7 May 2026

“ਲਾਕਡਾਊਨ ਅਲਫਾ”,…ਆਫ਼ਤਾਂ, ਰਿਸ਼ਤਿਆਂ ਤੇ ਦੋਸਤੀਆਂ ਸੰਗ ਜੂਝਦੇ ਇਨਸਾਨ ਦੀ ਵਿਲੱਖਣ ਦਾਸਤਾਨ! — ਡਾ. ਕੁਲਵਿੰਦਰ ਸਿੰਘ ਬਾਠ

ਇਸ ਵਾਰ ਕੰਮ-ਕਾਰ ਸਬੰਧਿਤ ਕਾਨਫਰੰਸ ‘ਤੇ ਨਿਕਲਣ ਤੋਂ ਪਹਿਲਾਂ ਪੰਜਾਬੀ ਦੇ ਸਮਰੱਥ ਸ਼ਾਇਰ ‘ਤ੍ਰੈਲੋਚਨ ਲੋਚੀ’ ਦੀ ਤੀਸਰੀ ਨਜ਼ਰ ਦੇ ਕਮਾਲ ਵਾਲੀਆਂ ਸਤਰਾਂ ਯਾਦ ਆਈਆਂ…

ਲੰਮੇ ਸਫ਼ਰ ‘ਤੇ
ਚੱਲੇ ਹੋ
ਕੋਈ ਖ਼ੂਬਸੂਰਤ
ਕਿਤਾਬ ਵੀ ਲੈ ਚੱਲੋ ਨਾਲ
ਜ਼ਰੂਰੀ ਤਾਂ ਨਹੀਂ
ਕਿ ਸਫ਼ਰ ਵਿੱਚ
ਕਿਤਾਬਾਂ ਵਰਗੇ ਲੋਕ ਮਿਲਣ…

ਨਿੱਜੀ ਲਾਇਬਰੇਰੀ ਵਿੱਚੋਂ ਖ਼ੂਬਸੂਰਤ ਕਿਤਾਬ “ਲਾਕਡਾਊਨ ਅਲਫਾ” ਨੂੰ ਬੈਗ ਵਿੱਚ ਪਾਇਆ… ਤੇ ਜਹਾਜ਼ੇ ਚੜ੍ਹ ਗਿਆ। ਉਕਾਉਣ ਅਤੇ ਥਕਾਉਣ ਵਾਲੀ ਅੰਬਰੀ ਉਡਾਨ ਦੌਰਾਨ ‘ਅਜ਼ੀਜ਼ ਦੋਸਤ’ ਵਰਗੀ ਇਸ ਪੁਸਤਕ ਨੂੰ ਪੜ੍ਹ ਕੇ ਮੈਂ ਆਪਣੇ ਮਨ ਵਿੱਚ ਡਾ. ਕਰਨੈਲ ਸ਼ੇਰਗਿੱਲ ਦਾ ਧੰਨਵਾਦ ਕਰਨੋਂ ਨਾ ਰਹਿ ਸਕਿਆ। ਲਾਕਡਾਊਨ ਅਲਫਾ ਨੇ ਅੱਧ ਅਸਮਾਨੀ ਮੇਰੇ ਮਨ ਨੂੰ ਲਾਕਡਾਉਨ ਕਰ ਲਿਆ ਅਤੇ ਲੰਮਾ ਸਫ਼ਰ ਦਿਲਚਸਪ ਅਤੇ ਰਮਣੀਕ ਹੋ ਨਿਬੜਿਆ। ਮਹਾਂਮਾਰੀਆਂ ਤੇ ਆਫ਼ਤਾਂ ਦੌਰਾਨ ਜੂਝਦਿਆਂ ਮਨੁੱਖੀ ਰਿਸ਼ਤਿਆਂ ਅਤੇ ਦੋਸਤਾਂ-ਮਿੱਤਰਾਂ ਦੇ ਆਪਸੀ ਪਿਆਰ ਦੇ ਤਾਣੇ-ਬਾਣੇ ਦੀਆਂ ਨਾਜ਼ੁਕ ਤੇ ਤਿੜਕਦੀਆਂ ਤੰਦਾਂ ਬਾਰੇ ਵੀ ਕੁਝ ਸਿੱਖਣ ਲਈ ਮਿਲਿਆ।

ਡਾ. ਕਰਨੈਲ ਸ਼ੇਰਗਿੱਲ ਦਾ ਪੰਜਾਬੀ ਸਾਹਿਤ ਨਾਲ ਇਸ਼ਕ

ਬਹੁ-ਪੱਖੀ, ਬਹੁ-ਵਿਧਾਵੀ ਅਤੇ ਪ੍ਰਮਾਣਿਕ ਰਚਨਾਕਾਰ ਡਾ. ਕਰਨੈਲ ਸਿੰਘ ਸ਼ੇਰਗਿੱਲ ਬਰਤਾਨਵੀ ਪੰਜਾਬੀ ਸਾਹਿਤ ਦਾ ਚਮਕਦਾ ਸਿਤਾਰਾ ਹੈ। ਕਹਾਣੀ ਅਤੇ ਕਵਿਤਾ ਲਿਖਦਿਆਂ-ਲਿਖਦਿਆਂ ਨਾਵਲ ਸਿਰਜਣਾ ਵੱਲ ਨੂੰ ਮੋੜ ਕੱਟ ਲਿਆ। ਮੈਡੀਕਲ ਕਿੱਤੇ ਨਾਲ ਸਬੰਧਿਤ ਡਾ. ਸ਼ੇਰਗਿੱਲ ਨੂੰ ਚੜ੍ਹਦੀ ਜਵਾਨੀ ਵੇਲੇ ਦਾ ਸਾਹਿਤ ਨਾਲ ਜਾਗਿਆ ਇਸ਼ਕ ਅੱਜ ਵੀ ਪੂਰੇ ਜੋਬਨ ‘ਤੇ ਹੈ। ਉਨ੍ਹਾਂ ਦੀ ਸਾਹਿਤ ਸਿਰਜਣ ਪ੍ਰਕਿਰਿਆ ਅੱਜ ਵੀ ਨਿਰੰਤਰਤਾ ਨਾਲ ਜਾਰੀ ਹੈ। ਮੁਖਤਾਰ ਗਿੱਲ, ਪ੍ਰਮਿੰਦਰਜੀਤ, ਮੋਹਨਜੀਤ, ਡਾ. ਰਵਿੰਦਰ, ਡਾ. ਬਲਜੀਤ ਢਿੱਲੋਂ ਅਤੇ ਕਈ ਹੋਰ ਸੁਲਝੇ ਹੋਏ ਸ਼ਖ਼ਸ ਡਾ. ਕਰਨੈਲ ਸ਼ੇਰਗਿੱਲ ਦੇ ਸਾਹਿਤਕ ਪੈਂਡਿਆ ਦੇ ਹਮਸਫ਼ਰ ਬਣੇ।

ਡਾ. ਸ਼ੇਰਗਿੱਲ ਦੀ ਸਾਹਿਤਕ ਸਿਰਜਣਾ ਉੱਪਰ ਪੰਛੀ ਛਾਤ ਮਾਰੀਏ ਤਾਂ ਉਹ ਹੁਣ ਤੱਕ 1 ਕਹਾਣੀ ਸੰਗ੍ਰਹਿ, 2 ਕਾਵਿ ਸੰਗ੍ਰਹਿ, 2 ਨਾਵਲ ਲਿਖ ਚੁੱਕੇ ਹਨ। ਇਸ ਦੇ ਨਾਲ ਹੀ ਆਪਣੇ ਕਿੱਤੇ ਨਾਲ ਸਬੰਧਿਤ ਅਨੇਕਾਂ ਖੋਜ ਪੱਤਰ ਅਤੇ ਕੁਝ ਕੁ ਕਿਤਾਬਾਂ ਵੀ ਲਿਖੀਆਂ ਹਨ।

ਪੰਜਾਬੀ ਦੇ ਮਿਆਰੀ ਤੇ ਮਨ-ਭਾਉਂਦੇ ਮੈਗਜ਼ੀਨ ‘ਅੱਖਰ’ ਦੇ ਮੋਢੀ ਹਨ ਅਤੇ ਅੱਜ ਤੱਕ ਤਨ-ਮਨ ਤੇ ਧੰਨ ਨਾਲ ਅੱਗੇ ਵੀ ਤੋਰ ਰਹੇ ਹਨ। ਦੇਸ-ਪਰਦੇਸ ਦੀਆਂ ਸਾਹਿਤਿਕ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਮਿਆਰੀ ਮੈਗਜ਼ੀਨਾਂ ਦੀ ਸ਼ਾਨ ਬਣਦੀਆਂ ਹਨ। ਇਹ ਉਨ੍ਹਾਂ ਦੀ ਬੌਧਿਕ ਅਤੇ ਭਾਵਨਾਤਮਕ ਬਿਰਤੀ ਦੇ ਸੰਗਮ ਦਾ ਕ੍ਰਿਸ਼ਮਾ ਹੈ।

ਲਾਕਡਾਊਨ ਅਲਫਾ’…

ਆਫ਼ਤਾਂ, ਰਿਸ਼ਤਿਆਂ ਤੇ ਦੋਸਤੀਆਂ ਸੰਗ ਜੂਝਦੇ ਇਨਸਾਨ ਦੀ ਵਿਲੱਖਣ ਦਾਸਤਾਨ!

ਕੋਵਿਡ -19, ਕੋਰੋਨਾ ਵਾਇਰਸ, ਕੁਆਰੰਟੀਨ, ਵੈਂਟੀਲੇਟਰ ਜਾਂ ਲਾਕਡਾਊਨ ਦਾ ਨਾਮ ਲੈਂਦਿਆਂ-ਸੁਣਦਿਆਂ ਹੀ ਇਸ ਸਦੀ ਦੀ ਭਿਆਨਕ ਮਹਾਂਮਾਰੀ ਦੀ ਤਬਾਹਕੁੰਨ ਯਾਦ ਮਨ ਦੇ ਕੈਨਵਸ ਵਿੱਚੋਂ ਨਿਕਲ ਅੱਖਾਂ ਸਾਹਵੇਂ ਆ ਜਾਂਦੀ ਹੈ। ਭਾਵੇਂ ਇਹੋ ਜਿਹੀਆਂ ਤਬਾਹੀਆਂ ਕਦੇ ਕਦੇ ਹੀ ਆਉਂਦੀਆਂ ਹਨ, ਪਰ ਜਦ ਆਉਂਦੀਆਂ ਹਨ ਤਾਂ ਸਭ ਹੱਦਾਂ ਬੰਨੇ ਪਾਰ ਕਰ ਜਾਂਦੀਆਂ ਹਨ। ਇੱਕ ਮੈਡੀਕਲ ਪ੍ਰੋਫੈਸ਼ਨਲ ਹੁੰਦਿਆਂ, ਡਾ. ਸ਼ੇਰਗਿੱਲ ਨੇ ਨਿਰਸੰਦੇਹ ਕੋਵਿਡ -19 ਮਹਾਂਮਾਰੀ ਨੂੰ ਬੜੀ ਸੂਖ਼ਮਤਾ ਅਤੇ ਮਨੋਵਿਗਿਆਨਕ ਨਜ਼ਰੀਏ ਨਾਲ ਵਾਚਿਆ। ਇਸ ਵਰਤਾਰੇ ਦੀਆਂ ਪਰਤਾਂ ਨੂੰ ਫਰੋਲਿਆ, ਘੋਖਿਆ, ਜਾਣਿਆ ਅਤੇ ਸਮਝਿਆ। ਇਸ ਪ੍ਰਕਿਰਿਆ ਵਿੱਚੋਂ ਨਾਵਲ ‘ਲਾਕਡਾਊਨ ਅਲਫਾ’ ਪੁੰਗਰਿਆ। ਨਾਵਲ ਦੀ ਸਿਰਜਣਾ ਦੌਰਾਨ ਲੇਖਕ ਖ਼ੁਦ ਕੋਰੋਨਾ ਦੇ ਕਹਿਰ ਨੂੰ ਅਤੇ ਇਸ ਕਹਿਰ ਦੇ ਮਨੁੱਖੀ ਰਿਸ਼ਤਿਆਂ ਅਤੇ ਸਬੰਧਾਂ ਦੇ ਤਾਣਿਆਂ ਬਾਣਿਆਂ ਉੱਪਰ ਪੈਂਦੇ ਪ੍ਰਭਾਵ ਨੂੰ ਦੇਖ ਰਿਹਾ ਸੀ, ਮਹਿਸੂਸ ਕਰ ਰਿਹਾ ਸੀ ਅਤੇ ਹੰਢਾ ਵੀ ਰਿਹਾ ਸੀ।

ਪ੍ਰੀਤ ਪਬਲੀਕੇਸ਼ਨ, ਨਾਭਾ ਵੱਲੋਂ ਪ੍ਰਕਾਸ਼ਤ 160 ਪੰਨਿਆਂ ਦੇ ਨਾਵਲ ਨੂੰ ਡਾ. ਸ਼ੇਰਗਿੱਲ ਨੇ ਨਾਵਲ ਦੇ ਪਾਤਰਾਂ ਨੂੰ ਹੀ ਸਮਰਪਿਤ ਕੀਤਾ ਹੈ। ਨਾਵਲ ਨੂੰ 41 ਕਾਂਡਾਂ ਵਿੱਚ ਵੰਡਿਆ ਹੋਇਆ ਹੈ।

ਖ਼ੂਬਸੂਰਤ ਸਰਵਰਕ ਨਾਲ ਸ਼ਿੰਗਾਰਿਆ ‘ਲਾਕਡਾਊਨ ਅਲਫਾ’ ਕਰਨਵੀਰ (ਕਰਨ), ਮਨਵੀਰ, ਅੰਮ੍ਰਿਤਾ, ਜੈਸਿਕਾ ਅਤੇ ਹਰਜਿੰਦਰ (ਹੈਰੀ) ਦੇ ਜੀਵਨ ਤੇ ਕੇਂਦ੍ਰਿਤ ਹੈ। ਨਾਵਲ ਵਿੱਚ ਪਬਲਿਕ ਲਾਕਡਾਊਨ ਦਾ ਵਰਤਾਰਾ, ਇੱਕ-ਪਾਸੜ ਮੁਹੱਬਤ, ਜਾਤ-ਪਾਤ ਤੇ ਅਮੀਰ-ਗਰੀਬ ਦਾ ਹੰਕਾਰ, ਪੂੰਜੀਵਾਦ-ਸਮਾਜਵਾਦ ਦੀ ਸੋਚ ਦਾ ਟਕਰਾਅ, ਬੇਵਫ਼ਾਈ, ਜਾਇਦਾਦਾਂ ਤੇ ਪਦਾਰਥਾਂ ਦਾ ਮੋਹ, ਮੈਟਾਫੋਰ ਅਤੇ ਸਭ ਤੋਂ ਮਹੱਤਵਪੂਰਨ ਮਨੁੱਖ ਦਾ ‘ਸਟਾਕਿੰਗ’ ਵਿਵਹਾਰ ਉੱਭਰ ਕੇ ਆਉਂਦਾ ਹੈ।

ਲਾਕਡਾਊਨ ਦੀ ਹੀ ਗੱਲ ਕਰੀਏ ਤਾਂ ਪਾਠਕ ਦੇ ਤੌਰ ਤੇ ਮੈਨੂੰ ਇਸ ਪੁਸਤਕ ਵਿੱਚ ਕਈ ਲਾਕਡਾਊਨ ਸਮਾਨ-ਅੰਤਰ ਚਲਦੇ ਮਹਿਸੂਸ ਹੋਏ…

  • ‘ਕਰੋਨਾ ਲਾਕਡਾਊਨ’ ਜੋ ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਦੀ ਸੁਰੱਖਿਆ ਵਾਸਤੇ ਅਤੇ ਲੋਕਾਂ ਉਪਰ ਲਗਾਇਆ ਗਿਆ,
  • ‘ਅੰਮ੍ਰਿਤਾ ਲਾਕਡਾਊਨ’ ਜੋ ਅੰਮ੍ਰਿਤਾ ਨੇ ਕਰਨਵੀਰ ਅਤੇ ਜੈਸਿਕਾ ਦੇ ਇਕੱਠਿਆਂ ਜੀਵਨ ਬਤੀਤ ਕਰਨ ਉੱਪਰ ਲਾਇਆ,
  • ਅੰਮ੍ਰਿਤਾ ਲਾਕਡਾਊਨ’ ਜੋ ਅੰਮ੍ਰਿਤਾ ਨੇ ਕਰਨ ਅਤੇ ਜੈਸਿਕਾ ਨੂੰ ਚਰਚ ਦੇ ਕਨਫੈਸ਼ਨ ਬਾਕਸ ਵਿੱਚ ਬੰਦ ਕਰਕੇ ਲਾਇਆ ਅਤੇ…
  • ‘ਕਰਨ-ਜੈਸਿਕਾ ਲਾਕਡਾਊਨ’ ਜੋ ਚਾਹੁੰਦਿਆਂ ਹੋਇਆਂ ਵੀ ‘ਵਾਇਰਸ ਦੇ ਵੇਰੀਐਂਟ’ ਵਾਂਗ ਰੰਗ ਬਦਲਦੀ ਅਤੇ ਲੂੰਬੜ-ਚਾਲ ਚਲਦੀ ਅੰਮ੍ਰਿਤਾ ਉੱਪਰ ਉਹ ਕਦੇ ਲਗਾ ਹੀ ਨਾ ਸਕੇ!

ਨਾਵਲ ਵਿੱਚ ਕਰਨ, ਮਨਵੀਰ ਅਤੇ ਅੰਮ੍ਰਿਤਾ ਦੀ ਸਕੂਲ ਸਮੇਂ ਤੋਂ ਸ਼ੁਰੂ ਹੋਈ ਗੂੜ੍ਹੀ ਦੋਸਤੀ ਕਈ ਕਰਵਟਾਂ ਬਦਲਦੀ ਹੈ। ਤਿੰਨੋਂ ਮੈਡੀਕਲ ਡਾਕਟਰ ਹਨ। ਕਰਨ ਇੰਗਲੈਂਡ ਵਿੱਚ ਅਤੇ ਅੰਮ੍ਰਿਤਾ ਤੇ ਮਨਵੀਰ ਪੰਜਾਬ ਵਿੱਚ। ਅੰਮ੍ਰਿਤਾ ਇਸ ਦੋਸਤੀ ਦਾ ਪੈਰ-ਪੈਰ ‘ਤੇ ਨਾਜਾਇਜ਼ ਫਾਇਦਾ ਉਠਾਉਂਦੀ ਹੈ, ਉਠਾਉਣਾ ਚਾਹੁੰਦੀ ਹੈ ਅਤੇ ਇਸ ਕੋਸ਼ਿਸ਼ ਵਿੱਚ ਵੀ ਰਹਿੰਦੀ ਹੈ।

ਤਿੰਨਾਂ ਨੇ ਮੈਡੀਕਲ ਕਾਲਜ ਦੀ ਪੜ੍ਹਾਈ ਵੀ ਇਕੱਠਿਆਂ ਮੁਕੰਮਲ ਕੀਤੀ।

ਅੰਮ੍ਰਿਤਾ ਕਰਨ ਨੂੰ ਇਕ-ਪਾਸੜ ਪਿਆਰ ਕਰਦੀ ਹੈ। ਉਸ ਨੂੰ ਹਾਸਲ ਕਰਨ ਲਈ ਸਾਰੀ ਉਮਰ ਜੱਦੋ-ਜਹਿਦ ਕਰਦੀ ਹੈ ਅਤੇ ਹਰ ਤਰਾਂ ਦੇ ਹੱਥ ਕੰਡੇ ਅਜ਼ਮਾਉਂਦੀ ਹੈ। ਕਰਨ ਉਸ ਨੂੰ ਪਿਆਰ ਨਹੀਂ ਕਰਦਾ। ਦੂਸਰੇ ਪਾਸੇ, ਮਨਵੀਰ ਅੰਮ੍ਰਿਤਾ ਨੂੰ ਇੱਕ-ਪਾਸੜ ਪਿਆਰ ਕਰਦਾ ਹੈ ਅਤੇ ਉਹ ਉਸ ਨੂੰ ਪਾਉਣ ਲਈ ਜੱਦੋ-ਜਹਿਦ ਕਰਦਾ ਹੈ।

ਮਨਵੀਰ ਨੂੰ ਇਸ ਗੱਲ ਦਾ ਵੀ ਇਲਮ ਹੈ ਕਿ ਅੰਮ੍ਰਿਤਾ ਉਸ ਨਾਲ ਬਿਲਕੁਲ ਪਿਆਰ ਨਹੀਂ ਕਰਦੀ, ਬਲਕਿ, ਉਹ ਕਰਨ ਨੂੰ ਆਪਣਾ ਪ੍ਰੇਮੀ ਧਾਰ ਬੈਠੀ ਹੈ। ਖ਼ੂਬਸੂਰਤ ਲੜਕੀ ਅੰਮ੍ਰਿਤਾ ਇੱਕ ਅਮੀਰ ਘਰਾਣੇ ਨਾਲ ਸਬੰਧ ਰੱਖਦੀ ਹੈ। ਉਸ ਦਾ ਪਾਲਣ ਪੋਸ਼ਣ ਵੀ ਉਸੇ ਹਿਸਾਬ ਨਾਲ ਹੋਇਆ ਹੈ। ਵਧੀਆ ਗੱਡੀਆਂ ਕਾਰਾਂ ਵਿੱਚ ਘੁੰਮਣਾ, ਐਸ਼ ਆਰਾਮ ਅਤੇ ਰਾਜਿਆਂ ਵਰਗੀ ਜ਼ਿੰਦਗੀ ਜੀਵਣਾ ਉਸ ਦਾ ਜੱਦੀ ਪੁਰਸ਼ੀ ਹਾਸਲ ਸੀ।

ਕਰਨ ਅਤੇ ਮਨਵੀਰ ਇੱਕੋ ਪਿੰਡ ਦੇ ਵਸਨੀਕ ਹਨ। ਮਨਵੀਰ ਤਕੜੇ ਘਰਾਣੇ ਨਾਲ ਸਬੰਧ ਰੱਖਦਾ ਹੈ। ਉਸ ਦਾ ਬਾਪ ਇੱਕ ਹੰਕਾਰੀ ਰਿਟਾਇਰਡ ਮਿਲਟਰੀ ਅਫ਼ਸਰ ਹੈ ਜੋ ਕਰਨ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਅਤੇ ਹਮੇਸ਼ਾ ਪਿੰਡ ਵਾਲਿਆਂ ਨੂੰ ਕਹਿੰਦਾ ਰਹਿੰਦਾ ਹੈ ਕਿ ਡਾਕਟਰ ਸਿਰਫ ਮਨਵੀਰ ਹੀ ਬਣੇਗਾ। ਕਰਨ ਦਾ ਬਾਪ ਕੱਪੜੇ ਦਾ ਵਿਉਪਾਰੀ ਹੈ। ਨੀਵੀਂ ਜਾਤ ਦਾ ਹੋਣ ਕਰਕੇ ਉਸ ਨਾਲ ਅਤੇ ਕਰਨ ਨਾਲ ਵੀ ਜਾਤ-ਪਾਤ ਦਾ ਵਿਤਕਰਾ ਹੁੰਦਾ ਹੈ। ਹਾਲਾਂਕਿ ਕਰਨ ਅੰਮ੍ਰਿਤਾ ਨੂੰ ਪਿਆਰ ਨਹੀਂ ਕਰਦਾ, ਪਰ ਉਸ ਦੀ ਜਾਤ ਕਰਕੇ ਅੰਮ੍ਰਿਤਾ ਦੇ ਮਾਪੇ ਉਸ ਦਾ ਵਿਆਹ ਮਨਵੀਰ ਨਾਲ ਕਰਦੇ ਹਨ।

ਮੈਡੀਕਲ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਕਰਨ ਇੰਟਰਨਸ਼ਿਪ ਲਈ ਦਿੱਲੀ ਚਲੇ ਜਾਂਦਾ ਹੈ। ਇਸੇ ਦੌਰਾਨ ਮਨਵੀਰ ਅਤੇ ਅੰਮ੍ਰਿਤਾ ਦੀ ਸ਼ਾਦੀ ਵੀ ਹੋ ਜਾਂਦੀ ਹੈ। ਇੰਟਰਨਸ਼ਿਪ ਪੂਰੀ ਕਰਕੇ ਅਗਲੀ ਪੜ੍ਹਾਈ ਵਾਸਤੇ ਕਰਨ ਇੰਗਲੈਂਡ ਚਲਾ ਜਾਂਦਾ ਹੈ। ਕਰਨ ਦਾ ਇੰਗਲੈਂਡ ਵਿੱਚ ਪਰਵਾਸੀ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਉੱਥੇ ਕਰਨ ਨੂੰ ਉਸ ਦੇ ਬਾਪ ਦਾ ਪੁਰਾਣਾ ਦੋਸਤ ਹਰਜਿੰਦਰ (ਹੈਰੀ) ਆਸਰਾ ਦਿੰਦਾ ਹੈ। ਹਰਜਿੰਦਰ ਇੱਕ ਤਕੜਾ ਪ੍ਰਾਪਰਟੀ ਡੀਲਰ ਹੈ ਜਿਸ ਨੇ ਆਪਣੀ ਸਖ਼ਤ ਮਿਹਨਤ ਨਾਲ ਰੀਅਲ ਇਸਟੇਟ ਦਾ ਵਧੀਆ ਕਾਰੋਬਾਰ ਖੜ੍ਹਾ ਕੀਤਾ ਹੈ। ਉਸ ਦੀ ਪਹਿਲੀ ਪਤਨੀ ਜਲਦੀ ਹੀ ਇਸ ਸੰਸਾਰ ਤੋਂ ਚਲੀ ਗਈ। ਕਹਿੰਦੇ ਹਨ ਕਿ ਵਿਛੜਨ ਵਾਲੀਆਂ ਮੁਹੱਬਤੀ ਰੂਹਾਂ ਕਦੇ ਵੀ ਪੂਰਨ ਰੂਪ ਵਿੱਚ ਨਹੀਂ ਵਿਛੜਦੀਆਂ। ਪਤਨੀ ਦੇ ਜਾਣ ਦਾ ਗ਼ਮ ਉਸ ਨੂੰ ਉਮਰ ਭਰ ਸਤਾਉਂਦਾ ਰਹਿੰਦਾ ਹੈ। ਇੱਕੋ ਇੱਕ ਬੇਟਾ ਪੰਜਾਬ ਵਿੱਚ ਰਹਿੰਦਿਆਂ ਜਵਾਨ ਹੋਇਆ।

ਜਿੰਦਗੀ ਜਿਉਣ ਲਈ ਹਰਜਿੰਦਰ ਨੇ ਸਾਇਰਾ ਨਾਮ ਦੀ ਗੋਰੀ ਨਾਲ ਦੂਸਰੀ ਸ਼ਾਦੀ ਕਰ ਲਈ। ਉਸ ਤੋਂ ਇੱਕ ਬੇਟੀ ਪੈਦਾ ਹੋਈ, ਜਿਸ ਦਾ ਨਾਮ ਜੈਸਿਕਾ ਰੱਖਿਆ। ਵੱਡੇ ਹੋ ਕੇ ਜੈਸਿਕਾ ਨੇ ਡਾਕਟਰੀ ਦੀ ਪੜ੍ਹਾਈ ਕੀਤੀ। ਜੈਸਿਕਾ ਨਾਲ ਕਰਨ ਨੂੰ ਪਹਿਲੀ ਨਜ਼ਰੇ ਪਿਆਰ ਹੋ ਜਾਂਦਾ ਹੈ ਅਤੇ ਆਖ਼ਰ ਦੋਵੇਂ ਜੀਵਨ ਸਾਥੀ ਬਣ ਜਾਂਦੇ ਹਨ। ਕਰਨ ਅਤੇ ਜੈਸਿਕਾ ਦੀ ਮੁਹੱਬਤ ਅਤੇ ਪਤੀ-ਪਤਨੀ ਦਾ ਰਿਸ਼ਤਾ ਅੰਮ੍ਰਿਤਾ ਨੂੰ ਪਸੰਦ ਨਹੀਂ ਹੈ। ਕਰਨ ਦੇ ਨਾਲ ਇਕ ਪਾਸੜ ਮੁਹੱਬਤ ਹੁੰਦਿਆਂ ਵੀ ਅਮ੍ਰਿਤਾ ਉਸ ਦੀ ਜ਼ਿੰਦਗੀ ਉੱਪਰ ਆਪਣਾ ਪੂਰਾ ਅਧਿਕਾਰ ਜਮਾਉਣਾ ਚਾਹੁੰਦੀ ਹੈ।

ਹਰਜਿੰਦਰ ਪਾਸ ਇੰਗਲੈਂਡ ਦੇ ਵਧੀਆ ਸ਼ਹਿਰ ਦੇ ਬਿਹਤਰੀਨ ਇਲਾਕੇ ਵਿੱਚ ‘ਪੈਰਾਡਾਈਜ਼ ਪੈਲਸ’ ਨਾਮ ਦਾ ਮਹਿਲ ਵਰਗਾ ਘਰ ਹੈ। ਪਰ ਕਰਨ ਨੂੰ ਵਿਆਹ ਤੋਂ ਬਾਅਦ ਘਰ ਜਵਾਈ ਬਣ ਕੇ ਰਹਿਣਾ ਚੰਗਾ ਨਹੀਂ ਲੱਗਦਾ। ਹਰਜਿੰਦਰ ਦੀ ਪਤਨੀ ਸਾਇਰਾ ਵੀ ਕਰਨ ਦਾ ਇਸ ਘਰ ਵਿੱਚ ਰਹਿਣਾ ਪਸੰਦ ਨਹੀਂ ਕਰਦੀ। ਇਸ ਦੌਰਾਨ ਹੀ ਸਾਇਰਾ ਦੇ ਹਰਜਿੰਦਰ ਦੇ ਬਿਜਨਸ ਪਾਰਟਨਰ ਮਾਈਕਲ ਫੋਰਡ ਨਾਲ ਨਜਾਇਜ ਸੰਬੰਧਾਂ ਦਾ ਭੇਤ ਖੁੱਲ੍ਹ ਜਾਂਦਾ ਹੈ ਤਾਂ ਉਹ ਘਰ ਛੱਡ ਕੇ ਉਸ ਦੇ ਨਾਲ ਹੀ ਦੌੜ ਜਾਂਦੀ ਹੈ। ਕਿਉਂਕਿ ਗੋਰੇ ਪਾਰਟਨਰ ਅਤੇ ਸਾਇਰਾ ਦਾ ਹਰਜਿੰਦਰ ਦੇ ਬਿਜਨਸ ਵਿੱਚ ਤਿੰਨ ਚੌਥਾਈ ਹਿੱਸਾ ਹੁੰਦਾ ਹੈ, ਹਰਜਿੰਦਰ ਨੂੰ ਨਾ-ਚਾਹੁੰਦਿਆਂ ਹੋਇਆਂ ਵੀ ਆਪਣਾ ਚੌਥਾ ਹਿੱਸਾ ਵੇਚਣਾ ਪੈਂਦਾ ਹੈ।

ਹਰਜਿੰਦਰ ਨੂੰ ਸਾਇਰਾ ਦੀ ਬੇਵਫ਼ਾਈ ਅਤੇ ਉਸ ਦਾ ਪਾਰਟਨਰ ਨਾਲ ਰਲ਼ ਕੇ ਕੀਤਾ ਧੋਖਾ ਬਹੁਤ ਸਤਾਉਂਦਾ ਹੈ। ਉਹ ‘ਪੈਰਾਡਾਈਜ਼ ਪੈਲੇਸ’ ਵੇਚ ਕੇ ਦੂਸਰੇ ਸ਼ਹਿਰ ਲੈਸਟਰ ਵਿੱਚ ਹੋਰ ਘਰ ਖਰੀਦ ਲੈਂਦਾ ਹੈ। ਇਸ ਘਰ ਵਿੱਚ ਇੱਕ ਪੁਰਾਣੀ ਖਾਲੀ ਪ੍ਰਾਈਵੇਟ ਚਰਚ ਵੀ ਹੈ ਜਿਸ ਨੂੰ ਕਦੇ ਪਹਿਲੇ ਮਾਲਕ ਵਰਤਦੇ ਰਹੇ ਹੋਣਗੇ। ਹਰਜਿੰਦਰ, ਜੈਸਿਕਾ, ਕਰਨ ਅਤੇ ਉਨ੍ਹਾਂ ਦਾ ਬੇਟਾ ਥੀਓ ਖੁਸ਼ੀ ਨਾਲ ਉਸ ਘਰ ਵਿੱਚ ਰਹਿਣ ਲੱਗ ਪੈਂਦੇ ਹਨ।

ਅੰਮ੍ਰਿਤਾ ਮਨਵੀਰ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਵੀ ਕਰਨ ਨੂੰ ਚਾਹੁੰਦੀ ਰਹਿੰਦੀ ਹੈ। ਮੌਕਾ ਮਿਲਦਿਆਂ ਹੀ ਅਤੇ ਕਰਨ ਦੇ ਨਾ-ਚਾਹੁਣ ਦੇ ਬਾਵਜੂਦ ਵੀ ਬਹਾਨੇ ਲੱਭ ਕੇ ਮਿਲਣ ਜਾਂ ਰਾਬਤਾ ਕਾਇਮ ਰੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਫੋਨ ਕਰਦੀ ਰਹਿੰਦੀ ਹੈ ਹੈ ਅਤੇ ਅਕਸਰ ਕਹਿੰਦੀ ਵੀ ਰਹਿੰਦੀ ਹੈ ਕਿ ਉਹ ਉਸ ਨੂੰ ਸਾਰੀ ਉਮਰ ਪਿਆਰ ਕਰਦੀ ਰਹੇਗੀ। ਅੰਮ੍ਰਿਤਾ ਦਾ ਇਹ ਪਾਗਲਪਣ ਸਟਾਕਿੰਗ ਦਾ ਰੂਪ ਧਾਰਨ ਕਰ ਜਾਂਦਾ ਹੈ ਅਤੇ ਉਹ ਚਲਾਕ ਲੂੰਬੜੀ ਦੀ ਤਰਾਂ ਕਦੇ ਭੋਲੀ ਭਾਲੀ ਬਣ ਜਾਂਦੀ ਹੈ ਅਤੇ ਕਦੇ ਕਰਨ ਨੂੰ ਡਰਾਵੇ ਵੀ ਦਿੰਦੀ ਰਹਿੰਦੀ ਹੈ ਕਿ ਅਗਰ ਉਹ ਕਰਨ ਨੂੰ ਹਾਸਲ ਨਾ ਕਰ ਸਕੀ ਤਾਂ ਆਪਣੀ ਜਾਨ ਦੇ ਦੇਵੇਗੀ।

ਕਰਨ ਦੀ ਪਤਨੀ ਜੈਸਿਕਾ ਨੂੰ ਵੀ ਇਸ ਗੱਲ ਦਾ ਇਲਮ ਹੋ ਜਾਂਦਾ ਹੈ। ਉਹ ਇਸ ਸਬੰਧ ਤੋਂ ਖੁਸ਼ ਨਹੀਂ ਅਤੇ ਕਰਨ ਨੂੰ ਵਾਰ ਵਾਰ ਅੰਮ੍ਰਿਤਾ ਦੇ ਵਿਵਹਾਰ ਪ੍ਰਤੀ ਸਾਵਧਾਨ ਕਰਦੀ ਰਹਿੰਦੀ ਹੈ। ਗਿਰਗਿਟ ਵਾਂਗ ਰੰਗ ਬਦਲਦੀ ਅੰਮ੍ਰਿਤਾ ਕਰਨ ਅਤੇ ਜੈਸਿਕਾ ਨੂੰ ਆਪਣੇ ਅਸਲੀ ਰੰਗਾਂ-ਭੇਦਾਂ ਤੋਂ ਅਣਜਾਣ ਰੱਖਦੀ ਹੈ।

ਖੱਬੇ-ਪੱਖੀ ਵਿਚਾਰਾਂ ਵਾਲੇ ਮਨਵੀਰ ਅਤੇ ਪੂੰਜੀਵਾਦੀ, ਪਰ ਮਾਨਵਵਾਦੀ ਸੋਚ ਵਾਲੇ ਕਰਨ ਦੇ ਵਿਚਾਰ ਨਹੀਂ ਮਿਲਦੇ। ਉਹ ਆਪਸ ਵਿੱਚ ਅਕਸਰ ਖਹਿਬੜਦੇ ਰਹਿੰਦੇ ਹਨ। ਮਨਵੀਰ ਕਰਨ ਨੂੰ ਇਸ ਲਈ ਵੀ ਪਸੰਦ ਨਹੀਂ ਕਰਦਾ ਸੀ ਕਿ ਅੰਮ੍ਰਿਤਾ ਉਸ ਦੀ ਬਜਾਏ ਕਰਨਵੀਰ ਨੂੰ ਪਸੰਦ ਕਰਦੀ ਹੈ।

ਨਾਵਲ ਦੀ ਸ਼ੁਰੂਆਤ ਅਤੇ ਅੰਤ ਕਰੋਨਾ ਕਾਲ ਦੇ ਸਮਾਨ-ਅੰਤਰ ਚਲਦਾ ਹੈ। ਇੰਗਲੈਂਡ ਤੋਂ ਛੁੱਟੀਆਂ ਕੱਟਣ ਆਇਆ ਹੋਇਆ ਕਰਨ ਕੋਵਿਡ ਮਹਾਂਮਾਰੀ ਦੌਰਾਨ ਪੰਜਾਬ ਵਿੱਚ ਫਸ ਜਾਂਦਾ ਹੈ। ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਵਾਪਸ ਇੰਗਲੈਂਡ ਪਰਤਣ ਵਿੱਚ ਮੁਸ਼ਕਲ ਆਉਂਦੀ ਹੈ। ਮਤਲਬੀ ਅੰਮ੍ਰਿਤਾ ਕਰਨ ਨੂੰ ਸਲਾਹ ਦਿੰਦੀ ਹੈ ਕਿ ਉਸ ਨੂੰ ਇੰਗਲੈਂਡ ਦੀ ਬਜਾਏ ਪੰਜਾਬ ਵਿੱਚ ਹੀ ਰਹਿ ਜਾਣਾ ਚਾਹੀਦਾ ਹੈ। ਕੁਝ ਸਮਾਂ ਇੱਧਰ ਉੱਧਰ ਦੀਆਂ ਟੱਕਰਾਂ ਮਾਰ ਕੇ ਕਰਨ ਵਾਪਸ ਆਪਣੇ ਪਰਿਵਾਰ ਕੋਲ ਇੰਗਲੈਂਡ ਪਹੁੰਚਣ ਵਿੱਚ ਕਾਮਯਾਬ ਹੋ ਜਾਂਦਾ ਹੈ।

ਇੰਗਲੈਂਡ ਦੁਬਾਰਾ ਪਹੁੰਚ ਕੇ ਕਰਨ ਆਪਣੇ ਐਮਰਜੈਂਸੀ ਵਾਰਡ ਵਿੱਚ ਮਰੀਜ਼ਾਂ ਦੀ ਦੇਖ ਭਾਲ ਸ਼ੁਰੂ ਕਰ ਦਿੰਦਾ ਹੈ। ਉਸ ਦੀ ਪਤਨੀ ਜੈਸਿਕਾ ਆਈ ਸੀ ਜੂ ਅਤੇ ਪੁੱਤਰ ਥੀਓ ਵੀ ਕੋਰੋਨਾ ਦੇ ਮਰੀਜ਼ਾਂ ਦੀ ਦੇਖ ਭਾਲ ਕਰਦਾ ਹੈ। ਤਿੰਨੋਂ ਜੀਅ ਆਪਣੀ ਡਿਊਟੀ ਬਹੁਤ ਜ਼ਿੰਮੇਵਾਰੀ ਨਾਲ ਨਿਭਾਉਂਦੇ ਹਨ। ਕੋਰੋਨਾ ਦਾ ਭਰ ਜ਼ੋਰ ਪੈ ਜਾਂਦਾ ਹੈ ਤਾਂ ਅਚਾਨਕ ਥੀਓ ਰਾਹੀਂ ਕੋਰੋਨਾ ਵਾਇਰਸ ਘਰ ਪਹੁੰਚ ਹੀ ਗਿਆ। ਘਰ ਵਿਚ ਤਿੰਨ ਡਾਕਟਰਾਂ ਦੇ ਹੁੰਦਿਆਂ ਅਤੇ ਸਭ ਕੋਸ਼ਿਸ਼ਾਂ ਦੇ ਬਾਵਜੂਦ ਵੀ ‘ਸਮੇਂ ਦਾ ਜਮਦੂਤ ਕੋਰੋਨਾ’ ਹਰਜਿੰਦਰ ਨੂੰ ਲੈ ਤੁਰਿਆ। ਕਰਨ ਅਤੇ ਜੈਸਿਕਾ ਹਰਜਿੰਦਰ ਦੀਆਂ ਅਸਥੀਆਂ ਲੈ ਕੇ ਪੰਜਾਬ ਪਹੁੰਚ ਜਾਂਦੇ ਹਨ।

ਮਨਵੀਰ ਅੰਮ੍ਰਿਤਸਰ ਵਿੱਚ ਇੱਕ ਸਰਕਾਰੀ ਹਸਪਤਾਲ ਦੇ ਪਬਲਿਕ ਹੈਲਥ ਡਿਪਾਰਟਮੈਂਟ ਦਾ ਪ੍ਰੋਫੈਸਰ ਅਤੇ ਹੈੱਡ ਹੈ, ਪਰ ਉਹ ਖ਼ੁਦ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ। ਸ਼ਰਾਬ ਨਾਲ ਲਿਵਰ ਸਿਰੋਸਿਸ ਅਤੇ ਸਿਹਤ ਖ਼ਰਾਬ ਹੋ ਰਹੀ ਹੈ। ਕਰਨ ਨੂੰ ਮਨਵੀਰ ਦੀ ਡਿਗ ਰਹੀ ਸਿਹਤ ਬਾਰੇ ਪਤਾ ਲੱਗਦਾ ਹੈ ਤਾਂ ਉਹ ਅੰਮ੍ਰਿਤਾ ਨੂੰ ਤਾਕੀਦ ਕਰਦਾ ਹੈ ਕਿ ਉਹ ਆਪਣੇ ਪਤੀ ਦਾ ਖਿਆਲ ਰੱਖਿਆ ਕਰੇ। ਪਰ ਉਹ ਅਗਿਉਂ ਕਹਿ ਦਿੰਦੀ ਹੈ ਕਿ ਮਨਵੀਰ ਉਸ ਦੀ ਗੱਲ ਨਹੀਂ ਮੰਨਦਾ। ਕਰਨ ਦਾ ਭਰਾ ਜੋ ਖ਼ੁਦ ਵੀ ਇੱਕ ਡਾਕਟਰ ਹੈ, ਕਰਨ ਨੂੰ ਦੱਸਦਾ ਹੈ ਕਿ ਮਨਵੀਰ ਨਸ਼ਿਆਂ ਦਾ ਪੱਕਾ ਆਦੀ ਹੋ ਚੁੱਕਾ ਹੈ।

ਮਾੜੀ ਸਿਹਤ ਦੇ ਬਾਵਜੂਦ ਵੀ ਮਨਵੀਰ ਦਾ ਮਾਰਕਸਵਾਦੀ ਲੀਡਰਪੁਣੇ ਦਾ ਭੁਸ ਨਹੀਂ ਜਾਂਦਾ। ਕਿਸਾਨ ਸੰਘਰਸ਼ ਦੌਰਾਨ ਇੱਕ ਰੈਲੀ ਵਿੱਚ ਮਨਵੀਰ ਦੀ ਲਿਵਰ ਫੇਲ੍ਹ ਹੋਣ ਅਤੇ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ। ਡਰਾਮੇਬਾਜ ਅੰਮ੍ਰਿਤਾ ਇਸ ਉਦਾਸ ਮੌਕੇ ‘ਤੇ ਵੀ ਕਰਨ ਨੂੰ ਆਪਣੇ ਵੱਲ ਖਿੱਚਣ ਲਈ ਵਰਤਦੀ ਹੈ। ਉਹ ਕਰਨ ਅਤੇ ਜੈਸਿਕਾ ਨੂੰ ਆਪਣੇ ਮਹਿਲ ਸੱਦਦੀ ਹੈ ਅਤੇ ਕਰਵਾਚੌਥ ਦਾ ਡਰਾਮਾ ਕਰਦੀ ਹੈ।

ਕਰਨ ਅਤੇ ਜੈਸਿਕਾ ਨੂੰ ਅੰਮ੍ਰਿਤਾ ਦੀ ਵਿਗੜਦੀ ਸ਼ਖ਼ਸੀਅਤ ਤੋਂ ਕਰੋਨਾ ਵਾਇਰਸ ਜਿਤਨਾ ਡਰ ਲੱਗਦਾ ਹੈ। ਉਹ ਉਸ ਨੂੰ ਲਾਕਡਾਊਨ ਕਰਨ ਦੀਆਂ ਤਰਤੀਬਾਂ ਭਾਲਦੇ ਨੇ। ਇਸੇ ਦੌਰਾਨ ਕਰਨ ਦੇ ਮਾਂ-ਬਾਪ, ਜਿਨ੍ਹਾਂ ਨੂੰ ਉਹ ਮੁਹੱਬਤ ਨਾਲ ਮਦਰ-ਫ਼ਾਦਰ ਕਹਿੰਦੇ ਸਨ, ਵੀ ਕੋਵਿਡ ਨਾਲ ਇਸ ਜਹਾਨ ਤੋਂ ਰੁਖ਼ਸਤ ਕਰ ਜਾਂਦੇ ਹਨ।

ਅੰਮ੍ਰਿਤਾ ਦੇ ਵਰਤਾਉ ਤੋਂ ਤੰਗ ਆਏ ਕਰਨ ਅਤੇ ਜੈਸਿਕਾ ਵਾਪਸ ਲੈਸਟਰ (ਇੰਗਲੈਂਡ) ਪਹੁੰਚ ਕੇ ਕੰਮ ਵਿੱਚ ਜੁਟ ਜਾਂਦੇ ਹਨ। ਭਾਵੇਂ ਜੈਸਿਕਾ ਨੂੰ ਵੈਕਸੀਨ ਦੇ ਟੀਕੇ ਲੱਗੇ ਹੋਏ ਸਨ ਪਰ ਇਸ ਦੇ ਬਾਵਜੂਦ ਵੀ ਉਹ ਕਰੋਨਾ ਦੀ ਲਪੇਟ ਵਿੱਚ ਆ ਗਈ। ਕਰਨ ਨੇ ਇਹ ਗੱਲ ਅੰਮ੍ਰਿਤਾ ਨੂੰ ਦੱਸੀ ਤਾਂ ਉਹ ਅੰਦਰੋਂ-ਅੰਦਰੀ ਖੁਸ਼ ਹੋ ਜਾਂਦੀ ਹੈ ਅਤੇ ਅਚਾਨਕ ਬਿਨ ਦੱਸਿਆ ਹੀ ਇੰਗਲੈਂਡ ਕਰਨ ਦੇ ਕੋਲ ਉਸ ਦੇ ਘਰ ਪਹੁੰਚ ਜਾਂਦੀ ਹੈ। ਆਪਣਾ ਅਸਲੀ ਰੰਗ ਦਿਖਾਉਂਦੀ ਹੋਈ ਕਰਨ ਨੂੰ ਧੋਖੇ ਨਾਲ ਬੇਹੋਸ਼ੀ ਦੀ ਦਵਾਈ ਦੇ ਕੇ ਉਸ ਨਾਲ ਹਮਬਿਸਤਰ ਹੁੰਦੀ ਹੈ। ਫਿਰ ਹਸਪਤਾਲ ਪਹੁੰਚ ਕੇ ਜੈਸਿਕਾ ਦੀ ਵੈਂਟੀਲੇਟਰ ਵਾਲੀ ਨਾਲੀ ਲਾਹ ਕੇ ਉਸ ਨੂੰ ਮਾਰਨ ਦੀ ਨਾਕਾਮ ਕੋਸ਼ਿਸ ਵੀ ਕਰਦੀ ਹੈ।

ਉਸ ਤੋਂ ਬਾਅਦ ਤੰਦਰੁਸਤ ਹੋ ਗਈ ਜੈਸਿਕਾ ਨੂੰ ਘਰ ਵਾਲੀ ਚਰਚ ਵਿੱਚ ਬਣੇ ਹੋਏ ਕਨਫੈ਼ਸ਼ਨ ਚੈਂਬਰ ਵਿੱਚ ਬੰਦ ਕਰਕੇ ਮਾਰਨਾ ਚਾਹੁੰਦੀ ਹੈ। ਕਰਨ ਨੂੰ ਮੁਆਫ਼ੀ ਮੰਗਣ ਅਤੇ ਕਨਫੈਸ ਕਰਨ ਲਈ ਮਜਬੂਰ ਕਰਦੀ ਹੈ ਕਿ ਉਹ ਸਿਰਫ ਉਸ ਨੂੰ ਹੀ ਪਿਆਰ ਕਰਦਾ ਹੈ। ਪਰ ਇਸ ਦੇ ਉਲਟ, ਕਰਨ ਕਹਿੰਦਾ ਹੈ ਕਿ ਉਹ ਸਿਰਫ ਜੈਸਿਕਾ ਨੂੰ ਹੀ ਮੁਹੱਬਤ ਕਰਦਾ ਹੈ। ਇਹ ਸੁਣਦਿਆਂ ਤੇ ਨਿਰਾਸ਼ ਹੁੰਦਿਆਂ ਅਮ੍ਰਿਤਾ ਖ਼ੁਦ ਨੂੰ ਗੋਲੀ ਮਾਰ ਕੇ ਮਾਰ ਲੈਂਦੀ ਹੈ। ਉਸ ਵੇਲੇ ਹੀ ਟੈਲੀਵੀਜ਼ਨ ‘ਤੇ ਕੋਰੋਨਾ ਉੱਪਰ ਕੰਟਰੋਲ ਹੋ ਜਾਣ ਅਤੇ ਲਾਕਡਾਊਨ ਖੋਲ੍ਹਣ ਦੀ ਖ਼ਬਰ ਆਉਂਦੀ ਹੈ। ਕਰਨ ਅਤੇ ਜੈਸਿਕਾ ਨੂੰ ‘ਕੋਰੋਨਾ ਵਾਇਰਸ’ ਅਤੇ ‘ਅੰਮ੍ਰਿਤਾ ਵਾਇਰਸ’ ਤੋਂ ਛੁਟਕਾਰਾ ਮਿਲ ਜਾਂਦਾ ਹੈ…।

ਦੋਸਤੋ, ਜਿਸ ਲਿਖਤ ਅੰਦਰ ਲੇਖਕ ਦੀ ਦਾਨਿਸ਼ਵਰੀ, ਸੰਵੇਦਨਸ਼ੀਲਤਾ, ਮੁਹੱਬਤੀ ਰੂਹ, ਅਤੇ ਬੇਬਾਕ ਮਨ ਦੇ ਅੰਦਾਜ਼ ਦੀ ਝਲਕ ਪੈਂਦੀ ਹੋਵੇ, ਉਹ ਲਿਖਤ ਚੰਗੇਰੀਆਂ ਪੈੜਾਂ ਪਾ ਜਾਂਦੀ ਹੈ। ‘ਲਾਕਡਾਊਨ ਅਲਫਾ’ ਵੀ ਇੱਕ ਅਜਿਹੀ ਸਿਰਜਣਾ ਹੈ। ਨਾਵਲ ਵਿੱਚ ਲੇਖਕ ਪਾਤਰਾਂ ਦੇ ਜੀਵਨ ਦੀਆ ਮਨੋਵਿਗਿਆਨ ਪਰਤਾਂ ਫਰੋਲਦਾ ਹੈ। ਨਾਵਲ ਵਿੱਚੋਂ ਪਾਤਰਾਂ ਦੀ ਰੂਹ ਬੋਲਦੀ ਹੈ। ਪਾਠਕ ਨੂੰ ਕੁਛ ਵੀ ਓਪਰਾ ਨਹੀਂ ਲੱਗਦਾ।

ਪੁਸਤਕ ਵਿਚਲੇ ਕਥਾ-ਰਸ ਨਾਲ ਭਰਪੂਰ ਬਿਰਤਾਂਤ ਅਰੰਭ ਤੋਂ ਅੰਤ ਤੱਕ ਪਾਠਕ ਦੀ ਉਤਸੁਕਤਾ ਬਣਾਈ ਰੱਖਦੇ ਹਨ। ਪੰਜਾਬੀ ਸਾਹਿਤ ਜਗਤ ਵਿੱਚ ਇਸ ਪੁਸਤਕ ਦਾ ਹਾਰਦਿਕ ਸਵਾਗਤ ਕਰਨਾ ਬਣਦਾ ਹੈ!

ਜ਼ਿੰਦਗੀ ਜ਼ਿੰਦਾਬਾਦ।
***
ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1826
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →