ਭਗਤੀ ਲਹਿਰ ਦੇ ਮੋਢੀ ਸੰਤਾਂ ਵਿਚ ਮੰਨੇ ਗਏ ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲਾ ਸਤਾਰਾ ਦੇ ਪਿੰਡ ਨਰਸੀ ਬਾਮਨੀ ਵਿਚ 26 ਅਕਤੂਬਰ 1270 ਈਸਵੀ ਨੂੰ ਹੋਇਆ। ਆਪ ਜੀ ਦੇ ਮਾਤਾ ਜੀ ਦਾ ਨਾਮ ਗੋਨਾਬਾਈ ਅਤੇ ਪਿਤਾ ਜੀ ਦਾ ਨਾਮ ਦਾਮਾਸ਼ੇਟੀ ਸੀ। ਆਪ ਜੀ ਦਾ ਪਰਿਵਾਰ ਭਗਵਾਨ ਵਿਠੱਲ ਦਾ ਭਗਤ ਸੀ। ਨਾਮਦੇਵ ਜੀ ਦਾ ਵਿਆਹ ਗੋਬਿੰਦਸੇਟੀ ਦੀ ਪੁੱਤਰੀ ਰਾਜਬਾਈ ਨਾਲ ਹੋਇਆ, ਜਿਸ ਤੋਂ ਉਹਨਾ ਦੇ ਚਾਰ ਪੁੱਤਰ ਅਤੇ ਇੱਕ ਪੁੱਤਰੀ ਦਾ ਜਨਮ ਹੋਇਆ ਜਿਹਨਾਂ ਚ’ ਪੁੱਤਰਾਂ ਢੇ ਨਾਮ ਨਾਰਾਇਣ, ਮਹਾਂਦੇਵ, ਗੋਬਿੰਦ ਅਤੇ ਵਿੱਠਲ ਅਤੇ ਪੁੱਤਰੀ ਦਾ ਨਾਮ ਲਿੰਬਾ ਬਾਈ ਸੀ । ਭਗਤ ਨਾਮਦੇਵ ਜੀ ਛੀਂਬਾ ਜਾਤੀ ਨਾਲ ਸੰਬੰਧ ਰੱਖਦੇ ਸਨ, ਜੋ ਉਸ ਸਮੇ ਦੀ ਵਰਣ ਵੰਡ ਅਨੁਸਾਰ ਨੀਵੀਂ ਜਾਤ ਵਜੋਂ ਗਿਣੀ ਜਾਂਦੀ ਸੀ। ਭਗਤ ਜੀ ਨੇ ਕੱਪੜੇ ਰੰਗਣ ਅਤੇ ਸਿਊਣ ਦਾ ਪਿਤਾ ਪੁਰਖੀ ਕੰਮ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ। ਮਹਾਰਾਸ਼ਟਰ ਵਿੱਚ ਉਸ ਸਮੇ ਤਿੰਨ ਵਿਚਾਰਧਾਰਾਵਾਂ ਪ੍ਰਚੱਲਿਤ ਸਨ। ਪਹਿਲੀ ਨਾਥ ਪੰਥੀ ਸੀ, ਜਿਸ ਵਿਚ ਅਲਖ ਨਿਰੰਜਨ ਦੀ ਸਾਧਨਾ ਕੀਤੀ ਜਾਂਦੀ ਸੀ। ਇਸ ਵਿਚ ਬਾਹਰੀ ਕਰਮ-ਕਾਂਡਾਂ ਦਾ ਵਿਰੋਧ ਸੀ। ਦੂਸਰੀ ਵਿਚਾਰਧਾਰਾ ਮਹਾਨੁਭਾਵ ਪੰਥ ਦੀ ਸੀ। ਇਹ ਵੈਦਿਕ ਕਰਮ-ਕਾਂਡ ਅਤੇ ਬਹੁਦੇਵ-ਉਪਾਸਨਾ ਦਾ ਵਿਰੋਧੀ ਸੀ, ਪਰ ਮੂਰਤੀ-ਪੂਜਾ ਦਾ ਵਿਰੋਧੀ ਨਹੀਂ ਸੀ। ਤੀਸਰੀ ਵਿਚਾਰਧਾਰਾ ਵਿਠੋਬਾ ਪੰਥ ਦੀ ਸੀ ,ਜੋ ਪੰਢਰਪੁਰ ਦੀ ਵਿਸ਼ਨੂੰ ਦੀ ਉਪਾਸਨਾ ਦੀ ਵਿਚਾਰਧਾਰਾ ਸੀ। ਭਗਤ ਨਾਮਦੇਵ ਜੀ ਨੂੰ ਵਿਦਵਾਨਾਂ ਨੇ ਆਰੰਭ ਵਿਚ ਵਿਸ਼ਨੂੰ ਦਾ ਉਪਾਸ਼ਕ ਮੰਨਿਆ ਹੈ, ਪਰ ਸਮਕਾਲੀ ਸੰਤ ਗਿਆਨੇਸ਼ਵਰ ਅਤੇ ਗੁਰੂ ਵਿਸੋਬਾ ਖੇਚਰ ਦੀ ਸੰਗਤ ਵਿਚ ਉਹ ਨਿਰਾਕਾਰ ਰੱਬ ਦੇ ਭਗਤ ਬਣੇ। ਨਾਮਦੇਵ ਜੀ ਨੇ ਆਪਣੀ ਉਮਰ ਦਾ ਲੰਮਾ ਸਮਾਂ ਮੁੰਬਈ ਨੇੜੇ ਜਿਲਾ ਸੋਲਾਪੁਰ ਦੇ ਪਿੰਡ ਪੰਢਰਪੁਰ ਵਿਖੇ ਹੀ ਗੁਜਾਰਿਆ। ਉਹਨਾਂ ਨੇ ਸੰਤ ਗਿਆਨੇਸ਼ਵਰ ਨਾਲ ਮਿਲ ਕੇ ਮਹਾਰਾਸ਼ਟਰ ਦਾ ਭ੍ਰਮਣ ਕੀਤਾ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਇਕੱਲਿਆਂ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ। ਭਾਵੇ ਮਹਾਰਾਸ਼ਟਰ ਵਿਚ ਉਸ ਸਮੇ ਦੇ ਪੰਜ ਵਿਅਕਤੀ ਨਾਮਦੇਵ ਨਾਂ ਦੇ ਭਗਤ ਹੋਏ ਜਾਣੇ ਜਾਂਦੇ ਹਨ। ਇਹਨਾਂ ਸਭ ਨੇ ਹੀ ਥੋੜੇ ਬਹੁਤ ਅਭੰਗ( ਛੰਦ) ਰਚੇ। ਮਹਾਰਾਸ਼ਟਰ ਵਿਚ ਇਹਨਾਂ ਅਭੰਗਾਂ ਵਾਲੀ ਰਚਨਾ ਦੇ ਸੰਗ੍ਰਹਿ ਨੂੰ ਗਾਥਾ ਕਿਹਾ ਜਾਂਦਾ ਹੈ। ਕੁੱਲ 2500 ਅਭੰਗਾਂ ਸੰਤ ਗਾਥਾ ਵਿਚ ਮਿਲਦੇ ਹਨ, ਜਿਹਨਾਂ ਵਿਚੋਂ ਸਿਰਫ 600 ਅਭੰਗਾਂ ਤੇ ਨਾਮਦੇਵ ਜਾਂ ਨਾਮਾ ਸ਼ਬਦ ਦੀ ਛਾਪ ਲੱਗੀ ਹੋਈ ਹੈ। ਬਾਕੀ ਵਿਸ਼ਨੁਦਾਸਨਾਮਾ ਛਾਪ ਹੇਠ ਹਨ। ਇਹ ਵੀ ਕਿਹਾ ਜਾਂਦਾ ਏ ਕਿ ਸ਼ਾਇਦ ਨਾਮਦੇਵ ਜੀ ਨੂੰ ਪੱਥਰ-ਪੂਜਕ ਸਿੱਧ ਕਰਨ ਲਈ ਵਿਸ਼ਨੁਦਾਸਨਾਮਾ ਹੇਠ ਰਚਨਾ ਕਰਨੀ ਵਿਰੋਧੀਆਂ ਦੀ ਮਜਬੂਰੀ ਬਣ ਗਈ ਹੋਵੇ।। ਖ਼ੈਰ, ਅਸੀਂ ਆਪਣਾ ਧਿਆਨ ਸਿਰਫ ਉਸ ਨਾਮਦੇਵ ਵੱਲ ਲਾਵਾਂਗੇ ਜੋ ਨਿਰਗੁਣ ਬ੍ਰਹਮ ਦਾ ਉਪਾਸ਼ਕ ਹੈ, ਪੱਥਰ ਪੂਜਕ ਨਹੀਂ ਅਤੇ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਨਾਮਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਮਿਲਦੀ ਰਚਨਾ ਬਾਰੇ ਅਸੀਂ ਵਿਚਾਰ ਨਹੀਂ ਕਰਾਂਗੇ ਕਿਉਂਕਿ ਉਸ ਦੇ ਪ੍ਰਮਾਣਿਤ ਹੋਣ ਦਾ ਵੀ ਕੋਈ ਭਰੋਸਾ ਨਹੀਂ। ਭਗਤ ਨਾਮਦੇਵ ਜੀ ਦੀ ਬਾਣੀ :– ਮਹਾਰਾਸ਼ਟਰ ਦੀ ਮਰਾਠੀ ਭਾਸ਼ਾ ਵਿੱਚ ਭਗਤ ਨਾਮਦੇਵ ਜੀ ਦੀਆਂ ਇਹ ਰਚਨਾਵਾਂ ਬਾਰੇ ਜਾਣਕਾਰੀ ਮਿਲਦੀ ਹੈ — ਨਾਮਦੇਵ ਦੀ ਸਾਖੀ। ਅਸੀਂ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਬਾਰੇ ਹੀ ਗੱਲ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਨਾਮਦੇਵ ਜੀ ਦੇ 18 ਰਾਗਾਂ ਵਿੱਚ ਕੁੱਲ 61 ਸ਼ਬਦ ਦਰਜ ਹਨ। ਜਿਹਨਾਂ ਦਾ ਵਿਸਥਾਰ ਇਸ ਤਰਾਂ ਹੈ – ਇਹ ਸਾਰੇ ਸ਼ਬਦ ਰਾਗ ਤੇ ਪੂਰੇ ਖਰੇ ਉਤਰਦੇ ਹਨ। ਇਹਨਾਂ ਦੀ ਭਾਸ਼ਾ ਵਿੱਚ ਮਰਾਠੀ ਸ਼ਬਦਾਂ ਦੀ ਭਰਮਾਰ ਹੈ, ਪਰ ਫਿਰ ਵੀ ਇਹ ਜਨ ਸਾਧਾਰਨ ਦੀ ਬੋਲੀ ਵਿਚਲੇ ਸ਼ਬਦ ਹੀ ਹਨ, ਜਿਹਨਾਂ ਨੂੰ ਪਾਠਕ ਸਹਿਜੇ ਹੀ ਸਮਝ ਸਕਦਾ ਹੈ। ਭਗਤ ਨਾਮਦੇਵ ਜੀ ਦੀਆਂ ਮੁੱਖ ਸਿਖਿਆਵਾਂ ਜੋ ਇਹਨਾਂ ਸ਼ਬਦਾਂ ਰਾਹੀਂ ਪ੍ਰਗਟ ਹੁੰਦੀਆਂ ਹਨ, ਸੰਖੇਪ ਰੂਪ ਵਿਚ ਇਸ ਤਰਾਂ ਹਨ: 1. ਨਿਰਗੁਣ ਪ੍ਰਭੂ ਬਾਰੇ ਵਿਚਾਰ:-ਭਗਤ ਨਾਮਦੇਵ ਜੀ ਇੱਕ ਨਿਰਗੁਣ ਪਰਮਾਤਮਾ ਦੇ ਉਪਾਸ਼ਕ ਸਨ, ਭਾਵੇ ਉਹਨਾਂ ਨਾਲ ਜੁੜੀਆਂ ਸਾਖੀਆਂ ਅਤੇ ਉਹਨਾਂ ਦੀ ਲਿਖਤ ਦੇ ਗਲਤ ਅਰਥ ਲੈਣ ਵਾਲੇ ਉਹਨਾਂ ਨੂੰ ਸਰਗੁਣ ਪ੍ਰਭੂ ਦੇ ਪੁਜਾਰੀ ਵੀ ਕਹਿੰਦੇ ਹਨ। ਭਗਤ ਜੀ ਦਾ ਪ੍ਰਭੂ ਕਿਸੇ ਮੰਦਰ ਜਾਂ ਮਸੀਤ ਵਿੱਚ ਨਹੀਂ ਰਹਿੰਦਾ, ਉਹ ਤਾਂ ਹਰ ਥਾਂ ਵਿਆਪਕ ਪ੍ਰਭੂ ਦੀ ਗੱਲ ਕਰਦੇ ਹਨ- * ਹਿੰਦੂ ਪੂਜੈ ਦੇਹੁਰਾ ਮੁਸਲਮਾਣ ਮਸੀਤਿ ॥ ਉਹਨਾਂ ਦਾ ਨਿਰਗੁਣ ਪ੍ਰਭੂ ਘਟ ਘਟ ਵਿਚ ਰਮਿਆ ਹੋਇਆ ਹੈ– * ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀਂ॥ ਹਿੰਦੂਆਂ ਨੇ ਆਪਣੇ ਦੇਵੀ ਦੇਵਤਿਆਂ ਨੂੰ ਮਜਾਕ ਦੇ ਪਾਤਰ ਬਣਾ ਕੇ ਪੇਸ਼ ਕੀਤਾ ਹੈ ਅਤੇ ਉਹਨਾਂ ਨੂੰ ਕਿਸੇ ਪਾਸੇ ਵੀ ਇੱਕ ਪਰਮਾਤਮਾ ਦੀ ਇੱਕ ਸੱਚਾਈ ਦੇ ਦਰਸ਼ਨ ਨਹੀਂ ਹੁੰਦੇ, ਸਗੋਂ ਉਹ ਆਪਾ ਵਿਰੋਧੀ ਬਹੁ ਦੇ ਵਵਾਦ ਵਿਚ ਵਿਸ਼ਵਾਸ਼ ਰੱਖਣ ਕਰਕੇ ਭਟਕਦੇ ਹਨ, ਜਦ ਕਿ ਮੁਸਲਮਾਨ ਭਾਵੇਂ ਸ਼ਰਧਾਲੂ ਹਨ, ਪਰ ਉਹਨਾਂ ਨੇ ਸਿਰਫ ਇੱਕ ਦਿਸ਼ਾ ਵਿਚ ਪ੍ਰਭੂ ਨੂੰ ਕਲਪ ਲਿਆ ਹੈ। ਇਸ ਲਈ ਭਗਤ ਜੀ ਹਿੰਦੂ ਨੂੰ ਅੰਨ੍ਹਾ ਅਤੇ ਮੁਸਲਮਾਨ ਨੂੰ ਕਾਣਾ ਆਖਦੇ ਹਨ– * ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਭਗਤ ਜੀ ਉਸ ਨਿਰਾਕਾਰ ਪ੍ਰਭੂ ਦੀ ਬੇਅੰਤਤਾ ਦਰਸਾਉਂਦੇ ਹੋਏ ਆਖਦੇ ਹਨ ਕਿ ਉਸ ਦਾ ਭੇਦ ਪਾਉਣਾ ਸੰਭਵ ਨਹੀਂ ਹੈ, ਸਭ ਆਪੋ ਆਪਣੇ ਅੰਦਾਜੇ ਹੀ ਲਗਾ ਰਹੇ ਹਨ। ਬਹਿਸ ਕਰ ਰਹੇ ਹਨ: * ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ। 2. ਨਾਮ ਸਿਮਰਨ, ਮਹੱਤਤਾ ਅਤੇ ਢੰਗ:- ਭਗਤ ਨਾਮਦੇਵ ਜੀ ਪ੍ਰਭੂ ਦੀ ਪ੍ਰਾਪਤੀ ਲਈ ਉਸ ਦਾ ਸਿਮਰਨ ਕੀਤਾ ਜਾਣਾ ਜਰੂਰੀ ਸਮਝਦੇ ਹਨ। ਇਸ ਸਿਮਰਨ ਵਿਚ ਹੀ ਉਹ ਪ੍ਰਭੂ ਦੇ ਮਿਲਾਪ ਨੂੰ ਚਿਤਵਦੇ ਹਨ: * ਨਾਮਦੇਇ ਸਿਮਰਨੁ ਕਰ ਜਾਨਾ॥ ਉਹਨਾਂ ਲਈ ਪ੍ਰਭੂ ਦਾ ਨਾਮ ਉਸ ਤਰ੍ਹਾਂ ਹੈ ਜਿਵੇਂ ਅੰਨ੍ਹੇ ਲਈ ਲਾਠੀ ਇੱਕ ਸਹਾਰਾ ਬਣਦੀ ਹੈ। * ਮੈ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ॥ ਸਿਮਰਨ ਦੀ ਬਰਕਤ ਦੱਸਦਿਆਂ ਆਪ ਆਖਦੇ ਹਨ ਕਿ ਇਸ ਨਾਲ ਸਭ ਸੰਕਟ ਦੂਰ ਹੋ ਜਾਂਦੇ ਹਨ: ਅਤੇ ਉਸ ਦਾ ਸਿਮਰਨ ਕਿਵੇਂ ਕਰਨਾ ਹੈ, ਦੁਨਿਆਵੀ ਕੰਮ ਕਰਦੇ ਹੋਏ ਹਮੇਸ਼ਾ ਧਿਆਨ ਉਸ ਪ੍ਰਭੂ ਵੱਲ ਟਿਕਿਆ ਰਹੇ। ਜਿਵੇਂ ਇੱਕ ਪਤੰਗ ਉਡਾਉਂਦਾ ਬੱਚਾ ਸਾਥੀਆਂ ਨਾਲ ਗੱਲ ਕਰਦਾ ਧਿਆਨ ਪਤੰਗ ਵਿੱਚ ਰੱਖਦਾ ਹੈ: * ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ਼ ਮਧੇ ਭਰਮੀਅਲੇ॥ ਪ੍ਰਭੂ ਦੀ ਭਗਤੀ ਨਹੀਂ ਛੱਡਣੀ, ਭਾਵੇ ਲੋਕ ਵਿਰੋਧ ਕਰਨ, ਕੁਝ ਵੀ ਆਖਣ ਜਾਂ ਹੱਸਣ: * ਤੇਰੀ ਭਗਤਿ ਨ ਛੋਡਉ ਭਾਵੇਂ ਲੋਗ ਹਸੈ॥ 3. ਜਾਤ ਪਾਤ ਦਾ ਵਿਰੋਧ :- ਭਗਤ ਜੀ ਆਪ ਉਸ ਵੇਲੇ ਨੀਵੀਂ ਆਖੀ ਜਾਂਦੀ ਜਾਤ ਨਾਲ ਸੰਬੰਧ ਰੱਖਦੇ ਸਨ, ਜਿਸ ਕਾਰਨ ਉਹਨਾਂ ਨੂੰ ਉੱਚ ਜਾਤੀਏ ਬ੍ਰਾਹਮਣਾਂ ਦੇ ਵਿਰੋਧ ਅਤੇ ਤ੍ਰਿਸਕਾਰ ਦਾ ਸਾਹਮਣਾ ਕਰਨਾ ਪਿਆ। ਉਹ ਮੰਦਰ ਗਏ ਪਰ ਬ੍ਰਾਹਮਣਾਂ ਨੇ ਉਹਨਾਂ ਨੂੰ ਮੰਦਰ ਵਿੱਚੋਂ ਕੱਢ ਦਿੱਤਾ। ਉਹ ਮੰਦਰ ਦੇ ਪਿਛਵਾੜੇ ਜਾ ਕੇ ਹੀ ਭਗਤੀ ਕਰਨ ਲੱਗ ਪਏ। ਸਾਰੇ ਸ਼ਰਧਾਲੂ ਹੀ ਪਿਛਵਾੜੇ ਵੱਲ ਚਲੇ ਗਏ: * ਹਸਤ ਖੇਲਤ ਤੇਰੇ ਦੇਹੁਰੇ ਆਇਆ॥ 4. ਮੂਰਤੀ ਪੂਜਾ ਦਾ ਵਿਰੋਧ:- ਭਗਤ ਨਾਮਦੇਵ ਜੀ ਕਿਸੇ ਵੀ ਤਰਾਂ ਦੀ ਮੂਰਤੀ ਪੂਜਾ ਦੇ ਪੂਰਨ ਵਿਰੋਧ ਵਿੱਚ ਸਨ, ਭਾਵੇ ਉਹਨਾਂ ਨਾਲ ਜੋੜੀਆਂ ਜਾਂਦੀਆਂ ਸਾਖੀਆਂ ਵਿਚ ਉਹਨਾਂ ਨੂੰ ਮੂਰਤੀ ਨੂੰ ਦੁੱਧ ਪਿਲਾਉਂਦੇ ਵੀ ਦਿਖਾਇਆ ਗਿਆ ਹੈ। ਪਰ ਉਹਨਾਂ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਤਾਂ ਜਿਸ ਤਰਕਸ਼ੀਲਤਾ ਨਾਲ ਉਹ ਮੂਰਤੀ ਪੂਜਾ ਨੂੰ ਰੱਦ ਕਰਦੇ ਹਨ, ਉਸ ਤੇ ਮਨ ਵਿਸਮਾਦ ਵਿਚ ਆ ਜਾਂਦਾ ਹੈ: ਏਕੈ ਪਾਥਰ ਕੀਜੈ ਭਾਉ॥ 5. ਕਰਮ ਕਾਂਡ ਦਾ ਵਿਰੋਧ :- ਉਸ ਸਮੇ ਜੋ ਕਰਮ ਕਾਂਡ ਪ੍ਰਚਲਿਤ ਸਨ, ਭਗਤ ਨਾਮਦੇਵ ਜੀ ਉਹਨਾਂ ਸਾਰਿਆ ਨੂੰ ਮੁਢੋਂ ਹੀ ਰੱਦ ਕਰਦੇ ਹਨ ਅਤੇ ਆਖਦੇ ਹਨ ਕਿ ਪ੍ਰਭੂ ਦੇ ਨਾਮ ਦੇ ਬਰਾਬਰ ਕੋਈ ਵੀ ਨਹੀਂ । ਸਭ ਫਜੂਲ ਹਨ: ਬਾਨਾਰਸੀ ਤਪੁ ਕਰੈ ਉਲਟਿ ਤੀਰਥੁ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ॥ 6. ਬਹੁਦੇਵਵਾਦ ਦਾ ਵਿਰੋਧ:- ਪਹਿਲਾਂ ਜਿਕਰ ਕੀਤੇ ਅਨੁਸਾਰ ਅਸੀਂ ਦੇਖਿਆ ਹੈ ਕਿ ਭਗਤ ਜੀ ਨਿਰਗੁਣ ਪ੍ਰਭੂ ਵਿਚ ਵਿਸ਼ਵਾਸ਼ ਰੱਖਦੇ ਸਨ। ਉਹਨਾਂ ਦਾ ਕਹਿਣਾ ਹੈ ਕਿ ਜਿਸ ਦੇਵੀ ਦੇਵਤੇ ਦੀ ਤੁਸੀਂ ਪੂਜਾ ਕਰੋਗੇ, ਉਸੇ ਵਰਗੇ ਹੀ ਹੋ ਜਾਵੋਗੇ: ਭੈਰਉ ਭੂਤ ਸੀਤਲਾ ਧਾਵੈ॥ 7. ਸ਼ੁੱਧ ਆਚਰਣ ਰੱਖ ਕੇ ਵਿਕਾਰ ਦੂਰ ਕਰਨ ਤੇ ਜੋਰ:- ਭਗਤ ਨਾਮਦੇਵ ਜੀ ਦਾ ਵਿਚਾਰ ਹੈ ਕਿ ਇਨਸਾਨ ਨੂੰ ਆਪਣੇ ਹਿਰਦੇ ਦੀ ਪਵਿੱਤਰਤਾ ਬਣਾਈ ਰੱਖਣੀ ਚਾਹੀਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵਿਕਾਰਾਂ ਨੂੰ ਦੂਰ ਕਰਕੇ ਇੱਕ ਸਚੇ ਸੁੱਚੇ ਕਿਰਦਾਰ ਵਾਲੀ ਜ਼ਿੰਦਗੀ ਜਿਉਣੀ ਚਾਹੀਦੀ ਏ: ਘਰਿ ਕੀ ਨਾਰਿ ਤਿਆਗੈ ਅੰਧਾ। ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ॥ ਇਸੇ ਤਰਾਂ ਹੰਕਾਰ ਛੱਡਣ ਲਈ ਆਖਦੇ ਹਨ- ਹਮਰੋ ਕਰਤਾ ਰਾਮੁ ਸਨੇਹੀ॥ 8. ਗਿਆਨ ਦੀ ਪ੍ਰਧਾਨਤਾ:- ਭਾਵੇ ਪ੍ਰਭੂ ਲਈ ਵਿਸ਼ਵਾਸ਼ ਸ਼ਰਧਾ ਅਤੇ ਪ੍ਰੇਮ ਦੀ ਬਹੁਤ ਲੋੜ ਹੈ। ਪਰ ਭਗਤ ਜੀ ਅੰਨ੍ਹੀ ਸ਼ਰਧਾ ਦੇ ਹੱਕ ਵਿਚ ਨਹੀਂ ਹਨ। ਇਨਸਾਨ ਨੂੰ ਹਮੇਸ਼ਾ ਗਿਆਨ ਦੀ ਵਰਤੋਂ ਕਰਨੀ ਚਾਹੀਦੀ ਹੈ: ਗਿਆਨ ਅੰਜਨੁ ਮੋ ਕਉ ਗੁਰਿ ਦੀਨਾ॥ ਇਸ ਗਿਆਨ ਕਾਰਨ ਹੀ ਭਗਤ ਬਾਹਰਲੇ ਕਰਮ ਕਾਂਡਾਂ ਅਤੇ ਦਿਖਾਵਿਆਂ ਤੋਂ ਉੱਚਾ ਉੱਠ ਕੇ ਉਸ ਪ੍ਰਭੂ ਨੂੰ ਪਿਆਰ ਕਰ ਸਕਦਾ ਹੈ। ਭਗਤ ਨਾਮਦੇਵ ਜੀ ਨਾਲ ਜੁੜੀਆਂ ਕਰਾਮਾਤਾਂ:- ਮਨੁੱਖੀ ਮਨ ਦੀ ਫਿਤਰਤ ਰਹੀ ਹੈ ਕਿ ਉਹ ਗੁਰੂਆਂ ਪੀਰਾਂ ਫਕੀਰਾਂ ਨਾਲ ਕੁਝ ਕਰਾਮਾਤਾਂ ਜੋੜ ਹੀ ਦਿੰਦਾ ਹੈ। ਨਾਮਦੇਵ ਜੀ ਨਾਲ ਵੀ ਕਾਫੀ ਕਰਾਮਾਤਾਂ ਜੋੜ ਕੇ ਸੁਣਾਈਆਂ ਜਾਂਦੀਆਂ ਹਨ ਜਿਹਨਾਂ ਦਾ ਕਾਰਨ ਅਗਿਆਨਤਾ, ਜਿਆਦਾ ਸ਼ਰਧਾ ਅਤੇ ਵਿਰੋਧੀਆਂ ਦੀ ਸਾਜਿਸ਼ ਆਦਿ ਹੋ ਸਕਦਾ ਏ। ਕੁਝ ਕਰਾਮਾਤੀ ਸਾਖੀਆਂ ਬਾਰੇ ਗੱਲ ਕਰਦੇ ਹਾਂ- ੧. ਮੂਰਤੀ ਨੂੰ ਦੁੱਧ ਪਿਲਾਉਣਾ:– ਕਿਹਾ ਜਾਂਦਾ ਏ ਕਿ ਭਗਤ ਨਾਮਦੇਵ ਜੀ ਨੇ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਦੁੱਧ ਪਿਲਾਇਆ, ਜੋ ਕਿ ਭਗਵਾਨ ਨੇ ਪੀ ਲਿਆ। ਕਿਹਾ ਜਾਂਦਾ ਏ ਕਿ ਨਾਮਦੇਵ ਜੀ ਦੇ ਪਿਤਾ ਨੇ ਬਾਹਰ ਜਾਣ ਸਮੇਂ ਉਹਨਾਂ ਦੀ ਇਹ ਡਿਊਟੀ ਲਗਾਈ ਸੀ, ਜੋ ਨਾਮਦੇਵ ਨੇ ਸੱਚਮੁੱਚ ਪੂਰੀ ਕੀਤੀ। ਇਸ ਸਾਖੀ ਦਾ ਆਧਾਰ ਭਗਤ ਜੀ ਦਾ ਇੱਕ ਸ਼ਬਦ ਹੈ — ਦੂਧੁ ਪੀਉ ਗੋਬਿੰਦੇ ਰਾਇ॥ ਇਸੇ ਸ਼ਬਦ ਵਿੱਚ ਵਰਤੇ ਗਏ ਸ਼ਬਦ “ਘਰੁ ਕੋ ਬਾਪੁ” ਅਤੇ “ਸੋਇਨ ਕਟੋਰੀ” ਹੋਰ ਭੁਲੇਖਾ ਪਾਉਂਦੇ ਹਨ। ਜੇ ਸਿਰਫ ਸ਼ਾਬਦਕ ਅਰਥ ਲਈਏ, ਤਾਂ ਅਜਿਹਾ ਭੁਲੇਖਾ ਪੈਣਾ ਕੁਦਰਤੀ ਹੈ। ਪਰ ਜੇ ਕਵਿਤਾ ਦੀ ਉੱਚੀ ਖਿਆਲ ਉਡਾਰੀ, ਬਿੰਬ, ਅਲੰਕਾਰ ਆਦਿ ਸਮਝ ਕੇ ਉਸਦੇ ਭਾਵ ਅਰਥ ਸਮਝਣ ਲੱਗੀਏ, ਫਿਰ ਇਹ ਭੁਲੇਖਾ ਦੂਰ ਹੋ ਜਾਂਦਾ ਏ। “ਘਰ” ਦਾ ਅਰਥ ਹਿਰਦਾ ਹੈ ਅਤੇ ਉਸ ਦਾ ਬਾਪ ਜਾਂ ਮਾਲਕ ਅਕਾਲ-ਪੁਰਖ ਪਰਮਾਤਮਾ ਹੈ। ‘ਸੋਇਨ ਕਟੋਰੀ’ ਵੀ ਹਿਰਦੇ ਰੂਪੀ ਭਾਂਡੇ ਨੂੰ ਕਿਹਾ ਹੈ, ਵਰਨਾ ਨਾਮਦੇਵ ਜੀ ਵਰਗੇ ਕਿਰਤੀ ਕੋਲ ਸੋਨੇ ਦੀ ਕਟੋਰੀ ਕਿਵੇਂ ਆ ਗਈ?? ਗੁਰੂ ਨਾਨਕ ਦੇਵ ਜੀ ਦਾ ਪ੍ਰਭਾਤੀ ਰਾਗੁ ਵਿਚ ਇੱਕ ਸ਼ਬਦ ਹੈ– ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ॥ ਇਥੇ ਵੀ ਦੁੱਧ ਵਰਤਿਆ ਗਿਆ ਹੈ। ਪਰ ਇਥੇ ਦੁੱਧ ਕਰਮ ਨੂੰ ਕਿਹਾ ਗਿਆ ਹੈ। ਇਸ ਤਰਾਂ ਅਸੀਂ ਦੇਖਦੇ ਹਾਂ ਕਿ ਕਾਵਿ-ਅਲੰਕਾਰ ਹੀ ਨਾਮਦੇਵ ਜੀ ਨੇ ਵਰਤੇ ਹਨ। ਦੂਜਾ ਪੱਖ ਇਹ ਵੀ ਹੈ ਇਕ ਜਿਸ ਨਾਮਦੇਵ ਨੂੰ ਸ਼ੂਦਰ ਜਾਣ ਕੇ ਮੰਦਰ ਵਿਚ ਜਾਣ ਦੀ ਹੀ ਆਗਿਆ ਨਹੀਂ ਸੀ, ਮੰਦਰ ‘ਚੋ ਬਾਹਰ ਕੱਢ ਦਿੱਤਾ ਗਿਆ ਸੀ, ਉਹ ਅੰਦਰ ਜਾ ਕੇ ਮੂਰਤੀ ਨੂੰ ਦੁੱਧ ਕਿਵੇ ਪਿਲਾ ਸਕਦਾ ਏ ??? ੨. ਮੰਦਰ ਦਾ ਮੂੰਹ ਘੁਮਾਉਣਾ:- ਇਹ ਵੀ ਭਗਤ ਜੀ ਦੇ ਸ਼ਬਦ ਵਿਚੋਂ ਬਣੀ ਹੋਈ ਸਾਖੀ ਹੈ। ਕਿਹਾ ਜਾਂਦਾ ਏ ਕਿ ਭਗਤ ਨਾਮਦੇਵ ਜੀ ਜਦੋਂ ਮੰਦਰ ਪੁੱਜੇ, ਤਾਂ ਬ੍ਰਾਹਮਣਾਂ ਨੇ ਉਹਨਾਂ ਨੂੰ ਮੰਦਰ ਵਿਚ ਨਾ ਵੜਨ ਦਿੱਤਾ ਅਤੇ ਉਹ ਮੰਦਰ ਦੇ ਪਿਛਵਾੜੇ ਜਾ ਕੇ ਪ੍ਰਭੂ ਉਸਤਤਿ ਦੇ ਗੀਤ ਗਾਉਣ ਲੱਗੇ। ਉਹਨਾਂ ਦੇ ਇਹਨਾਂ ਸਿਫਤ ਸਲਾਹ ਦੇ ਗੀਤਾਂ ਨੂੰ ਸੁਣਨ ਸਾਰੇ ਲੋਕ ਹੀ ਮੰਦਰ ਦੇ ਪਿਛਵਾੜੇ ਹੀ ਪੁੱਜ ਗਏ ਅਤੇ ਇੱਕ ਤਰਾਂ ਨਾਲ ਉਹ ਹੀ ਮੰਦਰ ਬਣ ਗਿਆ। ਇਥੋਂ ਇਹ ਕਿਹਾ ਜਾਣ ਲੱਗਿਆ ਕਿ ਉਹਨਾਂ ਨੇ ਮੰਦਰ ਘੁਮਾ ਦਿੱਤਾ ਹੈ। ਭਗਤ ਜੀ ਦੀ ਇਸ ਪੰਕਤੀ ਤੋਂ ਇਹ ਸਾਖੀ ਪ੍ਰਚਲਿਤ ਹੋ ਗਈ ਲੱਗਦੀ ਏ– ਜਿਉ ਜਿਉ ਨਾਮਾ ਹਰਿ ਗੁਣ ਉਚਰੈ॥ 3. ਮੋਈ ਗਊ ਜੀਵਤ ਕਰਨੀ :- ਇੱਕ ਹੋਰ ਸਾਖੀ ਵਿਚ ਰਾਜੇ ਦੇ ਕਹਿਣ ਤੇ ਭਗਤ ਨਾਮਦੇਵ ਜੀ ਵਲੋਂ ਗਊ ਦਾ ਜਿੰਦਾ ਕਰਨ ਦਾ ਜ਼ਿਕਰ ਆਉਂਦਾ ਹੈ। ਸੰਬੰਧਿਤ ਸ਼ਬਦ ਦੇ ਡੂੰਘਾਈ ਵਿਚ ਭਾਵ ਅਰਥ ਸਮਝਣ ਨਾਲ ਇਹ ਭੁਲੇਖਾ ਵੀ ਦੂਰ ਹੋ ਜਾਏਗਾ ਕਿਉਂਕਿ ਪ੍ਰਭੂ ਭਗਤੀ ਵਿਚ ਰੱਤੇ ਹੋਏ ਭਗਤ ਜਨਾਂ ਨੂੰ ਕਰਾਮਾਤ ‘ਅਵਰਾ ਸਾਦਿ’ ਹੀ ਲੱਗਦਾ ਹੁੰਦਾ ਏ। ਦੁਨਿਆਵੀ ਸ਼ੋਹਰਤ ਉਹਨਾਂ ਲਈ ਕੋਈ ਅਰਥ ਨਹੀਂ ਰੱਖਦੀ ਹੁੰਦੀ ਅਤੇ ਪ੍ਰਭੂ ਭਾਣੇ ਵਿਚ ਉਹ ਬਿਘਨ ਨਹੀਂ ਪਾਉਣਾ ਚਾਹੁੰਦੇ ਹੁੰਦੇ। ਸ਼ਬਦ ਵਿੱਚ ਨਾਮਦੇਵ ਜੀ ਨੂੰ ਪਿਆਰ ਕਰਨ ਵਾਲੇ ਸਤਸੰਗੀਆਂ ਦੇ ਲੋਕ-ਰੋਹ ਕਾਰਨ ਬਾਦਸ਼ਾਹ ਵੱਲੋਂ ਨਾਮਦੇਵ ਜੀ ਤੇ ਜ਼ੁਲਮ ਕਰਨ ਦਾ ਫੈਸਲਾ ਵਾਪਸ ਲੈਣਾ ਅਤੇ ਉਸ ਵਲੋਂ ਭਗਤ ਜੀ ਨੂੰ ਸਨਮਾਨ ਦੇਣ ਦਾ ਅਲੰਕਾਰਕ ਜ਼ਿਕਰ ਹੈ। 4. ਪਰਮਾਤਮਾ ਵਲੋਂ ਛੰਨ ਬਣਾਉਣੀ :- ਭਗਤ ਨਾਮਦੇਵ ਜੀ ਦੀ ਛੱਪਰੀ ਜਾਂ ਛੰਨ ਨੂੰ ਪਰਮਾਤਮਾ ਵੱਲੋਂ ਬਣਾਏ ਜਾਣ ਦੀ ਕਰਾਮਾਤ ਦਾ ਜਿਕਰ ਵੀ ਕਾਫੀ ਆਉਂਦਾ ਹੈ। ਇਹ ਵੀ ਭਗਤ ਜੀ ਦੇ ਇੱਕ ਸ਼ਬਦ ਤੋਂ ਹੀ ਘੜੀ ਗਈ ਲੱਗਦੀ ਹੈ। ਸ਼ਬਦ ਹੈ — ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨ ਛਵਾਈ ਹੋ॥ ਭਗਤ ਜੀ ਦੀ ਛੰਨ ਉਹਨਾਂ ਨੂੰ ਪਿਆਰ ਕਰਨ ਵਾਲੇ ਸਤਸੰਗੀਆਂ ਨੇ ਹੀ ਬਣਾਈ ਸੀ। ਤਦ ਹੀ ਤਾਂ ਉਹ ਕਹਿੰਦੇ ਹਨ–ਬੇਢੀ ਪ੍ਰੀਤਿ ਮਜੂਰੀ ਮਾਗੈ। ਇਹ ਸਭ ਪਿਆਰ ਦੀਆਂ ਖੇਡਾਂ ਹਨ। ਇਸ ਤਰਾਂ ਦੀਆਂ ਕੁਝ ਹੋਰ ਕਰਾਮਾਤਾਂ ਵੀ ਜੁੜੀਆਂ ਹੋ ਸਕਦੀਆਂ ਹਨ, ਪਰ ਇਹ ਗੱਲ ਪੱਕੀ ਹੈ ਕਿ ਭਗਤ ਜੀ ਕਿਸੇ ਕਰਾਮਾਤ ਦਿਖਾਉਣ ਵਿਚ ਕੋਈ ਵਿਸ਼ਵਾਸ਼ ਨਹੀਂ ਸੀ ਕਰਦੇ। ਉਹਨਾਂ ਦੇ ਸ਼ਬਦਾਂ ਦੇ ਡੂੰਘੇ ਭਾਵ ਅਰਥ ਸਮਝ ਤਾਂ ਹੀ ਆ ਸਕਦੇ ਹਨ ਜੇ ਸੰਪੂਰਨ ਗੁਰਬਾਣੀ ਦਾ ਚੰਗੀ ਤਰਾਂ ਅਧਿਐਨ ਕੀਤਾ ਜਾਵੇ। ਅਸੀਂ ਦੇਖਦੇ ਹਾਂ ਕਿ ਗੁਰਬਾਣੀ ਵਿੱਚ ਹੋਰ ਵੀ ਅਨੇਕ ਥਾਵਾਂ ਤੇ ਗੁਰੂ ਸਾਹਿਬ ਜੀ ਨੇ ਅਤੇ ਭਗਤਾਂ ਨੇ ਕਾਵਿਮਈ ਅਲੰਕਾਰ, ਬਿੰਬ ਅਤੇ ਰੂਪਕ ਆਦਿ ਦੀ ਵਰਤੋਂ ਕੀਤੀ ਹੈ। ਸਾਨੂੰ ਗੁਰਬਾਣੀ ਦੇ ਵਿਗਿਆਨਕ ਅਧਿਐਨ ਦੀ ਲੋੜ ਹੈ। ਗੁਰੂ ਸਾਹਿਬਾਨ ਅਤੇ ਹੋਰ ਭਗਤਾਂ ਵੱਲੋਂ ਨਾਮਦੇਵ ਜੀ ਦਾ ਜ਼ਿਕਰ :- ਗੁਰੂ ਗ੍ਰੰਥ ਸਾਹਿਬ ਵਿਚ ਹੀ ਹੋਰ ਬਾਣੀਕਾਰਾਂ ਨੇ ਭਗਤ ਨਾਮਦੇਵ ਜੀ ਦਾ ਜ਼ਿਕਰ ਹੋਰ ਭਗਤਾਂ ਦੇ ਨਾਲ ਬਹੁਤ ਸਤਿਕਾਰ ਨਾਲ ਕੀਤਾ ਹੈ। ਉਹਨਾਂ ਨੂੰ ਪ੍ਰਭੂ ਦੇ ਰੰਗ ਵਿਚ ਰੱਤਿਆ ਦੱਸਿਆ ਹੈ ਅਤੇ ਸਮਦ੍ਰਿਸ਼ਟੀ ਰੱਖਣ ਵਾਲੇ ਆਖਿਆ ਹੈ। ਕੁਝ ਉਦਾਹਰਣਾਂ ਦੇਖਣੀਆਂ ਬਣਦੀਆਂ ਹਨ– ਨਾਮਾ ਛੀਂਬਾ ਕਬੀਰੁ ਜੋਲਾਹਾ ਪੂਰੇ ਗੁਰ ਤੇ ਗਤਿ ਪਾਈ॥…..(ਪੰਨਾ ੬੭, ਸਿਰੀ ਰਾਗੁ ਮਹਲਾ ੩) ਅੰਤ ਸਮਾਂ ਅਤੇ ਦਿਹਾਂਤ :- ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦੇ ਆਖਰੀ 18 ਸਾਲ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿਖੇ ਗੁਜ਼ਾਰੇ ਅਤੇ ਇੱਥੇ ਹੀ 3 ਜੁਲਾਈ 1350 ਈਸਵੀ ਨੂੰ 80 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਘੁਮਾਣ ਵਿਖੇ ਗੁਰਦੁਆਰਾ ਤਪਿਆਣਾ ਸਾਹਿਬ ਉਹਨਾਂ ਦੀ ਯਾਦ ਵਿਚ ਬਣਿਆ ਹੈ ਜਿਸ ਨੂੰ ਜੱਸਾ ਸਿੰਘ ਰਾਮਗੜ੍ਹੀਆ ਨੇ ਬਣਵਾਇਆ ਸੀ। ਹਰ ਸਾਲ 2 ਮਾਘ ਨੂੰ ਇੱਥੇ ਭਾਰੀ ਮੇਲਾ ਵੀ ਲੱਗਦਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796