7 December 2024

ਕਹਾਣੀ: ਰਾਮ ਰਾਜ— ਡੌਲੀ ਸ਼ਾਹ

ਅੱਜ ਪੂਰਾ ਦੇਸ਼ 26 ਜਨਵਰੀ ਦਾ ਤਿਉਹਾਰ ਮਨਾ ਰਿਹਾ ਸੀ। ਸਕੂਲ ਦੇ ਸੱਦੇ ‘ਤੇ ਜ਼ਿਆਦਾਤਰ ਬੱਚੇ ਆਪਣੇ ਬਜ਼ੁਰਗਾਂ ਦੇ ਨਾਲ ਆਏ ਹੋਏ ਸਨ। ਮੈਂ ਵੀ ਰਾਜਨ ਨਾਲ ਸਕੂਲ ਪਹੁੰਚ ਗਿਆ।

ਪੂਰਾ ਸਕੂਲ ਭਗਵੇਂ ਕੱਪੜਿਅਾਂ ‘ਚ ਕਤਾਰਾਂ ਵਿੱਚ ਖੜ੍ਹਾ ਸੀ। ਬਸ ਵੇਖਣ ਵਾਲਾ ਹੀ ਨਜ਼ਾਰਾ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਵਿਹੜੇ ਵਿਚ ਸ਼ੁਰੂ ਕੀਤੀ ਗਈ। ਛੋਟੇ ਬੱਚਿਆਂ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੰਦੇ ਹੋਏ, ਬਹਾਦਰ ਜਵਾਨਾਂ ਦੀਆਂ ਕਹਾਣੀਆਂ ਸੁਣਾਉਂਦੇ ਹੋਏ ਅਤੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ, ਮੁੱਖ ਮਹਿਮਾਨ ਏਅਰ ਚੀਫ ਮਾਰਸ਼ਲ ਦੇ ਆਸ਼ੀਰਵਾਦੀ ਬਚਨਾਂ ਦੇ ਨਾਲ ਹੀ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਦਾ ਪ੍ਰਬੰਧ ਕੀਤਾ ਗਿਆ।

ਹਰ ਝਾਕੀ ਨੂੰ ਦੇਖ ਕੇ ਇੰਝ ਜਾਪਦਾ ਸੀ ਜਿਵੇਂ ਖੁੱਦ ਰਾਮ ਆਪਣੇ ਪਰਿਵਾਰ ਸਮੇਤ ਵਿੱਦਿਆਲੇ ਦੇ ਵਿਹੜੇ ਵਿੱਚ ਪ੍ਰਗਟ ਹੋ ਗਿਆ ਹੋਵੇ। ਕਦੇ ਜਨਕ ਦੀ ਧੀ, ਮਾਤਾ ਸੀਤਾ ਨਾਲ, ਕਦੇ ਭਰਾ, ਲਕਸ਼ਮਣ ਨਾਲ, ਅਤੇ ਜੇ ਹੋਰ ਕੁਝ ਨਹੀਂ ਤਾਂ, ਬੱਚੇ ਖੁਦ ਹੀ ਸ੍ਰੀ ਰਾਮ ਦੇ ਭੇਸ ਵਿੱਚ ਆ ਜਾਂਦੇ ਸਨ। ਸੱਚਮੁੱਚ ਅਜਿਹਾ ਸ਼ਾਨਦਾਰ ਨਜ਼ਾਰਾ, ਨਜ਼ਰਾਂ ਤੋਂ ਓਹਲੇ ਨਹੀਂ ਸੀ ਹੋ ਰਿਹਾ।

ਇੰਨੇ ਵਿਚ ਹੀ, ਮੈਂ ਉਤਸੁਕਤਾ ਵਜੋਂ ਦੂਜੇ ਪਾਸੇ ਦੇਖਿਆ ਹੀ ਸੀ ਕਿ ਮੇਰੀ ਨਜ਼ਰ ਇਕ ਪਾਸੇ ਖੜ੍ਹੀ, ਇਕ ਕੁੜੀ ‘ਤੇ ਪਈ। ਮੇਰੀ ਨਜ਼ਰ ਮਿਲਦਿਆਂ ਹੀ ਉਸਨੇ ਝੱਟ ਆਪਣਾ ਸਿਰ ਝੁਕਾ ਲਿਆ ਪਰ ਉਸਦਾ ਉਦਾਸ ਚਿਹਰਾ ਦੇਖ ਕੇ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ। ਮੈਂ ਨੇੜੇ ਜਾ ਕੇ ਪੁਛਿਆ – “ਤੇਰਾ ਨਾਮ ਕੀ ਹੈ?”

(ਬਹੁਤ ਹੀ ਹੌਲੀ ਆਵਾਜ਼ ਵਿੱਚ ਉਸ ਕਿਹਾ) “ਪਰੀ।”
“ਵਾਹ! ਬਹੁਤ ਸੁੰਦਰ ਨਾਂ ਹੈ।—ਪਰ ਤੂੰ ਇੱਥੇ ਇਕੱਲੀ ਕਿਉਂ ਖੜੀ ਏਂ?”
ਉਸਨੇ ਆਪਣਾ ਸਿਰ ਹਿਲਾਇਆ ਅਤੇ ਕਿਹਾ: “ਕੁਝ ਨਹੀਂ, ਬਸ ਉਂਝ ਹੀ।”
“ਆ! ਮੇਰੇ ਕੋਲ ਬੈਠੋ।”
“ਨਹੀਂ ਅੰਕਲ, ਮੈਂ ਇੱਥੇ ਹੀ ਠੀਕ ਹਾਂ।”

ਮੈਂ ਜ਼ੋਰ ਦੇ ਕੇ ਉਸਨੂੰ ਆਪਣੇ ਪਾਸ ਸੱਦ ਕੇ ਪੁੱਛਿਆ: “ਹੁਣ ਦੱਸੋ ਕੀ ਗੱਲ ਹੈ, ਤੁਸੀਂ ਅੱਜ ਆਪਣੇ ਸਕੂਲ ਨਹੀਂ ਗਏ?”
“ਇਹੀ ਮੇਰਾ ਸਕੂਲ ਹੈ।”
“ਤਾਂ ਫਿਰ ਉੱਥੇ ਕਿਉਂ ਖੜੇ ਸੀ?”

ਉਹ ਇੱਕ ਪਲ ਲਈ ਚੁੱਪ ਰਹੀ ਅਤੇ ਫਿਰ ਬੋਲੀ: “ਪ੍ਰਿੰਸੀਪਲ ਸਾਹਿਬ ਨੇ ਮੈਨੂੰ ਕਤਾਰ ਵਿੱਚ ਖੜੇ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ?”
“ਪਰ ਕਿਉਂ?”

“ਮੇਰੇ ਪਹਿਰਾਵੇ ਕਾਰਨ। ਮੇਰੇ ਕੋਲ ਗੇਰੂਏ ਰੰਗ ਦੇ ਕੱਪੜੇ ਨਹੀਂ ਸਨ। ਮੈਂ ਕੱਲ੍ਹ ਆਪਣੀ ਮਾਂ ਨੂੰ ਇੱਕ ਨਵਾਂ ਪਹਿਰਾਵਾ ਖਰੀਦਣ ਲਈ ਕਿਹਾ ਸੀ ਪਰ ਮੇਰੇ ਪਿਤਾ ਦੀ ਸਿਹਤ ਬਹੁਤ ਖਰਾਬ ਦੇਖਦੇ ਹੋਏ, ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਅੱਜ ਵੀ ਮੈਂ ਪਹਿਰਾਵੇ ਤੋਂ ਬਿਨਾਂ ਨਹੀਂ ਆ ਰਹੀ ਸੀ ਪਰ ਮੇਰੀ ਮਾਂ ਨੇ ਮੈਨੂੰ ਉੱਚੀ ਆਵਾਜ਼ ਵਿੱਚ ਇਹ ਕਹਿ ਕੇ ਸਮਝਾਇਆ ਕਿ 26 ਜਨਵਰੀ ਦੇ ਸੁਤੰਤਰਤਾ ਦਿਵਸ ਦੇ ਤਿਉਹਾਰ ‘ਤੇ ਕੋਈ ਕੁਝ ਨਹੀਂ ਕਹੇਗਾ, ਤੈਂਨੂੰ ਕਪੜਿਅਾਂ ਕਰਕੇ ਝਿੜਕਿਆ ਨਹੀਂ ਜਾਵੇਗਾ … ਮਾਂ ਦਾ ਆਖਿਆ ਸਹੀ ਵੀ ਸੀ।”

ਮੈਂ ਉਸ ਦੇ ਪਿਤਾ ਦੀ ਖਰਾਬ ਸਿਹਤ ਬਾਰੇ ਜਾਣਨ ਦੀ ਇੱਛਾ ਜ਼ਾਹਰ ਕਰਨ ਵਾਲਾ ਹੀ ਸੀ ਪਰ ਉਸ ਦੀ ਸਥਿਤੀ ਨੂੰ ਦੇਖਦਿਆਂ, ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਦੇ ਹੋਏ, ਮੈਂ ਡਰਾਮੇ ਵੱਲ ਇਸ਼ਾਰਾ ਕੀਤਾ ਅਤੇ ਕਿਹਾ: “ਉਧਰ ਦੇਖੋ।”

“ਅੰਕਲ, ਭਗਵੇਂ ਕੱਪੜੇ ਪਾ ਕੇ ਅਤੇ ਸ਼੍ਰੀ ਰਾਮ ਦੀਆਂ ਕੁਝ ਤੁਕਾਂ ਸਿੱਖਣ ਨਾਲ ਕੀ ਉਹ ਰਾਮ ਬਣ ਜਾਵੇਗਾ?”

ਮੈਂ ਉਸਦੇ ਮਨ ਦੀ ਬੇਚੈਨੀ ਦੇਖ ਕੇ ਕਿਹਾ – “ਨਹੀਂ ਬੇਟਾ, ਕਪੜੇ ਤਾਂ ਬਸ ਸਰੀਰ ਨੂੰ ਢੱਕਣ ਲਈ ਹੁੰਦੇ ਹਨ, ਲੋਕਾਂ ਦੀ ਪਛਾਣ ਉਨ੍ਹਾਂ ਦੇ ਵਿਹਾਰ ਅਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਤੋਂ ਹੁੰਦੀ ਹੈ।”

“ਹਾਂ ਅੰਕਲ! ਮੇਰੀ ਮਾਂ ਨੇ ਵੀ ਇੰਝ ਹੀ ਸਿਖਾਇਆ ਹੈ। ਫਿਰ ਅੱਜ ਮੈਨੂੰ ਆਪਣੇ ਕੱਪੜਿਆਂ ਕਰਕੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਨਹੀਂ ਮਿਲ ਰਿਹਾ।”

ਮੈਂ ਹੈਰਾਨ ਹੋ ਕੇ ਪੁੱਛਿਆ, “ਕੀ ਤੁਸੀਂ ਵੀ ਮੁਕਾਬਲੇ ਵਿੱਚ ਭਾਗ ਲਿਆ ਹੈ?”

“ਜੀ ਅੰਕਲ!”

“ਫਿਰ ਤਾਂ ਕਿਸੇ ਦੂਜੇ ਰੰਗਾਂ ਦੇ ਕੱਪੜੇ ਵੀ ਤੁਹਾਡੇ ਲਈ ਕੋਈ ਅਰਥ ਨਹੀਂ ਰੱਖਣੇ ਚਾਹੀਦੇ।”

“ਅੰਕਲ! ਗੇਰੂੲੇ ਰੰਗ ਦੇ ਕਪੜੇ ਹੀ ਕਹੇ ਗਏ ਸਨ, ਵਿਦਿਆਲੇ ਵਲੋਂ…..।”

“ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਮੌਕਾ ਜ਼ਰੂਰ ਦਿਲਵਾਉਣ ਦੀ ਕੋਸ਼ਿਸ਼ ਕਰਾਂਗਾ।”

ਮੈਂ ਤੁਰੰਤ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਅਤੇ ਪਰੀ ਨੂੰ ਆਪਣੀ ਸਵੈ-ਰਚਿਤ ਕਵਿਤਾ ਸੁਣਾਉਣ ਦਾ ਮੌਕਾ ਦਿਲਵਾਇਆ।

ਪਰੀ ਨੇ ਬਹੁਤ ਹੀ ਸੁੰਦਰ ਢੰਗ ਅਤੇ ਠਰੰਮੇ ਨਾਲ ਆਪਣੀ ਕਵਿਤਾ ਸੁਣਾਈ। ਕਵਿਤਾ ਦਾ ਅੰਤ ਹੁੰਦਿਆ ਹੀ ਸਾਰਾ ਆਲਾ-ਦੁਆਲਾ ਤਾਲੀਅਾਂ ਦੀ ਗੂੰਜ ਵਿਚ ਕੁਝ ਇੰਝ ਗੂੰਜਿਅਾਂ ਜਿਵੇਂ ਕਿ ਸਾਰੇ ‘ਸਾਂਸਕ੍ਰਿਤਕ’ ਪਰੋਗਰਾਮ ਵਿਚ ਕੇਵਲ ਪਰੀ ਨੇ ਹੀ ਹਿੱਸਾ ਲਿਆ ਹੋਵੇ।

ਏਅਰ ਮਾਰਸ਼ਲ ਸਰ ਤਾਂ ਪਰੀ ਦੀ ਮਾਸੂਮੀਅਤ ਅਤੇ ਜੋਸ਼ ਭਰੀ ਸ਼ਾਇਰੀ ਨੂੰ ਦੇਖ ਕੇ, ਉਸ ਕੋਲ ਗਏ ਅਤੇ ਬੋਲੇ—“ਸ਼ਾਬਾਸ਼ ਬੇਟਾ, ਤੇਰੀ ਕਵਿਤਾ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ! ਇੰਝ ਲੱਗ ਰਿਹਾ ਸੀ ਜਿਵੇਂ ਦੇਸ਼ ਦੀ ਹਰ ਕੁੜੀ ਦੀ ਨੁਮਾਇੰਦਗੀ ਕਰਦਿਆਂ, ਤੁਸੀਂ ਖੁੱਦ ਰਾਮ ਤੋਂ ਹੱਕ ਅਤੇ ਸਨਮਾਨ ਦੀ ਮੰਗ ਕਰ ਰਹੇ ਹੋ। ਕੀ ਇਹ ਕਵਿਤਾ ਤੁਸੀਂ ਆਪ ਹੀ ਲਿਖੀ ਹੈ?”

“ਜੀ ਸਰ! ਇਸ ਕਵਿਤਾ ਦਾ ਇੱਕ ਇੱਕ ਸ਼ਬਦ ਮੇਰੀ ਅੰਤਰ-ਆਤਮਾ ਦੀ ਆਵਾਜ਼ ਹੈ, ਜਿਸਦਾ ਅਨੁਭਵ ਮੈਂ ਇਸ ਛੋਟੀ ਉਮਰ ਵਿੱਚ ਕਰ ਰਹੀ ਹਾਂ। ਅੱਜ ਅਸੀਂ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ, ਪਰ ਸਾਡੇ ਦੇਸ਼ ਵਿੱਚ ਔਰਤ ਦੀ ਇਹੀ ਹਾਲਤ ਹੈ। ਦੇਸ਼ ਕਹਿਣ ਲਈ ਆਜ਼ਾਦ ਤਾਂ ਹੋ ਗਿਆ ਪਰ ਔਰਤ ਦੀ ‘ਅਜ਼ਾਦੀ’ ਹਰ ਉਮਰ ਵਿੱਚ ਕਿਸੇ ਨਾ ਕਿਸੇ ਦੀ ਗੁਲਾਮ ਬਣ ਕੇ ਰਹਿ ਗਈ। ਧੀ ਪਿਤਾ ਦੀ ਗੁਲਾਮ, ਪਤਨੀ ਆਪਣੇ ਪਤੀ ਦੀ ਅਤੇ ਮਾਂ ਆਪਣੇ ਪੁੱਤਰ ਦੀ … ਜੋ ਇਨ੍ਹਾਂ ਸਾਰਿਅਾਂ ਤੋਂ ਬੱਚ ਗਿਆ ਉਹ ਗਰੀਬੀ ਦਾ ਗੁਲਾਮ…।” ਇਹ ਕਹਿ ਕੇ ਉਸਦਾ ਗਲਾ ਭਰ ਗਿਆ।

ਕੁਝ ਪਲ ਰੁਕਣ ਤੋਂ ਬਾਅਦ ਉਸ ਨੇ ਮੁੜ ਕਿਹਣਾ ਆਰੰਭਿਆ–”ਸਰ, ਅੱਜ ਮੇਰੀ ਹਾਲਤ ਗਰੀਬੀ ਦੀਆਂ ਜੰਜ਼ੀਰਾਂ ‘ਚ ਇੰਨੀ ਫਸੀ ਹੋਈ ਹੈ ਕਿ ਮੈਂ 10 ਦਿਨਾਂ ਦੀ ਰਿਹਰਸਲ ਤੋਂ ਬਾਅਦ ਵੀ ਮੁਕਾਬਲੇ ‘ਚ ਹਿੱਸਾ ਨਹੀਂ ਲੈ ਸਕੀ। ਅੱਜ ਇਸ ਅੰਕਲ ਦੀ ਬਦੌਲਤ ਹੀ ਮੈਂ ਆਪਣੀ ਕਵਿਤਾ ਆਪ ਸਾਰਿਅਾਂ ਨੂੰ ਪੜ੍ਹ ਕੇ ਸੁਣਾ ਸਕੀ ਹਾਂ, ਤਾਂ ਹੀ, ਮੇਰੇ ਲਈ ਤਾਂ ਇਹ ਅੰਕਲ ਹੀ ਰਾਮ ਹਨ।”

“ਅਸੀਂ ਤੁਸੀਂ ਸਾਰੇ ਜੇ ਕਰ ਸਮੁੱਚੇ ਸੰਸਾਰ ਨੂੰ ਰਾਮ-ਮਈ ਬਨਾਉਣਾ ਚਾਹੁੰਦੇ ਹਾਂ ਤਾਂ ਹਰ ਮਨੁੱਖ ਦੇ ਅੰਦਰ ਦਇਅਾ, ਸੇਵਾ ਅਤੇ ਪਰਉਪਕਾਰ ਦੀ ਭਾਵਨਾ ਜਗਾਉਣੀ ਪਵੇਗੀ ਅਤੇ ਪਰਿਸਥਿਤੀਅਾਂ ਨੂੰ ਸਮਝਣ ਦਾ ਅਨੁਭੱਵ ਪੈਦਾ ਕਰਨਾ ਪਵੇਗਾ। ਤਾਂ ਹੀ ਫਿਰ ਸਤਿਕਾਰ ਯੋਗ ਰਾਮ ਬਣ ਸਕਾਂਗੇ।”

ਬੱਚੀ ਪਰੀ ਨੇ ਮੇਰੇ ਚਰਨ ਛੋਹੇ, ਪ੍ਰਨਾਮ ਕੀਤਾ ਤਾਂ ਸਾਰਾ ਪੰਡਾਲ ਹੀ ਤਾਲੀਅਾਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਪਰ ਪਰਧਾਨ-ਅਧਿਆਪਕ ਦੇ ਚਿਹਰੇ ‘ਤੇ ਪਛਤਾਵੇ ਦੀਅਾਂ ਲਕੀਰਾਂ ਵੇਖ ਕੇ ਪਰੀ ਖੁੱਦ ਨੂੰ ਰੋਕ ਨਾ ਸਕੀ। ਪਰੀ ਉਹਨਾਂ ਦੇ ਸਾਹਮਣੇ ਜਾ ਕੇ ਬੋਲੀ: “ਸਰ ਜੀ! ਮੈਨੂੰ ਮੁਆਫ਼ ਕਰ ਦੇਣਾ ਜੀ ਜੇਕਰ ਮੇਰੇ ਕਾਰਣ ਤੁਹਾਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ।”

“ਨਹੀਂ ਬੇਟਾ! ਕੋਈ ਗੱਲ ਨਹੀਂ।”

“ਸਰ ਜੀ! ਮੈਨੂੰ ਵੀ ਬਹੁਤ ਬੁਰਾ ਲੱਗਿਆ ਸੀ ਜਦੋਂ ਤੁਸੀਂ ਮੈਨੂੰ ਮੇਰੇ ਕਪੜਿਅਾਂ ਕਰਕੇ ਪੰਕਤੀ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ। ਤੁਸੀਂ ਹੀ ਤਾਂ ਅਕਸਰ ਕਿਹਾ ਕਰਦੇ ਸੀ ਕਿ ਮਨੁੱਖ ਦੇ ਬਾਹਰੀ ਪਹਿਰਾਵੇ ਨਾਲ ਕੋਈ ਫਰਕ ਨਹੀਂ ਪੈਂਦਾ। ਇਨਸਾਨ ਦਾ, ਆਪਣਾ ਮਨ, ਮਸਤਕ, ਦਿਲ ਅਤੇ ਦਿਮਾਗ਼ ਹੀ ਚੰਗਾ ਹੋਣਾ ਚਾਹੀਦਾ ਹੈ। ਅੱਜ ਕੇਵਲ ਮੇਰੇ ਕਪੜਿਆ ਕਰਕੇ ਮੈਨੂੰ ਇੰਨੇ ਵੱਡੇ ਸਨਮਾਨ ਤੋਂ ਬੰਚਿਤ ਕੀਤਾ ਜਾ ਰਿਹਾ ਸੀ।”

ਇੰਨੇ ਵਿਚ ਮੈਂ ਕਿਹਾ: “ਪਰੀ ਬੇਟਾ! ਛੱਡ ਇਹ ਸਾਰਾ ਕੁਝ। ਇੰਨੇ ਵੱਡੇ ਸਨਮਾਨ ਲਈ ‘ਸਰ’ ਦੇ ਪੈਰੀਂ ਹੱਥ ਲਾ, ਇਹ ਤੇਰੇ ਅਧਿਆਪਕ ਹਨ।”

“ਜੀ” ਕਹਿੰਦਿਆ ਪਰੀ ਨੇ ਸਿਰ ਨਿਵਾਉਂਦੀਅਾਂ ‘ਸਰ’ ਦੇ ਪੈਰੀਂ ਹੱਥ ਲਾਇਆ। ਸਾਰਿਆ ਦੇ ਚਿਹਰਿਆ ਤੇ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਰੀ ਵੀ ਪ੍ਰਸੰਨ-ਚਿੱਤ ਹੋ ਘਰ ਨੂੰ ਹੋ ਤੁੱਰੀ……।
***
(ਪੰਜਾਬੀ ਰੂਪ: ਗੁਰਦਿਆਲ ਸਿੰਘ ਰਾਏ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1286
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡੌਲੀ ਸ਼ਾਹ,
ਨੇੜੇ ਪੀਐਚਈ,
ਡਾਕਖਾਨਾ ਸੁਲਤਾਨੀ ਛੋਰਾ,
ਜ਼ਿਲ੍ਹਾ ਹੈਲਾਕੰਦੀ-788162
(ਆਸਾਮ)
+91 9395726158

डोली शाह
निकट- पी एच ई
पोस्ट- सुल्तानी छोरा
जिला- हैलाकंदी
असम -788162
मोबाइल -9395726158

ਡੌਲੀ ਸ਼ਾਹ

ਡੌਲੀ ਸ਼ਾਹ, ਨੇੜੇ ਪੀਐਚਈ, ਡਾਕਖਾਨਾ ਸੁਲਤਾਨੀ ਛੋਰਾ, ਜ਼ਿਲ੍ਹਾ ਹੈਲਾਕੰਦੀ-788162 (ਆਸਾਮ) +91 9395726158 डोली शाह निकट- पी एच ई पोस्ट- सुल्तानी छोरा जिला- हैलाकंदी असम -788162 मोबाइल -9395726158

View all posts by ਡੌਲੀ ਸ਼ਾਹ →