25 April 2024

ਕਹਾਣੀ: ਚੱਪਾ ਕੁ ਸੂਰਜ – ਬਲਬੀਰ ਕੌਰ ਸੰਘੇੜਾ (ਕੈਨੇਡਾ)

ਕਹਾਣੀ:

ਚੱਪਾ ਕੁ ਸੂਰਜ

ਬਲਬੀਰ ਕੌਰ ਸੰਘੇੜਾ (ਕੈਨੇਡਾ)

ਬਲਬੀਰ ਕੌਰ ਸੰਘੇੜਾ, ਬਰਤਾਨੀਆ ਤੋਂ ਕੈਨੇਡਾ ਜਾ ਵਸੀ ਪੰਜਾਬੀ ਲੇਖਿਕਾ ਦਾ ਨਾਂ ਸਾਹਿਤਕ ਜਗਤ ਵਿਚ ਇਕ ਨਾਵਲਕੱਰ, ਕਹਾਣੀਕਾਰ ਅਤੇ ਕਵਿਤਰੀ ਦੇ ਰੂਪ ਵਿਚ ਜਾਣਿਆ ਪਹਿਚਾਣਿਆ ਹੈ। ਉਸਦੀਆਂ 2009 ਤੱਕ ਸੱਤ ਪੁਸਤਕਾਂ:
ਹੱਕ ਦੀ ਮੰਗ (ਨਾਵਲ), ਇਕ ਖੱਤ ਸੱਜਣਾਂ ਦੇ ਨਾਂ (ਨਾਵਲ), ਭਟਕਣ (ਕਹਾਣੀ ਸੰਗ੍ਰਿਹ), ਆਪਣੇ ਹੀ ਓਹਲੇ (ਕਹਾਣੀ ਸੰਗ੍ਰਿਹ), ਤੜਪਾਂ (ਕਾਵਿ ਸੰਗ੍ਰਿਹ)
ਖੰਭੇ (ਕਹਾਣੀ ਸੰਗ੍ਰਹਿ), ਪਰਛਾਈਆਂ ਦੇ ਓਹਲੇ—ਪਰਕਰਮਾਂ(ਯਾਦਾਂ) ਅਤੇ ਠੰਡੀ ਹਵਾ (ਕਹਾਣੀ ਸੰਗ੍ਰਹਿ)
ਛਪੀਆਂ ਅਤੇ ਬਹੁ-ਚਰਚਿਤ ਰਹੀਆਂ ਹਨ। ਇਕ ਲੰਮਾ ਸਮਾਂ ‘ਆਰ-ਪਾਰ’ ਨਾਂ ਦਾ ਪਰਚਾ ਵੀ ਸੰਪਾਦਿਤ ਕਰਦੇ ਰਹੇ ਹਨ।

ਸਰਬਤ ਦਾ ਭਲਾ ਮੰਗਦਿਆਂ ਅਤੇ ਸੋਚਦਿਆਂ ਉਸਨੇ ਨਾ ਕਦੇ ਸੱਚ ਦਾ ਪੱਲਾ ਹੀ ਛੱਡਿਆ ਹੈ ਅਤੇ ਨਾ ਹੀ ਕਦੇ ਸੱਚ ਦੇ ਅਹਿਸਾਸ ਤੋਂ ਕੰਨੀ ਹੀ ਕਤਰਾਈ ਹੈ। ਜਿੰਦਗੀ ਨੂੰ ਬਹੁਤ ਨੇੜਿਉਂ ਤੱਕਦਿਆਂ ਉਸਨੇ ਬੜੀ ਹੀ ਸ਼ਿੱਦਤ ਨਾਲ ਜਿਵੇਂ ਅਨੁਭਵ ਕੀਤਾ ਤਿਵੇਂ ਹੀ ਆਪਣੇ ਅਹਿਸਾਸਾਂ ਨੂੰ ਆਪਣੀ ਕਲਮ ਦੀ ਨੋਕ ਤੇ ਲਿਆਂਦਾ। ਸੰਘੇੜਾ ਹੁਰਾਂ ਦੀ ਨਵੀਂ ਕਹਾਣੀ ‘ਚੱਪਾ ਕੁ ਸੂਰਜ’ ਲਿਖਾਰੀ ਦੇ ਪੱਠਕਾਂ ਦੇ ਰੂ-ਬ-ਰੂ ਹੈ।—(ਲਿਖਾਰੀ)
ਮੈਂ ਬੈੱਡਰੂਮ ਦੇ ਵਿੰਡੋ ਵਿਚੀਂ ਇਕ ਕਾਲੇ ਜੋੜੇ ਨੂੰ ਦੇਖ ਰਹੀ ਸਾਂ। ਔਰਤ ਮਧਰੀ, ਮੋਟੇ-ਮੋਟੇ ਨੈਣ ਨਕਸ਼ਾਂ ਵਾਲੀ ਸੀ। ਉਸਦੇ ਕੱਦ ਦਾ ਹਿਸਾਬ ਵੀਲ੍ਹ ਚੇਅਰ ਵਿਚ ਬੈਠਿਆਂ ਵੀ ਲਗਦਾ ਸੀ। ਮਰਦ ਮਾੜਕੂ ਜਿਹਾ, ਤਿੱਖੇ-ਤਿੱਖੇ ਨੈਣ ਨਕਸ਼ਾਂ ਵਾਲਾ, ਲੰਮ-ਸੁ-ਲੰਮਾ ਸੀ। ਛੀਂਟਕਾ ਜਿਹਾ। ਜਾਨ ਜਿਵੇਂ ਹਿੱਕ ਦੀਆਂ ਹੱਡੀਆਂ ‘ਚ ਜਕੜੀ ਹੋਵੇ। ਔਰਤ ਦਾ ਰੰਗ ਕਾਲਾ ਸਿਆਹ ਸੀ ਅਤੇ ਮਰਦ ਦਾ ਸਾਂਵਲਾ। ਉਮਰ ਪੱਖੋਂ ਢਲੇ ਹੋਏ ਸੂਰਜ ਸਨ।

ਉਹ ਆਪਣੇ ਪਤਲੇ ਸੁਬਕ ਸਰੀਰ ਨਾਲ਼, ਉਸ ਔਰਤ ਦੀ ਵੀਲ੍ਹ ਚੇਅਰ ਧੱਕਦਾ ਜਾ ਰਿਹਾ ਸੀ। ਹਿੱਕ ਦੀਆਂ ਨਾੜਾਂ ਦਾ ਜੋਰ ਲਾਕੇ। ਹਰ ਰੋਜ਼ ਏਸੇ ਤਰ੍ਹਾਂ ਉਹ ਦੋਨੋਂ ਸੈਰ ਲਈ ਜਾਂਦੇ।

ਮੈਂ ਸੋਚਦੀ, ਸੈਰ ਇਨ੍ਹਾਂ ਦੋਹਵਾਂ ਵਿੱਚੋਂ ਕੌਣ ਕਰਦਾ ਹੈ? ਮਰਦ ਜਾਂ ਔਰਤ? ਮਰਦ ਵੀਲ੍ਹ ਚੇਅਰ ਧੱਕਣ ਵਿਚ ਲੱਗਾ ਰਹਿੰਦਾ ਅਤੇ ਔਰਤ ਆਲਾ-ਦੁਆਲਾ ਦੇਖਣ ਵਿਚ। ਜਦੋਂ ਉਹ ਗੱਲਾਂ ਕਰਦੇ ਤਾਂ ਮਰਦ ਆਪਣੇ ਜਿਸਮ ਨੂੰ ਦੋਹਰਾ ਕਰਕੇ, ਕੰਨ ਔਰਤ ਦੇ ਮੂੰਹ ਕੋਲ ਲੈ ਆਉਂਦਾ।

ਉਹ ਦੋਨੋਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ, ਹਰ ਰੋਜ਼ ਮੇਰੇ ਘਰ ਦੇ ਪਿਛਵਾੜੇ ਬਣੀਆਂ ਦੋ ਛੋਟੀਆਂ ਝੀਲਾਂ ਦੇ ਦੁਆਲੇ ਚੱਕਰ ਲਾਉਂਦੇ। ਇਕ ਬੈਗ ਵਿਚ ਬਰੈੱਡ ਦੇ ਪੀਸ ਲੈ ਆਉਂਦੇ। ਪਾਣੀ ਦੇ ਕੋਲ ਖੜੋਅ ਕੇ ਬਤਖ਼ਾਂ ਨੂੰ ਚੋਗਾ ਪਾਉਂਦੇ। ਨਿੱਕੀਆਂ-ਨਿੱਕੀਆਂ ਬੁਰਕੀਆਂ। ਕਈ ਬਤਖ਼ਾਂ ਉਨ੍ਹਾਂ ਦੇ ਕੋਲ ਆ ਕੇ, ਹੱਥਾਂ ਵਿੱਚੋਂ ਬੁਰਕੀ ਖਾ ਜਾਂਦੀਆਂ। ਜਿਵੇਂ ਉਹ ਉਨ੍ਹਾਂ ਨੂੰ ਜਾਨਣ ਲੱਗ ਪਈਆਂ ਹੋਣ। ਉਹ ਉਨ੍ਹਾਂ ਨਾਲ਼ ਨਿੱਕੇ-ਨਿੱਕੇ ਚੋਹਲ-ਮੋਹਲ ਕਰਦੇ। ਇਉਂ ਲਗਦਾ ਜਿਵੇਂ ਉਹ ਸੰਕੇਤਾਂ ਦੀ ਭਾਸ਼ਾ ਵਿਚ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹੋਣ।

ਕਈ ਵੇਰਾਂ ਦਿਨ ਵਿਚ ਦੋ ਵਾਰੀ ਏਸੇ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ। ਮੇਰੇ ਘਰ ਤੋਂ ਸੱਜੇ ਪਾਸੇ, ਸਾਮ੍ਹਣੀ ਸਟਰੀਟ ਵਿਚ, ਛੋਟੇ ਜਿਹੇ ਟਾਊਨ ਹਾਊਸ ਵਿਚ ਰਹਿੰਦੇ ਸਨ ਉਹ। ਦਿਨ ਨੂੰ ਵਰਾਂਡੇ ਵਿਚ ਬੈਠ ਕੇ ਗੱਲਾਂ ਕਰਦੇ। ਇੱਕ ਦੂਜੇ ਨੂੰ ਸਹਾਰਾ ਦਿੰਦੇ। ਮੇਰਾ ਦਿਲ ਕਰਦਾ, ਮੈਂ ਵੀ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਾਂ।

ਮੇਰੀ ਗੁਆਂਢਣ ਜਮੀਕਣ ਔਰਤ ‘ਸ਼ੈਲੀ’ ਸ਼ਰਮੀਲੀ ਜਿਹੀ ਹੈ। ਬੇਢੱਬੇ ਜਿਹੇ ਸਰੀਰ ਵਾਲੀ। ਮੱਧਰੀ, ਚੌਰਸ ਜਿਹੀ ਦਿਖਾਈ ਦਿੰਦੀ ਹੈ। ਉਹ ਦੂਜੇ ਬੰਦੇ ਨੂੰ ਦੇਖ ਕੇ ਆਪਣੇ ਘਰ ਅੰਦਰ ਵੜ ਜਾਂਦੀ ਹੈ। ਉਸਨੂੰ ਦੇਖਦਿਆਂ ਹੋਇਆਂ ਮੈਨੂੰ ਆਪਣਾ ਨਵਤੇਜ ਚੇਤੇ ਆ ਜਾਂਦਾ ਹੈ। ਉਹ ਵੀ ਐਂਜ ਹੀ ਕਰਦਾ ਸੀ। ਉਹ ਵੀ ਬਾਹਰ ਘੱਟ ਨਿੱਕਲ ਕੇ ਰਾਜ਼ੀ ਸੀ। ਕਈ ਵੇਰਾਂ ਮੈਂ ਬਾਹਰਲਾ ਕੰਮ ਕਰਦੀ ਅਤੇ ਉਹ ਘਰ ਦੇ ਅੰਦਰ ਭਾਂਡੇ ਧੁਆ ਰਿਹਾ ਹੁੰਦਾ।

ਵੀਕ ਡੇ ਵਿੱਚ, ਜਦੋਂ ਅਸੀਂ ਕੰਮ ਤੋਂ ਪਰਤਦੇ, ਬੈਗ ਰੱਖਦੇ ਅਤੇ ਆਪੋ-ਆਪਣੇ ਕੰਮਾਂ ਵਿਚ ਲੀਨ ਹੋ ਜਾਂਦੇ। ਅਸੀਂ ਦੋਨੋਂ ਰਲ ਕੇ ਛੇ ਜੀਆਂ ਦਾ ਕੰਮ ਝੱਟ ਕਰ ਲੈਂਦੇ। ਉਸਤੋਂ ਬਾਅਦ, ਨਵਤੇਜ ਕਦੀ ਬੱਚਿਆਂ ਵੱਲ ਅਤੇ ਕਦੀ ਟੀ.ਵੀ ਦੇਖਣ ਵਿਚ ਰੁੱਝ ਜਾਂਦੇ। ਵਰਲਡ ਐਟ ਲਾਰਜ ਜਾਂ ਬੀ.ਬੀ.ਸੀ ਦੇ ਚੈਨਲ ‘ਤੇ ਈਸਟਰਨ ਵਰਲਡ ਵਿਚ ਦਿਖਾਈਆਂ ਜਾਂਦੀਆਂ ਖ਼ਬਰਾਂ, ਜਿਵੇਂ ਮੇਰੇ ਫੈਮਿਲੀ ਰੂਮ ਵਿਚ ਵਾਪਰਦੀਆਂ ਹੋਣ। ਮੈਨੂੰ ਐਸ ਤਰ੍ਹਾਂ ਜਾਪਦਾ, ਜਿਵੇਂ ਜੰਗਾਂ ਵੀ ਮੇਰੇ ਫੈਮਿਲੀ ਰੂਮ ਵਿਚੋਂ ਸ਼ੁਰੂ ਹੋ ਕੇ ਇੱਥੇ ਹੀ ਖ਼ਤਮ ਹੁੰਦੀਆਂ ਹੋਣ।

ਉਨ੍ਹਾਂ ਦਿਨਾਂ ਵਿਚ ਥਕਾਵਟ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ। ਘੁੰਮ-ਘੁੰਮ ਕੰਮ ਕਰ ਲਈਦਾ ਸੀ। ਜ਼ਿੰਦਗੀ ਨੂੰ ਗੰਢਦੇ ਹੋਏ ਜਿਵੇਂ ਵਕਤ ਫੁਰਰ ਕਰਕੇ ਉੜ ਜਾਂਦਾ। ਕਦੀ ਅਸੀਂ ਦੋਨੋਂ ਤਿੜਕੇ ਭਾਂਡਿਆਂ ਵਾਂਗ, ਆਪਸ ਵਿੱਚੀਂ ਖਹਿੰਦੇ-ਵੱਜਦੇ ਵੀ। ਫੇਰ ਵੀ ਸਾਡੀ ਸਾਂਝ ਦਾ ਹੁਲਾਰ ਅਤੇ ਹੁਲਾਸ ਮੇਰੇ ਅੰਦਰ ਨੂੰ ਭਰਿਆ-ਭਕੁਨਿਆ ਰੱਖਦਾ।

ਮੈਂ ਆਪਣੇ ਘਰ ਵਿਚ ਮਨ ਦੀ ਮਰਜ਼ੀ ਕਰਦੀ। ਚਹੁੰ ਕੰਧਾਂ ਅੰਦਰ ਮੇਰੀ ਸਰਦਾਰੀ ਸੀ। ਜੋ ਮੈਂ ਚਾਹੁੰਦੀ ਬਸ ਉਹੋ ਹੀ ਹੁੰਦਾ। ਉਸ ਵੇਲੇ ਮੈਨੂੰ ਬਾਪੂ ਜੀ ਦੀ ਆਖੀ ਗੱਲ ਚੇਤੇ ਆਉਂਦੀ ਕਿ ਆਪਣੇ ਘਰ ਵਿਚ ਤੀਂਵੀ ਰਾਣੀ ਹੁੰਦੀ ਐ। ਮੈਨੂੰ ਮੇਰਾ ਘਰ ਮਹਿਲ ਜਾਪਦਾ। ਮੈਂ ਸੋਚਦੀ ਕਿ ਇਸ ਤੋਂ ਵੱਧ ਨਸ਼ਾ ਹੋਰ ਹੋ ਵੀ ਕੀ ਸਕਦੈ?

ਨਵਤੇਜ ਦੀ ਚੁੱਪ-ਚੁਪੀਤੀ ਸਖ਼ਸ਼ੀਅਤ ਤੋਂ ਅਸੀਂ ਸਾਰੇ ਝਕਦੇ ਸਾਂ। ਬੱਚਿਆਂ ਨੂੰ ਉਸਦਾ ਡਰ ਰਹਿੰਦਾ ਸੀ। ਤੇ ਹੁਣ? ਉਡਾਣਾਂ ਭਰਦੀ ਜ਼ਿੰਦਗੀ ਜਦੋਂ ਢਲਾਣਾਂ ਦਾ ਰੁਖ਼ ਕਰਕੇ ਤੁਰੀ ਤਾਂ ਧੜੱਮ ਡਿੱਗੀ ਰੜੇ ਮੈਦਾਨਾਂ ਵਿਚ। ਭਰੇ-ਭਕੁੰਨੇ ਘਰ ਵਿਚ ਵੀ ਰਿਹਾ ਹੀ ਕੁਝ ਨ੍ਹੀ। ਕੰਧਾਂ ਦੇ ਘੇਰੇ ਵਿਚ ਤਨਹਾਈ ਦੀ ਹਮਕ ਰਹਿ ਗਈ। ਸਿਰਫ਼ ਇਕਲਾਪੇ ਦਾ ਵਾਸ। ਗੂੰਜਦੇ ਹਾਸੇ ਅਲੋਪ ਹੋ ਗਏ। ਤੇ ਮੈਂ ਕਮਲੀ ਉਹ ਕੋਨੇ ਭਾਲ਼ਦੀ ਹਾਂ, ਜਿੱਥੇ ਮਹਿਕਦੀਆਂ ਹਵਾਵਾਂ ਖ਼ਿਜ਼ਾ ਵਿਚ ਬਦਲ ਗਈਆਂ। ਵਕਤ ਦੀ ਗਾਚਣੀ ਵੀ ਪੋਚੇ ਲਾ ਕੇ ਤੁਰ ਗਈ। ਸੋਚਦੀ ਹਾਂ, ਬੱਚਿਆਂ ਦੀਆਂ ਕਿਲਕਾਰੀਆਂ ਕਿਤੇ ਇਨ੍ਹਾਂ ਕੋਨਿਆਂ ਵਿਚ ਹੀ ਗੂੰਜ ਰਹੀਆਂ ਹੋਣਗੀਆ। ਮੇਰੇ ਕੰਨ ਸੁਣਨ ਦਾ ਯਤਨ ਕਰਦੇ ਹਨ। ਪਰ ਉਹ ਤਾਂ ਕਦੀ ਇਸ ਕੋਨੇ ਅਤੇ ਕਦੀ ਓਸ ਕੋਨੇ ਵਿਚ ਜਿਵੇਂ ਛਪਨ ਹੋ ਗਈਆਂ। ਰਲ ਗਈਆਂ ਉਸ ਬਾਸੀ ਹਵਾ ਦੇ ਝੋਂਕੇ ਵਿਚ। ਵਕਤ ਦੇ ਉੜੇ ਫੰਭਿਆਂ ਵਿਚ। ਤੇ ਮੇਰਾ ਘਰ ਖੜਾ ਭਾਂ-ਭਾਂ ਕਰਦਾ ਹੈ। ਵਿਚਾਲੇ ਖੜੋਤੀ ਹਾਂ ਮੈਂ। ਵਿੰਡੋ ਵਿਚੀਂ ਆਪਣੇ ਰਾਹ ਜਾਂਦੀ ਦੁਨੀਆਂ ਨੂੰ ਦੇਖਦੀ ਹਾਂ, ਜਿਸ ਵਿਚ ਮੈਂ ਗੁਆਚ ਜਹੀ ਗਈ ਹਾਂ।

ਨਜ਼ਰ ਗਾਰਡਨ ਵੱਲ ਪੈਂਦਿਆਂ ‘ਸ਼ੈਲੀ’ ਸੋਚ ਵਿਚ ਫੇਰ ਉੱਭਰਦੀ ਹੈ। ਨਵਤੇਜ ਵਾਂਗ ਉਹ ਵੀ ਮੇਰੇ ਮੱਥੇ ਦੀਆਂ ਤ੍ਰੇੜਾਂ ਵਿਚ ਧੱਸੀ ਰਹਿੰਦੀ ਹੈ। ਕਦੀ-ਕਦਾਈਂ ਗਰਮੀਆਂ ਦੇ ਦਿਨਾਂ ਨੂੰ ਜਦੋਂ ਉਸਦਾ ਪਤੀ ‘ਕੈੱਨ’ ਗਾਰਡਨ ਵਿਚ ਕੰਮ ਕਰ ਰਿਹਾ ਹੋਵੇ ਤਾਂ ਉਹ ਆਪਣੇ ਪੈਟੀਓ ਦੀ ਪੌੜੀ ‘ਤੇ ਬੈਠੀ ਰਹਿੰਦੀ ਹੈ। ਮੈਂ ਉਸਨੂੰ ਜਾਣ ਬੁੱਝ ਕੇ ਬੁਲਾਉਂਦੀ ਹਾਂ। ਉਸਨੂੰ ਬੁਲਾਉਂਦਿਆਂ ਹੋਇਆਂ, ਉਸ ਨਾਲ਼ ਗੱਲਾਂ ਕਰਦਿਆਂ, ਐਂਜ ਲਗਦੈ ਜਿਵੇਂ ਮੈਂ ਨਵਤੇਜ ਨਾਲ਼ ਗੱਲਾਂ ਕਰ ਰਹੀ ਹੋਵਾਂ। ਮੈਨੂੰ ਮਹਿਸੂਸ ਹੁੰਦੈ, ਜਿਵੇਂ ਉਹ ਵੀ ਸ਼ੈਲੀ ਦੇ ਨਾਲ਼ ਦੀ ਪੌੜੀ ‘ਤੇ ਬੈਠਾ ਹੋਵੇ।

ਸੋਚਦੀ ਹਾਂ, ‘ਸ਼ੈਲੀ’ ਦੀ ਚੁੱਪ ਥੋੜੀ ਜਿਹੀ ਮੇਰੇ ਨਾਲ਼ ਖੁੱਲ੍ਹਣ ਲਗ ਪਈ ਹੈ। ਉਹ ਨਿੱਕੀਆਂ-ਨਿੱਕੀਆਂ ਗੱਲਾਂ ਸਾਂਝੀਆਂ ਕਰ ਲੈਂਦੀ ਹੈ। ਗਾਰਡਨ ਦੀ ਵਾੜ ਕੋਲ਼ ਖੜੋ ਕੇ ਕਦੀ ਅਸੀਂ ਦੁੱਖਾਂ-ਸੁੱਖਾਂ ਦੀ ਚਰਖੀ ਘੁਮਾ ਲੈਂਦੀਆਂ ਹਾਂ। ਇਕ ਵਾਰੀ ਮੈਨੂੰ ਏਸ ਨੇ ਹੀ ਦੱਸਿਆ ਸੀ ਕਿ, ”ਸੈਰ ਕਰਨ ਵਾਲੇ ਜੋੜੇ ”ਸੈਮ” ਅਤੇ ”ਐਂਜਲਾ” ਦਾ ਕਿਸੇ ਵੇਲੇ ਬਹੁਤ ਵੱਡਾ ਕੰਮ ਸੀ। ਮਕਾਨ ਚਾਰ ਹਜ਼ਾਰ ਸੁਕੇਅਰ ਫੁੱਟ ਦਾ ਸੀ। ਸਭ ਕੁਝ ਐਂਵੇ ਗਿਆ। ਔਲਾਦ ਹੋਵੇ ਤਾਂ ਚੰਗੀ। ਵਰਨਾ ਨਾ ਹੋਵੇ।” ਇਹ ਆਖਦਿਆਂ ਹੋਇਆਂ ਸ਼ੈਲੀ ਨੇ ਹੌਕਾ ਲੈ ਕੇ ਆਪਣੇ ਪੇਟ ਵੱਲ ਵੀ ਜਿਵੇਂ ਦੇਖਿਆ ਸੀ, ਤੇ ਪਿੱਛਾ ਮੁੜਕੇ ਆਪਣੇ ਘਰ ਦੀ ਹਨ੍ਹੇਰੀ ਖਮੋਸ਼ ਹਵਾ ਨੂੰ ਆਪਣੀ ਹਿੱਕ ‘ਚ ਦੱਬਿਆ ਸੀ। ਹੋ ਸਕਦੈ, ਮੈਨੂੰ ਹੀ ਇਹ ਭੁਲੇਖਾ ਪਿਆ ਹੋਣੈ।

ਮੈਂ ਚੁੱਪ ਰਹੀ। ਸ਼ੈਲੀ ਤੋਂ ਕੋਈ ਸਵਾਲ ਨਾ ਪੁੱਛਿਆ। ਏਸ ਵਿਸ਼ੇ ‘ਤੇ ਮੈਂ ਕੋਈ ਵੀ ਗੱਲ ਸ਼ੈਲੀ ਨਾਲ਼ ਨਾ ਛੇੜਦੀ। ਮੈਨੂੰ ਮਹਿਸੂਸ ਹੁੰਦਾ ਜਿਵੇਂ ਮੈਂ ਉਸਦੀ ਕਿਸੇ ਦੁਖਦੀ ਰਗ਼ ‘ਤੇ ਉਂਗਲ ਧਰ ਰਹੀ ਹੋਵਾਂ। ਸ਼ੈਲੀ ਤਾਂ ਕੈੱਨ ਨੂੰ ਕੰਮ ਕਰਦਿਆਂ ਦੇਖ ਕੇ ਖੁਸ਼ ਹੋ ਜਾਂਦੀ ਸੀ। ਉਸੇ ਨੂੰ ਵਾਚਦੀ ਰਹਿੰਦੀ। ਕਿਸੇ ਅੰਦਰਲੀ ਤਾਂਘ ਨੂੰ ਜਾਹਿਰ ਹੀ ਨਾ ਕਰਦੀ। ਸ਼ਾਇਦ ਏਸੇ ਵਾਸਤੇ ਚੁੱਪ ਨੇ ਉਸਦੇ ਅੰਦਰ-ਬਾਹਰ ਵਾਸ ਕਰ ਲਿਆ ਸੀ। ਮੈਂ ਵੀ ਉਸਦੇ ਅਹਿਸਾਸ ਦੀ ਲਛਮਣ ਰੇਖਾ ਦੇ ਅੰਦਰ ਪੈਰ ਨਾ ਪਾਉਂਦੀ। ਆਪਣੇ ਬੱਚਿਆਂ ਦੀ ਵੀ ਕੋਈ ਗੱਲ ਉਸ ਨਾਲ਼ ਸਾਂਝੀ ਨਾ ਕਰਦੀ।

ਇਕ ਵਾਰੀ ਕੈੱਨ ਨੇ ਮੈਨੂੰ ਦੱਸਿਆ ਸੀ, ”ਕਿਰਨ! ਬੇ-ਔਲਾਦ ਇਨਸਾਨ ਦੀ ਤਾਂਘ ਔਲਾਦ ਲਈ ਹੁੰਦੀ ਐ ਤੇ ਜੇ ਕਰ ਔਲਾਦ ਹੋਵੇ ਤਾਂ ਵੈਸੇ ਚੈਨ ਨਹੀਂ। ਸੈਮ ਅਤੇ ਐਂਜਲਾ ਵੱਲ ਹੀ ਦੇਖ ਲੈ ਕਿਵੇਂ ਆਪਣਾ ਬੁਢਾਪਾ ਢੋਅ ਰਹੇ ਹਨ। ਤੈਨੂੰ ਪਤਾ ਹੀ ਹੋਣੈ, ਦੋ ਬੱਚੇ ਸਨ ਉਨ੍ਹਾਂ ਦੇ। ਗ਼ਲਤ ਰਸਤਿਆਂ ‘ਤੇ ਦੋਨੋਂ ਤੁਰ ਪਏ। ਮਾਂ-ਪਿਓ ਪੈਸੇ ਦੀ ਦੌੜ ਵਿਚ ਲੱਗੇ ਰਹੇ। ਘਰ-ਘਾਟ ਬਣਾਉਂਦੇ ਹੋਏ। ਸੋਚਦੇ ਹੋਣਗੇ, ਜਮੀਕਾ ਤੋਂ ਇੱਥੇ ਆਏ ਹਾਂ ਤਾਂ ਬੱਚਿਆਂ ਦਾ ਭਵਿੱਖ ਉੱਜਲਾ ਬਣਾ ਦੇਈਏ। ਜੋ ਕੁਝ ਅਸੀਂ ਨਹੀਂ ਦੇਖਿਆ, ਮਾਣਿਆ, ਉਹ ਸਭ ਇਨ੍ਹਾਂ ਦੀ ਝੋਲੀ ਪਾ ਦੇਈਏ। ਪਰ ਹੋਇਆ ਇਸਦੇ ਉਲਟ। ਬਣਿਆ ਬਣਾਇਆ ਸਭ ਪਲਾਂ ਵਿਚ ਖਤਮ ਹੋ ਗਿਆ ਜਦੋਂ ਇਨ੍ਹਾਂ ਦੇ ਮੁੰਡੇ ਪੀਟਰ ਨੇ ਪਤਾ ਨਹੀਂ ਕਿੱਥੋਂ ਗੰਨ ਲੈ ਲਈ। ਅਜ ਬਾਰਡਰ ਦੇ ਦੂਜੇ ਬੰਨਿਓਂ ਏਸ ਤਰ੍ਹਾਂ ਦਾ ਅਸਲਾ ਕੈਨੇਡਾ ਦੇ ਬਸੀਮਿਆਂ ਦੇ ਅੰਦਰ ਵੀ ਧੱਸ ਗਿਆ ਹੈ ਨਾ?” ਉਸਨੇ ਜਿਵੇਂ ਮੇਰੇ ‘ਤੇ ਹੀ ਸਵਾਲੀਆ ਨਜ਼ਰ ਸਿੱਟਦਿਆਂ ਆਖਿਆ।

ਫੇਰ ਮੇਰਾ ਉੱਤਰ ਉਡੀਕੇ ਬਗੈਰ ਹੀ ਬੋਲਿਆ ਸੀ, ”ਭੈੜੇ ਨੇ ਹੋਰ ਮੁੰਡਿਆਂ ਨਾਲ਼ ਰਲ ਕੇ, ਫੰਨ ਕਰਦਿਆਂ ਹੋਇਆਂ ਦੋ-ਚਾਰ ਫਾਇਰ ਕਰ ਦਿੱਤੇ। ਸੜਕ ‘ਤੇ ਤੁਰੇ ਜਾਂਦੇ ਨਿਰਦੋਸ਼ਾਂ ਨੂੰ ਨਿਸ਼ਾਨਾ ਬਣਾ ਲਿਆ। ਇਕ ਬੱਚੀ ਥਾਂ ਹੀ ਮਰ ਗਈ ਅਤੇ ਨਾਲ਼ ਹੀ ਮਰ ਗਈ ਉਸਦੀ ਮਾਂ। ਮੁੰਡਾ ਇਹ ਕਾਰਾ ਕਰਕੇ ਘਰ ਪਰਤ ਆਇਆ। ਜਦੋਂ ਘਰ ਆਏ ਨੂੰ ਮਾਂ ਨੇ ਡਾਂਟਿਆ, ਦੋ ਧਰੀਆਂ ਵੀ, ਅਤੇ ਪੁਲੀਸ ਨੂੰ ਫੋਨ ਕਰਨ ਲਈ ਐਂਜਲਾ ਅੱਗੇ ਵਧੀ ਤਾਂ ਉਸਨੇ ਇਕ ਗੋਲੀ ਮਾਂ ਦੇ ਵੀ ਕੱਢ ਮਾਰੀ। ਬਿਚਾਰੀ ਦੀ ਜਾਨ ਭਾਵੇਂ ਬਚ ਗਈ ਪਰ ਪੂਰੀ ਉਮਰ ਲਈ ਅਪਾਹਜ ਹੋ ਗਈ। ਸੈਮ ਨੂੰ ਵੀ ਕੰਮ ਛਡਣਾ ਪਿਆ। ਕੌਣ ਸਾਂਭਦਾ ਘਰ ਵਾਲੀ ਨੂੰ? ਹੋਮ ਕੇਅਰ ਵਾਲੇ ਘੰਟਾ ਦੋ ਘੰਟੇ ਲਈ ਆਉਂਦੇ ਹਨ। ਮਾੜਾ-ਮੋਟਾ ਇਸਨੂੰ ਧੋ-ਸੁਆਰ ਜਾਂਦੇ ਹਨ। ਇਸਦਾ ਕਮਰਾ ਸਾਫ਼ ਕਰ ਜਾਂਦੇ ਹਨ। ਬਾਕੀ ਸਮਾਂ ਕੌਣ ਕਟਾਵੇ? ਸਾਰੀ ਉਮਰ ਲਈ ਪੁੱਤ ਵੀ ਜੇਲ ਵਿਚ ਜਾ ਬੈਠਾ। ਵਿਗੜੀ ਹੋਈ ਧੀ ਆਪਣੇ ਰਾਹ ਤੁਰ ਗਈ। ਘਰ ਦੀ ਮੌਰਟਗੇਜ਼ ਦੀ ਡਿਸਬਿਲਟੀ ਇੰਸ਼ੂਰੈਂਸ ਨਾ ਹੋਣ ਕਰਕੇ ਸੈਮ ਤੋਂ ਮੌਰਟਗੇਜ਼ ਦੇ ਨਾ ਹੋਈ। ਘਰ ਬੈਂਕ ਲੈ ਗਈ। ਬੰਦੇ ਦੀ ਜ਼ਿੰਦਗੀ ਤਬਾਹ ਹੋ ਗਈ। ਜਦੋਂ ਬੁਰਾ ਵੇਲਾ ਆਉਂਦਾ ਹੈ ਤਾਂ ਬੰਦਾ ਬੇਵਸ ਹੋ ਜਾਂਦੈ।”

ਕੈੱਨ ਦੱਸਦਾ ਰਿਹਾ। ਉਸਦੇ ਚਿਹਰੇ ਦੀਆਂ ਝੁਰੜੀਆਂ ਵਿਚ ਜਿਵੇਂ ਹੋਰ ਵੀ ਤ੍ਰੇੜਾਂ ਆ ਗਈਆਂ। ਉਸਦੀਆਂ ਅੱਖਾਂ ਅੰਦਰ ਵੱਲ ਨੂੰ ਧੱਸ ਗਈਆਂ ਜਾਪੀਆਂ। ਉਸਦੇ ਮੋਟੇ-ਠੁੱਲੇ ਬੁਲ੍ਹ ਜਿਵੇਂ ਸੂਤ ਹੋ ਗਏ।

ਪਰ ਮੇਰੇ ਕੋਲੋਂ ਹੋਰ ਕੋਈ ਸਵਾਲ ਨਾ ਪੁੱਛਿਆ ਗਿਆ। ਤੇ ਨਾ ਹੀ ਉਸਦੇ ਅਤੇ ਸ਼ੈਲੀ ਦੇ ਬਾਰੇ ਕੁਝ ਪੁੱਛ ਹੋਇਆ। ਸੋਚਿਆ ਪਤਾ ਨਹੀਂ ਕਿਹੜਾ ਇਸਦੇ ਪੱਛ ਲਾ ਦਿਆਂ। ਹਰ ਕੋਈ ਆਪਣੇ ਦੁੱਖਾਂ ਦੀ ਪਟਾਰੀ ਨੂੰ ਰੇਸ਼ਮੀ ਪੱਟ ਵਿਚ ਵਲੇਟੀ ਫਿਰਦੈ। ਤੇ ਚੁੱਪ-ਚੁਪੀਤੀ ਮੈਂ ਆਪਣੇ ਅੰਦਰ ਆ ਵੜੀ ਸੀ।

ਸੋਚ ਮੇਰੇ ਆਪਣੇ ਵੱਲ ਘੁੰਮਦੀ ਹੈ। ਮੈਨੂੰ ਉਹ ਦਿਨ ਚੇਤੇ ਆਉਂਦੇ ਹਨ ਜਿਨ੍ਹਾਂ ਦਿਨਾਂ ਦੀ ਸੁਨੈਹਿਰੀ ਝਲਕ ਜ਼ਿੰਦਗੀ ਨੂੰ ਰੁਸ਼ਨਾ ਦਿੰਦੀ ਸੀ। ਸਮੇਂ ਦੀ ਘੁਟਣ ਛੂ-ਮੰਤਰ ਹੋ ਜਾਂਦੀ ਸੀ। ਉਸ ਪਲ ਤੋਂ ਬਿਨਾਂ ਕੁਝ ਚੇਤੇ ਦੀ ਸਲੇਟ ‘ਤੇ ਉਕਰਦਾ ਹੀ ਨਹੀਂ। ਚੇਤੇ ਆਉਂਦਾ ਹੈ, ਜਦੋਂ ਅਸੀਂ ਬੱਚੇ ਪਾਲਦੇ, ਘਰ ਸਾਂਭਦੇ, ਦਿਵਾਨੇ ਹੋਏ ਤੁਰੇ ਫਿਰਦੇ ਸਾਂ। ਕਈ ਵੇਰਾਂ ਨਵਤੇਜ ਕੰਮ ਤੋਂ ਪਰਤਦੇ, ਬੀਅਰ ਦੀ ਬੋਤਲ ਲੈ ਕੇ ਬੱਚਿਆਂ ਦੇ ਨਾਲ਼ ਮੈਚ ਦੇਖਣ ਬੈਠ ਜਾਂਦੇ। ਜਦੋਂ ਮੈਂ ਖਿੱਝਦੀ-ਖਪਦੀ ਤਾਂ ਆਵਾਜ਼ ਗੂੰਜਦੀ, ”ਯਾਰ! ਐਂਵੇ ਨਾ ਸਾਡਾ ਕਚੂਮਰ ਜਿਹਾ ਕੱਢੀ ਜਾਇਆ ਕਰ। ਧੀਰਜ ਧਰਿਆ ਕਰ।”

ਇਹ ਸੋਚਦਿਆਂ ਹੋਇਆਂ ਮੇਰਾ ਆਪ-ਮੁਹਾਰੇ ਹਾਸਾ ਨਿੱਕਲ ਗਿਆ। ਆਲ਼ਾ-ਦੁਆਲ਼ਾ ਦੇਖਦੀ ਹਾਂ, ਹਵਾ ਵਿਚ ਜਿਵੇਂ ਬੀਤੇ ਦੀ ਚੀਕ ਉੱਭਰੀ ਹੋਵੇ। ਸਾਂ-ਸਾਂ ਦੀ ਆਵਾਜ਼ ਕੰਨਾ ਨੂੰ ਕੁਰੇਦ ਰਹੀ ਹੋਵੇ।

ਉਸ ਬੀਤੇ ਵਿਚ ਉਹ ਪਲ ਮੇਰਾ ਖਹਿੜਾ ਨਹੀਂ ਛੱਡਦੇ। ਬਿਸਤਰ ਵਿਚ ਪਿਆਂ ਇਕ ਲਾਸ਼ ਜਿਵੇਂ ਨਾਲ਼ ਸੁੱਤੀ ਪਈ ਰਹਿੰਦੀ ਹੋਵੇ। ਹਨੇਰੇ ਦੀਆਂ ਅੱਖਾਂ ਵਿਚ ਲੋਅ ਚਮਕਦੀ ਹੈ। ਉਹ ਲੋਅ ਅਸਮਾਨਾਂ ਦੇ ਬੱਦਲਾਂ ਵਿਚ ਕਿੱਧਰੇ ਛਪਨ ਹੋ ਗਈ ਹੋਣੀ ਐ। ਚੰਨ ਦੀ ਚਾਨਣੀ ਵਿਚ ਇਕ-ਮਿਕ ਹੋ ਕੇ ਮੇਰੇ ਘਰ ਦੇ ਗਾਰਡਨ ਵਿਚ ਵਿਖਰ ਗਈ ਹੋਵੇਗੀ। ਜਾਂ ਨਿਗਲ ਲਈ ਹੋਣੀ ਐ ਕਿਸੇ ਸੂਰਜ ਨੇ। ਤੇ ਮੇਰਾ ਨਵਤੇਜ?

ਤੇ ਮੈਂ ਰਹਿ ਗਈ ਚਾਰ ਧੀਆਂ-ਪੁੱਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੀ। ਗਲ ਦੀ ਪੰਜਾਲੀ ਮੈਂ ਹੋਰ ਨੂੜ ਲਈ। ਮੈਂ ਜਿਵੇਂ ਬੌਰੀ ਹੋ ਗਈ। ਨਾ ਮੈਥੋਂ ਕੁੜੀਆਂ ਸਾਂਭੀਆਂ ਜਾਣ ਅਤੇ ਨਾ ਮੁੰਡੇ। ਨਵਤੇਜ ਨੇ ਮੁੰਡਿਆਂ-ਕੁੜੀਆਂ ਨੂੰ ਕਦੀ ਕੋਈ ਕੌੜਾ-ਮਿੱਠਾ ਬੋਲਿਆ ਹੀ ਨਹੀਂ ਸੀ। ਉਹ ਬੋਲ ਸਕਦਾ ਹੀ ਨਹੀਂ ਸੀ। ਤੇ ਹੁਣ ਜਿਹੜਾ ਰੱਤੀ-ਮਾਸਾ ਡਰ ਉਨ੍ਹਾਂ ਦੇ ਮਨਾਂ ਵਿਚ ਹੈ ਵੀ ਸੀ ਉਹ ਵੀ ਨਹੀਂ ਸੀ ਰਿਹਾ।

ਕੁੜੀਆਂ ਵੱਡੀਆਂ ਹੋਈਆਂ ਅਤੇ ਕਿਤਾਬਾਂ ਜੋਗੀਆਂ ਰਹਿ ਗਈਆਂ। ਮਿੱਤਰਾਂ-ਦੋਸਤਾਂ ਨੂੰ ਮਿਲਣ-ਗਿਲਣ ਜੋਗੀਆਂ ਰਹਿ ਗਈਆਂ। ਕੰਮ ਤੋਂ ਆਉਂਦੀਆਂ ਤਾਂ ”ਟੂ ਟਾਇਰਡ” ਆਖ ਕੇ ਟੀ.ਵੀ ਦੇਖਣ ਬੈਠ ਜਾਂਦੀਆਂ, ਤੇ ਜਾਂ ਆਪਣੇ ਫਰੈਂਡਾਂ ਨਾਲ਼ ਬਾਹਰ ਨਿੱਕਲ ਜਾਂਦੀਆਂ। ਮੁੰਡੇ ਕਦੀ ਕੰਮ ਲਾਏ ਹੀ ਨਹੀਂ ਸਨ। ਉਨ੍ਹਾਂ ਨੂੰ ਜਿੰਮੇਵਾਰੀ ਦਾ ਕੋਈ ਪਤਾ ਹੀ ਨਹੀਂ ਸੀ। ਅਸੀਂ ਸੋਚਦੇ ਸੀ ਕਿ ਸਾਰੀ ਉਮਰ ਇਨ੍ਹਾਂ ਨੇ ਵੀ ਕੰਮ ਹੀ ਕਰਨੈ। ਇਹੋ ਦਿਨ ਹਨ, ਹੱਸ ਖੇਡ ਲੈਣ।

ਮੇਰੇ ਨਾਲ਼ ਕੰਮ ਕਰਦੀ ਮੇਰੀ ਸਹੇਲੀ ਮਾਰਗਰੇਟ ਨੇ ਆਪਣੀ ਜ਼ਿੰਦਗੀ ਨੂੰ ਆਪਣੇ ਰੰਗ ਵਿਚ ਢਾਲਿਆ ਹੋਇਆ ਸੀ। ਜਿਸਨੂੰ ਮੈਂ ਗੋਰੀ ਕਲਚਰ ਆਖ ਕੇ ਅੱਖੋਂ ਪਰੋਖੇ ਕਰ ਦਿੰਦੀ ਸਾਂ। ਸੋਚਦੀ ਸਾਂ, ਇਹ ਲੋਕ ਨਿੱਜ ਤੋਂ ਅੱਗੇ ਤੱਕਦੇ ਹੀ ਨਹੀਂ। ਇੰਜੁਆਏ ਕਰੋ, ਕਮਾਓ-ਖਾਓ-ਪੀਓ-ਉੜਾਓ ਅਤੇ ਮਰ ਜਾਓ।

ਮਾਰਗਰੇਟ ਨੇ ਬੱਚੇ ਪਾਲੇ, ਪੜ੍ਹਾਏ ਅਤੇ ਕੰਮਾਂ ‘ਤੇ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਦਿੱਤਾ। ਕਹਿਣ ਲੱਗੀ, ”ਆਪਣੀ-ਆਪਣੀ ਜਿੰਮੇਵਾਰੀ ਚੁੱਕੋ। ਆਪਣੇ ਬਿੱਲ-ਬੱਤੀਆਂ ਦਿਓ। ਕਦੀ ਆਓ ਮੈਨੂੰ ਮਿਲ ਜਾਓ। ਮੈਂ ਆਪਣੀ ਜੌਬ ਪੂਰੀ ਕਰ ਦਿੱਤੀ ਹੈ।”

ਜਦੋਂ ਮਾਰਗਰੇਟ ਨੇ ਮੈਨੂੰ ਦੱਸਿਆ ਸੀ ਤਾਂ ਮੈਨੂੰ ਬੜਾ ਅਜੀਵ ਲੱਗਾ ਸੀ। ਮੈਂ ਸੋਚਿਆ ਸੀ, ”ਕਿਹੋ ਜਿਹੀ ਮਾਂ ਹੈ? ਕਿਵੇਂ ਧੀਆਂ-ਪੁੱਤਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੀ ਹੈ? ਕਿੱਥੇ ਗਈ ਇਸਦੀ ਮਮਤਾ?”

ਮਾਰਗਰੇਟ ਅਤੇ ਜਿੱਮ ਦੋਨੋ ਕੰਮ ਕਰਦੇ। ਆਪਣਾ ਘਰ ਸਾਂਭਦੇ। ਐਸ਼ ਕਰਦੇ। ਜੋ ਕਮਾਉਂਦੇ, ਉਸ ਨਾਲ਼ ਕਦੀ ਹੌਲੀਡੇਅ ਚਲੇ ਜਾਂਦੇ ਅਤੇ ਕਦੀ ਡਿਨਰ-ਡਾਂਸ ‘ਤੇ ਚਲੇ ਜਾਂਦੇ। ਤੇ ਬੱਚੇ, ਜਦੋਂ ਉਹ ਆਵਾਜ਼ ਮਾਰਦੇ ਤਾਂ ਉਨ੍ਹਾਂ ਨੂੰ ਦੇਖਣ ਭੱਜੇ ਆਉਂਦੇ। ਉਨ੍ਹਾਂ ਦਾ ਵਿਗੜਿਆ ਹੋਇਆ ਪੁੱਤ ਵੀ ਘਰੋਂ ਬਾਹਰ ਜਾ ਕੇ ਜਿੰਮੇਵਾਰ ਬਣ ਗਿਆ ਸੀ। ਜਦੋਂ ਬੱਚਿਆਂ ਨੂੰ ਮਾਂ-ਪਿਓ ਦੀ ਲੋੜ ਪੈਂਦੀ ਤਾਂ ਮਾਰਗਰੇਟ ਅਤੇ ਜਿੱਮ ਦੌੜੇ ਜਾਂਦੇ।

ਪਰ ਮੈਂ ਏਸ ਸੱਭਿਅਤਾ ਨੂੰ ਸਮਝ ਹੀ ਨਾ ਸਕਦੀ। ਮੈਂ ਸੋਚਦੀ, ਜਿੰਨਾ ਪੈਸਾ ਹੌਲੀਡੇਅ ‘ਤੇ ਗੁਆਉਣਾ ਹੈ, ਉਸਨੂੰ ਬਚਾਕੇ ਰੱਖਾਂਗੇ ਤਾਂ ਕਿਸੇ ਧੀ-ਪੁੱਤ ਦੇ ਅਰਥ ਆਊ। ਧੀਆਂ ਪੁੱਤਾਂ ਲਈ ਕੁਝ ਛੱਡ ਕੇ ਵੀ ਜਾਣਾ ਚਾਹੀਦਾ ਹੈ। ਪ੍ਰਦੇਸਾਂ ਵਿੱਚ ਡੇਰੇ ਕਾਹਦੇ ਲਈ ਲਾਏ ਹਨ? ਕੁੱਝ ਇੱਥੇ ਬਣਾਈਏ, ਕੁੱਝ ਪਿੱਛੇ ਬਣਾਈਏ। ਪਿੱਛੇ ਕੁਝ ਬਣਿਆ ਹੋਵੇਗਾ, ਬੱਚਿਆਂ ਨੂੰ ਵੀ ਤਾਂ ਹੀ ਪਿੱਛੇ ਦਾ ਮੋਹ ਪਵੇਗਾ, ਆਪਣੀ ਬੋਲੀ, ਆਪਣੀ ਸਭਿਅਤਾ ਨਾਲ਼ ਜੁੜਨਗੇ।

ਜਦੋਂ ਇਹੋ ਗੱਲ ਮੈਂ ਮਾਰਗਰੇਟ ਨੂੰ ਆਖਦੀ ਤਾਂ ਉਹ ਕਹਿੰਦੀ, ”ਕਿਰਨ! ਜਿੰਨਾ ਮਰਜ਼ੀ ਜੋੜ ਕੇ ਛੱਡ ਜਾ। ਪਰ ਇਨ੍ਹਾਂ ਨੂੰ ਉਸ ਪੈਸੇ ਦੀ ਕੋਈ ਕਦਰ ਨ੍ਹੀ ਹੋਣੀ। ਦੇ ਵਿੱਲ ਨੌਟ ਅਪਰੀਸ਼ੀਏਟ ਇੱਟ। ਇਨ੍ਹਾਂ ਨੂੰ ਆਪ ਮਿਹਨਤ ਕੀਤੇ ਪੈਸੇ ਦੀ ਹੀ ਕਦਰ ਹੋਣੀ ਹੈ। ਤੇਰੇ ਹਾਰਡ ਅਰਨ ਮਨੀ ਨੂੰ ਇਨ੍ਹਾਂ ਨੇ ‘ਪੀ-ਨੱਟ’ (ਮੂੰਗਫ਼ਲੀ) ਵਾਂਗ ਚੱਬ ਜਾਣੈ। ਸੋ ਭਲੀ ਕਰ, ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕਰ। ਤੈਨੂੰ ਆਪਣੀ ਜ਼ਿੰਦਗੀ ਮਾਨਣ ਲਈ, ਆਪ ਹਿੰਮਤ ਕਰਨੀ ਪੈਣੀ ਐ। ਬੱਚਿਆਂ ਨੇ ਤਾਂ ਜਦੋਂ ਉਡਾਰੀ ਮਾਰੀ, ਕਿੱਧਰੇ ਨਜ਼ਰ ਨ੍ਹੀ ਆਉਣੇ। ਤੇ ਨਾ ਹੀ ਨਜ਼ਰ ਆਉਣੀ ਹੈ ਇਨ੍ਹਾਂ ਦੀ ਕਮਾਈ। ਮੇਰੇ ਪੀਟਰ ਵੱਲ ਹੀ ਦੇਖ ਲੈ, ਹੁਣ ਆਪ ਕੰਮ ਕਰਨਾ ਪੈਂਦੈ ਤਾਂ ‘ਸੈਂਟ’ ਵੱਧ ਨ੍ਹੀ ਖਰਚਦਾ।”

”ਨਹੀਂ ਨੀ, ਸਾਡਾ ਕਲਚਰ ਹੋਰ ਤਰ੍ਹਾਂ ਦਾ ਹੈ। ਅਸੀਂ ਇਕ ਦੂਜੇ ਦੇ ਨਾਲ਼ ਜਿਉਂਦੇ ਹਾਂ, ਇੱਕ ਦੂਜੇ ਲਈ ਜਿਉਂਦੇ ਹਾਂ। ਸਾਡੀ ਜ਼ਿੰਦਗੀ ਤਾਂ ਹੈ ਹੀ ਬੱਚਿਆਂ ਲਈ। ਫੇਰ ਮੈਂ ਵੀ ਜੀ ਰਹੀ ਹਾਂ। ਇਹ ਵੀ ਕੀ ਹੋਇਆ ਕਿ ਖਾ ਲਓ, ਪੀ ਲਓ ਅਤੇ ਡੰਡੇ ਵਜਾਓ। ਅਸੀਂ ਬੱਚਿਆਂ ਲਈ ਕੁੱਝ ਨਾ ਕਰਾਂਗੇ ਤਾਂ ਕਲ ਨੂੰ ਇਹ ਸਾਡੇ ਲਈ ਕਿਉਂ ਕਰਨਗੇ ਭਲਾ?”

ਮਾਰਗਰੇਟ ਮੇਰੇ ਨਾਲ਼ ਅਸਹਿਮਤੀ ਪ੍ਰਗਟ ਕਰਦੀ। ”ਜੇ ਕਰ ਤੁਸੀਂ ਆਪਣੇ-ਆਪ ਦੀ ਅਤੇ ਆਪਣੇ ਵਕਤ ਦੀ ਕਦਰ ਕਰਨੀ ਸ਼ੁਰੂ ਕਰੋਂਗੇ ਤਾਂ ਹੀ ਬੱਚੇ ਤੁਹਾਡੀ ਰਿਸਪੈਕਟ ਕਰਨਗੇ। ਯੂ ਮਾਰਕ ਮਾਈ ਵਰਡ, ਯੂ ਵਿੱਲ ਰਿਗਰੈੱਟ ਇੱਟ ਵਨ ਡੇ। ਪਛਤਾਏਂਗੀ ਇਕ ਦਿਨ।”

ਪਰ ਮੈਂ ਆਪਣੀ ਬੀਨ ਹੀ ਵਜਾਈ ਜਾਂਦੀ। ਉਸਦੀ ਕੋਈ ਨਸੀਹਤ ਮੇਰੇ ‘ਤੇ ਅਸਰ ਨਾ ਕਰਦੀ।

ਵਕਤ ਦੇ ਨਾਲ਼ ਜਿਸਮ ਦਾ ਬੁਢਾਪਾ ਵੀ ਵੱਧ ਰਿਹਾ ਸੀ। ਹੱਢ-ਗੋਡੇ ਘਿਸਦੇ ਜਾ ਰਹੇ ਸਨ। ਪੇਟ ਦੀ ਤਕਲੀਫ਼ ਕਾਰਨ ਜਦੋਂ ਮੇਰਾ ਅਪਰੇਸ਼ਨ ਹੋਇਆ, ਉਸਤੋਂ ਬਾਅਦ ਕਈ ਕੰਪਲੀਕੇਸ਼ਨ ਹੋਈਆਂ। ਮੈਨੂੰ ਘਰ ਬੈਠਣਾ ਪੈ ਗਿਆ। ਸੋਚਿਆ, ਦੋ ਸਾਲਾਂ ਨੂੰ ਰਿਟਾਇਰਮੈਂਟ ਵੀ ਲੈਣੀ ਹੀ ਐ, ਤੇ ਹੁਣ ਹੀ ਕਿਉਂ ਨਾ। ਫੇਰ ਮੇਰੀ ਕੱਲੀ ਜਾਨ। ਮੇਰੀਆਂ ਦੋ ਰੋਟੀਆਂ ਲਈ, ਕੀ ਲੋੜ ਐ ਟੁੱਟ-ਟੁੱਟ ਕੇ ਮਰਨ ਦੀ। ਏਨਾਂ ਕੁ ਮੇਰੇ ਕੋਲ ਜਮ੍ਹਾਂ ਵੀ ਐ ਅਤੇ ਫੇਰ ਪੂਰੀ ਉਮਰ ਬੱਚਿਆਂ ‘ਤੇ ਲਾਈ ਐ ਮੈਂ। ਤਪੱਸਿਆ ਕੀਤੀ ਐ। ਲੋੜ ਵੇਲੇ ਇਨ੍ਹਾਂ ਨੇ ਸਭ ਕੁਝ ਕਰ ਲੈਣੈ। ਮੈਨੂੰ ਰੁਲਣ ਨਹੀਂ ਦੇਣਗੇ।

ਪਰ ਨਹੀਂ, ਵਿਹਲੇ ਬੈਠਿਆਂ ਮੈਨੂੰ ਜ਼ਿੰਦਗੀ ਦੀ ਅਸਲੀ ਹਕੀਕਤ ਦੀਆਂ ਧੱਜੀਆਂ ਉੜਦੀਆਂ ਦੇਖਣ ਦਾ ਮੌਕਾ ਮਿਲਿਆ। ਇੰਜ ਮਹਿਸੂਸ ਹੋਇਆ ਜਿਵੇਂ ਹਰ ਅਹਿਸਾਸ ਦੀ ਪਤੰਗ ਅਸਮਾਨੀਂ ਉੜਦੀ ਹੋਈ ਕੱਟ ਹੋ ਕੇ ਜ਼ਮੀਨ ‘ਤੇ ਠਾਹ ਕਰਕੇ ਵੱਜਦੀ ਹੋਵੇ। ਵਾਰ-ਵਾਰ ਮੇਰੀਆਂ ਆਸਾਂ ਦੇ ਪਰ ਕੁਤਰ ਹੁੰਦੇ ਹੋਣ।

ਮੈਂ ਦੋਹਾਂ ਮੁੰਡਿਆਂ ਨੂੰ ਪੜ੍ਹਾ ਲਿਖਾ ਦਿੱਤਾ ਸੀ। ਮੇਰੇ ਜੌਹਨੀ ਨੂੰ ਫਾਇਨੈਂਸ ਕੰਪਨੀ ਵਿਚ ਮੈਨੇਜਰ ਦੀ ਜੌਬ ਮਿਲ ਗਈ ਅਤੇ ਛੋਟਾ ਰਾਜਾ ਬਹੁਤਾ ਨਹੀਂ ਪੜ੍ਹਿਆ ਫੇਰ ਵੀ ਉਸਨੇ ਸਾਊਂਡ ਟੈਕਨੌਲੌਜੀ ਦਾ ਕੋਰਸ ਕਰਕੇ ਕੰਮ ਦੀ ਤਲਾਸ਼ ਵਿਚ ਸੀ। ਇੱਕ-ਦੋ ਦਿਨ ਪਾਰਟ ਟਾਈਮ ਕੰਮ ਕਰੀ ਵੀ ਜਾਂਦਾ ਸੀ। ਥੋੜਾ ਸੁਸਤ ਸੀ ਪਰ ਮੈਨੂੰ ਆਸ ਸੀ ਕਿ ਉਹ ਆਪਣੀ ਜ਼ਿੰਦਗੀ ਸੁਆਰ ਲਵੇਗਾ। ਮੇਰੀਆਂ ਕੁੜੀਆਂ ਪੜ੍ਹਨ ਨੂੰ ਬਹੁਤ ਚੰਗੀਆਂ ਸਨ। ਦੋਨੋਂ ਯੂਨੀਵਰਸਿਟੀ ਜਾਂਦੀਆਂ ਸਨ। ਵੱਡੀ ਮਾਸਟਰਜ਼ ਕਰ ਰਹੀ ਸੀ। ਅਖੀਰਲਾ ਵਰ੍ਹਾ ਸੀ। ਛੋਟੀ ਸਾਇਕੌਲੌਜੀ ਦੇ ਤੀਜੇ ਵਰ੍ਹੇ ਵਿਚ ਸੀ। ਦੋਨੋਂ ਪਾਰਟ ਟਾਈਮ ਕੰਮ ਵੀ ਕਰਦੀਆਂ ਸਨ। ਰਹਿੰਦੀਆਂ ਘਰ ਹੀ ਸਨ। ਘਰ ਵੀ ਕਾਹਦਾ, ਸਵੇਰੇ ਘਰੋਂ ਨਿੱਕਲ ਜਾਂਦੀਆਂ, ਚੋਖ਼ੀ ਰਾਤ ਗਈ ਤਕ ਘਰ ਵੜਦੀਆਂ। ਕੰਮ, ਪੜ੍ਹਨ, ਮਿੱਤਰਾਂ-ਦੋਸਤਾਂ ਨੂੰ ਮਿਲਣ-ਗਿਲਣ ਵਿੱਚ ਉਨ੍ਹਾਂ ਕੋਲ ਘਰ ਲਈ ਵਕਤ ਨਿੱਕਲਦਾ ਹੀ ਨਾ। ਵਿਆਹ-ਸ਼ਿਆਹ ਲਈ ਵੀ ਮੰਨਦੀਆਂ ਨਹੀਂ ਸਨ। ਜੇ ਕਰ ਮੈਂ ਸੋਚਦੀ ਕਿ ਪੜ੍ਹਾਈ ਹੁਣ ਖਤਮ ਹੀ ਐ ਅਤੇ ਇਨ੍ਹਾਂ ਨੂੰ ਆਪਣੇ ਘਰ ਤੋਰ ਦਿਆਂ ਤਾਂ ਗੱਲ ਨਹੀਂ ਸਨ ਕਰਨ ਦਿੰਦੀਆਂ। ਕਦੀ-ਕਦੀ ਕਿਸੇ ਦੱਸ-ਪੁੱਛ ਪਈ ਤੇ ਕਿਸੇ ਮੁੰਡੇ ਨੂੰ ਮੈਂ ਮਿਲਾਉਂਦੀ ਤਾਂ ਬੜੀਆਂ ਬੀਬੀਆਂ ਹੋ ਕੇ ਦੇਖ-ਮਿਲ ਲੈਂਦੀਆਂ ਪਰ ਅਗਲੇ ਦੇ ਜਾਣ ਮਗਰੋਂ ਟੀਟਣਾ ਦਿਖਾ ਦਿੰਦੀਆਂ। ਸੌ-ਸੌ ਨੁਕਸ ਕੱਢਦੀਆਂ। ਕਹਿੰਦੀਆਂ, ‘ਇਸਨੂੰ ਬੈਠਣਾ ਨ੍ਹੀ ਆਉਂਦਾ, ਇਸਨੂੰ ਝਾਕਣਾ ਨ੍ਹੀ ਆਉਂਦਾ, ਇਸਦੀ ਮਾਂ ਕਿੱਦਾਂ ਦੀ ਐ, ਇਸਦੀ ਪੜ੍ਹਾਈ ਕੀ ਐ? ਇਸਨੂੰ ਕੱਪੜੇ ਨ੍ਹੀ ਪਾਉਣੇ ਆਉਂਦੇ, ਹੀ ਇੱਜ਼ ਸੋ ਇੰਡੀਅਨ। ਯਕ।’ ਗੱਲ ਕੀ ਉਹ ਮੈਨੂੰ ਬੁਧੂ ਬਣਾਈ ਰੱਖਦੀਆਂ।

ਮੈਂ ਕਮਲੀ ਇਹੋ ਮੰਨਦੀ ਰਹੀ। ਸੋਚਦੀ ਰਹੀ, ਕੁੜੀਆਂ ਮਿਹਨਤ ਕਰ ਰਹੀਆਂ ਹਨ। ਚਲੋ ਕੁਝ ਬਣ ਜਾਣਗੀਆਂ। ਜਦੋਂ ਤਕ ਮੇਰੇ ਵਿਚ ਸਾਹ-ਸੱਤ ਹੈ, ਮੈਂ ਘਰ ਸਾਂਭੀ ਜਾਂਦੀ ਹਾਂ। ਉਸਤੋਂ ਬਾਅਦ ਬੱਚਿਆਂ ਨੇ ਆਪ ਹੀ ਸਾਂਭ ਲੈਣਾ ਹੈ। ਮੈਨੂੰ ਤਸੱਲੀ ਸੀ ਕਿ ਮੇਰੇ ਬੱਚੇ ਜ਼ਿੰਦਗੀ ਦੀਆਂ ਪੁਲਾਘਾਂ ਪੁੱਟ ਰਹੇ ਸਨ। ਕਦੀ ਕੋਈ ਸ਼ਿਕਾਇਤ ਬਾਹਰੋਂ ਨਹੀਂ ਸੀ ਆਈ।

ਪਰ ਕਿੱਥੇ, ਜਦੋਂ ਮੇਰੇ ਸਿਰ ਪਹਾੜ ਟੁੱਟਣ ਲੱਗੇ ਤਾਂ ਮੈਨੂੰ ਮਾਰਗਰੇਟ ਦੀ ਆਖੀ ਗੱਲ ਚੇਤੇ ਆਈ ਕਿ ‘ਤੈਨੂੰ ਬੱਚਿਆਂ ਦੇ ਨਾਲ਼ ਇੱਕ ਬਾਉਂਡਰੀ ਰੱਖਣੀ ਪਵੇਗੀ, ਆਦਰ ਦੀ, ਵਿਸ਼ਵਾਸ ਦੀ, ਡਿਸਿਪਲਿਨ ਦੀ। ਮਾਂ-ਬਾਪ ਨੂੰ ਆਪਣੀ ਹੋਂਦ ਬਰਕਰਾਰ ਰੱਖਣੀ ਚਾਹੀਦੀ ਹੈ ਵਰਨਾ ਬੱਚੇ ਤੁਹਾਡੇ ਉੱਪਰ ਦੀ ਮਿਲਟਰੀ ਦੇ ਬੂਟਾਂ ਨਾਲ਼ ਤੁਹਾਨੂੰ ਲਤਾੜਦੇ ਚਲੇ ਜਾਣਗੇ।’

ਇਹੋ ਗੱਲ ਹੋਈ, ਬੱਚੇ ਪੜ੍ਹ ਜ਼ਰੂਰ ਚੰਗਾ ਗਏ ਸਨ। ਪਰ ਜ਼ਿੰਦਗੀ ਲਈ ਨਜ਼ਰੀਆ ਉਨ੍ਹਾਂ ਦਾ ਹੋਰ ਹੀ ਸੀ ਜੋ ਮੇਰੀ ਸੋਚ ਦੇ ਡੱਬੇ ਵਿਚ ਨਹੀਂ ਸੀ ਫਿੱਟ ਹੁੰਦਾ। ਮੇਰੇ ਵੱਡੇ ਮੁੰਡੇ ਜੌਹਨੀ ਨੂੰ ਨਾਲ਼ ਕੰਮ ਕਰਦੀ ਕੁੜੀ ‘ਸਰਿਤਾ’ ਮਿਲੀ ਅਤੇ ਉਸਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਸਰਿਤਾ ਗੁਜਰਾਤੀ ਸੀ। ਮੈਂ ਬਥੇਰਾ ਸਮਝਾਇਆ ਕਿ ”ਆਪਾਂ ਪੰਜਾਬੀ ਹਾਂ ਅਤੇ ਇਹ ਗੁਜਰਾਤੀ। ਸਾਡਾ ਸੋਚਣ ਦਾ, ਮਿਲਣ-ਗਿਲਣ ਦਾ ਢੰਗ ਵੱਖਰਾ ਹੈ, ਬੋਲੀ ਵੱਖਰੀ ਹੈ। ਆਪਾਂ ਨੂੰ ਖਾਨਦਾਨੀਆਂ ਵੀ ਦੇਖਣੀਆਂ ਪੈਂਦੀਆਂ ਹਨ। ਧੀ-ਪੁੱਤ ਬਰਾਬਰੀ ਦਾ ਹੋਵੇ, ਘਰ ਵਿਚ ਬਰਾਬਰਤਾ ਨਾਲ਼ ਵਿਚਰ ਸਕਦਾ ਹੋਵੇ, ਘਰ-ਬਾਰ ਸਾਂਭ-ਸੰਭਾਲ ਸਕਦਾ ਹੋਵੇ, ਤਾਂ ਹੀ ਠੀਕ ਐ।”

ਪਰ ਨਹੀਂ, ਉਹ ਆਖਣ ਲੱਗਾ, ”ਬਰਾਬਰੀ ਦੋ ਪਾਰਟਨਰ ਦੀ ਹੁੰਦੀ ਐ। ਨੌਟ ਲਾਈਕ ਯੂ ਐਂਡ ਪਾਪਾ। ਆਈ ਡੌਂਟ ਵਾਂਟ ਟੂ ਡਰੈਗ ਮਾਈ ਲਾਈਫ਼। ਫੇਰ, ਆਪਾਂ ਕਿੰਨਾ ਕੁ ਮਿਲਣਾ ਐ? ਕਿਸੇ ਸੋਸ਼ਲ ਫੰਕਸ਼ਨਾਂ ‘ਤੇ ਹੀ ਮਿਲਣਾ-ਗਿਲਣਾ ਐ। ਰਹਿਣਾ ਮੈਂ ਓਸ ਨਾਲ਼ ਹੈ। ਇਸਦੀ ਤੁਹਾਨੂੰ ਫ਼ਿਕਰ ਨ੍ਹੀ ਹੋਣੀ ਚਾਹੀਦੀ। ਇੱਟਸ ਮਾਈ ਲਾਈਫ਼। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਖੁਸ਼ੀ ਵਿੱਚ ਸ਼ਾਮਿਲ ਹੋਵੋਂ ਪਰ ਜੇ ਨਹੀਂ ” ਉਸਨੇ ਗੱਲ ਅਧੂਰੀ ਛੱਡ ਦਿੱਤੀ।

ਜੌਹਨੀ ਦੀਆਂ ਗੱਲਾਂ ਮੇਰੇ ਅੰਦਰ ਤੀਰਾਂ ਵਾਂਗ ਵਿੰਨ ਗਈਆਂ। ਉਸਦੀ ਅਧੂਰੀ ਗੱਲ ਸਮਝਣ ਲਈ ਮੇਰੀ ਬੁੱਧ ਆਰੀ ਹੋ ਗਈ। ਕੰਨਾਂ ਵਿੱਚੋਂ ਸੇਕ ਨਿੱਕਲਣ ਲੱਗ ਪਿਆ। ਮੈਂ ਬੜਾਂਦੀ ਹੋਈ ਬੋਲੀ, ” ਜੇ ਨਹੀਂ ਦਾ ਕੀ ਮਤਲਬ? ਤੇਰੀ ਲਾਈਫ਼ ਤੇ ਮੇਰਾ ਕੋਈ ਹੱਕ ਨ੍ਹੀ? ਤੇ ਤੇਰਾ ਖਿਆਲ ਐ ਕਿ ਅਸੀਂ ਲਾਈਫ਼ ਡਰੈਗ ਕੀਤੀ ਐ?” ਮੈਂ ਵੀ ਰੋਹ ‘ਚ ਆ ਕੇ ਕਿਹਾ ਸੀ।

”ਮਾਮ ਯੂਅਰ ਟਾਈਮਜ਼ ਵਰ ਡਿਫ਼ਰੈਂਟ। ਆਈ ਵਾਂਟ ਏ ਕੰਪੈਨੀਅਨ ਨਾਟ ਖਾਨਦਾਨੀ। ਆਈ ਐਮ ਨਾਟ ਮੈਰਿੰਗ ਏ ਖਾਨਦਾਨੀ। ਦਿਸ ਇਜ਼ ਆਲ ਬੁੱਲ। ਤੁਹਾਨੂੰ ਸੋਚ ਬਦਲਣੀ ਪਵੇਗੀ। ਇਹ ਇੰਡੀਆ ਨ੍ਹੀ ਹੈ। ਹੁਣ ਇਕੀਵੀਂ ਸਦੀ ਹੈ। ਤੁਸੀਂ ਇੰਡੀਅਨਜ਼ ਅਠਾਰਵੀਂ ਸਦੀ ਵਿੱਚ ਜਿਉਂਦੇ ਹੋ।”

ਜੌਹਨੀ ਦੀਆਂ ਗੱਲਾਂ ਸੁਣ ਕੇ ਮੈਂ ਥਾਂ ਹੀ ਖੜੋਤੀ ਰਹਿ ਗਈ। ”ਅਸੀਂ ਇੰਡੀਅਨਜ਼” ਸ਼ਬਦ ਮੇਰੇ ਕੰਨਾ ਵਿੱਚ ਗੂੰਜਣ ਲੱਗ ਪਿਆ। ਨਵਤੇਜ ਕਹਿੰਦੇ ਹੁੰਦੇ ਸਨ ਕਿ ‘ਤੇਰੇ ਬੱਚੇ ਕਦੀ ਤੇਰੇ ਉਲਟ ਨਹੀਂ ਹੋਣਗੇ। ਤੂੰ ਆਪਣੀ ਪੂਰੀ ਜ਼ਿੰਦਗੀ ਇਨ੍ਹਾਂ ਦੇ ਲੇਖੇ ਲਾਈ ਹੈ। ਰਾਤਾਂ ਜਾਗੀਆਂ ਹਨ। ਮੈਨੂੰ ਭਾਵੇਂ ਇਹ ਨਾ ਕਦੀ ਪੁੱਛਣ ਪਰ ਤੇਰੇ ਲਈ, ਇਹ ਤੈਥੋਂ ਕਦੀ ਵੱਖ ਨ੍ਹੀ ਹੋ ਸਕਦੇ।’ ਤੇ ਫੇਰ ਮਾਰਗਰੇਟ ਦੇ ਸ਼ਬਦ ਵੀ ਮੇਰੇ ਕੰਨਾ ‘ਚ ਗੂੰਜਣ ਲੱਗੇ। ‘ਬੱਚਿਆਂ ਨੂੰ ਤੁਹਾਡੀ ਤਾਂ ਹੀ ਰਿਸਪੈਕਟ ਹੋਣੀ ਐ ਜੇ ਕਰ ਤੁਸੀਂ ਆਪਣੀ ਰਿਸਪੈਕਟ ਆਪ ਕਰੋਂਗੇ।’

ਮੈਨੂੰ ਸਮਝ ਨਹੀਂ ਸੀ ਆਈ ਕਿ ਮੈਂ ਕਿਹੜੀ ਭੁੱਲ ਕਰ ਬੈਠੀ ਸਾਂ। ਵਿਸ਼ਾਲ ਅੰਬਰ ਹੇਠ ਫੈਲੀ ਮੇਰੀ ਦੁਨੀਆਂ ਸੁੰਗੜ ਕੇ ਕਿਵੇਂ ਚੱਪਾ ਕੁ ਰਹਿ ਗਈ ਸੀ। ਇਸ ਝਟਕੇ ਨੇ ਮੈਨੂੰ ਦੂਜੇ ਬੱਚਿਆਂ ਵਲ ਵੀ ਗੰਭੀਰਤਾ ਨਾਲ਼ ਸੋਚਣ ਸਮਝਣ ਲਈ ਮਜ਼ਬੂਰ ਕੀਤਾ। ਜਿਉਂ-ਜਿਉਂ ਮੈਂ ਉਨ੍ਹਾਂ ਨੂੰ ਜਾਨਣ-ਸਮਝਣ ਦਾ ਯਤਨ ਕਰਨ ਲੱਗੀ ਤਾਂ ਵਾਰੀ-ਵਾਰੀ ਮੇਰੇ ਵਿਸ਼ਵਾਸ ਦੀਆਂ ਧਜੀਆਂ ਉੜੀਆਂ। ਮੇਰੀ ਦੁਨੀਆਂ ਲੀਰੋ-ਲੀਰ ਹੋ ਗਈ।

ਮੇਰੀਆਂ ਕੁੜੀਆਂ ਪੜ੍ਹਦੀਆਂ ਜ਼ਰੂਰ ਸਨ। ਪਰ ਉਹ ਬਾਹਰ ਕੀ ਕਰਦੀਆਂ ਸਨ, ਉਹ ਮੈਨੂੰ ਬਹੁਤ ਦੇਰ ਬਾਅਦ ਪਤਾ ਲੱਗਿਆ। ਛੋਟੀ ਧੀ ਗੁਰਿੰਦਰ ਸਿਗਰਟਾਂ ਪੀਣ ਦੀ ਆਦੀ ਹੋ ਚੁੱਕੀ ਸੀ। ਵੱਡੀ ਐਨੀ ਖੁੱਲ੍ਹੀ ਹੋ ਚੁੱਕੀ ਸੀ ਕਿ ਦਾਰੂ ਦੇ ਨਸ਼ੇ ਵਿਚ ਜੋ ਕਾਲ਼ਾ-ਗੋਰਾ ਮਿਲ ਪੈਂਦਾ ਉਸੇ ਨਾਲ਼ ਤੁਰ ਪੈਂਦੀ ਸੀ। ਇਹ ਉਸ ਉੱਤੇ ਕਿਉਂ ਅਤੇ ਕਿਵੇਂ ਅਸਰ ਪਿਆ, ਇਹ ਵੀ ਮੈਨੂੰ ਦੇਰ ਨਾਲ਼ ਪਤਾ ਲੱਗਾ। ਜਿਸ ਮੁੰਡੇ ਨੂੰ ਉਹ ਪਾਗਲਾਂ ਵਾਂਗ ਚਾਹੁੰਦੀ ਸੀ, ਉਹ ਮੁੰਡਾ ਉਸਨੂੰ ਮੈਲੀ ਚਾਦਰ ਵਾਂਗ ਵਰਤ ਕੇ ਸੁੱਟ ਗਿਆ। ਆਖਣ ਲੱਗਾ, ”ਤੇਰੇ ਵਰਗੀਆਂ ਕੁੜੀਆਂ ਸਿਰਫ਼ ਵਕਤ ਟਪਾਉਣ ਲਈ ਹੁੰਦੀਆਂ। ਵਿਆਹ ਸੋਚ ਸਮਝ ਕੇ ਹੀ ਕਰਾਉਣਾ ਪੈਂਦਾ।”

ਇਸ ਹਾਦਸੇ ਦਾ ਅਸਰ ਮੇਰੀ ਧੀ ‘ਤੇ ਐਨਾ ਪਿਆ ਕਿ ਪਤਾ ਨਹੀਂ ਉਹ ਆਪਣੇ ਬੁਆਏ ਫਰੈਂਡ ਨੂੰ ਹਰਟ ਕਰ ਰਹੀ ਸੀ ਜਾਂ ਆਪਣੇ ਆਪ ਨੂੰ ਜਾਂ ਉਨ੍ਹਾਂ ਬੰਦਿਆਂ ਨੂੰ ਜਿਹੜੇ ਉਸਦੇ ਰਾਤਾਂ ਦੇ ਸਾਥੀ ਸਨ, ਪਰ ਉਹ ਕਿਸੇ ਖਾਈ ਵੱਲ ਨੂੰ ਜ਼ਰੂਰ ਜਾ ਰਹੀ ਸੀ। ਇਹ ਵੀ ਹੋ ਸਕਦੈ ਕਿ ਦਰਦ ਦਾ ਜਿਹੜਾ ਟੋਆ ਉਸਦੇ ਅੰਦਰ ਪੁੱਟਿਆ ਗਿਆ ਸੀ, ਉਸਨੂੰ ਪੂਰਨ ਦੀ ਕੋਸ਼ਿਸ਼ ਕਰ ਰਹੀ ਹੋਵੇ।

ਦੋਨੋਂ ਕੁੜੀਆਂ ਟਿਕੀ ਰਾਤ ਘਰ ਆਉਂਦੀਆਂ ਸਨ। ਸਵੇਰੇ ਨਿੱਕਲ ਜਾਂਦੀਆਂ। ਵੀਕ ਐਂਡ ‘ਤੇ ਵੀ ਪੜ੍ਹਨ ਦੇ ਬਹਾਨੇ ਬਾਹਰ ਨੂੰ ਚਲੇ ਜਾਂਦੀਆਂ। ਮੈਂ ਸੋਚਦੀ ਕਿਸੇ ਸਹੇਲੀ ਦੇ ਘਰ ਗਈਆਂ ਜਾਂ ਲਾਇਬਰੇਰੀ ਗਈਆਂ ਹੋਣਗੀਆ। ਮੈਨੂੰ ਪਤਾ ਉਦੋਂ ਲੱਗਾ, ਜਦੋਂ ਕੁੜੀਆਂ ਦੀ ਗੈਂਗ ਨੇ ”ਐਮਾ” ਨਾਂ ਦੀ ਕੁੜੀ ਨੂੰ ਕੁੱਟ ਕੇ ਹਸਪਤਾਲ ਪਹੁੰਚਾ ਦਿੱਤਾ। ਮੇਰੀ ਧੀ ਗੁਰਿੰਦਰ ਜਿਸਨੂੰ ਸਾਰੇ ਗਵਿਨ ਬੁਲਾਉਂਦੇ ਸਨ, ਉਹ ਵੀ ਇਸ ਕਾਰਨਾਮੇ ਵਿਚ ਸ਼ਾਮਲ ਸੀ। ਜਿਸ ਮੁੰਡੇ ਨੂੰ ਗਵਿਨ ਪਸੰਦ ਕਰਦੀ ਸੀ, ਐਮਾ ਵੀ ਉਸੇ ਮੁੰਡੇ ਨੂੰ ਪਸੰਦ ਕਰਦੀ ਸੀ। ਪਹਿਲਾਂ ਕੁੜੀਆਂ ਨੇ ਐਮਾ ਨੂੰ ਡਰਾਇਆ ਧਮਕਾਇਆ। ਪਰ ਐਮਾ ਵੀ ਜ਼ਿੱਦੀ ਸੀ। ਨਾ ਮੰਨੀ। ਨਤੀਜੇ ਵੱਜੋਂ ਸਾਰੀਆਂ ਕੁੜੀਆਂ ਕੱਠੀਆਂ ਹੋਕੇ, ਜਾ ਧਮਕੀਆਂ ਉਸਦੇ ਦਰ ‘ਤੇ। ਉਨ੍ਹਾਂ ਨੇ ਐਮਾ ਚੰਗੀ ਖੜਕਾਈ ਹਾਕੀਆਂ ਨਾਲ਼। ਐਮਾ ਦੀ ਮਾਂ ਜਦੋਂ ਕੰਮ ਤੋਂ ਪਰਤੀ ਤਾਂ ਧੀ ਦਾ ਹਾਲ ਦੇਖ ਕੇ ਹਾਲੋਂ ਬੇਹਾਲ ਹੋ ਗਈ। ਉਸਨੇ ਆਪਣੀ ਧੀ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲੀਸ ਨੂੰ ਮੇਰੇ ਦਰ ‘ਤੇ ਭੇਜ ਦਿੱਤਾ। ਇਕ ਮੁੰਡੇ ਕਾਰਨ ਹੋਈ ਲੜਾਈ ਨੇ ਸਾਨੂੰ ਕੋਰਟ ਦੇ ਕਟਿਹਰੇ ਵਿਚ ਖੜਾ ਕਰ ਦਿੱਤਾ। ਉਸ ਵੇਲੇ ਮੈਨੂੰ ਸਮਝ ਆਈ ਸੀ ਕਿ ਮਾਰਗਰੇਟ ਕੀ ਕਹਿੰਦੀ ਸੀ ਕਿ ਬੱਚਿਆਂ ਨੂੰ ਡਸਿਪਲਨ ਦੀ ਲੋੜ ਹੁੰਦੀ ਐ। ਘਰ ਵਿਚ ਰੂਲਜ਼-ਰੈਗੂਲੇਸ਼ਨ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਪਿਆਰ ਕਰੀ ਜਾਵੋ, ਉਨ੍ਹਾਂ ਦੀ ਮੰਗਾਂ ਮੰਨੀ ਜਾਵੋ, ਇਹ ਵੀ ਕੋਈ ਵਧੀਆਂ ਪੇਰੈਂਟਿੰਗ ਨਹੀਂ ਹੈ।

ਗੁਰਿੰਦਰ ਨੂੰ ਜੁਰਮਾਨੇ ਦੇ ਨਾਲ਼ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ। ਏਸ ਵੇਲੇ ਹੀ ਮੈਨੂੰ ਉਸਦੇ ਸਿਗਰਟ ਨੋਸ਼ੀ ਦਾ ਪਤਾ ਚਲਿਆ। ਮੈਂ ਰੋਈ-ਪਿੱਟੀ-ਕੁਰਲਾਈ। ਬਥੇਰਾ ਆਪਣਾ-ਆਪ ਭੰਨਿਆ। ਸੌ-ਸੌ ਮਿੰਤਾ ਕੁੜੀ ਨੇ ਮੇਰੀਆਂ ਕੀਤੀਆਂ। ਮਾਫ਼ੀਆਂ ਮੰਗੀਆਂ। ਸਿਗਰਟਾਂ ਵੀ ਉਸਨੇ ਛੱਡ ਦਿੱਤੀਆਂ। ਦੋ ਹਫ਼ਤੇ ਉਹ ਸਿਗਰਟ ਪੀਣ ਲਈ ਤੜਫਦੀ ਰਹੀ। ਉਸਦੀਆਂ ਆਂਦਰਾਂ ਵਿਲਕਦੀਆਂ ਦੇਖ ਕੇ ਮੇਰੀ ਮਮਤਾ ਪਿੰਘਲ-ਪਿੰਘਲ ਜਾਵੇ। ਮੇਰਾ ਜੀ ਕਰੇ ਮੈਂ ਆਪ ਜਾ ਕੇ ਸਿਗਰਟ ਲਿਆ ਦੇਵਾਂ। ਫੇਰ ਮਨ ਨੂੰ ਹਾਠਾ ਕਰ ਲਿਆ ਕਿ ਮੈਨੂੰ ਕਮਜ਼ੋਰ ਨ੍ਹੀ ਪੈਣਾ ਚਾਹੀਦਾ।

ਕਿਉਂ ਸੋਚਾਂ ਅੱਜ ਖਹਿੜਾ ਨ੍ਹੀ ਛੱਡਦੀਆਂ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਬੀਤੇ ਦਾ ਮਾਤਮ ਮਨਾਉਣ ਵਿੰਡੋ ਵਿਚੀਂ ਅੰਦਰ ਆ ਵੜੀਆਂ ਹੋਣ। ਸੈਮ ਬਤਖ਼ਾਂ ਨੂੰ ਚੋਗਾ ਪਾ ਰਿਹਾ ਹੈ ਅਤੇ ਮੈਂ ਫੇਰ ਉਨ੍ਹਾਂ ਸੋਚਾਂ ਵਿਚ ਗਲਤਾਨ ਹੋਈ ਜਾ ਰਹੀ ਹਾਂ।

ਸੋਚਦੀ ਹਾਂ, ਕੁਝ ਵਕਤ ਤਾਂ ਚੰਗਾ ਨਿੱਕਲ ਗਿਆ ਸੀ। ਮੈਂ ਸੋਚਿਆ ਸੀ ਹੁਣ ਸਭ ਕੁਝ ਠੀਕ ਹੋ ਜਾਵੇਗਾ। ਕੁੜੀ ਸੁਧਰ ਜਾਵੇਗੀ। ਪਰ ਕਿੱਥੇ? ਉਹ ਉਸੇ ਮੁੰਡੇ ਦੇ ਮਗਰ ਫ਼ਿਰਦੀ ਰਹੀ। ਵੈਸੇ ਉਸਦੇ ਰੰਗ-ਢੰਗ ਵਿਚ ਬਹੁਤ ਫ਼ਰਕ ਆ ਚੁੱਕਾ ਸੀ। ਉਸਦੀ ਮੈਨੂੰ ਸਮਝ ਨ੍ਹੀ ਸੀ ਆ ਰਹੀ ਕਿ ਇਹ ਗੁਰਿੰਦਰ ਦਾ ਕੋਈ ਹੋਰ ਢੌਂਗ ਸੀ ਜਾਂ ਉਹ ਸੱਚੀਂ ਬਦਲ ਰਹੀ ਸੀ। ਮੈਂ ਸੋਚਦੀ ਸਾਂ, ਸ਼ਾਇਦ ਕੋਰਟਾਂ ਦੇ ਚੱਕਰ ਤੋਂ ਡਰ ਗਈ ਹੋਵੇ। ਲੋਕਾਚਾਰੀ ਦੇ ਡਰੋਂ ਮੈਂ ਵੀ ਗੱਲ ਬਾਹਰ ਨਾ ਕੱਢ ਸਕੀ। ਗੋਰਿਆਂ ਵਾਂਗ ਧੀ ਨੂੰ ਵੀ ਨਾ ਕਹਿ ਸਕੀ ਕਿ ਆਪਣਾ ਕੋਈ ਥਾਂ-ਥਿੱਥਾ ਦੇਖੇ। ਸੋਚਿਆ ਆਖ਼ਰ ਧੀ ਐ। ਇਸਨੂੰ ਵਿਆਉਣਾ ਵੀ ਐ। ਲੋਕਾਂ ਕੋਲ ਭਿਣਕ ਪੈ ਗਈ ਤਾਂ ਕਿੱਥੇ ਮੈਂ ਇਸਦਾ ਰਿਸ਼ਤਾ ਕਰੂੰਗੀ। ਮੈਂ ਸੋਚਦੀ ਕਿ, ਇੰਡੀਆ ਜਾਊਂਗੀ, ਉੱਥੇ ਇਸਨੂੰ ਵਿਆਹ ਲਿਆਉਂਗੀ। ਕੈਨੇਡੇ ਦੇ ਲਾਲਚ ਨੂੰ ਚੰਗਾ ਰਿਸ਼ਤਾ ਮਿਲ ਜਾਣੈ। ਫੇਰ ਮੇਰੀ ਧੀ ਪੜ੍ਹੀ ਲਿਖੀ ਵੀ ਐ ਅਤੇ ਸੋਹਣੀ ਵੀ। ਗੋਰੇ ਮੁੰਡੇ ਤੋਂ ਵੀ ਖਹਿੜਾ ਛੁਟੂ।

ਪਰ ਨਹੀਂ ਉਸਨੇ ਇੱਕ ਹੀ ਰੱਟ ਲਾਈ ਹੋਈ ਸੀ ਕਿ ਮੈਂ ਉਸੇ ਮੁੰਡੇ ਨਾਲ਼ ਵਿਆਹ ਕਰਾਉਣੈ। ਮੈਂ ਬਥੇਰਾ ਸਮਝਾਇਆ, ਝਿੜਕਿਆ-ਝੰਬਿਆ ਵੀ ਕਿ ”ਅਸੀਂ ਗੋਰਿਆਂ ਦੀ ਕਲਚਰ ਵਿਚ ਨਹੀਂ ਮਿਕਸ ਹੋ ਸਕਦੇ। ਫੇਰ ਲੋਕਾਂ ਨੂੰ ਮੈਂ ਕੀ ਦਸੂੰਗੀ?”

ਕਹਿੰਦੀ, ”ਉਹ ਤੁਹਾਡੀ ਇੱਜ਼ਤ ਕਰਦੈ। ਮੈਨੂੰ ਬਹੁਤ ਪਿਆਰ ਕਰਦੈ। ਮੈਨੂੰ ਓਸਨੇ ਮੇਰੀਆਂ ਭੁੱਲਾਂ ਲਈ ਮਾਫ਼ ਵੀ ਕਰ ਦਿੱਤੈ। ਮੈਂ ਉਸੇ ਦੀ ਖਾਤਰ ਆਪਣੇ ਆਪ ਨੂੰ ਸੰਵਾਰਿਆ ਹੈ। ਫੇਰ ਤੁਹਾਨੂੰ ਕਾਹਦੀ ਮੁਸੀਬਤ ਹੈ?”

ਕੁੜੀ ਦੇ ਵਾਰ-ਵਾਰ ਕਹਿਣ ਤੇ, ਮੈਂ ਮੁੰਡੇ ਨੂੰ ਮਿਲਣ ਲਈ ਮੰਨ ਗਈ। ਸੋਚਿਆ, ਮੁੰਡੇ ਨਾਲ਼ ਗੱਲ ਕਰਾਂਗੀ। ਸ਼ਾਇਦ ਉਸਦੇ ਮਨ-ਸੁਮੱਤਿਆ ਪੈ ਜਾਵੇ ਅਤੇ ਉਹ ਇਸਦਾ ਖਹਿੜਾ ਛੱਡ ਦੇਵੇ। ਮੇਰੀ ਬਣੀ-ਧਰੀ ਵੀ ਰਹਿ ਜਾਊ।

ਜਦੋਂ ਮੈਂ ਰਿਚਰਡ ਨੂੰ ਮਿਲੀ ਤਾਂ ਉਹ ਮੈਨੂੰ ਮੇਰੇ ਧੀਆਂ-ਪੁੱਤਾਂ ਨਾਲੋਂ ਚੰਗਾ ਲੱਗਾ। ਵਧੀਆ ਸਲੀਕਾ। ਆਖਣ ਲੱਗਾ, ”ਇਹ ਕਲਚਰ ਦਾ ਡਰ ਮੇਰੇ ਮਾਂ-ਪਿਓ ਵਿਚ ਵੀ ਐ। ਪਰ ਉਹ ਸਾਨੂੰ ਇਕ ਮੌਕਾ ਦੇਣ ਨੂੰ ਤਿਆਰ ਹਨ। ਕੀ ਤੁਸੀਂ ਵੀ ਸਾਨੂੰ ਉਹ ਚਾਂਸ ਨ੍ਹੀ ਦੇ ਸਕਦੇ? ਮੈਂ ਤੁਹਾਡੀ ਧੀ ਨੂੰ ਸੱਚ ਹੀ ਬਹੁਤ ਪਿਆਰ ਕਰਦਾ ਹਾਂ। ਮੈਂ ਉਸ ਨਾਲ਼ ਪੂਰੀ ਜ਼ਿੰਦਗੀ ਕੱਟਣੀ ਚਾਹੁੰਦਾ ਹਾਂ। ਤੁਹਾਡੀ ਧੀ ਬਹੁਤ ਚੰਗੀ ਹੈ। ਦਿਲ ਦੀ ਮਾੜੀ ਨਹੀਂ। ਕੁਝ ਗ਼ਲਤੀਆਂ ਜ਼ਰੂਰ ਕੀਤੀਆਂ ਹਨ। ਹੁਣ ਸੰਭਲ ਗਈ ਹੈ। ਵੈਸੇ ਬੜੀ ਸੰਸਕਾਰੀ ਹੈ।”

ਮੈਨੂੰ ਜਿਵੇਂ ਉਸਦੀਆਂ ਗੱਲਾਂ ਨੇ ਮੋਹ ਲਿਆ। ਕਹਿਣ ਲੱਗਾ, ”ਜਿੱਦਾਂ ਤੁਸੀਂ ਆਖੋਗੇ, ਮੈਂ ਵਿਆਹ ਓਸੇ ਤਰ੍ਹਾਂ ਕਰਵਾਵਾਂਗਾ। ਵਰਨਾ ਤੁਹਾਡੇ ਬਿਨਾਂ ਮੇਰਾ ਇਹ ਦਿਨ ਅਧੂਰਾ ਰਹਿ ਜਾਵੇਗਾ। ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਤੁਹਾਡੇ ਅਸ਼ੀਰਵਾਦ ਤੋਂ ਬਿਨਾਂ ਕਰਾਂ।”

ਰਿਚਰਡ ਦੀਆਂ ਗੱਲਾਂ ਸੁਣਦਿਆਂ ਹੋਇਆਂ ਮੈਂ ਆਪਣੇ ਪੁੱਤਾਂ ਅਤੇ ਧੀਆਂ ਨੂੰ ਉਸਦੇ ਬਰਾਬਰ ਰੱਖਕੇ ਤੋਲਣ ਲੱਗੀ ਤਾਂ ਮੈਨੂੰ ਕੱਲੇ ਰਿਚਰਡ ਦਾ ਪਲੜਾ ਭਾਰੀ ਲੱਗਾ। ਮੇਰੀ ਧੀ ਵੀ ਮੈਨੂੰ ਸਿਆਣੀ ਹੋ ਗਈ ਜਾਪੀ। ਉਸ ਵੇਲੇ ਮੈਂ ਲਾਹ ਦਿੱਤੀ ਲੋਈ। ਖੜ ਗਈ ਡਟ ਕੇ। ਰਿਸ਼ਤੇਦਾਰਾਂ ਨੇ ਸੌ-ਸੌ ਗੱਲਾਂ ਕਹੀਆਂ-ਸੁਣੀਆਂ। ਪਰ ਮੈਂ ਇੱਕ ਨਾ ਮੰਨੀ। ਮੈਂ ਕਰ ਦਿੱਤਾ ਵਿਆਹ ਗੱਜ-ਬੱਜ ਕੇ। ਸੋਚਿਆ ਚੋਰ ਹਾਂ ਕਿ ਚੋਰਾਂ ਦੀ ਭੈਣ। ਦੁਨੀਆਂ ਦੇ ਸਾਮ੍ਹਣੇ ਤੋਰਾਂਗੀ ਧੀ ਨੂੰ।

ਸੋਚ ਮੇਰੇ ਪੁੱਤ ਵੱਲ ਜਾਂਦੀ ਹੈ, ਮੈਂ ਸੋਚਦੀ ਹਾਂ ਕਿ ਕਾਸ਼ ਮੇਰਾ ਪੁੱਤ ਵੀ ਏਸੇ ਤਰ੍ਹਾਂ ਦੀ ਬੋਲੀ ਬੋਲਦਾ। ਜਾਂ ਗੁਜਰਾਤੀ ਕੁੜੀ ਹੀ ਮੈਨੂੰ ਮੋਹ ਲੈਂਦੀ। ਮੇਰਾ ਡਰ ਦੂਰ ਕਰ ਦਿੰਦੀ। ਪਰ ਉਹ ਤਾਂ ਬਿਨਾਂ ਕਹੇ-ਸੁਣੇ ਆਪਣੀ ਦੁਨੀਆਂ ਵਸਾਉਣ ਤੁਰ ਪਏ। ਮੈਨੂੰ ਚਾਂਸ ਵੀ ਨਾ ਦਿੱਤਾ ਕਿ ਮੈਂ ਉਨ੍ਹਾਂ ਦੀ ਜ਼ਿੰਦਗੀ ਵਿਚ ਸ਼ਰੀਕ ਹੋ ਸਕਾਂ। ਮੁੰਡਾ ਜਾਂਦਾ ਹੋਇਆ ਡਾਇਨਿੰਗ ਟੇਬਲ ‘ਤੇ ਫੋਨ ਨੰਬਰ ਲਿਖ ਕੇ ਰੱਖ ਗਿਆ। ਕਹਿਣ ਲੱਗਾ, ”ਜੇ ਲੋੜ ਪਵੇ ਤਾਂ ਕਾਲ ਕਰ ਲੈਣਾ, ਮੈਂ ਆ ਜਾਵਾਂਗਾ।”

ਮੈਂ ਵੀ ਉਨ੍ਹਾਂ ਦੇ ਪਿੱਛੇ ਨਾ ਗਈ। ਸੋਚਿਆ, ਜਿਹੜੇ ਰਿਸ਼ਤੇ ਕੱਚੀਆਂ ਤੰਦਾਂ ਨਾਲ਼ ਗੰਢੇ ਹੁੰਦੇ ਨੇ, ਉਨ੍ਹਾਂ ਨੂੰ ਗੱਠਾਂ ਦੇਈ ਜਾਣ ਦਾ ਕੀ ਅਰਥ। ਜੇ ਚੰਦਰਾ ਆਪ ਹੀ ਨਾਲ਼ ਲਿਜਾ ਕੇ ਮੈਨੂੰ ਦਿਖਾ ਲਿਆਉਂਦਾ ਆਪਣਾ ਥਾਂ-ਥਿੱਥਾ ਤਾਂ ਮੈਂ ਵੀ ਮਾਣ ਨਾਲ਼ ਉਸਨੂੰ ਵਿਆਹ ‘ਤੇ ਸੱਦਦੀ, ਫੁਨ-ਕਾਲ ਕਰਦੀ। ਹੁਣ ਜਾਵੇ ਜਿੱਥੇ ਜਾਣਾ। ਗਵਿਨ ਨੇ ਉਸਨੂੰ ਆਪਣੇ ਵਿਆਹ ਦਾ ਕਾਰਡ ਭੇਜ ਦਿੱਤਾ। ਪਰ ਭੈੜਾ, ਉਹ ਨਹੀਂ ਆਇਆ।

ਵਿੰਡੋ ਵਿਚੀਂ ਮੈਂ ਕੈਨ ਦੇ ਗਾਰਡਨ ਵਿਚ ਦੇਖਦੀ ਹਾਂ। ਉਸਦੀ ਮਿਹਨਤ ਦਾ ਰੰਗ ਕਿਆਰੀਆਂ ਵਿਚ ਨਜ਼ਰ ਆ ਰਿਹਾ ਹੈ। ਸੂਹਾ ਗੁਲਾਬ ਦੇਖ ਕੇ, ਚੇਤਾ ਆਉਂਦਾ ਹੈ ਕਿ ਰਿਚਰਡ ਜਿਸ ਦਿਨ ਵਿਹਾਉਣ ਆਇਆ ਸੀ, ਉਸਨੇ ਸੂਹੀ ਪੱਗ ਬੰਨੀ ਸੀ। ਹੱਥ ਤਿੰਨ ਫੁੱਟ ਦੀ ਕਿਰਪਾਨ ਫੜੀ। ਸ਼ੇਰਵਾਨੀ ਵਿਚ ਸ਼ਹਿਜ਼ਾਦਾ ਲਗ ਰਿਹਾ ਸੀ ਉਹ। ਗੁਰੂਦੁਆਰੇ ਦੀ ਪਾਰਕ ਵਿਚ ਉਹ ਘੋੜੀ ਨੂੰ ਫੜੀ ਆਇਆ। ਮੈਨੂੰ ਖੁਸ਼ ਕਰਨ ਲਈ ਉਸਨੇ ਘੋੜੀ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਇਹ ਸਭ ਦੇਖ ਕੇ, ਹੋ ਗਈ ਮੈਂ ਗਦ-ਗਦ। ਗੁਰਬਾਣੀ ਦਾ ਸ਼ਬਦ ਮੇਰੇ ਕੰਨਾਂ ਵਿਚ ਗੂੰਜ ਰਿਹਾ ਸੀ, ‘ਮਾਨਸ ਕੀ ਜਾਤ ਸਬੈ ਏਕੋ ਪਹਿਚਾਨਵੋ।’ ਉਸ ਦਿਨ ਮੈਂ ਗੁਰਿੰਦਰ ਨੂੰ ਸੌ ਸ਼ਗਨਾ ਨਾਲ਼ ਵਿਦਾ ਕਰ ਦਿੱਤਾ। ਮੈਂ ਸੋਚਦੀ ਕਿ ਹੋ ਗਈ ਮੈਂ ਸਕਾਰਥ। ਕੁਝ ਨਸ਼ਟ ਨ੍ਹੀ ਹੋਇਆ। ਜੋ ਬਚਿਆ ਹੈ ਬਸ ਉਸਨੂੰ ਸਾਂਭਣ ਦੀ ਲੋੜ ਹੈ।

ਸੋਚ ਵੱਡੀ ਧੀ ਰੂਪੀ ਵੱਲ ਮੁੜਦੀ ਹੈ। ਇਕ ਸੂਈ ਚੁੱਭਣ ਵਾਂਗ ਅੰਦਰ ਟੀਸ ਉੱਠਦੀ ਹੈ। ਮੈਂ ਪੇਟ ਨੂੰ ਫੜਦੀ ਹੋਈ ਦੋਹਰੀ ਹੋ ਜਾਂਦੀ ਹਾਂ। ਰੂਪੀ ਜਿਸ ਰਾਹ ‘ਤੇ ਤੁਰੀ ਬੱਸ ਤਿਲਕਦੀ ਹੀ ਗਈ। ਉਸਦੇ ਅੰਦਰ ਦੀ ਤਲਬ ਨੇ ਉਸਨੂੰ ਭਟਕਾਈ ਰੱਖਿਆ। ਉਸਨੇ ਮੇਰੇ ਸਿਰ ਉਸ ਦਿਨ ਸੌ ਘੜਾ ਪਾਣੀ ਦਾ ਪਾ ਧਰਿਆ ਜਦੋਂ ਉਹ ਪਰੈਗਨੈਂਟ ਹੋ ਕੇ ਘਰ ਆ ਬੈਠੀ। ਮਮੂਲੀ ਜਿਹੀ ਗੱਲ ਵਾਂਗ ਕਹਿਣ ਲੱਗੀ, ”ਇੱਟ ਵਾਜ਼ ਐਨ ਐਕਸੀਡੈਂਟ। ਸੌਰੀ।”

ਮੈਨੂੰ ਸਮਝ ਨਾ ਆਵੇ ਕਿ ਇਸ ਸਮੱਸਿਆ ਨਾਲ਼ ਹੁਣ ਮੈਂ ਕਿਵੇਂ ਜੂਝਾਂ। ਬਥੇਰਾ ਆਪਣਾ ਆਪ ਭੰਨਿਆ। ਉਸਨੂੰ ਕੋਸਿਆ। ਨਵਤੇਜ ਨੂੰ ਗਾਲ੍ਹਾਂ ਕੱਢੀਆਂ ਕਿ ਮੈਨੂੰ ਛੱਡ ਕੇ ਤੁਰ ਗਿਆ ਕੱਲੀ ਨੂੰ। ਰੂਪੀ ਨੂੰ ਸਮਝਾਇਆ ਵੀ ਕਿ ਸਾਡੇ ਕਲਚਰ ਵਿੱਚ ਇਸ ਤਰ੍ਹਾਂ ਨ੍ਹੀ ਹੁੰਦਾ। ਉਹ ਬੋਲੀ, ”ਓਹ ਮਾਮ, ਮੈਂ ਕਿਹੜੀ ਨਿਆਣੀ ਹਾਂ। ਮੈਂ ਐਜ਼ੂਕੇਟਿਡ ਵੋਮਨ ਹਾਂ। ਆਈ ਵਿੱਲ ਲੁਕਆਫਟਰ ਮਾਈ ਚਾਇਲਡ। ਵੱਟ ਇੱਜ ਦਿਸ ਨੌਨਸੈਂਸ ਕਲਚਰ? ਮੈਂ ਕੇਅਰ ਨ੍ਹੀ ਕਰਦੀ ਕਿ ਲੋਕ ਕੀ ਸੋਚਦੇ ਹਨ। ਮਿਲੀਅਨ ਔਰਤਾਂ ਪਰੈਗਨੈਂਟ ਹੋ ਜਾਂਦੀਆਂ। ਐਕਸੀਡੈਂਟ ਇਜ਼ ਐਕਸੀਡੈਂਟ। ਮੈਂ ਅਗਾਂਹ ਤੋਂ ਵੱਧ ਧਿਆਨ ਰਖੂੰਗੀ। ਦੈਟਸ ਆਲ।”

ਜ਼ਮੀਨ ਮੈਨੂੰ ਵਿਹਲ ਨਾ ਦੇਵੇ। ਮੈਂ ਕੀ ਸੁਣ ਰਹੀ ਸਾਂ? ਇਹ ਸਾਡੀ ਸੋਚ ਵਿਚ ਪਾੜਾ ਕਦੋਂ ਅਤੇ ਕਿਸ ਤਰ੍ਹਾਂ ਪੈ ਗਿਆ ਸੀ? ਮੈਨੂੰ ਨਹੀਂ ਸੀ ਪਤਾ। ਅਸੀਂ ਤਾਂ ਸੋਚਦੇ ਸਾਂ ਕਿ ਮਿਹਨਤ-ਮੁਸ਼ੱਕਤ ਕਰਕੇ ਅਸੀਂ ਬੱਚਿਆਂ ਦੀ ਜ਼ਿੰਦਗੀ ਸੰਵਾਰ ਰਹੇ ਹਾਂ। ਪਰ ਨਹੀਂ, ਇਹ ਸੋਚਾਂ ਦੇ ਪਾੜੇ ਤਾਂ ਸਦੀਆਂ ਜੇਡੇ ਵੱਡੇ ਸਨ। ਜਿਨ੍ਹਾਂ ਨੂੰ ਚਾਹ ਕੇ ਵੀ ਟੱਪ ਸਕਣਾ ਮੇਰੇ ਵੱਸ ਵਿਚ ਨਹੀਂ ਸੀ।

ਕਈ ਦਿਨ ਮੈਂ ਉਸਨੂੰ ਝਿੜਕਦੀ ਝੰਬਦੀ ਰਹੀ। ਛੋਟਾ ਮੁੰਡਾ ਵੀ ਕੁੜੀ ਦਾ ਪੱਖ ਪੂਰ ਰਿਹਾ ਸੀ। ਕਹਿੰਦਾ, ”ਮਾਮ! ਡੌਂਟ ਬੀ ਸਿੱਲੀ। ਸ਼ੀ ਮੇਡ ਏ ਮਿਸਟੇਕ। ਉਸਨੇ ਸੌਰੀ ਕਹਿ ਤਾਂ ਦਿਤੈ। ਹੁਣ ਜਾਣ ਵੀ ਦਿਓ।”

ਮੈਂ ਸੋਚਦੀ ਜੇ ਕਰ ਇੰਡੀਆ ਵਿਚ ਹੁੰਦੇ ਤਾਂ ਇਹੋ ਮੁੰਡਾ ਇੱਜ਼ਤ ਦੇ ਨਾਂ ‘ਤੇ ਇਸਨੂੰ ਮਾਰ ਮੁਕਾਉਂਦਾ। ਮੈਨੂੰ ਐਸ ਤਰ੍ਹਾਂ ਜਾਪਿਆ ਜਿਵੇਂ ਸਿਉਂਕ ਨੇ ਮੇਰੀ ਰੂਹ ਛਨਣੀ ਕਰ ਦਿੱਤੀ ਹੋਵੇ। ਪਰ ਰੂਪੀ ਖੁਸ਼ ਸੀ, ਬਹੁਤ ਖੁਸ਼। ਉਸਨੂੰ ਜਿਵੇਂ ਅੰਦਰਲਾ ਖਲਾਅ ਭਰਨ ਲਈ ਕੁਝ ਮਿਲ ਗਿਆ ਹੋਵੇ। ਜਿਸ ਨਾਲ਼ ਉਸ ਵਿਚ ਠਹਿਰਾ ਵੀ ਆ ਗਿਆ ਜਾਪਦਾ ਸੀ। ਉਹ ਜੋ ਵੀ ਕਰਦੀ, ਆਪਣੇ ਬੇਵੀ ਨੂੰ ਧਿਆਨ ਵਿਚ ਰੱਖ ਕੇ ਕਰਦੀ। ਉਸ ਨੂੰ ਜਿਵੇਂ ਆਪਣਾ ਜੀਵਨ ਚਲਾਉਣ ਵਾਸਤੇ ਸੇਧ ਮਿਲ ਗਈ ਹੋਵੇ। ਬੱਚੇ ਦੇ ਬਾਪ ਦਾ ਨਾ ਹੋਣਾ ਉਸ ਲਈ ਜ਼ਰੂਰੀ ਨਹੀਂ ਸੀ।

ਮੈਥੋਂ ਰਿਹਾ ਨਾ ਜਾਵੇ, ਮੈਂ ਰੂਪੀ ਨੂੰ ਆਨੇ-ਬਹਾਨੇ ਝਿੜਕਦੀ ਰਹੀ, ਕਹਿੰਦੀ ਰਹੀ ਕਿ ”ਅਬਾਰਸ਼ਨ ਕਰਾ ਦੇਵੇ ਤਾਂਕਿ ਬਾਹਰ ਇਹ ਗੱਲ ਨਾ ਨਿੱਕਲੇ ਜਾਂ ਉਸ ਮੁੰਡੇ ਦਾ ਪਤਾ ਕਰੇ, ਉਸ ਨਾਲ਼ ਵਿਆਹ ਕਰਾ ਲਵੇ। ਕਾਲਾ-ਗੋਰਾ ਜੋ ਵੀ ਹੈ।”

ਰੂਪੀ ਕਹਿਣ ਲੱਗੀ, ”ਆਈ ਡੌਂਟ ਨੋ ਹੂ ਇੱਟ ਵਾਜ। ਮੈਨੂੰ ਕੀ ਪਤੈ, ਕੌਣ ਸੀ ਓਹ। ਉਸ ਦਿਨ ਵੱਧ ਪੀਤੀ ਗਈ, ਏਸ ਲਈ ਮੈਂ ਕੇਅਰਲੈੱਸ ਹੋ ਗਈ ਸਾਂ।”

”ਦੁਰ ਫਿੱਟੇਮੂੰਹ ਤੇਰੇ। ਪੜ੍ਹ ਲਿਖ ਕੇ ਖੂਹ ਪਾ ਛੱਡੀਆਂ। ਚੱਲ ਕਲ ਨੂੰ ਡਾਕਟਰ ਦੇ। ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਰਹਿ ਜਾਵਾਂ।” ਮੈਂ ਲੋਹੀ ਲਾਖੀ ਹੋਈ ਪਈ ਸਾਂ।

”ਨੋ ਮਾਮ, ਦਿੱਸ ਇੱਜ਼ ਮਾਈ ਚਾਇਲਡ। ਮਾਈ ਪਰਾਬਲਮ। ਮੈਨੂੰ ਕੋਈ ਫਰਕ ਨ੍ਹੀ ਪੈਂਦਾ ਕਿ ਬਾਪ ਕੌਣ ਹੈ। ਬੱਚਾ ਸਿਰਫ਼ ਮੇਰਾ ਐ। ਆਈ ਵਿੱਲ ਰੇਜ਼ ਮਾਈ ਚਾਇਲਡ। ਹਾਓ ਕੈਨ ਯੂ ਈਵਨ ਸੁਜੈਸਟ ਐਨ ਅਬਾਰਸ਼ਨ?” ਆਖ ਕੇ ਉਹ ਦਰ ਠਾਹ ਕਰਕੇ ਮਾਰਦੀ ਹੋਈ ਬਾਹਰ ਨਿੱਕਲ ਗਈ।

ਦੂਜੀ ਸਵੇਰ, ਉਹ ਆਪਣਾ ਸਮਾਨ ਕੱਠਾ ਕਰਕੇ ਤੁਰ ਗਈ। ਜਾਂਦੀ ਹੋਈ ਕਹਿਣ ਲੱਗੀ, ”ਮਾਮ! ਏਸ ਤਰ੍ਹਾਂ ਦਾ ਟਿਰੜ-ਫਿਰੜ ਕਰਨਾ ਮੈਨੂੰ ਚੰਗਾ ਨ੍ਹੀ ਲਗਦਾ। ਮੇਰੇ ਬੇਵੀ ਲਈ ਵੀ ਠੀਕ ਨ੍ਹੀ। ਮੈਂ ਨ੍ਹੀ ਰਹਿ ਸਕਦੀ ਏਸ ਤਰ੍ਹਾਂ ਦੇ ਵਾਤਾਵਰਨ ਵਿਚ। ਮੇਰੇ ਬੇਵੀ ਲਈ ਇਹ ਵਾਤਾਵਰਨ ਹੈਲਦੀ ਨਹੀਂ। ਪੜ੍ਹਾਈ ਦਾ ਮੇਰਾ ਇਹ ਅਖੀਰੀ ਸਾਲ ਹੈ। ਜੌਬ ਆਫ਼ਰ ਮੈਨੂੰ ਪਹਿਲਾਂ ਹੀ ਮਿਲ ਚੁੱਕੀ ਹੈ। ਮੈਂ ਕਰ ਸਕਦੀ ਹਾਂ ਆਪਣੀ ਅਤੇ ਆਪਣੇ ਬੱਚੇ ਦੀ ਲੁੱਕਆਫ਼ਟਰ। ਰੂਮ ਮੇਟ ਕੁੜੀ ਮਿਲ ਗਈ ਹੈ। ਉਸ ਨਾਲ਼ ਫਲੈਟ ਸ਼ੇਅਰ ਕਰ ਲਵਾਂਗੀ। ਜਦੋਂ ਕੰਮ ਮਿਲ ਗਿਆ ਤਾਂ ਆਪਣਾ ਕੋਈ ਫਲੈਟ ਕਿਰਾਏ ‘ਤੇ ਲੈ ਲਵਾਂਗੀ। ਮੇਰੀ ਮਿਸਟੇਕ ਹੈ। ਮੈਂ ਡੀਲ ਕਰਾਂਗੀ ਆਪੇ। ਇਹ ਹੋਰ ਕਿਸੇ ਦੀ ਬਿਜ਼ਨੈੱਸ ਨਹੀਂ। ਤੇ ਫੇਰ ਸਿੰਗਲ ਮਦਰ ਹੋਣਾ ਕੋਈ ਪਾਪ ਨਹੀਂ ਹੈ।”

ਬਾਲਗ ਧੀ ਨੂੰ ਮੇਰਾ ਐਨਾ ਹੱਕ ਵੀ ਨਹੀਂ ਸੀ ਕਿ ਰੋਕ ਸਕਾਂ। ਜਦੋਂ ਉਸਨੇ ਸਭ ਹੱਦਾਂ-ਬਸੀਮੇ ਤੋੜ ਦਿੱਤੇ ਤਾਂ ਕੀ ਕਰਦੀ? ਚੀਕ-ਚਿਹਾੜਾ ਪਾਉਂਦੀ? ਮੈਂ ਖੜੀ ਦੇਖਦੀ ਰਹਿ ਗਈ। ਤੇ ਉਹ ਔਹ ਗਈ ਔਹ ਗਈ। ਉਸ ਤੋਂ ਬਾਅਦ, ਕਦੀ-ਕਦਾਈਂ ਫੋਨ ਕਰਕੇ ਹਾਲ ਪੁੱਛ ਲੈਂਦੀ ਹੈ।

ਰਹਿ ਗਿਆ ਛੋਟਾ। ਉਹ ਮੇਰੇ ਆਖਣ ਅਨੁਸਾਰ ਵਿਆਹ ਕਰਾਉਣ ਨੂੰ ਮੰਨ ਗਿਆ। ਮੈਂ ਵੀ ਸੁੱਖ ਦਾ ਸਾਹ ਲਿਆ। ਕਈ ਵਰ੍ਹੇ ਪਹਿਲਾਂ ਇੰਡੀਆ ਤੋਂ ਇਕ ਪਰਿਵਾਰ ਕੈਨੇਡਾ ਆਇਆ ਸੀ। ਅਸੀਂ ਸੋਚਿਆ ਕਿ ਕੁੜੀ ਨੂੰ ਦੋਹਾਂ ਹੀ ਕਲਚਰਾਂ ਦੀ ਜਾਣਕਾਰੀ ਹੈ। ਘਰ-ਬਾਰ ਸਾਂਭ-ਸੰਭਾਲ ਲਵੇਗੀ। ਮੇਰੀ ਦੇਖ-ਭਾਲ ਵੀ ਕਰ ਲਵੇਗੀ। ਸਾਡੀਆਂ ਕੁੜੀਆਂ ਨੂੰ ਸਿਆਣਿਆਂ ਦੇ ਆਦਰ-ਸਤਿਕਾਰ ਦਾ ਅਕਸਰ ਪਤਾ ਹੁੰਦੈ। ਪਰ ਕਿੱਥੇ? ਛਿੰਦਪਾਲ ਐਸੀ ਆਈ ਜਿਸਨੇ ਸਾਡਾ ਦੋਹਾਂ ਮਾਂ-ਪੁੱਤਾਂ ਦਾ ਜੀਣਾ ਦੁੱਭਰ ਕਰ ਦਿੱਤਾ। ਪੂਰਾ ਸਾਲ ਭਰ ਲੜਾਈ-ਝਗੜੇ ਨਾਲ਼ ਮੈਂ ਦਿਮਾਗੀ ਤੌਰ ‘ਤੇ ਪਾਗਲਾਂ ਵਰਗੀ ਹੋ ਗਈ। ਉਸਨੂੰ ਹਮੇਸ਼ਾਂ ਸ਼ਿਕਾਇਤ ਰਹਿੰਦੀ ”ਤੇਰੀ ਮਾਂ ਮੇਰੇ ਵੱਲ ਦੇਖਦੀ ਕਿੱਦਾਂ ਸੀ, ਮੈਨੂੰ ਕੋਈ ਲਫ਼ਜ਼ ਕਿਹਾ ਕਿੱਦਾਂ ਸੀ, ਮੇਰੀ ਫੈਮਲੀ ਨਾਲ਼ ਬੋਲੀ ਨ੍ਹੀ। ਇਹਨੂੰ ਕੰਮ ਕਰਦੀ ਨੂੰ ਕੁਝ ਹੁੰਦੈ। ਚੰਗੀ-ਭਲੀ ਦਿੱਸਦੀ ਐ। ਮੈਂ ਕਿਹੜਾ ਉਸਦੀ ਨੌਕਰਾਣੀ ਲੱਗੀ ਹੋਈ ਹਾਂ। ਉਹ ਤਾਂ ਚਾਹੁੰਦੀ ਐ ਕਿ ਮੈਂ ਕੰਮ ਵੀ ਕਰਕੇ ਆਵਾਂ ਅਤੇ ਘਰ ਆ ਕੇ ਜੂੜ ਵੀ ਮਾਰਾਂ। ਰੋਟੀਆਂ ਪਕਾ-ਪਕਾ ਉਸਦੇ ਮੋਹਰੇ ਧਰਾਂ। ਮੇਰੀ ਕੋਈ ਸਹੇਲੀ ਨਾ ਘਰ ਆ ਸਕਦੀ। ਇਹ ਜਿਵੇਂ ਟੀਰੀ ਜਿਹੀ ਝਾਕਦੀ ਰਹਿੰਦੀ ਐ।”

ਥੱਕ ਗਈ ਮੈਂ ਉਸਦਾ ਇਹ ਬਕਵਾਸ ਸੁਣ-ਸੁਣ ਕੇ। ਫੇਰ ਇਕ ਦਿਨ ਮੈਂ ਉਸਨੂੰ ਵੀ ਅੱਡ ਕਰ ਦਿੱਤਾ। ਆਪ ਹੀ ਆਖ ਦਿੱਤਾ, ”ਜਾਵੋ, ਖਾਵੋ-ਕਮਾਵੋ। ਪਤਾ ਲਗੂ ਉਸ ਵਕਤ ਜਦੋਂ ਆਪ ਕਰਕੇ ਖਾਣਾ ਪਿਆ।”

ਮੈਨੂੰ ਲਗਿਆ ਜਿਵੇਂ ਮਾਰਗਰੇਟ ਮੇਰੇ ਬੋਲਾਂ ਤੇ ਖੁਸ਼ ਹੋ ਰਹੀ ਹੋਵੇ।

ਤੇ ਮੈਂ ਰਹਿ ਗਈ ਕੱਲੀ। ਮੇਰਾ ਗੰਢਿਆ ਹੋਇਆ ਪਰਿਵਾਰ ਤੀਲਾ-ਤੀਲਾ ਬਣ ਕੇ ਖਿੰਡਰ ਗਿਆ। ਮਾਰਗਰੇਟ ਅਜ ਵੀ ਮੇਰੀਆਂ ਅੱਖਾਂ ਸਾਮ੍ਹਣੇ ਖਲੋ ਜਾਂਦੀ ਹੈ। ਕਹਿੰਦੀ ਹੋਈ ‘ਆਪਣੀ ਲਾਈਫ਼ ਦੀ ਕਦਰ ਕਰਨੀ ਆਪ ਸਿੱਖੋ ਤਾਂ ਹੀ ਬੱਚੇ ਕਦਰ ਕਰਨਗੇ। ਵਰਨਾ ਉਹ ਤੁਹਾਨੂੰ ਲਿਤਾੜਕੇ ਤੁਰਦੇ ਬਣਨਗੇ।’

ਸੋਚ ਫੇਰ ਮੇਰੇ ਬੈੱਡਰੂਮ ਵਿਚ ਪਰਤਦੀ ਹੈ। ਵਿੰਡੋ ਵਿਚੀਂ ਦੇਖ ਰਹੀ ਹਾਂ, ਸੈਮ ਅਤੇ ਐਂਜਲਾ ਸੈਰ ਕਰਕੇ ਵਾਪਿਸ ਆ ਰਹੇ ਹਨ। ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ। ਢਲਦੇ ਸੂਰਜ ਦੀ ਚਮਕ ਨੂੰ ਮੱਥੇ ਵਿਚ ਸਮੋਂਦੇ। ਗੁਆਂਢਣ ਸ਼ੈਲੀ ਵੀ ਗਾਰਡਨ ਵਿਚ ਖੜੀ ਮੱਥੇ ‘ਤੇ ਹੱਥ ਧਰ ਕੇ ਅੰਬਰ ਵੱਲ ਝਾਕ ਰਹੀ ਹੈ। ਕੀ ਭਾਲ਼ ਰਹੀ ਹੈ? ਪਤਾ ਨਹੀਂ ਲਗ ਰਿਹਾ।

ਸਾਮ੍ਹਣੀ ਸੜਕ ‘ਤੇ ਨਜ਼ਰ ਜਾਂਦੀ ਹੈ। ਉਸ ਸੜਕ ਵੱਲ ਅਕਸਰ ਮੇਰੀ ਨਜ਼ਰ ਸ਼ਾਮ ਦੇ ਵਕਤ ਟਿਕ ਜਾਂਦੀ ਹੈ। ਇਹੋ ਵਕਤ ਹੈ ਜਦੋਂ ਰਿਚਰਡ ਕੰਮ ਛੱਡ ਕੇ ਆ ਰਿਹਾ ਹੁੰਦਾ ਹੈ। ਰਿਚਰਡ ਦੀ ਲਾਲ ਕਾਰ ਦਿਖਾਈ ਦੇ ਰਹੀ ਹੈ। ਕੰਮ ਤੋਂ ਪਰਤਦਿਆਂ ਉਹ ਮੈਨੂੰ ਦੋ ਮਿੰਟ ਦੇਖਣ ਜ਼ਰੂਰ ਆਉਂਦਾ ਹੈ। ਸੋਚਦੀ ਹਾਂ ਮੇਰੇ ਚਹੁੰ ਬੱਚਿਆਂ ਤੋਂ ਕੱਲਾ ਰਿਚਰਡ ਮੇਰੀ ਕੁੱਖ਼ ਦਾ ਦੀਵਾ ਕਿਉਂ ਨ੍ਹੀ ਬਣਿਆ? ਮੈਂ ਪੌੜੀ ਤੇਜ਼ੀ ਨਾਲ਼ ਉਤਰਦੀ ਹਾਂ ਕਿ ਛੇਤੀਂ ਦਰ ਖੋਲ੍ਹ ਸਕਾਂ। ਦਰ ਖੁੱਲ੍ਹਦੇ ਹੀ, ਖੜੋਤੇ ਰਿਚਰਡ ਦੀ ਮੁਸਕਾਨ ਚਮਕਦੀ ਹੈ।

ਚੱਪਾ ਕੁ ਸੂਰਜ ਹਾਲੀਂ ਖੜੋਤਾ ਸੀ। ਜਿਸਦੀ ਲਾਲੀ ਅੰਬਰ ‘ਤੇ ਫੈਲੀ ਹੋਈ ਸੀ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 25 ਮਈ 2009)
(ਦੂਜੀ ਵਾਰ 15 ਸਤੰਬਰ 2021)

***
360
***

About the author

ਬਲਬੀਰ ਕੌਰ ਸੰਘੇੜਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਬਲਬੀਰ ਕੌਰ ਸੰਘੇੜਾ
2945 Gulfstream Way
Mississauga, Ont. (Canada)
L5N 6J9

ਬਲਬੀਰ ਕੌਰ ਸੰਘੇੜਾ

ਬਲਬੀਰ ਕੌਰ ਸੰਘੇੜਾ 2945 Gulfstream Way Mississauga, Ont. (Canada) L5N 6J9

View all posts by ਬਲਬੀਰ ਕੌਰ ਸੰਘੇੜਾ →