਸਫਲ ਇਲਾਜ ਹੋ ਚੁੱਕਿਆ ਹੈ, ਤੇ ਅਗਲੇ ਸਮੇਂ ਲਈ ਨਿਗਰਾਨੀ ਹੇਠ ਹੈ। ਉਹ ਵੀ ਹੁਣ ਹਾਰਮੋਨੀਅਮ ਤੇ ਉਂਗਲਾਂ ਫੇਰਨ ਲੱਗ ਪਈ ਹੈ। ਤਿੰਨ-ਚਾਰ ਸਾਲ ਪਹਿਲਾਂ ਮੈਂਨੂੰ ਉਹਦੇ ਗਲ਼ੇ ਵਿਚ ਸੋਜੇ ਦੀ ਸ਼ੱਕ ਪਈ ਸੀ, ਪਰ ਉਸਤੇ ਮੇਰੀ ਕਹੀ ਦਾ ਬਹੁਤਾ ਅਸਰ ਨਾ ਪਿਆ ਤੇ ਇੱਕੋ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਖਾਂਦੀ ਰਹੀ, ਭਾਵੇਂ ਉਹਦੀ ਤਾਕਤ ਘਟਦੀ ਜਾ ਰਹੀ ਸੀ। ਗੱਲ ਵਿੱਚੇ ਲਟਕਦੀ ਰਹਿ ਗਈ। ਕਾਸ਼, ਉਦੋਂ ਮੈਂ ਗੁਰਦਾਸ ਮਾਨ ਦਾ ਇਹ ਗਾਣਾ ਸੁਣਿਆ ਹੋਇਆ ਹੁੰਦਾ: ‘ਮੁੜਕੇ ਸੂਤ ਨਹੀਂ ਆਉਣੀ, ਜੇ ਗੱਲ ਵਿਗੜ ਗਈ।’ ਅੰਤਲੇ ਸ਼ਬਦ: ਇਸ ਮਜਮੂਨ ਨੂੰ ਬਹੁਤ ਵਧਾਇਆ ਜਾ ਸਕਦਾ ਹੈ, ਪਰ ਇਸਨੂੰ ਸਾਦਾ ਰੱਖਣ ਲਈ ਕੁਝ ਆਮ ਗੱਲਾਂ ਕਰਕੇ ਮੈਂ ਇਸਦੀ ਸਮਾਪਤੀ ਵੱਲ ਜਾ ਰਿਹਾ ਹਾਂ। 1. ਜੇ ਤੁਹਾਨੂੰ ਜਾਂ ਤੁਹਾਡੇ ਘਰ ਦੇ ਕਿਸੇ ਬੰਦੇ ਨੂੰ ਕੈਂਸਰ ਹੋ ਗਈ ਹੈ ਤਾਂ ਤੁਸੀਂ ਇਕੱਲੇ ਨਹੀਂ; ਅਸਲ ਵਿਚ, ਵਡੇਰੀ ਉਮਰ ਵਿਚ ਕਾਫੀ ਲੋਕ ਕੈਂਸਰ ਦੇ ਸ਼ਿਕਾਰ ਹੋ ਜਾਂਦੇ ਹਨ। ਕਈ ਬਾਰ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਲਗਦਾ। ਪਰ ਇਹ ਸਿਰਫ ਵਡੇਰੀ ਉਮਰ ਵਿਚ ਨਹੀਂ ਹੁੰਦੀ, ਕੈਂਸਰ ਅਕਸਰ ਹਰੇਕ ਵਰਗ ਦੇ ਕੁਝ ਲੋਕਾਂ ਨੂੰ ਹੁੰਦੀ ਰਹਿੰਦੀ ਹੈ। 2. ਕਈ ਬੱਚਿਆਂ ਨੂੰ ਕੈਂਸਰ ਜੰਮਣ ਸਮੇਂ ਹੀ ਸ਼ੁਰੂ ਹੋਇਆ ਹੁੰਦਾ ਹੈ, ਇਹ ਤਾਂ ਕੁਦਰਤ ਦੇ ਹੱਥ ਹੈ, ਪਰ ਬਹੁਤੇ ਲੋਕਾਂ ਲਈ ਕੈਂਸਰ ਦੇ ਸ਼ਿਕਾਰ ਹੋ ਜਾਣਾ ਸਾਡੀ ਰਹਿਣੀ-ਬਹਿਣੀ, ਸਾਡੇ ਖਾਣ-ਪੀਣ ਅਤੇ ਕੰਮ ਕਰਨ ਦੇ ਢੰਗਾਂ ’ਤੇ ਵੀ ਨਿਰਭਰ ਹੁੰਦਾ ਹੈ। ਇਸ ਲਈ ਸਾਫ-ਸੁਥਰੀ ਸਾਦੀ ਖੁਰਾਕ ਅਤੇ ਤੁਰਦੇ-ਫਿਰਦੇ ਰਹਿਣ ਦੀ ਆਦਤ ਪੈਦਾ ਕਰਨ ਨਾਲ ਕੈਂਸਰ ਦੇ ਰੋਗਾਂ ਦਾ ਡਰ ਘੱਟ ਹੁੰਦਾ ਹੈ। ਸਿਗਰਟ ਪੀਣ ਵਾਲਿਆਂ ਨੂੰ ਫੇਫੜੇ ਦੀ ਕੈਂਸਰ (Lung Cancer) ਆਮ ਹੋ ਜਾਂਦੀ ਹੈ। ਮੇਰੇ ਕਈ ਦੋਸਤ, ਜੋ ਛੋਟੀ ਉਮਰ ਵਿਚ ਚਲ ਵਸੇ, ਸਿਗਟਾਂ ਦੇ ਆਦੀ ਸਨ। ਅਜਕਲ ਬਹੁਤੇ ਕਿਸਾਨ ਕੀੜੇਮਾਰ ਦਵਾਈਆਂ ਵਰਤ ਰਹੇ ਹਨ। ਇਨ੍ਹਾਂ ਦੀ ਵਰਤੋਂ ਸਹੀ ਢੰਗਾਂ ਨਾਲ ਕਰਨੀ ਬਹੁਤ ਜਰੂਰੀ ਹੈ। ਅਗਾਂਹ ਵਧੇ ਸਾਇੰਸ-ਪੱਖੀ ਮੁਲਕਾਂ ਵਿਚ ਕੈਂਸਰ ਬਾਰੇ ਖੁੱਲੀ ਬਹਿਸ ਚਲਦੀ ਰਹਿੰਦੀ ਹੈ। ਜਨਾਨੀਆਂ ਨੂੰ ਹਰ ਸਾਲ ਸ਼ਨਾਖਤ ਕਰਾਉਣ ਬਾਰੇ ਸਲਾਹ ਦਿੱਤੀ ਜਾਂਦੀ ਹੈ। ਸੁਣਿਆ ਹੈ ਕਿ ਅਮਰੀਕਾ ਵਿਚ ਇਹ ਵਰਤਾਰਾ 40-50 ਸਾਲਾਂ ਤੋਂ ਚਲਦਾ ਆ ਰਿਹਾ ਹੈ। ਟੈਸਟ ਕਰਵਾਉਣ ਨਾਲ ਉਦੋਂ ਪਤਾ ਲੱਗ ਸਕਦਾ ਹੈ ਜਦੋਂ ਅਜੇ ਬਾਹਰੋਂ ਕੋਈ ਨਾਮ-ਨਿਸ਼ਾਨ ਵੀ ਨਾ ਦਿਸਦਾ ਹੋਵੇ। ਛਾਣ-ਬੀਣ ਉਨ੍ਹਾਂ ਵਾਸਤੇ ਹੋਰ ਵੀ ਜ਼ਰੂਰੀ ਹੈ ਜਿਨ੍ਹਾਂ ਨੇ ਟੱਬਰ ਦਾ ਕੋਈ ਜੀਅ, ਮਾਂ-ਬਾਪ ਭੈਣ-ਭਰਾ, ਕੈਂਸਰ ਦਾ ਮਰੀਜ਼ ਰਿਹਾ ਹੋਵੇ। ਜਦੋਂ ਕੈਂਸਰ ਦੇ ਸੈਲ ਬਣਦੇ ਹਨ, ਉਹ ਖਾਸ ਰਸਾਇਣਿਕ ਪਦਾਰਥ (Chemicals) ਪੈਦਾ ਕਰਦੇ ਹਨ। ਇਨ੍ਹਾਂ ਰਸਾਇਣਿਕ ਪਦਾਰਥਾਂ ਦੀ ਹੋਂਦ ਪਛਾਣ ਕਰ ਸਕਣ ਨਾਲ ਕੈਂਸਰ ਸ਼ੁਰੂ ਵਿਚ ਪਛਾਣੀ ਜਾ ਸਕਦੀ ਹੈ। ਉਦੋਂ ਇਲਾਜ ਸੌਖਾ ਹੁੰਦਾ ਹੈ। ਇਨ੍ਹਾਂ ਤਕਨੀਕਾਂ ਦੀ ਵਰਤੋਂ, ਛਾਣ-ਬੀਣ ਜਾਂ ਹੋਰ, ਚੰਗੇ ਖੋਜੀਆਂ ਅਤੇ ਕਾਮਿਆਂ ਤੇ ਨਿਰਭਰ ਹੁੰਦੀ ਹੈ। ਕੈਂਸਰ ਲਈ ਕੋਈ ਆਪਣਾ ਬੇਗਾਨਾ ਨਹੀਂ ਹੁੰਦਾ। ਇਹ ਉਨ੍ਹਾਂ ਲੋਕਾਂ ਨੂੰ ਵੀ ਹੋ ਜਾਂਦੀ ਹੈ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਾ ਸਕਦਾ ਹੋਵੇ। ਲਿਖਾਰੀ, ਖਿਡਾਰੀ, ਡਾਕਟਰ, ਨੀਤੀਵਾਨ, ਐਕਟਰ, ਸਾਇੰਸਦਾਨ, ਬੱਚੇ ਅਤੇ, ਆਮ ਲੋਕ। ਪੰਜਾਬੀ ਸਾਹਿਤਕਾਰ ਅਜਮੇਰ ਔਲਖ, ਬਲਦੇਵ ‘ਸੜਕਨਾਮਾ’ ਦਾ ਪੋਤਰਾ, ਢਾਡੀ ਬਲਬੀਰ ਸਿੰਘ ਬੀਹਲਾ ਕੁਝ ਪੰਜਾਬੀ ਨਾਮ ਹਨ। ਇਸੇ ਤਰ੍ਹਾਂ, ਅਮਰੀਕਾ ਵਿਚ ਬਾਸਕਟਬਾਲ ਦਾ ਵੱਡਾ ਖਿਡਾਰੀ ਕਰੀਮ ਅਬਦੁਲ-ਜਬਾਰ, ਟੈਨਿਸ ਸਟਾਰ ਕੋਰੀਨਾ, ਪਰਧਾਨ ਜੋਹਨ ਕੈਨੇਡੀ ਦਾ ਭਰਾ ਸੈਨੇਟਰ ਟੈਡ ਕੈਨੇਡੀ, ਇਤ ਆਦਿ ਨੂੰ ਕੈਂਸਰ ਨੇ ਘੇਰਿਆ। ਸੂਚੀ ਸਦਾ ਵਧਦੀ ਰਹਿੰਦੀ ਹੈ। ਕਰੀਮ ਅਬਦੁਲ-ਜਬਾਰ ਅਤੇ ਕੋਰੀਨਾ, ਕੈਂਸਰ ਤੇ ਕਾਬੂ ਪਾ ਗਏ। ਬਾਕੀ, ਟੈਡ ਕੈਨੇਡੀ ਸਮੇਤ, ਐਨੇ ਸੁਭਾਗੇ ਨਾ ਨਿਕਲੇ। ਕੈਂਸਰ ਤੋਂ ਬਚੇ ਮਸ਼ਹੂਰ ਲੋਕ ਕੈਂਸਰ ਬਾਰੇ ਜਾਣਕਾਰੀ ਵਧਾਉਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੁਹਿੰਮ ਵਿਚ ਨਿਤ ਨਵੇਂ ਲੋਕ ਮਿਲ ਰਹੇ ਹਨ। ਕੈਂਸਰ ਦੇ ਮਰੀਜਾਂ ਅਤੇ ਉਨ੍ਹਾਂ ਦੀ ਸੰਭਾਲ ਵਿਚ ਲੱਗੇ ਭਲੇ ਪੁਰਸਾਂ ਨੂੰ, ਜੋ ਮੇਰੀ ਕਿਤਾਬ ਪੜ੍ਹ ਰਹੇ ਹੋਣ, ਮੇਰੇ ਵੱਲੋਂ, ‘‘ਸ਼ੁਕਰੀਆ ਜੀ, ਤੁਹਾਡੇ ਲਈ ਵੀ ਆਸ ਬਾਕੀ ਹੈ, ਸੁਰੰਗ ਦੇ ਅੰਤ ਵਿਚ ਚਾਨਣ ਹੈ।’’ ਨੋਟ: ਪੁਸਤਕ ਦੇ ਕੁਝ ਅਗਲੇ ਪੰਨੇ—‘ਕੈਮਰੇ ਦੀ ਅੱਖ ਨਾਲ ਯਾਦਾਂ ਦੇ ਝਰੋਖੇ’ ਵੇਖਣ ਲਈ —-ਪੀਡੀਐਫ Page ਦੇ ਨਾਲ ਖੱਬੇ ਪਾਸੇ ਲੱਗੇ ਹੇਠਾਂ/ਅਗ੍ਹਾਂ ਲੱਗੇ ਨਿਸ਼ਾਨ ‘ਤੇ ਕਰਸਰ ਲੈ ਜਾ ਕੇ ਕਲਿੱਕ ਕਰਦਿਅਾਂ ਅਗਲੇ ਸਾਰੇ ਪੰਨਿਆ ਤੇ ਇਕ ਇਕ ਕਰਕੇ ਜਾਇਆ ਜਾ ਸਕਦਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* *** |