ਇਸ ਸਵਾਲ ਦਾ ਸਿੱਧਾ ਉੱਤਰ ਇਹੋ ਹੀ ਹੈ ਕਿ ਕੀਅਬੋਰਡ ਲੇਅਆਊਟ ਵਰਤੋਂਕਾਰ ਦੀਆਂ ਲੋੜਾਂ, ਸਥਾਨ ਅਤੇ ਸਮੇਂ ਦੇ ਅਨੁਕੂਲ ਹੋਵੇ। ਉਹ ਤਾਂ ਹੀ ਹੋਵੇਗਾ ਜੇ ਉਸ ਵਿੱਚ ਅੱਗੇ ਲਿਖੇ ਗੁਣ ਹੋਣਗੇ: 1. ਵਰਤੋਂਕਾਰ ਉਸ ਦੀਆਂ ਬਹੁਤੀਆਂ ਕੀਆਂ ਤੋਂ ਪਹਿਲਾਂ ਹੀ ਜਾਣੂ ਹੋਵੇ। ਮੈਂ ਲੱਗਭੱਗ ਇਨ੍ਹਾਂ ਵਿਚਾਰਾਂ ਨਾਲ਼ ਮੇਚ ਖਾਂਦੇ ਵਿਚਾਰ ਆਪਣੇ ਇੱਕ ਅਪ੍ਰੈਲ 18, 2018 ਦੇ ਲੇਖ ਵਿੱਚ ਸਰੋਕਾਰ ਡਾਟ ਸੀਏ ਵਿੱਚ ਪ੍ਰਗਟਾ ਚੁੱਕਾ ਹਾਂ। ਹੁਣ ਇਨ੍ਹਾਂ ਵਿਚਾਰਾਂ ਨੂੰ ਦੋਵਾਰਾ ਲਿਖਣ ਦੀ ਇਸ ਲਈ ਲੋੜ ਪਈ ਹੈ ਕਿ ਮੇਰੇ ਇੱਕ ਅਮਰੀਕਾ ਦੀ ਮਿਸੀਗਨ ਯੂਨੀਵਰਸਿਟੀ ਦੇ ਪ੍ਰੋਫੈੱਸਰ ਸ੍ਰੋਤ ਨੇ ਦੱਸਿਆ ਹੈ ਕਿ ਉਸ ਨੂੰ ਪਹੁੰਚ ਕੀਤੀ ਗਈ ਹੈ ਕਿ, “ਗਲੋਬਲ ਪੰਜਾਬੀ ਡੀਆਰਸੀ ਕੀਅਬੋਰਡ ਲੇਅਆਊਟ ਵਿੱਚ ਬਹੁਤ ਸਾਰੀਆਂ ਕਮੀਆਂ ਹਨ…। (ਹੋ ਸਕਦਾ ਹੈ ਕਿ ਹੋਣ। ਇੱਕ ਦੋ ਦਾ ਤਾਂ ਮੈਨੂੰ ਵੀ ਪਤਾ ਹੈ ਤੇ ਅੱਜ ਤੀਕਰ ਮੈਨੂੰ ਉਨ੍ਹਾਂ ਦ ਤੋੜ ਨਹੀਂ ਲੱਭਿਆ।) ਜੋ ਉਸ ਨੂੰ ਦੱਸੀਆਂ ਨਹੀਂ ਗਈਆਂ, ਪਰ ਜਰੂਰ ਦੱਸਣੀਆਂ ਚਾਹੀਦੀਆਂ ਸਨ ਤਾਂ ਕਿ ਉਨ੍ਹਾਂ ਉੱਤੇ ਵੀ ਧਿਆਨ ਦਿੱਤਾ ਜਾ ਸਕੇ। ਦੂਸਰਾ ਸ੍ਰੋਤ ਨੇ ਦੱਸਿਆ ਕਿ, …ਉਨ੍ਹਾਂ ਵੱਲੋਂ ਵਿਓਂਤਿਆ ‘ਪ PunjabXL’ ਕੀਬੋਰਡ ਲੇਅਆਊਟ ਪਰੀਪੂਰਨ ਅਤੇ ਬਹੁਗੁਣੀ ਹੈ ਅਤੇ ਸਾਰੇ ਸੰਸਾਰ ਦੇ ਵਰਤੋਂਕਾਰਾਂ ਨੂੰ ਉਹ ਅਪਣਾ ਲੈਣਾ ਚਾਹੀਦਾ ਹੈ। ਇਸ ਕੀਬੋਰਡ ਦਾ ਵਿਸਥਾਰ 5abi.com ਉੱਤੇ ਵਿਸਥਾਰ ਵਿੱਚ ਦੇਖਿਆ ਜਾ ਸਕਦਾ ਹੈ।” ਇਸ ਦੂਜੇ ਵਿਚਾਰ ਤੋਂ ਜਾਪਦਾ ਹੈ ਕਿ ਉਸ ਵੱਲੋਂ ਡੀਆਰਸੀ ਕੀਬੋਰਡ ਲੇਅਆਊਟ ਸਬੰਧੀ ਇਨਸਾਫ ਨਹੀਂ ਕੀਤਾ ਗਿਆ ਅਤੇ ਜੋ ਆਪਣੀ ਰਾਏ ਪ੍ਰਗਟਾਈ ਹੈ ਉਹ ਪੱਖਪਾਤੀ ਅਤੇ ਸਵਾਰਥੀ ਹੈ। ‘ਪ PunjabXL’ ਦੇ ਵਿਸਥਾਰ ਵਿੱਚ ਦਰਸਾਇਆ ਗਿਆ ਹੈ ਕਿ ਭਾਰਤ ਦੀ ਸੀਡੈੱਕ ਸੰਸਥਾ ਵੱਲੋਂ ਵਿਓਂਤੇ ‘ਇਨਸਕ੍ਰਿਪਟ’ ਕੀ ਬੋਰਡ ਦੀਆਂ ਅੱਠ ਦਸ ਖਾਮੀਆਂ ਨੂੰ ਦੂਰ ਕਰਕੇ ਪਰ ਉਸਦੇ ਆਧਾਰ ਉੱਤੇ ਇਹ ਨਵਾਂ ਕੀਬੋਰਡ ਉਸਾਰਿਆ ਗਿਆ ਹੈ। ਇਸ ਕੀਅਬੋਰਡ ਲੇਅਆਊਟ ਸਬੰਧੀ ਮੇਰੇ ਵਿਚਾਰ ਕੁੱਝ ਇਸ ਪਰਕਾਰ ਦੇ ਹਨ: 1. ਜਿਸਦਾ ਸ੍ਰੋਤ ਹੀ ਬਹੁਤ ਸਾਰੀਆਂ ਖਾਮੀਆਂ ਲਈ ਬੈਠਾ ਹੋਵੇ ਉਸਦਾ ਸੁਧਾਰ ਕਿਤਨਾ ਕੁ ਸੁਧਾਰ ਕਰ ਲਵੇਗਾ? ਮੇਰੀ ਸੂਝ ਅਨੁਸਾਰ ਉਹ ਕੀਅਬੋਰਡ ਲੇਅਆਊਟ ਇੰਡੀਆ ਤੋਂ ਬਾਹਰ ਤਾਂ ਮੂਲੋਂ ਹੀ ਅਢੁਕਵਾਂ ਹੈ। 2. ਇਨਸਕ੍ਰਿਪਟ ਕੀਅਬੋਰਡ ਲੇਅਆਊਟ ਵਿੱਚ ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ (ਪਹਿਲੋਂ 8 ਭਾਸ਼ਾਵਾਂ) ਦੇ ਕੀਅਬੋਰਡ ਨੂੰ ਇੱਕ ਸੂਤਰ ਵਿੱਚ ਪ੍ਰੋਇਆ ਗਿਆ ਹੈ। ਭਾਰਤ ਦੀ ਪਰਮੁੱਖ ਅਤੇ ਮਾਂ-ਭਾਸ਼ਾ ਹਿੰਦੀ ਨੂੰ ਮੁੱਖ ਚੂਲ਼ ਰੱਖਿਆ ਗਿਆ ਹੈ। ਆਪਣੇ ਆਪ ਵਿੱਚ ਇਹ ਇੱਕ ਉੱਤਮ ਵਿਚਾਰ ਸੀ ਅਤੇ ਕੇਵਲ ਭਾਰਤ ਵਿੱਚ ਅੱਜ ਵੀ ਇਹ ਠੀਕ ਹੋ ਸਕਦਾ ਹੈ। ਪਰ ਸਮਾਂ ਸਦਾ ਅੱਗੇ ਹੀ ਤੁਰਦਾ ਹੈ। ਅੱਜ ਪੰਜਾਬੀ (ਸਗੋਂ ਭਾਰਤੀ) ਸਾਰੇ ਸੰਸਾਰ ਵਿੱਚ ਹੀ ਵਿਚਰ ਰਹੇ ਹਨ। ਕੀ ਅੱਜ ਦੀ ਇਹ ਲੋੜ ਨਹੀਂ ਹੈ ਕਿ ਪੰਜਾਬੀ (ਗੁਰਮੁਖੀ ਅਤੇ ਸ਼ਾਹਮੁਖੀ), ਹਿੰਦੀ, ਉਰਦੂ ਆਦਿ ਲਈ ਕੀਅਬੋਰਡਰ ਲੇਅਆਊਟ ਦੀ ਉਸਾਰੀ ਸੰਸਾਰ ਭਰ ਵਿੱਚ ਵਰਤੀ ਜਾਂਦੀ ਅੰਗਰੇਜੀ ਭਾਸ਼ਾ ਨੂੰ ਮੁੱਖ ਭਾਸ਼ਾ ਦੇ ਕੀਅਬੋਰਡ ਨੂੰ ਕੇਂਦਰੀ ਮੰਨ ਕੇ ਬਾਕੀਆਂ ਨੂੰ ਵੀ ਉਸ ਦੇ ਅਨੁਕੂਲ ਉਸਾਰਿਆ ਜਾਵੇ। ਜਿਵੇਂ ਕਿ ਗਲੋਬਲ ਪੰਜਾਬੀ ਯੂਨੀ ਡੀਆਰਸੀ ਕੀਅਬੋਰਡ (ਗੁਰਮੁਖੀ, ਸ਼ਾਹਮੁਖੀ, ਉਰਦੂ ਅਤੇ ਹਿੰਦੀ ਲਈ ਉਸਾਰੇ ਗਏ ਹਨ ਅਤੇ ਦਹਾਕਿਆਂ ਤੋਂ ਨਿੱਜੀ ਤੌਰ ਉੱਤੇ ਪਰਖੇ ਗਏ ਹਨ।) ਅਮਰੀਕਾ ਦੇ ਅੰਗਰੇਜ਼ੀ ਕੀਬੋਰਡ ਲੇਅਅਊਟ ਨੂੰ ਮੁੱਖ ਰੱਖ ਕੇ ਉਸਾਰਿਆ ਗਿਆ ਹੈ। 3. ਸੰਸਾਰ ਪੱਧਰ ਉੱਤੇ ਅੰਗਰੇਜੀ ਨਾਲ਼ ਵੱਧ ਤੋਂ ਵੱਧ ਸੰਧੀ ਕਰਦੇ ਕੀਬੋਰਡ ਨੂੰ ਉਸਾਰਨ ਲੱਗਿਆਂ ਸਥਾਨਕ ਰੁਚੀਆਂ, ਲੋੜਾਂ-ਥੋੜਾਂ ਨੂੰ ਵੀ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ। ਜਿਵੇਂ ਅੰਗਰੇਜ਼ੀ ਦੇ ਕੀਅਬੋਰਡ ਹੀ ਵੱਖੋ ਵੱਖਰੇ ਦੇਸਾਂ ਅਨੁਸਾਰ ਵੱਖੋ ਵੱਖਰੇ ਮਿਲ਼ਦੇ ਹਨ। 4. ਵੈਸੇ ਤਾਂ ਚੰਗਾ ਇਹੋ ਹੀ ਹੈ ਕਿ ਕੀਅਬੋਰਡ ਲੇਅਆਊਟ ਜਿਤਨਾ ਸੌਖਾ ਹੋਵੇ ਉਤਨਾ ਹੀ ਚੰਗਾ ਹੈ। ਫਿਰ ਵੀ ਜੇ ਕੀਅਬੋਰਡ ਲੇਅਆਊਟ ਗੁਰਮੁਖੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਸਕੇ, ਭਾਵੇਂ ਉਸ ਵਿੱਚ ਕੁੱਝ ਕੁ ਉਸਤਾਦੀਆਂ ਦੀ ਲੋੜ ਵੀ ਪੈਂਦੀ ਹੋਵੇ ਤਾਂ ਬਹੁਤਾ ਚੰਗਾ ਰਹੇਗਾ। ਅੱਜ ਦੀਆਂ ਗੁਰਮੁਖੀ ਦੀਆਂ ਸਾਰੀਆਂ ਫੌਂਟਾਂ ਇਸ ਲੋੜ ਉੱਤੇ ਖਰੀਆਂ ਨਹੀਂ ਉਤਰਦੀਆਂ। ਸਾਰੀਆਂ ਫੌਂਟਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਮਹਾਨ ਕੋਸ਼ ਆਦਿ ਨੂੰ ਟਾਈਪ ਕਰਨ ਦੇ ਸਮਰੱਥ ਨਹੀਂ ਹਨ। ਕੇਵਲ ‘ਅੰਗੂਰ’ ਯੂਨੀਕੋਡ ਫੌਂਟ ਹੀ ਇਸਦੇ ਸਮਰੱਥ ਹੈ। ਸੋ ਚੰਗਾ ਹੈ ਜੇ ਕੀਅਬੋਰਡ ਲੇਅਆਊਟ ‘ਅੰਗੂਰ’ ਫੌਂਟ ਦੀ ਸਾਰੀ ਸਮਰੱਥਾ ਨੂੰ ਟਾਈਪ ਕਰ ਸਕੇ। 5. ਕੀਅਬੋਰਡ ਲੇਅਆਊਟ ਦੇ ਯੰਤਰ (ਟੂਲ) ਵਿੱਚ ਡੈੱਡ ਕੀਅ (ਬਹੁ ਮੰਤਵੀ ਕੀਅ) ਦੇ ਇੱਕ ਕਰਾਮਾਤੀ ਸੰਕਲਪ ਦਾ ਪਰਬੰਧ ਕੀਤਾ ਗਿਆ ਹੈ। ਜਿਸਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਜੋ ‘ਪ PunjabXL’ ਵੱਲੋਂ ਮੂਲੋਂ ਹੀ ਨਕਾਰ ਦਿੱਤਾ ਗਿਆ ਹੈ। ਸ਼ਾਇਦ ‘ਇਨਸਕ੍ਰਿਪਟ’ ਕੀਅਬੋਰਡ ਲੇਅਆਊਟ ਨਾਲ਼ ਜੁੜਨ ਕਰਕੇ ਅਜੇਹਾ ਕੀਤਾ ਗਿਆ ਹੋਵੇ ਸਗੋਂ ਇਹ ਸੰਕਲਪ ਇਨਸਕ੍ਰਿਪਟ ਕੀਅਬੋਰਡ ਲੇਅਆਊਟ ਵਿੱਚ ਵੀ ਬਹੁਤ ਸਹਾਈ ਹੋ ਸਕਦਾ ਹੈ। ਇਹ ਟਾਈਪ ਕਰਨ ਨੂੰ ਬਹੁਤ ਆਸਾਨ ਬਣਾ ਦਿੰਦਾ ਹੈ। 6. ਕੀਬੋਰਡ ਦੀਆਂ ਕੀਆਂ ਉੱਤੇ ਗੁਰਮੁਖੀ ਅੱਖਰਾਂ ਦਾ ਛਾਪਣਾ ਪੰਜਾਬੀ ਦੀ ਠੁੱਕ ਬੰਨ੍ਹਣ ਲਈ ਤਾਂ ਠੀਕ ਹੈ। ਪਰ ਟਾਈਪ ਕਰਨ ਲਈ ਇਨ੍ਹਾਂ ਦੀ ਲੋੜ ਹੀ ਨਹੀਂ ਪੈਂਦੀ। ਵਰਤੋਂਕਾਰ ਕੀਆਂ ਨੂੰ ਬਿਨਾਂ ਦੇਖੇ ਹੀ ਟਾਈਪ ਕਰਦਾ ਹੈ। ਸਿਖਾਂਦਰੂਆਂ ਲਈ ਕੀਅਬੋਰਡ ਦੇ ਲੇਆਊਟ ਦਾ ਵੱਖਰੇ ਪੇਪਰ ਉੱਤੇ ਪ੍ਰਿੰਟ ਕੱਢਕੇ, ਸਹਾਇਤਾ ਲਈ, ਆਪਣੇ ਹੱਥ ਹੇਠ ਰੱਖਿਆ ਜਾ ਸਕਦਾ ਹੈ। ਸਭ ਤੋਂ ਵੱਡੀ ਵਿਚਾਰਨ ਵਾਲ਼ੀ ਗੱਲ ਤਾਂ ਇਹ ਹੈ ਕਿ ਪੰਜਾਬੀ ਯੂਨੀਕੋਡ ਫੌਂਟਾਂ ਨੇ ਆ ਕੇ ਕੀਅਬੋਰਡ ਦੇ ਵਖਰੇਵੇਂ ਦਾ ਟੈSਟਾ ਹੀ ਵੱਢ ਦਿੱਤਾ ਹੈ। ਇਨ੍ਹਾਂ ਨੂੰ ਕਿਸੇ ਵੀ ਕੀਅਬੋਰਡ ਲੇਅਆਊਟ ਨਾਲ਼ ਟਾਈਪ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਦੂਜੇ ਕੀਅਬੋਰਡ ਲੇਅਆਊਟ ਨਾਲ਼ ਸੋਧਿਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ਼ ਨਾਂ ਹੀ ਕੋਈ ਔਕੜ ਆਉਂਦੀ ਹੈ ਅਤੇ ਨਾਂ ਹੀ ਰਚਨਾ ਵਿੱਚ ਕੋਈ ਬਦਲਾਓ ਆਉਂਦਾ ਹੈ। ਸਾਰੀਆਂ ਗੁਰਮੁਖੀ ਯੂਨੀਕੋਡ ਫੌਂਟਾਂ ਆਦਾਨ ਪਰਦਾਨ ਸਮੇਂ ਅਬਦਲ ਰਹਿੰਦੀਆਂ ਹਨ। ਅੰਤ ਵਿੱਚ ‘ਪ PunjabXL’ ਦੇ ਨਿਰਮਾਤਾਵਾਂ ਨੂੰ ਮੈਂ ਸਨਿੱਮਰ ਬੇਨਤੀ ਕਰਦਾ ਹਾਂ ਕਿ ਉਹ ਡੀਆਰਸੀ ਕੀਅਬੋਰਡ ਲੇਆਊਟ ਦੀਆਂ ਸਾਰੀਆਂ ਕਮੀਆਂ ਨੂੰ ਜ਼ਰੂਰ ਉਜਾਗਰ ਕਰਨ ਅਤੇ ਉਪ੍ਰੋਕਤ ਵਿਚਾਰਾਂ ਉੱਤੇ ਆਪਣੀ ਕੀਮਤੀ ਤੇ ਉਸਾਰੂ ਟਿੱਪਣੀ ਵੀ ਜ਼ਰੂਰ ਮੀਡੀਆ ਵਿੱਚ ਲਿਆਉਣ। ਧੰਨਵਾਦੀ ਹੋਵਾਂਗਾ। ਸੂਚਨਾਵਾਂ: 1. ‘ਗਲੋਬਲ ਪੰਜਾਬੀ ਯੂਨੀ ਡੀਆਰਸੀ’ globalpunjabi.com ਦੇ ਡਾਊਨਲੋਡਜ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |