23 May 2024

ਇੱਟਾਂ ਪੱਥਦਾ ਸ਼ਬਦਾਂ ਦਾ ਪਥੇਰਾ ਬਣਿਆ ਗੁਰਦਾਸ ਰਾਮ ਆਲਮ—ਪ੍ਰਿੰ. ਮਲੂਕ ਚੰਦ ਕਲੇਰ

ਮਾਹੀ ਮੇਰਾ ਕਾਲੇ ਰੰਗ ਦਾ
ਵਿਹੜੇ ਵੜਦਾ ਤੇ ਚੰਦ ਚੜ੍ਹ ਜਾਂਦਾ,
ਜਗ ਦੀ ਭਲਾਈ ਵਾਸਤੇ
ਬੇਹੀਆਂ ਰੋਟੀਆਂ ਮਿਰਚ ਨਾਲ ਖਾਂਦਾ। (ਆਲਮ)

ਵਿਸ਼ਵ ਭਰ ਦੇ ਕਿਰਤੀਆਂ ਦੀ ਗੱਲ ਕਰਨ ਵਾਲੇ ਦਾਗਿਸਤਾਨ ਤੋਂ ਲੋਕ ਕਵੀ ਰਸੂਲ ਹਮਜ਼ਾਤੋਵ, ਪਾਕਿਸਤਾਨ ਤੋਂ ਉਸਤਾਦ ਦਾਮਨ ਤੇ ਭਾਰਤ ਤੋਂ ਲੋਕ ਕਵੀ ਗੁਰਦਾਸ ਰਾਮ ਆਲਮ ਹਨ। ਆਲਮ ਤੇ ਦਾਮਨ, ਅਣਵੰਡੇ ਪੰਜਾਬ ਵੇਲੇ ਸਟੇਜਾਂ ਸਾਂਝੀਆਂ ਵੀ ਕਰਦੇ ਰਹੇ ਹਨ। ਇਨ੍ਹਾਂ ਤਿੰਨ ਲੋਕ ਕਵੀਆਂ ਨੇ ਪਹਿਲੀ ਵਾਰ ਕਵਿਤਾ ਦੇ ਮਾਪਦੰਡ ਨਵੇਂ ਨਕੋਰ ਦਿੱਤੇ। ਨਾਲ ਦੀ ਨਾਲ ਰਵਾਇਤੀ ਅਤੇ ਸਦੀਆਂ ਤੋਂ ਪ੍ਰਚੱਲਤ ਘੜੱਮ ਚੌਧਰੀਆਂ ਤੋਂ ਖਹਿੜਾ ਛੁਡਾ ਕੇ ਆਮ ਲੋਕਾਂ ’ਚੋਂ ਪਥੇਰੇ, ਲਲਾਰੀ, ਕਾਮੇ-ਕਿਸਾਨ, ਮਜ਼ਦੂਰ ਅਤੇ ਚੌਕੀਦਾਰ ਆਦਿ ਨੂੰ ਸਮਾਜ ਦੇ ਨਾਇਕ ਬਣਾਇਆ।

ਮੇਰੀ ਕਵਿਤਾ ਸਾਥਣ,
ਮੇਰੀ ਜ਼ਿੰਦਗੀ ਦੀ,
ਹੈ ਅਲਹਾਮ ਤੇ ਭਾਵੇਂ ਜਨੂੰਨ ਮੇਰਾ।
………………
ਪੇਂਡੂ ਬੋਲੀ ਮੁਹਾਵਰੇ ਮੰਜਕੀ ਦੇ
ਹਰ ਜਗ੍ਹਾ ਪਛਾਣਿਆ ਜਾਂਦਾ ਹਾਂ ਮੈਂ

ਪੰਜਾਬੀ ਕਵਿਤਾ ਵਿਚ ਆਪਣੀ ਪਛਾਣ ਬਣਾਉਣ ਵਾਲੇ ਲੋਕ ਕਵੀ ਗੁਰਦਾਸ ਰਾਮ ਆਲਮ ਦਾ ਜਨਮ ਪਿੰਡ ਬੁੰਡਾਲਾ ਮੰਜਕੀ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਮਾਤਾ ਜਿਊਣੀ ਤੇ ਪਿਤਾ ਉਮਰਾ ਰਾਮ ਦੇ ਘਰ ਕਿਰਤੀ ਪਰਿਵਾਰ ਵਿਚ ਹੋਇਆ।

ਆਲਮ ਦੀ ਸਕੂਲੀ ਵਿੱਦਿਆ ਨਾ-ਮਾਤਰ ਹੀ ਹੈ ਪਰ ਆਪਣੇ ਨਿੱਜੀ ਯਤਨਾਂ ਸਦਕੇ ਹੀ ਪੰਜਾਬੀ ਪੜ੍ਹ ਲਿਖ ਸਕਦੇ ਸਨ। ਪਿੰਡ ਬੰਡਾਲਾ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਹੋਣ ਕਾਰਨ ਆਲਮ ਨੂੰ ਵੀ ਸਿਆਸੀ ਸੂਝ-ਬੂਝ ਆਉਣੀ ਸੁਭਾਵਿਕ ਹੀ ਸੀ। ਆਲਮ ਦਾ ਪਰਿਵਾਰ ਭੱਠਿਆਂ ਉੱਪਰ ਇੱਟਾਂ ਪੱਥਣ ਦਾ ਕੰਮ ਕਰਦਾ ਸੀ। ਉਹ ਵੀ ਮਾਤਾ-ਪਿਤਾ ਨਾਲ ਕੰਮ ਵਿਚ ਹੱਥ ਵਟਾਉਣ ਲੱਗ ਪਿਆ। ਘਰਾਂ ਵਿਚ ਰੰਗ ਰੋਗਨ ਵੀ ਕਰਦੇ ਸਨ। ਉਸ ਦਾ ਵਿਆਹ ਵੀਰਾ ਬਾਈ ਨਾਲ ਹੋਇਆ।

ਉਨ੍ਹਾਂ ਦੇ ਘਰ ਚਾਰ ਲੜਕੇ ਸਾਹਿਤ, ਸੰਗੀਤ, ਅੰਦੋਲਨ ਤੇ ਲੋਕ ਰਾਜ ਪੈਦਾ ਹੋਏ ਪਰ ਕੁਲਹਿਣੀ ਮੌਤ ਨੇ ਚਾਰੇ ਦੇ ਚਾਰੇ ਅੱਗੜ-ਪਿੱਛੜ ਬਚਪਨ ਵਿਚ ਹੀ ਦਬੋਚ ਲਏ। ਗੁਰਦਾਸ ਰਾਮ ਆਲਮ ਤੇ ਵੀਰਾ ਬਾਈ ਦੇ ਵਿਹੜੇ ਦੀਆਂ ਖ਼ੁਸ਼ੀਆਂ, ਗ਼ਮੀਆਂ ਵਿਚ ਬਦਲਦੀਆਂ ਰਹੀਆਂ। ਤਿੰਨ ਲੜਕੀਆਂ ਕਮਲੇੇਸ਼, ਧੀਰਜ ਤੇ ਸੁਦੇਸ਼ ਵੀ ਪੈਦਾ ਹੋਈਆਂ। ਜੋ ਆਪੋ ਆਪਣੇ ਘਰੀਂ ਵਸਦੀਆਂ ਰਸਦੀਆਂ ਹਨ। ਇਕ ਧੀ ਸੁਦੇਸ਼ ਕਲਿਆਣ, ਦੂਰਦਰਸ਼ਨ ਕੇਂਦਰ ਜਲੰਧਰ ਤੋਂ ਸੇਵਾ ਮੁਕਤ ਹੋ ਕੇ ਜਲੰਧਰ ਸ਼ਹਿਰ ਵਿਚ ਰਹਿ ਰਹੀ ਹੈ। ਸੁਦੇਸ਼ ‘ਮੇਰਾ ਪਿੰਡ ਮੇਰੇ ਖੇਤ’ ਪ੍ਰੋਗਰਾਮ ਦੇ ਨਿਰਮਾਤਾ ਦੇ ਮਾਣ ਵਾਲੇ ਅਹੁਦੇ ਉੱਪਰ ਨਿਯੁਕਤ ਸੀ। ਗੁਰਦਾਸ ਰਾਮ ਆਲਮ ਇੱਟਾਂ ਪੱਥਦਾ-ਪੱਥਦਾ ਸ਼ਬਦਾਂ ਦਾ ਪਥੇਰਾ ਬਣ ਗਿਆ। ‘ਜੇ ਮੈਂ ਮਰ ਗਿਆ’, ‘ਅੱਲੇ ਫੱਟ’, ‘ਉੱਡਦੀਆਂ ਧੂੜਾਂ’ ਅਤੇ ‘ਆਪਣਾ ਆਪ’ ਆਲਮ ਦੇ ਚਾਰ ਕਾਵਿ ਸੰਗ੍ਰਹਿ ਹਨ।

ਮਾਨਵਵਾਦੀ ਰਚਨਾ ਮੰਚ (ਰਜਿ.) ਪੰਜਾਬ ਵਲੋਂ ਇਨ੍ਹਾਂ ਕਾਵਿ ਸੰਗ੍ਰਹਿਆਂ ਨੂੰ ਸਾਲ 1994 ਵਿਚ ‘ਆਲਮ ਕਾਵਿ’ ਦੇ ਨਾਂ ’ਤੇ ਪ੍ਰਕਾਸ਼ਿਤ ਕਰਵਾਇਆ ਹੈ। ‘ਮੇਰਾ ਜੀਵਨ ਪੰਧ’ (ਸਵੈ-ਜੀਵਨੀ) ਵੀ ਹੈ , ਜਿਸ ਨੂੰ ਲੋਕ ਗੀਤ ਪ੍ਰਕਾਸ਼ਨ ਨੇ ਪੁਸਤਕ ਰੂਪ ਦਿੱਤਾ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਆਲਮ ਬਾਰੇ ਮੁੱਖ ਬੰਧ ਵਿਚ ਲਿਖਿਆ ਹੈ :

“ਕਵਿਤਾ ਦੇ ਮਜ਼ਮੂਨ ਕਵੀ ਨੇ ਆਪਣੇ ਆਲੇ-ਦੁਆਲੇ ਵਿੱਚੋਂ ਚੁਣੇ ਹਨ। ਇਸ ਲਈ ਕਾਲ, ਭੂਚਾਲ, ਆਜ਼ਾਦੀ ਦਾ ਆਉਣਾ ਤੇ ਦੇਸ਼ ਵਿਚ ਪੱਛੜੀਆਂ ਸ਼੍ਰੇਣੀਆਂ ਉਸ ਦੇ ਵਿਸ਼ੇ ਹਨ।’’

ਸਾਲ 1940 ਵਿਚ ਕੋਇਟੇ (ਪਾਕਿਸਤਾਨ) ਵਿਚ ਭੂਚਾਲ ਆ ਗਿਆ। ਸਾਰਾ ਸ਼ਹਿਰ ਢਹਿ-ਢੇਰੀ ਹੋ ਗਿਆ। ਨਵੀਂ ਉਸਾਰੀ ਵਾਸਤੇ ਮਜ਼ਦੂਰਾਂ ਦੀ ਮੰਗ, ਆਏ ਦਿਨ ਵਧਣ ਲੱਗੀ। ਆਲਮ ਵੀ ਕੋਇਟੇ ਚਲੇ ਗਿਆ। ਉੱਥੇ ਕੁਝ ਲੇਖਕਾਂ ਨੇ ਸਾਹਿਤ ਸਭਾ ਦਾ ਗਠਨ ਕਰ ਲਿਆ। ਕੋਇਟੇ ਜਾ ਕੇ ਆਲਮ ਦੀ ਕਵਿਤਾ ਪ੍ਰਫੁੱਲਤ ਹੋਈ। ਪ੍ਰਿੰਸੀਪਲ ਸੁਜਾਨ ਸਿੰਘ ਨੇ ਵੀ ਰੋਟੀ ਦਾ ਮਸਲਾ ਹੱਲ ਕਰਨ ਲਈ ਖ਼ਾਲਸਾ ਹਾਈ ਸਕੂਲ ਕੋਇਟੇ ਨੌਕਰੀ ਕਰਨੀ ਮਨਜ਼ੂਰ ਕਰ ਲਈ। ਇਕ ਦਿਨ ਸਾਹਿਤ ਸਭਾ ਵਿਚ ਹੀ ਪ੍ਰਿੰ. ਸੁਜਾਨ ਸਿੰਘ ਦਾ ਮੇਲ ਆਲਮ ਨਾਲ ਹੋਇਆ।
ਫੇਰ ‘ਜੇ ਮੈਂ ਮਰ ਗਿਆ’ ਕਾਵਿ ਸੰਗ੍ਰਹਿ ਦਾ ਮੁੱਖ-ਬੰਧ ਪ੍ਰਿੰਸੀਪਲ ਸੁਜਾਨ ਸਿੰਘ ਨੇ ਲਿਖਿਆ। ਮੁੱਖ-ਬੰਧ ਵਿਚ ਪ੍ਰਿੰਸੀਪਲ ਸੁਜਾਨ ਸਿੰਘ ਜ਼ਿਕਰ ਕਰਦੇ ਹਨ “ਗੁਰਦਾਸ ਰਾਮ ਮੇਰਾ ਮਿੱਤਰ ਹੈ। ਉਸ ਦੀ ਸਭ ਤੋਂ ਵੱਡੀ ਵਡਿਆਈ ਜੋ ਅੱਜ ਮੇਰੀਆਂ ਨਜ਼ਰਾਂ ਵਿਚ ਹੈ ਉਹ ਇਹ ਹੈ ਕਿ ‘ਆਲਮ’ ਪੇਂਡੂ ਤੇ ਮਜ਼ਦੂਰ ਕਵੀ ਹੈ, ਇਸ ਦੀ ਗੱਲ ਨੂੰ ਮਜ਼ਦੂਰ, ਖੇਤ-ਕਾਮੇ ਤੇ ਕਿਸਾਨ ਸੱਚ ਸਮਝਦੇ ਹਨ। ਆਲਮ ਨੂੰ ਅਸੀਂ ‘ਕਵੀ ਦਰਬਾਰੀ’ ਕਿਹਾ ਕਰਦੇ ਸਾਂ। ਜਿਉਂਦੇ ਬ੍ਰਿਛ ਵਾਂਗ ਆਲਮ ਦੀ ਕਵਿਤਾ ਵੱਧ ਰਹੀ ਹੈ…।’’

‘ਅਸਲ ਵਿੱਦਿਆ’ (ਵਰਸੋਈਆਂ ਰੂਹਾਂ ਦੀ ਸੁਹਾਣੀਆਂ ਯਾਦਾਂ) ਵਿਚ ਪੰਜਾਬੀ ਦੇ ਉੱਘੇ ਕਵੀ ਤੇ ਦਾਰਸ਼ਨਿਕ ਡਾ. ਜਸਵੰਤ ਸਿੰਘ ਨੇਕੀ ਪੁਸਤਕ ਦੇ ਪੰਨਾ ਨੰ: 61 ’ਤੇ ਆਲਮ ਬਾਰੇ ਲਿਖਦੇ ਹਨ,‘ਕੋਇਟਾ ਸ਼ਹਿਰ ਕਈ ਗੱਲਾਂ ਵਿਚ ਅਸਾਧਾਰਨ ਸੀ। ਇਕ ਗੱਲ ਓਸ ਵਿਚ ਇਹ ਵੀ ਸੀ ਕਿ ਉੱਥੇ ਕਈ ਸਾਰੇ ਪੰਜਾਬੀ ਦੇ ਕਵੀ ਸਨ: ਜਗਤ ਸਿੰਘ ਜਗਤ, ਪੂਰਨ ਸਿੰਘ ਭੌਰ, ਹਰਸ਼ਾ ਸਿੰਘ ਚਾਤਰ ਚੰਗੇ ਸ਼ਾਇਰ ਸਨ ਪਰ ਇਹ ਸਾਰੇ ਗੁਰਦਾਸ ਰਾਮ ਆਲਮ ਤੋਂ ਹੇਠਾਂ ਹੀ ਆਉਂਦੇ ਸਨ। ਗੁਰਦਾਸ ਰਾਮ ਆਲਮ ਗੁਰਮੁਖੀ ਤੋਂ ਇਲਾਵਾ ਕੁਝ ਵੀ ਨਹੀਂ ਪੜ੍ਹਿਆ ਪਰ ਕਵੀ ਬੜਾ ਚੰਗਾ ਸੀ। ਵਾਰਿਸ ਸ਼ਾਹ ਦੀ ਹੀਰ ਉਸ ਨੂੰ ਕਰੀਬ ਕਰੀਬ ਸਾਰੀ ਕੰਠ ਸੀ।’’

ਇਸ ਪੁਸਤਕ ਵਿਚ ਨੇਕੀ ਇਹ ਵੀ ਜ਼ਿਕਰ ਕਰਦਾ ਹੈ ਕਿ ਉਸ ਦੀ ਪਹਿਲੀ ਕਵਿਤਾ ਦੀ ਸੁਧਾਈ ਵੀ ਆਲਮ ਨੇ ਕੀਤੀ ਸੀ।

ਗੁਰਦਾਸ ਰਾਮ ਆਲਮ ਦੀਆਂ ਕਵਿਤਾਵਾਂ ’ਚੋਂ ਸਿੱਖ ਇਤਿਹਾਸ ਦੀ ਜਾਣਕਾਰੀ ਵੀ ਭਲੀ ਭਾਂਤ ਮਿਲ ਜਾਂਦੀ ਹੈ:

ਮਹਾਰਾਜਾ ਦਲੀਪ ਸਿੰਘ ਦੀਆਂ ਚਿੱਠੀਆਂ ਬਾਰੇ ਕਵਿਤਾਵਾਂ ਵਿਚ ਜ਼ਿਕਰ ਹੈ ਕਿ ਮਹਾਰਾਜਾ ਦਲੀਪ ਸਿੰਘ ਨੇ ਸੰਤ ਸਿੰਘ ਨੂੰ ਲੰਡਨ ਤੋਂ ਚਿੱਠੀ ਲਿਖੀ। ਸੰਤ ਸਿੰਘ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦਾ ਦਾ ਮਾਸੜ ਸੀ। ਆਲਮ ਨੇ ਉਸ ਸਮੇਂ ਦੇ ਦਰਦ ਭਰੇ ਸਮੇਂ ਨੂੰ ਆਪਣੀ ਕਵਿਤਾ ਵਿਚ ਸਮੋਇਆ ਹੈ:

ਪਿਆਰੇ ਸੰਤ ਸਿੰਘ! ਮੈਨੂੰ ਤੇ ਪਤਾ ਨਹੀਂ ਸੀ,
ਪਿੱਛੇ ਹੈ ਕੋਈ ਰਿਸ਼ਤੇਦਾਰ ਸਾਡਾ।
ਨਹੀਂ ਤੇ ਅੱਜ ਨੂੰ ਮੈਂ
ਲਿਖਦਾ ਕਈ ਚਿੱਠੀਆਂ,
ਹੌਲਾ ਹੁੰਦਾ ਰਹਿੰਦਾ
ਦਿਲ ਦਾ ਭਾਰ ਸਾਡਾ।
**
1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਡੀ.ਏ. ਵੀ. ਕਾਲਜ ਵਿਦਿਅਕ ਸੰਸਥਾ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ 1951 ਨੂੰ ਬੁਲਾਇਆ। ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਭਾਰਤ ਦੇ ਸੰਵਿਧਾਨ ਬਾਰੇ ਜਾਣਕਾਰੀ ਦੇਣ ਲਈ ਇਕ ਇਤਿਹਾਸਕ ਲੈਕਚਰ ਕਰਾਇਆ। ਬੂਟਾਂ ਮੰਡੀ ਜਲੰਧਰ ਦੇ ਮੋਹਤਬਰ ਨਾਗਰਿਕਾਂ ਨੇ ਬਾਬਾ ਸਾਹਿਬ ਨੂੰ ਆਉਣ ਦਾ ਸੱਦਾ ਪੱਤਰ ਦਿੱਤਾ, ਜੋ ਉਨ੍ਹਾਂ ਖ਼ੁਸ਼ੀ-ਖ਼ੁਸ਼ੀ ਸਵੀਕਾਰ ਲਿਆ। ਸੋ ਡਾ. ਅੰਬੇਡਕਰ ਜੀ ਉੱਥੇ ਆਏ ਤਾਂ ਲੋਕ ਆਪਣੇ ਮਹਿਬੂਬ ਨੇਤਾ ਨੂੰ ਵੇਖਣ ਲਈ ਹੁੰਮ-ਹੁਮਾ ਕੇ ਪੁੱਜੇ। ਤਿਲ਼ ਸੁਟਣ ਜੋਗੀ ਵੀ ਥਾਂ ਨਹੀਂ ਸੀ। ਲੋਕ ਆਪਣੇ ਰਹਿਬਰ ਨੂੰ ਅੱਡੀਆਂ ਚੁੱਕ-ਚੁੱਕ ਕੇ ਵੇਖ ਰਹੇ ਸਨ। ਉਸ ਮੁਬਾਰਕ ਸਮੇਂ ਗੁਰਦਾਸ ਰਾਮ ਆਲਮ ਨੇ ਵੀ ਆਪਣੀ ਕਵਿਤਾ ਨਾਲ ਨੇਤਾ ਦਾ ਭਰਵਾਂ ਸਵਾਗਤ ਕੀਤਾ:

ਇਹ ਅੱਜ ਕੌਣ
ਆਇਆ ਸਵੇਰੇ ਸਵੇਰੇ,
ਬੜਾ ਸ਼ੋਰ ਪੈਂਦਾ ਗ਼ਰੀਬਾਂ ਦੇ ਡੇਰੇ।
ਸਦੀਆਂ ਤੋਂ ਚਲਦਾ
ਸਮਾਂ ਰੁਕ ਗਿਆ ਏ,
ਪੁਰਾਣੇ ਵਿਚਾਰਕਾਂ ਦਾ ਸਿਰ ਝੁਕ ਗਿਆ ਏ।
ਬੁੱਢੇ ਜਿਹੇ ਕਾਨੂੰਨਾਂ ਦੇ
ਧੁਆਂਖੇ ਗਏ ਚਿਹਰੇ।
ਛੰਨਾਂ ਤੇ ਢਾਰਿਆਂ ਦਾ
ਦਸਦਾ ਉਜਾਲਾ,
‘ਆਲਮ’ ’ਚ ਹੈ ਹੁਣ
ਕੁਝ ਹੋਣ ਵਾਲਾ।
ਲੱਖਾਂ ਲੋਕ ਜੁੜ ਬੈਠੇ ਜਿਸ ਦੇ ਚੁਫ਼ੇਰੇ,
ਇਹ ਅੱਜ ਕੌਣ
ਆਇਆ ਸਵੇਰੇ-ਸਵੇਰੇ

ਗੁਲਾਮਾਂ ਬਾਰੇ ਉਸ ਦੀ ਕਵਿਤਾ ਦਾ ਹੀਰੋ ‘ਸਪਾਰਟਸ’ ਨਾਂ ਦਾ ਗ਼ੁਲਾਮ ਹੈ। ਸਪਾਰਟਸ ਵੀ ਹੋਰਾਂ ਗ਼ੁਲਾਮਾਂ ਵਾਂਗ ਇਕ ਸਧਾਰਨ ਗ਼ੁਲਾਮ ਹੀ ਸੀ, ਪਰ ਜਦੋਂ ਉਸ ਨੇ ਆਪਣੇ ਸਾਥੀ ਗ਼ੁਲਾਮਾਂ ਨੂੰ ਗ਼ੁਲਾਮੀ ਦੇ ਵਿਰੁੱਧ ਲੜਨ ਲਈ ਵੰਗਾਰਿਆ ਤਾਂ ਉਹ ‘ਸਪਾਰਟਸ’ ਬਣ ਗਿਆ।

ਗੁਲਾਮ ਯੁੱਗ ਵਿਚ ਜੋ ਲਿੱਸਿਆਂ ’ਤੇ ਧਨੀਆਂ ਜ਼ੁਲਮ ਗੁਜ਼ਾਰੇ,
ਜੋ ਕੋਈ ਲੇਖਕ ਲਿਖਣ ਲੱਗੇ ਗ੍ਰੰਥ ਬਣਨ ਕਈ ਭਾਰੇ।

ਲੋਕੀਂ ਕਹਿੰਦੇ ਜਿਸ ਦਿਨ ਫ਼ੌਜਾਂ, ‘ਸੁਪਾਰਟਸ’ ਮਾਰ ਮੁਕਾਇਆ,
ਗ਼ੁਲਾਮ ਯੁੱਗ ਵੀ ਉਸ ਦਿਨ ‘ਆਲਮ’ ਕਬਰਾਂ
ਵਿਚ ਦਫ਼ਨਾਇਆ।

15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ। ਭਾਰਤ ਦੇ ਕਿਰਤੀ ਵਰਗ ਨੂੰ ਬੜੀਆਂ ਹੀ ਆਸਾਂ ਸਨ ਕਿ ਹੁਣ ਉਨ੍ਹਾਂ ਦੇ ਵੀ ਦਿਨ ਫਿਰਨਗੇ ਪਰ ਪਰਨਾਲਾ, ਉੱਥੇ ਦਾ ਉੱਥੇ ਹੀ ਰਿਹਾ। ਆਸਾਂ-ਉਮੀਦਾਂ ’ਤੇ ਪਾਣੀ ਫੇਰ ਦਿੱਤਾ।

‘ਆਲਮ’ ਨੂੰ ਚਾਹੁੰਣ ਵਾਲਿਆਂ ਵਿਚ ‘ਆਜ਼ਾਦੀ’ ਕਵਿਤਾ ਬੜੀ ਹੀ ਮਕਬੂਲ ਹੈ। ਹਰ ਵਰੵੇ ਆਜ਼ਾਦੀ ਦਿਹਾੜੇ ’ਤੇ ਇਹੋ ਕਵਿਤਾ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਏ ਉੱਪਰ ਘੁੰਮਦੀ ਆਮ ਵੇਖੀ ਜਾ ਸਕਦੀ ਹੈ:

ਕਿਉਂ ਬਈ ਨਿਹਾਲਿਆ,
ਆਜ਼ਾਦੀ ਨਹੀਂ ਵੇਖੀ?
ਨਾ ਬਈ ਭਰਾਵਾ ਨਾ ਖਾਧੀ ਨਾ ਵੇਖੀ
ਆਈ ਨੂੰ ਭਾਵੇਂ
ਤੀਆ ਸਾਲ ਬੀਤਿਆ,
ਅਸੀਂ ਤਾਂ ਅਜੇ ਤਕ
ਦਰਸ਼ਨ ਨਹੀਂ ਕੀਤਾ।
ਸ਼ਿਮਲੇ ਤਾਂ ਉਸ ਅੱਗੇ ਆਂਡੇ ਹੁੰਦੇ ਨੇ
ਬਈ ਸਾਡੀ ਤਾਂ ਖੁਰਲੀ ’ਚ
ਟਾਂਡੇ ਹੁੰਦੇ ਨੇ।

ਕਵੀ ਦਾ ਪਿੰਡ ਬੁੰਡਾਲਾ ਮੰਜਕੀ ਤੇ ਇਲਾਕਾ ਕੌਮਾਂਤਰੀ ਰਾਜਨੀਤੀ ਦਾ ਗੜ੍ਹ ਹੈ। ਉਸ ਇਲਾਕੇ ਦੀ ਵਿਚਾਰਧਾਰਾ ਨੇ ਕਦੇ ਦੇਸ਼ ਵਿਚ ਇਨਕਲਾਬ ਲਿਆਉਣ ਦੀ ਗੱਲ ਤੋਰੀ ਸੀ ਪਰ ਆਜ਼ਾਦੀ ਮਿਲਣ ਤੋਂ ਬਾਅਦ ਕਿਰਤੀਆਂ ਦੀਆਂ ਭਖਦੀਆਂ ਮੰਗਾਂ ਪਿਛਲਖੁਰੀ ਹੀ ਜਾਂਦੀਆਂ ਰਹੀਆਂ।

‘ਭਾਰਤੀ ਸੋਧਵਾਦੀ ਨੂੰ’ ਕਵਿਤਾ ਵਿਚ ਆਲਮ ਕਮਿਊਨਿਸਟਾਂ ਉੱਪਰ ਵੀ ਹਿਰਖ ਕਰਦਾ ਹੈ:

ਮੰਗੀ ਚਿਲਮ ਤਮਾਕੂ ਦੀ
ਨਹੀਂ ਮਿਲਦੀ,
ਕਿੱਦਾਂ ਰਾਜ ਕੋਈ
ਮੰਗ ਕੇ ਲੈ ਸਕਦਾ।
ਚੱਪਾ ਟੁੱਕ ਤੇ ਮੰਜੀ ਥਾਂ ਬਦਲੇ,
ਆਸਾ ਰਾਮ ਤਿਰਕਾਲਾਂ ਨੂੰ
ਗਾਈ ਜਾਣਾ।
ਨਾਲ ਜੇਲ੍ਹ ਜੁਰਮਾਨੇ ਤੋਂ
ਬਚੇ ਰਹਿਣਾ,
ਕਮਿਊਨਿਸਟ ਵੀ ਨਾਲ
ਕਹਾਈ ਜਾਣਾ।

ਲੋਕ ਕਵੀ ਫੇਰ ਵੀ ਲੋਕਾਂ ਨੂੰ ਹੋਕਾ ਦੇਂਦਾ ਹੈ-

ਚੁੱਕ ਕੇ ਟਿੰਡ ਫੋਹੜੀ
ਰਾਹ ’ਚੋਂ ਪਰੇ ਹੋ ਜਾ ,
ਏਥੋਂ ਲੋਕਾਂ ਦਿਆਂ
ਲੀਡਰਾਂ ਲੰਘਣਾ ਏ।

ਗੁਰਦਾਸ ਰਾਮ ਆਲਮ ਖੱਬੇਪੱਖੀ ਵਿਚਾਰਧਾਰਾ ਨਾਲ ਤਾਂ ਸਾਰੀ ਜ਼ਿੰਦਗੀ ਜੁੜਿਆ ਰਿਹਾ ਪਰ ਆਪਣੀ ਪਾਰਟੀ ਤੋਂ ਉਸ ਦਾ ਹੁਣ ਮੋਹ-ਭੰਗ ਹੋ ਚੁੱਕਿਆ ਸੀ। 1972 ਵਿਚ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਸਭਾ ਦੀ ਸਥਾਪਨਾ 1969 ਵਿਚ ਹੋਈ ਸੀ। ਇਸ ਸਾਹਿਤ ਸਭਾ ਦੇ ਜਨਰਲ ਸਕੱਤਰ ਗੁਰਨਾਮ ਢਿੱਲੋਂ ਨੇ ਆਲਮ ਨੂੰ ਰਾਹਦਾਰੀ ਭੇਜੀ ਤੇ ਇੰਗਲੈਂਡ ਮੰਗਵਾ ਲਿਆ। ਢਿੱਲੋਂ ਨੇ ਆਲਮ ਨੂੰ ਹੀਥਰੋ ਏਅਰ ਪੋਰਟ ਤੋਂ ਜੀ ਆਇਆਂ ਕਿਹਾ। ਮਹੀਨਾ ਭਰ ਆਲਮ ਢਿੱਲੋਂ ਦੇ ਘਰੇ ਰਿਹਾ। ਗੁਰਦਾਸ ਰਾਮ ਆਲਮ ਦੇ ਮਾਣ ਵਿਚ ਕਈ ਕਵੀ ਦਰਬਾਰ ਕਰਵਾਏ ਗਏ। ਆਲਮ ਨੇ ਵੱਖ-ਵੱਖ ਕਵੀ ਦਰਬਾਰਾਂ ਵਿਚ ਭਾਗ ਲਿਆ।

ਉਨ੍ਹਾਂ ਹੀ ਦਿਨਾਂ ਵਿਚ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਵੀ ਇੰਗਲੈਂਡ ਸੱਦਿਆ ਗਿਆ। ਆਲਮ ਤੇ ਬਟਾਲਵੀ ਨੇ ਇਕ ਕਵੀ ਦਰਬਾਰ ਵਿਚ ਸਟੇਜ ਸਾਂਝੀ ਕੀਤੀ।
ਕਵੀ ਦਰਬਾਰ ਵਿਚ ਪਹਿਲਾਂ ਸ਼ਿਵ ਨੇ ਗੀਤ ਗਾਇਆ-ਮਾਏ ਨੇ ਮੁੰਡਾ ਲੰਬੜਾ ਦਾ
ਮੈਨੂੰ ਹੀਰੇ ਹੀਰੇ ਆਖੇ…

ਆਲਮ ਨੇ ਜਿਉਂ ਹੀ ਇਹ ਗੀਤ ਸੁਣਿਆ ਤਾਂ ਉਸ ਦੇ ਅੰਦਰੋ ਅੰਦਰੀ ਰੋਹ ਜਾਗ ਪਿਆ। ਬੈਠਿਆਂ ਬੈਠਿਆਂ ਹੀ ਆਲਮ ਦੇ ਧੁਰ ਅੰਦਰ ਬਦਲੇ ਵਿਚ ਇਕ ਗੀਤ ਉੱਗ ਪਿਆ ਤੇ ਫੇੇਰ ਆਲਮ ਦੀ ਵਾਰੀ ਆਈ:

ਲੰਬੜਾਂ ਦੀ ਕੰਧ ਟੱਪ ਕੇ ਮੁੰਡਾ ਕੰਡਿਆਂ ’ਚੋਂ ਬੇਰ ਲਿਆਇਆ।
ਤਲੀ ਉੱਤੇ ਜਾਨ ਰੱਖ ਕੇ ਉਹਨੇ ਬੇਰੀ ਦੇ ਪਿੰਡੇ ਨੂੰ ਹੱਥ ਪਾਇਆ?
ਜਿਸ ਵੇਲੇ ਰੋਕ ਨਾ ਸਕੀ ਨਵੇਂ ਪੈਰਾਂ ਨੂੰ ਦੀਵਾਰ ਪੁਰਾਣੀ।
ਨੱਸ ਕੇ ਅੰਦਰ ਲੁਕ ਗਈ,
ਕੁੰਡਾ ਮਾਰ ਕੇ ਵੱਡੀ ਚੌਧਰਾਣੀ।
………………
‘ਆਲਮ’ ਹੈਰਾਨ ਹੋ ਗਿਆ ਨਾ ਉਹ ਡਰਿਆ ਤੇ ਨਾ ਘਬਰਾਇਆ।
ਲੰਬੜਾਂ ਦੀ ਕੰਧ ਟੱਪ ਕੇ ਮੁੰਡਾ ਕੰਡਿਆਂ ’ਚੋਂ ਬੇਰ ਲਿਆਇਆ।

ਗੁਰਦਾਸ ਰਾਮ ਆਲਮ ਵੀ ਵਿੰਗੇ ਸਿੱੇਧੇ ਢੰਗ ਤਰੀਕਿਆਂ ਨਾਲ ਇੰਗਲੈਂਡ ਪੱਕੇ ਤੌਰ ’ਤੇ ਟਿਕਿਆ ਰਹਿ ਸਕਦਾ ਸੀ ਪਰ ਉਹ ਆਪਣੀ ਵਿਚਾਰਧਾਰਾ ਤੋਂ ਥਿੜਕਿਆ ਨਾ, ਵਾਪਸ ਆਪਣੇ ਵਤਨ ਨੂੰ ਪਰਤ ਆਇਆ। ਖੇਤ-ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਮੁਜਾਰਾ ਲਹਿਰ ਦੇ ਘੋਲ 1949 ਅਤੇ ‘ਖੇਤ ਬਚਾਓ’ ਮੋਰਚੇ ਵਿਚ ਹੋਰਨਾਂ ਕਵੀਆਂ ਤੋਂ ਇਲਾਵਾ ਗੁਰਦਾਸ ਰਾਮ ਆਲਮ, ਲਾਲ ਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਆਦਿ ਮਾਨਵਵਾਦੀ ਸੋਚ ਵਾਲੇ ਲੋਕ ਕਵੀਆਂ ਦੇ ਗੀਤਾਂ ਅਤੇ ਕਵਿਤਾਵਾਂ ਨੇ ਸੰਘਰਸ਼ਾਂ ਤੇ ਮੋਰਚਿਆਂ ਨੂੰ ਭਖਾਈ ਰੱਖਿਆ ਪਰ ਜਿਸ ਸਮਾਜ ਨਾਲ ਇਹ ਕਵੀ ਸਬੰਧ ਰੱਖਦੇ ਹਨ ਉਨ੍ਹਾਂ ਦੇ ਵਿਹੜਿਆਂ ਵਿਚ ਸੂਰਜ ਤਾਂ ਜ਼ਰੂਰ ਮਘਦਾ ਰਹੇਗਾ ਪਰ ਚੰਨ-ਚਾਨਣੀਆਂ ਰਾਤਾਂ ਵਿਚ।
ਨਾ ਚੰਨ ਪਕਾਵੇ ਰੋਟੀਆਂ
ਨਾ ਤਾਰਾ ਕਰੇ ਰਸੋਅ।
ਵਾਲੀ ਗੱਲ ਅਜੇ ਕੋਹਾਂ ਦੂਰ ਹੈ।

‘ਆਲਮ ਕਾਵਿ’ ਪੰਜਾਬ ਦੇ ਬੁਰਜੂਆਂ ਕੋਲੋਂ ਦਲਿਤਾਂ ਦੇ ਮਾਨਵੀ ਹੋਣ ਦੇ ਹੱਕ ਖੋਹ ਲੈਣ ਲਈ ਲੋਚਦਾ ਹੈ ਅਤੇ ਨਾਲ ਦੀ ਨਾਲ ਇਤਿਹਾਸ ਕੋਲੋਂ ਆਪਣੀ ਹੋਂਦ ਦਾ ਜਵਾਬ ਵੀ ਮੰਗਦਾ ਹੈ।

ਆਜ਼ਾਦੀ ਲਈ ਸੀ ਤੜਪ

ਗੁਰਦਾਸ ਰਾਮ ਆਲਮ ਨੇ ਜਿੱਥੇ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਇਤਿਹਾਸਕ ਮਸਲਿਆਂ ਬਾਰੇ ਗੀਤ ਤੇ ਕਵਿਤਾਵਾਂ ਲਿਖੇ ਹਨ, ਉੱਥੇ ਨਾਲ ਦੀ ਨਾਲ ਲੋਕ-ਗੀਤਾਂ ਵਰਗੀ ਕਸਤੂਰੀ ਵੰਡਦੀ ਮਹਿਕ ਵਾਲੇ ਗੀਤਾਂ ਦੀ ਰਚਨਾ ਵੀ ਕੀਤੀ ਹੈ। ਆਲਮ ਦੀਆਂ ਸਮੁੱਚੀਆਂ ਕਵਿਤਾਵਾਂ ਮਨੁੱਖ ਦੇ ਧੁਰ ਦਿਲ ਅੰਦਰ ਆਜ਼ਾਦੀ ਦੀ ਸਦੀਵੀ ਤੜਪ ਦਾ ਇਕ ਬੇਮਿਸਾਲ ‘ਆਲਮ-ਕਾਵਿ’ ਹੈ। ਉਸ ਨੇ ‘ਗ਼ੁਲਾਮਾਂ ਦੀ ਬਗ਼ਾਵਤ’ ਜੋ ਪਹਿਲੀ ਮਈ ’ਤੇ ਵਿਸ਼ੇਸ਼ ਲਿਖੀ ਹੋਈ ਹੈ ਵਿਚ ਬਗ਼ਾਵਤ, ਯੂਨਾਨ ਦੇ ਉਨ੍ਹਾਂ ਗ਼ਰੀਬਾਂ ਦੀ ਹੈ ਜਿਨ੍ਹਾਂ ਨੂੰ ਢੇਰ ਚਿਰ ਪਹਿਲਾਂ ਅਮੀਰਾਂ ਨੇ ਮੱਲੋ-ਮੱਲੀ ਫੜ ਕੇ ਗ਼ੁਲਾਮ ਬਣਾ ਕੇ ਵੇਚਣ-ਖ਼ਰੀਦਣ ਦੇ ਹੱਕ ਜਿਤਾਏ ਸਨ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
915
***

About the author

ਪ੍ਰਿੰ. ਮਲੂਕ ਚੰਦ ਕਲੇਰ ਸਰੀ, ਬੀ.ਸੀ., ਕੈਨੇਡਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਜੀਵਨ ਬਿਓਰਾ 

ਨਾਮ : ਪ੍ਰਿੰਸੀਪਲ ਮਲੂਕ ਚੰਦ ਕਲੇਰ
ਪਿਤਾ : ਚੌਧਰੀ ਜਗਤ ਰਾਮ
ਮਾਤਾ : ਸ਼੍ਰੀਮਤੀ ਈਸਰੀ
ਜਨਮ ਮਿਤੀ : 15 ਅਕਤੂਬਰ, 1954
ਪੱਕਾ ਪਤਾ : ਪਿੰਡ ਸਰਹਾਲੀ-144633, ਜ਼ਿਲ੍ਹਾ ਜਲੰਧਰ, ਪਜੰ ਾਬ (ਇੰਡੀਆ)
ਵਰਤਮਾਨ ਪਤਾ: 41-8555 King George BLVD, Surrey, BC, V3W 5C£, Canada
ਸੰਪਰਕ : +1  778 321 6139
ਈ ਮੇਲ : malookkaler39@gmail.com

ਪਰਿਵਾਰ : ਸ਼੍ਰੀਮਤੀ ਮਾਇਆ ਰਾਣੀ (ਪਤਨੀ), ਮਨਦੀਪ, ਹਰਜੀਤ ਕੌਰ (ਬੇਟਾ, ਨੂੰਹ)
ਮੋਨਿਕਾ, ਰਮਨੀ (ਬੇਟੀਆਂ), ਜੈਸਿਕਾ, ਯੁਵਰਾਜ (ਪੋਤੀ, ਪੋਤਾ) 

ਵਿੱਦਿਅਕ ਯੋਗਤਾਵਾਂ : ਗਿਆਨੀ, ਓ.ਟੀ., ਐੱਮ.ਏ., ਬੀ.ਐੱਡ.

ਕਿੱਤਾ : ਪੰਜਾਬੀ ਅਧਿਆਪਕ, ਲੈਕਚਰਾਰ, ਪ੍ਰਿੰਸੀਪਲ (ਸੇਵਾ ਮੁਕਤ)

ਪੁਸਤਕਾਂ :
ਕੋਰੇ ਘੜੇ ਦਾ ਪਾਣੀ (ਸਵੈ-ਜੀਵਨੀ),
ਸੂਰਜ ਉੱਗ ਪਿਆ (ਨਾਵਲ),
ਜੰਗਲ ਵਿੱਚ ਚੋਣ (ਬਾਲ ਨਾਵਲ),
ਤਲਾਸ਼ ਜਾਰੀ ਹੈ (ਨਾਵਲ)
ਕਾਲਮਨਵੀਸ: ਸੱਚ ਦੀ ਆਵਾਜ਼ (ਪੰਜਾਬੀ ਅਖ਼ਬਾਰ)
ਸੰਸਥਾਪਕ : ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ (ਸਥਾਪਨਾ 21 ਅਕਤੂਬਰ, 2018)
ਰੇਡੀਓ/ਦੂਰਦਰਸ਼ਨ : ਆਲ ਇੰਡੀਆ ਰੇਡੀਓ ਜਲੰਧਰ, ਰੇਡੀਓਜ਼ ਸਰੀ, ਕਾਂਸ਼ੀ ਰੇਡੀਓ ਇੰਗਲੈਂਡ, 
ਪਰਾਇਮ ਏਸ਼ੀਆ ਟੀ.ਵੀ. (ਪਰਾਇਮ ਚਰਚਾ) ਚੈਨਲ ਪੰਜਾਬੀ ਟੀ.ਵੀ. ਵਿਸ਼ੇਸ਼ : ਸਾਹਿਤ ਸਭਾਵਾਂ ਵਿੱਚ ਹਾਜ਼ਰੀ। 

ਪ੍ਰਿੰ. ਮਲੂਕ ਚੰਦ ਕਲੇਰ ਸਰੀ, ਬੀ.ਸੀ., ਕੈਨੇਡਾ

ਜੀਵਨ ਬਿਓਰਾ 
ਨਾਮ : ਪ੍ਰਿੰਸੀਪਲ ਮਲੂਕ ਚੰਦ ਕਲੇਰ ਪਿਤਾ : ਚੌਧਰੀ ਜਗਤ ਰਾਮ ਮਾਤਾ : ਸ਼੍ਰੀਮਤੀ ਈਸਰੀ ਜਨਮ ਮਿਤੀ : 15 ਅਕਤੂਬਰ, 1954 ਪੱਕਾ ਪਤਾ : ਪਿੰਡ ਸਰਹਾਲੀ-144633, ਜ਼ਿਲ੍ਹਾ ਜਲੰਧਰ, ਪਜੰ ਾਬ (ਇੰਡੀਆ) ਵਰਤਮਾਨ ਪਤਾ: 41-8555 King George BLVD, Surrey, BC, V3W 5C£, Canada ਸੰਪਰਕ : +1  778 321 6139 ਈ ਮੇਲ : malookkaler39@gmail.com ਪਰਿਵਾਰ : ਸ਼੍ਰੀਮਤੀ ਮਾਇਆ ਰਾਣੀ (ਪਤਨੀ), ਮਨਦੀਪ, ਹਰਜੀਤ ਕੌਰ (ਬੇਟਾ, ਨੂੰਹ) ਮੋਨਿਕਾ, ਰਮਨੀ (ਬੇਟੀਆਂ), ਜੈਸਿਕਾ, ਯੁਵਰਾਜ (ਪੋਤੀ, ਪੋਤਾ)  ਵਿੱਦਿਅਕ ਯੋਗਤਾਵਾਂ : ਗਿਆਨੀ, ਓ.ਟੀ., ਐੱਮ.ਏ., ਬੀ.ਐੱਡ. ਕਿੱਤਾ : ਪੰਜਾਬੀ ਅਧਿਆਪਕ, ਲੈਕਚਰਾਰ, ਪ੍ਰਿੰਸੀਪਲ (ਸੇਵਾ ਮੁਕਤ) ਪੁਸਤਕਾਂ : ਕੋਰੇ ਘੜੇ ਦਾ ਪਾਣੀ (ਸਵੈ-ਜੀਵਨੀ), ਸੂਰਜ ਉੱਗ ਪਿਆ (ਨਾਵਲ), ਜੰਗਲ ਵਿੱਚ ਚੋਣ (ਬਾਲ ਨਾਵਲ), ਤਲਾਸ਼ ਜਾਰੀ ਹੈ (ਨਾਵਲ) ਕਾਲਮਨਵੀਸ: ਸੱਚ ਦੀ ਆਵਾਜ਼ (ਪੰਜਾਬੀ ਅਖ਼ਬਾਰ) ਸੰਸਥਾਪਕ : ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ (ਸਥਾਪਨਾ 21 ਅਕਤੂਬਰ, 2018) ਰੇਡੀਓ/ਦੂਰਦਰਸ਼ਨ : ਆਲ ਇੰਡੀਆ ਰੇਡੀਓ ਜਲੰਧਰ, ਰੇਡੀਓਜ਼ ਸਰੀ, ਕਾਂਸ਼ੀ ਰੇਡੀਓ ਇੰਗਲੈਂਡ, ਪਰਾਇਮ ਏਸ਼ੀਆ ਟੀ.ਵੀ. (ਪਰਾਇਮ ਚਰਚਾ) ਚੈਨਲ ਪੰਜਾਬੀ ਟੀ.ਵੀ. ਵਿਸ਼ੇਸ਼ : ਸਾਹਿਤ ਸਭਾਵਾਂ ਵਿੱਚ ਹਾਜ਼ਰੀ। 

View all posts by ਪ੍ਰਿੰ. ਮਲੂਕ ਚੰਦ ਕਲੇਰ ਸਰੀ, ਬੀ.ਸੀ., ਕੈਨੇਡਾ →