12 June 2024

ਦੋ ਲੇਖ: ਗੁਰੂ ਨਾਨਕ ਚਿੰਤਨ ਦੇ ਇਨਕਲਾਬੀ ਪਹਿਲੂ/ਅਤੇ ਨਾਨਕ ਨਿਰਮਲ ਪੰਥ ਚਲਾਇਆ—ਜਸਵਿੰਦਰ ਸਿੰਘ ‘ਰੁਪਾਲ’

8 ਨਵੰਬਰ 2022 ਨੂੰ ਗੁਰਪੁਰਬ ਲਈ ਵਿਸ਼ੇਸ਼:

੧. ਗੁਰੂ ਨਾਨਕ ਚਿੰਤਨ ਦੇ ਇਨਕਲਾਬੀ ਪਹਿਲੂ—ਜਸਵਿੰਦਰ ਸਿੰਘ ‘ਰੁਪਾਲ’

ਮਨੁੱਖਤਾ ਦੇ ਇਤਿਹਾਸ ਵਿੱਚ ਸਦੀਆਂ ਪਿਛੋਂ ਕੋਈ ਅਜਹਿਾ ਰਹਿਬਰ ਪੈਦਾ ਹੁੰਦਾ ਹੈ, ਜਿਸ ਦੇ ਵਿਚਾਰ ਖੜ੍ਹੇ ਪਾਣੀਆਂ ਵਿੱਚ ਹਲਚਲ ਮਚਾ ਦਿਂਦੇ ਹਨ ਅਤੇ ਦੁਨੀਆਂ ਨੂੰ ਸੋਚਣ ਦਾ, ਜੀਊਣ ਦਾ ਇੱਕ ਨਵਾਂ ਮਾਰਗ ਮਿਲਦਾ ਹੈ, ਜਿਸ ਤੇ ਚਲ ਕੇ ਇੱਕ ਕਰਾਂਤੀ ਪੈਦਾ ਹੁੰਦੀ ਹੈ ਅਤੇ ਵਿਅਕਤੀ ਅਤੇ ਸਮਾਜ ਵਿੱਚ ਨਵੀਆਂ ਕਦਰਾਂ ਕੀਮਤਾਂ ਪੈਦਾ ਹੁੰਦੀਆਂ ਹਨ। ਗੁਰੂ ਨਾਨਕ ਜੀ ਦੇ ਆਗਮਨ ਨਾਲ ਵੀ ਸਦੀਆਂ ਤੋਂ ਭਰਮਾਂ ਅਗਿਆਨਤਾ ਵਿੱਚ ਫਸੀ ਹੋਈ ਲੋਕਾਈ ਨੂੰ ਜਿੱਥੇ ਇੱਕ ਨਵਾਂ ਜੀਵਨ ਮਿਲਿਆ, ਉਥੇ ਲੰਮੇ ਅਰਸੇ ਤੋਂ ਜਨਤਾ ਦੀ ਲੁੱਟ ਕਰਨ ਵਾਲੇ ਸਮਾਜਿਕ, ਰਾਜਨੀਤਿਕ, ਧਾਰਮਿਕ ਆਗੂਆਂ ਦਾ ਨਜਰੀਆ ਵੀ ਬਦਲਿਆ।

ਗੁਰੂ ਨਾਨਕ ਨੂੰ ਅਸੀਂ ਇੱਕ ਵਿਅਕਤੀ ਵਜੋਂ ਨਹੀਂ ਸਗੋਂ ਇੱਕ ਵਿਚਾਰਧਾਰਾ ਵਜੋਂ ਦੇਖਾਂਗੇ ਅਤੇ ਸਮਝਣ ਦਾ ਯਤਨ ਕਰਾਂਗੇ। ਕਿਸੇ ਵੀ ਵਿਅਕਤੀ ਦੀ ਵਿਚਾਰਧਾਰਾ ਨੂੰ ਉਸਦੇ ਜੀਵਨ ਵਿੱਚੋਂ ਦੇਖਿਆਂ ਹੀ ਅਸਲ ਵਿੱਚ ਉਸਦੇ ਨੇੜੇ ਹੋ ਸਕੀਦਾ ਹੈ। ਇਸ ਤਰਾਂ ਇੱਕ ਤਾਂ ਗੁਰੂ ਨਾਨਕ ਚਿੰਤਨ ਨੂੰ ਅਸੀਂ ਉਨ੍ਹਾਂ ਦੇ ਉਸ ਜੀਵਨ ਵਿੱਚੋਂ ਅਧਿਐਨ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਉਨ੍ਹਾਂ ਇਸ ਧਰਤੀ ਤੇ ਜੀਵਿਆ। ਦੂਸਰੀ ਗੱਲ ਗੁਰੂ ਨਾਨਕ ਜੀ ਇੱਕ ਮਹਾਨ ਸਾਹਿਤਕਾਰ ਸਨ ਅਤੇ ਇੱਕ ਲੇਖਕ ਨੂੰ ਅਤੇ ਉਸਦੀ ਦ੍ਰਿਸ਼ਟੀ ਨੂੰ ਉਸ ਦੀ ਲਿਖਤ ਵਿੱਚੋਂ ਬਹੁਤ ਪਾਰਦਰਸ਼ੀ ਢੰਗ ਨਾਲ ਦੇਖਿਆ ਜਾ ਸਕਦਾ ਹੈ ਕਿਉਂਕਿ ਇੱਕ ਰਚਨਾ ਆਪਣੇ ਕਰਤੇ ਦਾ ਪ੍ਰਤੀਬਿੰਬ ਹੀ ਹੁੰਦੀ ਹੈ। ਉਂਜ ਇਹ ਦੋਵੇਂ ਵਰਤਾਰੇ ਸਮਾਨਾਂਤਰ ਹੀ ਚੱਲਦੇ ਹਨ, ਕਿਉਕਿ ਬਾਣੀ ਵੱਖ ਵੱਖ ਘਟਨਾਵਾਂ ਅਤੇ ਸਥਾਨਾਂ ਤੇ ਉਸ ਸਮੇਂ ਦੇ ਹਾਲਾਤਾਂ ਦੇ ਮੱਦੇ-ਨਜਰ ਹੀ ਉਚਾਰੀ ਗਈ ਸੀ।

ਇਨਕਲਾਬ ਜਾਂ ਕਰਾਂਤੀ ਦੇ ਅਰਥ ਵਿਦਰੋਹ ਜਾਂ ਬਗਾਵਤ ਹਨ। ਆਪਣੇ ਸਮੇਂ ਦੀਆਂ ਪ੍ਰਚਲਿਤ ਕਦਰਾਂ ਕੀਮਤਾਂ, ਰਸਮਾਂ, ਵਿਸ਼ਵਾਸ਼ਾਂ, ਮਨੌਤਾਂ, ਮਿੱਥਾਂ, ਹੁਕਮਾਂ, ਨੂੰ ਵੰਗਾਰਨਾ। ਸਿਰਫ ਉਨ੍ਹਾਂ ਨੂੰ ਗਲਤ ਹੀ ਨਹੀਂ ਕਹਿਣਾ ਸਗੋਂ ੳਨ੍ਹਾਂ ਦੇ ੳਲਟ ਚੱਲਣਾ। ਪਰਿਵਾਰ, ਸਮਾਜ, ਕਾਨੂੰਨ, ਰਾਜ ਦੀ ਪਰਵਾਹ ਨਾ ਕਰਨੀ ਅਤੇ ਦ੍ਰਿੜਤਾ ਨਾਲ ਸਥਾਪਿਤ ਹੋ ਚੁੱਕੀਆਂ ਕੀਮਤਾਂ ਦੇ ੳਲਟ ਅਪਣੀ ਸੱਚ ਦੀ ਆਵਾਜ ਬੁਲੰਦ ਰੱਖਣੀ ਅਤੇ ਲੋਕਾਈ ਨੂੰ ਉਸ ਆਵਾਜ ਦੇ ਮਗਰ ਮਗਰ ਤੁਰਨ ਲਈ ਮਜਬੂਰ ਕਰ ਦੇਣਾ ਇੱਕ ਇਨਕਲਾਬੀ ਜਾਂ ਕਰਾਂਤੀਕਾਰੀ ਦਾ ਮੁਢਲਾ ਕਰਤੱਵ ਹੁੰਦਾ ਹੈ। ਅਸੀਂ ਇਨ੍ਹਾਂ ਮਾਪਦੰਡਾਂ ਦੇ ਆਧਾਰ ਤੇ ਗੁਰੂ ਨਾਨਕ ਚਿੰਤਨ ਨੂੰ ਸਮਝਣ ਦਾ ਯਤਨ ਕਰਦੇ ਹਾਂ। 

ਗੁਰੂ ਸਾਹਿਬ ਦੇ ਬਚਪਨ ਵਿੱਚ ਦੀ ਸਭ ਤੋਂ ਪਹਿਲੀ ਘਟਨਾ ਉਨਾਂ ਦੀ ਸਿੱਖਿਆ ਗ੍ਰਹਿਣ ਕਰਨ ਦੀ ਹੈ, ਜਿਸ ਵਿੱਚ ਉਹ ‘ਇੱਕ’ (ਅਕਾਲਪੁਰਖ) ਤੋਂ ਬਿਨਾਂ ਹੋਰ ਕੁੱਝ ਵੀ ਸਿੱਖਣ ਤੋਂ ਇਨਕਾਰ ਕਰਦੇ ਹੋਏ ਆਪਣਾ ਸਿਧਾਂਤ “ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ” (ਆਸਾ ਮਹਲਾ ੧, ਪੰਨਾ 350) ਦ੍ਰਿੜ ਕਰਵਾਉਦੇ ਨਜਰ ਆਉਦੇ ਹਨ। ਕਿਸ਼ੋਰ ਅਵਸਥਾ ਦੀ ਉਮਰ ਵਿੱਚ ਗੁਰੂ ਸਾਹਿਬ ਪ੍ਰਭੂ-ਪ੍ਰੇਮ ਅਤੇ ਬੈਰਾਗ ਵਿੱਚ ਰੱਤੇ ਹੋਏ ਦਿਖਾਈ ਦਿੰਦੇ ਹਨ। ਕਿਤੇ ਸ਼ਮਸ਼ਾਨ-ਘਾਟ ਜਾ ਬੈਠਦੇ ਹਨ, ਕਿਤੇ ਸਾਧੂਆਂ ਫਕੀਰਾਂ ਦਾ ਸੰਗ ਕਰਦੇ ਨੇ। ਪ੍ਰਭੂ-ਪ੍ਰੇਮ ਦੀ ਸਿੱਕ ਅਤੇ ਤੜਪ ਦਿਨੋ-ਦਿਨ ਵਧ ਰਹੀ ਏ।

ਪਿਤਾ ਨੇ ਧਾਰਮਿਕ ਰਸਮ ਜਨੇਊ ਧਾਰਨ ਲਈ ਸਮਾਜਿਕ ਇਕੱਠ ਕੀਤਾ ਹੋਇਆ ਹੈ, ਪਾਂਧਾ ਜਨੇਊ ਪਵਾਉਣ ਲਈ ਆਖਦਾ ਹੈ, ਤਾਂ ਵਿਦਰੋਹੀ ਬਿਰਤੀ ਇਨਕਾਰ ਕਰਦੀ ਹੈ ਅਤੇ ਜਨੇਊ ਦੀ ਅਲੰਕਾਰਿਕ ਵਿਆਖਿਆ ਕਰਕੇ ਸਭ ਵੱਡੇ ਛੋਟੇ ਨੂੰ, ਧਾਰਮਿਕ ਪਤਵੰਤਿਆਂ ਨੂੰ ਹੈਰਾਨੀ ਵਿੱਚ ਪਾ ਦਿੰਦੀ ਹੈ। ਜਨੇਊ ਦੀ ਪਰਿਭਾਸ਼ਾ ਦਿਂਦੇ ਆਖਦੇ ਹਨ:

• “ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ। ॥
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ।।
ਧੰਨ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।। “
(ਆਸਾ ਮਹਲਾ ੧, ਪੰਨਾ ੪੭੧)

ਉਸ ਸਮੇ ਪਰਿਵਾਰ ਦੇ ਸਾਹਮਣੇ ਰਿਸ਼ਤੇਦਾਰਾਂ ਦੇ ਸਾਹਮਣੇ, ਪਿੰਡ ਦੇ ਸਮਾਜਿਕ ਅਤੇ ਧਾਰਮਿਕ ਮਾਣ ਪ੍ਰਤਿਸ਼ਠਾ ਰੱਖਣ ਵਾਲੇ ਵਿਅਕਤੀਆਂ ਦੇ ਸਾਹਮਣੇ ਸਦੀਆਂ ਤੋਂ ਚੱਲਦੀ ਆ ਰਹੀ ਰਸਮ ਦੀ ਆਲੋਚਨਾ ਕਰਨੀ ਅਤੇ ਸਾਫ ਸ਼ਬਦਾਂ ਵਿੱਚ ਇਨਕਾਰ ਕਰਨਾ ਕੋਈ ਛੋਟੀ ਗੱਲ ਨਹੀ, ਇਹ ਬਹੁਤ ਵੱਡੀ ਸੂਰਮਤਾਈ ਦੀ ਗੱਲ ਹੈ। ਵਿਵੇਕ –ਬੁੱਧੀ ਆਪਣੀਆਂ ਦਲੀਲਾਂ ਨਾਲ ਪਰੰਪਰਾਵਾਦੀ ਸੋਚ ਨੂੰ ਕਾਇਲ ਕਰਦੀ ਹੈ।

ਦੁਨੀਆਂਦਾਰੀ ਵਿੱਚ ਕੋਈ ਰੁਚੀ ਨਾ ਨਜਰ ਆਉਂਦੀ ਦੇਖ ਪਿਤਾ ਕਾਲੂ ਜੀ ਵਪਾਰਕ ਬਿਰਤੀ ਨਾਲ ਵਪਾਰ ਕਰਨ ਨੂੰ ਅਖਦੇ ਹਨ, ਪਰ ਨਾਨਕ ਨੂੰ ਉਹ 20 ਰੁਪਏ ਭੁੱਖੇ ਸਾਧੂਆਂ ਨੂੰ ਛਕਾਉਣਾ ਹੀ ਸੱਚਾ ਸੌਦਾ ਲੱਗਦਾ ਹੈ। ਉਹ ਇਹ ਸੌਦਾ ਕਰਕੇ ਖੁਸ਼ ਹਨ, ਪਿਤਾ ਦੀ ਚਪੇੜ ਉਸ ਵੱਡੇ ਸੌਦੇ ਦੇ ਲਾਭ ਅੱਗੇ ਕੁੱਝ ਵੀ ਨਹੀਂ। ਸੱਚ ਦੇ ਇਸ ਸੋਦੇ ਦੀ ਪ੍ਰੇਰਨਾ ਉਹ ਆਪਣੀ ਬਾਣੀ ਵਿੱਚ ਵੀ ਦਿੰਦੇ ਹਨ-

• “ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ।।
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ।।
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ”।।
(ਸੋਰਠਿ ਮਹਲਾ ੧ ਘਰ ੧, ਪੰਨਾ ੫ ੯ ੫)

ਵੇਈਂ ਦੇ ਪ੍ਰਤੀਕਾਤਮਕ-ਇਸਨਾਨ ਕਰਦੇ ਹੋਏ ਉਹ ਇਸ ਸੰਜੋਗ ਤੋਂ “ਬਖਸ਼-ਦਰ” ਪ੍ਰਾਪਤ ਕਰਦੇ ਹਨ ਅਤੇ ਉਸ ਇੱਕ ਵਿੱਚ ਇੱਕ-ਮਿੱਕ ਹੋ ਕੇ ਇੱਕ ਨੂੰ ਸਭ ਵਿੱਚੋਂ ਦੇਖਦੇ ਹਨ। ਇਥੇ ਹੀ ਇਨਕਲਾਬੀ ਬੋਲ “ਨਾ ਕੋ ਹਿੰਦੂ ਨਾ ਮੁਸਲਮਾਨ” ਦੀ ਆਵਾਜ ਬੁਲੰਦ ਕਰਦੇ ਹਨ। ਜਗਤ ਜਲੰਦਾ ਮਹਿਸੂਸ ਕਰਦੇ ਹਨ ਅਤੇ ਲੋਕਾਈ ਨੂੰ ਸੋਧਣ ਲਈ ਉਦਾਸੀਆਂ ਆਰੰਭ ਕਰਦੇ ਹਨ। ….

ਗੁਰੂ ਨਾਨਕ ਦੇ ਧੁਰ ਅੰਦਰ ਉਸ ਸੱਚ ਦਾ ਵਾਸ ਇਂਨਾ ਡੂੰਘਾ ਸੀ ਕਿ ਉਹ ਹਰ ਛੋਟੀ ਤੋਂ ਛੋਟੀ ਘਟਨਾ ਵਿੱਚ ਵੀ ਉਸ ਇੱਕ ਦੀ ਗੱਲ ਕਰਦੇ ਹਨ। ਹਰਿਦੁਆਰ ਵਿੱਚ ਸੂਰਜ ਨੂੰ ਪਾਣੀ ਦੇਣ ਦੀ ਰਸਮ ਦੇਖ ਕੇ ਉਨ੍ਹਾਂ ਨੂਂ ਨਾਟਕੀ ਢੰਗ ਨਾਲ ਸਮਝਾਉਂਦੇ ਹਨ। ਕਰਤਾਰਪੁਰ ਦੇ ਖੇਤਾਂ ਨੂੰ ਪਾਣੀ ਦੇਣਾ, ਜਿੱਥੇ ਕਿਰਤ ਦੀ ਵਡਿਆਈ ਹੈ, ੳਥੇ ਅਵਿਗਿਆਨਕ ਵਿਸ਼ਵਾਸ਼ ਨੂੰ ਤਾਰਕਿਕ ਸੱਚਾਈ ਨਾਲ ਕੱਟਣ ਦੀ ਨਿਰਭੈਤਾ ਵੀ ਹੈ। ਗਿਆਨ ਦਾ ਹਥਿਆਰ ਕੋਲ ਹੋਣ ਕਰਕੇ ਹੀ ਸਥਾਪਤ ਹੋਏ ਧਾਰਿਮਕ ਪੁਜਾਰੀਆਂ ਦਾ ਖੰਡਨ ਕਰਨ ਦੀ ਜੁਅਰਤ ਆਉਂਦੀ ਹੈ।
ਜਗਨਨਾਥ ਪੁਰੀ ਵਿੱਚ ਹੋ ਰਹੀ ਆਰਤੀ ਵਿੱਚ ਸ਼ਾਮਲ ਨਾ ਹੋਣਾ ਅਤੇ ਪ੍ਰਭੂ ਦੀ ਵਿਆਪਕ ਆਰਤੀ ਦੀ ਵਿਆਖਿਆ ਕਰਨੀ ਕਿਸੇ ਸੂਰਮੇ ਦਾ ਹੀ ਕੰਮ ਹੋ ਸਕਦਾ ਏ।

• “ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ,
ਤਾਰਿਕਾ ਮੰਡਲ ਜਨਕ ਮੋਤੀ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ”।।
(ਰਾਗੁ ਧਨਾਸਰੀ ਮਹਲਾ ੧, ਪੰਨਾ ੧ ੩)

ਦੁਨੀਆਂ ਵਿੱਚ ਸਦਾ ਤੋਂ ਹੀ ਅਮੀਰ, ਸਰਕਾਰੇ ਦਰਬਾਰੇ ਪਹੁੰਚ ਵਾਲੇ, ਸਰਮਾਏਦਾਰ, ਨਵਾਬ, ਉਚੇ ਅਹੁਦਿਆਂ ਵਾਲਿਆ ਦਾ ਸਤਿਕਾਰ ਕੀਤਾ ਜਾਂਦਾ ਰਿਹਾ ਹੈ ਅਤੇ ਗਰੀਬ, ਕਿਰਤੀ, ਕਥਿਤ ਛੋਟੀ ਜਾਤ ਦੇ ਮਨੁੱਖ ਤੋ ਦੂਰ ਰਹਿਣ ਦੀ ਬਿਰਤੀ ਪਾਈ ਗਈ ਹੈ। ਅਕਸਰ ਹੀ ਧਨਾਢ ਅਤੇ ਉਚ ਅਹੁਦਿਆਂ ਤੇ ਬੈਠੇ ਵਿਅਕਤੀਆਂ ਦੇ ਤਲੇ ਚੱਟੇ ਜਾਂਦੇ ਹਨ ਅਤੇ ਛੋਟੇ, ਕਿਰਤੀ ਅਤੇ ਦਲਿਤ ਲੋਕਾਂ ਨੂੰ ਲਿਤਾੜਿਆ ਅਤੇ ਤ੍ਰਿਸਕਾਰਿਆ ਜਾਂਦਾ ਰਿਹਾ ਏ। ਗੁਰੂ ਨਾਨਕ ਜੀ ਵੱਲ ਝਾਤੀ ਮਾਰੀਏ, ਤਾਂ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਆਪਣੀਆਂ ਲੰਮੀਆਂ ਯਾਤਰਾਵਾਂ ਦਾ ਸਾਥੀ ਇੱਕ ਸ਼ੂਦਰ ਕਹੀ ਜਾਂਦੀ ਜਾਤੀ, ਡੂਮ, ਵਿੱਚੋਂ ਭਾਈ ਮਰਦਾਨਾ ਜੀ ਨੂੰ ਬਣਾਇਆ। ਸਿਰਫ ਸਾਰਾ ਸਮਾਂ ਆਪਣੇ ਨਾਲ ਹੀ ਨਹੀਂ ਰੱਖਿਆ, ਸਗੋਂ ੳਸਦੀ ਰਬਾਬ ਦੀ ਧੁਨ ਤੇ ਆਪਣੀ ਬਾਣੀ ਨੂੰ ਗਾਵਿਆ ਅਤੇ ਉਸ ਨੂੰ ਮਾਣ ਦੇਣ ਲਈ ਉਸ ਦੇ ਨਾਮ ਤੇ ਸਲੋਕ ਆਪਣੀ ਬਾਣੀ ਵਿੱਚ ਦਰਜ ਕੀਤੇ।

• “ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰ।।
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ”।।
(ਸਲੋਕੁ ਮਰਦਾਨਾ ੧, ਪੰਨਾ ੫ ੫ ੩)

ਉਦਾਸੀਆਂ ਦੌਰਾਨ ਵੱਖ-ਵੱਖ ਥਾਵਾਂ, ਵੱਖ ਵੱਖ ਜਾਤੀਆਂ ਦੇ ਭਗਤਾਂ ਦੀ ਬਾਣੀ ਨੂੰ ਇਕੱਠਾ ਕੀਤਾ ਅਤੇ ਆਪਣੀ ਬਾਣੀ ਦੇ ਨਾਲ ਹੀ ਪੋਥੀ ਦੇ ਰੂਪ ਵਿੱਚ ਗੁਰੂ ਅੰਗਦ ਜੀ ਨੂੰ ਸੌਂਪਣਾ ਕੀਤੀ।
ਜਾਤ-ਪਾਤ ਦੇ ਵਿਤਕਰੇ ਵਿਰੁੱਧ ਸਿਰਫ “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ” (ਆਸਾ ਮਹਲਾ ੧, ਪੰਨਾ ੩੪੯) ਕਹਿ ਕੇ ਉਪਦੇਸ਼ ਹੀ ਨਹੀਂ ਦਿੱਤਾ ਸਗੋ ਕਥਿਤ ਨੀਵੀਆ ਜਾਤਾਂ ਵਾਲਿਆਂ ਨਾਲ ਖੜੇ ਹੋਣ ਦਾ ਆਪਣਾ ਸੰਕਲਪ ਪੂਰੇ ਜੋਰ ਨਾਲ ਦੁਹਰਾਇਆ—

• “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸ਼ੀਸ਼”॥
(ਸਿਰੀਰਾਗ ਮਹਲਾ ੧, ਪੰਨਾ ੧ ੫)

ਇਹੀ ਗੱਲ ਮਲਕ ਭਾਗੋ ਅਤੇ ਭਾਈ ਲਾਲੋ ਦੇ ਪ੍ਰਸੰਗ ਵਿੱਚੋਂ ਸਪਸ਼ਟ ਹੁੰਦੀ ਹੈ। ਧਨਾਢ, ਅਸਰ-ਰਸੂਖ ਵਾਲੇ ਮਲਕ ਭਾਗੋ ਦੇ ਭੋਜ ਨੂੰ ਠੁਕਰਾਉਣਾ ਅਤੇ ਕਿਰਤੀ ਭਾਈ ਲਾਲੋ ਦੀ ਕਿਰਤ ਨੂੰ ਵਡਿਆਉਣ ਦਾ ਜੇਰਾ ਸਿਰਫ ਨਿਰਭਉ ਵਿਅਕਤੀ ਹੀ ਕਰ ਸਕਦਾ ਹੈ ਅਤੇ ਭਾਗੋ ਨੂੰ ਉਸ ਦੇ ਮੂੰਹ ਤੇ ਆਖਣਾ ਕਿ ਤੇਰੀਆ ਪੂਰੀਆ ਵਿੱਚ ਗਰੀਬਾਂ ਦਾ ਖੂਨ ਹੈ, ਇਸ ਵਰਤਾਰੇ ਵਿੱਚ ਇਨਕਲਾਬ ਦੇ ਉਹ ਬੀਜ ਹਨ ਜੋ ਗੁਰੂ ਸਾਹਿਬ ਤੋਂ ਬਾਅਦ ਦੇ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਦੇ ਜੀਵਨ ਵਿੱਚ ਉੱਗਦੇ, ਫੁੱਲਦੇ ਅਤੇ ਫਲਦੇ ਵੀ ਦੇਖੇ ਜਾ ਸਕਦੇ ਹਨ।

• “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ”॥
(ਮ: ੧, ਪੰਨਾ ੧ ੪ ੧)

ਸੱਜਣ ਠੱਗ, ਜੋ ਕਿ ਸੱਜਣਤਾਈ ਛੱਡ ਕੇ ਲੋਕਾਂ ਦੀ ਲੁੱਟ-ਮਾਰ ਵਿੱਚ ਰੁੱਝਿਆ ਹੋਇਆ ਸਿ, ਨੂੰ ਬਾਣੀ ਦੇ ਅਣੀਆਲੇ ਤੀਰਾਂ ਨਾਲ ਅਜਿਹਾ ਵਾਰ ਕੀਤਾ ਕਿ ਉਹ ਲੁੱਟ ਮਾਰ ਛੱਡ ਕੇ ਪਰਉਪਕਾਰੀ ਜੀਵਨ ਜੀਊਣ ਲੱਗਿਆ।

• ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥
(ਸੂਹੀ ਮਹਲਾ ੧ ਘਰ ੬, ਪੰਨਾ ੭ ੨ ੯)

ਗੁਰੂ ਬਾਬੇ ਨੇ ਅਕਾਲ-ਪੁਰਖ ਬਾਰੇ, ਕੁਦਰਤ ਬਾਰੇ, ਪ੍ਰਭੂ ਪ੍ਰਾਪਤੀ ਲਈ ਸਭ ਤੋ ਸਹਿਜ ਮਾਰਗ ਪ੍ਰੇਮ ਬਾਰੇ, ਖਲਕਤ ਦੀ ਸੇਵਾ ਬਾਰੇ, ਨਾਮ ਬਾਰੇ, ਸ਼ਬਦ ਗੁਰੂ ਬਾਰੇ ਆਪਣੀ ਬਾਣੀ ਵਿੱਚ ਪੂਰੇ ਵਿਸਥਾਰ ਨਾਲ ਅਤੇ ਫੈਸਲਾਕੁਨ ਲਹਿਜੇ ਵਿੱਚ ਲਿਖਿਆ ਹੈ। ਧਾਰਮਿਕ ਪਾਖੰਡਾਂ, ਰਾਜਿਆਂ ਦੇ ਜੁਲਮ, ਜਨਤਾ ਦੀ ਲੁੱਟ, ਜਨਤਾ ਦਾ ਆਪਣੇ ਹੱਕਾਂ ਲਈ ਵੀ ਖਾਮੋਸ਼ ਹੋਣਾ, ਦੂਹਰੇ ਮਾਪਦੰਡਾਂ ਵਾਲੇ ਜੀਵਨ ਤੇ ਇੰਨੇ ਤਿੱਖੇ ਵਾਰ ਬਾਣੀ ਦੇ ਅਣੀਆਲੇ ਤੀਰਾਂ ਨਾਲ ਕੀਤੇ ਹਨ ਕਿ ਵੱਡੇ ਵੱਡੇ ਰਾਜੇ ਮਾਹਾਰਾਜਿਆਂ ਦੀ ਬੋਲਤੀ ਬੰਦ ਹੋ ਗਈ।
ਗੁਰੂ ਸਾਹਿਬ ਦੇ ਰਾਜਨੀਤਿਕ ਵਿਚਾਰ:-

ਜਦੋਂ ਗੁਰੂ ਨਾਨਕ ਸਾਹਿਬ ਸੈਦਪੁਰ ਵਿੱਚ ਟਿਕੇ ਹੋਏ ਸਨ, ੳਦੋਂ ਮੁਗਲ ਸ਼ਾਸ਼ਕ ਬਾਬਰ ਨੇ ਹਿੰਦੁਸਤਾਨ ਉਤੇ ਹਮਲਾ ਕੀਤਾ। ਉਸ ਵੇਲੇ ਦੀ ਜਨਤਾ ਪੰਡਿਤਾਂ ਦੇ ਪ੍ਰਭਾਵ ਹੇਠ ਅੰਧਵਿਸ਼ਵਾਸ਼ੀ ਬਣੀ ਹੋਈ ਸੀ। ਹਾਕਮਾਂ ਨੇ ਪੰਡਿਤਾਂ ਦੇ ਇਸ ਕਥਨ ਤੇ ਵਿਸ਼ਵਾਸ਼ ਕੀਤਾ ਕਿ ਉਹ ਮੰਤਰ ਪੜ੍ਹ ਕੇ ਬਾਬਰ ਦੀਆਂ ਫੌਜਾਂ ਨੂੰ ਅੰਂਿਨਆਂ ਕਰ ਦੇਣਗੇ। ਪੰਡਿਤ ਮੰਤਰ ਪੜ੍ਹਦੇ ਰਹੇ ਅਤੇ ਮੁਗਲ ਸੈਨਾ ਸੋਮਨਾਥ ਦੇ ਮੰਦਰ ਚੋ ਸੋਨਾ, ਹੀਰੇ ਜਵਾਹਰਾਤ ਲੁੱਟਦੀ ਰਹੀ।

ਬਾਬਰ ਦੀ ਸੈਨਾ ਨੇ ਜਨਤਾ ਤੇ ਖੂਬ ਜੁਲਮ ਕੀਤੇ, ਦਇਆ ਦੇ ਸਾਗਰ ਬਾਬੇ ਨਾਨਕ ਦੀ ਕਲਮ ਬੋਲ ਪਈ। ਬਾਬਰਬਾਣੀ ਦੇ ਸ਼ਬਦ ਬਾਬਰ ਦੇ ਇਸ ਹਮਲੇ ਦਾ ਬਾਖੂਬੀ ਬਿਆਨ ਕਰਦੇ ਹਨ ਜਿੱਥੇ ਬਾਬਾ ਜੀ ਇਤਰਾਜ ਕਰਦੇ ਨੇ ਕਿ ਬਜਾਇ ਸ਼ਸ਼ਤਰ-ਵਿਦਿਆ ਸਿੱਖਣ ਦੇ ਅਤੇ ਜਾਲਮਾਂ ਦਾ ਮੁਕਾਬਲਾ ਕਰਨ ਦੇ, ਤੁਸੀਂ ਮੰਤਰ ਪੜ੍ਹਦੇ ਰਹੇ:

• “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥”
(ਆਸਾ ਮਹਲਾ ੧, ਪੰਨਾ ੩ ੬ ੦)

• “ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨ ਪਰਚਾ ਲਾਇਆ”॥
(ਆਸਾ ਮਹਲਾ ੧, ਪੰਨਾ ੪ ੧ ੭)

{(ਇਹ ਗੱਲ ਅੱਜ ਦੇ ਸੰਤ ਬਾਬਿਆਂ ਅਤੇ ਸ਼ਰਧਾਲੂ ਸਿੱਖਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਜਿਹੜੇ ਬਾਣੀ ਨੂੰ ਸਿਰਫ ਮੰਤਰ-ਜਾਪ ਵਾਂਗ ਜਪਣ ਤੇ ਜੋਰ ਦਿੰਦੇ ਹਨ ਕਿ ਸਿਰਫ ਪੜ੍ਹਨ ਨਾਲ ਹੀ ਸੰਕਟ ਦੂਰ ਨਹੀਂ ਹੋਇਆ ਕਰਦੇ।}

ਬਾਬਰ ਦੀ ਸੈਨਾ ਨੂੰ ਮਜਦੂਰਾਂ ਦੀ ਲੋੜ ਸੀ ਜਿਸ ਕਾਰਨ ਉਸ ਨੇ ਸ਼ਹਿਰ ਵਿਚੋਂ ਬਹੁਤ ਸਾਰੇ ਲੋਕਾਂ ਤੋ ਮਜਦੂਰੀ ਕਰਵਾਈ। ਬਾਬਾ ਨਾਨਕ ਨੂੰ ਵੀ ਸੈਨਾ ਨੇ ਫੜ ਲਿਆ। ਬਾਬੇ ਨੇ ਨਿਰਭੈਤਾ ਦਾ ਸਬੂਤ ਦਿੰਦੇ ਰਾਜੇ ਨਾਲ ਗੱਲ ਕਰਦਿਆਂ “ਬਾਬਰ ਨੂੰ ਜਾਬਰ” ਅਖਿਆ। ਜੇਲ੍ਹ ਵਿੱਚ ਵੀ ਸੁੱਟਿਆ ਗਿਆ, ਜਿੱਥੇ ਬਾਬੇ ਦੀ ਬਾਣੀ ਨੇ ਸਭ ਕੈਦੀਆਂ ਅਤੇ ਜੇਲ੍ਹ ਅਧਿਕਾਰੀਆਂ ਦੇ ਦਿਲ ਜਿੱਤ ਲਏ। ਜਦੋਂ ਮਜਬੂਰਨ ਬਾਬਰ ਨੇ ਬਾਬੇ ਨਾਨਕ ਨੂੰ ਰਿਹਾ ਕੀਤਾ, ਤਾਂ ਬਾਬਾ ਜੀ ਨੇ ਜੇਲ੍ਹ ਵਿੱਚ ਬੰਦ ਸਭ ਕੈਦੀ ਛੁਡਵਾ ਦਿੱਤੇ।
ਜੁਲਮੀ, ਅਨਿਆਂਕਾਰੀ ਅਤੇ ਗਲਤ ਰਾਜ-ਪ੍ਰਬੰਧ ਨੂੰ ਬਾਬੇ ਦੀ ਬਾਣੀ ਵੰਗਾਰਦੀ ਐ-

• “ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
(ਮ ੧, ਪੰਨਾ ੧੨੮੮)

• ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ॥
ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ॥
ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ॥
ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ॥
(ਸਲੋਕ ਮਹਲਾ ੧, ਪੰਨਾ ੧੨੪੨)

• ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੈ ਬੀਚਾਰੁ॥
(ਮ ੧, ਪੰਨਾ ੪੬੮)

• ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
(ਸਲੋਕ ਮਹਲਾ ੧, ਪੰਨਾ ੧੪੫)

ਬਾਬਰ ਨੇ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਜਨਤਾ ਦਾ ਟੈਕਸ ਵੀ ਮੁਆਫ ਕੀਤਾ ਅਤੇ ਸੈਦਪੁਰ ਨੂੰ ਅਮਨ ਵਾਲੀ ਧਰਤ ਰਹਿਣ ਦੇਣ ਦਾ ਵਾਅਦਾ ਕੀਤਾ। ਸੈਦਪੁਰ ਦਾ ਨਾਂ ਬਦਲ ਕੇ ਐਮਨਾਬਾਦ (ਅਮਨ+ਆਬਾਦ) ਰੱਖਿਆ ਗਿਆ।
ਗੁਰੂ ਜੀ ਦੀ ਬਾਣੀ ਲੋਕਾਈ ਨੂੰ ਜੁਲਮ ਅਤੇ ਲੁੱਟ ਦੇ ਵਿਰੁਧ ਆਵਾਜ ਉਠਾਉਣ ਲਈ ਲਾਮਬੰਦ ਕਰਦੀ ਹੈ ਅਤੇ ਆਪਾ-ਪੜਚੋਲਣ ਦਾ ਸੰਦੇਸ਼ ਦਿੰਦੀ ਹੈ। ਨਾਨਕ-ਬਾਣੀ ਦਾ ਫੁਰਮਾਨ ਦੇਖੋ-

• ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
(ਮਹਲਾ ੧, ਸਲੋਕੁ ਪੰਨਾ ੧੪੨)

ਅਕਸਰ ਹੀ ਹਾਕਮ ਧਿਰ ਆਪਣੀ ਭਾਸ਼ਾ ਲਾਗੂ ਕਰਦੀ ਹੈ। ਉਸ ਸਮੇ ਦੇ ਲੋਕ ਡਰ ਕੇ ਆਪਣੀ ਭਾਸ਼ਾ ਛੱਡ ਕੇ ਮੁਗਲਾਂ ਦੀ ਬੋਲੀ ਬੋਲਣ ਲੱਗ ਪਏ ਸਨ। ਗੁਰੂ ਸਾਹਿਬ ਜੀ ਲਿਖਦੇ ਹਨ-

• “ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ॥
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥”
(ਬਸੰਤ ਮਹਲਾ ੧ ਘਰੁ, ਪੰਨਾ ੧੧੯੦)

• “ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇੱਕ ਵਰਨ ਹੋਈ ਧਰਮ ਕੀ ਗਤਿ ਰਹੀ”॥
(ਧਨਾਸਰੀ ਮਹਲਾ ੧ ਘਰ ੩ ਪੰਨਾ ੬੬੨)

ਉਨ੍ਹਾਂ ਨੇ ਖੁਦ ਦੇਵ-ਬਾਣੀ ਕਰਕੇ ਮੰਨੀ ਜਾਂਦੀ ਸੰਸਕ੍ਰਿਤ ਛੱਡ ਕੇ ਅਪਣੀ ਬਾਣੀ ਆਮ ਲੋਕਾਂ ਦੀ ਭਾਸ਼ਾ ਵਿੱਚ ਲਿਖੀ।

ਨਾਥਾਂ, ਜੋਗੀਆਂ, ਸਿੱਧਾਂ, ਪੰਡਿਤਾਂ, ਮੌਲਾਣਿਆਂ, ਕਾਜੀਆਂ ਆਦਿ ਨਾਲ ਗੁਰੂ ਸਾਹਿਬ ਜੀ ਦੀਆਂ ਗੋਸ਼ਟਾਂ, ਸੰਵਾਦ ਅਤੇ ਚਰਚਾ ਗੁਰੂ ਜੀ ਦੀ ਨਿਰਭਉ ਸ਼ਖਸ਼ੀਅਤ ਦੇ ਝਲਕਾਰੇ ਦੇ ਨਾਲ ਨਾਲ ਹੀ, ਉਨ੍ਹਾਂ ਦੀ ਆਪਣੇ ਸਿਧਾਂਤ ਤੇ ਮਜਬੂਤ ਪਕੜ ਵੀ ਪ੍ਰਗਟਾਉਂਦੀਆਂ ਹਨ।

• ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥
(ਧਨਾਸਰੀ ਮਹਲਾ ੧ ਪੰਨਾ ੬੬੨)

ਸਿੱਧਾਂ ਨਾਲ ਹੋਈ ਗੋਸ਼ਟਿ ਜੋ ਗੁਰੂ ਗਰੰਥ ਸਾਹਿਬ ਜੀ ਵਿੱਚ ਸਿਧ ਗੋਸ਼ਟਿ ਸਿਰਲੇਖ ਹੇਠ ਦਰਜ ਹੈ, ਉਸ ਵਿੱਚ ਸਿਧਾਂ ਦੇ ਸਵਾਲ ਅਤੇ ਗੁਰੂ ਜੀ ਦੇ ਜਵਾਬ ਦਲੇਰਾਨਾ ਅਤੇ ਦਲੀਲ ਭਰਪੂਰ ਸੰਵਾਦ ਦਾ ਮੁੱਢ ਬੰਨਦੇ ਹਨ। {ਅਜੋਕਾ ਸਿੱਖ ਅੱਜ ਇਸ ਸੰਵਾਦ ਨੂੰ ਭੁੱਲ ਕੇ ਲੜਨ-ਮਾਰਨ ਲਈ ਤਿਆਰ ਕਿਉਂ ਰਹਿੰਦਾ ਹੈ, ਕਿਉਕਿ ਉਸ ਕੋਲ ਬਾਦਲੀਲ ਗਿਆਨ ਦੀ ਘਾਟ ਹੈ}। ਉਹ ਧਰਮ, ਭਗਤੀ, ਤਪਸਿਆ ਗੁਰੂ ਨਾਨਕ ਨੂੰ ਮਨਜੂਰ ਨਹੀਂ ਜੋ ਜਨਤਾ ਜਾਂ ਸਮਾਜ ਦੇ ਕੰਮ ਨਹੀਂ ਆਉਂਦੀ। ਗੁਰੂ ਸਾਹਿਬ ਸਿੱਧਾਂ ਦੇ ਪਰਬਤਾਂ ਵਿੱਚ ਬੈਠ ਕੇ ਤਪਸਿਆ ਕਰਨ ਤੇ ਸਖਤ ਇਤਰਾਜ ਕਰਦੇ ਹਨ। ਭਾਈ ਗੁਰਦਾਸ ਜੀ ਅਪਣੀ ਵਾਰ ਵਿੱਚ ਲਿਖਦੇ ਹਨ ਕਿ ਸਿਧਾਂ ਨੇ ਬਾਬੇ ਨੂੰ ਜਦੋ ਮਾਤ ਲੋਕ ਦਾ ਹਾਲ ਪੁਛਿਆ ਤਾਂ ਬਾਬੇ ਨੇ ਜਵਾਬ ਵਿੱਚ ਕਿਹਾ-

• “ਬਾਬੇ ਅਖਿਆ ਨਾਥ ਜੀ ਸਚ ਚੰਦ੍ਰਮਾ ਕੂੜ ਅੰਧਾਰਾ।
ਪਾਪ ਗਿਰਾਸੀ ਪਿਰਥਮੀ ਧਉਲ ਖੜਾ ਧਰਿ ਹੇਠ ਪੁਕਾਰਾ।
ਸਿਧ ਛਪਿ ਬੈਠੇ ਪਰਬਤੀ, ਕਉਣੁ ਜਗਤ੍ਰਿ ਕਉ ਪਾਰਿ ਉਤਾਰਾ।
ਜੋਗੀ ਗਿਆਨ ਵਿਹੂਣਿਆ ਨਿਸਦਿਨ ਅੰਗਿ ਲਗਾਇਨਿ ਛਾਰਾ।”
(ਭਾਈ ਗੁਰਦਾਸ ਵਾਰ ੧ ਪਉੜੀ ੨੯)

ਤੇ ਜਦੋਂ ਸਿੱਧਾਂ ਨੇ ਕਰਾਮਾਤ ਬਾਰੇ ਸਵਾਲ ਕੀਤਾ ਅਤੇ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਬਾਬਾ ਜੀ ਦਾ ਜਵਾਬ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ –

• “ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ।
ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ”।
(ਭਾਈ ਗੁਰਦਾਸ, ਵਾਰ ੧, ਪਉੜੀ ੪੨)

ਇਨ੍ਹਾਂ ਦੋਵੇਂ ਤਾਕਤਾਂ ਤੇ ਵਿਚਾਰ ਕਰਨਾ ਬਣਦਾ ਹੈ। “ਸੰਗਤ” ਲੋਕ-ਸ਼ਕਤੀ ਦਾ ਪ੍ਰਤੀਕ ਹੈ, ਜਿਹੜੀ “ਗੁਰਬਾਣੀ” ਦੇ ਗਿਆਨ ਰਾਹੀਂ ਇਨਕਲਾਬ ਲਿਆ ਸਕਣ ਦੀ ਸਮਰੱਥਾ ਰੱਖਦੀ ਹੈ।

ਗੁਰੂ ਜੀ ਦੀ ਮਾਨਵ-ਪੱਖੀ ਅਤੇ ਸਭ ਨੂੰ ਸਮਾਨ ਸਮਝਣ ਵਾਲੀ ਸੋਚ ਨੂੰ ਸਮਾਜ ਵਿੱਚ ਲਾਗੂ ਹੁੰਦੀ ਦੇਖਣ ਦੀ ਤੀਬਰ ਇੱਛਾ ਹੀ ਉਨ੍ਹਾਂ ਨੂੰ ਕੌਡੇ ਰਾਖਸ਼ ਨੂੰ ਲਲਕਾਰਨ ਦੀ ਤਾਕਤ ਬਖਸ਼ਦੀ ਹੈ। ਕੌਡਾ ਰਾਖਸ਼ ਅੱਜ ਦੇ ਸਰਮਾਏਦਾਰਾਂ ਦਾ ਪ੍ਰਤੀਨਿਧ ਹੈ, ਜਿਸ ਨੇ ਕੁਦਰਤੀ ਸਾਧਨ (ਪਾਣੀ) ਤੇ ਆਪਣਾ ਕਬਜਾ ਜਮਾਇਆ ਹੋਇਆ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਕੁਦਰਤੀ ਦਾਤ ਦਾ ਉਹ ਇਕੱਲਾ ਮਾਲਿਕ ਨਹੀਂ ਹੋ ਸਕਦਾ ਅਤੇ ਜਲ ਵਰਗਾ ਕੁਦਰਤੀ ਸੋਮਾ ਕਿਸੇ ਵੀ ਵਿਤਕਰੇ ਨਾਲ ਨਹੀਂ ਵਰਤਿਆ ਜਾ ਸਕਦਾ।

ਮੁਸਲਮਾਨਾਂ ਦੇ ਪ੍ਰਮੁੱਖ ਸਥਾਨ ਮੱਕਾ ਵਿਖੇ ਜਾ ਕੇ ਉਨ੍ਹਾਂ ਦਾ ਸਦੀਆ ਦੇ ਬਣੇ ਵਿਸ਼ਵਾਸ਼ ਨੂੰ ਨਾਟਕੀ ਢੰਗ ਨਾਲ ਅਤੇ ਦਲੀਲਪੂਰਨ ਲਹਿਜੇ ਵਿੱਚ ਸਮਝਾਉਣਾ ਸਾਡਾ ਧਿਆਨ ਖਿੱਚਦਾ ਹੈ।। ਸਿਰਫ ਅਤੇ ਸਿਰਫ ਇੱਕ ਅਕਾਲਪੁਰਖ ਦੀ ਵਿਆਪਕਤਾ ਨੂੰ ਧੁਰ ਅੰਦਰ ਤੱਕ ਵਸਾਏ ਹੋਣ ਕਾਰਨ ਹੀ ਇਹ ਸੰਭਵ ਹੋ ਸਕਿਆ।

• ਸਰਬ ਜੋਤਿ ਤੇਰੀ ਪਸਰਿ ਰਹੀ॥
ਜਹ ਜਹ ਦੇਖਾ ਤਹ ਨਰਹਰੀ॥
(ਰਾਮਕਲੀ ਮਹਲਾ ੧, ਪੰਨਾ ੮ ੭ ੬)

ਗੁਰੂ ਸਾਹਿਬ ਦੇ ਜੀਵਨ ਵਿੱਚੋਂ ਸਾਖੀਆਂ ਦੀ ਉਦਾਹਰਣ ਲੈਣ ਲੱਗੀਏ, ਤਾਂ ਸਮਾਂ ਅਤੇ ਸਥਾਨ ਛੋਟੇ ਰਹਿ ਜਾਣਗੇ। ਗੁਰੂ ਸਾਹਿਬ ਨੇ ਮਨੁੱਖ ਨੂੰ ਇੱਕ ਅਕਾਲਪੁਰਖ ਨਾਲ ਪ੍ਰੇਮ ਕਰਨਾ ਸਿਖਾਇਆ ੳਤੇ ਉਸ ਪ੍ਰੇਮ ਲਈ, ਉਸ ਸੱਚ ਲਈ ਆਪਣੀ ਜਾਨ ਤੱਕ ਦੀ ਵੀ ਪਰਵਾਹ ਨਹੀਂ ਕਰਨੀ।

• ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਸਲੋਕ ਵਾਰਾਂ ਤੇ ਵਧੀਕ॥ ਮਹਲਾ ੧ ਪੰਨਾ ੧ ੪ ੧ ੨)

ਨਿਰਭਉ ਅਤੇ ਨਿਰਵੈਰ ਬਣ ਕੇ ਇੱਕ ਐਸਾ ਜੀਵਨ ਜਿਊਣਾ ਹੈ ਜੋ ਕਿਰਤ ਕਰਦਿਆਂ ਹੋਇਆ, ਪ੍ਰਭੂ ਨੂੰ ਯਾਦ ਰੱਖਦਿਆਂ ਹੋਇਆਂ, ਮਨੁੱਖਤਾ ਨੂੰ ਇੱਕ ਸਮਝਦਿਆਂ ਹੋਇਆਂ, ਖਲਕਤ ਵਿੱਚ ਖਾਲਕ ਨੂੰ ਦੇਖ ਸਕੇ ਅਤੇ ਧਰਮਾਂ, ਜਾਤਾਂ, ਨਸਲਾਂ, ਆਦਿ ਦੇ ਵਿਤਕਰਿਆਂ ਤੋਂ ਉਪਰ ਉਠ ਕੇ ਪਰਮ-ਜੋਤ ਨੂੰ ਪਹਿਚਾਣ ਕੇ ਸਾਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈ ਸਕੇ। ਧਾਰਮਿਕ ਕਰਮ-ਕਾਂਡਾਂ ਜਿਵੇਂ ਤੀਰਥ-ਇਸ਼ਨਾਨ, ਵਰਤ, ਸਰਾਧ, ਸੁੱਚ-ਜੂਠ, ਛੂਤ-ਛਾਤ, ਭਿੱਟ, ਸੂਤਕ-ਪਾਤਕ, ਦਿਖਾਵੇ ਦੇ ਜਪ, ਤਪ, ਆਸਣ, ਭੇਖ-ਪਹਿਰਾਵੇ ਆਦਿ ਸਭ ਨੂੰ ਪਾਖੰਡ ਆਖ ਕੇ ਪ੍ਰਭੁ ਦੇ ਨਿਰਮਲ ਭਉ ਵਿੱਚ ਸਹਿਜ ਜੀਵਨ ਦੀ ਵਕਾਲਤ ਕੀਤੀ।

ਗੁਰਬਾਣੀ ਦੇ ਕੁੱਝ ਕੁ ਅਜਿਹੇ ਹਵਾਲੇ ਦੇਣੇ ਜਰੂਰੀ ਸਮਝਦੇ ਹਾਂ ਜੋ ਅੰਤਰ-ਆਤਮਾ ਦੀ ਪੜਚੋਲ ਕਰਕੇ ਸਹਿਜ-ਮਾਰਗ ਵਾਲੇ ਨਿਮਰਤਾ ਭਰਪੂਰ ਪਰ ਅਣਖ ਵਾਲੇ ਜੀਵਨ ਦੀ ਪ੍ਰੋੜਤਾ ਕਰਦੇ ਹਨ। ਇਕੱਲੇ ਇਕੱਲੇ ਦੀ ਵਿਆਖਿਆ ਨਾਲ ਸਮੇਂ ਅਤੇ ਸਥਾਨ ਦੀ ਸੀਮਾ ਵਿੱਚ ਸੰਭਵ ਨਹੀਂ।

• ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥
(ਮ ੧, ਪੰਨਾ ੮ ੫)

• ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵੈ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
(ਸਲੋਕ ਮਹਲਾ ੧, ਪੰਨਾ ੧ ੪ ੦)

• ਹਉਮੈ ਬੂਝੈ ਤਾ ਦਰ ਸੂਝੈ॥
ਗਿਆਨ ਵਿਹੂਣਾ ਕਥਿ ਕਥਿ ਲੂਝੈ॥
(ਸਲੋਕ ਮਹਲਾ ੧, ਪੰਨਾ ੪ ੬ ੬)
• ਖਸਮੁ ਵਿਸਾਰਹਿ ਤੇ ਕਮਜਾਤਿ॥
ਨਾਨਕ ਨਾਵੈ ਬਾਝੁ ਸਨਾਤਿ॥
(ਆਸਾ ਮਹਲਾ ੧, ਅੰਕ ੧ ੦)

• ਕੂਕਰ ਸੂਕਰ ਕਹੀਅਹਿ ਕੂੜਿਆਰਾ॥ ਭਉਕਿ ਮਰਹਿ ਭਉ ਭਉ ਭਉ ਹਾਰਾ॥
ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹਿ ਹਾਰਾ ਹੇ॥
(ਮਾਰੂ ਮਹਲਾ ੧, ਪੰਨਾ ੧ ੦ ੨ ੯)

• ਕਲ ਮਹਿ ਰਾਮ ਨਾਮੁ ਸਾਰੁ॥
ਅਖੀ ਤ ਮੀਟਹਿ ਨਾਕ ਪਕੜਹਿ ਠਗਣੁ ਕਉ ਸੰਸਾਰੁ॥
(ਧਨਾਸਰੀ ਮਹਲਾ ੧, ਘਰ ੩, ਪੰਨਾ ੬ ੬ ੨)

• ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀਂ ਜਾਣੈ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥
(ਮਹਲਾ ੧, ਪੰਨਾ ੧੨੮੯)

ਇਸ ਤਰਾਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੂੰ ਸਿਰਫ ਨਾਮ ਜਾਂ ਭਗਤੀ ਤੱਕ ਹੀ ਸੀਮਿਤ ਕਰ ਕੇ ਦੇਖਣਾ ਜਾਇਜ ਨਹੀਂ। ਉਨ੍ਹਾਂ ਨੇ ਆਪਣੇ ਸਮੇਂ ਦੇ ਵਿਅਕਤੀਗਤ ਸਮਾਜਿਕ, ਰਾਜਨੀਤਿਕ, ਧਾਰਮਿਕ ਗਿਰਾਵਟ ਨੂੰ ਸਿਰਫ ਦੇਖਿਆ ਹੀ ਨਹੀਂ ਸਗੋਂ ਇਸ ਗਿਰਾਵਟ ਦੇ ਵਿਰੁੱਧ ਆਵਾਜ ਵੀ ਉਠਾਈ ਅਤੇ ਇਸ ਤੋਂ ਉਚਾ ੳਠੱਣ ਦੇ ਤਰੀਕੇ ਵੀ ਦੱਸੇ। ਗੁਰੂ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਇੱਕ ਨਵੇਂ ਇਨਕਲਾਬ ਵੱਲ ਸੰਕੇਤ ਕਰਦਾ ਹੈ। ਇਹ ਇਨਕਲਾਬ ਨਿੱਜ ਤੋ ਸ਼ੁਰੂ ਹੋ ਕੇ ਪੂਰੀ ਦੁਨੀਆਂ ਨੂੰ ਬਦਲਣ ਦਾ ਦਮ ਭਰਦਾ ਹੈ। ਵੈਸੇ ਤਾਂ ਸਾਰੀ ਬਾਣੀ ਹੀ ਇੱਕ ਪਰੀਵਰਤਨ ਦੀ ਲਖਾਇਕ ਹੈ, ਪਰ ਖਾਸ ਤੌਰ ਤੇ ਆਸਾ ਦੀ ਵਾਰ, ਸਿੱਧ ਗੋਸ਼ਟਿ, ਮਾਝ ਕੀ ਵਾਰ ਅਤੇ ਬਾਬਰਬਾਣੀ ਦੇ ਸ਼ਬਦਾਂ ਨੂੰ ਵਿਚਾਰਨਾ ਸਾਡੇ ਸਾਰਿਆਂ ਲਈ ਬਹੁਤ ਜਰੂਰੀ ਹੈ। ਜੇ ਅੱਜ ਅਸੀਂ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਸਿਰਫ ਗੁਰਦੁਆਰੇ ਮੱਥਾ ਟੇਕਣ, ਰੁਮਾਲੇ ਚੜ੍ਹਾਉਣ, ਲਂਗਰ ਚਲਾਉਣ, ਨਗਰ ਕੀਰਤਨ ਕੱਢਣ, ਪਾਠ ਕਰਵਾਉਣ, ਇਮਾਰਤਾਂ ਬਣਵਾਉਣ, ੳਤੇ ਸੋਨੇ ਜਾਂ ਮਾਰਬਲ ਲਗਵਾਉਣ ਵਿੱਚ ਹੀ ਸੰਤੁਸ਼ਟ ਹਾਂ, ਤਾਂ ਮੁਆਫ ਕਰਨਾ ਅਸੀਂ ਗੁਰੂ ਨਾਨਕ ਦੇ ਸਿੱਖ ਬਿਲਕੁਲ ਨਹੀਂ। ਸਿਰਫ ਕਰਮ-ਕਾਂਡੀ ਪੂਜਾ ਤੋਂ ਗੁਰੂ ਸਾਹਿਬ ਨੇ ਪੂਰੇ ਜੋਰ ਨਾਲ ਵਰਜਿਆ ਸੀ, ਅਸੀਂ ਉਸੇ ਪਾਸੇ ਫਿਰ ਚਲ ਪਏ ਹਾਂ। ਗੁਰੂ ਨਾਨਕ ਸਾਡੇ ਕਿਰਦਾਰ ਨੂੰ ਸਾਡੇ ਚਰਿ ਤਰ ਨੂੰ ਬਦਲ ਕੇ ਆਪ ਦੂਜਿਆਂ ਲਈ ਨਮੂਨਾ ਬਣਨ ਲਈ ਆਖ ਰਿਹਾ ਏ। ਆਓ ਗੁਰੂ ਨਾਨਕ ਦਾ ਸੰਦੇਸ਼ ਸੁਣੀਏ ਅਤੇ ਸਵੈ-ਸੁਧਾਰ ਰਾਹੀਂ ਇੱਕ ਨਵੇਂ ਇਨਕਲਾਬ ਵੱਲ ਕਦਮ ਵਧਾਈਏ।

—–0000000—–

੨. ਨਾਨਕ ਨਿਰਮਲ ਪੰਥ ਚਲਾਇਆ—ਜਸਵਿੰਦਰ ਸਿੰਘ ‘ਰੁਪਾਲ’

ਇਸ ਸੰਸਾਰ ਵਿੱਚ ਲੱਖਾਂ ਕਰੋੜਾਂ ਸਾਲਾਂ ਤੋ ਜੀਵਨ ਦੀ ਧਾਰਾ ਵਹਿੰਦੀ ਆ ਰਹੀ ਏ, ਪਰ ਜੋ ਜੀਵਨ ਜਾਚ ਬਾਬੇ ਨਾਨਕ ਨੇ ਦੱਸੀ, ਸਿਰਫ ਦੱਸੀ ਹੀ ਨਹੀਂ, ਖੁਦ ਜਿਉਂ ਕੇ ਦਿਖਾਈ, ਉਸ ਦੀ ਮਿਸਾਲ ਸਾਰੇ ਸੰਸਾਰ ਵਿੱਚ ਨਾ ਹੀ ਮਿਲੀ ਹੈ ਅਤੇ ਨਾ ਹੀ ਭਵਿੱਖ ਵਿੱਚ ਮਿਲਨ ਦੀ ਸੰਭਾਵਨਾ ਹੈ। ਸ਼ਬਦ-ਰੂਪ ਪਾਰਬ੍ਰਹਮ ਨੂੰ ਪਹਿਚਾਣ ਕੇ, ਸ਼ਬਦ ਵਿੱਚ ਸੁਰਤਿ ਲਗਾ ਕੇ ਉਸ ਦੀ ਪ੍ਰਾਪਤੀ ਅਤੇ ਇਸੇ ਸ਼ਬਦ ਦੇ ਗਿਆਨ ਨਾਲ ਮਨੁਖੀ ਮਨ ਨੂੰ ਵਿਕਾਰਾਂ ਤੋ ਮੋੜ ਕੇ, ਉਸ ਇੱਕ ਨਿਰਾਕਾਰ ਦੇ ਨਾਮ ਵਿੱਚ ਲੀਨ ਹੋ ਕੇ ਅਸਲ ਅਨੰਦ ਦੀ ਵਿਆਖਿਆ ਕਰਨਾ ਸਿਰਫ ਅਤੇ ਸਿਰਫ ਗੁਰੂ ਨਾਨਕ ਦੇ ਹਿੱਸੇ ਆਇਆ। ਭਾਈ ਸਾਹਿਬ ਗੁਰਦਾਸ ਜੀ ਇਸੇ ਜੀਵਨ-ਜੁਗਤਿ ਨੂੰ “ਨਾਨਕ ਨਿਰਮਲ ਪੰਥ ਚਲਾਇਆ” ਆਖਦੇ ਹਨ ਅਤੇ ਇਸੇ ਨੂੰ ਨਿਰਾਲਾ ਪੰਥ ਆਖ ਕੇ ਵਡਿਆੳੋਦੇ ਹਨ। ਆਓ ਇਸ ਨਿਰਾਲੇਪਣ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਨਾਨਕ ਦੇ ਦੱਸੇ ਮਾਰਗ ਨੂੰ ਇੱਕ ਮਜਹਬ ਮੰਨ ਲੈਣਾ ਅਤੇ ਦੂਸਰੇ ਮਜਹਬਾਂ ਵਾਂਗ ਦੇਖਣਾ ਸਾਡੀ ਸਭ ਤੋ ਵੱਡੀ ਭੁੱਲ ਹੈ। ਜਦੋ ਕਦੇ ਧਰਮਾਂ ਦੇ ਜਿਕਰ ਕਰਦਿਆਂ ਹਿੰਦੂ, ਸਿੱਖ, ਮੁਸਲਮਾਨ, ਇਸਾਈ ਆਦਿ ਦੀ ਗੱਲ ਹੁੰਦੀ ਵੇਖਦਾ ਸੁਣਦਾ ਹਾਂ, ਤਾਂ ਬੜਾ ਦੁੱਖ ਲਗਦਾ ਹੈ, ਕਿ ਅਸੀਂ ਨਾਨਕ-ਨਾਮ-ਲੇਵਾ ਸਿੱਖਾਂ ਨੇ ਵੀ ਨਾਨਕ-ਵਿਚਾਰਧਾਰਾ ਨੂੰ ਨਹੀਂ ਸਮਝਿਆ। ਸਿੱਖ ਕਿਸੇ ਧਰਮ ਜਾਂ ਮਜਹਬ ਦਾ ਨਾਂ ਨਹੀਂ ਹੈ, ਇਹ ਤਾਂ ਸਮੁਚੀ ਲੋਕਾਈ ਨੂੰ, ਮਨੁਖਤਾ ਨੂੰ ਦੱਸੀ ਗਈ ਇੱਕ ਜੀਵਨ-ਜਾਚ ਹੈ। ਜੇ ਅੱਜ ਸਿੱਖ ਵੀ ਬਾਕੀ ਧਰਮਾਂ ਨਿਆਈਂ ਹੀ ਕੁੱਝ ਕਰਮ-ਕਾਂਡ ਕਰਕੇ ਆਪਣੇ ਆਪ ਨੂੰ ਸਿੱਖ ਕਹਾ ਕੇ ਖੁਸ਼ ਹੁੰਦਾ ਹੈ, ਤਾਂ ਮੁਆਫ ਕਰਨਾ, ਇਹ ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਕਿ ਉਸ ਨੇ ਅਜੇ ਨਾਨਕ-ਵਾਦ ਨੂੰ ਸਮਝਿਆ ਹੀ ਨਹੀਂ। ਬਾਬਾ ਨਾਨਕ ਤਾਂ ਹੋਕਾ ਦੇ ਕੇ ਅਖਦਾ ਹੈ-

“ਏਕੋ ਧਰਮੁ ਦ੍ਰਿੜੈ ਸਚੁ ਕੋਈ।।
ਗੁਰਮਤਿ ਪੂਰਾ ਜੁਗਿ ਜੁਗਿ ਸੋਈ”।।
— (ਬਸੰਤ ਮਹਲਾ 1, ਪੰਨਾ 1188}

ਇਸੇ ਸੱਚ ਦੇ ਧਰਮ ਨੂੰ ਪੰਜਵੇਂ ਨਾਨਕ ਨੇ ਇਸ ਤਰਾਂ ਬਿਆਨਿਆ ਹੈ-
“ਸਰਬ ਧਰਮ ਮਹਿ ਸ਼੍ਰੇਸ਼ਟ ਧਰਮੁ॥
ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ”॥
…. (ਸੁਖਮਨੀ, ਪੰਨਾ 266}

ਇਸ ਤਰਾਂ ਨਾਨਕ ਅਨੁਸਾਰ ਧਰਮ ਤਾਂ ਸਿਰਫ ਅਤੇ ਸਿਰਫ ਇੱਕ ਹੀ ਹੈ। ਜਿਸ ਵਿੱਚ ਉਸ ਸੱਚੇ ਦਾ ਨਾਮ ਸਿਮਰਿਆ ਜਾਵੇ ਅਤੇ ਆਪਣੇ ਜੀਵਨ ਵਿੱਚ ਨਿਰਮਲ ਕਰਮ ਕੀਤੇ ਜਾਣ। ਸਾਰੀ ਗੁਰਬਾਣੀ ਇਸ ਧਰਮ ਦੀ ਹੀ ਵਿਆਖਿਆ ਹੈ।

ਸਾਰਾ ਧਾਰਮਿਕ ਜਗਤ ਉਸ ਪਾਰਬ੍ਰਹਮ ਨੂੰ ਜਾਨਣ, ਲਭਣ ਅਤੇ ਪ੍ਰਾਪਤ ਕਰਨ ਦੀ ਦੌੜ ਵਿੱਚ ਸੀ, ਕੋਈ ਜੰਗਲਾਂ ਵਿੱਚ ਫਿਰਦਾ ਸੀ, ਪਿੰਡੇ ਤੇ ਬਿਭੂਤ ਲਗਾ ਕੇ, ਤੇ ਕੋਈ ਗ੍ਰਹਿਸਥੀ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰ ਰਿਹਾ ਸੀ। ਕੁੱਝ ਲੋਕ ਧਰਮਾਂ ਦੇ ਨਾਂ ਤੇ ਭੋਲੀ ਜਨਤਾ ਨੂੰ ਲੁੱਟ ਕੇ ਖਾ ਰਹੇ ਸਨ। ਰਾਜੇ ਨਿਆਂਕਾਰੀ ਨਹੀਂ ਸਨ ਅਤੇ ਧਾਰਮਿਕ ਆਗੂ ਖੁਦ ਭੁਲੇ ਭਟਕੇ ਹੋਏ ਸਨ। ਲੋਕਾਈ ਅਗਿਆਨਤਾ, ਅੰਧਵਿਸ਼ਵਾਸ਼, ਕਰਮ-ਕਾਂਡਾਂ ਵਿੱਚ ਫਸੀ ਹੋਈ ਸੀ ਅਤੇ ਸ਼ਾਸ਼ਕ ਵਰਗ ਅਤੇ ਪੁਜਾਰੀ ਵਰਗ ਜਨਤਾ ਦੀ ਅਗਿਆਨਤਾ ਅਤੇ ਭੋਲੇਪਣ ਦਾ ਫਾਇਦਾ ੳਠਾ ਰਹੇ ਸਨ। ਅਜਿਹੇ ਕੂੜ ਦੇ ਵਰਤਾਰੇ ਸਮੇਂ ਗੁਰੂ ਨਾਨਕ ਜੀ ਪਰਗਟ ਹੋਏ ਸਨ, ਉਨਾਂ ਪ੍ਰਿਥਵੀ ਨੂੰ ਜਲਦਿਆਂ, ਤੇ ਲੋਕਾਈ ਨੂੰ ਹਾਇ ਹਾਇ ਕਰਦਿਆਂ ਤੱਕਿਆ ਤੇ ਦਰਦ ਭਿੱਜੀ ਰੂਹ ਧਰਤੀ ਸੋਧਣਿ ਲਈ ਚੱਲ ਪਈ। ਪਹਿਲਾ ਕ੍ਰਾਂਤੀਕਾਰੀ ਕਦਮ ਬਾਬੇ ਨੇ ਚੱਕਿਆ ਕਿ ਨੀਵੀਂ ਜਾਤ ਵਜੋਂ ਜਾਣੇ ਜਾਂਦੇ ਰਬਾਬੀ ਮਰਦਾਨੇ ਨੂੰ ਆਪਣਾ ਪੱਕਾ ਸਾਥੀ ਬਣਾਇਆ। ….

ਬਾਬੇ ਨੇ ਅਪਣੀਆਂ ਉਦਾਸੀਆਂ ਰਾਹੀਂ ਵੱਖ ਵੱਖ ਮੱਤਾਂ ਦੇ ਆਗੂਆਂ ਕੋਲ ਜਾ ਜਾ ਕੇ ਉਨਾਂ ਨਾਲ ਸੰਵਾਦ ਰਚਾਇਆ। ਪ੍ਰਮਾਤਮਾ ਦੇ ਇੱਕ ਹੋਣ, ਸਰਬ ਕਾਲਕ, ਸਰਬ ਸਾਂਝਾਂ ਪਾਲਕ ਹੋਣ, ਲੋਕਾਈ ਨੂੰ ਮੁਹੱਬਤ ਕਰਨ, ਆਪਣਾ ਆਪ ਪਹਿਚਾਨਣ, ਸਭ ਵਿੱਚ ਉਸ ਇੱਕ ਨੂੰ ਦੇਖਦੇ ਹੋਏ ਕਿਸੇ ਨੂੰ ਵੀ ਉਚਾ ਨੀਵਾਂ ਨਾ ਸਮਝਣ ਦਾ ਸਰਬ-ਸਾਂਝਾ ਉਪਦੇਸ਼ ਲੋਕਾਂ ਦੀ ਜਬਾਨ ਵਿੱਚ ਦਿੱਤਾ। ਨਾਨਕ ਦਾ ਸਿਧਾਂਤ ਘਰ ਬਾਰ ਛੱਡਣ ਨੂੰ ਮਾਣ ਨਹੀਂ ਦਿੰਦਾ ਸਗੋ ਦੁਨੀਆਂ ਵਿੱਚ ਰਹਿੰਦਿਆਂ, ਕਿਰਤ ਕਰਦਿਆਂ, ਅਪਣੇ ਪਰਿਵਾਰ ਪ੍ਰਤੀ ਅਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਖਲਕਤ ਦੀ ਸੇਵਾ ਚੋਂ ਖਾਲਕ ਦੀ ਪ੍ਰਾਪਤੀ ਕਰਨੀ ਦੱਸਦਾ ਹੈ॥ ਬਾਬੇ ਦੇ ਬੋਲ ਹਨ-

“ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ”॥
…. . (ਗੁਰੂ ਨਾਨਕ, ਪੰਨਾ 1245)

ਗੁਰਮਤਿ ਗਾਡੀ ਰਾਹ ਦਾ ਪਾਂਧੀ ਪਰਮਾਤਮਾ ਨੂੰ ਲੱਭਣ ਲਈ ਕਿਸੇ ਯੋਗ ਵਿੱਚ ਨਹੀਂ ਜਾਂਦਾ, ਸਮਾਧੀਆਂ ਨਹੀ ਲਗਾਂਦਾ, ਮਾਲਾ ਨਹੀਂ ਫੇਰਦਾ, ਕੋਈ ਖਾਸ ਵਰਤ ਨਹੀਂ ਰਖਦਾ, ਅਪਣੇ ਸਰੀਰ ਨੂੰ ਦੁੱਖ ਨਹੀਂ ਦਿੰਦਾ ਅਤੇ ਨਾ ਹੀ ਵਿਸ਼ੇਸ਼ ਕਰਮ ਕਾਂਡ ਕਰਦਾ ਹੈ।

ਉਹ ਤਾਂ ਦੁਨੀਆਂ ਵਿੱਚ ਵਿਚਰਦਿਆਂ ਹੋਇਆ, ਕਿਰਤ ਕਰਦਿਆਂ ਹੋਇਆਂ, ਮਾਇਆ ਕਮਾਂਦਿਆਂ ਹੋਇਆਂ ਵੀ “ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈਸਾਣੈ” ਅਨੁਸਾਰ ਇਸ ਮਾਇਆ ਦਾ ਗੁਲਾਮ ਨਹੀਂ ਬਣਦਾ। ਮਾਇਆ ਗੁਰਸਿੱਖ ਲਈ ਗੁਜਰਾਨ ਮਾਤਰ ਹੈ. । ਉਹ ਇਸ ਵਿਚੋਂ ਲੋੜਵੰਦ ਦੀ ਲੋੜ ਪੂਰੀ ਕਰਨ ਲਈ ਵਚਨਬੱਧ ਹੈ। ਹੋਰ ਧਰਮਾਂ ਦੀ ਤਰਾਂ ਉਹ ਦਾਨ ਦੇ ਕੇ ਹਉਮੈ ਨਹੀਂ ਪਾਲਦਾ। {ਦਾਨ ਦੇਣ ਵਾਲਾ ਅਪਣੇ ਆਪ ਨੂੰ ਵੱਡਾ ਸਮਝਦਾ ਹੈ, ਜਦ ਕਿ ਗੁਰਸਿੱਖ ਲੋੜਵੰਦ ਦੀ ਲੋੜ ਆਪਣਾ ਭਰਾ ਸਮਝ ਕੇ ਕਰਦਾ ਹੈ ਅਤੇ ਉਸ ਦਾ ਧੰਨਵਾਦੀ ਹੁੰਦਾ ਹੈ, ਜੋ ਉਸ ਕਾਰਨ ਗੁਰਸਿੱਖ ਨੂੰ ਸੇਵਾ ਦਾ ਮੌਕਾ ਮਿਲਿਆ ਹੈ।)

ਉਹ ਧਰਮ ਜਾਂ ਵਿਚਾਰਧਾਰਾ ਕਿਸ ਕੰਮ, ਜੋ ਲੋਕਾਂ ਦਾ ਜੀਵਨ ਨਾ ਬਦਲੇ? ? ਗੁਰਮਤਿ ਅਸਲ ਵਿੱਚ ਇੱਕ ਇਨਕਲਾਬ ਦਾ ਨਾਂ ਹੈ, ਇੱਕ ਰਾਜਨਤਿਕ ਅਤੇ ਸਮਾਜਿਕ ਇਨਕਲਾਬ ਹੈ ਇਹ। ਪਰ ਇਹ ਇਨਕਲਾਬ ਤਦ ਹੀ ਆ ਸਕੇਗਾ ਜੇ ਪਹਿਲਾਂ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਉਸ ਇੱਕ ਦੀ ਜੋਤ ਨੂੰ ਸਭ ਵਿੱਚ ਰਮੀ ਹੋਈ ਮਹਿਸੂਸ ਕੀਤਾ ਜਾਵੇ। ਇੱਕ ਗੁਰਸਿੱਖ ਨੇ ਸਭ ਤੋ ਪਹਿਲਾਂ ਅਪਨੇ ਆਪ ਨੂੰ ਬਦਲਣਾ ਹੈ। ਜੀਵਨ ਮਨੋਰਥ ਨੂੰ ਜਾਣ ਲੈਣ ਨਾਲ ਉਹ ਆਪਣੇ ਆਪੇ ਨੂੰ ਪਹਿਚਾਣਦਾ ਹੈ। ਜਦੋਂ ਉਸ ਇੱਕ ਦੀ ਜੋਤ ਦਾ ਅਹਿਸਾਸ ਹੁੰਦਾ ਹੈ, ਤਾਂ ਇਸ ਜੋਤ ਨੂੰ ਸਰਬ ਵਿੱਚ ਪਸਰੀ ਤੇ ਰਮੀ ਹੋਈ ਦੇਖਦਾ ਹੈ। ਉਦੋਂ–

“ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ” ਗੁਰਵਾਕ ਅਨੁਸਾਰ ਸਭਨਾਂ ਨੂੰ ਆਪਣਾ ਸਮਝਦਾ ਹੈ। ਇਸ ਸਮਾਨਤਾ ਅਤੇ ਬ੍ਰਹਿਮੰਡੀ ਮੁਹੱਬਤ ਦੀ ਚਿਣਗ ਪੂਰੇ ਜਲੌਅ ਨਾਲ ਉਸ ਦੇ ਹਿਰਦੇ ਵਿੱਚ ਜਗਦੀ ਹੈ। ਇਸ ਪ੍ਰੇਮ ਦੀ ਗਲੀ ਆੁਣ ਲਈ ਹੀ ਗੁਰੂ ਨਾਨਕ ਸਾਹਿਬ ਸੀਸ ਤਲੀ ਤੇ ਟਿਕਾਉਣ ਦੀ ਗੱਲ ਕਰਦੇ ਹਨ –

“ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
… (ਸਲੋਕ ਵਾਰਾਂ ਤੇ ਵਧੀਕ, ਪੰਨਾ 1412)

ਜਦੋਂ ਨਿਸ਼ਾਨੇ ਅਤੇ ਮੰਜਲ ਦੀ ਸੋਝੀ ਆ ਜਾਂਦੀ ਹੈ, ਤਾਂ ਗੁਰਸਿੱਖ ਗੁਰੂ ਦੀ ਚਾਲ ਤੇ ਤੁਰਦਾ ਹੈ। ਉਹ ਨਿਰਭਉ ਅਤੇ ਨਿਰਵੈਰ ਬਣਕੇ ਵਿਚਰਦਾ ਹੈ। ਉਹ ਆਪਣੇ ਗੁਰੂ ਦੇ ਦੱਸੇ ਇਸ ਮਾਰਗ ਤੇ ਤੁਰਨ ਲਈ ਹੋਰਾਂ ਨੂੰ ਵੀ ਪ੍ਰੇਰਦਾ ਹੈ, ਪਰ ਕਦੀ ਵੀ ਧੱਕਾ ਨਹੀਂ ਕਰਦਾ। ਆਪਣੇ ਨਿਸ਼ਚੇ ਤੇ ਦ੍ਰਿੜ ਹੈ, ਪਰ ਕਿਸੇ ਨੂੰ ਵੀ ਇਸ ਪੰਥ ਵਿੱਚ ਸ਼ਾਮਿਲ ਹੋਣ ਲਈ ਕਿਸੇ ਤਰਾਂ ਦਾ ਸ਼ਬਦੀ- ਜੁਲਮ ਵੀ ਨਹੀਂ ਕਰਦਾ। ਤੇ ਹਾਂ, ਉਹ ਖੁਦ ਇਸ ਮਾਰਗ ਤੋਂ ਕਿਸੇ ਵੀ ਤਰਾਂ ਦੇ ਲਾਲਚ, ਸਵਾਰਥ ਜਾਂ ਜੁਲਮ ਦੇ ਬਾਵਜੂਦ ਪਿੱਛੇ ਨਹੀਂ ਹਟਦਾ। ਉਸ ਦਾ ਨਿਸ਼ਚਾ ਦ੍ਰਿੜ ਹੈ ਕਿ ਸੱਚ ਦੇ ਮਾਰਗ ਤੇ ਚੱਲਦਿਆਂ ਗੁਰੂ ਆਪ ਸਹਾਈ ਹੁੰਦਾ ਹੈ। ਇਸੇ ਲਈ ਅੱਜ ਤੱਕ ਕੋਈ ਜੇਲ, ਤੱਤੀ ਤਵੀ, ਆਰਾ, ਚਰਖੜੀ, ਰੰਬੀ, ਕੋਈ ਤਲਵਾਰ ਗੁਰਸਿੱਖ ਨੂੰ ਉਸਦੇ ਸਿਦਕ ਤੋਂ ਨਹੀਂ ਡੁਲਾ ਸਕੀ। ………ਗੁਰਸਿੱਖ ਨੇ ਆਪਣੇ ਫਰਜ ਵੀ ਪੂਰੇ ਕਰਨੇ ਹਨ, ਪਰ ਆਪਣੈ ਅਧਿਕਾਰਾ ਲਈ ਲੜਨਾ ਵੀ ਹੈ। ਆਜਾਦੀ ਸਾਡਾ ਪਹਿਲਾ ਮੁਢਲਾ ਅਧਿਕਾਰ ਹੈ। ਆਪਣੀ ਅਣਖ, ਇੱਜਤ, ਮਾਣ-ਸਨਮਾਨ ਨੂੰ ਬਣਾਈ ਰੱਖਣ ਦੀ ਗੁੜਤੀ ਵੀ ਸਾਨੂੰ ਦਿੱਤੀ ਗਈ ਹੈ। ਗੁਰਵਾਕ ਹੈ-

“ਜੇ ਜੀਵੈ ਪਤਿ ਲੱਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ”॥
(. ਗੁਰੂ ਨਾਨਕ, ਪੰਨਾ 142)

ਗੁਰਸਿੱਖ ਦੀ ਸਿਧਾਂਤਕ ਦ੍ਰਿੜਤਾ ਏਨੀ ਪੱਕੀ ਹੈ ਕਿ ਉਸ ਨੂੰ ਪੂਰਨ ਗਿਆਨ ਹੈ ਕਿ ਨਾਨਕ ਕਿਸੇ ਵਿਅਕਤੀ ਦਾ ਨਾਂ ਨਹੀਂ, ਸਗੋਂ ਨਾਨਕ ਤਾਂ ਇੱਕ ਵਿਚਾਰਧਾਰਾ ਅਤੇ ਇੱਕ ਸ਼ਕਤੀ ਦਾ ਨਾਂ ਹੈ ਅਤੇ ਸ਼ਬਦ-ਗੁਰੂ ਤੋਂ ਸੇਧ ਲੈਕੇ ਧਾਰਨ ਕੀਤੀ ਹੋਈ ਵਿਵੇਕ ਬੁਧੀ ਕਦੇ ਵੀ ਕਿਸੇ ਦੇਹ ਜਾਂ ਡੇਰੇ ਵਾਲੇ ਦੀ ਮੁਰੀਦ ਨਹੀਂ ਹੋ ਸਕਦੀ। ਇਹ ਵਿਵੇਕ ਹੀ ਉਸਨੂੰ ਰਾਜਿਆਂ, ਮਾਹਾਰਾਜਿਆਂ, ਅਮੀਰਾਂ ਤੇ ਸਰਮਾਏਦਾਰਾਂ ਦੀ ਦੁਨਿਆਵੀ ਚਕਾਚੌੂਂਧ ਤੋਂ ਬਚਾਈ ਰਖਦਾ ਹੈ। ਇਹ ਗਿਆਨ ਦੀ ਕਿਰਪਾਂਨ ਦੇ ਹੁੰਦਿਆਂ ਕੋਈ ਅੰਧਵਿਸ਼ਵਾਸ਼, ਕਰਮਕਾਂਡ ਆਦਿ ਉਸ ਨੂੰ ਆਪਣੇ ਵੱਲ ਨਹੀਂ ਖਿੱਚ ਸਕਦਾ। ਸ਼ਬਦ ਦੀ ਵਿਚਾਰ ਹੀ ਉਸ ਦਾ ਆਧਾਰ ਹੈ।

“ਸਿੱਖੀ ਸਿੱਖਿਆ ਗੁਰ ਵੀਚਾਰਿ”। ਗੁਰਸਿੱਖ ਦੀ ਪਹਿਲੀ ਕਸਵੱਟੀ ਗੁਰਬਾਣੀ ਹੈ। ਉਸ ਨੇ ਇਤਿਹਾਸ ਨੂੰ ਵੀ ਗੁਰਬਾਣੀ ਦੀ ਕਸਵੱਟੀ ਤੇ ਪਰਖਣਾ ਹੈ। ਕਿਉਕਿ ਇਤਿਹਾਸ ਵਿੱਚ ਸਰਧਾਲੂਆਂ ਨੇ ਭੋਲੇਪਣ ਅਤੇ ਅਗਿਆਨਤਾ ਵਿੱਚ ਅਤੇ ਵਿਰੋਧੀਆਂ ਨੇ ਸਾਜਿਸ਼ ਅਧੀਨ ਸੋਚ ਸਮਝ ਕੇ ਵਿਗਾੜ ਪਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਇਹ ਕੋਸ਼ਿਸ਼ਾਂ ਹੁਣ ਵੀ ਹੋ ਰਹੀਆਂ ਹਨ। ਕਿਧਰੇ ਗੁਰੂ ਸਾਹਿਬਾਨ ਨੂੰ ਕਰਾਮਾਤੀ ਬਣਾਇਆ ਜਾ ਰਿਹਾ ਏ, ਕਿਧਰੇ ਗੁਰਬਾਣੀ ਨੂੰ ਵੀ ਮੰਤਰਾਂ ਨਿਆਈਂ ਪ੍ਰਚਾਰਿਆ ਜਾ ਰਿਹਾ ਏ। ਕਿਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਬੁੱਤਾਂ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ। ਕਿਧਰੇ ਭਗਤ ਬਾਣੀ ੳਤੇ ਗੁਰੂ ਬਾਣੀ ਵਿੱਚ ਵੱਖਰਾਪਣ ਦਿਖਾਇਆ ਜਾ ਰਿਹਾ ਏ ਅਤੇ ਕਿਧਰੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਗੁਰੂ ਨਾਨਕ ਤੋਂ ਵੱਖਰਾ ਦੱਸਿਆ ਜਾ ਰਿਹਾ ਏ। ਸਿੱਖੀ ਸਿਧਾਂਤਾਂ ਤੇ ਕੀਤੇ ਜਾ ਰਹੇ ਇਨਾਂ ਅਣਗਿਣਤ ਹਮਲਿਆਂ ਦਾ ਕਾਰਨ ਜਿੱਥੇ ਈਰਖਾ ਹੈ, ਉਥੇ ਇਸ ਦੀ ਸਰਬ-ਸਾਂਝੀਵਾਲਤਾ ਅਤੇ ਨੀਵਿਆਂ ਨੂੰ ਗਲ ਲਾਉਣ ਦੀ ਨੀਤੀ, ਸਦੀਆਂ ਤੋਂ ਉਚੇ ਹੋਣ ਦਾ ਵਹਿਮ ਪਾਲ ਕੇ ਜਨਤਾ ਦਾ ਸੋਸਣ ਕਰ ਰਹੇ ਪੁਜਾਰੀਵਾਦ ਅਤੇ ਬ੍ਰਾਹਮਣਵਾਦ ਨੂੰ ਸਿੱਧੀ ਚੁਣੌਤੀ ਹੈ। ਪਰ ਘਬਰਾਉਣ ਦੀ ਲੋੜ ਨਹੀ, ਇੱਟਾਂ ਉਸੇ ਬੇਰੀ ਨੂੰ ਪੈਂਦੀਆਂ ਨੇ, ਜਿਸ ਨੂੰ ਬੇਰ ਲੱਗੇ ਹੋਏ ਹੋਣ। ਸਮੇਂ ਦੀ ਲੋੜ ਹੈ ਕਿ ਗੁਰਬਾਣੀ ਦਾ ਅਧਿਐਨ ਹੋਰ ਡੂੰਘਾ ਕੀਤਾ ਜਾਵੇ। ਸਿਧਾਂਤਕ ਪਕਿਆਈ ਲਿਆ ਕੇ ਆਪਸੀ ਮੱਤਭੇਦ ਦੂਰ ਕੀਤੇ ਜਾਣ।

ਦੁਨਿਆਵੀ ਪਦਾਰਥਵਾਦ, ਦਿਖਾਵਿਆਂ ਤੋਂ ਬਚ ਕੇ ਸ਼ਬਦ-ਸੰਦੇਸ਼ ਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਢਾਲਿਆ ਜਾਵੇ। ਪ੍ਰੇਮ ਦੀ ਵਰਖਾ ਮਨਾਂ ਚੋ ਅੰਧਕਾਰ ਅਤੇ ਕੁੜੱਤਣ ਦੂਰ ਕਰੇ ਅਤੇ ਅਰਦਾਸ ਅਤੇ ਵਿਸ਼ਵਾਸ ਹੈ ਕਿ ਗੁਰੂ ਕਿਰਪਾ ਨਾਲ ਇਸ ਮਾਰਗ ਤੋਂ ਭੁਲੇ ਵੀ ਮੁੜ ਇਸ ਪੰਥ ਦਾ ਅੰਗ ਬਣਨ ਅਤੇ ਆਪਣਾ ਨਿਰਾਲਾਪਣ ਕਾਇਮ ਰੱਖ ਸਕਣ।

ਨਾਨਕ ਦਾ ਪੰਥ, ਦੂਜੇ ਮੱਤਾਂ ਦਾ ਸਤਿਕਾਰ ਕਰਦਾ ਹੈ, ਪਰ ਉਸ ਵਿੱਚ ਦਿਖਾਵਾ, ਕਰਮ-ਕਾਂਡ ਆਦਿ ਨਾ ਹੋਣ। ਨਿਰਮਲ ਭਉ ਤੇ ਭਾਉ ਵਿੱਚ ਵਿਚਰਦਿਆਂ ਉਹ ਪ੍ਰਭੂ ਦੇ ਗੁਣ ਗਾਣ ਕਰਨ ਵਾਲੇ ਹਰ ਵਿਅਕਤੀ ਤੋਂ ਬਲਿਹਾਰ ਜਾਂਦਾ ਹੈ। ਗੁਰੂ ਨਾਨਕ ਜੀ ਦਾ ਕਥਨ ਹੈ-

“ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥
ਸ਼ੋ ਘਰੁ ਰਾਖੁ ਵਡਾਈ ਤੋਇ॥
(ਰਾਗ ਆਸਾ ਮਹਲਾ 1, ਪੰਨਾ 12)

ਇਸ ਤਰਾਂ ਇਸ ਨਿਰਾਲੇ ਪੰਥ ਦਾ ਪਾਂਧੀ “ਦੂਖ ਨਾ ਦੇਈ ਕਿਸੈ ਜੀਅ, ਪਾਰਬ੍ਰਹਮ ਚਿਤਾਰੇ” ਦੀ ਸੋਚ ਲੈ ਕੇ,” ਵਿੱਚ ਦੁਨੀਆਂ ਸੇਵਿ ਕਮਾਈਐ” ਦਾ ਧਾਰਨੀ ਹੋ ਕੇ ਆਪਣੇ ਨਿਜ-ਘਰ ਨੂੰ ਪਹਿਚਾਣਦਾ ਹੋਇਆ “ਗੁਰਮੁਖਿ ਮਾਰਗ ਚਲਣਾ, ਛੱਡ ਖੱਬੇ ਸੱਜੇ” ਅਨੁਸਾਰ ਲਗਾਤਾਰ ਚਲਦਾ ਰਹਿੰਦਾ ਹੈ। ਪਰ ਉਹ ਕਿਸੇ ਹੋਰ ਘਰ ਵੱਲ ਨਹੀਂ ਤੱਕਦਾ।

ਜਾ ਕਾ ਠਾਕਰਿ ਊਚਾ ਹੋਈ।
ਤਾ ਕਉ ਪਰ ਘਰ ਜਾਤ ਨਾ ਸੋਹੀ।

ਆਓ ਮਿਲ ਕੇ ਅਰਦਾਸ ਕਰੀਏ ਕਿ ਨਾਨਕ –ਸੋਚ ਨਾਲ ਜੁੜ ਸਕੀਏ ਅਤੇ ਇਸ ਨਿਰਾਲੀ ਚਾਲ ਨਾਲ ਚਲਦੀ ਜੀਵਨ ਮੰਜਲ ਹਾਸਲ ਕਰ ਸਕੀਏ।
—–0000—–
-ਜਸਵਿੰਦਰ ਸਿੰਘ ‘ਰੁਪਾਲ’
09814715796

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
939
***

About the author

ਜਸਵਿੰਦਰ ਸਿੰਘ 'ਰੁਪਾਲ'
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796

 

ਜਸਵਿੰਦਰ ਸਿੰਘ 'ਰੁਪਾਲ'

ਜਸਵਿੰਦਰ ਸਿੰਘ 'ਰੁਪਾਲ' -ਲੈਕਚਰਾਰ ਅਰਥ-ਸ਼ਾਸ਼ਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਟਾਣੀ ਕਲਾਂ( ਲੁਧਿਆਣਾ)-141113 +91 9814715796  

View all posts by ਜਸਵਿੰਦਰ ਸਿੰਘ 'ਰੁਪਾਲ' →