18 December 2025

ਕਵਿਤਾ ਦਾ ਹਰਜ਼ਾਨਾ — ਡਾ ਗੁਰਬਖ਼ਸ਼ ਸਿੰਘ ਭੰਡਾਲ

 

 

ਅਸੀਂ ਅਕਸਰ ਆਪਣੀਆਂ ਗਲਤੀਆਂ ਦਾ ਹਰਜ਼ਾਨਾ ਭਰਦੇ। ਗਲਤੀਆਂ ਜੋ ਜਾਣੇ/ਅਣਜਾਣੇ ਜਾਂ ਸਹਿਜ-ਸੁਭਾ ਹੋ ਜਾਦੀਆਂ। ਜਾਂ ਅਸੀਂ ਸੁਚੇਤ ਰੂਪ ਵਿਚ ਕੁਝ ਅਜੇਹਾ ਕਰਦੇ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਂਦਾ ਜਾਂ ਕਿਸੇ ਦਾ ਸਰੀਰਕ, ਮਾਨਸਿਕ ਜਾਂ ਭਾਵਨਾਤਮਿਕ ਨੁਕਸਾਨ ਕਰਦੇ। ਕਈ ਵਾਰ ਸਾਡੀਆਂ ਕੁਤਾਹੀਆਂ ਕਾਰਨ ਵੀ ਸਾਨੂੰ ਹਰਜ਼ਾਨਾ ਭਰਨਾ ਪੈਂਦਾ।

ਹਰਜਾਨਾ ਵੀ ਅਸੀਂ ਕਈ ਰੂਪਾਂ ਵਿਚ ਭਰਦੇ। ਕਦੇ ਮਾਇਕ ਰੂਪ ਵਿਚ, ਕਦੇ ਮੁਆਫ਼ੀ ਮੰਗ ਕੇ, ਕਦੇ ਕਿਸੇ ਦੀਆਂ ਭਾਵਨਾਵਾਂ ਨੂੰ ਸਹਿਲਾ ਕੇ, ਕਦੇ ਕਿਸੇ ਨੂੰ ਦਿੱਤੇ ਅਦਿੱਖ ਜਖਮਾਂ `ਤੇ ਮੋਹ ਦੀ ਟਕੋਰ ਕਰਕੇ। ਪਰ ਕਈ ਵਾਰ ਅਸੀਂ ਇੰਨੇ ਨਿਰਦਈ ਅਤੇ ਕਠੋਰ ਹੋ ਜਾਂਦੇ ਕਿ ਅਸੀਂ ਖਿੱੜ ਰਹੇ ਫੁੱਲ ਨੂੰ ਪੱਤੀ ਪੱਤੀ ਕਰਕੇ, ਪੱਤੀਆਂ ਨੂੰ ਮਸਲਦਿਆਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਵਿਚ ਸਾਰੇ ਸਰੋਤ ਲਾ ਦਿੰਦੇ।

ਹਰਜਾਨਾ ਬੋਲਾਂ ਦਾ ਭੁੱਗਤਣਾ ਪੈਂਦਾ, ਚੁੱਪ ਦਾ, ਸ਼ਬਦਾਂ ਦਾ ਅਤੇ ਅਸ਼ਬਦ ਜਾਂ ਅਵਾਕ ਰਹਿ ਕੇ ਵੀ। ਸਪੱਸ਼ਟੀਕਰਨ ਦੇ ਕੇ ਵੀ, ਨਾ ਚਾਹੁੰਦਿਆਂ ਹੋਇਆਂ ਵੀ ਅਤੇ ਚਾਹ ਕੇ ਵੀ। ਕਈ ਵਾਰ ਤਾਂ ਕਿਸੇ ਬੇਕਸੂਰ ਨੂੰ ਖਾਹ-ਮਖਾਹ ਹੀ ਹਰਜ਼ਾਨਾ ਭਰਨਾ ਪੈਂਦਾ ਜਿਹੜਾ ਅਕਸਰ ਉਸਦੇ ਅੰਦਰ ਦੀ ਚੀਸ ਬਣ ਕੇ ਉਸਦੀ ਰੂਹ ਤੇ ਇਕ ਸਦੀਵੀ ਚਸਕ ਧਰ ਜਾਂਦਾ ਕਿਉਂਕਿ ਅਜੇਹਾ ਹਰਜਾਨਾ ਕਈ ਵਾਰ ਅਜੇਹਾ ਜਖਮ ਦੇ ਜਾਂਦਾ ਜੋ ਦਿਸਦਾ ਤਾਂ ਨਹੀਂ ਪਰ ਇਸਦੀ ਪੀੜ ਬੀਤੇ ਨੂੰ ਅਕਸਰ ਚੇਤੇ ਕਰਵਾ, ਉਨ੍ਹਾਂ ਪਲਾਂ ਵਿਚ ਬੰਦੇ ਨੂੰ ਲਿਆ ਖਲਿਆਰਦੀ।

ਆਪਣੇ ਜੀਵਨ ਵਿਚ ਕੁਝ ਕਿਹਾ ਜਾਂ ਅਣਕਿਹਾ ਕਾਰਨ ਹਰਜ਼ਾਨਾ ਤਾਂ ਸਮਝ ਆਉਂਦਾ। ਪਰ ਜਦ ਸ਼ਬਦਾਂ ਨੂੰ ਸਜ਼ਾ ਮਿਲੇ। ਕਵਿਤਾ ਨੂੰ ਕਵਿਤਾ ਹੋਣ ਕਰਕੇ, ਕਰਤੇ ਅਤੇ ਕਵਿਤਾ ਨੂੰ ਖੁਦ ਹੀ ਹਰਜ਼ਾਨਾ ਭੁੱਗਤਣਾ ਪਵੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਾਵਿਕ ਸ਼ਬਦਕਾਰੀ ਵਿਚ ਕਿੰਨਾ ਵੱਡਾ ਸੱਚ ਛੁੱਪਿਆ ਹੁੰਦਾ ਅਤੇ ਇਸ ਵਿਚ ਇੰਨੀ ਤਾਕਤ ਹੁੰਦੀ ਕਿ ਕਿਸੇ ਦੇ ਸੀਨੇ ਵਿਚ ਛੇਕ ਵੀ ਕਰ ਸਕਦੀ, ਕਿਸੇ ਦੀਆਂ ਚੇਤਨਾ ਨੂੰ ਹਲੂਣ ਵੀ ਸਕਦੀ ਅਤੇ ਕਿਸੇ ਦੇ ਮਨ ਵਿਚ ਤਰਥੱਲੀ ਵੀ ਲਿਆ ਸਕਦੀ, ਕਿਸੇ ਦੀ ਸੋਚ ਵਿਚ ਖਲਬਲੀ ਪੈਦਾ ਕਰ ਸਕਦੀ ਅਤੇ ਸੁਚੇਤ ਵਰਗ ਨੂੰ ਤਸਵੀਰ ਦੇ ਦੂਸਰੇ ਪੱਖ ਨੂੰ ਸਮਝਣ ਲਈ ਉਕਸਾ ਵੀ ਸਕਦੀ। ਕਈ ਵਾਰ ਤਾਂ ਕਵਿਤਾ ਉਨ੍ਹਾਂ ਪਰਤਾਂ ਦੀ ਨਿਸ਼ਾਨਦੇਹੀ ਵੀ ਕਰਦੀ ਜਿਹੜੀ ਅਕਸਰ ਹੀ ਸਾਨੂੰ ਨਜ਼ਰ ਨਹੀਂ ਆਉਂਦੀ। ਕੁਝ ਅਜੇਹਾ ਹੀ ਮੇਰੀ ਸੱਭ ਤੋਂ ਪਹਿਲੀ ਛੋਟੀ ਜਹੀ ਨਜ਼ਮ ਨਾਲ ਹੋਇਆ ਜਿਸ ਬਾਰੇ ਮੈਂ ਤਾਂ ਕਿਆਸ ਵੀ ਨਹੀਂ ਸੀ ਕਰ ਸਕਦਾ ਕਿ ਕਵਿਤਾ ਇੰਨੀ ਅਸਰਦਾਈ ਹੁੰਦੀ ਹੈ ਕਿ ਇਸ ਤੋਂ ਵੀ ਬਹੁਤ ਵੱਡਾ ਖ਼ਤਰਾ ਪੈਦਾ ਹੋ ਸਕਦਾ।

ਅਪ੍ਰੈਲ-ਮਈ 1977। ਭਾਰਤ ਵਿਚ ਐਮਰਜੈਂਸੀ ਦਾ ਵਕਤ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਇੰਸ ਆਡੋਟੋਰੀਅਮ ਵਿਚ ਐਮਐਸਸੀ ਫਿਜਿ਼ਕਸ ਫਾਈਨਲ ਦੇ ਵਿਦਿਅਰਥੀਆਂ ਦੀ ਫੇਅਰਵੈੱਲ ਪਾਰਟੀ। ਸਾਰੇ ਵਿਦਿਆਰਥੀ ਕੁਝ ਨਾ ਕੁਝ ਸੁਣਾ ਰਹੇ। ਮੈਂਨੂੰ ਪੰਜਾਬੀ ਸਾਹਿਤ ਪੜ੍ਹਨ ਦੀ ਚੇਟਕ ਤਾਂ ਪਹਿਲਾਂ ਹੀ ਲੱਗੀ ਹੋਈ ਸੀ ਅਤੇ ਇਸਨੂੰ ਹੋਰ ਪਨਪਣ ਵਿਚ ਪਟਿਆਲਾ ਯੂਨੀਵਰਸਿਟੀ ਦਾ ਵੱਡਾ ਯੋਗਦਾਨ ਕਿਉਂਕਿ ਮੇਰੇ ਕਮਰੇ ਵਿਚ ਅਕਸਰ ਹੀ ਪੰਜਾਬੀ ਪਿਆਰੇ ਪ੍ਰੋ. ਕੁਲਵੰਤ ਔਜਲਾ, ਡਾ. ਜਸਵਿੰਦਰ ਸਿੰਘ, ਡਾ. ਸ਼ਤੀਸ਼ ਵਰਮਾ, ਪ੍ਰੋ. ਬਲਵਿੰਦਰ ਧਾਲੀਵਾਲ ਵਰਗੇ ਅਦਬੀ ਮਿੱਤਰਾਂ ਦੀ ਮਹਿਫ਼ਲ ਹਰ ਸ਼ਾਮ ਨੂੰ ਸੱਜ ਜਾਦੀ ਜੋ ਅਜੋਕੇ ਸਮੇਂ ਦੇ ਬਹੁਤ ਵੱਡੇ ਵਿਦਵਾਨ ਅਤੇ ਸਾਹਿਤਕਾਰ ਹਨ। ਇਸ ਫੇਅਰਵੈੱਲ ਪਾਰਟੀ ਵਿਚ ਮੈਂ ਪਹਿਲੀ ਵਾਰ ਆਪਣੀ ਨਿੱਕੀ ਜਹੀ ਕਵਿਤਾ ਸੁਣਾਈ।

ਹਵਾ ਬੰਦ ਹੈ
ਦਰਖਤਾਂ ਦੇ ਪੱਤੇ ਨਹੀਂ ਹਿੱਲਦੇ
ਪਹਿਆਂ `ਚੋਂ ਘੱਟਾ ਨਹੀਂ ਉਡਦਾ
ਇਸਦਾ ਇਹ ਮਤਲਬ ਨਹੀਂ
ਕਿ
ਹਵਾ ਮਰ ਚੁੱਕੀ ਹੈ
ਇਹ ਤਾਂ ਸਮੇਂ-ਸੂਚਕ ਹੈ
ਕਿਸੇ ਆਉਣ ਵਾਲੇ
ਭਾਰੂ ਤੂਫ਼ਾਨ ਦੀ।

ਮੇਰੇ ਅਧਿਆਪਕ ਅਤੇ ਜਮਾਤੀ ਦੇਖਦੇ ਹੀ ਰਹਿ ਗਏ ਕਿ ਏਡੀ ਵੱਡੀ ਗੱਲ ਨੂੰ ਇੰਨੀ ਸਾਦਗੀ ਨਾਲ ਵੀ ਕਿਹਾ ਜਾ ਸਕਦਾ। ਉਹ ਵੀ ਉਦੋਂ ਜਦੋਂ ਐਮਰਜੈਂਸੀ ਲੱਗੀ ਹੋਵੇ। (ਭਾਵੇਂ ਕਿ ਜੂਨ 1977 ਵਿਚ ਐਮਰਜੈਂਸੀ ਖਤਮ ਹੋ ਗਈ ਸੀ)। ਪਾਰਟੀ ਤੋਂ ਬਾਅਦ ਮੇਰੇ ਇਕ ਪ੍ਰੋਫ਼ੈਸਰ ਨੇ ਸਪੱਸ਼ਟ ਹੀ ਕਹਿ ਦਿਤਾ ਕਿ ਤੈਂਨੂੰ ਪਤਾ ਨਹੀਂ ਕਿ ਤੂੰ ਕੀ ਲਿਖਿਆ ਅਤੇ ਬੋਲ ਗਿਆ ਏਂ ਜਦੋਂ ਐਮਰਜੈਂਸੀ ਲੱਗੀ ਹੋਈ ਆ। ਤੇ ਉਸਦੇ ਅੰਦਰਲਾ ਕੁੜੱਤਣੀ ਸੱਚ ਉਸ ਵਕਤ ਜ਼ਾਹਰ ਹੋ ਗਿਆ ਜਦ ਪ੍ਰੈਕਟੀਕਲ ਵਿਚ ਮੇਰੇ ਸਿਰਫ਼ ਫਸਟ ਡਿਵੀਜ਼ਨ ਜੋਗੇ ਹੀ ਨੰਬਰ ਲਾਏ ਗਏ ਭਾਵੇਂ ਕਿ ਲਿਖਤੀ ਪੇਪਰਾਂ ਵਿਚ ਮੈਂ ਪਹਿਲੇ ਨੰਬਰ `ਤੇ ਸੀ। ਇਸਦਾ ਸਿੱਟਾ ਇਹ ਨਿਕਲਿਆ ਕਿ ਮੇਰੇ ਕੋਲੋਂ ਗੋਲਡ ਮੈਡਲ ਖਿਸਕਾ ਲਿਆ ਗਿਆ ਅਤੇ ਮੈਂ ਐਮਐਸਸੀ ਵਿਚ ਯੂਨੀਵਰਸਿਟੀ ਵਿਚੋਂ ਦੂਸਰੇ ਨੰਬਰ `ਤੇ ਆਇਆ।

ਇਸ ਨਾਲ ਮੈਂਨੂੰ ਇਹ ਅਹਿਸਾਸ ਹੋਇਆ ਕਿ ਕਵਿਤਾ ਦੀ ਕਿੰਨੀ ਤਾਕਤਵਰ ਹੁੰਦੀ। ਤਾਕਤ ਦੇ ਗਲਿਆਰਿਆਂ ਵਿਚਲੇ ਲੋਕ ਕਿਵੇਂ ਕਵਿਤਾ ਤੋਂ ਤ੍ਰਹਿੰਦੇ ਅਤੇ ਕਵਿਤਾ ਨੂੰ ਕਤਲ ਕਰਨ ਲਈ ਹਰ ਹਰਬਾ ਵਰਤਦੇ। ਸੱਚ ਇਹ ਹੈ ਕਿ ਕਲਮ ਵਿਚੋਂ ਨਿਕਲੇ ਰੂਹੀ ਸ਼ਬਦ ਹੀ ਹੁੰਦੇ ਜੋ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੇ। ਬੰਦੇ ਦੇ ਮਨ ਵਿਚ ਬੈਠੀਆਂ ਅਪੂਰਨ ਇਛਾਵਾਂ ਅਤੇ ਉਸ `ਤੇ ਲਾਈਆਂ ਪਾਬੰਦੀਆਂ ਦੀ ਦਸਤਾਵੇਜ਼ ਅਤੇ ਇਨ੍ਹਾਂ ਨੂੰ ਤੋੜ ਕੇ ਖੁਲੀ ਉਡਾਣ ਭਰਨ ਦਾ ਖਿ਼ਆਲ ਹੁੰਦੇ। ਕਲਮ ਸਿਰਫ਼ ਕਵੀ ਦਾ ਖਿ਼ਆਲ ਜਾਂ ਖ਼ਾਬ ਨਹੀਂ ਹੁੰਦੀ ਸਗੋਂ ਇਹ ਅਬੋਲ ਅਤੇ ਮੂਕ ਵੇਦਨਾ ਦਾ ਬਿਰਤਾਂਤ ਹੁੰਦੇ। ਸੁਪਨਿਆਂ ਦੇ ਦੇਸ਼ ਦੀਆਂ ਸੰਭਾਵਨਾਵਾਂ ਅਤੇ ਸੱਚ ਦੀ ਕਾਵਿਕਾਰੀ। ਥੋੜ੍ਹੇ ਜਹੇ ਸ਼ਬਦਾਂ ਵਿਚ ਵੱਡੀ ਅਰਥਮਈ ਬਾਤ ਕਹਿਣ ਦਾ ਅੰਦਾਜ਼।

ਕਵਿਤਾ ਜਦੋਂ ਨਾਅਰਾ ਬਣਨ ਦੀ ਬਜਾਏ ਬਹੁਤ ਹੀ ਸਹਿਜ ਅਤੇ ਸੂਖਮ ਰੂਪ ਵਿਚ ਸਾਡੇ ਅੰਤਰੀਵ ਨੂੰ ਫਰੋਲੇ, ਪੜ੍ਹਨ ਵਾਲੇ ਦੇ ਮਨ ਵਿਚ ਇਹ ਅਹਿਸਾਸ ਪੈਦਾ ਕਰੇ ਕਿ ਇਹ ਤਾਂ ਉਸਦੇ ਜ਼ਜ਼ਬਾਤਾਂ ਦਾ ਵਰਨਣ ਹੈ। ਉਸਦੇ ਮਨ ਵਿਚ ਬਹੁਤ ਸਾਰੇ ਪ੍ਰਸ਼ਨ ਪੈਦਾ ਹੋਣ ਅਤੇ ਉਹ ਖੁਦ ਇਨ੍ਹਾਂ ਦਾ ਜਵਾਬ ਲੱਭਣ ਲਈ ਆਪਣੇ ਅੰਤਰੀਵ ਵਿਚ ਉਤਰੇ ਤਾਂ ਕਵਿਤਾ ਆਪਣਾ ਫਰਜ਼ ਨਿਭਾ ਜਾਂਦੀ। ਕਵਿਤਾ, ਅੱਖਰਕਾਰੀ ਵੀ ਨਹੀਂ ਹੁੰਦੀ।

ਮੇਰੀ ਸ਼ੁਰੂਆਤੀ ਸਿਰਜਣਕਾਰੀ ਵਿਚ ਇਸ ਘਟਨਾ ਨੇ ਬਹੁਤ ਸਾਰੀਆਂ ਤੰਦਾਂ, ਤਾਣਿਆਂ, ਤਰਜ਼ੀਹਾਂ ਅਤੇ ਤਦਬੀਰਾਂ ਦਾ ਕਿਆਸ ਕਰਵਾਇਆ ਕਿ ਸ਼ਬਦ-ਸਫ਼ਰ ਸੁਖਾਵਾਂ ਨਹੀਂ ਹੁੰਦਾ। ਜਦ ਤੁਸੀਂ ਆਪਣੀ ਰੂਹ ਨੂੰ ਵੱਖਰੇ ਅੰਦਾਜ਼ ਅਤੇ ਆਪਣੀ ਹੀ ਸੈ਼ਲੀ ਵਿਚ ਜੁਬਾਨ ਦਿੰਦੇ ਹੋ ਤਾਂ ਇਹ ਕਈ ਵਾਰ ਸਥਾਪਤ ਲੇਖਕੀ ਡੇਰੇਦਾਰਾਂ ਨੂੰ ਵੀ ਅੱਖਰਦੀ ਹੈ। ਜਦੋਂ ਤੁਸੀਂ ਪ੍ਰਚਲਤ ਫਰੇਮ ਤੋਂ ਬਾਹਰ ਜਾ ਕੇ ਕੁਝ ਸਿਰਜਦੇ ਹੋ ਤਾਂ ਇਹ ਉਨ੍ਹਾਂ ਲੋਕਾਂ ਦੇ ਮਨਾਂ ਵਿਚ ਭਰਮ-ਭੁਲੇਖਿਆਂ ਨੂੰ ਦੂਰ ਕਰ ਜਾਂਦੀ ਕਿ ਮੇਰੇ ਤੋਂ ਵੱਡਾ/ਵੱਖਰਾ/ਵਿਲੱਖਣ ਕੋਈ ਨਹੀਂ। ਸਮੇਂ ਨਾਲ ਵਕਤ ਬਦਲਦਾ, ਲਿਖਤਾਂ ਬਦਲਦੀਆਂ ਅਤੇ ਸਿਰਜਣਾਕਾਰੀ ਦੇ ਕਈ ਰੰਗ ਉਭਰਦੇ, ਕੁਝ ਗੂੜੇ, ਕੁਝ ਫਿੱਕੇ ਤੇ ਕੁਝ ਧੁੰਧਲੇ ਵੀ ਹੋ ਜਾਂਦੇ। ਇਹ ਵਰਤਾਰਾ ਦਰਅਸਲ ਨਵੀਆਂ ਪੈੜਾਂ ਸਿਰਜਣ ਅਤੇ ਆਪਣੀ ਵਿਲੱਖਣਤਾ ਨੂੰ ਹਰਫ਼ਾਂ ਰਾਹੀਂ ਉਕਰਨਾ ਹੁੰਦਾ ਜਿਸ ਨੂੰ ਕੋਈ ਨਹੀਂ ਰੋਕ ਸਕਦਾ ਬਸ਼ਰਤੇ ਕਿ ਲੇਖਕ ਆਪਣੇ ਮਨ ਤੇ ਰੂਹ ਦੀ ਸਰਦਾਰੀ ਮੰਨਦਾ ਹੋਵੇ ਅਤੇ ਦਿਮਾਗ ਦਾ ਗੁਲਾਮ ਨਾ ਹੋਵੇ।

ਮੈਂ ਕੋਈ ਲੇਖਕ ਨਹੀਂ ਸਗੋਂ ਕੁਝ ਲਿਖਣਾ ਹੀ ਸਿੱਖ ਰਿਹਾਂ। ਕਾਸ਼! ਕੁਝ ਚੰਗਾ ਲਿਖ ਸਕਾਂ ਜੋ ਸਮਾਂ ਦੇ ਹਾਣ ਦਾ ਹੋਵੇ ਅਤੇ ਜਿਸਦੀ ਉਮਰ ਮੇਰੇ ਜੇਡੀ ਹੀ ਹੋਵੇ। ਸ਼ਬਦ ਦੀ ਲ਼ੰਮੇਰੀ ਉਮਰ ਨੂੰ ਕੀ ਕਰਨਾ। ਜਿੰਨੇ ਚਿਰ ਮੇਰੇ ਸ਼ਬਦ ਜਿਉਂਦੇ ਰਹਿਣਗੇ ਮੈਂ ਜਿਉਂਦਾ ਹਾਂ। ਇਹ ਅੱਖਰਕਾਰੀ ਹੀ ਹੈ ਜਿਹੜੀ ਮੇਰੇ ਸਾਹਾਂ ਵਿਚ ਵੱਸਦੀ, ਮੇਰੇ ਸ਼ਬਦਾਂ ਵਿਚ ਗੁਣਗੁਣਾਉਂਦੀ ਅਤੇ ਮੇਰੀਆਂ ਪੋਟਿਆਂ ਵਿਚ ਕੁਝ ਲਿਖਣ ਦੀ ਚਾਹਤ ਉਪਜਾਉਂਦੀ। ਮੈਂ ਸਿਰਫ਼ ਆਪਣੇ ਲਈ ਹੀ ਲਿਖਦਾ ਹਾਂ। ਜੇਕਰ ਇਹ ਕਿਸੇ ਦੇ ਹਿੱਸੇ ਦਾ ਸੱਚ ਬਣ ਜਾਵੇ ਤਾਂ ਇਸ ਤੋਂ ਵੱਡਾ ਸੁਖਨ ਮੇਰੇ ਲਈ ਕੀ ਹੋ ਸਕਦਾ? ਪਰ ਇਸ ਸ਼ਬਦ-ਸਫ਼ਰ ਵਿਚ ਕੁਝ ਅਜੇਹਾ ਵੀ ਵਾਪਰਦਾ ਜਿਹੜਾ ਤੁਹਾਡੇ ਅਵਚੇਤਨ ਵਿਚ ਖ਼ਲਬਲੀ ਪੈਦਾ ਕਰਦਾ ਅਤੇ ਸੋਚਣ ਲਈ ਮਜ਼ਬੂਰ ਕਰਦਾ ਕਿ ਅੱਛਾ! ਇੰਝ ਵੀ ਕੋਈ ਸੋਚ ਸਕਦਾ। ਕਵਿਤਾ ਦੀ ਤੌਹੀਨ ਕਰ ਸਕਦਾ। ਇਹ ਕਿਸੇ ਦੇ ਅੰਦਰ ਵੱਸਦੀ ਹਾਊਮੈਂ ਦਾ ਪ੍ਰਗਟਾਅ ਤਾਂ ਨਹੀਂ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਦਾ ਤੁਅੱਸਬੀ ਵਰਤਾਰਾ ਤਾਂ ਨਹੀਂ।

1985 ਦਾ ਸਾਲ। ਮੈਂ ਸਰਕਾਰੀ ਕਾਲਜ ਹੁਸਿ਼ਆਰਪੁਰ ਵਿਚ ਪੜਾਉਂਦਾ ਸਾਂ। ਮੇਰੀ ਇਕ ਕਵਿਤਾ ਪੰਜਾਬ ਭਾਸ਼ਾ ਵਿਭਾਗ ਦੇ ਮੈਗਜੀਨ ਜਨ-ਸਾਹਿਤ ਵਿਚ ਛਪੀ। ਮੈਂ ਚਾਅ ਨਾਲ ਕਾਲਜ ਵਿਚ ਮੇਰੇ ਨਾਲ ਪੜਾਉਂਦੇ ਪੰਜਾਬੀ ਦੇ ਬਹੁਤ ਵੱਡੇ ਅਦੀਬ ਨੂੰ ਦਿਖਾਈ ਤਾਂ ਉਸਨੇ ਸਰਸਰੀ ਨਜ਼ਰ ਮਾਰ ਕੇ ਕਿਹਾ ਕਿ ਚਲੋ ਚੰਗਾ ਹੋਇਆ, ਤੈਂਨੂੰ ਇਸ ਕਵਿਤਾ ਦੇ 25 ਰੁਪਏ ਮਿਲ ਜਾਣਗੇ। ਪਰ ਕਵਿਤਾ ਬਾਰੇ ਇਕ ਸ਼ਬਦ ਵੀ ਨਾ ਬੋਲਿਆ। ਮੈਂ ਇਹ ਸੁਣ ਕੇ ਭੁਚੱਕਾ ਹੀ ਰਹਿ ਗਿਆ ਅਤੇ ਖਾਮੋਸ਼ ਤੇ ਨਿਰਾਸ਼ ਹੋ ਗਿਆ। ਦਰਅਸਲ ਉਸ ਸਮੇਂ ਕਵਿਤਾ ਛਪਣ ਤੇ ਭਾਸ਼ਾ ਵਿਭਾਗ 25 ਰੁਪਏ ਦਿੰਦਾ ਸੀ। ਤੇ ਮੈਂ ਸੋਚਣ ਲੱਗਾ ਕਿ ਕੀ ਕਵਿਤਾ ਨੂੰ ਪੈਸੇ ਨਾਲ ਤੋਲਿਆ ਜਾ ਸਕਦਾ? ਕੀ ਮੈਂ ਕਵਿਤਾ ਪੈਸੇ ਲਈ ਲਿਖਦਾਂ? ਕੀ ਮੇਰੇ ਭਾਵਨਾਵਾਂ ਨੂੰ ਧਨ ਦੀ ਤੱਕੜੀ ਵਿਚ ਤੋਲਦਿਆਂ ਉਸ ਅਦੀਬ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਇਨ੍ਹਾਂ ਬੋਲਾਂ ਨਾਲ ਕਿਸੇ ਦੇ ਮਨ ਤੇ ਕਿੰਨੀਆਂ ਝਰੀਟਾਂ ਪੈਂਦੀਆਂ। ਉਸ ਝਰੀਟਾਂ ਦੀ ਅਬੋਲ ਪੀੜਾ ਹੀ ਹੈ ਕਿ ਮੈਂ ਉਨ੍ਹਾਂ ਬੋਲਾਂ ਨੂੰ ਅੱਜ ਤੱਕ ਨਹੀਂ ਭੁੱਲਿਆ ਅਤੇ ਅਕਸਰ ਹੀ ਮੇਰੇ ਲਈ ਕੁਝ ਨਵਾਂ ਅਤੇ ਅਲੋਕਾਰੀ ਕਰਨ ਦੀ ਤਰਜ਼ੀਹ ਬਣਦੇ। ਮੇਰੇ ਲਈ ਸਾਹਿਤਕਾਰੀ ਵਪਾਰ ਨਹੀਂ ਅਤੇ ਨਾ ਹੀ ਮੈਂ ਕਦੇ ਪੈਸੇ ਖਾਤਰ ਲਿਖਿਆ ਹੈ। ਲਿਖਣਾ ਮੇਰੇ ਮਨ ਦੀ ਮੌਜ। ਮੈਂ ਸਾਈ `ਤੇ ਤਾਂ ਉਕਾ ਹੀ ਨਹੀਂ ਲਿਖ ਸਕਦਾ ਜਿਵੇਂ ਕਿ ਕੁਝ ਲੇਖਕ ਅਕਸਰ ਕਰਦੇ ਹੀ ਹਨ।

ਦਰਅਸਲ ਇਸ ਘਟਨਾ ਨੇ ਇਹ ਸ਼ਪੱਸਟ ਹੀ ਕਰ ਦਿਤਾ ਕਿ ‘ਵੱਡੇ ਦਿੱਸਣ ਵਾਲੇ ਲੋਕ ਦਰਅਸਲ ਹਾਊਮੈਂ ਦੇ ਕੁੱਪ ਹੁੰਦੇ ਹਨ। ਅਜੇਹੇ ਲੋਕ ਏਡਾ ਵੱਡਾ ਭਰਮ ਪਾਲ ਲੈਂਦੇ ਕਿ ਉਨ੍ਹਾਂ ਨੂੰ ਨਵ-ਲੇਖਕ ਤੁੱਛ ਜੇਹਾ ਲੱਗਦਾ। ਉਹ ਆਪਣੀ ਅਹਿਮੀਅਤ ਦਿਖਾਉਣ ਲੱਗਿਆਂ ਬਹੁਤ ਛੋਟੇ ਜਹੇ ਹੋ ਜਾਂਦੇ। ਇਹ ਛੋਟਾਪਣ ਹੀ ਹੁੰਦਾ ਕਿ ਉਨ੍ਹਾਂ ਦੀਆਂ ਹਰਕਤਾਂ ਅਤੇ ਵਰਤੋਂ-ਵਿਵਹਾਰ ਵਿਚੋਂ ਤੁਸੀਂ ਉਸਦੀ ਮਾਨਸਿਕਤਾ ਨੂੰ ਪੜ੍ਹ, ਉਸਦੇ ਖੋਖਲੇਪਣ ਨੂੰ ਪਹਿਚਾਣ ਸਕਦੇ ਹੋ। ਹਰ ਵਾਰ ਮੈਂ ਸੋਚਦਾ ਹਾਂ ਕਿ ਕੀ ਮੈਂ ਆਪਣੀਆਂ ਲਿਖਤਾਂ ਵਿਚ ਉਹ ਕੁਝ ਲਿਖਦਾ ਹਾਂ ਜੋ ਮੈਂ ਅਸਲ ਵਿਚ ਹਾਂ। ਇਹੀ ਸੋਚ ਮੇਰੀ ਹਰ ਲਿਖਤ ਵਿਚ ਭਾਰੂ ਹੁੰਦੀ ਕਿ ਕੁਝ ਕਹਿਣ ਤੋਂ ਪਹਿਲਾਂ ਖੁਦ ਅਮਲ ਕਰਨ ਦਾ ਵੱਲ ਆ ਜਾਵੇ। ਤਾਂ ਹੀ ਲਿਖਤ ਦਾ ਸੁਹੱਪਣ ਤੇ ਸਾਦਗੀ, ਇਸਦੇ ਸੱਚ ਨੂੰ ਹਰ ਮਸਤਕ ਵਿਚ ਧਰਦੀ, ਆਪਣੀ ਮੁਲ ਪਵਾ ਹੀ ਲੈਂਦੀ ਹੈ। ਤੁਹਾਨੂੰ ਕਿਸੇ ਜੁਗਾੜ ਜਾਂ ਚਾਪਲੂਸਾਂ ਦੀ ਭੀੜ ਇਕੱਠੀ ਕਰਨ ਦੀ ਲੋੜ ਨਹੀਂ। ਮੈਂ ਕਿਤੇ ਲਿਖਿਆ ਸੀ ਕਿ ਕਈ ਵਾਰ ਇਕ ਹੀ ਬੰਦਾ ਕਾਫ਼ਲਾ ਬਣ ਜਾਂਦਾ ਜਦ ਕਿ ਬਹੁਤੀ ਵਾਰ ਕਾਫ਼ਲੇ ਵਿਚ ਇਕ ਵੀ ਬੰਦਾ ਨਹੀਂ ਹੁੰਦਾ।

ਕਵਿਤਾ ਦੀ ਤੌਹੀਨ ਨੂੰ ਜ਼ਰਨਾ ਬਹੁਤ ਔਖਾ ਹੁੰਦਾ। ਜਦ ਇਹ ਪਲੇਠੀ ਹੋਵੇ ਤਾਂ ਕਈ ਵਾਰ ਕਵਿਤਾ ਦਾ ਗਰਭਪਾਤ ਹੀ ਹੋ ਜਾਂਦਾ ਅਤੇ ਇਸਦਾ ਦੋਸ਼ ਸਿਰਫ਼ ਉਨ੍ਹਾਂ ਪਾਰਖੂਆਂ ਸਿਰ ਲੱਗਦਾ ਜੋ ਕਿਸੇ ਦੀ ਮੌਲਿਕਤਾ ਨੂੰ ਪਨਪਣ ਤੋਂ ਪਹਿਲਾਂ ਹੀ ਅਣਆਈ ਮੌਤੇ ਮਾਰ ਦਿੰਦੇ। ਪਰ ਅਜੇਹੇ ਵਕਤਾਂ ਵਿਚ ਅਗਰ ਕਵਿਤਾ ਜਿਉਂਦੀ ਰਹਿ ਜਾਵੇ ਤਾਂ ਫਿਰ ਉਹ ਹੌਲੀ ਹੌਲੀ ਆਪਣੇ ਨਿਵੇਕਲੇਪਣ ਅਤੇ ਮੌਲਕਤਾ ਨਾਲ ਆਪਣਾ ਫਰੇਮ ਖੁਦ ਸਿਰਜਦੀ ਆਪਣੀ ਪਛਾਣ ਦੇ ਮਾਰਗ ਤੇ ਤੁਰ ਹੀ ਪੈਂਦੀ। ਫਿਰ ਅਜੇਹੀ ਸ਼ਬਦਕਾਰੀ ਨੂੰ ਅਪਨਾਉਣ ਦਾ ਇਕ ਅਲੋਕਾਰਾ, ਅਕਹਿ ਅਤੇ ਅਸੀਮ ਆਨੰਦ ਹੁੰਦਾ। ਬਹੁਤ ਸਾਰੇ ਪੜਾਅ ਹੁੰਦੇ ਨੇ ਕਿਸੇ ਕਲਮੀ ਸਫ਼ਰ ਦੇ ਜਿਨ੍ਹਾਂ ਵਿਚੋਂ ਬਹੁਤ ਕੁਝ ਸੁਚੇਤ ਅਤੇ ਅਚੇਤ ਰੂਪ ਵਿਚ ਸਿੱਖ ਕੇ ਹੀ ਕਲਮ ਆਪਣੀ ਕੀਰਤੀ ਦਾ ਕਰਮ-ਧਰਮ ਨਿਭਾਉਂਦੀ।

ਮੇਰੀ ਕਵਿਤਾ ਦੀ ਪਹਿਲੀ ਪੁਸਤਕ ਦੇ ਮੁੱਢਲੇ ਸ਼ਬਦ ਲਿਖਦਿਆਂ ਇਕ ਪ੍ਰੋੜ ਕਵੀ ਨੇ ਇਸਨੂੰ ਕਬਾੜ ਕਹਿਣ ਤੋਂ ਮਸਾਂ ਹੀ ਟਾਲਾ ਵੱਟਿਆ। ਮੈਂ ਉਸਦੇ ਸ਼ਬਦਾਂ ਨੂੰ ਸਮੁੱਚ ਵਿਚ ਹੀ ਛਾਪ ਦਿੱਤਾ ਕਿਉਂਕਿ ਮੈਂ ਆਪਣੀ ਔਕਾਤ ਨੂੰ ਲਿਖਤੀ ਰੂਪ ਵਿਚ ਆਪਣੇ ਸਨਮੁੱਖ ਰੱਖ ਕੇ ਆਪਣਾ ਮੁਲਾਂਕਣ ਕਰਨ ਦੀ ਆਦਤ ਬਣਾਉਂਣਾ ਚਾਹੁੰਦਾ ਸਾਂ। ਮੈਂ ਪੰਜਾਬੀ ਦਾ ਵਿਦਿਆਰਥੀ ਤਾਂ ਨਹੀਂ। ਸਾਇੰਸ ਦੇ ਪੋ੍ਰਫ਼ੈਸਰ ਲਈ ਪੰਜਾਬੀ ਵਿਚ ਲਿਖਣਾ ਦਰਅਸਲ ਸਥਾਪਤ ਸਲਤਨਤ ਵਿਚ ਦਖਲਅੰਦਾਜ਼ੀ ਤੋਂ ਘੱਟ ਨਹੀਂ ਹੁੰਦਾ। ਉਸ ਪ੍ਰੋੜ ਕਵੀ ਨੂੰ ਆਪਣੇ ਆਪ ਤੇ ਸ਼ਾਇਦ ਕੁਝ ਅਫਸੋਸ ਹੋਵੇਗਾ ਕਿ ਉਸਨੂੰ ਇੰਝ ਨਹੀਂ ਸੀ ਲਿਖਣਾ ਚਾਹੀਦਾ ਕਿਉਂਕਿ ਉਸਦੇ ਸ਼ਬਦਾਂ ਵਿਚ ਸਿਰਫ਼ ਮੇਰੀ ਕਵਿਤਾ ਦਾ ਮੁਲਾਂਕਣ ਹੀ ਨਹੀਂ ਸਗੋਂ ਉਸਦੇ ਅੰਦਰਲਾ ਸੱਚ ਵੀ ਅਮੂਰਤ ਰੂਪ ਵਿਚ ਨਜ਼ਰ ਆਉਂਦਾ ਸੀ। ਪਰ ਮੈਂਨੂੰ ਬਹੁਤ ਚੰਗਾ ਲੱਗਾ ਜਦ ਸ਼੍ਰੋਮਣੀ ਪਰਵਾਸੀ ਸਾਹਿਤਕਾਰ ਦਾ ਸਨਮਾਨ ਮਿਲਣ ਤੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਹੀ ਫ਼ੋਨ ਆਇਆ। ਦਰਅਸਲ ਆਪਣੀ ਨਿੱਜੀ ਛਾਪ ਵਾਲੀ ਸ਼ਬਦਕਾਰੀ ਨੂੰ ਸਮਰਪਿੱਤ ਹੋਣਾ ਅਤੇ ਵੱਖਰੇ ਰੂਪ ਵਿਚ ਕੁਝ ਅਜੇਹੀਆਂ ਲਿਖਤਾਂ ਨੂੰ ਵਰਕਿਆਂ ਦੇ ਨਾਮ ਕਰਨਾ ਕਿ ਉਹ ਆਪਣੀ ਸਾਰਥਿਕਤਾ ਕਦੇ ਵੀ ਨਾ ਗਵਾਉਣ। ਆਪਣੀ ਸਮਰੱਥਾ ਨਾਲ ਆਪਣੇ ਹਿੱਸੇ ਦੀ ਜ਼ਮੀਨ ਤਲਾਸ਼ ਸਕਣ ਨਾ ਕਿ ਉਹ ਫਾਹੁੜੀਆਂ ਸਹਾਰੇ ਖੜੇ ਹੋਣ ਦੀ ਢਾਰਸ ਬੰਨਾਉਣ ਜੋਗੇ ਹੀ ਰਹਿ ਜਾਣ।

ਸ਼ਬਦੀ ਸੱਟਾਂ ਅਤੇ ਫ਼ੱਟ ਖਾਂਦਿਆਂ ਅਤੇ ਪੀੜਾਂ ਸਹਿੰਦਿਆਂ ਹੀ ਕਾਵਿ-ਸਫ਼ਰ ਨੂੰ ਜਾਰੀ ਰੱਖਣ ਦਾ ਅਹਿਦ ਹੀ ਦਰਅਸਲ ਕਵਿਤਾ ਦਾ ਸਭ ਤੋਂ ਵੱਡਾ ਸੱਚ। ਤੁਹਾਨੂੰ ਨਿੱਕੇ ਤੋਂ ਨਿੱਕਾ ਦ੍ਰਿਸ਼, ਘਟਨਾ, ਬੋਲ ਜਾਂ ਹਾਵ-ਭਾਵ ਕਿਵੇਂ ਪ੍ਰਭਾਵਤ ਕਰਦੇ ਅਤੇ ਤੁਸੀਂ ਇਨ੍ਹਾਂ ਨੂੰ ਸ਼ਬਦਾਂ ਦੇ ਹਵਾਲੇ ਕਰ, ਲਿਖਤ ਦੇ ਕਿਹੜੇ ਰੂਪ ਨੇ ਪ੍ਰਗਟ ਹੋਣਾ, ਇਹ ਲਿਖਤ `ਤੇ ਛੱਡ ਦੇਵੋਗੇ ਤਾਂ ਤੁਸੀਂ ਮੌਲਿਕ ਰੂਪ ਵਿਚ ਕੁਝ ਤਾਂ ਅਜੇਹਾ ਲਿਖ ਜਾਵੋਗੇ ਜੋ ਕਿਸੇ ਹੋਰ ਦੇ ਹਿੱਸੇ ਸ਼ਾਇਦ ਨਾ ਆਇਆ ਹੋਵੇ।

ਇਹ ਧਾਰਨਾ ਮੇਰੇ ਮਨ ਵਿਚ ਸਦਾ ਹਾਵੀ ਕਿ ਆਪਣੇ ਅੰਤਰੀਵ ਦੇ ਆਖੇ ਲੱਗ ਮਨਾ। ਕੁਝ ਤਾਂ ਅਜੇਹਾ ਲਿਖ ਕਿ ਇਸ ਵਿਚੋਂ ਤੇਰੇ ਸਮੱੁਚ ਦਾ ਦੀਦਾਰ ਹੋਵੇ। ਪਾਠਕ ਨੂੰ ਆਪਣੇ ਆਪ ਨੂੰ ਲੱਭਣ ਲਈ ਬਾਹਰੀ ਭਟਕਣ ਤੇ ਨਾ ਜਾਣਾ ਪਵੇ ਸਗੋਂ ਆਪਣੇ ਆਪ ਨੂੰ ਮਿਲ ਕੇ ਸਵੈ ਦੀ ਖੋਜ ਦੇ ਰਾਹ ਤੁੱਰ ਪੈਣ ਦੀ ਸੋਝੀ ਆ ਜਾਵੇ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1683
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਬਖਸ਼ ਸਿੰਘ ਭੰਡਾਲ

View all posts by ਡਾ. ਗੁਰਬਖਸ਼ ਸਿੰਘ ਭੰਡਾਲ →