29 April 2024

ਰਵੀ ਸ਼ੇਰਗਿੱਲ ਦਾ ਕਹਾਣੀ ਸੰਗ੍ਰਹਿ ‘ਕਿਤੇ ਉਹ ਨਾ ਹੋਵੇ’ ਅਹਿਸਾਸਾਂ ਦਾ ਪੁਲੰਦਾ – ਉਜਾਗਰ ਸਿੰਘ

ਰਵੀ ਸ਼ੇਰਗਿੱਲ ਦਾ ਕਹਾਣੀ ਸੰਗ੍ਰਹਿ ‘ਕਿਤੇ ਉਹ ਨਾ ਹੋਵੇ’ ਅਹਿਸਾਸਾਂ ਦਾ ਪੁਲੰਦਾ

ਉਜਾਗਰ ਸਿੰਘ

ਪੰਜਾਬੀ ਕਹਾਣੀ ਵਿੱਚ ਅਨੇਕਾਂ ਨਵੇਂ ਤਜਰਬੇ ਹੋ ਰਹੇ ਹਨ। ਖ਼ਾਸ ਤੌਰ ‘ਤੇ ਨਵੇਂ ਕਹਾਣੀਕਾਰ ਪੰਜਾਬੀ ਕਹਾਣੀ ਦੀ ਵਿਰਾਸਤ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ।

ਇਸ ਤੋਂ ਸਾਫ਼ ਹੋ ਰਿਹਾ ਹੈ ਕਿ ਪੰਜਾਬੀ ਕਹਾਣੀ ਪ੍ਰੌੜ੍ਹ ਅਵਸਥਾ ਨੂੰ ਪਾਰ ਕਰਦੀ ਵਿਖਾਈ ਦੇ ਰਹੀ ਹੈ। ਪਰਵਾਸ ਵਿੱਚ ਪੰਜਾਬੀ ਸੰਸਾਰ ਵਸਣ ਕਰਕੇ ਪ੍ਰਵਾਸ ਅਤੇ ਆਧੁਨਿਕਤਾ ਦਾ ਅਸਰ ਪੰਜਾਬੀ ਦੀਆਂ ਕਹਾਣੀਆਂ ਨੂੰ ਨਵੀਂਆਂ ਦਿਸ਼ਾਵਾਂ ਦੇ ਰਿਹਾ ਹੈ।

ਰਵੀ ਸ਼ੇਰਗਿੱਲ ਭਾਵੇਂ ਅਜੇ ਉੱਭਰਦਾ ਕਹਾਣੀਕਾਰ ਹੈ ਪ੍ਰੰਤੂ ਬਾਲ ਕਹਾਣੀਆਂ ਤੋਂ ਸ਼ੁਰੂਆਤ ਕਰਕੇ ਹੁਣ ਬਾਲਗ ਕਹਾਣੀਕਾਰਾਂ ਵਿੱਚ ਪਲੇਠੇ ਕਹਾਣੀ ਸੰਗ੍ਰਹਿ ‘ ਕਿਤੇ ਉਹ ਨਾ ਹੋਵੇ’ ਰਾਹੀਂ ਪ੍ਰਵੇਸ਼ ਕਰ ਚੁੱਕਾ ਹੈ। ਉਸ ਦੀਆਂ ਕਹਾਣੀਆਂ ਦੀ ਸ਼ਬਦਾਵਲੀ ਠੇਠ ਮਲਵਈ, ਬਿਰਤਾਂਤਿਕ, ਮੁਹਾਵਰਿਆਂ ਵਾਲੀ, ਛੋਟੇ ਛੋਟੇ ਫ਼ਿਕਰੇ ਅਤੇ ਚੁਲਬੁਲੀ ਹੈ।

ਉਸ ਦੀਆਂ 10 ਕਹਾਣੀਆਂ ਵਾਲੀ ਇਸ ਕਹਾਣੀ ਸੰਗ੍ਰਹਿ ਵਿੱਚ ਭਾਵੇਂ ਬਹੁਤੀਆਂ ਕਹਾਣੀਆਂ ਮਾਨਵਤਾ ਦੇ ਮਾਨਸਿਕ ਅਹਿਸਾਸਾਂ ਦਾ ਪ੍ਰਗਟਾਵਾ ਕਰ ਰਹੀਆਂ ਹਨ, ਪ੍ਰੰਤੂ ਇਸ ਪੁਸਤਕ ਵਿੱਚ ਹਰ ਕਹਾਣੀ ਦੇ ਵੱਖਰੇ ਰੰਗ ਹਨ।

ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ ਓ ਮੇਰਿਆ ਮਾਲਕਾ’ ਵਿੱਚ ਵੀ ਅਨੇਕਾਂ ਰੰਗ ਵੇਖਣ ਨੂੰ ਮਿਲਦੇ ਹਨ। ਦਿਹਾਤੀ ਸ਼ਬਦਾਵਲੀ ਰਾਹੀਂ ਪਿੰਡਾਂ ਦਾ ਭਰਾਤਰੀ ਭਾਵ, ਭਾਵਨਾਤਮਿਕ ਸਾਂਝ, ਦੇਸ਼ ਦੀ ਵੰਡ ਸਮੇਂ ਮਿਲਵਰਤਨ, ਲੜਕੇ ਅਤੇ ਲੜਕੀ ਦੀ ਬਰਾਬਰਤਾ, ਪੱਤਰਕਾਰਾਂ ਦਾ ਕਿਰਦਾਰ, ਪਰਵਾਸੀ ਲਾੜਿਆਂ ਦੇ ਪਾਏ ਮਖੌਟੇ ਅਤੇ ਪਰਵਾਸ ਦੇ ਬਹਾਨੇ ਲੜਕੀਆਂ ਨਾਲ ਹੋ ਰਹੇ ਧੋਖਿਆਂ ਦਾ ਵਿਵਰਨ ਵਧੀਆ ਢੰਗ ਨਾ ਦਿੱਤਾ ਗਿਆ ਹੈ। ਇਸ ਕਹਾਣੀ ਦਾ ਮੂਲ ਆਧਾਰ ਕਹਾਣੀਕਾਰ ਨੇ ਪਰਵਾਸ ਵਿੱਚ ਵਿਆਹਾਂ ਦੇ ਬਹਾਨੇ ਕੀਤੇ ਜਾ ਰਹੇ ਧੋਖਿਆਂ ਬਾਰੇ ਜ਼ੈਲਦਾਰ ਦੀ ਲੜਕੀ ਜੱਸੀ ਨਾਲ ਹੋਏ ਦੁਖਾਂਤ ਰਾਹੀਂ ਦਰਸਾਇਆ ਗਿਆ ਹੈ।

‘ਇੱਕ ਘੁੱਗੀ ਹੋਰ’ ਕਹਾਣੀ ਭਾਵਨਾਵਾਂ ਅਤੇ ਮਨੁੱਖੀ ਮਨਾਂ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀ ਹੈ। ਇਸਤਰੀਆਂ ਦੀ ਇਸਤਰੀਆਂ ਪ੍ਰਤੀ ਮਾਨਸਿਕਤਾ ਦਾ ਵੀ ਪਰਦਾ ਫਾਸ਼ ਕਰਦੀ ਹੈ। ਜਦੋਂ ਜੀਤ ਅਲਟਰਾਸਾਊਂਡ ਕਰਵਾਉਣ ਦਾ ਵਿਰੋਧ ਕਰਦਾ ਹੈ ਤਾਂ ਮਨਦੀਪ ਅਤੇ ਜੀਤ ਦੀ ਮਾਂ ਦੋਵੇਂ ਭਰੂਣ ਹੱਤਿਆ ਦੀ ਪ੍ਰੋੜ੍ਹਤਾ ਕਰਦੀਆਂ ਹਨ। ਸਰਦਾਰਾਂ ਦੀਆਂ ਫੋਕੀਆਂ ਸਰਦਾਰੀਆਂ ਦੀ ਹਉਮੈ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ। ਜਦੋਂ ਕਿ ਕੁੜੀਆਂ ਸੰਸਾਰ ਵਿੱਚ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ, ਫਿਰ ਵੀ ਉਨ੍ਹਾਂ ਦੇ ਕਤਲ ਕੀਤੇ ਜਾਂਦੇ ਹਨ। ਇਕ ਪਾਸੇ ਧੀਆਂ ਨੂੰ ਪਰਿਵਾਰਾਂ ਦੀ ਇੱਜ਼ਤ ਕਿਹਾ ਜਾਂਦਾ ਹੈ, ਦੂਜੇ ਪਾਸੇ ਬੇਕਿਰਕੀ ਨਾਲ ਉਨ੍ਹਾਂ ਦੀ ਭਰੂਣ ਹੱਤਿਆ ਕੀਤੀ ਜਾ ਰਹੀ ਹੈ। ਹਾਲਾਂ ਕਿ ਲੜਕੇ ਮਾਪਿਆਂ ਨੂੰ ਦੁਰਕਾਰਦੇ ਹਨ ਅਤੇ ਲੜਕੀਆਂ ਸੰਭਾਲਦੀਆਂ ਹਨ।

‘ਹੰਝੂ ਹਮੇਸ਼ਾ ਖਾਰੇ ਨਹੀਂ ਹੁੰਦੇ’ ਕਹਾਣੀ ਵਿੱਚ ਇਕ ਪਾਸੇ ਤਾਂ ਅਮੀਰ ਸਰਦਾਰਾਂ ਦੇ ਖੋਖਲੇਪਣ ਦੀ ਜਾਣਕਾਰੀ ਦਿੱਤੀ ਹੈ ਪ੍ਰੰਤੂ ਇਸ ਦੇ ਨਾਲ ਹੀ ਅਜੀਤ ਸਿੰਘ ਨੂੰ ਇਕ ਆਦਰਸ਼ਕ ਪਾਤਰ ਵਿਖਾਇਆ ਗਿਆ ਹੈ। ਕਹਾਣੀ ਵਿੱਚ ਸਵੈ ਵਿਰੋਧਤਾ ਹੈ। ਇਸ ਕਹਾਣੀ ਵਿੱਚ ਇਨਸਾਨ ਦੀ ਮਾਨਸਿਕਤਾ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ ਗਿਆ ਹੈ ਕਿ ਉਹ ਕਿਸ ਪ੍ਰਕਾਰ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਮਾਰਦਾ ਹੋਇਆ ਅਣਹੋਣੀ ਵਾਪਰਨ ਦੀਆਂ ਕਿਆਸ ਅਰਾਈਆਂ ਲਈ ਜਾਂਦਾ ਹੈ, ਜਦੋਂ ਕਿ ਵਾਪਰਦਾ ਕੁਝ ਵੀ ਨਹੀਂ। ਇਸ ਕਹਾਣੀ ਵਿੱਚ ਮੁਹਾਵਰਿਆਂ ਦੀ ਭਰਮਾਰ ਹੈ, ਜਿਵੇਂ ‘ਦੁੱਧ ਦਾ ਸੜਿਆ ਫੂਕਾਂ ਮਾਰ ਮਾਰ ਕੇ ਪੀਂਦਾ ਹੈ’ ਅਤੇ ‘ਅੱਜ ਕਲ੍ਹ ਦੁੱਧ ਧੋਤਾ ਕੌਣ ਹੈ’ ਆਦਿ। ਭੈੜੇ ਰਸਮਾਂ ਰਿਵਾਜ਼ਾਂ ਨੂੰ ਤੋੜਨ ਦੀ ਹੂਕ ਵੀ ਵਿਖਾਈ ਦਿੰਦੀ ਹੈ।

‘ਕਿਤੇ ਉਹ ਨਾ ਹੋਵੇ’ ਕਹਾਣੀ ਵਿੱਚ ਕਹਾਣੀਕਾਰ ਨੇ ਫ਼ਰਜ਼ੀ ਵਿਆਹ ਕਰਕੇ ਪਰਵਾਸ ਵਿੱਚ ਕੁੜੀਆਂ ਨੂੰ ਧੋਖਾ ਦੇਣ ਦੇ ਤੌਰ ਤਰੀਕਿਆਂ ਬਾਰੇ ਲਿਖਿਆ ਹੈ। ਇਸ ਕਹਾਣੀ ਵਿੱਚ ਅਜਿਹੀਆਂ ਕਰਤੂਤਾਂ ਕਰਨ ਵਾਲੇ ਲਾੜਿਆਂ ਦੀ ਜ਼ਿੰਦਗੀ ਹਮੇਸ਼ਾ ਡਰ ਦੇ ਸਾਏ ਵਿੱਚ ਗੁਜ਼ਰਦੀ ਵਿਖਾਈ ਗਈ ਹੈ। ਇਸ ਕਹਾਣੀ ਤੋਂ ਪ੍ਰੇਰਨਾ ਮਿਲਦੀ ਹੈ ਕਿ ਪਰਵਾਸ ਵਿੱਚ ਸੈਟਲ ਹੋਣ ਲਈ ਵਰਤੇ ਜਾਣ ਵਾਲੇ ਗ਼ੈਰ ਕਾਨੂੰਨੀ ਹੱਥ ਕੰਡੇ ਇਨਸਾਨ ਨੂੰ ਹਮੇਸ਼ਾ ਸੂਲੀ ‘ਤੇ ਟੰਗੀ ਰੱਖਦੇ ਹਨ।

‘ਬੁਝ ਰਹੇ ਦੀਵੇ ਦੀ ਲੋਅ’ ਕਹਾਣੀ ਏਡਜ਼ ਵਰਗੀ ਘਾਤਕ ਬਿਮਾਰੀ ਦੀ ਤ੍ਰਾਸਦੀ ਬਾਰੇ ਹੈ, ਜਿਸ ਕਰਕੇ ਦੋ ਅੱਲ੍ਹੜ ਪਿਆਰ ਦੀਆਂ ਪੀਂਘਾਂ ਝੂਟਦੇ ਬੇਬਸ ਹੋ ਜਾਂਦੇ ਹਨ। ਇਹ ਕਹਾਣੀ ਹਸਪਤਾਲਾਂ ਦੀ ਲਾਪਰਵਾਹੀ ਦੀ ਗਵਾਹੀ ਵੀ ਭਰਦੀ ਹੈ।

‘ਹੁਣ ਦਿਲ ਬਹੁਤ ਖ਼ੁਸ਼ ਸੀ’ ਪਰਵਾਸ ਵਿੱਚ ਗਏ ਨੌਜਵਾਨਾਂ ਦੇ ਦਰਦ ਦੀ ਕਹਾਣੀ ਹੈ, ਜਿਨ੍ਹਾਂ ਦੇ ਮਾਪੇ ਪਿੱਛੇ ਪੰਜਾਬ ਵਿੱਚ ਸੰਤਾਪ ਭੋਗ ਰਹੇ ਹਨ। ਪ੍ਰਵਾਸ ਦੀ ਜ਼ਿੰਦਗੀ ਦੀ ਜੱਦੋ-ਜਹਿਦ ਦੀ ਮੂੰਹ ਬੋਲਦੀ ਤਸਵੀਰ ਹੈ, ਜਿਸ ਕਰਕੇ ਬੱਚੇ ਆਪਣੇ ਮਾਪਿਆਂ ਦੀ ਦੁਰਦਸ਼ਾ ਦੇ ਜ਼ਿੰਮੇਵਾਰ ਬਣਦੇ ਵਿਖਾਏ ਗਏ ਹਨ। ਰਿਸ਼ਤਿਆਂ ਦਾ ਨਿੱਘ ਖ਼ਤਮ ਹੋ ਜਾਂਦਾ ਹੈ। ਖ਼ਾਸ ਕਰਕੇ ਇਕਲੌਤੇ ਬੱਚੇ ਨੂੰ ਪ੍ਰਵਾਸ ਵਿੱਚ ਬਿਲਕੁਲ ਨਾ ਜਾਣ ਦੀ ਤਾਕੀਦ ਕਰਦੀ ਹੈ। ਪ੍ਰਵਾਸ ਵਿੱਚ ਪਰਿਵਾਰਿਕ ਸੰਬੰਧ ਵੀ ਮਿੰਟਾਂ ਸਕਿੰਟਾਂ ਵਿੱਚ ਹੀ ਟੁੱਟ ਜਾਂਦੇ ਵਿਖਾਏ ਗਏ ਹਨ। ਫਿਰ ਉਹ ਲੋਕ ਪਾਲਤੂ ਜਾਨਵਰਾਂ ਦੇ ਸਹਾਰੇ ਜ਼ਿੰਦਗੀ ਗੁਜ਼ਾਰਦੇ ਹਨ। ਡਾ ਸਿੰਘ ਦਾ ਪਿਤਾ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਪ੍ਰੰਤੂ ਉਸ ਦੇ ਦਿਮਾਗ਼ ਵਿੱਚ ਹਸਪਤਾਲ ਬੰਦ ਕਰਨ ਨਾਲ ਹੋਣ ਵਾਲੇ ਨੁਕਸਾਨ ਦਾ ਫ਼ਿਕਰ ਘੁੰਮ ਰਿਹਾ ਹੈ। ਜਦੋਂ ਡੇਵਿਡ ਦਾ ਆਪਣੇ ਕੁੱਤੇ ਕੋਬੀ ਲਈ ਵਿਖਾਏ ਪਿਆਰ ਨੂੰ ਵੇਖਦਾ ਹੈ ਤਾਂ ਉਸ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਕਿ ਗੋਰੇ ਤਾਂ ਪਾਲਤੂ ਜਾਨਵਰਾਂ ਦੇ ਪਿਆਰ ਦੇ ਮੁੱਦਈ ਹਨ ਪ੍ਰੰਤੂ ਉਹ ਹਸਪਤਾਲ ਦੇ ਬੰਦ ਹੋਣ ਦੇ ਡਰ ਕਰਕੇ ਜ਼ਿੰਦਗੀ ਦੀ ਆਖ਼ਰੀ ਲੜਾਈ ਲੜ ਰਹੇ ਪਿਤਾ ਕੋਲ ਜਾਣ ਤੋਂ ਵੀ ਪਾਸਾ ਵੱਟ ਰਿਹਾ ਹੈ। ਮਾਪਿਆਂ ਦੀ ਦੇਣ ਕਦੀ ਵੀ ਭੁਲਾਈ ਨਹੀਂ ਜਾ ਸਕਦੀ।

‘ਭਾਰ ਮੁਕਤ’ ਕਹਾਣੀ ਦਿਹਾਤੀ ਇਲਾਕਿਆਂ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ ਨਾਲ ਅਮੀਰ ਪਰਿਵਾਰਾਂ ਦੇ ਸ਼ਹਿਜ਼ਾਦਿਆਂ ਵੱਲੋਂ ਕੀਤੇ ਜਾਂਦੇ ਬਲਾਤਕਾਰਾਂ ਦੀ ਦਾਸਤਾ ਹੈ, ਜਿਹੜੀ ਇਨਸਾਨੀਅਤ ਦੀ ਦੁਰਦਸ਼ਾ ਦਾ ਪ੍ਰਗਟਾਵਾ ਕਰਦੀ ਹੈ। ਇਨ੍ਹਾਂ ਪਰਿਵਾਰਾਂ ਦੀਆਂ ਇਸਤਰੀਆਂ ਦੀ ਕਿਸਾਨਾਂ ਦੇ ਖੇਤਾਂ ਵਿੱਚੋਂ ਘਾਹ ਅਤੇ ਚਾਰਾ ਲਿਆਉਣ ਦੀ ਮਜਬੂਰੀ ਦਾ ਭੂਤਰੇ ਨੌਜਵਾਨ ਫ਼ਾਇਦਾ ਉਠਾਉਂਦੇ ਹਨ। ਇਸ ਕਹਾਣੀ ਦਾ ਦੂਜਾ ਪੱਖ ਇਹ ਵੀ ਹੈ ਕਿ ਇਨ੍ਹਾਂ ਭਾਈਚਾਰਿਆਂ ਦੀਆਂ ਇਸਤਰੀਆਂ ਕਿਤੇ ਵੀ ਸੇਫ਼ ਨਹੀਂ ਹਨ। ਬੇਗਾਨਿਆਂ ਦੀ ਤਾਂ ਗੱਲ ਹੀ ਛੱਡੋ ਪ੍ਰੰਤੂ ਆਪਣੇ ਵੀ ਹਾਲਾਤ ਦਾ ਨਜਾਇਜ਼ ਲਾਭ ਉਠਾ ਜਾਂਦੇ ਹਨ, ਜਿਵੇਂ ਮੱਖਣ ਦਾ ਦੋਸਤ ਬਿਲੂ, ਉਸ ਦੀ ਪਤਨੀ ਬਿੰਦਰੋ ਨਾਲ ਵਿਵਹਾਰ ਕਰਦਾ ਹੈ।

‘ਸੰਗਲਾਂ ਵਿੱਚ ਬੰਨ੍ਹਿਆਂ ਸੱਚ’ ਕਹਾਣੀ ਤਕੜੇ ਦਾ ਸੱਤੀਂ ਵੀਹੀਂ ਸੌ ਦੀ ਕਹਾਵਤ ‘ਤੇ ਪੂਰੀ ਢੁਕਦੀ ਹੈ। ਇਹ ਕਹਾਣੀ ਸਮਾਜਿਕ ਤਾਣੇ ਬਾਣੇ ਵਿੱਚ ਆਈਆਂ ਕੁਰੀਤੀਆਂ ਦਾ ਪਰਦਾ ਫਾਸ਼ ਕਰਦੀ ਹੋਈ ਕਈ ਪੱਖਾਂ ਦੀ ਪੋਲ ਖੋਲ੍ਹਦੀ ਹੈ। ਪਿੰਡਾਂ ਦੇ ਮੁਹਤਬਰ ਲੋਕ ਆਮ ਲੋਕਾਂ ਨਾਲ ਜ਼ੋਰ ਜ਼ਬਰਦਸਤੀ ਕਰਕੇ ਉਲਟੇ ਫ਼ੌਜਦਾਰੀ ਕੇਸਾਂ ਵਿੱਚ ਬੇਕਸੂਰਾਂ ਨੂੰ ਪੁਲਿਸ ਦੀ ਮਦਦ ਨਾਲ ਕਸੂਰਵਾਰ ਬਣਾ ਦਿੰਦੇ ਹਨ। ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਦਿੰਦੇ ਹਨ। ਕਾਕੂ ਉਨ੍ਹਾਂ ਦੀਆਂ ਵਧੀਕੀਆਂ ਦਾ ਸਬੂਤ ਹੈ। ਪੁਲਿਸ ਅਤੇ ਡਾਕਟਰਾਂ ਦੇ ਭ੍ਰਿਸ਼ਟਾਚਾਰੀ ਨਕਾਬ ਇਸ ਕਹਾਣੀ ਵਿੱਚ ਲਾਹੇ ਗਏ ਹਨ। ਸਰਪੰਚ ਦੇ ਲੜਕੇ ਗੁਡੋ ਨਾਲ ਬਲਾਤਕਾਰ ਕਰਕੇ ਉਸ ਨੂੰ ਮਾਰ ਦਿੰਦੇ ਹਨ ਅਤੇ ਆਪਣੀ ਭੈਣ ਨੂੰ ਛੁਡਾਉਣ ਆਏ ਕਾਕੂ ਨੂੰ ਉਸ ਦੀ ਭੈਣ ਦਾ ਕਾਤਲ ਬਣਾ ਦਿੰਦੇ ਹਨ।

‘ਪਹਾੜਾਂ ਤੋਂ ਖ਼ੁਰ ਰਹੀ ਬਰਫ’ ਸਿੰਬਾਲਿਕ ਕਹਾਣੀ ਹੈ, ਜਿਸ ਵਿੱਚ ਕਹਾਣੀਕਾਰ ਨੇ ਦੱਸਿਆ ਹੈ ਕਿ ਜਿਹੜਾ ਅਮਰੀਕਾ ਹਥਿਆਰ ਵੇਚ ਕੇ ਸੰਸਾਰ ਨੂੰ ਬੇਵਕੂਫ਼ ਬਣਾ ਰਿਹਾ ਹੈ, ਉਹੀ ਹਥਿਆਰ ਅਮਰੀਕਾ ਵਿੱਚ ਅਫ਼ਰਾ ਤਫ਼ਰੀ ਦੇ ਹਾਲਾਤ ਪੈਦਾ ਕਰ ਰਹੇ ਹਨ। ਦੇਸ਼ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਸਿਰ ਫਿਰੇ ਲੋਕ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰ ਰਹੇ ਹਨ। ਭ੍ਰਿਸ਼ਟਾਚਾਰ ਕਰਕੇ ਐਨ ਆਰ ਏ ਦੀ ਤਕੜੀ ਲਾਬੀ ਗੰਨ ਕਲਚਰ ‘ਤੇ ਪਾਬੰਦੀਆਂ ਲਾਉਣ ਲਈ ਕਾਨੂੰਨ ਬਣਾਉਣ ਨਹੀਂ ਦਿੰਦੀ। ਗੰਨ ਵਾਇਲੈਂਸ ਦਾ ਇਹ ਮਾਰੂ ਵਰਤਾਰਾ ਦਿਨ ਬ-ਦਿਨ ਵਧ ਰਿਹਾ ਹੈ। ‘ਰੇਤ ਦੇ ਟਿੱਲੇ’ ਵੀ ਸਿੰਬਾਲਿਕ ਕਹਾਣੀ ਹੈ, ਜਿਸ ਵਿੱਚ ਇਕ ਕਲਾਕਾਰ ਦੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਬਾਰੇ ਦੱਸਿਆ ਗਿਆ ਹੈ। ਬਿਲਕੁਲ ਭਾਰਤ ਦੇ ਕਲਾਕਾਰਾਂ ਦੀ ਤਰ੍ਹਾਂ ਪ੍ਰਵਾਸ ਵਿੱਚ ਵੀ ਕਲਾ ਕਿਰਤਾਂ ਬਣਾਉਣ ਵਾਲੇ ਲੋਕ ਭਾਵਨਾਵਾਂ ਵਿੱਚ ਵਹਿਣ ਵਾਲੇ ਹੁੰਦੇ ਹਨ। ਸੰਸਾਰ ਵਿੱਚ ਬਹੁਤੇ ਲੋਕ ਮਤਲਬ ਨਾਲ ਹੀ ਵਿਵਹਾਰ ਕਰਦੇ ਹਨ। ਜੌਹਨ ਨਾਲ ਵੀ ਉਸ ਦੇ ਦੋਸਤਾਂ ਨੇ ਉਸੇ ਤਰ੍ਹਾਂ ਕੀਤਾ। ਲੋਕ ਕਲਾਕਾਰਾਂ ਦੇ ਕਦਰਦਾਨ ਨਹੀਂ ਹਨ। ਪੰਜਾਬੀਆਂ ਬਾਰੇ ਵੀ ਇਸ਼ਾਰੇ ਮਾਤਰ ਦੱਸਿਆ ਗਿਆ ਹੈ ਕਿ ਉਹ ਗ਼ੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਵਿੱਚ ਜਾਂਦੇ ਹਨ ਅਤੇ ਪੰਜਾਬੀ ਹੀ ਉਨ੍ਹਾਂ ਦਾ ਉੱਥੇ ਸ਼ੋਸ਼ਣ ਕਰਦੇ ਹਨ।

ਅਖੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਰਵੀ ਸ਼ੇਰਗਿੱਲ ਭਵਿਖ ਵਿੱਚ ਹੋਰ ਵਧੀਆ ਕਹਾਣੀਆਂ ਲਿਖਣ ਦੇ ਸਮਰੱਥ ਬਣਦਾ ਜਾ ਰਿਹਾ ਹੈ। 120 ਪੰਨਿਆਂ, 195 ਰੁਪਏ ਕੀਮਤ ਵਾਲਾ ਇਹ ਕਹਾਣੀ ਸੰਗ੍ਰਹਿ ਸੰਗਮ ਪਬਲੀਕੇਸ਼ਨਜ਼ ਸਮਾਣਾ ਜ਼ਿਲ੍ਹਾ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਉਜਾਗਰ ਸਿੰਘ
ਮੋਬਾਈਲ-94178 13072
ujagarsingh48@yahoo.com

***
796***

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ