26 April 2024
ਸੁਰਿੰਦਰ ਗਿਤ

ਮਾਂ—ਸੁਰਿੰਦਰ ਗੀਤ

ਪਹਿਲੀ ਵਾਰੀ ਉਹ ਮੈਨੂੰ ਟਰੰਟੋ ਇਕ ਸਮਾਗਮ ‘ਚ ਮੇਰੀ ਸਹੇਲੀ ਪਰਮ ਨਾਲ ਮਿਲੀ ਸੀ।  ਉਹ ਮੈਨੂੰ ਬਹੁਤ ਹੀ ਪਿਆਰੀ ਲੱਗੀ। ਰੱਬ ਨੇ ਕਿਤੇ ਵਿਹਲੇ ਵੇਲੇ ਬਿਲਕੁਲ ਇਕੱਲਿਆਂ ਬੈਠ ਕੇ ਬੜੀ ਹੀ ਰੀਝ ਨਾਲ ਤਰਾਸ਼ੀ ਜਾਪਦੀ ਸੀ। ਉਹ ਹੱਸਦੀ ਤਾਂ ਹੋਰ ਵੀ ਸੋਹਣੀ ਲਗਦੀ। ਉਸਦਾ ਉੱਚਾ ਲੰਬਾ ਕੱਦ, ਗੋਰਾ ਰੰਗ ਤੇ ਤਰਾਸ਼ੇ ਹੋਏ ਨੈਣ ਨਕਸ਼। ਉਹ ਗੱਲ ਗੱਲ ਤੇ ਖਿੜੀ ਕਪਾਹ ਵਾਗੂੰ ਖਿੜ ਜਾਂਦੀ। ਮੈਂ ਮਨ ਹੀ ਮਨ ਸੋਚਿਆ ਕਿ ਇਹ ਕੁੜੀ ਕਿੰਨੀ ਖੁਸ਼ ਹੈ। ਇਸ ਤਰਾਂ ਲਗਦੈ ਜਿਵੇਂ ਕੋਈ ਦੁੱਖ ਕਦੇ ਇਸਦੇ ਨਾਲ ਦੀ ਵੀ ਨਹੀਂ ਲੰਘਿਆ।  ਖੁਸ਼ਕਿਸਮਤ ਕੁੜੀ ਹੈ। ਮੇਰੇ ਮਨ ’ਚ ਬਾਰ ਬਾਰ ਖਿਆਲ ਆਇਆ ਕਿ ਇਸ ਕੁੜੀ ਤੋਂ ਹੱਸਣਾ ਸਿਖਿਆ ਜਾਵੇ। ਪਰ ਕਿਵੇਂ? ਮੈਂ ਆਪੇ ਹੀ ਆਪਣੇ ਆਪ ਨੂੰ ਸਵਾਲ ਕਰਦੀ ਤੇ ਆਪ ਹੀ ਜਵਾਬ ਬਣ ਜਾਂਦੀ। ਪਰ ਅੱਜ ਤੋਂ ਬਾਦ ਇਸ ਕੁੜੀ ਨੂੰ ਮੈਂ ਕਿਵੇਂ ਮਿਲਾਂਗੀ? ਕਲ੍ਹ ਨੂੰ ਮੇਰੀ ਫਲਾਈਟ ਹੈ। ਅਖੀਰੀ ਗੱਲ ਮੈਂ ਆਪਣੇ ਦਿਲ ਦੀਆਂ ਗੱਲਾਂ ਦਿਲ ’ਚ ਲੈ ਕੇ ਆਪਣੇ ਸ਼ਹਿਰ ਆ ਗਈ।  

ਦੋ ਕੁ ਮਹੀਨੇ ਹੀ ਬੀਤੇ ਸਨ ਕਿ ਅਚਾਨਕ ਮੇਰੀ ਸਹੇਲੀ ਪਰਮ ਦਾ ਫੋਨ ਆਇਆ ਕਿ ਮੈਂ ਕੈਲਗਰੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੀ ਹਾਂ।

ਕੈਲਗਰੀ ਪੁੱਜ ਕੇ ਪਰਮ ਨੇ ਮੈਨੂੰ ਫ਼ੋਨ ਕੀਤਾ ਤੇ ਮੈਂ ਮਿੱਥੇ ਸਮੇਂ ਅਨੁਸਾਰ ਉਸ ਨੂੰ ਉਸਦੇ ਰਿਸ਼ਤੇਦਰਾਂ ਦੇ ਘਰ ਮਿਲਣ ਗਈ। ਉਹ ਕੁੜੀ ਜਿਸਨੂੰ ਮੈਂ ਕਦੇ ਦੋਬਾਰਾ ਮਿਲਣ ਦੀ ਖਾਹਿਸ਼ ਆਪਣੇ ਦਿਲ ਵਿੱਚ ਪਾਲੀ ਬੈਠੀ ਸਾਂ, ਓਥੇ ਸੀ। ਗੱਲਾਂ ਬਾਤਾਂ ’ਚ ਪਤਾ ਲੱਗਿਆ ਕਿ ਉਹ ਪਰਮ ਦੇ ਨਾਲ ਆਈ ਹੈ। ਉਹ ਜੱਦ ਵੀ ਪਰਮ ਨੂੰ ਬੁਲਾਉਂਦੀ ਤਾਂ ਮਾਂ ਆਖ ਕੇ ਬੁਲਾਉਂਦੀ। ਮੇਨੂੰ ਪਤਾ ਸੀ ਕਿ ਪਰਮ ਦੀਆਂ ਦੋ ਬੇਟੀਆਂ ਹਨ ਅਤੇ ਦੋਨੋਂ ਹੀ ਕੈਨੇਡਾ ਦੀਆਂ ਜੰਮ ਪਲ ਹਨ। ਮੈੰ ਉਹਨਾਂ ਦੀਆਂ ਤਸਵੀਰਾਂ ਵੀ ਵੇਖੀਆਂ ਹੋਈਆਂ ਸਨ। ਮੇਰੇ ਮਨ ਵਿੱਚ ਇਹ ਜਾਨਣ ਦੀ ਉੱਤਸੁਕਤਾ ਵੱਧ ਗਈ ਕਿ ਇਹ ਕੁੜੀ ਪਰਮ ਨੂੰ ਮਾ ਕਿਉਂ ਕਹਿੰਦੀ ਹੈ। ਜਦੋਂ ਉਹ ਮਾਂ ਕਹਿੰਦੀ ਹੈ ਤਾਂ ‘ਮਾਂ ’ ਸ਼ਬਦ ਸਾਰੇ ਵਾਤਾਵਰਣ ਨੂੰ ਸੁਗੰਧਤ ਕਰ ਦਿੰਦਾ ਹੈ। ਹੁਣ ਮੈਨੂੰ ਉਸਦਾ ਨਾਮ ਵੀ ਪਤਾ ਲੱਗ ਗਿਆ ਸੀ। ਉਸਦੇ ਸੁਹੱਪਣ ਨਾਲ ਬਿਲਕੁਲ ਮੇਲ ਖਾਂਦਾ ਉਸਦਾ ਨਾਮ ਸੀਰਤ।

ਕੁਝ ਸਮਾਂ ਰਿਸ਼ਤੇਦਾਰਾਂ ਦੇ ਘਰ ਬੈਠ ਕੇ ਮੈਂ ਤੇ ਪਰਮ ਫਿਰਨ ਤੁਰਨ ਨਿਕਲ ਗਈਆਂ। ਕਿਸੇ ਰੈਸਟੋਰੈਂਟ ’ਚ ਦੁਪਹਿਰ ਦਾ ਖਾਣਾ ਖਾਣ ਦਾ ਪ੍ਰੋਗਰਾਮ ਬਣ ਗਿਆ।

ਰਸਤੇ ਵਿੱਚ ਮੈਂ ਕਈ ਵਾਰ ਸੀਰਤ ਬਾਰੇ ਗੱਲ ਤੋਰਨਾ ਚਾਹੀ ਪਰ ਹਰ ਵਾਰ ਰੁਕ ਜਾਂਦੀ। ਪਰਮ ਕੋਈ ਨਾ ਕੋਈ ਗੱਲ ਛੇੜ ਲੈਂਦੀ। ਕਦੇ ਆਪਣੇ ਦਫ਼ਤਰ ਦੀ ਗੱਲ, ਕਦੇ ਆਪਣੇ ਰੱਬ ਨੂੰ ਪਿਆਰੇ ਹੋ ਚੁੱਕੇ ਪਤੀ ਦੀ ਗੱਲ, ਕਦੇ ਕੋਈ ਤੇ ਕਦੇ ਕੋਈ। ਇਉਂ ਗੱਲਾਂ ਬਾਤਾਂ ਕਰਦੀਆਂ ਦੱਸ ਪੰਦਰਾਂ ਮਿੰਟਾਂ ’ਚ ਅਸੀਂ ਰੈਸਟੋਰੈਂਟ ਪੁੱਜ ਗਈਆਂ।

“ਪਰਮ ਇਹ ਕੁੜੀ ਸੀਰਤ ਤੈਨੂੰ ‘ਮਾਂ’ ਆਖਦੀ ਹੈ!” ਮੈਂ ਖਾਣਾ ਆਰਡਰ ਕਰਨ ਤੋਂ ਪਹਿਲਾਂ ਹੀ ਇਸ ਤਰੀਕੇ ਨਾਲ ਪੁੱਛਿਆ ਕਿ ਪਰਮ ਨੂੰ ਕੁਝ ਮਹਿਸੂਸ ਨਾ ਹੋਵੇ।  

ਪਰਮ ਨੇ ਵਿਸਵਾਸ਼ ਭਰੇ ਸ਼ਬਦਾਂ ਵਿਚ ਕਿਹਾ, “ ਹਾਂ! ਮੈਂ ਸੀਰਤ ਦੀ ਮਾਂ ਹੀ ਹਾਂ।”

“ਬਹੁਤ ਚੰਗਾ ਲੱਗਦਾ ਹੈ ਉਸਦੇ ਮੂੰਹੋ ਮਾਂ ਸ਼ਬਦ। ਸੀਰਤ ਬਹੁਤ ਖੁਸ਼ ਰਹਿੰਦੀ ਹੈ। ਸੋਹਣੀ ਵੀ ਰੱਜ ਕੇ ਹੈ।” ਮੈਂ ਕਿੰਨੇ ਸਾਰੇ ਸਵਾਲ ਇਕੱਠੇ ਹੀ ਕਰ ਦਿੱਤੇ।

ਪਰਮ ਨੇ ਇਕ ਪਲ ਲਈ ਆਪਣਾ ਸਾਹ ਰੋਕਿਆ ਤੇ ਕਿਹਾ , “ ਸੀਰਤ ਦਿਲ ਦੀ ਵੀ ਬਹੁਤ ਸੋਹਣੀ ਹੈ। ਪਰ ਵਿਚਾਰੀ ਨੇ ਬਹੁਤ ਕੁਝ ਮਾੜਾ ਦੇਖਿਆ ਹੈ ਇਸ ਛੋਟੀ ਜਿਹੀ ਉਮਰ ਵਿੱਚ।”

“ ਹੈਂ! ਉਹ ਤਾ ਬਹੁਤ ਖੁਸ਼ ਜਾਪਦੀ ਹੈ। ਉਸਦੇ ਹੱਸਣ ਖੇਡਣ ਤੋਂ ਤਾਂ ਇਸ ਤਰ੍ਹਾਂ ਲਗਦਾ ਜਿਵੇਂ ਕਦੇ ਕੋਈ ਦੁੱਖ ਉਸਦੇ ਨੇੜ ਦੀ ਵੀ ਨਾ ਲੰਘਿਆ ਹੋਵੇ।”  ਮੈਂ ਹੈਰਾਨੀ ਨਾਲ ਕਿਹਾ।

ਪਰਮ ਨੇ ਮੇਰੇ ਸਵਾਲ ਦਾ ਜਵਾਬ ਦਿੰਦੇ ਕਿਹਾ, “ਸਾਰਿਆਂ ਨੂੰ ਇਸ ਤਰ੍ਹਾਂ ਹੀ ਲਗਦਾ ਹੈ। ਪਰ ਜਿਵੇਂ ਦਿਸਦਾ ਹੈ ਉਸ ਤਰ੍ਹਾਂ ਨਹੀਂ  ਹੁੰਦਾ!” 

“ਹਾਂ! ਇਹ ਗੱਲ ਤਾਂ ਹੈ। ਪਰ ਸੀਰਤ ….” ਮੇਰੇ ਤੋਂ ਵਾਕ ਪੂਰਾ ਨਾ ਹੋਇਆ।

ਪਰਮ ਨੇ ਡੂੰਘਾ ਸਾਹ ਲਿਆ ਤੇ ਮੇਰੇ ਚੇਹਰੇ ਤੇ ਟਿਕ ਟਿਕੀ ਲਗਾ ਕੇ ਬੋਲੀ ,“ਸੁਰਿੰਦਰ, ਸੀਰਤ ਨਾਲ ਬੇਸ਼ਕ ਮੇਰਾ ਖੂਨ ਦਾ ਰਿਸ਼ਤਾ ਨਹੀਂ ਹੈ, ਮੈਂ ਬੇਸ਼ਕ ਉਸਨੂੰ ਜਨਮ ਨਹੀਂ ਦਿੱਤਾ ਪਰ ਉਹ ਮੇਰੀ ਧੀ ਹੈ। ਉਹ ਮੇਰੀ ਧੀ ਕਿਵੇਂ ਬਣੀ, ਇਹ ਕਹਾਣੀ ਬੜੀ ਅਜੀਬ ਅਤੇ ਦਿਲ ਚੀਰਵੀਂ ਹੈ।”

“ਹੂੰ” ਕਹਿਕੇ ਮੈਂ ਪਰਮ ਦੇ ਚੇਹਰੇ ਵੱਲ ਇਸ ਤਰ੍ਹਾਂ ਤੱਕਿਆ ਕਿ ਪਰਮ ਸਮਝ ਗਈ ਕਿ ਮੈਂ ਇਹ ਸਾਰੀ ਕਹਾਣੀ ਸੁਣਨਾ ਚਾਹੁੰਦੀ ਹਾਂ।

ਪਰਮ ਨੇ ਕਹਿਣਾ ਸ਼ੁਰੂ ਕੀਤਾ, “ ਸੀਰਤ ਦਾ ਅਲ੍ਹੜ ਉਮਰੇ ਹੀ ਕਿਸੇ ਮੁੰਡੇ ਨਾਲ ਪਿਆਰ ਪੈ ਗਿਆ। ਸੀਰਤ ਬਹੁਤ ਸਿਆਣੀ ਕੁੜੀ ਸੀ। ਦੋਨਾਂ ਦਾ ਪਿਆਰ ਬਹੁਤ ਸੱਚਾ ਸੁੱਚਾ ਸੀ। ਦੋਨੋਂ ਜਣੇ ਵੱਧ ਤੋਂ ਵੱਧ ਸਮਾਜ ਦੀਆਂ ਨਜ਼ਰਾਂ ਤੋਂ ਬਚਕੇ ਰਹਿੰਦੇ। ਕਿਸੇ ਨੂੰ ਭਿਣਕ ਵੀ ਨਾ ਪਈ ਇਹਨਾਂ ਦੇ ਪਿਆਰ ਦੀ। ਦਰ-ਅਸਲ ਉਹ ਮੁੰਡਾ ਜਗਰਾਵਾਂ ਦਾ ਸੀ ਤੇ ਸੀਰਤ ਪਿੰਡ ਰਹਿੰਦੀ ਸੀ। ਇਕੋ ਕਾਲਜ ਵਿੱਚ ਪੜ੍ਹਦੇ ਸਨ। ਸੀਰਤ ਜਦੋਂ ਬੀ.ਏ. ਦੇ ਦੂਸਰੇ ਸਾਲ ਵਿੱਚ ਸੀ ਉਹ ਐਮ.ਏ. ਫ਼ਾਈਨਲ ਵਿੱਚ ਪੜ੍ਹਦਾ ਸੀ। ਮੁੰਡਾ ਹੋਣਹਾਰ ਤੇ ਸੋਹਣਾ ਸੁਨੱਖਾ ਸੀ। ਰਾਜਵਿੰਦਰ ਸੀ ਉਸਦਾ ਨਾਮ। 

ਰਾਜਵਿੰਦਰ ਐਮ ਏ  ਕਰਕੇ ਉਸੇ ਹੀ ਕਾਲਜ ਵਿੱਚ ਪੜ੍ਹਾਉਣ ਲਗ ਪਿਆ ਤੇ ਸੀਰਤ ਨੇ ਬੀ. ਏ. ਕਰ ਲਈ। ਬੀ.ਏ. ਕੀ ਕੀਤੀ, ਨਾਲ ਹੀ ਸੀਰਤ ਦੇ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ।

ਸੀਰਤ ਦੀ ਭੂਆ ਨੇ ਮੁੰਡੇ ਦੀ ਦੱਸ ਪਾ ਦਿੱਤੀ। ਮਾਪੇ ਮੁੰਡਾ ਦੇਖ ਕੇ ਗੱਲ ਬਾਤ ਕਰਨ ਦੀ ਸੋਚਣ ਲੱਗੇ।

ਸੀਰਤ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਕਿ ਗੱਲ-ਬਾਤ ਅੱਗੇ ਵਧੇ, ਉਸਦੇ ਮਾਂ ਬਾਪ ਕਿਸੇ ਨੂੰ ‘ਹਾਂ’ ਕਰ ਦੇਣ, ਉਸਨੂੰ ਦੱਸ ਦੇਣਾ ਚਾਹੀਂਦਾ ਹੈ ਕਿ ਉਹ ਕਿਸੇ ਨੂੰ ਪਿਆਰ ਕਰਦੀ ਹੈ। ਸੀਰਤ ਨੂੰ ਇਸ ਗੱਲ ਦਾ ਵੀ ਯਕੀਨ ਸੀ ਉਸਦੇ ਬਾਪ ਤੋਂ ਭੂਆ ਦਾ ਕਹਿਣਾ ਨਹੀਂ ਮੋੜ ਹੋਣਾ। ਭੂਆ ਤਾਂ ਕਦੋਂ ਦੀ ਫਿਰਦੀ ਆ ਵਿਚੋਲਣ ਬਣਨ ਨੂੰ। ਘਰਦਿਆਂ ਨੇ ਹੀ ਰੋਕੀ ਹੋਈ ਹੈ ਕਿ ਸੀਰਤ ਨੂੰ ਬੀ.ਏ. ਤੱਕ ਤਾਂ ਜ਼ਰੂਰ ਪੜ੍ਹਾਉਣਾ ਹੈ, ਫਿਰ ਉਸਤੋਂ ਬਾਅਦ ਵਿਆਹ ਦਾ ਸੋਚਾਂਗੇ।

 

ਜਿਉਂ ਹੀ ਸੀਰਤ ਨੇ ਆਪਣੀ ਭੂਆ ਨੂੰ ਦੱਸਿਆ ਕਿ ਉਹ ਕਿਸੇ ਨੂੰ ਪਿਆਰ ਕਰਦੀ ਹੈ ਤਾਂ ਉਸਤੇ ਮੁਸ਼ਕਿਲਾਂ ਦਾ ਪਹਾੜ ਟੁੱਟ ਪਿਆ। ਉਸਦਾ ਘਰੋਂ ਬਾਹਰ ਜਾਣਾ ਔਖਾ ਹੋ ਗਿਆ। ਸੀਰਤ ਦਾ ਹਰ ਸਮੇਂ ਕੋਈ ਨਾ ਕੋਈ ਪਿੱਛਾ ਕਰਦਾ ਰਹਿੰਦਾ। ਫੋਨ ਦੀ ਘੰਟੀ ਵਜਦੀ ਤਾਂ ਸੀਰਤ ਦੀ ਜਾਨ ਨਿਕਲ ਜਾਂਦੀ, ਸੀਰਤ ਦਾ ਹੱਥ ਜਦੋਂ ਤੱਕ ਫੋਨ ਤੱਕ  ਪੁੱਜਦਾ, ਘਰ ਦਾ ਕੋਈ ਨਾ ਕੋਈ ਮੈਂਬਰ ਫੋਨ ਚੁੱਕ ਲੈਂਦਾ। 

ਮੁੱਕਦੀ ਗੱਲ ਸੀਰਤ ਕੈਦਣ ਬਣ ਗਈ ਆਪਣੇ ਹੀ ਮਾਂ ਬਾਪ ਦੇ ਘਰੇ। ਗੱਲ ਗੱਲ ਤੇ ਉਸਦਾ ਭਰਾ ਤੇ ਬਾਪ ਉਸਦੀ ਕੁੱਟ ਮਾਰ ਕਰ ਦਿੰਦੇ। ਮਾਂ ਲੋਹੜੇ ਦੀਆਂ ਗਾਲ੍ਹਾਂ ਕੱਢਦੀ। ਸੀਰਤ ਨੇ ਖਾਣਾ ਪੀਣਾ ਛੱਡ ਦਿੱਤਾ। ਓਨਾ ਕੁ ਖਾਂਦੀ ਪੀਂਦੀ ਜਿੰਨੇ ਬਿਨਾਂ ਨਾ ਸਰਦਾ।” 

ਮੈਂ ਬਰਾਬਰ ਹੁੰਗਾਰਾ ਭਰ ਰਹੀ ਸਾਂ।

“ਤੇ ਫਿਰ ਸੀਰਤ ਏਥੇ ਕਿਵੇਂ ਆ ਗਈ?” ਮੈਂ ਉਤਸੁਕਤਾ ਨਾਲ ਪੁੱਛਿਆ।

ਪਰਮ ਦੀ ਆਵਾਜ਼ ਭਾਰੀ ਹੋ ਗਈ। ਉਹ ਭਰੇ ਗਲੇ ਨਾਲ ਬੋਲੀ,“ ਸੀਰਤ ਦਾ ਇਸ ਮੁਲਕ ‘ਚ ਆਉਣਾ ਤੇ ਆ ਕੇ ਮੈਨੂੰ ਮਿਲਣਾ ਬੜੀ ਅਜੀਬ ਜਿਹੀ ਕਹਾਣੀ ਹੈ। ਸੀਰਤ ਦਾ ਚਾਚਾ ਚਾਚੀ ਟਰੰਟੋ ਰਹਿੰਦੇ ਸਨ।  ਸੀਰਤ ਦੇ ਮਾਪਿਆਂ ਨੇ ਸੀਰਤ ਦੇ ਚਾਚੇ ਨਾਲ ਗੱਲ ਬਾਤ ਕਰਕੇ ਸੀਰਤ ਨੂੰ ਏਥੇ ਭੇਜ ਦਿੱਤਾ,  ਕਿਸੇ ਨਾਲ ਵੱਟਾ ਸੱਟਾ ਕਰਕੇ। ਸੀਰਤ ਦੀ ਚਾਚੀ ਦੇ ਭਰਾ ਨੇ ਸੀਰਤ ਦੇ ਕਾਗਜ਼ ਭਰ ਕੇ ਕਾਗਜ਼ਾਂ ਵਿੱਚ ਵਿਆਹ ਕਰਵਾ ਲਿਆ। ਬਦਲੇ ਵਿੱਚ ਸੀਰਤ ਨੇ ਚਾਚੀ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ ਮੰਗਵਾਉਣਾ ਸੀ। ਸੀਰਤ ਦੇ ਮਾਂ ਬਾਪ ਸੋਚਦੇ ਸਨ ਕਿ ਕੈਨੇਡਾ ਜਾ ਕੇ ਭੁੱਲ ਭੁੱਲਾ ਜਾਵੇਗੀ। ਉਹ ਕਿਸੇ ਵੀ ਹਾਲਤ ’ਚ ਮਿਸਤਰੀਆਂ ਦੇ ਮੁੰਡੇ ਨਾਲ ਸੀਰਤ ਦਾ ਰਿਸ਼ਤਾ ਨਹੀਂ ਸਨ ਕਰਨਾ ਚਾਹੁੰਦੇ। ਉਹਨਾਂ ਦੇ ਜੱਟਪੁਣੇ ਤੇ ਸੱਟ ਵੱਜਦੀ ਸੀ।

ਸੀਰਤ ਨੂੰ ਤੋਰ ਕੇ ਮਾਪੇ ਤਾਂ ਜਿਵੇਂ ਸੁਰਖੁਰੂ ਹੋ ਗਏ। ਉਹਨਾਂ ਨੇ ਚਾਚੀ ਨੂੰ ਕਹਿ ਦਿੱਤਾ ਕਿ ਹੁਣ ਇਹ ਪੂਰਨ ਤੌਰ ਤੇ ਤੇਰੀ ਹੈ। ਜਿਵੇਂ ਮਰਜ਼ੀ ਇਸ ਨੂੰ ਵਰਤ। ਜਿੱਥੇ ਮਰਜ਼ੀ , ਜਿਵੇਂ ਮਰਜ਼ੀ  ਇਸਨੂੰ ਵਿਆਹ। ਇਹ ਤੈਨੂੰ ਸੌਂਪ ਦਿੱਤੀ ਹੈ।”

“ਤੇ ਫਿਰ ,” ਪਰਮ ਦੇ ਅੱਗੇ ਪਾਣੀ ਦਾ ਗਲਾਸ ਕਰਦਿਆਂ, ਮੈਂ ਕਿਹਾ।

“ਫਿਰ ਕੀ ਸੀ। ਜਦੋਂ ਸੀਰਤ ਏਥੇ ਆ ਗਈ ਤਾਂ ਚਾਚੇ ਚਾਚੀ ਦੀ ਕੈਦਣ ਬਣ ਗਈ। ਸੀਰਤ ਦੇ ਪੈਰ ਪੈਰ ਤੇ ਚਾਚੀ ਦੀਆਂ ਅੱਖਾਂ ਪਹਿਰੇਦਾਰ ਬਣ ਉਸਦਾ ਪਿੱਛਾ ਕਰਨ ਲਗੀਆਂ। ਉਹ ਕਿਸੇ ਨੂੰ ਫੋਨ ਨਹੀਂ ਸੀ ਕਰ ਸਕਦੀ। ਕੰਮ ਤੇ ਜਾਂਦੀ, ਸ਼ਿਫ਼ਟ ਪੂਰੀ ਕਰਦੀ ਤੇ ਬੱਸ ਤੇ ਘਰ ਵਾਪਸ ਆ ਜਾਂਦੀ। ਆਪਣੇ ਕੋਲ ਪੈਸੇ ਨਹੀਂ ਸੀ ਰੱਖ ਸਕਦੀ। ਚਾਚੀ, ਸੀਰਤ ਦੀ ਸਾਰੀ ਕਮਾਈ ਲੈ ਲੈਂਦੀ ਤੇ ਸੀਰਤ ਨੂੰ ਪੰਜ ਸੱਤ ਡਾਲਰ ਪਰਸ ’ਚ ਰੱਖਣ ਲਈ ਦੇ ਦਿੰਦੀ। ਵੱਡੀ ਗੱਲ ਇਹ ਸੀ ਕਿ ਉਹ ਪੰਜ ਸੱਤ ਡਾਲਰ ਖਰਚਣ ਦੀ ਵੀ ਉਸਨੂੰ ਖੁਲ੍ਹ ਨਹੀਂ ਸੀ। ਚੰਗੀ ਕਿਸਮਤ ਨੂੰ ਮੈਂ ਓਥੇ ਸੁਪਰਵਾਈਜ਼ਰ ਸੀ ਜਿੱਥੇ ਸੀਰਤ ਕੰਮ ਕਰਦੀ ਸੀ।”  ਪਰਮ ਨੇ ਹੌਂਕਾ ਲਿਆ।

ਕੁਝ ਕੁ ਸਕਿੰਟ ਠਹਿਰ ਕੇ ਫਿਰ ਬੋਲੀ, “ਸੀਰਤ ਕਿਸੇ ਨਾਲ ਨਾ ਬੋਲਦੀ। ਨਾ ਕਦੇ ਹੱਸਦੀ। ਫ਼ੈਕਟਰੀ ’ਚ ਕੰਮ ਕਰਦੀ ਤੇ ਘਰ ਤੁਰ ਜਾਂਦੀ। ਪਰ ਇਸ ਦੀਆਂ ਅੱਖਾਂ ਸਦਾ ਨਮ ਰਹਿੰਦੀਆਂ। ਮੈਂ ਕਈ ਵਾਰ ਪੁੱਛਣ ਦਾ ਯਤਨ ਕਰਦੀ ਪਰ ਇਹ ਟਾਲ ਮਟੋਲ ਕਰ ਦਿੰਦੀ ਜਾਂ ਰੋ ਪੈਂਦੀ। ਮੈਨੂੰ ਯਾਦ ਹੈ ਇਕ ਦਿਨ ਸੀਰਤ ਬਹੁਤ ਉਦਾਸ ਸੀ। ਮੈਂ ਉਸਤੋਂ ਉਸਦੀ ਉਦਾਸੀ ਦਾ ਕਾਰਣ ਪੁੱਛਿਆ ਤਾਂ ਕਹਿਣ ਲੱਗੀ, “ਮੈਡਮ! ਮੇਰੀਆਂ ਅੱਖਾਂ ਥਾਣੀਂ ਮੇਰੀ ਕਿਸਮਤ ਪਾਣੀ ਬਣ ਬਣ ਵਹਿ ਰਹੀ ਹੈ।”

ਮੇਰੀਆਂ ਵੀ ਅੱਖਾਂ ਭਰ ਆਈਆਂ। ਕੁੜੀਆਂ ਵਿਚਾਰੀਆਂ ਦਾ ਕੀ ਹੈ ਸਾਡੇ ਸਮਾਜ ਵਿੱਚ। ਪਤਾ ਨਹੀਂ ਏਥੇ ਕਿੰਨੀਆਂ ਕੁ ਸੀਰਤਾਂ ਦੀਆਂ ਕਿਸਮਤਾਂ ਪਾਣੀ ਬਣ ਬਣ ਵਹਿ ਗਈਆਂ ਤੇ ਵਹਿ ਰਹੀਆਂ ਹਨ – ਮੈਂ ਆਪਣੇ ਆਪ ਨੂੰ ਕਿਹਾ।

ਪਰਮ ਨੇ ਪਾਣੀ ਦੀ ਘੁੱਟ ਭਰੀ, ਨੈਪਕਿਨ ਨਾਲ ਅੱਖਾਂ ਪੂੰਝੀਆਂ ਤੇ ਬੋਲੀ, “ਇਕ ਦਿਨ ਮੌਸਮ ਬਹੁਤ ਖਰਾਬ ਸੀ। ਹਵਾ ਵੀ ਅੰਤਾਂ ਦੀ ਤੇਜ਼। ਠੰਡ ਤੇ ਬਰਫ਼ ਵੀ ਲੋਹੜੇ ਦੀ। ਸੀਰਤ ਦੇ ਕਪੜੇ ਵੀ ਮਾਮੂਲੀ ਸਨ। ਜੈਕਟ ਨਾ ਹੋਇਆਂ ਵਰਗੀ ਸੀ। ਦਸਤਾਨੇ ਤੇ ਸਿਰ ਢੱਕਣ ਲਈ ਵੀ ਉਸ ਕੋਲ ਕੁਝ ਨਹੀਂ ਸੀ। ਮੈਂ ਸੋਚਿਆ ਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਵਿਚਾਰੀ ਕਿਵੇਂ ਘਰ ਜਾਵੇਗੀ। ਬੱਸ ਦਾ ਵੀ ਕੀ ਪਤਾ ਆਵੇ ਜਾਂ ਨਾ ਆਵੇ। ਇਸ ਹਾਲਤ ਵਿੱਚ ਬੱਸ ਸਟੈਂਡ ਤੇ ਖੜ੍ਹਨਾ ਕਿਹੜਾ ਸੌਖਾ ਆ। ਮੈਂ ਸੋਚਿਆ ਕਿ ਮੈਂ ਇਸਨੂੰ ਘਰ ਛੱਡ ਆਉਂਦੀ ਹਾਂ। ਮੈਂ ਸੀਰਤ ਨੂੰ ਕਾਰ ਵਿੱਚ ਬਿਠਾਇਆ ਤੇ ਹੌਲੀ ਹੌਲੀ ਤੁਫਾਨ ਨੂੰ ਚੀਰਦਿਆਂ ਅਸੀਂ ਸੀਰਤ ਦੇ ਚਾਚੇ ਚਾਚੀ ਦੇ ਘਰ ਪੁੱਜ ਗਈਆਂ। ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ। ਉਹ ਘਰ ਨਹੀਂ ਸਨ ਅਤੇ ਸੀਰਤ ਕੋਲ ਘਰ ਦੀ ਚਾਬੀ ਨਹੀਂ ਸੀ। ਮੈਂ ਸੀਰਤ ਤੋਂ ਪੁੱਛਿਆ ਕਿ ਉਹ ਘਰ ਦੀ ਚਾਬੀ ਕੋਲ ਕਿਉਂ ਨਹੀਂ ਰੱਖਦੀ ਤਾਂ ਉਸਨੇ ਦੱਸਿਆ ਕਿ ਚਾਚੀ ਤੋਂ ਮੈਂ ਮੰਗੀ ਸੀ, ਚਾਚੀ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਅਸੀਂ ਕਿਸੇ ਨੂੰ ਘਰ ਦੀ ਚਾਬੀ ਨਹੀਂ ਦਿੰਦੇ। ਇਹ ਮੇਰਾ ਅਸੂਲ ਹੈ। ਚਾਚੇ ਨੇ ਵੀ ਚਾਚੀ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਚਾਚੇ ਦੀ ਘਰ ਵਿਚ ਬਿਲਕੁਲ ਹੀ ਨਹੀਂ ਸੀ ਚਲਦੀ। ਭਾਵੇਂ ਸੀਰਤ ਦਾ ਚਾਚਾ ਪੜ੍ਹਿਆ ਲਿਖਿਆ ਤੇ ਚੰਗੀ ਨੌਕਰੀ ਤੇ ਸੀ ਪਰ ਘਰ ’ਚ ਉਸਦੀ ਕੋਈ ਨਹੀਂ ਸੀ ਸੁਣਦਾ।

ਚਲੋ ਮੈਂ ਸੀਰਤ ਨੂੰ ਆਪਣੇ ਘਰ ਲੈ ਆਈ। ਮੈਂ ਉਸਦੇ ਚਾਚੇ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਹ ਸੀਰਤ ਦਾ ਫ਼ਿਕਰ ਨਾ ਕਰਨ, ਉਹ ਮੇਰੇ ਕੋਲ ਹੈ। ਮੈਂ ਸੀਰਤ ਦੀ ਵੀ ਉਹਨਾਂ ਨਾਲ ਗੱਲ ਕਰਵਾਈ। ਸੀਰਤ ਦੇ ਚਾਚੇ ਨੇ ਮੇਰਾ ਧੰਨਵਾਦ ਕੀਤਾ। ਨਾਲ ਹੀ ਮੈਂ ਸੀਰਤ ਦੇ ਮਾਂ-ਪਿਉ ਦਾ ਫ਼ੋਨ ਘੁੰਮਾ ਲਿਆ ਤੇ ਸੀਰਤ ਨੇ ਆਪਣੇ ਮਾਂ-ਪਿਉ ਨੂੰ ਸਾਰੀ ਗੱਲ ਦੱਸੀ ਕਿ ਉਹ ਕਿਵੇਂ ਚਾਚੀ ਦੇ ਅਤਿਆਚਾਰ ਸਹਿ ਰਹੀ ਹੈ। ਮੇਰੀ ਵੀ ਉਹਨਾਂ ਨਾਲ ਗੱਲ ਬਾਤ ਹੋਈ। ਸੀਰਤ ਦੀ ਮਾਂ ਵਾਰ ਵਾਰ ਏਹੀ ਆਖੀ ਜਾਵੇ ਕਿ ਭੈਣੇ ਹੁਣ ਤੂੰ ਹੀ ਇਸਦੀ ਮਾਂ ਹੈਂ। ਇਸਦਾ ਖਿਆਲ ਰੱਖੀਂ। ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਮੈਂ ਹਰ ਤਰੀਕੇ ਨਾਲ ਸੀਰਤ ਦਾ ਖਿਆਲ ਰਖਾਂਗੀ। ਓਸੇ ਰਾਤ ਹੀ ਸੀਰਤ ਨੇ ਆਪਣੀ ਕੈਨੇਡਾ ਆਉਣ ਦੀ ਸਾਰੀ ਕਹਾਣੀ ਮੈਨੂੰ ਦੱਸੀ ਤੇ ਮੇਰੇ ਦਿਲ ਵਿੱਚ ਸੀਰਤ ਪ੍ਰਤੀ ਹਮਦਰਦੀ ਪਹਿਲਾਂ ਨਾਲੋਂ ਕਿਤੇ ਹੋਰ ਵੱਧ ਗਈ।

ਦੂਸਰੇ ਦਿਨ ਸੀਰਤ ਮੇਰੇ ਨਾਲ ਹੀ ਕੰਮ ਤੇ ਚਲੀ ਗਈ।

ਕੰਮ ਤੋਂ ਬਾਅਦ ਸ਼ਾਮ ਨੂੰ ਜਦੋਂ ਸੀਰਤ  ਘਰ ਗਈ ਤਾਂ ਚਾਚੀ ਬਹੁਤ ਨਰਾਜ਼ ਸੀ ਕਿ ਉਹ ਕਿਉਂ ਕਿਸੇ ਦੇ ਨਾਲ ਘਰ ਗਈ। ਸੀਰਤ ਨੇ ਮੈਨੂੰ ਦੱਸਿਆ ਕਿ ਉਸਨੇ ਬਥੇਰਾ ਚਾਚੀ ਨੂੰ ਕਿਹਾ ਕਿ ਉਸ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਮੈਂ ਠੰਡ ਵਿੱਚ ਕਿਵੇਂ ਬਾਹਰ ਖਲੋ ਸਕਦੀ ਸਾਂ। ਬਸ ਏਹੀ ਕਹੀ ਜਾਵੇ ਜਿਹੜੀ ਤੈਨੂੰ ਲੈ ਕੇ ਗਈ ਸੀ ਸਾਡੇ ਘਰ ਆਇਆਂ ਤੋਂ ਤੈਨੂੰ ਘਰ ਛੱਡ ਜਾਂਦੀ। ਉਹਦੇ ਚਾਚੇ ਨੇ ਬਥੇਰਾ ਸਮਝਾਇਆ ਕਿ ਕੋਈ ਨਾ ਇਸ ਗੱਲ ਨੂੰ ਬਹੁਤਾ ਪਹਾੜ ਨਾ ਬਣਾ। ਜ਼ਿੰਦਗੀ ’ਚ ਅਕਸਰ ਅਜੇਹਾ ਹੋ ਜਾਂਦਾ ਹੈ ਨਾਲੇ ਆਪਣੀ ਵੀ ਤਾਂ ਗਲਤੀ ਹੈ ਕਿ ਆਪਾਂ ਨੂੰ ਘਰ ਦੀ ਚਾਬੀ ਦੇਣੀ ਚਾਹੀਂਦੀ ਸੀ। ਪਰ ਉਸਦੇ ਚਾਚੇ ਦੀ ਕੌਣ ਸੁਣਦਾ ਸੀ।

ਸੀਰਤ ਦੀ ਚਾਚੀ ਗੱਲ ਗੱਲ ਤੇ ਆਖਦੀ ਸੀ ਕਿ ਜੇਕਰ ਇਹ ਚੰਗੀ ਹੁੰਦੀ ਤਾਂ ਇਹਦੇ ਮਾਂ- ਪਿਉ ਇਹਨੂੰ ਏਥੇ ਨਾ ਭੇਜਦੇ। ਆਪ ਤਾਂ ਸੁੱਖ ਆਰਾਮ ਨਾਲ ਬੈਠੇ ਆ ਤੇ ਮੇਰੇ ਪੱਲੇ ਪਾ ਦਿੱਤੀ ਬਦਕਾਰ। ਜਿੱਦਣ ਦੀ ਏਥੇ ਆਈ ਹੈ, ਸਾਡੇ ਘਰ ਕੋਈ ਨਾ ਕੋਈ ਮੁਸੀਬਤ ਬਣੀ ਰਹਿੰਦੀ ਹੈ।

ਉਸ ਦਿਨ ਸੀਰਤ ਦੀ ਚਾਚੀ ਨੇ ਸੀਰਤ ਨੂੰ ਬਹੁਤ ਕੁੱਟਿਆ। ਇਹ ਦੱਸਦਿਆਂ ਦੱਸਦਿਆਂ ਪਰਮ ਦੀਆਂ ਅੱਖਾਂ ਭਰ ਆਈਆਂ। ਸੀਰਤ ਦੇ ਸਰੀਰ ਤੇ ਮਾਰ ਕੁੱਟ ਦੇ ਨਿਸ਼ਾਨ ਸਨ। ਉਸ ਦੇ ਚੇਹਰੇ ਤੇ ਚਾਚੀ ਦੇ ਜ਼ਾਲਮ ਹੱਥਾਂ ਦੀਆਂ ਉੱਗਲੀਆਂ ਦੇ ਨਿਸ਼ਾਨ ਸਨ। ਮੇਰੇ ਜ਼ੋਰ ਦੇ ਕੇ ਪੁੱਛਣ ਤੇ ਸੀਰਤ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਅਤੇ ਕਮੀਜ਼ ਚੁੱਕ ਕੇ ਕਿਸੇ ਸੋਟੀ ਵਰਗੀ ਚੀਜ਼ ਦੇ ਨਿਸ਼ਾਨ ਵੀ ਦਿਖਾਏ।  

ਮੈਂ ਵੀ ਪਾਣੀ ਬਣੀ ਬੈਠੀ ਸਾਂ। ਜ਼ੋਰ ਦੇਕੇ ਏਨਾ ਹੀ ਆਖ ਸਕੀ, “ਸੀਰਤ ਨੇ ਪੁਲੀਸ ਨੂੰ ਫ਼ੋਨ ਕਿਉਂ ਨਹੀਂ ਕੀਤਾ?”

“ਵਿਚਾਰੀ ਡਰੀ ਤੇ ਸਹਿਮੀ ਹੋਈ ਸੀ। ਮੈਂ ਸੀਰਤ ਦੀ ਮੱਦਦ ਤਾਂ ਕਰਨਾ ਚਾਹੁੰਦੀ ਸਾਂ ਪਰ ਉਸਦੀ ਨਿੱਜੀ ਜ਼ਿੰਦਗੀ ’ਚ ਬਹੁਤਾ ਦਖਲ ਨਹੀਂ ਸੀ ਦੇਣਾ ਚਾਹੁੰਦੀ। ਮੈਂ ਨਹੀਂ ਸਾਂ ਚਾਹੁੰਦੀ ਕਿ ਮੇਰੇ ਕਾਰਣ ਉਸਦੇ ਦੁੱਖਾਂ ਦੇ ਸਮੁੰਦਰ ਵਿੱਚ ਜਵਾਰਭਾਟਾ ਆਵੇ।

ਖਾਣਾ ਤਾਂ ਕਦੋਂ ਦਾ ਆ ਗਿਆ ਸੀ। ਇਸਦਾ ਅਹਿਸਾਸ ਓਦੋਂ ਹੋਇਆ ਜਦੋਂ ਵੇਟਰ ਮੁੰਡੇ ਨੇ ਅਚਾਨਕ ਆ ਕੇ ਪੁੱਛਿਆ ਕਿ ਕੁਝ ਹੋਰ ਚਾਹੀਂਦੈ। 

ਪਰਮ ਨੇ ਖਾਣਾ ਸ਼ੁਰੂ ਕਰਨ ਲਈ ਇਸ਼ਾਰਾ ਕੀਤਾ ਤੇ ਅਸੀਂ ਦੋਨਾਂ ਨੇ ਹੌਲੀ ਹੌਲੀ ਖਾਣਾ ਸ਼ੁਰੂ ਕੀਤਾ। ਬੁਰਕੀ ਲੰਘ ਨਹੀਂ ਸੀ ਰਹੀ। ਅਸੀਂ ਦੋਨੋਂ ਹੀ ਭਾਵੁਕਤਾ ਵਿੱਚ ਵਹਿ ਰਹੀਆਂ ਸਾਂ। 

ਪਰਮ ਨੇ ਮੇਰੇ ਵੱਲ ਦੇਖਿਆ ਤੇ ਕਿਹਾ, “ ਤੈਨੂੰ ਪਤਾ ਆ ਜਦੋਂ ਆਪਣੇ ਮਾਂ ਬਾਪ ਬੱਚੇ ਦਾ ਸਾਥ ਨਾ ਦੇਣ ਤਾਂ ਬਿਗਾਨੇ ਫ਼ਾਇਦਾ ਲੈਂਦੇ ਈ ਆ।”

ਮੈਂ ਆਪਣੇ ਆਪ ਤੇ ਜ਼ੋਰ ਦੇਕੇ ਫਿਰ ਗੱਲ ਸ਼ੁਰੂ ਕੀਤੀ ਕਿ ਫਿਰ ਕੀ ਹੋਇਆ ਸੀਰਤ ਨਾਲ?

ਪਰਮ ਨੇ ਪਾਣੀ ਦੀ ਘੁੱਟ ਭਰਦਿਆਂ ਕਿਹਾ, “ਹੋਣਾ ਕੀ ਸੀ। ਸੀਰਤ ਦੇ ਫਰਜ਼ੀ ਵਿਆਹ ਦਾ ਤਲਾਕ ਕਰਵਾ ਕੇ, ਚਾਚੀ ਮੌਂਕਾ ਤਾੜ ਕੇ ਸੀਰਤ ਨੂੰ ਇੰਡੀਆ ਲੈ ਗਈ, ਆਪਣੀ ਕਿਸੇ ਦੂਰ ਦੀ ਰਿਸ਼ਤੇਦਾਰੀ ਚੋਂ ਭਰਾ ਲੱਗਦੇ ਕਿਸੇ ਮੁੰਡੇ ਨਾਲ ਵਿਆਹ ਕਰਨ ਲਈ। ਸਾਲ ਦੇ ਵਿੱਚ ਵਿੱਚ ਉਹ ਵੀ ਆ ਗਿਆ। ਤੈਨੂੰ ਪਤਾ ਈ ਆ ਕਿ ਉਹਨਾਂ ਦਿਨਾਂ ਵਿੱਚ ਅਜੇ ਕੁਝ ਸੌਖਾ ਸੀ। ਛੇਤੀ ਵੀਜ਼ਾ ਮਿਲ ਜਾਂਦਾ ਸੀ। ਇਮੀਗਰੇਸ਼ਨ ਮਹਿਕਮਾ ਅੱਜ ਦੀ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਸੀ ਕਰਦਾ। ਬਾਹਲੀ ਪੁੱਛ ਪੜਤਾਲ ਨਹੀਂ ਸੀ ਹੁੰਦੀ ਉਹਨੀ ਦਿਨੀਂ। ਕੁਝ ਦਿਨ ਉਹ ਚਾਚੇ ਚਾਚੀ ਨਾਲ ਰਹੇ ਤੇ ਬਾਅਦ ਵਿੱਚ ਕਿਰਾਏ ਤੇ ਸਸਤੇ ਜਿਹੇ ਅਪਾਰਟਮੈਂਟ ਵਿੱਚ ਮੂਵ ਹੋ ਗਏ।

ਪਰਮ ਨੇ ਪਾਣੀ ਦੀ ਘੁੱਟ ਭਰੀ। ਮੈਨੂੰ ਲਗਿਆ ਜਿਵੇਂ ਅਗਲੀ ਗੱਲ ਕਰਨ ਲਈ ਉਸ ਨੂੰ ਬਹੁਤ ਹਿੰਮਤ ਚਾਹੀਂਦੀ ਹੈ।

ਮੈਂ ਪਰਮ ਦੇ ਚੇਹਰੇ ਵੱਲ ਤੱਕਿਆ। ਉਸਦੀਆਂ ਅੱਖਾਂ ਵਿੱਚ ਪਾਣੀ ਸੀ। ਉਸਦੀਆਂ ਅੱਖਾਂ ’ਚ ਚਮਕਦਾ ਹੰਝੂ ਸੀਰਤ ਦੀ ਜ਼ਿੰਦਗੀ ਦੀ ਇਸ ਤੋਂ ਅਗਲੇਰੀ ਦਾਸਤਾਨ ਦਾ ਖਾਮੋਸ਼ੀ ਨਾਲ ਵਰਨਣ ਕਰ ਰਿਹਾ ਸੀ। ਮੈਂ ਵੀ ਆਪਣੇ ਆਪ ਨੂੰ ਕੁਝ ਇਕੱਠਾ ਕੀਤਾ, ਕਿਉਕਿ ਹੁਣ ਮੈਨੂੰ ਵੀ ਸੀਰਤ ਦੇ ਹਾਸਿਅਂ ਪਿੱਛੇ ਛੁੱਪੇ ਰੋਣੇ ਸੁਣਾਈ ਦੇਣ ਲਗ ਪਏ ਸਨ।

ਪਰਮ ਨੇ ਕਹਿਣਾ ਸੁਰੂ ਕੀਤਾ ਕਿ ਮੇਜਰ ਦੇ ਆਉਣ ਨਾਲ ਸੀਰਤ ਦੀ ਜ਼ਿੰਦਗੀ ਹੋਰ ਵੀ ਨਰਕ ਬਣ ਗਈ।

“ਮੇਜਰ ਕੌਣ,” ਮੈਂ ਹੈਰਾਨੀ ਨਾਲ ਪੁੱਛਿਆ।

“ਮੇਜਰ! ਚਾਚੀ ਦਾ ਰਿਸ਼ਤੇਦਾਰੀ ‘ਚੋਂ ਭਰਾ, ਜਿਸ ਨਾਲ ਸੀਰਤ ਦਾ ਵਿਆਹ ਹੋਇਆ ਸੀ। ਸ਼ਰਾਬੀ ਕਬਾਬੀ ਵਿਹਲੜ। ਸਾਰਾ ਦਿਨ ਪੀ ਕੇ ਪਿਆ ਰਹਿੰਦਾ। ਅਣਸਰਦੇ ਨੂੰ ਹੀ ਕੰਮ ਤੇ ਜਾਂਦਾ ਸੀ। ਗੱਲ ਗੱਲ ਤੇ ਉਸਨੇ ਸੀਰਤ ਨੂੰ ਕੁੱਟਣਾ ਮਾਰਨਾ। ਸੀਰਤ ਦੀ ਜ਼ਿੰਦਗੀ ਪਹਿਲਾਂ ਨਾਲੋਂ ਵੀ ਭੈੜੀ ਹੋ ਗਈ। ਉਸਨੂੰ ਪਤਾ ਹੋਣ ਦੇ ਬਾਵਜੂਦ ਵੀ ਕਿ ਸੀਰਤ ਦਾ ਪਹਿਲਾ ਵਿਆਹ ਫਰਜ਼ੀ ਸੀ,ਉਹ ਉਸਨੂੰ ਤਾਹਨੇ ਮੇਹਣੇ ਮਾਰਦਾ। ਇਥੋਂ ਤੱਕ ਆਖ ਦਿੰਦਾ ਕਿ ਮੇਰੇ ਨਾਲ ਧੋਖਾ ਹੋਇਆ ਹੈ। ਇਹ ਪਹਿਲਾਂ ਵਿਆਹੀ ਹੋਈ ਸੀ। ਦਰਅਸਲ ਸੀਰਤ ਦੀ ਚਾਚੀ ਨੂੰ ਪਤਾ ਸੀ ਕਿ ਉਹ ਇੰਡੀਆ ਵਿੱਚ ਨਸ਼ਾ ਕਰਦਾ ਸੀ। ਏਥੇ ਉਸਨੂੰ ਓਥੋਂ ਵਾਲਾ ਨਸ਼ਾ ਮਿਲਦਾ ਨਹੀਂ ਸੀ ਤੇ ਉਹ ਸ਼ਰਾਬ ਪੀ ਕੇ ਸਾਰੀ ਜਾਂਦਾ ਸੀ। ਚਾਚੀ ਦਾ ਤਾਂ ਇੱਕੋ ਮਕਸਦ ਸੀ ਕਿ ਇਸ ਵਿਗੜੇ ਹੋਏ ਮੁੰਡੇ ਨੂੰ ਕੈਨੇਡਾ ਸੱਦਣਾ ਤੇ ਰਿਸ਼ਤੇਦਾਰਾਂ ਤੋਂ ਸ਼ਾਬਾਸ਼ ਲੈਣੀ। ਇਸ ਕੰਮ ਲਈ ਉਸਨੇ ਸੀਰਤ ਨੂੰ ਫਸਾ ਦਿੱਤਾ।

ਇਕ ਦਿਨ ਸੀਰਤ ਨਾਲ ਕੰਮ ਕਰਦੀ ਕਿਸੇ ਕੁੜੀ ਦਾ ਸੀਰਤ ਨੂੰ ਫ਼ੋਨ ਆ ਗਿਆ। ਬਸ ਏਨੇ ‘ਚ ਹੀ ਵਿਗੜ ਗਿਆ। ਆਖੇ ਤੇਰੇ ਕਿਹੜੇ ਯਾਰ ਦਾ ਫੋਨ ਸੀ। ਉਸਨੇ ਬਥੇਰਾ ਕਿਹਾ ਕਿ ਉਸਦੀ ਸਹੇਲੀ ਦਾ ਫ਼ੋਨ ਸੀ। ਉਹ ਉਹਦੇ ਨਾਲ ਕੰਮ ਕਰਦੀ ਹੈ। ਮੇਜਰ ਨੇ ਸੀਰਤ ਨੂੰ ਮਾਮੂਲੀ ਜਿਹੀ ਗੱਲ ਤੇ ਏਨਾ ਕੁਟਿਆ ਮਾਰਿਆ ਕਿ ਉਸਦੇ ਮੱਥੇ ’ਚ ਵਾਹਵਾ ਸੱਟ ਲੱਗ ਗਈ। ਲਹੂ ਲੁਹਾਣ ਹੋ ਗਈ। ਸੀਰਤ ਨੇ ਉਸਨੂੰ ਧੱਕਾ ਦੇ ਕੇ ਪਿਛਾਂਹ ਸੁੱਟ ਦਿੱਤਾ। ਮੇਜਰ ਨੇ ਚਾਕੂ ਕੱਢ ਲਿਆ। ਆਪਣੀ ਜਾਨ ਬਚਾਉਣ ਲਈ ਘਰੋਂ ਬਾਹਰ ਨਿਕਲ ਕੇ ਪੌੜੀਆਂ ’ਚ ਬੈਠ ਗਈ। ਗਵਾਂਢੀ ਗੋਰੇ ਨੇ ਦੇਖ ਲਿਆ। ਉਸਨੇ ਪੁਲੀਸ ਨੂੰ ਫ਼ੋਨ ਕਰ ਦਿੱਤਾ। ਪੁਲੀਸ  ਸੀਰਤ ਨੂੰ ਹਸਪਤਾਲ ਲੈ ਗਈ।” 

ਸੀਰਤ ਨੇ ਸਾਰਾ ਬਿਆਨ ਗਲਤ ਦਿੱਤਾ। ਉਸਨੇ ਕਿਹਾ ਕਿ ਘਰ ਦੇ ਦਰਵਾਜ਼ੇ ਦੀਆਂ ਪੌੜੀਆਂ ’ਚ ਉਸਦਾ ਪੈਰ ਫਿਸਲ ਗਿਆ। ਤਾਂ ਜਾ ਕੇ ਖਹਿੜਾ ਛੁਟਿਆ। ਸੀਰਤ ਨੇ ਫਿਰ ਵੀ ਮੇਜਰ ਨੂੰ ਬਚਾ ਲਿਆ।

ਸੀਰਤ ਦੀ ਚਾਚੀ ਸੀਰਤ ਨੂੰ ਹੀ ਦੋਸ਼ੀ ਕਹੀ ਜਾਵੇ। ਅਖੇ ਇਹ ਬਦਚਲਨ ਹੈ। ਤਾਂ ਹੀ ਮਾਪਿਆਂ ਨੇ ਸਾਡੇ ਗਲ ਮਰਿਆ ਸੱਪ ਪਾ ਦਿੱਤਾ। ਇਕ ਦਿਨ ਤਾਂ ਹੱਦ ਹੀ ਹੋ ਗਈ। ਆਪਣੀਆਂ ਕੁਝ ਜਰੂਰੀ ਚੀਜ਼ਾਂ ਖਰੀਦਣ ਅਤੇ ਗਰੋਸਰੀ ਵਗੈਰਾ ਲੈਣ ਗਈ ਸੀਰਤ ਨੂੰ ਚਿਰ ਲੱਗ ਗਿਆ। ਉਸਨੇ ਬਥੇਰਾ ਕਿਹਾ ਬਈ ਮੈਂ ਵਾਲਮਾਰਟ ਵੀ ਜਾਣਾ ਸੀ ਆਪਣਾ ਸਮਾਨ ਲੈਣ ਪਰ ਮੇਜਰ ਨੇ ਉਸਦੀ ਇਕ ਨਾ ਸੁਣੀ। ਨਾਲੇ ਉਹਦੇ ਕੋਲ ਕਿਹੜਾ ਕਾਰ ਸੀ। ਬੱਸ ’ਚ ਹੀ ਧੱਕੇ ਖਾਂਦੀ ਰਹੀ ਵਿਚਾਰੀ। ਬੱਸਾਂ ’ਚ ਚਿਰ ਲੱਗ ਹੀ ਜਾਂਦਾ ਆ।

ਮੇਜਰ ਨੇ ਆਪਣੀ ਭੈਣ ਜਾਣੀਂ ਸੀਰਤ ਦੀ ਚਾਚੀ ਨੂੰ ਫੋਨ ਕਰ ਦਿੱਤਾ ਕਿ ਇਹ ਛੁੱਟੀ ਵਾਲਾ ਸਾਰਾ ਦਿਨ ਬਾਹਰ ਰਹਿੰਦੀ ਹੈ। ਪਤਾ ਨੀ ਕਿੱਥੇ ਜਾਂਦੀ ਆ। ਸਵੇਰ ਦੀ ਗਈ ਹੁਣ ਆਈ ਹੈ। ਲਿਆਉਣਾ ਕੀ ਸੀ ਆਹ ਦੁੱਧ ਦੀਆਂ ਦੋ ਕੈਨੀਆਂ।

ਚਾਚੀ ਨੇ ਘਰੇ ਆਉਂਦੇ ਸਾਰ ਸੀਰਤ ਦੇ ਦੋ ਚਪੇੜਾਂ ਜੜ ਦਿੱਤੀਆਂ। ਮੇਜਰ ਸੀਰਤ ਨੂੰ ਘੜੀਸ ਕੇ ਦਰਵਾਜ਼ੇ ਕੋਲ ਲੈ ਆਇਆ ਤੇ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ। ਸੀਰਤ ਨੇ ਗਵਾਂਢੀਆਂ ਦੇ ਘਰੋਂ ਮੈਨੂੰ ਫੋਨ ਕੀਤਾ ਤੇ ਮੈਂ ਸੀਰਤ ਨੂੰ ਆਪਣੇ ਘਰ ਲੈ ਆਈ। ਉਸ ਤੋਂ ਬਾਅਦ ਸੀਰਤ ਉਸ ਘਰ ਨਹੀਂ ਗਈ।”

 

ਪਰਮ ਦੇ ਹੰਝੂ ਹੁਣ ਆਪ ਮੁਹਾਰੇ ਵਹਿ ਰਹੇ ਸਨ। ਅੱਖਾਂ ਪੂੰਝਣ ਲਈ ਮੈਂ ਆਪਣੇ ਪਰਸ ਚੋਂ ਪੇਪਰ ਕੱਢ ਕੇ ਦਿੱਤਾ। ਪਰਮ ਕੁਝ ਕੁ ਮਿੰਟਾਂ ਲਈ ਰੁੱਕ ਗਈ। ਸਾਥੋਂ ਖਾਣਾ ਵੀ ਚੰਗੀ ਤਰ੍ਹਾਂ ਖਾਧਾ ਨਾ ਗਿਆ।

ਪਰਮ ਨੇ ਫਿਰ ਕਹਿਣਾ ਸ਼ੁਰੂ ਦਿੱਤਾ, “ਮੈਂ ਇਕੱਲੀ ਸੀ ਘਰ ਵਿੱਚ। ਦੋਨੋਂ ਕੁੜੀਆਂ ਅਮਰੀਕਾ ਪੜ੍ਹਦੀਆਂ ਸਨ। ਉਹਨਾਂ ਨਾਲ ਮੈਂ ਸੀਰਤ ਬਾਰੇ ਗਲ ਕੀਤੀ। ਦੋਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਮੰਮੀ ਤੁਸੀਂ ਸੀਰਤ ਨੂੰ ਕਿਤੇ ਨਾ ਜਾਣ ਦੇਵੋ। ਆਪਣੇ ਕੋਲ ਹੀ ਰੱਖੋ। ਸੀਰਤ ਸਾਡੀ ਭੈਣ ਹੈ। ਅਸੀਂ ਇਸਨੂੰ ਸਕੀ ਭੈਣ ਬਣਾ ਕੇ ਰੱਖਾਂਗੀਆਂ।

ਉਹਨਾਂ ਕੋਲੋਂ ਇਹ ਸ਼ਬਦ ਸੁਣ ਕੇ ਮੈਨੂੰ ਹੌਸਲਾ ਹੋ ਗਿਆ। ਮੈਂ ਹੋਰ ਵੀ ਤਕੜੀ ਹੋ ਗਈ। ਮੈਂ ਸੀਰਤ ਦੀ ਖੁਲ੍ਹ ਕੇ ਮੱਦਦ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਦੋਨੋਂ ਮਾਂ ਧੀ ਇਕੱਠੀਆਂ ਕੰਮ ਤੇ ਜਾਂਦੀਆਂ ਤੇ ਇਕੱਠੀਆਂ ਘਰ ਆ ਜਾਂਦੀਆਂ। ਸੀਰਤ ਦੀ ਸਿਹਤ ਵਿੱਚ ਵੀ ਫ਼ਰਕ ਪੈਣਾ ਸ਼ੁਰੂ ਹੋ ਗਿਆ। ਹੁਣ ਥੋੜਾ ਮੁਸਕਰਾਉਣ ਵੀ ਲਗ ਗਈ। ਥੋੜ੍ਹੇ ਹੀ ਦਿਨਾਂ ਵਿੱਚ ਉਹ ਮੇਰੇ ਨਾਲ ਘੁਲ ਮਿਲ ਗਈ। ਸੀਰਤ ਦੀ ਖੁਸ਼ੀ ਮੇਰੀ ਜ਼ਿੰਦਗੀ ਦਾ ਮਕਸਦ ਬਣ ਗਈ। ਇਹ ਹੱਸਦੀ ਤਾਂ ਮੈਂ ਖੁਸ਼ ਹੋ ਜਾਂਦੀ। ਉਸਨੇ ਮੈਂਨੂੰ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਦਿਲ ਵਿੱਚ ਇਹ ਠਾਣ ਲਿਆ ਸੀ ਕਿ ਕੁੜੀ ਮੈਨੂੰ ਮਾਂ ਆਖਦੀ ਹੈ, ਮੈਂ ਇਸਨੂੰ ਮਾਂ ਬਣਕੇ ਦਿਖਾਉਣਾ ਹੈ।

ਸਾਲ ਕੁ ਬਾਦ ਸੀਰਤ ਦਾ ਮੇਜਰ ਨਾਲ ਕਾਨੂੰਨੀ ਤੌਰ ਤੇ ਤਲਾਕ ਹੋ ਗਿਆ।

“ਤੇ ਸੀਰਤ ਦੇ ਮਾ-ਬਾਪ ਦਾ ਕੀ ਪ੍ਰਤੀਕਰਮ ਸੀ?” ਮੇਰੇ ਦਿਮਾਗ ਵਿੱਚ ਇਹ ਸਵਾਲ ਖੌਰੂ ਪਾ ਰਿਹਾ ਸੀ। ਸੋ ਮੈਂ ਪੁੱਛ ਹੀ ਲਿਆ।

ਪਰਮ ਕੁਝ ਮੁਸਕਰਾਈ ਤੇ ਆਖਣ ਲਗੀ, “ਪੰਜਾਬੀਆਂ ਨੂੰ ਅੱਜਕਲ੍ਹ ਧੀਆਂ ਨਾਲ ਕੀ? ਉਹਨਾਂ ਨੂੰ ਤਾਂ ਪੁੱਤਾਂ ਦੇ ਭਵਿੱਖ ਦੀ ਚਿੰਤਾ ਹੁੰਦੀ ਹੈ। ਉਹ ਤਾਂ ਇਕੋ ਹੀ ਗੱਲ ਕਹੀ ਜਾਣ ਕਿ ਸਾਡਾ ਅਪਲਾਈ ਕਰ ਦੇ। ਸਾਡੇ ਨਾਲ ਮੁੰਡਾ ਜਾਣੀਂ ਸੀਰਤ ਦਾ ਭਰਾ ਵੀ ਆ ਜਾਵੇਗਾ। ਉਹਨਾਂ ਦਾ ਬੋਝ ਲਹਿ ਜਾਵੇਗਾ। ਤੇ ਹਾਂ ਸੱਚ, ਸੀਰਤ ਦੀ ਚਾਚੀ ਦੀ ਤੇ ਸੀਰਤ ਦੇ ਮਾਂ ਪਿਉ ਦੀ ਅਣਬਣ ਹੋ ਗਈ। ਹੋਣੀ ਵੀ ਚਾਹੀਂਦੀ ਸੀ। ਮਾਪੇ ਭਾਵੇਂ ਜੇਹੋ ਜਿਹੇ ਮਰਜ਼ੀ ਹੋਣ ਪਰ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੇ ਧੀ ਪੁੱਤ ਨਾਲ ਕੋਈ ਅਜਿਹਾ ਸਲੂਕ ਕਰੇ। ਹੁਣ ਤਾਂ ਉਸਦੇ ਮਾਂ ਬਾਪ ਮੇਰਾ ਧੰਨਵਾਦ ਕਰਦੇ ਨਹੀਂ ਸੀ ਥੱਕਦੇ। ਆਖਣ ਤੂੰ ਸਾਡੀ ਕੁੜੀ ਦੀ ਜ਼ਿੰਦਗੀ ਬਚਾ ਲਈ।”

“ਚੱਲ ਸਮਝ ਆ ਗਈ ਭਾਵੇਂ ਦੇਰ ਨਾਲ ਆਈ,” ਮੈਂ ਕਿਹਾ।

ਸੀਰਤ ਨੇ ਖਾਣੇ ਵਾਲੀ ਪਲੇਟ ਪਰੇ ਕਰਦਿਆਂ ਫਿਰ ਕਹਿਣਾ ਸ਼ੁਰੂ ਕੀਤਾ, “ਅਪਲਾਈ ਕਰਨ ਲਈ ਇਨਕਮ ਦਾ ਹੋਣਾ ਜ਼ਰੂਰੀ ਸੀ। ਇਸ ਲਈ ਮੈਂ ਘਰ ਸੀਰਤ ਦੇ ਨਾਮ ਕਰਵਾ ਦਿੱਤਾ ਤੇ ਨਾਲ ਆਪਣੀ ਗਰੰਟੀ ਪਾ ਕੇ ਸੀਰਤ ਦੇ ਮਾਂ ਬਾਪ ਦਾ ਅਪਲਾਈ ਕਰਵਾ ਦਿੱਤਾ। ਦੋ ਸਾਲਾਂ ਵਿੱਚ ਉਹਨਾ ਦਾ ਕੰਮ ਬਣ ਗਿਆ। ਉਹਨਾਂ ਨੂੰ ਬੇਸਮਿੰਟ ਕਰਾਏ ਤੇ ਲੈ ਦਿੱਤੀ। ਸੀਰਤ ਹੁਣ ਉਹਨਾ ਨਾਲ ਰਹਿਣ ਲਗ ਪਈ। ਪਰ ਜਿਆਦਾ-ਤਰ ਉਹ ਮੇਰੇ ਕੋਲ ਹੀ ਹੁੰਦੀ। ਮੈਂ ਸੀਰਤ ਬਾਰੇ ਸੋਚਦੀ ਰਹਿੰਦੀ ਕਿ ਜੇ ਕੋਈ ਚੰਗਾ ਮੁੰਡਾ ਮਿਲ ਜਾਵੇ ਤਾਂ ਸੀਰਤ ਦਾ ਵਿਆਹ ਕਰ ਦੇਈਏ।”

ਬਹਿਰਾ ਬਿੱਲ ਲੈਕੇ ਆ ਗਿਆ। ਅਸੀਂ ਬਿੱਲ ਦੇਕੇ ਕਾਰ ’ਚ ਆ ਬੈਠੀਆਂ।

ਜਿਵੇਂ ਹੀ ਅਸੀਂ ਪਾਰਕਿੰਗ ਲਾਟ ਚੋਂ ਬਾਹਰ ਨਿਕਲੀਆਂ ਤਾਂ ਪਰਮ ਨੇ ਫਿਰ ਦੱਸਣਾ ਸ਼ੁਰੂ ਕੀਤਾ, “ਇਕ ਦਿਨ ਮੈਂ ਸੀਰਤ ਨੂੰ ਕੋਲ ਬਿਠਾ ਕੇ ਬੜੇ ਹੀ ਪਿਆਰ ਨਾਲ ਪੁੱਛਿਆ ਕਿ ਤੇਰਾ ਕੀ ਖਿਆਲ ਹੈ ਜੇਕਰ ਆਪਾਂ ਇੰਡੀਆ ਰਾਜਵਿੰਦਰ ਨਾਲ ਗੱਲ ਕਰੀਏ। ਮੈਂ ਏਧਰੋਂ ਓਧਰੋਂ ਪਤਾ ਕਰ ਲਿਆ ਸੀ ਕਿ ਰਾਜਵਿੰਦਰ ਨੇ ਅਜੇ ਵਿਆਹ ਨਹੀਂ ਕਰਵਾਇਆ। ਉਸਦੇ ਦਿਲ ਵਿੱਚ ਅਜੇ ਵੀ ਸੀਰਤ ਸਮਾਈ ਹੋਈ ਸੀ। ਸ਼ਾਇਦ ਉਹ ਸੀਰਤ ਦੀ ਉਡੀਕ ਹੀ ਕਰ ਰਿਹਾ ਸੀ।

ਸੀਰਤ ਦੇ ਮੁੱਖ ਤੇ ਖੇੜਾ ਆ ਗਿਆ। ਮੈਂ ਸਮਝ ਗਈ ਕਿ ਸੀਰਤ ਵੀ ਰਾਜਵਿੰਦਰ ਦੀ ਤਰ੍ਹਾਂ ਉਸਨੂੰ ਆਪਣੇ ਮਨ ਦਾ ਮੀਤ ਸਮਝਦੀ ਹੈ। ਸੋ  ਮੈਂ ਸੀਰਤ ਦੇ ਮਾਂ-ਬਾਪ ਨਾਲ ਗੱਲ ਕੀਤੀ। ਉਹ ਮੰਨ ਗਏ ਨਾਂਹ ਨਾਂਹ ਕਰਦਿਆਂ। ਏਹੀ ਆਖੀ ਜਾਣ ਕਿ ਮੁੰਡਾ ਮਿਸਤਰੀਆਂ ਦਾ ਹੈ ਹੋਰ ਤਾਂ ਕੋਈ ਮਾੜੀ ਗੱਲ ਨਹੀਂ ਹੈ। ਖੈਰ! ਅੰਤ ਮੰਨ ਗਏ। ਜੇ ਨਾ ਵੀ ਮੰਨਦੇ ਤਾਂ ਵੀ ਮੈਂ ਸੀਰਤ ਲਈ ਉਸਦੀ ਮਾਂ ਬਣਕੇ ਉਸਦੇ ਨਾਲ ਖੜ੍ਹ ਜਾਣਾ ਸੀ।

ਹੁਣ ਹੋਰ ਮੁਸ਼ਕਿਲ ਸੀ। ਸੀਰਤ ਦਾ ਪਹਿਲਾਂ ਹੀ ਦੋ ਵਾਰੀ ਤਲਾਕ ਹੋ ਚੁੱਕਿਆ ਸੀ। ਜੇਕਰ ਇੰਡੀਆ ਜਾ ਕੇ ਵਿਆਹ ਕਰਕੇ ਅਪਲਾਈ ਕਰਦੇ ਤਾਂ ਬਹੁਤ ਚਕਰ ’ਚ ਪੈ ਜਾਣਾ ਸੀ। ਇਸ ਲਈ ਰਾਜਵਿੰਦਰ ਨੂੰ ਵਰਕ ਪਰਮਿਟ ਤੇ ਏਥੇ ਬੁਲਾਇਆ ਤੇ ਆਉਣ ਸਾਰ ਉਸਦਾ ਸੀਰਤ ਨਾਲ ਬਹੁਤ ਸਾਦਾ ਜੇਹਾ ਵਿਆਹ ਕਰ ਦਿੱਤਾ। ਜੋ ਵੀ ਮੈਥੋਂ ਸਰਿਆ ਮੈਂ ਸੀਰਤ ਨੂੰ ਦਿੱਤਾ। ਜਿਹੜਾ ਘਰ ਮੈਂ ਸੀਰਤ ਦੇ ਨਾਮ ਕਰਵਾਇਆ ਸੀ, ਉਹ ਉਸ  ਕੋਲ ਹੀ ਰਹਿਣ ਦਿੱਤਾ ਤੇ ਆਪ ਮੈਂ ਛੋਟਾ ਜਿਹਾ ਅਪਾਰਟਮੇਂਟ ਲੈ ਲਿਆ। ਅਮਰੀਕਾ ਵਸਦੀਆਂ ਦੋਨੋਂ ਕੁੜੀਆਂ ਨੇ ਮੈਨੂੰ ਸਾਫ਼ ਸਾਫ਼ ਆਖ ਦਿੱਤਾ ਕਿ ਮੰਮੀ ਸਾਡੇ ਕੋਲ ਸਭ ਕੁਝ ਹੈ। ਤੁਸੀਂ ਸੀਰਤ ਦਾ ਖ਼ਿਆਲ ਰੱਖੋ। ਸਾਨੂੰ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਨਹੀਂ।

ਪਰਮ ਨੇ ਫਿਰ ਹੌਂਕਾ ਲਿਆ। ਕੁਝ ਰੁਕੀ ਤੇ ਫਿਰ ਬੋਲੀ,“ ਮੇਰੇ ਹਸਬੈਂਡ ਦੀ ਜਦੋਂ ਫੈਕਟਰੀ ਵਿੱਚ ਕੰਮ ਕਰਦਿਆਂ ਮੌਂਤ ਹੋਈ ਸੀ ਤਾਂ ਕੰਪਨੀ ਵਲੋਂ ਜੋ ਮਿਲਿਆ ਸੀ ਮੈਂ ਕਿਸੇ ਨਾ ਕਿਸੇ ਰੂਪ ਵਿੱਚ ਤਿੰਨਾਂ ਕੁੜੀਆਂ ਵਿੱਚ ਵੰਡ ਦਿੱਤਾ ਹੈ। ਆਪਣੀਆਂ ਤਿੰਨਾਂ ਕੁੜੀਆਂ ਪ੍ਰਤੀ ਸਾਰੀਆਂ ਜੁਮੇਵਾਰੀਆਂ ਨਿਭਾ ਕੇ ਤੇ ਹੁਣ ਸੁਰਖੁਰੂ ਹੋਈ ਮਹਿਸੂਸ ਕਰਦੀ ਹਾਂ। ਮੇਰਾ ਚਿੱਤ ਕੀਤਾ ਕੈਲਗਰੀ ਆਉਣ ਨੂੰ ਕਿ ਚਲੋ ਕੁਝ ਦਿਨ ਤੁਰ ਫਿਰ ਆਉਂਦੇ ਹਾਂ, ਛੁਟੀਆਂ ਮਨਾ ਆਉਂਦੇ ਹਾਂ।  ਸੀਰਤ ਤੇ ਰਾਜਵਿੰਦਰ ਵੀ ਮੇਰੇ ਨਾਲ ਤਿਆਰ ਹੋ ਗਏ।” 

ਏਨੇ ਨੂੰ ਪਰਮ ਦੇ ਰਿਸ਼ਤੇਦਾਰਾਂ ਦਾ ਘਰ ਆ ਗਿਆ। ਮੈਂ ਕਾਰ ਘਰ ਦੇ ਬਿਲਕੁਲ ਸਾਹਮਣੇ ਪਾਰਕ ਕਰ ਲਈ। ਸੀਰਤ ਤੇ ਰਾਜਵਿੰਦਰ ਘਰ ਦੇ ਲਾਅਨ ‘ਚ ਖੜੇ ਆਪਣੀ ਮਾਂ ਨੂੰ ਉਡੀਕ ਰਹੇ ਸਨ।
***
-ਸੁਰਿੰਦਰ ਗੀਤ
403-605-3734
***
681

About the author

surrender_geet
ਸੁਰਿੰਦਰ ਗੀਤ
+403-605-3734 | sgeetgill@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ