15 May 2026

ਕਣ ਕਣ…ਜੀਵਨ ਦੀਆਂ ਹਕੀਕਤਾਂ ਨਾਲ ਖਹਿ ਕੇ ਲੰਘਦੀ ਗੰਭੀਰ ਸ਼ਾਇਰੀ ! — ਡਾ. ਕੁਲਵਿੰਦਰ ਸਿੰਘ ਬਾਠ

ਕਣ ਕਣ…

ਜੀਵਨ ਦੀਆਂ ਹਕੀਕਤਾਂ ਨਾਲ ਖਹਿ ਕੇ ਲੰਘਦੀ ਗੰਭੀਰ ਸ਼ਾਇਰੀ !

ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਮਨੁੱਖ ਦੇ ਜੀਵਨ ਵਿੱਚ ਨਿਰਸੰਦੇਹ ਹੀ ਬਹੁਤ ਮਹੱਤਵਪੂਰਨ ਸਥਾਨ ਹੈ। ਸਮਾਜਿਕ ਤਾਣੇ-ਬਾਣੇ ਦੀਆਂ ਤੰਦਾਂ ਵਿੱਚ ਵਿਚਰਦਿਆਂ ਮਨੁੱਖ ਦੂਸਰੇ ਮਨੁੱਖਾਂ ਨਾਲ ਜੁੜਦਾ-ਟੁੱਟਦਾ ਰਹਿੰਦਾ ਹੈ। ਅਜੋਕੇ ਸੋਸ਼ਲ ਮੀਡੀਏ ਦੇ ਜ਼ਮਾਨੇ ਵਿੱਚ ਇਸ ਨੈਟਵਰਕ (ਤਾਣੇ-ਬਾਣੇ ਦੀਆਂ ਤੰਦਾਂ) ਨੇ ਮਨੁੱਖ ਦੇ ਜੀਵਨ ਦੇ ਰੰਗਾਂ ਤੇ ਤਰੰਗਾਂ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਦੇ ਮੰਚਾਂ ‘ਤੇ ਇੱਕ ਸੋਹਣੀ ਤੇ ਮਨਮੋਹਣੀ “ਪੱਗਾਂ” ਟਾਈਟਲ ਵਾਲੀ ਵੀਡੀਓ ਵਾਇਰਲ ਹੋਈ, ਜਿਸ ਦੇ ਬੋਲਾਂ ਦੀਆਂ ਪੈੜਾਂ ਪੰਜਾਬੀ ਸਾਹਿਤ ਦੀ ਜਾਣੀ ਪਛਾਣੀ ਸ਼ਖ਼ਸੀਅਤ ‘ਕਵਿੰਦਰ ਚਾਂਦ’ ਦੇ ਸ਼ਬਦਾਂ ਨਾਲ ਜਾ ਜੁੜਦੀਆਂ ਹਨ।
ਸਿਰਾਂ ਤੇ ਲਾਲ, ਹਰੀਆਂ, ਨੀਲੀਆਂ ਜਾਂ ਪੀਲੀਆਂ ਪੱਗਾਂ
ਮੇਰੀ ਪੰਜਾਬੀਅਤ ਦਾ ਮਾਣ ਨੇ ਇਹ ਸੁਹਣੀਆਂ ਪੱਗਾਂ..
ਇਨ੍ਹਾਂ ਖ਼ੂਬਸੂਰਤ ਹਰਫ਼ਾਂ ਦੀ ਰੂਹ ਵਿੱਚੋਂ ਬੋਲਦਾ ਸੁਨੇਹਾ ਮੈਨੂੰ ਕਵਿੰਦਰ ਚਾਂਦ ਦੇ ਗਜ਼ਲ ਸੰਗ੍ਰਹਿ “ਕਣ ਕਣ” ਦਾ ਸਿਰਨਾਵਾਂ ਦੇ ਗਿਆ।

ਮੁਹੱਬਤੀ ਤੇ ਜ਼ਿੰਦਾ-ਦਿਲ ਸ਼ਾਇਰ… ਕਵਿੰਦਰ ਚਾਂਦ

ਕੈਨੇਡਾ ਦੇ ਸ਼ਹਿਰ ਸਰੀ ਵਿੱਚ ਵੱਸਦਾ, ਜ਼ਿੰਦਾ-ਦਿਲ, ਸੰਵੇਦਨਸ਼ੀਲ ਅਤੇ ਸੂਖ਼ਮ ਬਿਰਤੀ ਵਾਲਾ ਸਮਰੱਥ ਸ਼ਾਇਰ ਕਵਿੰਦਰ ਚਾਂਦ ਆਪਣੇ ਮਨ ਦੇ ਭਾਵਾਂ, ਅਨੁਭਵਾਂ ਅਤੇ ਵਲਵਲਿਆਂ ਨੂੰ ਸਿਰਫ਼ ਸ਼ਬਦਾਂ ਵਿੱਚ ਪਰੋਂਦਾ ਹੀ ਨਹੀਂ, ਬਲਕਿ, ਉਨ੍ਹਾਂ ਦੇ ਅਰਥਾਂ ਅਤੇ ਰੂਹ ਨੂੰ ਖ਼ੁਦ ਦੇ ਜੀਵਨ ਵਿੱਚ ਢਾਲਦਿਆਂ ਜਿਉਂਦਾ ਅਤੇ ਹੰਢਾਉਂਦਾ ਵੀ ਹੈ। ਉਸਦੀ ਰੰਗੀਲੀ ਤੇ ਰਸੀਲੀ ਸ਼ਾਇਰੀ ਜ਼ਿੰਦਗੀ ਦੇ ਜਸ਼ਨਾਂ ਨਾਲ ਕਿੱਕਲੀਆਂ ਪਾਉਂਦੀ ਹੈ।
ਸ਼ਾਇਰੀ ਦੀ ਸੁਗਾਤ ਕਵਿੰਦਰ ਚਾਂਦ ਨੂੰ ਵਿਰਾਸਤ ਵਿੱਚੋਂ ਮਿਲੀ ਹੈ। ਉਸ ਦੀ ਵਿਲੱਖਣ ਲੇਖਣੀ ਵਿੱਚ ਕਾਹਲ਼ ਬਿਲਕੁਲ ਨਹੀਂ ਹੈ। ਸਹਿਜ ਨਾਲ ਸਿਰਜੀ ਹੋਈ ਸੁਹਜਮਈ ਸਿਰਜਣਾ ਪਾਠਕ ਨੂੰ ਜੀਵਨ ਜਾਚ ਵਰਗੀ ਮਹਿਸੂਸ ਹੁੰਦੀ ਹੈ। ਚੜ੍ਹਦੇ ਸੂਰਜ ਦੀ ਤਾਜ਼ਗੀ ਵਰਗੀ, ਸਾਰਥਕ ਅਤੇ ਸਕਾਰਾਤਮਕ ਸੁਨੇਹਿਆਂ ਨਾਲ ਲਬਰੇਜ਼ ਲੇਖਣੀ ਤੋਂ ਕੁਝ ਸਿੱਖਿਆ ਜਾ ਸਕਦਾ ਹੈ। ਉਸ ਦੇ ਗੀਤ, ਕਵਿਤਾਵਾਂ ਜਾਂ ਗ਼ਜ਼ਲਾਂ ਸੱਚ-ਮੁਚ ਈ ਪੜ੍ਹਨ ਅਤੇ ਮਾਣਨ ਵਾਲੀਆਂ ਹੁੰਦੀਆਂ ਹਨ।
‘ਅਸ਼ਰਫ਼ੀਆਂ’, ‘ਬੰਸਰੀ ਕਿੱਧਰ ਗਈ’, ‘ਕਣ ਕਣ’, ਅਤੇ ‘ਮੁਆਫ਼ੀਨਾਮਾ’ ਪੁਸਤਕਾਂ ਦੇ ਸਿਰਜਣਹਾਰ ਕਵਿੰਦਰ ਚਾਂਦ ਨੇ ਇੱਕ ਕਾਵਿ ਪੁਸਤਕ ‘ਕਵਿਤਾ ਬੋਲਦੀ ਹੈ’ ਵੀ ਸੰਪਾਦਿਤ ਕੀਤੀ ਹੈ। ਉਸ ਦੇ ਸ਼ਬਦ ਅਜੋਕੇ ਮਾਧਿਅਮਾਂ ਦੇ ਬੋਲਾਂ ਵਿੱਚ ਗੂੰਜਦੇ ਹਨ, ਭਾਵੇਂ ਉਹ ਗ਼ਜ਼ਲਾਂ ਹੋਣ ਜਾਂ ਫਿਰ ਸਮਾਜ ਨੂੰ ਝੰਜੋੜਦੇ ਤੇ ‘ਅਗਲਾ ਵਰਕਾ ਫ਼ੋਲਦੇ’ ਡਾ. ਸਾਹਿਬ ਸਿੰਘ ਦੇ ਨਾਟਕ ਦੇ ਗੀਤ!
ਕਵਿੰਦਰ ਦੀਆਂ ਸਾਹਿਤਕ ਪੈੜਾਂ ਉਸ ਦੀ ਬਹੁ-ਪੱਖੀ, ਬਹੁ-ਪਰਤੀ ਅਤੇ ਅਥਾਹ ਸਿਰਜਾਣਤਮਿਕ ਸਮਰੱਥਾ ਦੀ ਨਿਸ਼ਾਨਦੇਹੀ ਕਰਦੀ ਹੈ।
ਗੁਰੂ ਮਾਨਿਓ ਗ੍ਰੰਥ…, ਮੇਰੀ ਪੰਜਾਬੀਅਤ ਦਾ ਮਾਣ ਨੇ ਇਹ ਸੁਹਣੀਆਂ ਪੱਗਾਂ…, ਜਾਂ ਫਿਰ
ਕੋਈ ਜਾਂਦਾ ਜਾਂਦਾ ਵਾਲਾਂ ਵਿੱਚ ਫੁੱਲ ਲਾ ਗਿਆ…, ਵਰਗੀਆਂ ਚਰਚਿਤ ਵੀਡੀਓ ਕਵਿੰਦਰ ਚਾਂਦ ਦੀ ਸਿਰਜਾਣਤਮਿਕ ਕਿਰਤ ਤੋਂ ਬਗੈਰ ਕਦੇ ਵੀ ਸਰੋਤਿਆਂ ਤੱਕ ਨਾ ਪਹੁੰਚਦੀਆਂ !

ਕਣ ਕਣ… ਜੀਵਨ ਦੀਆਂ ਹਕੀਕਤਾਂ ਨਾਲ ਖਹਿ ਕੇ ਲੰਘਦੀ ਗੰਭੀਰ ਸ਼ਾਇਰੀ !

‘ਅਲਪ ਅਤੇ ਸਿਮਨਾਜ਼’ ਨੂੰ ਸਮਰਪਿਤ 75 ਪੰਨਿਆਂ ਦੇ ਖ਼ੂਬਸੂਰਤ ਗ਼ਜ਼ਲ ਸੰਗ੍ਰਹਿ ‘ਕਣ ਕਣ’ ਵਿੱਚ 67 ਚੋਣਵੀਆਂ ਤੇ ਮਾਰਮਿਕ ਰਚਨਾਵਾਂ ਸ਼ਾਮਲ ਕੀਤੀਆਂ ਹਨ। ਕਵਿੰਦਰ ਚਾਂਦ ਦੇ ਢਿੱਡ ਦੀਆਂ ਗੱਲਾਂ ਅਤੇ ਦਿਲ ਦੀਆਂ ਗੱਲਾਂ ਵਿੱਚੋਂ ਉਹਦੀ ਸੰਵੇਦਨਾ ਅਤੇ ਸੂਖ਼ਮ ਬਿਰਤੀ ਦੀ ਝਲਕ ਪੈਂਦੀ ਹੈ।
‘ਕਣ ਕਣ’ ਦੀ ਸ਼ੁਰੂਆਤ ਹੀ ਇਕ ਬਾਕਮਾਲ ਰਚਨਾ ‘ਬੰਸਰੀ ਕਿੱਧਰ ਗਈ’ ਨਾਲ ਕੀਤੀ ਹੈ, ਜੋ ਅਜੋਕੇ ਸਮਾਜ ਵਿੱਚ ਮਨੁੱਖੀ ਕਦਰਾਂ ਕੀਮਤਾਂ, ਇਨਸਾਨੀਅਤ ਅਤੇ ਮਨੁੱਖਤਾ ਦੇ ਨਿਘਾਰ ਦੀ ਗੱਲ ਨੂੰ ਉਭਾਰਦੀ ਹੈ। ਪਾਠਕ ਅਤੇ ਸਮਾਜ ਨੂੰ ਚਿੰਤਨ ਅਤੇ ਚੇਤਨਾ ਲਈ ਪ੍ਰੇਰਦੀ ਵੀ ਹੈ।
ਬੇਪਨਾਹ ਮਾਸੂਮੀਅਤ
ਪਾਕੀਜ਼ਗੀ, ਕਿੱਧਰ ਗਈ
ਬਾਂਸ ਦੇ ਜੰਗਲ ਖੜ੍ਹੇ ਹਾਂ
ਬੰਸਰੀ, ਕਿੱਧਰ ਗਈ
ਬਣ ਗਿਆ ਚਮਕੌਰ ਸਾਹਿਬ
ਦਰਸ਼ਨੀ, ਸੰਗਮਰਮਰੀ
ਹਾਏ ਮੇਰੇ ਰਹਿਬਰੋ
ਕੱਚੀ ਗੜ੍ਹੀ ਕਿੱਧਰ ਗਈ
ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦਾ ਸੰਘਰਸ਼ ਉਸ ਦੇ ਜੰਮਣ ਤੋਂ ਜਾਂ ਫਿਰ ਮਾਂ ਦੀ ਕੁੱਖ ਵਿਚੋਂ ਹੀ ਸ਼ੁਰੂ ਹੋ ਜਾਂਦਾ ਹੈ। ਮੁੰਡੇ ਅਤੇ ਕੁੜੀ ਵਿੱਚ ਵਿਤਕਰਾ ਕੀਤਾ ਜਾਂਦਾ ਹੈ। ਜੇਕਰ ਧੀ ਕਿਸੇ ਗਰੀਬ ਦੇ ਘਰ ਜੰਮੀ ਹੋਵੇ ਤਾਂ ਉਸ ਦੀਆਂ ਮੁਸ਼ਕਲਾਂ ਹੋਰ ਵੀ ਵਧ ਜਾਂਦੀਆਂ ਹਨ। ਧੀਆਂ ਤੇ ਉਨ੍ਹਾਂ ਦੇ ਘਰ ਪਰਿਵਾਰਾਂ ਦੇ ਸੰਘਰਸ਼ਮਈ ਜੀਵਨ ਅਤੇ ਮਾਨਸਿਕ ਦਸ਼ਾ ਦਾ ਸੱਚਾ-ਸੁੱਚਾ ਸ਼ਬਦ-ਚਿੱਤਰਨ ਕਰਦੀ ਹੈ ਨਜ਼ਮ ‘ਮਨ ‘ਤੇ ਸੋਕੇ ਨੇ’…
ਕਰਜ਼ਾਈ ਬਾਬੁਲ ਦੀ ਧੀ ਨੇ ਚਾਦਰ ‘ਤੇ
ਸੋਨੇ ਰੰਗੀਆਂ ਮੋਰਨੀਆਂ ਕਢਵਾਈਆਂ ਨੇ
ਅੱਜ ਵੀ ਲਿੰਬ ਕੇ ਆਈਆਂ ਵਿਹੜੇ ਲੰਬੜਾਂ ਦੇ
ਕੱਲ੍ਹ ਜਿਨ੍ਹਾਂ ਦੀਆਂ ਆਪਣੀਆਂ ਕੁੜਮਾਈਆਂ ਨੇ
ਹਾਲਾਂ ਕਿ ਬੰਦੇ ਨੂੰ ਸਵੈ-ਪੜਚੋਲ ਕਰਦੇ ਰਹਿਣਾ ਚਾਹੀਦਾ ਹੈ, ਪਰ ਫਿਰ ਵੀ ਉਹ ਆਪਣੇ ਅੰਦਰ ਘੱਟ ਹੀ ਝਾਤੀ ਮਾਰਦਾ ਹੈ। ਬੰਦਾ ਖ਼ੁਦ ਦੇ ਮਨ ਨਾਲ ਗੁਫ਼ਤਗੂ ਕਰਨ ਤੋਂ ਕਤਰਾਉਂਦਾ ਹੈ ਤੇ ਕੋਹਾਂ ਦੂਰ ਭੱਜਦਾ ਰਹਿੰਦਾ ਹੈ। ‘ਸ਼ੀਸ਼ੇ ‘ਤੇ ਸ਼ੀਸ਼ਾ ਬਦਲਦੇ ਰਹੇ’ ਗ਼ਜ਼ਲ ਬਹੁਤ ਖ਼ੂਬਸੂਰਤੀ ਨਾਲ ਮਨੁੱਖ ਦੀ ਅੰਤਰੀਵੀ ਸਾਂਝ ਦੀ ਘਾਟ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਹੈ।
‘ਚਾਂਦ’ ਚਿਹਰੇ ਤੋਂ ਪਰਦਾ ਹਟਾਇਆ ਨਹੀਂ
ਐਵੇਂ ਸ਼ੀਸ਼ੇ ‘ਤੇ ਸ਼ੀਸ਼ਾ ਬਦਲਦੇ ਰਹੇ
ਅਣਪਛਾਤੇ ਰਹੇ ਆਪਣੇ ਆਪ ਤੋਂ
ਜ਼ਿੰਦਗੀ ਭਰ ਸ਼ਨਾਖਤ ਹੀ ਕਰਦੇ ਰਹੇ
‘ਕਵਿਤਾਵਾਂ ਦੇ ਨਾਮ’ ਇੱਕ ਖ਼ੂਬਸੂਰਤ ਰਚਨਾ ਹੈ ਜਿਸ ਦੀ ਹਲਕੀ ਜਿਹੀ ਝਲਕ ਸੁਹਿਰਦ ਪਾਠਕਾਂ ਦੇ ਰੂਬਰੂ ਕਰਦੇ ਹਾਂ…
ਨਾ ਪੋਤੇ ਨਾ ਦੋਹਤੇ ਪਰਤੇ
ਨਾ ਪਰਦੇਸੋਂ, ਧੀਆਂ ਪੁੱਤਰ
ਸਿਰਨਾਵੇਂ ‘ਤੇ ਪੁੱਜੇ ਡਾਲਰ
ਅਧਮੋਈਆਂ ਮਾਵਾਂ ਦੇ ਨਾਮ
‘ਪੱਗਾਂ’ ਅਤੇ ‘ਕਦੇ ਜੂਝੀ ਸੀ’… ਰਚਨਾਵਾਂ ਧਰਮ ਦੇ ਆਗੂਆਂ ਦੀ ਨਿਕਟ ਤੇ ਦੂਰਅੰਦੇਸ਼ੀ ਸੋਚ, ਦਿਸ਼ਾ ਅਤੇ ਦਸ਼ਾ ਦੀ ਚਿੰਤਾ, ਚਿੰਤਨ ਅਤੇ ਚੇਤਨਾ ਉੱਪਰ ਪ੍ਰਸ਼ਨ ਚਿੰਨ੍ਹ ਲਗਾਉਂਦੀਆਂ ਹਨ।
ਕਦੇ ਜੂਝੀ ਸੀ ਵੱਖਰੀ ਹੋਂਦ ਬਦਲੇ, ਇੱਜ਼ਤਾਂ ਬਦਲੇ
ਇਹ ਜੰਗਜੂ ਕੌਮ ਅੱਜ ਲੜ ਰਹੀ ਹੈ ਗੋਲਕਾਂ ਬਦਲੇ
ਜੋ ਮੇਰੇ ਸੀਸ ‘ਤੇ ਬੱਝੀ ਹੈ ਸੀਨੇ ਵਿੱਚ ਉਕਰੀ ਹੈ
ਜੋ ਸੀਨੇ ਵਿੱਚ ਨਾ ਉਕਰਨ ਉਹ ਪੈਰੀਂ ਰੁਲਦੀਆਂ ਪੱਗਾਂ
‘ਮੈਂ ਤੁਰਦਾ ਹਾਂ’ ਤੇ ‘ਬੰਦੇ ਅੰਦਰ ਕੂੜ’ ਬਾਕਮਾਲ ਗ਼ਜ਼ਲਾਂ ਹਨ।
ਦੋਹਾਂ ਗ਼ਜ਼ਲਾਂ ਦੇ ਖ਼ੂਬਸੂਰਤ ਸ਼ੇਅਰ ਪਾਠਕ ਦੀ ਰੂਹ ਨੂੰ ਧੂਹ ਪਾਉਂਦੇ ਹਨ!
ਤੇਰੀ ਪਹਿਚਾਨ ਤੇਰੇ ਨਾਲ ਹਾਲੇ ਵੀ ਨਹੀਂ ਤੁਰਦੀ
ਕਦੇ ਤੁਰਦਾ ਹੈ ਪੇਕਾ ਤੇ ਕਦੇ ਸੁਸਰਾਲ ਤੁਰਦਾ ਹੈ
ਪੁਰਾਣੇ ਦੋਸਤਾਂ ਦੀ ਦੋਸਤੀ ਦੇ ਐਨ ਵਿਚਕਾਲੇ
ਮੌਜੂਦਾ ਰੁਤਬਿਆਂ ਦਾ ਅਹੁਦਿਆਂ ਦਾ ਜਾਲ ਤੁਰਦਾ ਹੈ
ਬੰਦੇ ਅੰਦਰ ਕੂੜ ਜਿਹਾ ਭਰ ਜਾਂਦਾ ਹੈ
ਜੀਹਦੇ ਅੰਦਰਲਾ ਬੱਚਾ ਮਰ ਜਾਂਦਾ ਹੈ
ਨਾਰ ਧਰਤੀ ਹੁੰਦੀ ਹੈ ਜਰ ਲੈਂਦੀ ਹੈ
ਬੰਦਾ ਬੱਦਲ ਹੁੰਦਾ ਹੈ ਵਰ੍ਹ ਜਾਂਦਾ ਹੈ
ਕਵਿੰਦਰ ਚਾਂਦ ਦੀਆਂ ਰਚਨਾਵਾਂ ਡੂੰਘੀਆਂ ਤੇ ਬਹੁਪਰਤੀ ਹੁੰਦੀਆਂ ਹਨ ਜੋ ਉਸ ਦੇ ਹਿਰਦੇ ਦੇ ਵਲਵਲਿਆਂ ਦੀ ਸੁਹਜਮਈ ਤਰਜਮਾਨੀ ਕਰਦੀਆਂ ਹਨ ਅਤੇ ਪਾਠਕ ਦੇ ਮਨ ਉੱਪਰ ਦਾਰਸ਼ਨਿਕ ਅਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਇਸ ਪੁਸਤਕ ਦੀ ਗ਼ਜ਼ਲ ‘ਆਪੋ ਆਪਣੇ ਰੱਬ’ ਨੂੰ ਵਾਰ-ਵਾਰ ਅਤੇ ਹਰ ਵਾਰ ਪੜ੍ਹਦਿਆਂ ਤੇ ਮਾਣਦਿਆਂ ਕੁਝ ਨਾ ਕੁਝ ਨਵਾਂ ਸਿੱਖਣ ਲਈ ਮਿਲਿਆ…
ਆਪੋ ਆਪਣੇ ਰੱਬ ਬਣਾ ਕੇ ਬੈਠ ਗਏ
ਸਾਰਾ ਹਿੰਦੋਸਤਾਨ ਖਿੰਡਾ ਕੇ ਬੈਠ ਗਏ
ਕਿੱਦਾਂ ਦੇ ਸੀ ਬੀਜ ਖਿਲਾਰੇ ਕਿਰਸਾਨਾਂ
ਖੁਦਕੁਸ਼ੀਆਂ ਦੀ ਫ਼ਸਲ ਉਗਾ ਕੇ ਬੈਠ ਗਏ
ਪਹੁੰਚ ਸਕੇ ਨਾ ਜਿਹੜੇ ਕਵਿਤਾ ਤੀਕ ਕਵੀ
ਸ਼ਬਦਾਂ ਦੀ ਸ਼ਤਰੰਜ ਵਿਛਾ ਕੇ ਬੈਠ ਗਏ
ਕੋਠੇ ਜਿੱਡੀ ਹੋਈ ਮੋਈ ਨਿੱਕੋ ਦੇ
ਮਾਪੇ ਐਵੇਂ ਦਿਲ ਨੂੰ ਲਾ ਕੇ ਬੈਠ ਗਏ
ਕਵਿੰਦਰ ਚਾਂਦ ਦੀਆਂ ਦੂਸਰੀਆਂ ਰਚਨਾਵਾਂ ਵਾਂਗ ਹੀ ‘ਦਿਨਾਂ ਦੇ ਫਿਰਨ ਦਾ ਸੁਪਨਾ’ ਪੜ੍ਹਦਿਆਂ ਪਾਠਕ ਨੂੰ ਉਸ ਦੇ ‘ਹਰਫ਼ਾਂ ਦੀ ਜੁਗਲਬੰਦੀ’ ਅਤੇ ‘ਸ਼ਬਦਾਂ ਦੀ ਜਾਦੂਗਰੀ’ ਦਾ ਜਾਦੂ ਅਤੇ ਅਸਰ ਮਹਿਸੂਸ ਹੁੰਦਾ ਹੈ।
ਦਿਨਾਂ ਦੇ ਫਿਰਨ ਦਾ ਸੁਪਨਾ ਜਦੋਂ ਕੋਈ ਦਿਖਾਉਂਦਾ ਹੈ
ਮੇਰੇ ਭਾਰਤ ਦਾ ਹਰ ਮੰਗਤਾ ਬੜਾ ਹੀ ਖਿਲਖਿਲਾਉਂਦਾ ਹੈ
ਕਿਤੇ ਜੇ ਭਾਰ ਢੋਂਦਾ ਹੈ ਕਿਤੇ ਹੈ ਮਾਂਜਦਾ ਬਰਤਨ
ਆਜ਼ਾਦੀ ਦੀ ਅਸਲ ਤਸਵੀਰ ਉਹ ਬੱਚਾ ਦਿਖਾਉਂਦਾ ਹੈ
ਮਨੁੱਖ ਦਾ ਜੀਵਨ ਕਦੇ ਵੀ ਇਕਸਾਰ ਜਾਂ ਫਿਰ ਉਸ ਦੀ ਚਾਹਤ ਦੇ ਅਨੁਸਾਰ ਨਹੀਂ ਚੱਲਦਾ। ਉਤਰਾਅ-ਚੜ੍ਹਾਅ ਤੇ ਖੁਸ਼ੀ-ਗ਼ਮੀ ਜਿੰਦਗੀ ਦੇ ਰੰਗ ਹਨ। ਕਵਿੰਦਰ ਚਾਂਦ ਦਾ ਸੰਵੇਦਨਸ਼ੀਲ ਕਾਵਿ ਮਨ ‘ਉਦਾਸੇ ਅਤੇ ਰੰਗਹੀਣੇ ਜੀਵਨਾਂ’ ਵਿੱਚ ਵੀ ਆਸ ਦੀ ਕਿਰਨ ਨੂੰ ਬਰਕਰਾਰ ਰੱਖਦਾ ਹੈ। ਚੱਲਦੇ ਝੱਖੜਾਂ ਦੇ ਵਿੱਚ ਚਿਰਾਗ਼ ਬਾਲਦਾ ਹੈ…।
ਉਦਾਸੇ ਰੰਗਹੀਣੇ ਮੌਸਮਾਂ ਵਿੱਚ ਰੰਗਤਾਂ ਭਰੀਏ
ਚਲੋ ਅੱਜ ਬੱਚਿਆਂ ਦੇ ਨਾਲ ਰਲ ਕੇ ਤਿਤਲੀਆਂ ਫੜੀਏ
ਨਹੀਂ ਜੇ ਪੁੰਨਿਆ ਤਾਂ ਕੀ ਹੈ ਕੋਈ ਤੱਕ ਕੇ ਚਿਹਰਾ
ਅਧੂਰੇ ‘ਚਾਂਦ’ ਅੱਧੇ ਨੂੰ ਚਲੋ ਪੂਰਾ ਜਿਹਾ ਕਰੀਏ
ਕਵਿੰਦਰ ਚਾਂਦ ਦੀ ਵਿਲੱਖਣ ਸ਼ਾਇਰੀ ਮਨੁੱਖ ਦੀਆਂ ਸਮਾਜਿਕ, ਆਰਥਿਕ ਤੇ ਧਾਰਮਿਕ ਸਮੱਸਿਆਵਾਂ ਅਤੇ ਤ੍ਰਾਸਦੀਆਂ ਨੂੰ ਉਭਾਰਦੀ ਹੈ, ਕਲਾਮਈ ਤਨਜ਼ ਕੱਸਦੀ ਹੋਈ ਪਾਠਕ ਦੇ ਮਨ ਨੂੰ ਝੰਜੋੜਦੀ ਹੋਈ ਚਿਰਜੀਵੀ ਪ੍ਰਭਾਵ ਪਾਉਂਦੀ ਹੈ। ਆਲੇ਼-ਦੁਆਲੇ਼ ਦੇ ਵਰਤਾਰਿਆਂ, ਸ਼ੋਸ਼ਣ, ਬੇਇਨਸਾਫ਼ੀਆਂ ਤੇ ਮਨੁੱਖੀ ਦਰਦ ਦੇ ਚਿੰਤਨ ਜਾਂ ਚੇਤਨਾ ਤੋਂ ਵਿਹੂਣੀ ਸਿਰਜਣਾ ਨੂੰ ਉਹ ਮੁਕੰਮਲ ਸਿਰਜਣਾ ਨਹੀਂ ਮੰਨਦਾ!
‘ਨਵੀਂ ਹਰ ਪੈੜ ਦੇ ਵਿੱਚੋਂ’… ਇੱਕ ਸਾਰਥਕ ਸੁਨੇਹੇ ਵਾਲੀ ਬਾਕਮਾਲ ਰਚਨਾ ਹੈ।
ਨਵੀਂ ਹਰ ਪੈੜ ਦੇ ਵਿੱਚੋਂ
ਨਵਾਂ ਇੱਕ ਰਾਹ ਨਿਕਲਦਾ ਹੈ
ਇਕੱਲਾ ਆਦਮੀ ਜਦ ਕਾਫ਼ਲਾ
ਬਣ ਕੇ ਗੁਜ਼ਰਦਾ ਹੈ
ਹਵਾ ਦੇ ਨਾਲ ਜੋ ਤੁਰਿਆ
ਉਹ ਕਿਧਰੇ ਪਹੁੰਚ ਨਾ ਸਕਿਆ
ਹਵਾ ਦੇ ਉਲਟ ਤੁਰਿਆਂ ਹੀ
ਹਵਾ ਦਾ ਰੁਖ਼ ਬਦਲਦਾ ਹੈ
ਦੋਸਤੋ, ਜਦ ਲੇਖਕ ਦੀ ਰੂਹ ਦੇ ਵਲਵਲੇ, ਅਹਿਸਾਸ ਤੇ ਸੁਨੇਹੇ ਸ਼ਬਦੀ ਜਾਮਾ ਪਹਿਨ ਕੇ ਪਾਠਕ ਦੀ ਰੂਹ ਤੱਕ ਅੱਪੜ ਜਾਂਦੇ ਹਨ ਤਾਂ ਉਸ ਦੀ ਮਿਹਨਤ ਨੂੰ ਬੂਰ ਪੈਂਦਾ ਹੈ। ਲਿਖਾਰੀ ਦੀ ਲਿਖਤ ਜਾਂ ਕਿਤਾਬ ਪੜ੍ਹ ਕੇ ਜਦੋਂ ਪਾਠਕ ਚੁੰਮਦਾ ਹੈ ਤਾਂ ਲਿਖਾਰੀ ਵਾਸਤੇ ਇਸ ਤੋਂ ਵੱਡਾ ਸਨਮਾਨ ਹੋਰ ਕੀ ਹੋ ਸਕਦਾ ਹੈ? ਕਵਿੰਦਰ ਦੀਆਂ ਰਚਨਾਵਾਂ ਵਿੱਚ ਅਜਿਹੀ ਚੁੰਬਕੀ ਖਿੱਚ ਬਰਕਰਾਰ ਰਹਿੰਦੀ ਹੈ।
ਕਵੀ ਜਦੋਂ ਕਵਿਤਾ ਨੂੰ ਜਿਉਂਦਾ ਹੈ ਤਾਂ ਇਹ ‘ਕਵੀ-ਕਵਿਤਾ ਸੰਗਮ’ ਉਸ ਨੂੰ ਵਿਲੱਖਣ ਤੇ ਅਲੌਕਿਕ ਰੰਗਾਂ ਵਿੱਚ ਰੰਗ ਦਿੰਦਾ ਹੈ, ਅਮਰ ਕਰ ਜਾਂਦਾ ਹੈ। ‘ਆਪ ਮਿਲਦਾ ਹੈ’… ਦੀਆਂ ਖ਼ੂਬਸੂਰਤ ਲਾਈਨਾਂ ਵਿੱਚ ਕਵਿੰਦਰ ਚਾਂਦ ਕਹਿ ਰਿਹਾ ਹੈ…
ਮਦੀਨੇ ਤੂੰ ਚਲਾ ਜਾਵੀਂ
ਹੁਸੈਨੀਵਾਲ ਮੈਂ ਜਾਵਾਂ
ਸ਼ਹੀਦਾਂ ਦੀ ਮੜ੍ਹੀ ਉਤੇ
ਪੈਗੰਬਰ, ਆਪ ਮਿਲਦਾ ਹੈ
ਅਲੱਗ ਹੁੰਦੀ ਨਹੀਂ ਕਵਿਤਾ
ਕਵੀ ਤੋਂ, ਮਰਨ ਪਿੱਛੋਂ ਵੀ
ਕਿਤਾਬਾਂ ਦੇ ਹਰਕਿ ਪੰਨੇ ‘ਤੇ
ਸ਼ਾਇਰ, ਆਪ ਮਿਲਦਾ ਹੈ
ਬਾਕਮਾਲ ਰਚਨਾ ‘ਮਰਦੇ ਕਾਮਿਲ ਕੌਣ ਹੈ’ ਦਾ ਅੱਖਰ ਅੱਖਰ ਖ਼ੁਦ-ਬ-ਖ਼ੁਦ ਬੋਲ ਰਿਹਾ ਹੈ, ਪਾਠਕਾਂ ਨਾਲ ਸਾਂਝਾਂ ਪਾ ਰਿਹਾ ਹੈ, ਕਾਬਲੇ-ਗ਼ੌਰ ਸੁਨੇਹਾ ਦੇ ਰਿਹਾ ਹੈ… ਅਤੇ ਮਨੁੱਖੀ ਮਨ ਦੇ ਫੋਕੇ ਵਹਿਮ-ਭਰਮ ਦੌੜਾ ਰਿਹਾ ਹੈ…
ਕੌਣ ਹੈ ਸਾਬਤਾ ਸਬੂਤਾ, ਮਰਦੇ ਕਾਮਿਲ ਕੌਣ ਹੈ ?
ਹਰ ਕੋਈ ਅੱਧਾ ਅਧੂਰਾ ਹੈ, ਮੁਕੰਮਲ ਕੌਣ ਹੈ ?
ਫਿਰ ਰਹੇ ਨੇ ਲੋਕ ਲੱਖਾਂ, ਸਿਰ ਤਲੀ ‘ਤੇ ਰੱਖ ਕੇ
ਦੇਖਣਾ ਇਹ ਹੈ ਸ਼ਹਾਦਤ ਦੇਣ ਕਾਬਲ ਕੌਣ ਹੈ ?
ਗੱਲ ਕਰਦਾ ਹੈ ਵਫ਼ਾ ਦੀ, ਅਣਖ ਦੀ, ਇਖ਼ਲਾਕ ਦੀ
ਸ਼ਹਿਰ ਅੰਦਰ ਘੁੰਮਦਾ ਫਿਰਦਾ ਇਹ ਪਾਗਲ ਕੌਣ ਹੈ ?
ਸੰਵੇਦਨਸ਼ੀਲ ਕਾਵਿ-ਮਨ, ਉਸ ਦੇ ਬੋਲਾਂ ਦਾ ਤੇ ਲਫ਼ਜ਼ਾਂ ਦਾ ਰਿਸ਼ਤਾ ਬੜਾ ਮੁਹੱਬਤੀ ਹੁੰਦਾ ਹੈ। ਖ਼ੂਬਸੂਰਤ ਪੁਸਤਕ ‘ਕਣ ਕਣ’ ਨੂੰ ‘ਬੰਦ’ ਕਰਦਿਆਂ ਹੋਇਆਂ ਵੀ ਕਵਿੰਦਰ ਚਾਂਦ ਇੰਜ ‘ਖੁੱਲ੍ਹੀ’ ਰਹਿਣ ਦਿੰਦਾ ਹੈ…
ਤੇਰਾ ਮੁੱਲ ਕੀ ? ਤੇਰੀ ਜ਼ਾਤ ਕੀ ?
ਤੂੰ ਕਵੀ ਹੈਂ ਤੇਰੀ ਔਕਾਤ ਕੀ ?
ਉਨ੍ਹਾਂ ਭਾਅ ਤਾਂ ਲਾਇਆ ਸੀ ਬਹੁਤ ਪਰ
ਮੇਰੀ ਕਲਮ ਹਰਗਿਜ਼ ਰੁਕੀ ਨਹੀਂ
ਮੈਂ ਹਾਂ ਜਾਮ ਕਵਿਤਾ ਦੇ ਪੀ ਰਿਹਾ
ਹਾਂ ਇਸੇ ਸਹਾਰੇ ਹੀ ਜੀ ਰਿਹਾ
ਜਿਹੜੀ ਇਸ ਤੋ ਜ਼ਿਆਦਾ ਨਸ਼ਾ ਕਰੇ
ਉਹ ਸ਼ਰਾਬ ਹਾਲੇ ਬਣੀ ਨਹੀਂ
ਦੋਸਤੋ, ਤੁਸੀਂ ਸਭ ਜਾਣਦੇ ਹੋ ਕਿ ਪੁਸਤਕ ਪੜ੍ਹਦਿਆਂ ਜਦ ਕੋਈ ਰਚਨਾ ਮਨ ਨੂੰ ਭਾਅ ਜਾਂਦੀ ਹੈ ਅਤੇ ਰੂਹ ਨੂੰ ਧੂਹ ਪਾ ਜਾਂਦੀ ਹੈ… ਤਾਂ ਉਹ ਜਾਂਦੀ-ਜਾਂਦੀ ਖ਼ੁਦ-ਬ-ਖ਼ੁਦ ਵਰਕਾ ਮੋੜ ਜਾਂਦੀ ਹੈ। ‘ਕਣ ਕਣ’ ਪੁਸਤਕ ਦੇ ਸਿਰੇ ਤੋਂ ਸਿਰੇ ਤੀਕਰ ਪਹੁੰਚਦਿਆਂ ਮੈਨੂੰ ਮਹਿਸੂਸ ਹੋਇਆ ਕਿ ਇਹਦੇ ਸਾਰੇ ਦੇ ਸਾਰੇ ਪੰਨੇ ਮੁੜਨ ਨੂੰ ਕਾਹਲ਼ੇ ਪਏ ਨੇ..!
ਦੋਸਤੋ, ਪੁਸਤਕ ਵਿੱਚ ਸ਼ਾਮਲ ਸਾਰੀਆਂ ਰਚਨਾਵਾਂ ਦਾ ਜ਼ਿਕਰ ਕਰਦਿਆਂ ਤਾਂ ਇਹ ‘ਪੜਚੋਲ’ ਇੱਕ ਹੋਰ ‘ਪੁਸਤਕ’ ਬਣ ਜਾਵੇਗੀ। ਪੰਜਾਬੀ ਸਾਹਿਤ ਦੇ ਪਾਠਕਾਂ ਅਤੇ ਪ੍ਰੇਮੀਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਕਵਿੰਦਰ ਚਾਂਦ ਇੱਕ ਸਮਰੱਥ ਸ਼ਾਇਰ ਹੋਣ ਦੇ ਨਾਲ ਨਾਲ ਮੁਹੱਬਤੀ ਅਤੇ ਵਧੀਆ ਇਨਸਾਨ ਵੀ ਹੈ, ਜੋ ਉਸ ਨੂੰ ‘ਅਧੂਰੇ’ ਚਾਂਦ ਤੋਂ ‘ਪੂਰਾ’ ਚਾਂਦ ਬਣਾ ਜਾਂਦਾ ਹੈ। ਮੈਂ ਕਿਸੀ ਸ਼ਰਧਾ ਵੱਸ ਨਹੀਂ ਲਿਖ ਰਿਹਾ, ਪਰ ਇਸ ਗ਼ਜ਼ਲ ਸੰਗ੍ਰਹਿ ਅਤੇ ਕਵਿੰਦਰ ਚਾਂਦ ਦੀ ਵਡਮੁੱਲੀ ਸਾਹਿਤਕ ਦੇਣ ਦੀ ਪ੍ਰਸੰਸਾ ਕਰਨੀ ਬਣਦੀ ਹੈ !
ਜ਼ਿੰਦਗੀ ਜ਼ਿੰਦਾਬਾਦ।
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1833
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →