15 September 2025

ਮਨ ਦੀ ਸੰਭਾਲ ਤਨ ਵਾਂਗ ਕਰੀਏ — ਜਸਵਿੰਦਰ ਸਿੰਘ ਰੁਪਾਲ

ਮਨੁੱਖ ਦੀਆਂ ਖੁਸ਼ੀਆਂ ਅਤੇ ਗਮੀਆਂ ਉਸਦੇ ਤਨ ਅਤੇ ਮਨ ਨਾਲ ਜੁੜੇ ਹੋਏ ਹਨ। ਤੀਸਰਾ ਪੱਖ ,ਧਨ ਵੀ ਮਹੱਤਵਪੂਰਨ ਹੈ, ਪਰ ਉਸਦੀ ਲੋੜ ਸਿਰਫ ਆਪਣੇ ਤਨ ਅਤੇ ਮਨ ਨੂੰ ਤੰਦਰੁਸਤ ਅਤੇ ਸੰਤੁਲਿਤ ਰੱਖਣ ਲਈ ਹੀ ਹੁੰਦੀ ਹੈ। ਜਿਸ ਦਾ ਸਰੀਰ ਪੂਰਨ ਤੰਦਰੁਸਤ ਹੈ, ਮਨ ਪੂਰਾ ਸ਼ਾਂਤ ਹੈ, ਇਹਨਾਂ ਨੂੰ ਲਗਾਤਾਰ ਖੁਰਾਕ ਮਿਲ ਰਹੀ ਹੋਵੇ, ਉਸਨੂੰ ਧਨ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਇਸ ਲੇਖ ਵਿਚ ਅਸੀਂ ਆਪਣੇ ਆਪ ਨੂੰ ਤਨ ਅਤੇ ਮਨ ਤੇ ਕੇਂਦਰਿਤ ਕਰ ਕੇ ਰੱਖਾਂਗੇ ।

ਬੱਚੇ ਦੇ ਜਨਮ ਤੋਂ ਇੱਕ ਦਮ ਬਾਅਦ ਸਭ ਤੋਂ ਪਹਿਲਾਂ ਉਸਦੇ ਸਰੀਰ ਦੀ ਸੰਭਾਲ ਹੁੰਦੀ ਹੈ। ਮਾਪੇ ਕਿਵੇਂ ਛੋਟੇ ਬੱਚੇ ਦੀ ਹਰੇਕ ਲੋੜ ਵੱਲ ਧਿਆਨ ਦਿੰਦੇ ਹਨ।ਕਿਵੇਂ ਉਸਨੂੰ ਗਰਮੀ ਸਰਦੀ ਤੋਂ ਬਚਾਉਂਦੇ ਹਨ। ਮੁਢਲੇ ਸਾਲਾਂ ਵਿਚ ਉਸਦੀ ਖੁਰਾਕ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਹੈ। ਸਮਝਦਾਰ ਮਾਪੇ ਜਾਣਦੇ ਹਨ ਕਿ ਇਸੇ ਸਮੇਂ ਤੋਂ ਉਸਦੇ ਮਨ ਦੀ ਘਾੜਤ ਘੜੀ ਜਾਣੀ ਸ਼ੁਰੂ ਹੋ ਜਾਂਦੀ ਹੈ। ਜੋ ਕੁਝ ਉਹ ਆਪਣੇ ਆਲੇ ਦੁਆਲੇ ਹੁੰਦਾ ਵੇਖਦਾ ਹੈ, ਸੁਣਦਾ ਹੈ, ਉਹ ਸਭ ਉਸਦੇ ਮਨ ਤੇ ਆਪਣਾ ਪ੍ਰਭਾਵ ਪਾਉਂਦੇ ਹਨ ।

ਯਾਦ ਕਰੀਏ ਕਿ ਸਰੀਰ ਨੂੰ ਪੂਰਨ ਤੰਦਰੁਸਤ ਰੱਖਣ ਲਈ ਕੀ ਕੀ ਕੀਤਾ ਜਾਣਾ ਚਾਹੀਦਾ ਹੈ ।ਪਹਿਲੀ ਗੱਲ ਪੌਸ਼ਟਿਕ ਖੁਰਾਕ। ਆਪਾਂ ਸਾਰੇ ਜਾਣਦੇ ਹਾਂ ਕਿ ਸੰਤੁਲਿਤ ਭੋਜਨ ਵਿਚ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ ,ਵਿਟਾਮਿਨ, ਖਣਿਜ, ਮੋਟਾ ਆਹਾਰ, ਆਦਿ ਸਭ ਢੁਕਵੀਂ ਮਾਤਰਾ ਵਿੱਚ ਹੋਣੇ ਚਾਹੀਦੇ ਹਨ। ਭੋਜਨ ਤੋਂ ਬਾਅਦ ਜਰੂਰੀ ਹੈ ਕਸਰਤ । ਹਲਕੀ ਤੋਂ ਲੈ ਕੇ ਭਾਰੀ ਕਸਰਤ ਤੱਕ ਦੇ ਆਪਣੇ ਆਪਣੇ ਫਾਇਦੇ ਗਿਣਾਏ ਜਾ ਸਕਦੇ ਹਨ। ਕਸਰਤ  ਆਪਣੀ ਸਮਰੱਥਾ ਮੁਤਾਬਕ , ਅਤੇ ਸਰੀਰ ਮੁਤਾਬਕ ਹੋ ਸਕਦੀ ਹੈ। ਪਰ ਬਿਲਕੁਲ ਵੀ ਕਸਰਤ ਨਾ ਕਰਨਾ ਸਰੀਰ ਲਈ ਠੀਕ ਨਹੀਂ ਹੈ। ਉਪਰੰਤ ਸਰੀਰ ਨੂੰ ਨੀਂਦ ਅਤੇ ਆਰਾਮ ਦੀ ਵੀ ਜਰੂਰਤ ਹੁੰਦੀ ਹੈ। ਇਸਦੇ ਨਾਲ ਸਰੀਰ ਨੂੰ ਮੁੜ ਊਰਜਾ ਮਿਲਦੀ ਹੈ।

ਆਓ ਹੁਣ ਮਨ ਤੇ ਵੀ ਇਹੀ ਗੱਲਾਂ ਲਾਗੂ ਕਰ ਕੇ ਦੇਖੀਏ। ਪਹਿਲੀ ਗੱਲ ਪੌਸ਼ਟਿਕ ਭੋਜਨ ਦੀ। ਜਿਵੇਂ ਭੋਜਨ ਸਰੀਰ ਨੂੰ ਊਰਜਾ ਅਤੇ ਤਾਕਤ ਦਿੰਦਾ ਹੈ ਜਿਸ ਨਾਲ ਮਨੁੱਖੀ ਸਰੀਰ ਵਿਚਲੇ ਵਖ ਵਖ ਅੰਗ ਅਤੇ ਅੰਗ ਪ੍ਰਣਾਲੀਆਂ ਆਪਣਾ ਕੰਮ ਠੀਕ ਠਾਕ ਕਰਦੀਆਂ ਹਨ ਅਤੇ ਉਹਨਾਂ ਦਾ ਵਿਕਾਸ ਹੁੰਦਾ ਰਹਿੰਦਾ ਹੈ। ਸਰੀਰ ਦੇ ਅੰਦਰਲਾ ਕੁਦਰਤੀ ਸਿਸਟਮ ਆਪਣੇ ਆਪ ਜੀ ਭੋਜਨ ਵਿਚੋਂ ਜਰੂਰੀ ਤੱਤ ਲੈ ਲੈਂਦਾ ਹੈ। ਅਤੇ ਜੋ ਉਸਦੇ ਲਈ ਬੇਕਾਰ ਹੈ, ਉਸਨੂੰ ਬਾਹਰ ਕੱਢ ਦਿੰਦਾ ਹੈ। ਮਨ ਦੀ ਖੁਰਾਕ ਕਿਹੜੀ ਹੈ .??? ਜੋ ਵੀ ਅਸੀਂ ਬਾਹਰੋਂ ਪੜ੍ਹਦੇ ਦੇਖਦੇ ਤੇ ਸੁਣਦੇ ਹਾਂ, ਉਸਦਾ ਪ੍ਰਭਾਵ ਸਾਡੇ ਮਨ ਵਿੱਚ ਜਾਂਦਾ ਹੈ। ਮਨ ਨੇ ਵੀ ਉਸ ਪ੍ਰਾਪਤ ਕੀਤੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ, ਉਸ ਵਿਚੋਂ ਚੰਗੀਆ ਅਤੇ ਉਸਦੇ ਆਪਣੇ ਕੰਮ ਆਉਣ ਵਾਲੇ ਵਿਚਾਰ,, ਸੋਚਾਂ ਅਤੇ ਕਲਪਨਾਵਾਂ ਨੂੰ ਰਖ ਲੈਣਾ ਹੈ, ਇਹਦੇ ਵਿਚੋਂ ਬੇਲੋੜਾ ਸਮਝੇ ਜਾਣ ਵਾਲਾ ਮੈਟਰ ਮਨ ਹੌਲੀ ਹੌਲੀ ਛਡਦਾ ਜਾਂਦਾ ਹੈ। ਜਿਵੇਂ ਅਸੀਂ ਸਰੀਰ ਲਈ ਖਾਣ ਪੀਣ ਵਾਲੇ ਪਦਾਰਥ ਚੰਗੀ ਤਰਾਂ ਦੇਖ ਪਰਖ ਕੇ ਹੀ ਖਾਂਦੇ ਹਾਂ। ਏਸੇ ਤਰਾਂ ਮਨ ਅੰਦਰ ਪਾਏ ਜਾਣ ਵਾਲੇ ਵਿਚਾਰ, ਸੋਚਾਂ ਅਤੇ ਕਲਪਨਾਵਾਂ ਆਦਿ ਨੂੰ ਵੀ ਫਿਲਟਰ ਕਰਨਾ ਅਤੇ ਜਾਂਚ ਕਰਨਾ ਬਹੁਤ ਜਰੂਰੀ ਹੁੰਦਾ ਹੈ। ਕੀ ਸੁਣਨਾ ਹੈ, ਕੀ ਸੋਚਣਾ ਹੈ, ਕੀ ਪੜ੍ਹਨਾ ਹੈ, ਕੀ ਦੇਖਣਾ ਹੈ, ਇਹ ਸਭ ਮਿਲ ਕੇ ਮਨ ਦੀ ਖੁਰਾਕ ਬਣਦੇ ਹਨ ਜਿਸ ਦਾ ਮਨ ਅੰਦਰ ਵਿਸ਼ਲੇਸ਼ਣ ਹੁੰਦਾ ਹੈ। ਜਿਵੇਂ ਗਲਤ ਖਾਧਾ ਪੀਤਾ ਸਰੀਰ ਨੂੰ ਨੁਕਸਾਨ ਕਰਦਾ ਹੈ, ਬਿਲਕੁਲ ਉਸੇ ਤਰਾਂ ਗਲਤ ਦੇਖਿਆ ਗਲਤ ਪੜ੍ਹਿਆ ਗਲਤ ਸੁਣਿਆ ਆਦਿ ਮਨ ਨੂੰ ਖਰਾਬ ਕਰਦੇ ਹਨ। ਮਨ ਕਈ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਇਸ ਲਈ ਬਹੁਤ ਜਰੂਰੀ ਹੈ ਕਿ ਮਨ ਨੂੰ ਸੰਤੁਲਿਤ ਭੋਜਨ ਦਿੱਤਾ ਜਾਵੇ। ਸਕਾਰਾਤਮਕ ਅਤੇ ਪ੍ਰੇਰਨਤਮਕ ਸੁੰਦਰ ਵਿਚਾਰ , ਚੰਗੀਆ ਸੋਚਾਂ, ਵਧੀਆ ਪੁਸਤਕਾਂ ਦਿੰਦੇ ਰਹਿਣ ਨਾਲ ਮਨ ਅਰੋਗ ਰਹਿ ਸਕਦਾ ਹੈ ਅਤੇ ਇਸਦਾ ਵਿਕਾਸ ਵੀ ਵਧੀਆ ਹੋ ਸਕਦਾ ਹੈ। ਚੰਗਾ ਪੜ੍ਹਨਾ ਅਤੇ ਦੇਖਣਾ(ਟੀਵੀ/ਮੋਬਾਈਲ ਤੋ) ਤਾਂ ਕਾਫੀ ਹੱਦ ਤੱਕ ਸਾਡੇ ਹੱਥ ਵਿੱਚ ਹੈ, ਪਰ ਚੰਗਾ ਸੁਣਨਾ ਪੂਰੀ ਤਰਾਂ ਸਾਡੇ ਹੱਥ ਵਿੱਚ ਨਹੀਂ। ਕੁਝ ਸਾਡੇ ਹੀ ਅਜੀਜ ਸਾਨੂੰ ਨਿੰਦਾ ਚੁਗਲੀ ਅਤੇ ਕੁਝ ਹੋਰ ਗਲਤ ਚੀਜ਼ਾਂ ਸੁਣਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨੂੰ ਅਸੀਂ ਚੰਗਾ ਨਾ ਸਮਝਦੇ ਹੋਏ ਵੀ ਉਸ ਅਜੀਜ ਨਾਲ ਜੁੜੇ ਰਹਿਣ ਲਈ ਉਸਨੂੰ ਸੁਣ ਲੈਂਦੇ ਹਾਂ। ਉਹ ਤਾਂ ਆਪਣੀ ਕਾਰਵਾਈ ਪਾ ਕੇ ਆਪਣੇ ਆਹਰੇ ਲੱਗਦਾ ਹੈ ਪਰ ਸਾਡੇ ਮਨ ਨੇ ਉਸ ਗਲਤ ਸੂਚਨਾ ਨੂੰ ਵੀ ਆਪਣੀ ਡਰਾਈਵ ਵਿਚ ਸੇਵ ਕਰ ਲਿਆ ਹੁੰਦਾ ਹੈ ਜਿਸ ਨਾਲ ਸਾਡੀ ਸੋਚਣੀ ਵੀ ਕੁਝ ਕੁਝ ਗਲਤ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਸਾਨੂੰ ਸਖ਼ਤ ਸਟੈਂਡ ਲੈਣਾ ਪਵੇਗਾ। ਸੁਕਰਾਤ ਦਾ ਤਿੰਨ ਨੁਕਾਤੀ ਫਿਲਟਰ ਸ਼ਾਇਦ ਤੁਸੀਂ ਜਾਣਦੇ ਹੀ ਹੋਵੋ। ਉਸ ਕੋਲ ਜਦੋਂ ਵੀ ਕੋਈ ਦੋਸਤ ਕਿਸੇ ਹੋਰ ਦੀ ਚੁਗਲੀ ਕਰਨ ਲਈ ਜਾਂ ਹੋਰ ਕੋਈ ਗਲਤ ਸੂਚਨਾ ਦੇਣ ਲੱਗਦਾ ਹੀ ਸੀ ਤਾਂ ਸੁਕਰਾਤ ਕਹਿੰਦੇ ,ਰੁਕ ਪਹਿਲਾਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ । ਪਹਿਲਾ , ਕੀ ਇਹ 100% ਸੱਚ ਹੈ ਜਾਂ ਤੂੰ ਅੱਖੀਂ ਦੇਖਿਆ ਹੈ , ਜੋ ਮੈਨੂੰ ਦੱਸਣ ਜਾ ਰਿਹਾ ਹੈਂ ? ਦੂਸਰਾ ਕੀ ਇਹ ਇੱਕ ਚੰਗੀ ਅਤੇ ਸਕਾਰਾਤਮਕ ਗੱਲ ਹੈ ?? ਤੀਸਰਾ ਕੀ ਇਸ ਨਾਲ ਮੈਨੂੰ ਕੋਈ ਲਾਭ ਮਿਲਣ ਵਾਲਾ ਹੈ ??? ਜੇ ਅਗਲਾ ਨਾਂਹ ਆਖਦਾ ਤਾਂ ਸੁਕਰਾਤ ਉਸਨੂੰ ਸੁਣਨ ਤੋਂ ਦ੍ਰਿੜ੍ਹਤਾ ਨਾਲ ਇਨਕਾਰ ਕਰ ਦਿੰਦੇ। ਸਾਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉੱਪਰ ਲਿਖੇ ਤਿੰਨ ਨੁਕਤਿਆਂ ਵੱਲ ਧਿਆਨ ਦੇ ਕੇ ਹੀ ਗੱਲ ਸੁਣੀ ਜਾਵੇ। ਸਿਰਫ ਸਾਡਾ ਵਕਤ ਹੀ ਖਰਾਬ ਨਹੀਂ ਹੁੰਦਾ, ਸਗੋਂ ਸਾਡਾ ਮਨ ਵੀ ਵਿਕਾਰਾਂ ਨਾਲ ਭਰਦਾ ਹੈ। ਉਸ ਗਲਤ ਨੂੰ ਅੰਦਰ ਆਉਣ ਤੋਂ ਰੋਕਣਾ ਸਾਡਾ ਮੁੱਢਲਾ ਫਰਜ ਹੈ।

ਦੂਸਰਾ ਪੱਖ ਸੀ ਕਸਰਤ। ਜਿਵੇਂ ਸਰੀਰ ਦੇ ਸਾਰੇ ਅੰਗਾਂ ਨੂੰ ਵਧੇਰੇ ਦੇਰ ਤੱਕ ਠੀਕ ਤਰਾਂ ਕੰਮ ਕਰਦੇ ਰਹਿਣ ਲਈ ਉਹਨਾਂ ਲਈ ਵਖੋ ਵਖਰੀਆਂ ਕਸਰਤਾਂ ਦੱਸੀਆਂ ਜਾਂਦੀਆਂ ਹਨ। ਬਿਲਕੁਲ ਇਸੇ ਤਰਾਂ ਮਨ ਨੂੰ ਠੀਕ ਤਰ੍ਹਾਂ ਕੰਮ ਕਰਦੇ ਰਹਿਣ ਲਈ ਵੀ ਮਨ ਦੀਆਂ ਕਸਰਤਾਂ ਕਰਦੇ ਰਹਿਣ ਦੀ ਬਹੁਤ ਲੋੜ ਹੁੰਦੀ ਹੈ। ਬਹੁਤੇ ਵਿਅਕਤੀ ਆਪਣੀ ਰਸਮੀ ਸਿੱਖਿਆ ਨੂੰ ਖਤਮ ਕਰਨ ਤੋਂ ਬਾਅਦ ਕੁਝ ਵੀ ਸਿੱਖਣ ਦੀ ਕੋਸ਼ਿਸ਼ ਕਰਨੀ ਸੀ ਛਡ ਦਿੰਦੇ ਹਨ ਅਤੇ ਆਪਣੇ ਕੰਮ ਵਿੱਚ ਵੀ ਨਵੀਆਂ ਗੱਲਾਂ ਨਾ ਸਿੱਖ ਕੇ ਉਤਨੇ ਕੁ ਗਿਆਨ ਨਾਲ ਹੀ ਸੰਤੁਸ਼ਟ ਰਹਿ ਕੇ ਜਿੰਦਗੀ ਗੁਜਾਰ ਦਿੰਦੇ ਹਨ। ਇਹ ਬਿਲਕੁਲ ਵੀ ਠੀਕ ਨਹੀਂ ਹੈ। ਅੰਗਰੇਜੀ ਅਖਾਣ ਹੈ – Use it or lose it .. ਸਰੀਰ ਦੇ ਵੀ ਜਿਸ ਅੰਗ ਨੂੰ ਘਟ ਵਰਤਿਆ ਜਾਏਗਾ, ਉਸਦੀ ਕੁਸ਼ਲਤਾ ਘਟ ਹੋਏਗੀ। ਸੱਜਾ ਹੱਥ ਖੱਬੇ ਨਾਲੋਂ ਇਸ ਲਈ ਤੇਜ ਅਤੇ ਕੁਸ਼ਲ ਹੈ ਕਿਉਂਕਿ ਅਸੀਂ ਬਚਪਨ ਤੋਂ ਇਸਨੂੰ ਵਧੇਰੇ ਵਰਤਿਆ ਹੈ। ਇਹੀ ਗੱਲ ਮਨ ਤੇ ਵੀ ਲਾਗੂ ਹੁੰਦੀ ਹੈ। ਜਿਹੜੀ ਸੋਚ ਨੂੰ, ਵਿਚਾਰ ਨੂੰ ਬਾਰ ਬਾਰ ਦੁਹਰਾਇਆ ਜਾਂਦਾ ਰਹੇਗਾ, ਉਹ ਮਨ ਵਿਚ ਘਰ ਕਰਦੀ ਜਾਏਗੀ ਅਤੇ ਆਪਣੀ ਥਾਂ ਬਣਾ ਲੈਣ ਕਾਰਨ ਸਾਡੇ ਅਮਲ ਵੀ ਉਸ ਤਰਾਂ ਦੇ ਹੋ ਜਾਣਗੇ। ਸਾਨੂੰ ਗੁਰਬਾਣੀ ਜਾਂ ਧਾਰਮਿਕ ਬਚਨ ਬਾਰ ਬਾਰ ਪੜ੍ਹਦੇ ਰਹਿਣ ਦੀ ਨਸੀਹਤ ਇਸੇ ਲਈ ਦਿੱਤੀ ਜਾਂਦੀ ਹੈ। ਸਵੈ ਪ੍ਰੇਰਨਾ , ਅਜੋਕੀ ਮਨੋਵਿਗਿਆਨ ਦਾ ਸੰਕਲਪ ਹੈ ਜਿਸਦਾ ਭਾਵ ਇਹੋ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਚੰਗਾ ਕਰਨ ਚੰਗਾ ਬਣਨ ਲਈ ਹਮੇਸ਼ਾ ਚੰਗੀਆਂ ਨਸੀਹਤਾਂ ਆਪਣੇ ਆਪ ਨੂੰ ਦਿੰਦੇ ਰਹਿਣਾ ਹੈ। ਆਪਣੇ ਆਪ ਨੂੰ ਸਮਰਥ ਸਮਝਣਾ ਹੈ ਅਤੇ ਕੁਝ ਨੇਕ ਕਰਦੇ ਰਹਿਣ ਲਈ ਪ੍ਰੇਰਨਾ ਦਿੰਦੇ ਰਹਿਣਾ ਹੈ। ਮਨੋਵਿਗਿਆਨੀ ਆਖਦੇ ਹਨ ਕਿ ” ਝੂਠ ਨਾ ਬੋਲੋ” ਕਹਿਣ ਨਾਲੋਂ ” ਸਦਾ ਸੱਚ ਬੋਲੋ ” ਦੀ ਪ੍ਰੇਰਨਾ ਜਿਆਦਾ ਲਾਭਦਾਇਕ ਹੈ। ਕਿਉਂਕਿ ਮਨੁੱਖੀ ਮਨ ਕਈ ਵਾਰ ਬੱਚੇ ਵਾਂਗ ਵਿਵਹਾਰ ਕਰਦਾ ਹੈ ਕਿ ਜਿਸ ਕੰਮ ਤੋਂ ਰੋਕੋ, ਉਸ ਵੱਲ ਖਿੱਚ ਵਧੇਰੇ ਹੋਣ ਕਾਰਨ ਉਹ ਕੰਮ ਕਰਨ ਦਾ ਤਜ਼ਰਬਾ ਕਰ ਬੈਠਦਾ ਹੈ। ਸੰਤੁਲਿਤ ਸੋਚ ਬਣਾਏ ਰੱਖਣ ਲਈ ਸਖ਼ਤ ਅਤੇ ਲਗਾਤਾਰ ਯਤਨ ਕਰਦੇ ਰਹਿਣ ਦੀ ਲੋੜ ਹੁੰਦੀ ਹੈ। ਲਗਾਤਾਰਤਾ ਲਈ ਸਿਰਫ ਇੱਕ ਦੋ ਉਦਾਹਰਣਾਂ ਕਾਫੀ ਹਨ। ਇੱਕ ਪੱਥਰ ਕਈ ਸਾਲ ਵੀ ਨਦੀ ਵਿੱਚ ਪਿਆ ਰਹੇ ਤਾਂ ਉਹ ਨਰਮ ਨਹੀਂ ਹੁੰਦਾ। ਪਰ ਉਸੇ ਪੱਥਰ ਤੇ ਲਗਾਤਾਰ ਪੈ ਰਹੀ ਪਾਣੀ ਦੀ ਹਲਕੀ ਜਿਹੀ ਧਾਰ ਵੀ ਉਸ ਥਾਂ ਤੇ ਹਲਕਾ ਜਿਹਾ ਟੋਆ ਪੈਦਾ ਕਰ ਦਿੰਦੀ ਹੈ ਕਿਉਂਕਿ ਇਸ ਧਾਰ ਨੇ ਪੱਥਰ ਨੂੰ ਤੋੜਿਆ ਨਹੀਂ, ਸਗੋਂ ਆਪਣੇ ਨਾਲ ਰੋੜ੍ਹਿਆ ਹੈ। ਲਗਾਤਾਰ ਦਿੱਤੀ ਹੋਈ ਪ੍ਰੇਰਨਾ ਵੀ ਮਨ ਤੇ ਇਹੀ ਅਸਰ ਪਾ ਸਕਦੀ ਹੈ। ਦੂਸਰੀ ਛੋਟੀ ਜਿਹੀ ਉਦਾਹਰਣ ਅਸੀਂ ਸਰੀਰਕ ਪੱਖ ਤੋਂ ਹੀ ਦੇਖ ਸਕਦੇ ਹਾਂ ਕਿ ਸਰਕਸ ਦੇ ਕਲਾਕਾਰ ਲਗਾਤਾਰ ਕੀਤੇ ਹੋਏ ਅਭਿਆਸ ਨਾਲ ਆਪਣੇ ਸਰੀਰ ਨੂੰ ਇੰਨਾ ਜਿਆਦਾ ਮੋੜ ਕੇ ਦਿਖਾ ਦਿੰਦੇ ਹਨ, ਜਿੰਨਾ ਅਸੀਂ ਸੋਚ ਵੀ ਨਹੀਂ ਸਕਦੇ। ਲਗਾਤਾਰ ਕੀਤਾ ਹੋਇਆ ਮਾਨਸਿਕ ਅਭਿਆਸ ਵੀ ਚਮਤਕਾਰ ਕਰ ਸਕਣ ਦੇ ਸਮਰੱਥ ਹੁੰਦਾ ਹੈ।

ਮਨ ਵੀ ਸਰੀਰ ਦੇ ਵਾਂਗ ਹੀ ਥੱਕਦਾ ਵੀ ਹੈ। ਇਸ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ। ਸਰੀਰ ਲਗਾਤਾਰ ਕੰਮ ਹੋਵੇ ਤਾਂ ਕੁਝ ਘੰਟੇ ਵਿਚ ਹੀ ਆਰਾਮ ਭਾਲਦਾ ਹੈ। ਸਾਡੀ ਅੱਜ ਦੀ ਰੁਝੇਵਿਆਂ ਭਰੀ ਅਤੇ ਭਜਦੌੜ ਦੀ ਜਿੰਦਗੀ ਵਿੱਚ ਮਾਨਸਿਕ ਦਬਾਅ ਅਤੇ ਤਣਾਅ ਬਹੁਤ ਜਿਆਦਾ ਹੈ। ਵਧੇਰੇ ਸੋਚਣਾ, ਹਮੇਸ਼ਾ ਗੰਭੀਰਤਾ ਨਾਲ ਹਰ ਮਸਲੇ ਨੂੰ ਲੈਣਾ ਅਤੇ ਚਿੰਤਾ ਲਗਾਈ ਰੱਖਣੀ ਸਾਡੇ ਮਨ ਦੀ ਕਾਰਜ ਕੁਸ਼ਲਤਾ ਘਟਾ ਦਿੰਦੀ ਹੈ। ਸਾਨੂੰ ਸਭ ਕੁਝ ਛਡ ਕੇ ,ਸਾਰੀ ਚਿੰਤਾ ਛਡ ਕੇ ਆਰਾਮ ਵੀ ਕਰਨਾ ਆਉਣਾ ਚਾਹੀਦਾ ਹੈ। ਇਸ ਮਨ ਨੂੰ ਹਲਕੇ ਫੁਲਕੇ ਅੰਦਾਜ਼ ਵਿਚ ਮਸਤ ਰਹਿਣਾ ਵੀ ਆਉਣਾ ਚਾਹੀਦਾ ਹੈ। ਕਦੇ ਕਦੇ ਗੀਤ ਸੰਗੀਤ ਨਚਣਾ ਜਾਂ ਆਪਣੀ ਰੁਚੀ ਅਨੁਸਾਰ ਮਨ ਨੂੰ ਖੁਸ਼ ਰੱਖਣ ਨਾਲ ਮਾਨਸਿਕ ਊਰਜਾ ਕਾਫੀ ਵਧ ਜਾਂਦੀ ਹੈ। ਚੜ੍ਹਦੀ ਕਲਾ ਵਿਚ ਰਹਿਣਾ ਸਿਖਾਉਣ ਲਈ ਇਸ ਨੂੰ ਗੁਰਬਾਣੀ ਅਤੇ ਇਤਿਹਾਸ ਦੇ ਹਵਾਲਿਆ ਨਾਲ ਭਰਪੂਰ ਰੱਖਣਾ ਚਾਹੀਦਾ ਹੈ। ਜਿਸ ਵਿਅਕਤੀ ਨੇ ਮਨ ਨੂੰ ਆਰਾਮ ਦੇਣਾ ਸਿੱਖ ਲਿਆ, ਉਹ ਇਸ ਤੋਂ ਹੋਰ ਵੀ ਬਹੁਤ ਸਾਰੇ ਵਧੇਰੇ ਕੰਮ ਕਰਵਾ ਸਕਦਾ ਹੈ। ਕੁਝ ਨਵਾਂ ਸਿੱਖਦੇ ਰਹਿਣ ਦੀ ਤਾਂਘ ਹਮੇਸ਼ਾ ਲੱਗੀ ਰਹਿਣੀ ਚਾਹੀਦੀ ਹੈ। ਨਵੇਂ ਥਾਵਾਂ ਦੀ ਯਾਤਰਾ ਕਰਨੀ, ਨਵੇਂ ਲੋਕਾਂ ਨਾਲ ਮਿਲਣਾ, ਕੋਈ ਨਵਾਂ ਹੁਨਰ ਸਿੱਖਣਾ, ਨਵੀਂ ਭਾਸ਼ਾ ਸਿੱਖਣੀ ਇਹ ਸਭ ਮਨ ਨੂੰ ਨਵਿਆਉਦੇ ਰਹਿਣ ਲਈ ਜਰੂਰੀ ਹਨ। ਅਕਾਲ ਪੁਰਖ ਤੇ ਵਿਸ਼ਵਾਸ਼ ਰੱਖਣਾ, ਅਰਦਾਸ ਕਰਨੀ ਜਿੱਥੇ ਇਸ ਮਨ ਨੂੰ ਤਾਕਤ ਬਖਸ਼ਦੀ ਹੈ। ਉਥੇ ਆਏ ਸੰਕਟਾਂ ਵਿਚੋਂ ਨਿਕਲਣ ਲਈ ਵੀ ਹੌਸਲਾ ਦਿੰਦੀ ਹੈ। ਬਹੁਤੇ ਕਰਮ ਕਾਂਡ ਕਰਨ ਦੀ ਲੋੜ ਨਹੀਂ। ਪਰ ਕਿਸੇ ਅਦਿੱਖ ਸ਼ਕਤੀ ਨੂੰ ਸੁਪਰੀਮ ਮੰਨ ਲੈਣ ਨਾਲ ਜਿੱਥੇ ਮਨੁੱਖ ਹਉਮੈ ਤੋਂ ਬਚਦਾ ਹੈ, ਉੱਥੇ ਚੜ੍ਹਦੀ ਕਲਾ ਬਣਾਈ ਰੱਖਣ ਵਿਚ ਬਹੁਤ ਸਹਾਇਕ ਹੈ ਇਹ ਬਿਰਤੀ।

ਵੈਸੇ ਤਨ ਅਤੇ ਮਨ ਦਾ ਆਪਸੀ ਬਹੁਤ ਗੂੜ੍ਹਾ ਸੰਬੰਧ ਵੀ ਹੈ। ਇੱਕ ਦੇ ਬਿਮਾਰ ਹੋਣ ਨਾਲ ਦੂਜਾ ਬਿਮਾਰ ਹੋ ਜਾਂਦਾ ਹੈ ਅਤੇ ਇੱਕ ਦੀ ਮੁਸਕਰਾਹਟ ਦੂਜੇ ਨੂੰ ਖੇੜਾ ਬਖਸ਼ਦੀ ਹੈ। ਦੋਵਾਂ ਦਾ ਖਿਆਲ ਰੱਖਣਾ, ਦੋਹਾਂ ਦੀ ਸੰਭਾਲ ਕਰਨੀ ,ਦੋਹਾਂ ਵੱਲ ਬਰਾਬਰ ਧਿਆਨ ਦੇਣਾ ਬਹੁਤ  ਬਹੁਤ ਜਰੂਰੀ ਹੈ । ਅਕਸਰ ਦੇਖਿਆ ਇਹ ਗਿਆ ਹੈ ਕਿ ਅਸੀਂ ਸਰੀਰ ਵੱਲ ਤਾਂ ਧਿਆਨ ਦਿੰਦੇ ਹਾਂ ਅਤੇ ਹਲਕੀ ਜਿਹੀ ਬਿਮਾਰੀ ਆਉਣ ਤੇ ਵੀ ਟੈਸਟ ਕਰਵਾਉਣ ,ਦਵਾਈਆਂ ਲੈਣ ਅਤੇ ਮਾਹਿਰ ਡਾਕਟਰਾਂ ਦੀ ਸਲਾਹ ਲੈਣ ਲਈ ਦੌੜਦੇ ਹਾ। ਪਰ ਜਦੋਂ ਕਦੇ ਮਨ ਉਦਾਸ ਹੋਵੇ, ਮਨ ਨੂੰ ਚਿੰਤਾ ਘੇਰ ਲਵੇ, ਮਨ ਦੀਆਂ ਛੋਟੀਆਂ ਛੋਟੀਆਂ ਅਲਾਮਤਾਂ ਲਈ ਅਸੀਂ ਮਾਹਿਰ ਮਨੋਵਿਗਿਆਨੀ ਕੋਲ ਜਾਣਾ ਪਸੰਦ ਨਹੀਂ ਕਰਦੇ। ਕੀ ਤੁਸੀ ਕਦੇ ਸੁਣਿਆ ਹੈ ਕਿ ਕੋਈ ਵਿਅਕਤੀ ਕਿਸੇ ਮਨੋਵਿਗਿਆਨੀ ਕੋਲ ਜਾ ਕੇ ਕਹਿੰਦਾ ਹੋਵੇ ਕਿ ਉਸਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਹੈ। ਜਾਂ ਦੂਸਰੇ ਦੀ ਚੜ੍ਹਤ ਦੇਖ ਕੇ ਉਸ ਅੰਦਰ ਈਰਖਾ ਜਨਮ ਲੈਂਦੀ ਹੈ। ਆਦਿ ਆਦਿ। ਕਿਉ ਨਹੀ ???? ਕਿਉਂਕਿ ਅਸੀਂ ਮਨ ਦੀਆਂ ਬਿਮਾਰੀਆਂ ਨੂੰ ਕਦੇ ਬਿਮਾਰੀਆਂ ਸਮਝਿਆ ਹੀ ਨਹੀਂ ਹੈ। ਇਹ ਮੰਨ ਲੈਣਾ ਚਾਹੀਦਾ ਹੈ ਕਿ ਜਿਵੇਂ ਸਰੀਰਕ ਬਿਮਾਰੀਆਂ ਵਿਚ ਹਮੇਸ਼ਾ ਸਾਰਾ ਕੁਝ ਸਾਡੇ ਹੱਥ ਨਹੀਂ ਹੁੰਦਾ ਪਰ ਧਿਆਨ ਦੇਣ , ਦਵਾਈ ਦੇਣ ਅਤੇ ਬਕਾਇਦਾ ਇਲਾਜ ਕਰਵਾਉਣ ਨਾਲ ਅਸੀਂ ਨਾ ਕੇਵਲ ਜੀਵਾਣੂਆਂ ਵਿਸ਼ਾਣੂਆਂ ਦੇ ਹਮਲੇ ਤੋਂ ਹੀ ਬਚ ਸਕਦੇ ਹਾਂ ,ਸਗੋਂ ਅਪਰੇਸ਼ਨ ਕਰਵਾ ਕੇ ਕਦੇ ਟੁੱਟੇ ਅੰਗ ਵੀ ਮੁੜ ਕੰਮ ਕਰਨ ਲਗਾ ਲੈਂਦੇ ਹਾਂ। ਇਸੇ ਤਰਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਾਨਸਿਕ ਬਿਮਾਰੀਆਂ ਵੀ ਕਈ ਵਾਰੀ ਸਾਡੇ ਬਿਨਾਂ ਚਾਹੁੰਦੇ ਵੀ ਆ ਜਾਂਦੀਆਂ ਹਨ। ਪਰ ਇਥੇ ਵੀ  ਪੂਰੇ ਸੁਚੇਤ ਹੋ ਕੇ ਸਾਨੂੰ ਮਨੋਵਿਗਿਆਨਕ ਟੈਸਟ ਕਰਵਾਉਣੇ ਚਾਹੀਦੇ ਹਨ। ਲੋੜ ਪੈਣ ਤੇ ਮਨੋਵਿਗਿਆਨਕ ਮਾਹਿਰਾਂ ਕੋਲੋਂ ਦਵਾਈ ਅਤੇ ਕਾਊਂਸਲਿੰਗ ਸੈਸ਼ਨ ਲੈਣੇ ਚਾਹੀਦੇ ਹਨ। ਜੇ ਕਿਤੇ ਸਾਡਾ ਵਿਸ਼ਵਾਸ਼ ਬਣ ਜਾਏ ਕਿ ਮਨੋਵਿਕਾਰਾਂ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਲਗਾਤਾਰ ਕਾਊਂਸਲਿੰਗ ਨਾਲ ਆਪਣੀ ਸੋਚ ਨੂੰ ਵੀ ਬਦਲਿਆ ਜਾ ਸਕਦਾ ਹੈ, ਤਾਂ ਬਹੁਤ ਸਾਰੇ ਸਾਡੇ ਰਿਸ਼ਤੇ ਟੁੱਟਣੋਂ ਬਚ ਸਕਦੇ ਹਨ। ਬਹੁਤ ਸਾਰੇ ਡਿਪਰੈੱਸ਼ਨ ਦੇ ਮਰੀਜ ਆਤਮ ਹੱਤਿਆ ਵਰਗੇ ਵਿਚਾਰਾਂ ਤੋਂ ਛੁਟਕਾਰਾ ਪਾ ਸਕਦੇ ਹਨ। ਪਰ ਇੱਕ ਗੱਲ ਜੋ ਸਾਨੂੰ ਆਪ ਹੀ ਸਿੱਖਣੀ ਪਏਗੀ  ,ਉਹ ਹੈ ਕਿ ਮਾਨਸਿਕ ਵਿਕਾਰਾਂ ਤੇ ਵੀ ਯਤਨਾਂ ਨਾਲ ਕਾਬੂ ਪਾਇਆ ਜਾ ਸਕਦਾ ਹੈ। ਮਨੋਵਿਗਿਆਨਕ  ਕਾਊਂਸਲਿੰਗ ਦੀ ਮਹਤਤਾ ਨੂੰ ਪਹਿਚਾਨਣਾ ਬਹੁਤ ਜਰੂਰੀ ਹੈ।

ਅਸੰਭਵ ਕੁਝ ਵੀ ਨਹੀਂ, ਔਖਾ ਹੋ ਸਕਦਾ ਹੈ। ਪਰ ਸੁਹਿਰਦ ਯਤਨ, ਠੀਕ ਅਗਵਾਈ, ਸਿੱਖਣ ਦੀ ਲਗਨ ਅਤੇ ਲਗਾਤਾਰਤਾ ਕੀ ਨਹੀਂ ਕਰ ਸਕਦੀ ???ਸਵੈ ਪੂਰਨਤਾ ਦੀ ਇੱਛਾ ਨਾਲ  ਸਵੈ ਪ੍ਰੇਰਨਾ ਦਿੰਦੇ ਰਹੀਏ । ਕੁਝ ਕਰੋ ਤੇ ਨਾ ਕਰੋ ਦੇ ਤਰੀਕੇ ਸਿੱਖ ਕੇ ਅਸੀਂ ਇਸ ਅਮੋੜ ਅਤੇ ਚੰਚਲ ਕਹੇ ਜਾਂਦੇ ਮਨ ਨੂੰ ਵੀ ਤੀਰ ਵਾਂਗ ਸਿੱਧਾ ਕਰ ਸਕਦੇ ਹਾਂ। ਵਾਹਿਗੁਰੂ ਸਾਡੇ ਯਤਨਾਂ ਵਿੱਚ ਬਰਕਤ ਪਾਵੇ । ਅਸੀਂ ਸਵੈ ਸੁਧਾਰ ਲਈ ਅੱਜ ਤੋਂ ਹੀ ਅਰੰਭ ਕਰ ਦੇਈਏ।
***
ਜਸਵਿੰਦਰ ਸਿੰਘ ਰੁਪਾਲ ਕੈਲਗਰੀ 
+91 9814715796
Jasvinder Singh Rupal Retd Lecturer
M.A.(Pbi, Eng, Eco, Journalism,Psychology).B.Ed.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1603
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796

 

ਜਸਵਿੰਦਰ ਸਿੰਘ 'ਰੁਪਾਲ'

ਜਸਵਿੰਦਰ ਸਿੰਘ 'ਰੁਪਾਲ' -ਲੈਕਚਰਾਰ ਅਰਥ-ਸ਼ਾਸ਼ਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਟਾਣੀ ਕਲਾਂ( ਲੁਧਿਆਣਾ)-141113 +91 9814715796  

View all posts by ਜਸਵਿੰਦਰ ਸਿੰਘ 'ਰੁਪਾਲ' →