1. ਸਿਰਨਾਂਵੀਆਂ
ਮੁਹਿੰਮਾਂ ਦਾ ਸ਼ੋਕੀਨ,
ਬਹੁੜ ਜਾਵੇ,
ਸ਼ਾਇਦ ਪੰਜਾਬ ਦੇ ਵਿਹੜੇ।
ਹੋਵੇ ਜੋ ਸਾਹਸੀ,
ਕਾਰਜ ਕਰਨ ਵਾਲਾ,
ਲੈ ਆਵੇ ਕਾਰਜ ਪ੍ਰਣਾਲੀ ਵਿੱਚ,
ਚੰਗੇ ਸੁਧਾਰ।
ਕਰ ਦੇਵੇ ਆਪਣੇ,
ਹਲਫ਼ਨਾਮੇਂ ਤੇ ਦਸਤਖਤ,
ਆਪਣੀ ਇੱਕ ਸਮਾਨ,
ਹਿੱਤਾਂ ਵਾਲੀ ਮੰਡਲੀ ਵਿੱਚ,
ਹੋ ਕੇ ਬਿਰਾਜਮਾਨ।
ਬਣਾਉਣ ਲਈ ਪੰਜਾਬ ਨੂੰ,
ਉਸਦੇ ਆਪਣੇ ਪੌਣ-ਪਾਣੀ ਦੇ ਅਨੁਕੂਲ।
ਹੋ ਜਾਵੇ ਮਨੁੱਖੀ ਚੇਤਨਤਾ ਦਾ,
ਸੰਪੂਰਣ ਵਿਕਾਸ,
ਜੋ ਹੋਈ ਹੈ ਵੀਰਾਨ ਜਿਹੀ,
ਉੱਜੜੇ ਰੇਗਿਸਤਾਨ ਦੀ ਤਰਾਂ,
ਬਹਿ ਕੇ,
ਨਸ਼ਿਆਂ ਦੇ ਅੰਦਰ।
ਨਸ਼ੇ ਦੇ ਆਦੀ ਹੋਇਆਂ ਦੇ,
ਵਿੱਛ ਗਏ ਨੇ ਸੱਥਰ।
ਕਰ ਰਹੇ ਨੇ ਉਸਦੇ ਆਪਣੇ ਹੀ,
ਪਿੰਡ ਤੇ ਇਲਾਕੇ ਦੇ ਲੋਕ,
ਬੇਆਬਾਦ।
ਜਿੱਥੇ ਸਦਾ ਹੀ ਛਾਏ ਰਹਿੰਦੇ ਨੇ,
ਹਲਕੇ-ਫੁਲਕੇ ਕਾਲੇ ਬੱਦਲ਼।
ਲੋਕਾਂ ਨੂੰ ਲੁਭਾਣ ਲਈ,
ਦੇ ਕੇ ਲਾਲਚ,
ਕਰ ਦਿੰਦੇ ਹਨ ਪਲਾਂ ਵਿੱਚ ਹੀ,
ਆਪਣਿਆਂ ਨੂੰ ਪਰਾਇਆ।
ਭੈਭੀਤ ਹੋਈਆਂ ਔਰਤਾਂ ਵੀ,
ਰਹੀਆਂ ਨੇ ਵਿਲ਼ਕ,
ਜਿਨ੍ਹਾਂ ਦੇ ਘਰਾਂ ਵਿੱਚ ਵੱਜੀ ਹੈ,
ਲੂੰ ਕੰਡੇ ਖੜੇ ਕਰਨ ਵਾਲੀ,
ਖ਼ਤਰੇ ਦੀ ਘੰਟੀ।
ਜਿਨਾਂ ਦੁਆਲੇ ਰਹਿ ਰਹੇ ਨੇ,
ਘਾਤ ਲਾ ਕੇ ਬੈਠੇ ਹੋਏ,
ਖੈਰਾਤਖਾਨੇ ਵਿੱਚ,
ਕਰਨ ਲਈ ਤਬਾਹੀ ਦਾ ਹਮਲਾ।
ਆਵੇਗਾ ਕੋਈ ਨਾ ਕੋਈ,
ਬੇਹਤਰੀ ਨਾਲ ਸੁਧਾਰ,
ਕਰਨ ਲਈ ਇੰਤਜ਼ਾਮੀਆ।
ਕਾਗ਼ਜ਼ ਦੀ ਬਣਾ ਕੇ ਬੱਤੀ,
ਜੀਹਦੇ ਨਾਲ ਉਹ,
ਜਗਾਵੇਗਾ ਦੀਵਾ
ਕਰਨ ਲਈ ਰੋਸ਼ਨ ਚੁਫੇਰਾ।
ਬੰਨੇਗਾ ਮੁੱਢ ਜੋ
ਹੋਵੇਗਾ ਸ਼ਾਇਦ ਉਹ ਆਪਣਾ ਹੀ,
ਕੋਈ ਨਾ ਕੋਈ
ਸਿਰਨਾਂਵੀਆਂ।
* |
2. ਪਹੁ-ਫੁਟਾਲੇ ਦੀ ਸੰਧੂਰੀ ਲਾਲੀ
ਪਹੁ-ਫੁਟਾਲੇ ਦੀ ਸੰਧੂਰੀ ਲਾਲੀ,
ਦਿੰਦਾ ਹੈ ਸੂਰਜ ਖ਼ੁਦ ਹੀ,
ਸਦੀਆਂ ਤੋਂ ਆਪਣੇ ਪੰਜਾਬ ਨੂੰ।
ਨਹੀਂ ਫਰਕ ਕਰਦੇ ਕੋਈ ਵੀ,
ਜਦੋਂ ਭੇਜਦੇ ਨੇ ਪਹਾੜ ,
ਦਰਿਆਵਾਂ ਦੇ ਠੰਢੇ ਆਬ ਨੂੰ।
ਨਹੀਂ ਦਿਖਾਉਂਦੀਆਂ ਅਲਹਿਦਗੀ,
ਹਿੰਦ ਮਹਾਂ ਸਾਗਰ ਦੀਆਂ ਹਵਾਵਾਂ,
ਵੰਡਣ ਠੰਡਕ ਹਰ ਸ਼ਹਿਰ, ਇਲਾਕਾ,
ਹਰ ਪਿੰਡ ਦੀ ਆਪਣੀ ਢਾਬ ਨੂੰ।
ਦੋਸਤਾਨਾ ਮਹਿਕ ਵੰਡਦੇ ਨੇ ਸਾਰੇ,
ਜਾ ਕੇ ਪੁੱਛਿਓ ਤੁਸੀਂ ਆਪਣੇ ,
ਦੇਸ਼ ਦੇ ਕਿਸੇ ਵੀ ਫੁੱਲ ਗੁਲਾਬ ਨੂੰ।
ਹਾਸੋਹੀਣੀਆਂ ਹਰਕਤਾਂ ਵੀ
ਨਹੀਂ ਕਰਦੇ ਕੁਦਰਤੀ ਨਜ਼ਾਰੇ,
ਜੋ ਕਰਦੇ ਨੇ ਪੂਰੇ ਸਭ ਦੇ ਖ਼ੁਆਬ ਨੂੰ।
ਹਰ ਇਲਾਕੇ ਦੀ ਪਸ਼ਤੈਨੀ,
ਜਾਇਦਾਦ ਤੇ ਮਾਲਕਾਨਾ ਹੱਕ,
ਨਹੀਂ ਦਿਖਾਉਦੇ ਦੱਸੋ ਆਪਣੇ,
ਪੀੜਾਂ ਦੇਣ ਵਾਲੇ ਵੱਡੇ ਸਾਹਿਬ ਨੂੰ।
ਵੱਡੇ ਵਡੇਰੇ , ਸਾਡੇ ਪੂਰਵਜਾਂ ਸਿੰਜ
ਮਿੱਟੀ ਆਪਣੇ ਖੂਨ ਪਸੀਨੇ ਨਾਲ,
ਨਹੀਂ ਖੋਹਣ ਦਾ ਕੋਈ ਵੀ,
ਅਖਤਿਆਰ ਕਿਸੇ ਵੀ ਨਵਾਬ ਨੂੰ।
ਕਣ-ਕਣ ਦਾ ਹੋਇਆ ਹੈ ਹਿਸਾਬ,
ਜ਼ਮੀਨੀ ਇੰਤਕਾਲ ਹੋਏ ਨੇ,
ਸਭ ਦੇਸ਼ ਵਾਸੀਆਂ ਦੇ ਨਾਂ,
ਕੁਦਰਤੀ ਆਫ਼ਤਾਂ ਦੇਣ ਮਿੱਟੀ ‘ਚ,
ਮਿਲਾ ਲਾਏ ਕਿਸੇ ਵੀ ਝੂਠੇ ਦਾਗ ਨੂੰ।
ਚਹਿਕਦੀਆਂ ਨੇ ਸਾਰੇ ਮੁਲਕ
ਵਿੱਚ ਸਭੇ ਕੋਇਲਾਂ ਤੇ ਚਿੜੀਆਂ,
ਸੁਣਾਉਣ ਲਈ ਇੱਕੋ ਜਿਹੇ ਰਾਗ ਨੂੰ।
ਪਹੁ-ਫੁਟਾਲੇ ਦੀ ਸੰਧੂਰੀ ਲਾਲੀ,
ਦਿੰਦਾ ਹੈ ਸੂਰਜ ਖ਼ੁਦ ਹੀ,
ਸਦੀਆਂ ਤੋਂ ਆਪਣੇ ਪੰਜਾਬ ਨੂੰ।
** |
3. ਪੰਜਾਬਣਾਂ
ਪੰਜਾਬਣਾਂ ਨੇ
ਮਾਣ ਪੰਜਾਬ ਦਾ।
ਮਹਿਕ ਵੰਡਣ ਜਿਉਂ ,
ਖਿੱੜਿਆ ਫੁੱਲਵਾੜੀ ਦੇ,
ਵਿੱਚ ਹੋਵੇ,
ਫੁੱਲ ਗੁਲਾਬ ਦਾ।
ਬਲੌਰੀ ਪਾਣੀ ਜਿਹੇ,
ਦਿਲ ਨੇ ਸਾਫ਼ ,
ਜਿਉਂ ਬਲੌਰੀ ਪਾਣੀ,
ਸਤਲੁਜ, ਰਾਵੀ,
ਵਿਆਸ, ਜੇਹਲਮ ਤੇ
ਚਨਾਬ ਦਾ।
ਪਹਿਨਣ ਜਦੋਂ ਆਪਣਾ,
ਪਹਿਰਾਵਾ।
ਪਵੇ ਭੁਲੇਖਾ ਮਲਕਾਰਾਣੀ,
ਦੇ ਸ਼ਬਾਬ ਦਾ।
** |
4. ਬੋਲੀ ਵੱਸਦੀ ਤੇਰੇ ਸਾਹਾਂ ਵਿੱਚ
ਰੁੱਖ, ਵੇਲਾਂ, ਬੂਟੇ, ਫੁੱਲ ਤੇ ਪੱਤੇ ਆਖਣ,
ਬੋਲੀ ਵੱਸਦੀ ਪਿੰਡਾਂ ਤੇ ਸ਼ਹਿਰਾਂ ਦੀਆਂ ਹਵਾਵਾਂ ਵਿੱਚ।
ਸੰਧੂਰੀ ਰੰਗ ਦੀ ਮਿੱਟੀ ਦੀ ਖੁਸ਼ਬੋ ਆਖੇ,
ਬੋਲੀ ਵੱਸਦੀ ਹੈ ਕਣ-ਕਣ ਤੇ ਸਭੇ ਹੀ ਥਾਂਵਾਂ ਵਿੱਚ।
ਪੋਹ-ਫੁਟਾਲੇ ਦੇ ਸੂਰਜ ਦੀ ਲਾਲੀ ਆਖੇ,
ਬੋਲੀ ਲੈ ਤੁਰਦੀ ਬੱਚਿਆਂ ਨੂੰ ਸਕੂਲਾਂ ਦੇ ਰਾਹਾਂ ਵਿੱਚ।
ਵਿਹੜੇ ਦਾ ਚੁੱਲ੍ਹਾ ਤੇ ਚੌਂਕਾਂ ਵੀ ਆਖਣ,
ਬੋਲੀ ਤਾਂ ਵੱਸਦੀ ਹੈ ਮਾਂ ਬਾਪ ਦੀਆਂ ਦੁਆਵਾਂ ਵਿੱਚ।
ਮਿਠਾਸ ਵੰਡਦੇ ਖੇਤਾਂ ਦੇ ਗੰਨੇ ਵੀ ਆਖਣ,
ਖੰਡ ਤੋਂ ਮਿੱਠੀ ਤੇਰੀ ਮਾਂ ਬੋਲੀ ਵੱਸਦੀ ਤੇਰੇ ਸਾਹਾਂ ਵਿੱਚ।
** |
5. ਸਹਿਕਦਾ ਅੱਥਰੂ
ਸਹਿਕਦਾ ਹੋਇਆ ਇੱਕ ਅੱਥਰੂ,
ਅੱਖ ਮੇਰੀ ਨਾਲ ਖਹਿ ਗਿਆ।
ਜਾਂਦਾ ਹੋਇਆ ਚੁੱਪ ਚੁਪੀਤੇ,
ਮੇਰੇ ਦਿਲ ਨੂੰ ਕਹਿ ਗਿਆ।
ਪੀੜ ਤੇਰੀ ਦੀ ਇਹ ਗਹਿਰਾਈ,
ਮੇਰੇ ਅੰਦਰ ਆਣ ਸਮਾਈ।
ਰਿਸਦੇ ਜ਼ਖ਼ਮ ਨੂੰ ਬੰਦ ਮੁੱਠੀ ਵਿੱਚ,
ਆਪਣੇ ਨਾਲ ਉਹ ਲੈ ਗਿਆ।
** |
6. ਫ਼ਕੀਰੀ
ਮਿਲੀ ਮੈਨੂੰ ਖੁਸ਼ੀ ਅੱਲਾ,
ਤੇਰੀ ਹੀ ਫ਼ਕੀਰੀ ‘ਚੋਂ।
ਲੈਣਾ ਨਹੀਂ ਕੁਝ ਵੀ ਮੈਂ,
ਪੈਸੇ ਦੀ ਅਮੀਰੀ ‘ਚੋਂ।
ਜੁੜੇ ਮੇਰੀ ਲਿਵ ਜਦੋਂ,
ਜਾਪੇ ਤੂੰ ਹੈਂ ਸਕੀਰੀ ‘ਚੋਂ।
ਰਾਜਾ ਜਿਹਾ ਹੋ ਜਾਂਦਾ ਮੈਂ,
ਕੀ ਲੈਣਾ ਮੈਂ ਵਜ਼ੀਰੀ ‘ਚੋਂ।
ਤੂੰਬੀ ਵਜਾਵਾਂ ਜਦੋਂ ਨਿੱਤ,
ਮਿਲੇ ਪਾਵਰ ਹਜੀਰੀ ‘ਚੋਂ।
ਫੇਰਾਂ ਤੇਰੇ ਨਾਮ ਦੀ ਮਾਲਾ,
ਸੁੱਖ ਮਿਲੇ ਨਾ ਜ਼ੰਜੀਰੀ ‘ਚੋਂ।
ਖੇਡਾਂ ਦੇ ਖੇਡਣੇ ਨਾ ਮਿਲੇ,
ਲਿਆ ਅਨੰਦ ਭੰਬੀਰੀ ‘ਚੋਂ।
ਲੈਂਟਰ ਵਾਲ਼ੀ ਛੱਤ ਨਾ ਭਾਵੇ,
ਮਿਲੇ ਚੈਨ ਬਾਲੇ ਸ਼ਤੀਰੀ ‘ਚੋਂ।
ਮਿਲੀ ਮੈਨੂੰ ਖੁਸ਼ੀ ਅੱਲਾ,
ਤੇਰੀ ਹੀ ਫ਼ਕੀਰੀ ‘ਚੋਂ।
ਲੈਣਾ ਨਹੀਂ ਕੁਝ ਵੀ ਮੈਂ,
ਪੈਸੇ ਦੀ ਅਮੀਰੀ ‘ਚੋਂ।
** |
7. ਮਾਂ ਬੋਲੀ
ਮਾਂ ਦੀ ਕੁੱਖ ਵਿੱਚੋਂ ਚੱਲ ਕੇ,
ਸਾਰਿਆਂ ਕੋਲ ਖ਼ੁਦ ਆਉਂਦੀ ਹੈ ਮਾਂ ਬੋਲੀ।
ਬੱਚਿਆਂ ਦੇ ਪੰਘੂੜੇ ਵਿੱਚੋਂ,
ਆਪਣੀਆਂ ਗੂੰਜਾਂ ਸੁਣਾਉਂਦੀ ਹੈ ਮਾਂ ਬੋਲੀ।
ਕਾਪੀ, ਸਲੇਟ ਅਤੇ ਫੱਟੀਆਂ ਉੱਤੇ,
ਅੱਖਰ ਲਿਖਣਾ ਵੀ ਸਿਖਾਉਂਦੀ ਹੈ ਮਾਂ ਬੋਲੀ।
ਕਾਇਦੇ ਤੋਂ ਲੈ ਕੇ ਕਿਤਾਬਾਂ ਤੱਕ,
ਪੰਜਾਬੀਆਂ ਨੂੰ ਆਪ ਪਹੁੰਚਾਉਂਦੀ ਹੈ ਮਾਂ ਬੋਲੀ।
ਡਿਪਲੋਮੇ, ਡਿਗਰੀਆਂ ਪੁਰਸਕਾਰ,
ਵਿਦਿਆਰਥੀਆਂ ਨੂੰ ਦਿਵਾਉਂਦੀ ਹੈ ਮਾਂ ਬੋਲੀ।
ਜ਼ਿੰਦਗੀ ਦੇ ਰਾਹਾਂ ਨੂੰ ਮੋਮਬੱਤੀ ਬਣ,
ਆਪਣੇ ਚਾਨਣ ਨਾਲ ਰੁਸ਼ਨਾਉਂਦੀ ਹੈ ਮਾਂ ਬੋਲੀ।
** |
8. ਕਿਉਂਕਿ ਮੈਂ ਹਾਂ ਇੱਕ ਔਰਤ
ਆਪਣੇ ਹੀ ਵਿਕਸਤ ਦੇਸ਼ ਵਿੱਚ,
ਵੱਸਦੀ ਹੋਈ ਪਿੰਡ ਤੇ ਸ਼ਹਿਰ
ਦੇ ਅੰਦਰ,
ਆਪਣੇ ਪਤੀ ਦੇ ਘਰ ਵਿੱਚ
ਮਹਿਸੂਸ ਕਿਵੇਂ ਕਰਾਂ ਕਿ,
ਮੈਂ ਬਿਲਕੁਲ ਸੁਰੱਖਿਅਤ ਹਾਂ!
ਸੁਰੱਖਿਅਤ !
ਲੱਗਦਾ ਹੈ ਡਰ ਧੁਰ ਅੰਦਰੋਂ,
ਮੇਰੀ ਆਪਣੀ ਰੂਹ ਨੂੰ।
ਬੇਸ਼ੱਕ ਮੈਂ ਮਜ਼ਬੂਤ ਹਾਂ ਬਹੁਤ,
ਸ਼ਾਇਦ!
ਲੋਹੇ ਦੀ ਤਰਾਂ ਮਜ਼ਬੂਤ !
ਕੀ ਕਰਾਂਗੀਂ ਉਸ ਗ਼ੁੱਸੇਖੋਰ ਭੀੜ ਨੂੰ।
ਜੋ ਪਤਾ ਨਹੀਂ ਕਿਹੜੇ ਪਾਸਿਉਂ,
ਪਾ ਲਵੇ ਘੇਰਾ ਮੈਨੂੰ ਚੁਫੇਰਿਉਂ!
ਉਧੇੜ ਦੇਣ ਮੇਰੀ ਚਮੜੀ,
ਨੋਚ ਦੇਣ ਮੇਰੇ ਇੱਕ ਇੱਕ ਵਾਲ ਨੂੰ।
ਮੇਰੇ ਲੂੰ-ਲੂੰ ਵਿੱਚੋਂ ਭਾਵੇ,
ਵਗਣ ਮੇਰੇ ਹੀ ਖੂਨ ਦੀਆਂ ਨਦੀਆਂ।
ਸ਼ਾਇਦ ਚੰਦ ਕੁ ਔਰਤਾਂ ਹੀ,
ਆਪਣੇ ਬਦਲੇ ਦੀ ਅੱਗ ਵਿੱਚ,
ਬਿਨ੍ਹਾਂ ਸਚਾਈ ਜਾਣਿਆਂ ਹੀ,
ਬੋਲ ਦੇਣ ਮੇਰੇ ਜਿਸਮ ਤੇ ਧਾਵਾ।
ਬਣਾ ਦੇਣ ਮੇਰੀ,
ਰੱਬ ਦੀ ਦਿੱਤੀ ਹੋਈ ਸੁੰਦਰ,
ਦਿੱਖ ਨੂੰ ਬੇਰੰਗ ਅਤੇ ਬੇਨੂਰ।
ਜਿੱਥੇ ਲੋਕ ਵੀ ਬਚਾਉਣ ਦੀ ਬਜਾਇ,
ਖੜ੍ਹ-ਖੜ੍ਹ ਦੇਖਣ ਤਮਾਸ਼ਾ।
ਮੇਰਾ ਡੂੰਘੀਆਂ ਅੰਦਰੂਨੀ ਸੱਟਾਂ ਤੇ,
ਬਾਹਰੀ ਸੱਟਾਂ ਦੇ ਨਮ ਹੋਏ ਜ਼ਖ਼ਮ,
ਸ਼ਾਇਦ ਕੋਈ ਨਹੀਂ ਭਰਨ ਵਾਲਾ।
ਜਿਨਾਂ ਨੇ ਮੇਰੀ ਰੂਹ ਨੂੰ ਵੀ,
ਕਰ ਦਿੱਤਾ ਹੈ ਜ਼ਖਮੀਂ।
ਕੌਣ ਦੇਵੇਗਾ ਉਨ੍ਹਾਂ,
ਹਤਿਆਰਿਆਂ ਨੂੰ ਸਜ਼ਾਵਾਂ,
ਜੋ ਮਲ੍ਹ ਕੇ ਗਏ ਨੇ ਮੇਰੇ,
ਮੂੰਹ ਤੇ ਬੇਕਸੂਰ ਕਾਲਖ਼।
ਜੋ ਕੋਈ ਨਹੀਂ ਧੋ ਸਕਦਾ,
ਕਈ ਜਨਮਾਂ ਤੀਕ,
ਮੇਰੇ ਆਪਣੇ ਚਿਹਰੇ ਤੋਂ,
ਬਣ ਕੇ ਮੇਰਾ ਆਪਣਾ,
ਵੱਡਾ ਦਾਹਵੇਦਾਰ।
ਕਹਿਣ ਨੂੰ ਤਾਂ ਤੁਹਾਡੀ ਸਾਇੰਸ,
ਪਹੁੰਚੀ ਹੈ ਚੰਦ ਤੇ।
ਲੱਭ ਲਏ ਨੇ ਸਾਰੇ ਹੀ,
ਅਕਾਸ਼ ਅਤੇ ਪਤਾਲ਼।
ਮੈਨੂੰ ਤਾਂ ਲੱਗਦਾ ਹੈ,
ਉਹੀ ਕਰੋੜਾਂ ਸਾਲ ਪੁਰਾਣਾ,
ਮਨੁੱਖ ਅਤੇ ਉਸਦੀ ਉਹੀ ਸੋਚ।
ਜਦੋਂ ਢੱਕਦਾ ਸੀ ਆਪਣਾ,
ਤਨ ਵੀ ਪੱਤਿਆਂ ਨਾਲ,
ਸ਼ਾਇਦ ਘੁੰਮਦਾ ਸੀ ਨਗਨ।
ਹੁਣ ਤਾਂ ਲੱਗਦਾ ਸੋਚ ਵੀ,
ਹੋਈ ਹੈ ਨਗਨ ਅਤੇ ਭ੍ਰਿਸ਼ਟ।
ਜਿਸ ਵਿੱਚ ਸੋਚ ਦੇ ਵਿਕਾਸ
ਦਾ ਨਹੀਂ ਕੋਈ ਵੀ,
ਨਾਮੋਂ-ਨਿਸ਼ਾਨ।
ਅਖੀਰ ਵਿੱਚ ਗੱਲ ਤਾਂ ਮੁੱਕਦੀ ਹੈ,
ਆ ਕੇ ਇੱਥੇ ਹੀ,
ਕਿਉਂਕਿ ਮੈਂ ਤਾਂ,
ਹਾਂ ਇੱਕ ਔਰਤ !
ਤੁਹਾਡੀ ਵਿਕਸਤ ਹੋਈ,
ਇੱਕੀਵੀਂ ਜਾਂ ਬਾਈਵੀਂ ਸਦੀ ਦੀ
ਔਰਤ ! ਔਰਤ ! ਔਰਤ !
**
ਜਸਵੰਤ ਕੌਰ ਬੈਂਸ (ਖਮਾਣੋਂ)
ਲੈਸਟਰ, ਯੂ ਕੇ
** |
|