12 June 2024

ਹਨੇਰੇ ਤੇ ਚਾਣਨ ਦੇ ਰਿਸ਼ਤੇ ਬਾਰੇ ‘ਪਰਖ਼ਾ’ ਦੀਆਂ ਚੰਦ ਕਵਿਤਾਵਾਂ ਡਾ. ਸੁਖਪਾਲ ਸੰਘੇੜਾ ਓਰਫ ਪਰਖ਼ਾ

 

 

ਹਨੇਰੀ ਰਾਤ ਵਿੱਚ ਚਾਣਨੀ ਦੀਵਾਲੀ ਦੇ ਸ਼ੁੱਭ ਅਵਸਰ ‘ਤੇ ਵਿਸ਼ੇਸ਼

ਦੀਪਾਬਲੀ

ਸਦੀਆਂ ਸਦੀਆਂ ਤੋਂ ਤੂੰ ਬੰਦਿਆਂ
ਖਰਬਾਂ ਪੂਜਾ ਦੀਵੇ ਬਾਲੇ।
ਫ਼ਿਰ ਵੀ ਤੇਰਾ ਜੱਗ ਹਨੇਰਾ
ਨ੍ਹੇਰੇ ਤੇਰੇ ਰਸਤੇ ਸਾਰੇ।

ਗਿਆਨ ਵਿਗਿਆਨ ਦੀ ਜੋਤ ਇੱਕ ਵੇਰਾਂ
ਧੁਰ ਅੰਦਰੇ ਮਨ ਬਾਲ ਲਵੇਂ ਜੇ,
ਮਨ ਚਾਨਣ ਤਾਂ ਜੱਗ ਵੀ ਚਾਨਣ
ਹਰ ਰਾਹ ਚਾਨਣ ਠਾਠਾਂ ਮਾਰੇ।

ਇਸ ਚਾਨਣ ਦੇ ਖੰਭ ਲਗਾ ਕੇ
ਗੇੜੇ ਧਰਤ ਦੁਆਲੇ ਲਾਵੇਂ,
ਐਸੀ ਦੀਪਾਬਲੀ ਨੂੰ ‘ਪਰਖ਼ੇ’
ਮਾਨਵਤਾ ‘ਚੋਂ ਮਿਲਣ ਹੁੰਘਾਰੇ।
*

ਹਨੇਰਾ ਚਾਣਨ
ਹਰ ਚਾਨਣ ਚੰਗਾ ਨਹੀਂ ਹੁੰਦਾ
ਨਾ ਹਰ ਬੁਰਾ ਹਨੇਰਾ।
ਉਹੀਓ ਚੰਗਾ ਹੱਕ ਸੱਚ ਦੇ
ਹੱਕ ਵਿੱਚ ਭੁਗਤੇ ਜਿਹੜਾ।

ਬੰਦ ਕਰੋ ਇਹ ਟੈਂਅ ਟੈਂਅ ਸ਼ਾਇਰੀ
ਜੋ ਸਦੀਆਂ ਤੋਂ ਗਾਉਂਦੇ,
ਹਰ ਬੁਰਾਈ ਨ੍ਹੇਰਾ ਜੰਮਦਾ
ਚਾਣਨ ਸਦਾ ਚੰਗੇਰਾ।

ਭੱਠ ਪਵੇ ਚਾਣਨ ਜੋ ਭਾਗੋ
ਦੇ ਮਹਿਲ ਰੁਸ਼ਨਾਏ,
ਪ੍ਰੇਮੀਆਂ ਤਾਈਂ ਮਿਲਾਵੇ ਨ੍ਹੇਰਾ
ਉਸ ਤੋਂ ਚੰਗਾ ਕਿਹੜਾ।

ਹਰ ਕਿਸਮ ਦੇ ਨ੍ਹੇਰੇ ਕੋਲੋਂ
ਇੱਕੋ ਜਿਹਾ ਨਹੀਂ ਖ਼ਤਰਾ,
ਸੱਭ ਤੋਂ ਖ਼ਤਰਨਾਕ ਹੈ ਹੁੰਦਾ
ਬੰਦ ਅੱਖਾਂ ਦਾ ਨ੍ਹੇਰਾ।

ਇਸ ਨ੍ਹੇਰੇ ‘ਚੇ ਡੁੱਬ ਕੇ ਬ੍ਰਹਿਮੰਡ
ਬੰਦੇ ਦਾ ਮਰ ਜਾਂਦਾ,
ਜਿਸ ਦੀ ਲਾਸ਼ ਉਠਾਈ ਜਿੰਦਗੀ
ਗਾਹਵੇ ਪੰਧ ਲੰਮੇਰਾ।

ਬੰਦ ਅੱਖਾਂ ਦਾ ਨ੍ਹੇਰਾ ਬੰਦਾ
ਹਿੜ੍ਹ ਹਿੜ੍ਹ ਕਰ ਜਰ ਜਾਂਦਾ,
ਸਾਰਿਆਂ ਜੇਰਿਆਂ ਵਿੱਚੋਂ ਵੱਧ ਕੇ
ਖ਼ਤਰਨਾਕ ਇਹ ਜੇਰਾ।

ਗਿਆਨ ਕਦੀ ਵੀ ਕਿਧਰੇ ਨਾਹੀਂ
‘ਠਾਹ ਸੋਟਾ’ ਹੈ ਹੁੰਦਾ,
ਉਹੀ ਪਾਵੇ, ਹਰ ਭਾਣੇ ਦੀ
ਚੀਰ-ਫ਼ਾੜ ਕਰੇ ਜਿਹੜਾ।

ਨ੍ਹੇਰੇ ਦੀ ਅੱਖ ਸੱਭ ਕੁਛ ਵੇਖੇ
ਜੋ ਚਾਨਣ ਵਿੱਚ ਹੁੰਦਾ,
ਚਾਨਣ ਦੀ ਅੱਖ ਹੋ ਜਏ ਅੰਨ੍ਹੀ
ਛਾਣਨ ਲੱਗੀ ਨ੍ਹੇਰਾ।

ਐ ਦੁਨੀਆ ਦੇ ਸ਼ਾਇਰੋ ਗਾਇਕੋ
ਏਸ ਸੱਚ ਦੀ ਲੋਏ,
ਦੱਸੋ ਕਿਹੜਾ ਵੱਧ ਗਿਆਨੀ
ਚਾਨਣ ਜਾਂ ਅੰਧੇਰਾ।

ਸ਼ੁੱਧ ਚੰਗੇ ਤੇ ਸ਼ੁੱਧ ਬੁਰੇ ਦਾ
ਕੂੜ੍ਹਾ ਸੱਭ ਫ਼ਲਸਫ਼ਾ,
ਅਸ਼ੁੱਧੀ ਕੁੱਖੋਂ ਬ੍ਰਹਿਮੰਡ ਜੰਮਿਆ
ਜ਼ਿੰਦਗੀ ਪੰਧ ਲੰਬੇਰਾ।
*

ਹਨੇਰਾ ਕਿਸ ਬਲਾਅ ਦਾ ਨਾਮ
ਦੁਨੀਆਂ ਦੀ ਹਰ ਇੱਕ ਬੁਰਾਈ
ਨੂੰ ਜਿਹਦੇ ਸਿਰ ਲਾਈਏ,
ਨ੍ਹੇਰਾ ਕਿਸ ਬਲਾਅ ਦਾ ਨਾ ਹੈ
ਕਿੱਥੋਂ ਲੱਭ ਲਿਆਈਏ।

ਚਾਣਨ ਹੈ ਜਾਂ ਚਾਣਨ ਨਹੀਂ ਹੈ
ਇਹ ਸੱਭ ਚਾਣਨ ਬਾਰੇ,
ਚਾਣਨ ਚੰਗਾ ਚਾਣਨ ਭੈੜਾ
ਚਾਣਨ ਚਾਣਨ ਗਾਈਏ।

ਨ੍ਹੇਰਾ ਆਪਣੇ ਆਪ ਦੇ ਵਿੱਚੇ
ਕੋਈ ਸ਼ੈਅ ਨਹੀਂ ਹੁੰਦਾ,
ਗ਼ੈਰ-ਹਾਜ਼ਰੀ ਚਾਣਨ ਦੀ ਨੂੰ
ਨ੍ਹੇਰਾ ਆਖ ਬੁਲਾਈਏ।

ਚੱਲ ਵਸੇ ਦੀ ਕਬਰ ਜਿਓਂ ਉਸ ਦੀ
ਗ਼ੈਰ-ਹਾਜ਼ਰੀ ਹੁੰਦੀ,
ਦਿਨ-ਸੁਦ ‘ਤੇ ਇਹ ਗ਼ੈਰ-ਹਾਜ਼ਰੀ
ਦੀਪ ਬਾਲ ਰੁਸ਼ਨਾਈਏ।

ਨਿੱਤ ਚਾਣਨ ਦੀ ਗ਼ੈਰ-ਹਾਜ਼ਰੀ
ਨ੍ਹੇਰੇ ਨੂੰ ਕਿਓ ਕੁੱਟੀਏ,
ਕਿਓਂ ਨਾ ਇਹ ਵੀ ਗ਼ੈਰ-ਹਾਜ਼ਰੀ
ਚਾਣਨ ਸੰਗ ਨਹਿਲਾਈਏ?

ਕੋਈ ਬੱਚਾ ਜੇ ਕਿਸੇ ਸਕੂਲੋਂ
ਗ਼ੈਰ-ਹਾਜਰ ਹੋ ਜਾਵੇ,
ਉਸ ਦਾ ਦੋਸ਼ ਬੱਚੇ ‘ਤੇ ਜਾਂ
ਮਾਪਿਆਂ ਦੇ ਸਿਰ ਲਾਈਏ।

ਚਾਣਨ ਦੀ ਇੰਝ ਗ਼ੈਰ-ਹਾਜ਼ਰੀ
ਨ੍ਹੇਰੇ ਸਿਰ ਨਹੀਂ ਆਂਉਂਦੀ,
ਇਹ ਦੋਸ਼ ਹੈ ਚਾਣਨ ਦਾ ਜਾਂ
ਚਾਣਨਿਆਂ ਸਿਰ ਲਾਈਏ।

ਇਹ ਸਿੱਧੀ ਜਹੀ ਗੱਲ ਵੀ ਸਾਡੀ
ਸਮਝ ਮੇਚ ਨਾ ਆਉਂਦੀ,
ਕਿਉਂਕਿ ਪੁੱਠੇ ਚੱਲਣ ਸੋਚਣ
ਦਾ ਸਰਾਪ ਹੰਢਾਈਏ।

ਸਰਾਪ ਸਿਰਾਂ ‘ਤੇ ਕੇਰ ਰਹੀਆਂ ਨੇ
ਉਹ ਪਿਤਰਾਂ ਦੀਆਂ ਲਾਸ਼ਾਂ,
ਅੰਤਮ ਕਿਰਿਆ ਭੇਂਟ ਕਰਨ ਥਾਂ
ਮੌਰੀਂ ਚੁੱਕ ਘੁੰਮਾਈਏ।

ਰੌਸ਼ਨੀ ਦੀ ਗ਼ੈਰ-ਹਾਜ਼ਰੀ
ਹਨੇਰੇ ‘ਤੇ ਖਫ਼ਾ ਮੱਤ ਹੋਈਏ, ਦੋਸਤੋ
ਹਨੇਰਾ ਕੁੱਝ ਨਹੀਂ ਹੁੰਦਾ,
ਸਿਰਫ਼ ਰੋਸ਼ਨੀ ਹੀ ਹੁੰਦੀ ਹੈ
ਰੌਸ਼ਨੀ ਹੀ ਨਾ-ਹੁੰਦੀ ਹੈ।
*

ਰੌਸ਼ਨੀ ਦੀ ਨਾ-ਹੋਣੀ ਨੂੰ
ਹਨੇਰਾ ਕਹਿ ਕਹਿ ਮੱਤ ਭੰਡੀਏ,
ਰੌਸ਼ਨੀ ਦੀ ਨਾ-ਹੋਣੀ ਵਿੱਚ
ਰੌਸ਼ਨੀ ਦੀ ਹੋਣੀ ਭਰੀਏ।

ਰੌਸ਼ਨੀ ਦੀ ਹੋਣੀ ਤੇ ਨਾ-ਹੋਣੀ
‘ਤੇ ਹੀ ਧਿਆਨ ਧਰੀਏ,
ਕਿਉਂਕਿ
ਹਨੇਰਾ ਕੁੱਝ ਨਹੀਂ ਹੁੰਦਾ,
ਸਿਰਫ਼ ਰੋਸ਼ਨੀ ਹੁੰਦੀ ਹੈ
ਜਾਂ ਨਾ ਹੁੰਦੀ ਹੈ।

ਹਨੇਰਾ ਰੌਸ਼ਨੀ ਦੀ ਗ਼ੈਰ-ਹਾਜ਼ਰੀ
ਤੋਂ ਵੱਧ ਕੁੱਝ ਨਹੀਂ ਹੁੰਦਾ,
ਆਓ, ਗ਼ੈਰ-ਹਾਜ਼ਰੀ ਨੂੰ
ਹਾਜ਼ਰੀ ਸੰਗ ਭਰੀਏ,
ਤੇ ਹਨੇਰੇ ਵਿਰੁੱਧ ਬੁੜਬੁੜ ਬੰਦ ਕਰੀਏ

ਕਿਉਂਕਿ
ਹਨੇਰਾ ਕੁੱਝ ਨਹੀਂ ਹੁੰਦਾ!
*

ਬੰਦਾ ਤੇ ਹਨੇਰਾ
ਬੰਦਾ ਵਾਦੀ ਵਿੱਚੋਂ ਉੱਠ ਕੇ ਹੌਂਕਦਾ ਹੌਂਕਦਾ
ਦੁਪਹਿਰ ਦੀ ਚੋਟੀ ‘ਤੇ ਚੜ੍ਹ ਆਉਂਦਾ ਹੈ,
ਬਾਅਦ-ਦੁਪਹਿਰ ਦੀ ਢਲਾਣ ‘ਤੇ ਰਿੜਦਾ ਰਿੜਦਾ
ਸ਼ਾਮ ਦੇ ਪੈਰਾਂ ‘ਚੇ ਆ ਸੀਸ ਟਿਕਾਉਂਦਾ ਹੈ।

ਸ਼ਾਮ ਪਿਆਲਾ ਛਲਕਾਉਂਦੀ ਅਸਮਾਨੋਂ ਉੱਤਰਦੇ
ਹਨੇਰੇ ਨੂੰ ਇੰਝ ਪਤਾਉਂਦੀ ਹੈ ਕਿ
ਡੁੱਬ ਰਹੇ ਸੂਰਜ ਦੇ ਚਾਣਨ ਦੀ ਸ਼ਰਾਬ
ਹਨੇਰਾ ਗਟ ਗਟ ਪੀ ਜਾਂਦਾ ਹੈ ਤੇ
ਰਾਤ ਬਣ ਕਾਇਆਨਾਤ ਉੱਪਰ ਛਾ ਜਾਣ ਲਈ
ਖ਼ਰੂਦ ਮਚਾਉਂਦਾ ਹੈ।

ਦਿਨ ਦਾ ਭੰਨਿਆਂ ਬੰਦਾ, ਬਿਸਤਰ ਨਾਮ ਦੇ
ਰਾਤ ਦੇ ਕਿਸੇ ਟੋਏ ਟਿੱਬੇ ਵਿੱਚ ਜਾ ਢਹਿੰਦਾ ਹੈ,
ਬੰਦੇ ਦੇ ਹਿੱਸੇ ਤਾਂ ਨਸ਼ਾ ਨਹੀਂ
ਸ਼ਰਾਬੀ ਹੋ ਕੇ
ਖ਼ਰੂਦ ਮਚਾਉਣ ਦਾ ਇਲਜ਼ਾਮ ਹੀ ਆਉਂਦਾ ਹੈ
ਅਗਲੀ ਸਵੇਰ ਨੂੰ
ਜਦੋਂ ਇਹ ਜਿੰਦ-ਚੱਕਰ ਫਿਰ ਸ਼ੁਰੂ ਹੋਂਦਾ ਹੈ।
*

ਹਨੇਰ ਚਾਣਨ ਦਾ ਰਿਸ਼ਤਾ
ਬਹ੍ਰਿਮੰਡ ਤੋਂ ਪਹਿਲਾਂ ਨਾ ਚੀਜ਼ਾਂ
ਨਾ ਚੀਜ਼ਾਂ ਦਾ ਸਾਇਆ ਸੀ।
ਨਾ ਪੁਲਾੜ ਨਾ ਸਮਾਂ, ਨਾ ਭਾਣੇ
ਸੱਭ ਦੀ ਗ਼ੈਰ-ਹਾਜ਼ਰੀ ਦਾ
ਆਲਮ ਛਾਇਆ ਸੀ।

ਇਸ ਆਲਮ ਦੇ ਹਨੇਰੇ ਦੀ
ਸੂਈ ਦੇ ਨੱਕੇ ਤੋਂ ਨਿਕੀ ਕੁੱਖ ਵਿੱਚ
ਵਿਰੋਧੀ ਦਿਸ਼ਾਵਾਂ ਵਿੱਚ ਭਿੜਦੀਆਂ ਤਾਕਤਾਂ
ਤੋਂ ਵਗਦਾ ਊਰਜ਼ਾਵਾਂ ਦਾ ਸਮੁੰਦਰ
ਸੰਤੁਲਨ ‘ਚੇ ਸਮਾਇਆ ਸੀ।

ਕੁਦਰਤ ਦੇ ਕਿਸੇ ਨਿਯਮ ਨੇ ਹਨੇਰੇ ਦੀ
ਕੁੱਖ ਸਾਹਵੇਂ ਜਾ ਸੋਟਾ ਖ਼ੜਕਾਇਆ,
ਇੰਝ ਕੁੱਖ ਵਿੱਚਲੇ ਊਰਜ਼ਾਵਾਂ ਦੇ ਸਮੁੰਦਰ ਦੀ
ਲੱਗੀ ਸਮਾਧੀ ਨੂੰ ਮਹਾਂ-ਧਮਾਕਾ ਵਿੱਚ ਵਟਾਇਆਂ,
ਧਮਾਕੇ ਵਿੱਚੋਂ ਪੁਲਾੜ ਤੇ ਸਮਾਂ ਨੇਨੋ-ਮੀਟਰਾਂ ਤੇ ਨੇਨੋ-ਸੈਂਕੰਡਾਂ ਤੋਂ
ਮੀਟਰ-ਸੈਂਕੰਡ ਤੇ ਮੀਲਾਂ-ਸਾਲ ਬਣਦੇ ਹੋਏ ਭੱਜ ਨਿੱਕਲੇ,
ਇੰਝ ਗ਼ੈਰ-ਹਾਜ਼ਰੀਆ ਦੇ ਹਨੇਰੇ ਦੀ ਕੁੱਖੋਂ
ਉਰਜ਼ਾ ਭਰੀ ਚਾਨਣੀ ਵਿੱਚੋਂ
ਸਦਾ-ਫੈਲਰਦੇ ਬਹ੍ਰਿਮੰਡ ਨੇ ਜਨਮ ਪਾਇਆ ਸੀ।

ਇੰਝ ਹਨੇਰੇ ਤੇ ਚਾਣਨ ਦਾ ਰਿਸ਼ਤਾ
ਇਤਨਾ ਕਾਲਾ ਤੇ ਚਿੱਟਾ ਨਹੀਂ ਹੁੰਦਾ,
ਹਨੇਰੇ ਵਿੱਚ ਚਾਣਨ ਦਾ ਬੀਜ ਹੋ ਸਕਦਾ
ਚਾਣਨ ਵਿੱਚ ਵੀ ਹਨੇਰਾ ਹੁੰਦਾ ਹੈ।
ਜਿਵੇਂ ਹਾਜ਼ਰੀ ਤੇ ਗ਼ੈਰ-ਹਾਜ਼ਰੀ ਦਾ
ਇੱਕ ਦੂਜੇ ਬਿਨ ਕੋਈ ਅਰਥ ਨਹੀਂ ਹੁੰਦਾ,
ਹਾਜ਼ਰੀ ਦੀ ਲੋੜ ਦੀਆ ਜੜ੍ਹਾਂ ਗ਼ੈਰ-ਹਾਜ਼ਰੀ ਵਿੱਚ
ਤੇ ਗ਼ੈਰ-ਹਾਜ਼ਰੀ ਦੀਆਂ ਹਾਜ਼ਰੀ ਵਿੱਚ ਹੁੰਦੀਆਂ ਨੇ,
‘ਠਾਹ ਸੋਟਾ’ ਕੁਝ ਵੀ ਨਹੀਂ ਹੁੰਦਾ ‘ਪਰਖ਼ਿਆ’
ਗੰਢੇ ਦੀਆ ਛਿੱਲਾਂ ਵਾਂਗ
ਸਚਾਈ ਦੀਆ ਕਈ ਪਰਤਾਂ ਹੁੰਦੀਆਂ ਨੇ

ਜਿਵੇਂ ਹਨੇਰੇ ਦੀ ਕੁੱਖ ਵਿੱਚ
ਉਰਜ਼ਾ ਦਾ ਚਾਣਨ ਸੀ,
ਤੇ ਇਹ ਬਹ੍ਰਿਮੰਡ ਹਨੇਰ ਮਾਤਾ ਦੀ
ਚਾਣਨੀ ਕੁੱਖ ਤੋਂ ਜਾਇਆ ਸੀ।
***
Email: dr.sukhpal.sanghera@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1223
***

About the author

ਡਾ. ਸੁਖਪਾਲ ਸੰਘੇੜਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸੁਖਪਾਲ ਸੰਘੇੜਾ

View all posts by ਡਾ. ਸੁਖਪਾਲ ਸੰਘੇੜਾ →