15 May 2026

ਸੂਬੇਦਾਰਨੀ — ਗੁਰਸ਼ਰਨ ਸਿੰਘ ਕੁਮਾਰ

ਉਸ ਦਾ ਨਾਮ ਤਾਂ ਭਾਵੇਂ ਜੀਤ ਕੌਰ ਸੀ ਪਰ ਸਾਰੇ ਉਸ ਨੂੰ ਸੂਬੇਦਾਰਨੀ ਕਹਿ ਕੇ ਬੁਲਾਉਂਦੇ ਸਨ। ਆਪਣਾ ਇਹ ਨਾਮ ਉਸ ਨੇ ਆਪ ਹੀ ਰੱਖਿਆ ਸੀ। ਉਸ ਨੂੰ ਜਾਪਦਾ ਜਿਵੇਂ ਸੂਬੇਦਾਰਨੀ ਦਾ ਸੁਨਹਿਰੀ ਤਗਮਾ ਉਸ ਦੀ ਛਾਤੀ ਤੇ ਚਮਕ ਰਿਹਾ ਹੋਵੇ। ਜਿਵੇਂ ਬਾਕੀ ਲੋਕ ਸੂਬੇਦਾਰਨੀ ਦੇ ਤਗਮੇ ਕਾਰਨ ਹੀ ਉਸ ਦੀ ਇੱਜ਼ਤ ਕਰਦੇ ਹੋਣ ਅਤੇ ਉਹ ਬੜੀ ਫ਼ਰਾਖ਼ ਦਿਲੀ ਨਾਲ ਆਪਣੀ ਵੱਡਪਣ ਦਿਖਾਉਂਦੀ ਹੋਏ ਸਭ ਨੂੰ ਅਸ਼ੀਰਵਾਦ ਦੇ ਰਹੀ ਹੋਵੇ। ਵੈਸੇ ਤਾਂ ਉਹ ਹਮੇਸ਼ਾਂ ਆਪਣਾ ਨੱਕ ਉੱਚਾ ਹੀ ਰੱਖਦੀ ਸੀ। ਆਪਣੇ ਤੋਂ ਥੱਲੇ ਵਾਲੀਆਂ ਫੌਜਣਾ ਨੂੰ ਤਾਂ ਉਹ ਬੜਾ ਘਟੀਆ ਸਮਝਦੀ ਸੀ, ਜਿਵੇਂ ਉਨ੍ਹਾਂ ਕੋਲੋਂ ਉਸ ਨੂੰ ਬੋਅ ਆਉਂਦੀ ਹੋਵੇ। ਪਹਿਲਾਂ ਤਾਂ ਉਸ ਦਾ ਪਤੀ ਪਾਲ ਸਿੰਘ ਨੈਬ ਸੂਬੇਦਾਰ ਸੀ ਪਰ ਜਦ ਉਸ ਦੀ ਤਰੱਕੀ ਸੂਬੇਦਾਰ ਦੇ ਤੋਰ ਤੇ ਹੋਈ ਤਾਂ ਜੀਤੋ ਨੇ ਵੀ ਆਪਣੇ ਨਾਮ ਨਾਲ ਸੂਬੇਦਾਰਨੀ ਲਾ ਲਿਆ। ਹੁਣ ਉਹ ਉੱਚੀਆਂ ਹਵਾਵਾਂ ਵਿਚ ਸੀ। ਜੀਤੋ ਅਤੇ ਪਾਲੇ ਦੀ ਇਕ ਬੇਟੀ ‘ਮਿੱਲੀ’ ਵੀ ਸੀ ਜੋ ਆਪਣੀ ਨਾਨੀ ਕੋਲ ‘ਉੜਮੜ ਟਾਂਡ’ ਪਲ ਰਹੀ ਸੀ। ਪਾਲ ਸਿੰਘ ਨੂੰ ਸਾਰੀ ਪਲਟਨ ਵਾਲੇ ਪਾਲਾ ਕਹਿ ਕੇ ਹੀ ਪੁਕਾਰਦੇ ਸਨ।

ਜਦ 22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਅੱਤਵਾਦੀਆਂ ਨੇ ਦਿਨ ਦਿਹਾੜੇ ਟੂਰਿਸਟ ਸਥਾਨ ਤੇ ਕਾਰਾ ਕਰ ਕੇ 26 ਬੰਦੇ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤੇ ਤਾਂ ਇਸ ਵਿਚ ਬੇਦੋਸੇ ਬੰਦੇ, ਔਰਤਾਂ ਅਤੇ ਬੱਚੇ ਦੰਮ ਤੋੜ ਗਏ। ਕਈ ਜ਼ਖ਼ਮਾ ਨਾਲ ਤੜਫਦੇ ਰਹੇ। ਉੱਥੇ ਸਰਕਾਰ ਵਲੋਂ ਨਾ ਹੀ ਕੋਈ ਸੁਰੱਖਿਆ ਦਾ ਪ੍ਰਬੰਧ ਸੀ ਅਤੇ ਨਾ ਕੋਈ ਡਾਕਟਰੀ ਸਹਾਇਆ ਉਪਲਭਦ ਸੀ। ਹੱਤਿਆਰੇ ਚੁੱਪ ਚਾਪ ਕਾਰਾ ਕਰ ਕੇ ਗਾਇਬ ਹੋ ਗਏ। ਪਤਾ ਨਹੀਂ ਉਨ੍ਹਾਂ ਨੂੰ ਜ਼ਮੀਨ ਨਿਗਲ ਗਈ ਜਾਂ ਆਸਮਾਨ ਖਾ ਗਿਆ। ਇਸ ਕੁਤਾਹੀ ਕਾਰਨ ਭਾਰਤ ਸਰਕਾਰ ਦੀ ਦੇਸ਼ ਅਤੇ ਵਿਦੇਸ਼ ਵਿਚ ਬੜੀ ਬਦਨਾਮੀ ਹੋਈ।

ਭਾਰਤ ਨੇ ਇਸ ਘਟਣਾ ਦਾ ਬਦਲਾ ਲੈਣ ਲਈ ਓਪਰੇਸ਼ਨ ਸੰਧੂਰ ਚਲਾਇਆ। ਫੌਜ ਵਿਚ ਵੀ ਬੜੀ ਸਖਤੀ ਸ਼ੁਰੂ ਹੋ ਗਈ। ਕੁਝ ਸਪੈਸ਼ਲ ਪਲਟਨਾ ਕਸ਼ਮੀਰ ਦੇ ਪਾਕਿਸਤਾਨ ਬਾਰਡਰ ’ਤੇ ਭੇਜੀਆਂ ਗਈਆਂ ਅਤੇ ਕੁਝ ਪਲਟਨਾ ਨੂੰ ਸ੍ਰੀ ਨਗਰ ਰਿਜ਼ਰਵ ਫੋਰਸ ਦੇ ਤੋਰ ਤੇ ਰੱੱਖਿਆ ਗਿਆ। ਪਾਲ ਸਿੰਘ ਦੀ ਪਲਟਨ ਨੂੰ ਵੀ ਸ੍ਰੀ ਨਗਰ ਜਾਣ ਦਾ ਹੁਕਮ ਹੋ ਗਿਆ। ਉਸ ਨੂੰ ਉੱਥੇ ਮੈਸ ਦਾ ਹੈਡ ਕੁੱਕ ਲਾਇਆ ਗਿਆ। ਉਸ ਦੇ ਉੱਤੇ ਸੀ. ਓ. (ਕਮਾਂਡਿੰਗ ਅਫ਼ਸਰ ) ਦੀ ਡਿਉਟੀ ਸੀ ਪਰ ਸੀ. ਓ. ਉਸ ਦੇ ਕੰਮ ਵਿਚ ਕੋਈ ਖਾਸ ਦਖਲ ਨਹੀਂ ਸੀ ਦਿੰਦਾ। ਇਸ ਤਰ੍ਹਾਂ ਮੈਸ ਵਿਚ ਪਾਲੇ ਦਾ ਹੀ ਹੁਕਮ ਚੱਲਦਾ ਸੀ। ਹਾਂ ਉਸ ਦੀ ਪਤਨੀ ਜੀਤੋ (ਜੋ ਹੁਣ ਸੂਬੇਦਾਰਨੀ ਬਣ ਚੁੱਕੀ ਸੀ) ਦਾ ਦਖਲ ਕੁਝ ਵੱਧ ਗਿਆ। ਉਹ ਬੜੇ ਰੋਅਬ ਨਾਲ ਸਭ ਨੂੰ ਸੁਣਾ ਕੇ ਕਹਿੰਦੀ –“ਜਿਸ ਘਰ ਵਿਚ ਹਨੇਰਾ ਹੋਵੇ ਉਸ ਘਰ ਵਿਚ ਇਕ ਲਾਠੀ ਦਾ ਹੋਣਾ ਜਰੂਰੀ ਹੈ।” ਆਪਣਾ ਰੋਅਬ ਝਾੜਨ ਲਈ ਉਹ ਸਭ ਦੇ ਸਾਮ੍ਹਣੇ ਹੀ ਗਾਉਂਦੀ ਰਹਿੰਦੀ-‘ਧਰਤੀ ਨੂੰ ਕਲੀ ਕਰਾ ਦੇ, ਨੱਚਾਂਗੀ ਸਾਰੀ ਰਾਤ।’

ਫੌਜ ਵਿਚ ਜਵਾਨਾਂ ਨੂੰ ਰੋਜ਼ਾਨਾ ਰਾਤ ਨੂੰ ਖਾਣੇ ਦੇ ਨਾਲ ਖੀਰ, ਕੜਾਹ, ਗੁਜ਼ਰੇਲਾ ਜਾਂ ਹੋਰ ਕੋਈ ਮਿੱਠਾ ਪਦਾਰਥ ਸੁੱਕਾ ਮੇਵਾ ਪਾ ਕੇ ਜ਼ਰੂਰ ਪਰੋਸਿਆ ਜਾਂਦਾ ਹੈ ਤਾਂ ਕਿ ਉਹ ਸੰਤੁਸ਼ਟ ਰਹਿਣ। ਮੈਸ ਵਿਚ ਪਾਲੇ ਦਾ ਚਾਰਜ ਹੋਣ ਕਰ ਕੇ ਸੂਬੇਦਾਰਨੀ ਵੀ ਉੱਥੇ ਦਿਨ ਵਿਚ ਤਿੰਨ ਚਾਰ ਚੱਕਰ ਮਾਰ ਹੀ ਜਾਂਦੀ ਅਤੇ ਥੱਲੇ ਦੇ ਸਟਾਫ ਤੇ ਰੋਹਬ ਝਾੜਦੀ ਰਹਿੰਦੀ। ਸਾਰੇ ਉਸ ਤੋਂ ਡਰਦੇ ਸਨ ਕਿਉਂਕਿ ਫੌਜ ਵਿਚ ਹੁਕਮ ਅਦੂਲੀ ਬਰਦਾਸ਼ਤ ਨਹੀਂ ਕੀਤੀ ਜਾਂਦੀ। ਹੁਕਮ ਅਦੂਲੀ ਲਈ ਬਹੁਤ ਸਜਾਵਾਂ ਹਨ। ਹੌਲੀ ਹੌਲੀ ਸੂਬੇਦਾਰਨੀ ਦਾ ਹੌਸਲਾ ਹੋਰ ਵੀ ਵਧ ਗਿਆ। ਉਸ ਨੇ ਖਾਣ ਪੀਣ ਦੀਆਂ ਚੀਜ਼ਾਂ ਵਿਚ ਵੀ ਠੂੰਗੇ ਮਾਰਨੇ ਸ਼ੁਰੂ ਕਰ ਦਿੱਤੇ। ਖਾਸ ਕਰ ਕੇ ਸੁੱਕਾ ਮੇਵਾ ਉਸ ਨੂੰ ਬਹੁਤ ਪਸੰਦ ਸੀ। ਇਸ ਤਰ੍ਹਾਂ ਉਸ ਨੇ ਥੋਹੜੇ ਥੋਹੜੇ ਕਰ ਕੇ ਆਪਣੇ ਕੋਲ ਤਿੰਨ ਤਿੰਨ ਚਾਰ ਚਾਰ ਕਿਲੋ ਬਦਾਮ, ਕਾਜੂ ਅਤੇ ਅਖ਼ਰੋਟ ਇਕੱਠੇ ਕਰ ਲਏ। ਇਹ ਸਾਰਾ ਸਮਾਨ ਹੁਣ ਉਹ ਆਪਣੀ ਮਾਂ ਕੋਲ ਪਿੰਡ ਪਹੁੰਚਾਉਣਾ ਚਾਹੁੰਦੀ ਸੀ। ਉਹ ਸੋਚਦੀ ਕਿ ਇਹ ਸੁੱਕਾ ਮੇਵਾ ਉਸ ਦੀ ਬੇਟੀ ‘ਮਿੱਲੀ’ ਖਾਏ ਤਾਂ ਉਸ ਦੀ ਕੁਝ ਸਿਹਤ ਬਣੇ। ਇਸ ਲਈ ਉਸ ਨੇ ਆਪਣੇ ਪਿੰਡ ਟਾਂਡੇ ਉੜਮੜ ਜਾਣ ਦਾ ਪ੍ਰੋਗਰਾਮ ਬਣਾ ਲਿਆ ਪਰ ਫੌਜ ਵਿਚ ਸਖ਼ਤੀ ਹੋਣ ਕਰ ਕੇ ਰੇਲ ਦੇ ਸਫ਼ਰ ਲਈ ਸਰਕਾਰੀ ਪਰਮਿਟ ਬੰਦ ਸਨ। ਸੂਬੇਦਾਰਨੀ ਕਿਸੇ ਤਰਾਂ ਤਿਕੜਮ ਲਾ ਕੇ ਫੌਜੀ ਗੱਡੀ ਵਿਚ ਪਠਾਨਕੋਟ ਪਹੁੰਚ ਗਈ। ਉਸ ਤੋਂ ਅੱਗੇ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਰੇਲ ਤੇ ਸਵਾਰ ਹੋ ਗਈ। ਰਸਤੇ ਵਿਚ ਬਹੁਤ ਸਖ਼ਤ ਚੈਕਿੰਗ ਸੀ। ਦਸੂਹੇ ਸਟੇਸ਼ਨ ਕੋਲ ਰੇਲਵੇ ਪੁਲਿਸ ਦਾ ਛਾਪਾ ਪੈ ਗਿਆ। ਪੁਲਿਸ ਸਾਰੀਆਂ ਸਵਾਰੀਆਂ ਦਾ ਇਕੱਲਾ ਇਕੱਲਾ ਸਮਾਨ ਖੁਲਵਾ ਕੇ ਚੈਕ ਕਰ ਰਹੀ ਸੀ। ਜਦ ਸੂਬੇਦਾਰਨੀ ਦੀ ਵਾਰੀ ਆਈ ਤਾਂ ਉਸ ਨੂੰ ਵੀ ਸਾਰਾ ਸਮਾਨ ਖੋਹਲ ਕੇ ਦਿਖਾਉਣ ਲਈ ਕਿਹਾ ਗਿਆ। ਇੱਥੇ ਵੀ ਉਹ ਸੂਬੇਦਾਰਨੀ ਵਾਲਾ ਰੋਹਬ ਝਾੜਣ ਲੱਗੀ। ਅਖੇ:-“ਮੇਰਾ ਘਰ ਵਾਲਾ ਆਰਮੀ ਵਿਚ ਹੈ ਇਸ ਲਈ ਤੁਸੀਂ ਮੇਰਾ ਸਮਾਨ ਚੈਕ ਨਹੀਂ ਕਰ ਸਕਦੇ।”

“ਕਿਉਂ?”

ਉਹ ਉੱਥੇ ਬਹੁਤ ਵੱਡਾ ਅਫ਼ਸਰ ਹੈ।“ ਸੂਬੇਦਾਰਨੀ ਤਾਂਗੜ ਕੇ ਬੋਲੀ। ਪੁਲਿਸ ਨੇ ਪੁੱਛਿਆ ਕਿ-“ਤੇਰੇ ਘਰ ਵਾਲਾ ਕਿੱਥੇ ਪੋਸਟਿਡ ਹੈ ? ਅਤੇ ਉਸ ਦਾ ਕੀ ਰੈਂਕ ਹੈ?”

“ਉਹ ਉੱਥੇ ਸੂਬੇਦਾਰ ਹੈ ਅਤੇ ਪਾਕਿਸਤਾਨ ਦੇ ਬਾਰਡਰ ਤੇ ਆਪਣੀ ਜਾਨ ਜੋਖ਼ਿਮ ਵਿਚ ਪਾ ਕੇ ਦੁਸ਼ਮਣਾ ਨਾਲ ਲੜ ਰਿਹਾ ਹੈ।”

“ਇਸ ਸਮਾਨ ਵਿਚ ਕੀ ਹੈ?”

“ਇਸ ਵਿਚ ਡਰਾਈ ਫਰੂਟ ਹੈ।” ਉਹ ਉੱਚੀ ਆਵਾਜ਼ ਵਿਚ ਬੋਲੀ:-“ਖਾਣਾ ਹੈ ਤੁਸੀਂ?

“ਭੈਣ ਜੀ , ਜਰਾ ਆਪਣੀ ਜੁਬਾਨ ਅਤੇ ਆਵਾਜ ਤੇ ਕੁਝ ਕੰਟਰੋਲ ਰੱਖੋ।” ਪੁਲਿਸ ਇੰਸਪੈਕਟਰ ਧੀਰਜ ਨਾਲ ਬੋਲਿਆ:-“ਬੇਸ਼ੱਕ ਸਾਡੇ ਜਵਾਨ ਬਾਰਡਰ ਤੇ ਬੜੀ ਬਹਾਦਰੀ ਨਾਲ ਲੜ੍ਹ ਰਹੇ ਹਨ ਪਰ ਅਸੀਂ ਵੀ ਤਾਂ ਸਰਕਾਰੀ ਡਿਉਟੀ ਹੀ ਕਰ ਰਹੇ ਹਾਂ। ਸਾਨੂੰ ਉੱਪਰੋਂ ਆਡਰ ਹਨ ਕਿ ਸਾਰੀਆਂ ਸਵਾਰੀਆਂ ਦਾ ਸਮਾਨ ਖੋਲ੍ਹ ਕੇ ਚੰਗੀਂ ਤਰ੍ਹਾਂ ਚੈਕ ਕੀਤਾ ਜਾਏ।”

ਸਿਪਾਹੀਆਂ ਨੇ ਸਮਾਨ ਖੋਲ੍ਹ ਕੇ ਦੇਖਿਆ, ਵਿਚੋਂ 12 ਕਿਲੋ ਦੇ ਕਰੀਬ ਡਰਾਈ ਫਰੂਟ ਨਿਕਲਿਆ। ਸੂਬੇਦਾਰਨੀ ਹੋਰ ਵੀ ਚਾਂਬਲ ਗਈ। “ਮੈਂ ਕਿਹਾ ਸੀ ਨਾ ਕਿ ਵਿਚ ਡਰਾਈ ਫਰੂਟ ਹੈ। ਅਸੀਂ ਕਿਹੜਾ ਬੰਬ ਨਾਲ ਰੱਖ ਕੇ ਸਫ਼ਰ ਕਰ ਰਹੇ ਹਾਂ?”

ਇੰਸਪੈਕਟਰ ਨੇ ਗੁੱਸੇ ਉੱਤੇ ਕਾਬੂੰ ਪਾਉਂਦੇ ਹੋਏ ਕਿਹਾ-“ਭੈਣ ਜੀ ਤੁਸੀਂ ਠੀਕ ਕਹਿ ਰਹੇ ਹੋ ਪਰ ਇਸ ਸਮਾਨ ਦਾ ਬਿੱਲ ਕਿੱਥੇ ਹੈ? ਉਹ ਦਿਖਾਓ?”

“ਲੈ ਭਲਾ ਖਾਣ ਵਾਲੀ ਚੀਜ਼ ਦਾ ਕਾਹਦਾ ਬਿੱਲ?”

“ਨਹੀਂ ਬੀਬੀ ਬਿੱਲ ਸਭ ਚੀਜ਼ ਦਾ ਹੁੰਦਾ ਹੈ। ਉਹ ਦਿਖਾਓ।”

“ਬਿੱਲ ਮੇਰੇ ਘਰ ਵਾਲੇ ਕੋਲ ਹੈ। ਉਹ ਬਾਡਰ ਤੇ ਬੈਠਾ ਹੈ ਜਾ ਕੇ ਦੇਖ ਲਓ।” ਉਹ ਫਿਰ ਉਸੇ ਤਰ੍ਹਾਂ ਚਿੱਲਾ ਕੇ ਬੋਲੀ।

“ਬੀਬੀ ਫੇਰ ਆਪਣੇ ਘਰ ਵਾਲੇ ਦਾ ਪਤਾ ਲਿਖਾ ਲਓ।”

ਲਿਖੋ:-“ਪਾਲ ਸਿੰਘ ਸੂਬੇਦਾਰ 142 ਬਟਾਲੀਅਨ, ਸ੍ਰੀ ਨਗਰ।”

ਇੰਸਪੈਕਟਰ ਨੇ ਪਤਾ ਨੌਟ ਕੀਤਾ ਅਤੇ ਸਿਪਾਹੀ ਨੂੰ ਕਿਹਾ-“ਇਹ ਸਮਾਨ ਜਬਤ ਕਰ ਲਓ। ਜਦ ਇਸ ਦਾ ਘਰ ਵਾਲਾ ਇਸ ਸਮਾਨ ਦਾ ਬਿੱਲ ਪੇਸ਼ ਕਰ ਦਏ ਤਾਂ ਛੱਡ ਦਿਆਂਗੇ।”

ਇਸ ਤੇ ਸੂਬੇਦਾਰਨੀ ਦਾ ਚਿਹਰਾ ਫਿੱਕਾ ਪੈ ਗਿਆ। ਉਸ ਨੂੰ ਪਤਾ ਚੱਲ ਗਿਆ ਕਿ ਉਹ ਕਿੱਡੀ ਵੱਡੀ ਬਿਪਤਾ ਵਿਚ ਫਸਦੀ ਜਾ ਰਹੀ ਸੀ। ਉਸ ਨੇ ਜੁਬਾਨ ਵਿਚ ਮਿੱਠਾਸ ਘੋਲਦੇ ਹੋਏ ਕਿਹਾ:- “ਨਹੀਂ, ਨਹੀਂ ਵੀਰ ਜੀ ਜਾਣ ਦਿਓ। ਇਹ ਤਾਂ ਸਾਨੂੰ ਵੀ ਪਤਾ ਹੈ ਕਿ ਤੁਸੀਂ ਵੀ ਆਪਣੀ ਡਿਉਟੀ ਹੀ ਕਰ ਰਹੇ ਹੋ। ਅੱਜ ਤਾਂ ਆਪਣੀ ਭੈਣ ਸਮਝ ਕੇ ਜਾਣ ਦਿਓ।” ਹੁਣ ਉਹ ਪੂਰੀ ਤਰ੍ਹਾਂ ਮੋਮ ਬਣ ਚੁੱਕੀ ਸੀ। ਉਹ ਰੋਣ ਲੱਗ ਪਈ।

ਇੰਸਪੈਕਟਰ ਦੇ ਇਸ਼ਾਰਾ ਕਰਨ ਤੇ ਇਕ ਸਿਪਾਹੀ ਨੇ ਸਾਰੇ ਸਮਾਨ ਨੂੰ ਚੰਗੀ ਤਰਾਂ ਇਕ ਕੱਪੜੇ ਵਿਚ ਬੰਨ੍ਹ ਕੇ ਸੀਲ ਕਰ ਦਿੱਤਾ ਅਤੇ ਆਪਣੀ ਸੰਦੂਕੜੀ ਵਿਚ ਬੰਦ ਕਰ ਦਿੱਤਾ। ਸੂਬੇਦਾਰਨੀ ਉੱਚੀ ਉੱਚੀ ਰੋਣ ਲੱਗੀ : “ਐਵੇਂ ਗ਼ਰੀਬ-ਮਾਰ ਕਰੀ ਜਾ ਰਹੇ ਹਨ।” ਪਰ ਕਿਸੇ ਮੁਸਾਫ਼ਿਰ ਨੇ ਉਸ ਦਾ ਸਾਥ ਨਾ ਦਿੱਤਾ ਅਤੇ ਨਾ ਹੀ ਪੁਲਿਸ ਵਾਲਿਆਂ ਤੇ ਇਸ ਦਾ ਕੋਈ ਅਸਰ ਹੋਇਅ। ਸੂਬੇਦਾਰਨੀ ਖਾਲੀ ਹੱਥ (ਬਿਨਾ ਡਰਾਈ ਫਰੂਟ ਤੋਂ) ਆਪਣੀ ਮਾਂ ਦੇ ਘਰ ਪੁੱਜੀ।

ਗੱਲ ਏਥੇ ਹੀ ਨਹੀਂ ਮੁੱਕੀ ਰੇਲਵੇ ਪੁਲਿਸ ਨੇ ਸੂਬੇਦਾਰ ਪਾਲ ਸਿੰਘ ਨੂੰ ਨੋਟਿਸ ਭੇਜ ਦਿੱਤਾ ਕਿ ਉਹ 15 ਦਿਨਾਂ ਦੇ ਵਿਚ ਵਿਚ ਇਸ ਸਮਾਨ ਦੀਆਂ ਰਸੀਦਾਂ ਪੇਸ਼ ਕਰੇ ਅਤੇ ਆਪਣਾ ਸਮਾਨ ਛੁਡਾ ਲਏ। ਇਸ ਦੀ ਕਾਪੀ ਉਸ ਦੇ ਸੀ.ਓ. ਨੁੰ ਭੇਜ ਦਿੱਤੀ। ਪਾਲ ਸਿੰਘ ਲਈ ਨਵੀਂ ਮੁਸੀਬਤ ਖੜੀ ਹੋ ਗਈ। ਪਾਲੇ ਨੇ ਸੱਚਾ ਬਣਨ ਲਈ ਕੰਟੀਨ ਤੋਂ ਏਨੇ ਮੁੱਲ ਦਾ ਹੀ ਸਮਾਨ ਖਰੀਦ ਲਿਆ ਅਤੇ ਬਿੱਲ ਦੀਆਂ ਤਰੀਕਾਂ ਬਦਲ ਕੇ ਰੇਲਵੇ ਪੁਲੀਸ ਨੂੰ ਭੇਜ ਦਿੱਤੀਆਂ। ਪੁਲਿਸ ਨੂੰ ਬਦਲੀਆਂ ਤਰੀਕਾਂ ਤੇ ਸ਼ੱਕ ਪੈ ਗਿਆ ਅਤੇ ਉਨ੍ਹਾਂ ਨੇ ਇਹ ਬਿੱਲ ਸੀ.ਓ. ਨੂੰ ਤਸਦੀਕ ਲਈ ਭੇਜ ਦਿੱਤੇ। ਪਾਲ ਸਿੰਘ ਦੇ ਖਿਲਾਫ ਇਨੰਕੁਆਰੀ ਚੱਲੀ ਅਤੇ ਇਕ ਮਹੀਨੇ ਬਾਅਦ ਰਿਪੋਰਟ ਆਈ ਕਿ ਬਿੱਲਾਂ ਦੀਆਂ ਅਸਲੀ ਤਰੀਕਾਂ ਮਿਟਾ ਕੇ ਪਿਛਲੀਆਂ ਤਰੀਕਾਂ ਦਰਜ ਕੀਤੀਆਂ ਗਈਆਂ ਹਨ। ਨਾਲ ਹੀ ਪਾਲੇ ਨੂੰ ਮੈਸ ਦਾ ਸਮਾਨ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ। ਸਜ਼ਾ ਵਜੋਂ ਉਸ ਦਾ ਅਹੁਦਾ ਘਟਾ ਕੇ ਉਸ ਨੂੰ ਫਿਰ ਤੋਂ ਨੈਬ ਸੂਬੇਦਾਰ ਬਣਾ ਦਿੱਤਾ ਗਿਆ ਅਤੇ ਮੈਸ ਦਾ ਕੰਮ ਵੀ ਵਾਪਸ ਲੈ ਲਿਆ ਗਿਆ। ਇਸ ਨਾਲ ਸੂਬੇਦਾਰਨੀ ਆਪਣੇ ਆਪ ਹੀ ਫਿਰ ਤੋਂ ਜੀਤੋ ਬਣ ਗਈ। ਦੂਰੋਂ ਕਿਧਰੋਂ ਆਵਜ਼ ਆ ਰਹੀ ਸੀ:-‘ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜਾ ਪਾਈ ਹੈ।
***
ਗੁਰਸ਼ਰਨ ਸਿੰਘ ਕੁਮਾਰ
#1183 ਫੇਸ-10 ਮੁਹਾਲੀ ਪੰਜਾਬ
ਮੋਬਾਇਲ:-94631-89432
email:gursharan1183@yahoo.in

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1832
***

ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →