| ਰਿਵੀਊ: ਤਕਨੌਲੋਜੀ – ਕੰਨਾਂ ਨੂੰ ਖਾ ਰਿਹਾ ਸੋਨਾ? (ਇਸ ਦੀ ਨਿੱਜੀ ਸਦ-ਵਰਤੋਂ ਲਈ ਸਵੈ-ਵਿਕਾਸ ਅਤੇ ਆਪਾ-ਪਛਾਣ ਦੀ ਅਹਿਮੀਅਤ) -ਡਾ. ਉਮਾ ਸੇਠੀ (ਪ੍ਰੋਫ਼ੈਸਰ)- |
|
ਨਿਰਸੰਦੇਹ, ਮਨੁੱਖੀ ਜੀਵਨ ਦੇ ਵਿਕਾਸ ਅਤੇ ਜੀਵਨ ਦੇ ਹਰੇਕ ਖੇਤਰ ਵਿੱਚ ਅੱਗੇ ਵਧਣ ਲਈ ਤਕਨੌਲੋਜੀ ਅਕੱਟ ਲੋੜੀਂਦੀ ਹੈ। ਪਰ ਮਹਿਜ਼ ਇਸੇ ’ਤੇ ਨਿਰਭਰ ਨਾਂ ਹੋ ਕੇ ਮਨੁੱਖ ਨੇ ਆਪਣੇ ਵਿਵੇਕ, ਸੰਤੁਲਿਤ ਜੀਵਨ-ਵਿਹਾਰ ਅਤੇ ਮਨੁੱਖੀ ਗੁਣਾਂ ਨੂੰ ਵੀ ਲਗਾਤਾਰ ਆਤਮਸਾਤ ਕਰਦੇ ਰਹਿਣਾ ਹੈ। ਇਹ ਪੁਸਤਕ ਇਕੱਤੀ ਲੇਖਾਂ ਦਾ ਸੰਕਲਨ ਹੈ। ਲੇਖਕ ਨੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਸਾਂਝੇ ਕਰਦਿਆਂ ਹੋਇਆਂ ਅਤੇ ਦੁਨੀਆਂ ਦੇ ਵੱਡੇ ਵਿਦਵਾਨਾਂ ’ਤੇ ਮਹਾਨ ਚਿੰਤਕਾਂ ਦੇ ਹਵਾਲੇ ਦੇ-ਦੇ ਕੇ ਜਿੱਥੇ ਪੁਸਤਕ ਵਿੱਚ ਰੌਚਿਕਤਾ ਦਾ ਅੰਸ਼ ਬਰਕਰਾਰ ਰੱਖਿਆ ਹੈ, ਉੱਥੇ ਵਿਸ਼ੇ ਦਾ ਨਿਭਾਅ ਕਰਨ ਵਿੱਚ ਵੀ ਇਹ ਵਿਧੀ ਕਾਰਗਰ ਸਿੱਧ ਹੋਈ ਹੈ। ਲੇਖਕ ਨੇ ਕਿਧਰੇ ਵੀ ਤਕਨੌਲੋਜੀ ਦੇ ਗੁੰਝਲ਼ਦਾਰ ਸਿਧਾਂਤਾਂ ਬਾਰੇ ਚਰਚਾ ਨਹੀਂ ਕੀਤੀ, ਸਗੋਂ ਇਸ ਦੀ ਵਿਹਾਰਕ ਵਰਤੋਂ ਬਾਰੇ ਸਾਰਥਿਕ ਮੁੱਦੇ ਉਠਾਏ ਹਨ। ਇਸੇ ਲਈ ਰਚਨਾ ਵਿਚ ਨੀਰਸਤਾ ਨਹੀਂ ਹੈ। ਸਧਾਰਨ ਬੁੱਧੀ ਵਾਲਾ ਪਾਠਕ ਵੀ ਦਿਲਚਸਪੀ ਨਾਲ ਇਸ ਕਿਤਾਬ ਨੂੰ ਪੜ੍ਹਨ ਦੇ ਸਮਰੱਥ ਹੈ। ਏ.ਆਈ. ਦੀ ਵਰਤੋਂ ਨੂੰ ਪਰੰਪਰਾ ਅਤੇ ਆਧੁਨਿਕਤਾ ਦੇ ਸਮਨਵੈ ਰਾਹੀਂ ਸਮਝਾਉਣ ਦੀ ਕਾਰਗਰ ਕੋਸ਼ਿਸ਼ ਕੀਤੀ ਗਈ ਹੈ। ਇੰਜ. ਈਸ਼ਰ ਸਿੰਘ ਨੇ ਵੱਖ ਵੱਖ ਲੇਖਾਂ ਰਾਹੀਂ ਅੱਤ (Extreme) ਦੇ ਸੰਕਲਪ ਤੋਂ ਮੁਖ ਮੋੜਦਿਆਂ ਅਜਿਹੀਆਂ ਤਦਬੀਰਾਂ ਦਾ ਵਰਣਨ ਕੀਤਾ ਹੈ ਜਿੱਥੇ ਏ. ਆਈ. ਦਾ ਲਾਭ ਤਾਂ ਅਸੀਂ ਪੂਰਾ ਲਈਏ ਪਰ ਇਸ ਦੇ ਗੁਲਾਮ ਹੋਣ ਤੋਂ ਵੀ ਬਚੇ ਰਹੀਏ। ਬੇ-ਲਗਾਮ ਤਕਨੌਲੋਜੀ ਤੋਂ ਬਾਰ-ਬਾਰ ਖਬਰਦਾਰ ਕਰਦਿਆਂ ਮਨੁੱਖ ਨੂੰ ਆਪਣੇ ਤਾਰਕਿਕ ਵਿਵੇਕ ਦੀ ਵਰਤੋਂ ਕਰਨ ਦਾ ਰਾਹ ਦਰਸਾਇਆ ਹੈ। ਏ.ਆਈ. ਦੇ ਗਿਆਨ ਦੇ ਨਾਲ ਨਾਲ ਲੇਖਕ ਨੇ ਅਜੋਕੀ ਪੀੜ੍ਹੀ ਨੂੰ ਸਾਹਿਤ, ਇਤਿਹਾਸ, ਅਧਿਆਤਮਵਾਦ, ਮਨੋਵਿਗਿਆਨ ਦੇ ਵਿਸ਼ਿਆਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਵੀ ਜ਼ੋਰ ਦਿੱਤਾ ਹੈ, ਤਾਂ ਜੋ ਇਨ੍ਹਾਂ ਵਿਸ਼ਿਆਂ ਤੋਂ ਹਾਸਿਲ ਹੋਏ ਵਿਵੇਕ ਰਾਹੀਂ ਮਨੁੱਖ ਆਪਾ-ਪਛਾਣ ਦੇ ਮਾਰਗ ’ਤੇ ਚੱਲ ਕੇ ਸਹੀ-ਗਲਤ ਦਾ ਨਿਤਾਰਾ ਕਰਨ ਦੇ ਸਮਰੱਥ ਹੋ ਸਕੇ। ਲੇਖਕ ਨੇ ਡਾ. ਯੁਵਾਲ ਨੋਆ ਹਰਾਰੀ ਦੀ ਪੁਸਤਕ ਦੇ ਹਵਾਲੇ ਨਾਲ ਏ.ਆਈ. ਤਕਨੌਲੋਜੀ ਨੂੰ ਅਜਿਹਾ ਮਕੜ-ਜਾਲ਼ ਕਿਹਾ ਹੈ ਜਿਹੜਾ ਮਨੁੱਖ ਉੱਤੇ ਪੂਰੀ ਤਰ੍ਹਾਂ ਕਾਬਿਜ ਹੋ ਗਿਆ ਹੈ। ਪੁਸਤਕ ਦਾ ਸਾਰ-ਤੱਤ ਇਸੇ ਗੱਲ ਵਿਚ ਨਿਹਿਤ ਹੈ ਕਿ ਅਸੀਂ ਹੁਣ ਇਸ ਜਾਲ਼ ਨੂੰ ਕਿਵੇਂ ਕਾਬੂ ਕਰਨਾ ਹੈ? ਅਜੋਕੇ ਸਮੇਂ ਦੀ ਇਹ ਵੱਡੀ ਵੰਗਾਰ ਵੀ ਹੈ ਅਤੇ ਫਿਕਰਮੰਦੀ ਵਾਲ਼ੀ ਗੱਲ ਵੀ। ਇਸ ਡਿਜ਼ਿਟਲ ਤਾਨਾ-ਸ਼ਾਹੀ ਤੋਂ ਬਚਣ ਲਈ ਅਤੇ ਇਸ ਦੇ ਸਦ-ਉਪਯੋਗ ਲਈ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ। ਕੁਲ ਮਿਲਾ ਕੇ ਲੇਖਕ ਨੇ ਦਰਸਾਇਆ ਹੈ ਕਿ ਤਕਨੌਲੋਜੀ ਦਾ ਵਿਕਾਸ ਸਰਬ-ਸਾਂਝੀ ਖੁਸ਼ਹਾਲੀ ਦੇ ਆਉਣ ਦਾ ਕੋਈ ਨਿਸ਼ਚਿਤ ਮਾਪ-ਦੰਡ ਨਹੀਂ ਹੈ, ਸਗੋਂ ਤਕਨੌਲੋਜੀਆਂ ਦੀ ਗ੍ਰਿਫਤ ਵਿਚ ਫਸਿਆ ਮਨੁੱਖ ਜਿੰਦਗੀ ਦੇ ਯਥਾਰਥ ਤੋਂ ਦੂਰ ਹੋ ਰਿਹਾ ਹੈ। ਜ਼ਹੀਨ ਬੁੱਧੀ ਵਾਲੇ ਵਿਦਿਆਰਥੀ ਤਕਨੌਲੋਜੀਆਂ ਨਾਲ ਸੰਬੰਧਿਤ ਵਿਸ਼ਿਆਂ ਨੂੰ ਹੀ ਪੜ੍ਹਨ ਵਿਚ ਪਹਿਲ ਦੇ ਰਹੇ ਹਨ। ਦੂਜੇ ਖੇਤਰ ਜਿਵੇਂ ਕਿ ਖੇਤੀਬਾੜੀ, ਉਦਯੋਗ, ਬਿਜਲੀ ਨਿਰਮਾਣ ਆਦਿ ਨੂੰ ਗੈਰ-ਜ਼ਰੂਰੀ ਗਰਦਾਨੇ ਜਾਣ ਦੀ ਰੁਚੀ ਵੱਧ ਪਰਬਲ ਹੋ ਰਹੀ ਹੈ। ਇਸੇ ਲਈ ਲੇਖਕ ਨੇ ਸੁਝਾਅ ਦਿੱਤਾ ਹੈ ਕਿ ਏ.ਆਈ. ਦੇ ਤੇਜ ਰਫ਼ਤਾਰ ਵਿਕਾਸ ਦੇ ਨਾਲ਼-ਨਾਲ਼ ਮਨੁੱਖੀ ਚੇਤਨਾ ਦਾ ਵਿਕਾਸ ਵੀ ਓਨਾ ਹੀ ਲੋੜੀਂਦਾ ਹੈ। ਇਸ ਦੇ ਯਕੀਨੀ ਬਣਾਏ ਜਾਣ ਦੀ ਲੋੜ ’ਤੇ ਪੁਸਤਕ ਵਿਚ ਬਾਰ ਬਾਰ ਜ਼ੋਰ ਦਿੱਤਾ ਗਿਆ ਹੈ ਅਤੇ ਅਜੋਕੀ ਪੀੜ੍ਹੀ ਨੂੰ ਸੁਚੇਤ ਕੀਤਾ ਗਿਆ ਹੈ। ਇਹੋ ਇਸ ਪੁਸਤਕ ਦੀ ਪ੍ਰਾਪਤੀ ਹੈ ਅਤੇ ਵਿਲੱਖਣਤਾ ਵੀ। ਪੰਜਾਬੀ, ਅਦਬੀ ਹਲਕਿਆਂ ਵਿਚ ਇਸ ਪੁਸਤਕ ਦਾ ਸੁਆਗਤ ਕੀਤਾ ਜਾਣਾ ਬਣਦਾ ਹੈ ਅਤੇ ਪੰਜਾਬੀ ਪਾਠਕ ਨਿਸਚੇ ਹੀ ਇਸ ਦਾ ਲਾਭ ਉਠਾਉਣਗੇ। ਇਸੇ ਭਰੋਸੇ ਨਾਲ, ਇਸ ਪੁਸਤਕ ਦੇ ਲੇਖਕ ਇੰਜ. ਈਸ਼ਰ ਸਿੰਘ ਮੁਬਾਰਕ ਦੇ ਹੱਕਦਾਰ ਹਨ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਤਕਨੌਲੋਜੀ – ਕੰਨਾਂ ਨੂੰ ਖਾ ਰਿਹਾ ਸੋਨਾ? ਇੰਜ ਈਸ਼ਰ ਸਿੰਘ ਦੁਆਰਾ ਪੰਜਾਬੀ ਭਾਸ਼ਾ ਵਿਚ ਲਿਖੀ ਗਈ, ਉਨ੍ਹਾਂ ਦੀ ਪਲੇਠੀ ਰਚਨਾ ਹੈ। ਉਨ੍ਹਾਂ ਨੇ ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰੀਕਲ ਇੰਜਨੀਅਰੀ ਦੀ ਡਿਗਰੀ ਹਾਸਿਲ ਕੀਤੀ। ਸੰਨ 2002 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਤੋਂ ਮੁੱਖ ਇੰਜਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਅਤੇ ਅੱਜਕਲ੍ਹ ਕਨੇਡਾ ਵਿਖੇ ਰਹਿ ਰਹੇ ਹਨ। ਲੇਖਕ ਨੇ ਇਸ ਪੁਸਤਕ ਵਿੱਚ ਮਨੁੱਖੀ ਜਿੰਦਗੀ ਦੇ ਹਰੇਕ ਖੇਤਰ ਵਿਚ ਘੁਸਪੈਠ ਕਰ ਰਹੀ ਤਕਨੌਲੋਜੀ, ਵਿਸ਼ੇਸ਼ ਕਰ ਕੇ ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਬਾਰੇ ਬੜੇ ਸੰਜੀਦਾ ਪ੍ਰਸ਼ਨ ਉਠਾਏ ਹਨ। ਖਤਰੇ ਦੀ ਘੰਟੀ ਬਣ ਕੇ ਹਾਵੀ ਹੋ ਰਹੀ ਇਸ ਤਕਨੌਲੋਜੀ ਬਾਰੇ ਕੀ ਪਹੁੰਚ-ਵਿਧੀ ਅਪਣਾਈ ਜਾਣੀ ਲੋੜੀਂਦੀ ਹੈ? ਲੇਖਕ ਨੇ ਇਸ ਬਾਰੇ ਬੜੀ ਤਾਰਕਿਕ ਬਹਿਸ ਛੇੜੀ ਹੈ। ਤਕਨੌਲੋਜੀ ਅਤੇ ਮਨੁੱਖੀ ਸੂਝ/ਚੇਤਨਾ ਦਰਮਿਆਨ ਸੰਤੁਲਿਤ ਵਿਹਾਰ ਦੀ ਗੱਲ ਕਰਦਿਆਂ, ਇਸ ਦੀ ਸਕਾਰਾਤਮਕ ਭੂਮਿਕਾ ਬਾਰੇ ਇਸ ਕਿਤਾਬ ਵਿਚ ਅਹਿਮ ਨੁਕਤੇ ਪੇਸ਼ ਕੀਤੇ ਹਨ। ਏ.ਆਈ. ਯਾਨੀ ਮਸਨੂਈ ਬੁੱਧੀ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਸਾਵਧਾਨ ਰਹਿਣ ਲਈ ਅਸਲੀ ਬੁੱਧੀ ਯਾਨੀ ਮਨੁੱਖ ਦੀ ਆਪਣੀ ਬੁੱਧੀ ਦੀ ਵਰਤੋਂ ਕਰਦੇ ਰਹਿਣ ਲਈ ਮਨੁੱਖ ਨੂੰ ਸੁਚੇਤ ਕੀਤਾ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਉੱਤੇ ਵਾਸਤਵਿਕ ਮਨੁੱਖੀ ਬੁੱਧੀ/ਚੇਤਨਾ ਰਾਹੀਂ ਲਗਾਮ ਦੀ ਜ਼ਰੂਰਤ ਪ੍ਰਤੀ ਲੇਖਕ ਨੇ ਇਸ ਪੁਸਤਕ ਵਿਚ ਬਾਰ-ਬਾਰ ਸਾਵਧਾਨ ਕੀਤਾ ਹੈ। ਆਪਣੀ ਤਾਰਕਿਕ ਸੋਚ ਅਧੀਨ ਏ.ਆਈ. ਦੀ ਵਰਤੋਂ ਕਰਦਿਆਂ ਇਸ ਦੇ ਨਿਖੇਧਾਤਮਕ ਪ੍ਰਭਾਵਾਂ ਤੋਂ ਬਚ ਕੇ ਰਹਿਣਾ ਬਹੁਤ ਲੋੜੀਂਦਾ ਹੈ। ਨਹੀਂ ਤਾਂ ਇਸ ਦੀ ਚਕਾਚੌਂਧ ਵਿੱਚ ਸਾਡੀ ਵੇਦਨਾ, ਸੰਵੇਦਨਾ, ਸਿਰਜਨਾਤਮਕਤਾ, ਨੈਤਿਨਤਾ ਅਤੇ ਅਨੇਕਾਂ ਮਾਨਵੀ ਕਦਰਾਂ-ਕੀਮਤਾਂ ਜਿਹੜੀਆਂ ਮਨੁੱਖ ਦੇ ਮਨੁੱਖ ਹੋਣ ਦਾ ਪ੍ਰਮਾਣ ਹਨ, ਗੁਆਚ ਜਾਣਗੀਆਂ ।
