|
ਅੱਜ ਸਿੱਖ ਪਂਥ ਕਈ ਭਰਮਾਂ ਦਾ ਸ਼ਿਕਾਰ ਹੈ । ਗੁਰੂ ਨਾਨਕ ਸਾਹਿਬ ਦੀ ਪਾਵਨ ਸੋਚ ਤੋਂ ਉਸਰੇ ਸਿੱਖ ਪੰਥ ਬਾਰੇ ਭਰਮ ਪੈਦਾ ਹੋਣਾ ਮਾਤਰ ਸਿੱਖ ਪੰਥ ਲਈ ਹੀ ਨਹੀ ਸਗੋਂ ਪੂਰੀ ਮਨੁੱਖਤਾ ਲਈ ਸੁਖਾਵਾਂ ਨਹੀ ਹੈ I ਜਿਸ ਕੌਮ ਦਾ ਆਧਾਰ ਹੀ ਭਾਈਚਾਰਾ ਤੇ ਬਰਾਬਰੀ ਦਾ ਹੋਵੇ , ਜਿਸ ਨੂੰ ਤਾਕਤ ਹੀ ਗੁਣਾਂ ਤੋਂ ਪ੍ਰਾਪਤ ਹੁੰਦੀ ਹੋਵੇ , ਉਸ ਕੌਮ ਨੂੰ ਢਾਹ ਲਾਉਣ ਦਾ ਜਤਨ ਕਿਸੇ ਦੇ ਵੀ ਹਿਤ ‘ਚ ਨਹੀ ਹੈ I ਜੋ ਕੌਮ ਦਿਨ ਦੀ ਅਰੰਭਤਾ ਤੇ ਸੰਪੂਰਨਤਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕਰਦੀ ਹੈ ਉਸ ਦੇ ਭਲੇ ‘ਚ ਤਾਂ ਸਰਬੱਤ ਦਾ ਭਲਾ ਹੈ I ਸਰਬੱਤ ਦਾ ਭਲਾ ਮੰਗਣਾ ਤੇ ਕਰਣਾ ਹਰ ਸਿੱਖ ਦਾ ਸੰਕਲਪ ਹੈ I ਇਸ ਸੰਕਲਪ ਨੂੰ ਪ੍ਰਾਪਤ ਕਰਨ ਦੀ ਤਾਕਤ ਸਹਿਜ ਤੇ ਸੰਜਮ ਜਿਹੇ ਰੱਬੀ ਗੁਣਾਂ ਤੋਂ ਮਿਲਦੀ ਹੈ I ਹਰ ਸਿੱਖ ਨੂੰ ਵੀ ਇਹ ਸਾਰ ਸਮਝ ਲੈਣਾ ਚਾਹੀਦੇ . ਸਿੱਖ ਕੌਮ ਦਾ ਮਾਰਗ ਗੁਰੂ ਸਾਹਿਬਾਨ ਦਾ ਦਰਸਾਇਆ ਮਾਰਗ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ I ਇਸ ਤੋਂ ਵੱਖ ਕੋਈ ਸਿਧਾਂਤ ਜਾ ਢੰਗ ਨਹੀ ਹੋ ਸਕਦਾ I ਸਿੱਖ ਕੌਮ ਬਾਰੇ ਇਤਿਹਾਸਕਾਰਾਂ ਨੇ ਕੀ ਕਿਹਾ , ਵਿਦਵਾਨਾਂ ਨੇ ਕੀ ਵਿਚਾਰਿਆ , ਅੱਜ ਅਸੀਂ ਕੀ ਸੋਚਦੇ ਹਾਂ , ਇਨ੍ਹਾਂ ਦਾ ਕੋਈ ਮੁੱਲ ਨਹੀ ਹੈ I ਮਹੱਤਵਪੂਰਨ ਹੈ ਤਾਂ ਗੁਰਬਾਣੀ I ਭਾਈ ਬਲਵੰਡ ਜੀ ਤੇ ਭਾਈ ਸੱਤਾ ਜੀ ਦੀ ਬਾਣੀ ਜੋ ਰਾਮਕਲੀ ਦੀ ਵਾਰ ‘ਚ ਸੁਸ਼ੋਭਿਤ ਹੈ ਗੁਰੂ ਸਾਹਿਬਾਨ ਨੂੰ ਉਸ ਸ਼ਹਸਵਾਰ ਦੇ ਰੂਪ ‘ਚ ਵੇਖਦੀ ਹੈ ਜੋ ਸਹਿਜ ਦੇ ਘੋੜੇ ਤੇ ਸਵਾਰ ਹਨ I ਉਸ ਸਹਿਜ ਦੇ ਘੋੜੇ ਤੇ ਜਤਿ ਦੀ ਕਾਠੀ ਪਈ ਹੋਈ ਹੈ I ਉਨ੍ਹਾਂ ਦੇ ਹੱਥ ‘ਚ ਸਤਿ ਦਾ ਧਨਖ ਹੈ ਜਿਸ ਨਾਲ ਉਹ ਪਰਮਾਤਮਾ ਦੇ ਜਸ ਦਾ ਬਾਨ ਚਲਾ ਰਹੇ ਹਨ I ਇਸ ਬਾਨ ਦੇ ਚੱਲਦੀਆਂ ਅਗਿਆਨ , ਭਰਮ , ਕੂੜ੍ਹ ਦਾ ਛਾਇਆ ਹਨੇਰਾ ਦੂਰ ਹੋ ਗਿਆ ਤੇ ਧਰਮ ਦਾ ਸੂਰਜ ਨਿਕਲ ਆਇਆ I ਜਿਸ ਦੀਆਂ ਕਿਰਨਾਂ ਨਾਲ ਸਾਰਾ ਸੰਸਾਰ ਰੋਸ਼ਨ ਹੋ ਗਿਆ I ਗੁਰੂ ਸਾਹਿਬਾਨ ਨੇ ਸੰਸਾਰ ਅੰਦਰ ਗੁਣਾਂ ਦੀ ਮਹੱਤਾ ਕਾਇਮ ਕੀਤੀ ਤੇ ਲੋਕਾਈ ਨੂੰ ਪ੍ਰੇਰਿਤ ਕੀਤਾ I ਗੁਰਸਿੱਖੀ ਤੇ ਸਿੱਖ ਕੌਮ ਦੀ ਗੱਲ ਸਹਿਜ , ਜਤ , ਸਤ ਤੇ ਗੁਣਾਂ ਦੀ ਰੋਸ਼ਨੀ ‘ਚ ਹੀ ਕੀਤੀ ਜਾ ਸਕਦੀ ਹੈ I ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ , ਸਿੱਖ ਤੋਂ ਖਾਲਸਾ ਤੱਕ ਦੇ ਸਫਰ ‘ਚ ਇਨ੍ਹਾਂ ਦੀ ਹੀ ਪ੍ਰਧਾਨਤਾ ਨਜਰ ਆਉਂਦੀ ਹੈ I ਗੁਰੂ ਨਾਨਕ ਸਾਹਿਬ ਦਾ ਭਗਤੀ ਦਾ ਮੁੱਢਲਾ ਸਿਧਾਂਤ ਨਾਮ ਸਿਮਰਨ ਹੀ ਮਨ ਦੀ ਸਹਿਜ ਅਵਸਥਾ ਤਿਆਰ ਕਰਨ ਵਾਲਾ ਸੀ I ਸੇਵਾ , ਸਮਰਪਣ , ਸਾਂਝੀਵਾਲਤਾ , ਪਰੋਪਕਾਰ ਜਿਹੇ ਗੁਣ ਸਹਿਜ ਅਵਸਥਾ ਦਾ ਹੀ ਫਲ ਸਨ I ਸਿੱਖੀ ਬਲਿਦਾਨ ਵੀ ਇੱਸੇ ਰੰਗ ਵਿੱਚ ਰੰਗੇ ਹੋਏ ਸਨ I ਸਿੱਖ ਗੁਰੂ ਸਾਹਿਬਾਨ ਨੇ ਜੰਗਾਂ ਜਿੱਤੀਆਂ ਪਰ ਰਾਜ ਨਹੀ ਕਾਇਮ ਕੀਤੇ ਕਿਉਂਕਿ ਉਨ੍ਹਾਂ ਦਾ ਮਿਸ਼ਨ ਤਾਂ “ ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ “ ਦਾ ਸੀ I ਸਿੱਖ ਕੌਮ ਦਾ ਵੀ ਇਹੋ ਮਿਸ਼ਨ ਹੈ ਕਿ ਸ਼ੁਭ ਗੁਣਾਂ ਦੀ ਖੇਤੀ ਹੋਵੇ ਤੇ ਜੀਵਨ ਸਦਾ ਗੁਣਾ ਤੇ ਹੀ ਟਿਕੇ I ਭੱਟ ਕਵੀ ਕਲਸਹਾਰ ਜੀ ਨੇ ਗੁਰੂ ਨਾਨਕ ਸਾਹਿਬ ਮਹਿਮਾ ਦਾ ਬਖਾਨ ਕਰਦਿਆਂ ਉਨ੍ਹਾਂ ਦੇ ਰਾਜ ਜੋਗ ਦੇ ਦਰਸ਼ਨ ਕੀਤੇ I ਰਾਜ ਤੇ ਜੋਗ ਦੋ ਵੱਖ ਵੱਖ ਸ਼ਬਦ ਹਨ I ਰਾਜ ਸ਼ਬਦ ਖਤਰਿਆਂ ਦੇ ਸੰਦਰਭ ‘ਚ ਤੇ ਜੋਗ ਸ਼ਬਦ ਬ੍ਰਾਹਮਣਾਂ ਦੇ ਸੰਦਰਭ ‘ਚ ਵਰਤਿਆ ਜਾਂਦਾ ਸੀ I ਰਾਜ ਤੋਂ ਭਾਵ ਬਾਦਸ਼ਾਹਤ ਸੀ I ਜੋਗ ਤੋਂ ਭਾਵ ਭਗਤੀ , ਧਰਮ , ਕਰਮ ਸੀ I ਗੁਰੂ ਨਾਨਕ ਸਾਹਿਬ ਨੇ ਕਿਸੇ ਇਕ ਖੇਤਰ ਵਿੱਚ ਨਹੀ ਪੂਰੇ ਸੰਸਾਰ ਅੰਦਰ ਰਾਜ ਦੀ ਕਲਪਨਾ ਕੀਤੀ . ਇਹ ਰਾਜ ਨਿਜੀ ਹੁਕੂਮਤ ਨਹੀ , ਗੁਣਾਂ ਦਾ ਰਾਜ ਸੀ I ਗੁਣਾਂ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਭਗਤੀ ਤੇ ਪਰਮਾਤਮਾ ਨਾਲ ਮੇਲ ਦਾ ਮਾਰਗ ਦੱਸਿਆ I ਰਾਜ ਜੋਗ ਮਨੁੱਖੀ ਜੀਵਨ ਦੀ ਇਕ ਆਦਰਸ਼ ਵਿਵਸਥਾ ਸੀ I ਇਸ ਲਈ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਰਹਿਤ ਮਰਿਆਦਾ ਦਾ ਪਾਬੰਦ ਵੀ ਕੀਤਾ I ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਇਸ ਵਿਵਸਥਾ ਨੂੰ ਬਚਾਉਣ ਲਈ ਹੀ ਹੋਏ I ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਖਾਲਸਾ ਇਸ ਰਾਜ ਜੋਗ ਦਾ ਰਖਵਾਲਾ ਸੀ . ਅੱਜ ਵੀ ਸਿੱਖ ਕੌਮ ਤੇ ਇਹੋ ਮਰਿਆਦਾ ਤੇ ਜਿੰਮੇਵਾਰੀ ਲਾਗੂ ਹੁੰਦੀ ਹੈ I ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਅੱਜ ਰਾਜ ਜੋਗ ਦੇ ਸੰਕਲਪ ਨੂੰ ਕਿੰਨਾ ਸਮਝਦਾ ਹੈ ਤੇ ਇਸ ਲਈ ਕਿੰਨਾ ਸਮਰਪਿਤ ਹੈ I ਜੇ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਿਹਾ ਜਾ ਰਿਹਾ ਹੈ ਤਾਂ ਸਿੱਖਾਂ ਨੂੰ ਆਤਮ ਪੜਚੋਲ ਜਰੂਰ ਕਰਣੀ ਚਾਹੀਦੀ ਹੈ ਕਿ ਅਜਿਹੇ ਹਾਲਾਤ ਕਿਉਂ ਬਣੇ I ਹਿੰਸਾ ਨਾਲ ਸਿੱਖਾਂ ਦਾ ਕੀ ਸਬੰਧ ਹੈ ਇਸ ਬਾਰੇ ਵੀ ਬਹਿਸ ਹੋਣੀ ਚਾਹੀਦੀ ਹੈ ਤਾਂ ਜੋ ਨਵੀਆਂ ਪੀੜ੍ਹੀਆਂ ਜੋ ਇਤਿਹਾਸ ਤੇ ਗੁਰਬਾਣੀ ਦੇ ਬਹੁਤਾ ਨੇੜੇ ਨਹੀ ਹਨ , ਸਚ ਦੇ ਰੂਬਰੂ ਹੋ ਸਕਣ I ਸਿੱਖ ਗੁਰੂ ਸਾਹਿਬਾਨ ਨੇ ਸਦਾ ਹੀ ਆਪਨੇ ਜੀਵਨ ‘ਚ ਅਨਸੁਖਾਵੇਂ ਹਾਲਾਤ ਟਾਲਣ ਦੇ ਜਤਨ ਕੀਤੇ I ਗੁਰੂ ਅੰਗਦ ਸਾਹਿਬ ਦਾ ਖਡੂਰ ਸਾਹਿਬ ਚਲੇ ਜਾਣਾ , ਗੁਰੂ ਅਮਰਦਾਸ ਸਾਹਿਬ ਦਾ ਗੋਇੰਦਵਾਲ ਸਾਹਿਬ ਚਲੇ ਜਾਣਾ , ਗੁਰੂ ਹਰਿਗੋਬਿੰਦ ਸਾਹਿਬ ਦਾ ਅੰਮ੍ਰਿਤਸਰ ਤੋਂ ਕੀਰਤਪੁਰ ਚਲੇ ਜਾਣਾ , ਉਨ੍ਹਾਂ ਦੇ ਸੰਜਮ , ਸਹਿਜ ਦੀਆਂ ਪ੍ਰੇਰਕ ਮਿਸਾਲਾਂ ਹਨ I ਗੁਰੂ ਹਰਿਰਾਇ ਜੀ ਨੇ ਫੌਜ ਹੁੰਦੀਆਂ ਵੀ ਫੌਜ ਦੀ ਵਰਤੋਂ ਨਹੀ ਕੀਤੀ I ਗੁਰੂ ਹਰਿਗੋਬਿੰਦ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਆਪ ਕੋਈ ਜੰਗ ਨਹੀ ਛੇੜੀ , ਬਸ ਹੰਮਲਿਆਂ ਦਾ ਮੁਕਾਬਲਾ ਕੀਤਾ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਚਨ ਕੀਤੇ ਕਿ ਤਲਵਾਰ ਚੁੱਕਣਾ ਤਾਂ ਅੰਤਮ ਕਦਮ ਹੈ I ਗੰਭੀਰਤਾ ਨਾਲ ਵੀਚਾਰਨ ਦੀ ਲੋੜ ਹੈ ਕਿ ਸਿੱਖ ਕੌਮ ਅੰਦਰ ਸਹਿਜ , ਸੰਜਮ , ਸੇਵਾ , ਸਮਰਪਣ ਜਿਹੇ ਗੁਣਾਂ ਦਾ ਮਾਣ ਤੇ ਭਰੋਸਾ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਅਨੁਸਾਰ ਕਿੰਨਾ ਕੁ ਕਾਇਮ ਹੈ I ਇਹ ਸਾਡੇ ਆਚਾਰ ਵਿੱਚ ਕਿੰਨਾ ਪਰਗਟ ਹੋ ਰਿਹਾ ਹੈ I ਸਿੱਖੀ ਦਾ ਗੌਰਵਮਈ ਵਿਰਸਾ ਗੁਣਾਂ ਤੇ ਪਹਿਰਾ ਦੇਣਾ ਹੈ I ਇਸ ਲਈ ਬਲਿਦਾਨ ਵੀ ਦੇਣਾ ਪਿਆ ਤਾਂ ਸਿੱਖ ਪਿਛਾਂਹ ਨਹੀ ਹਟੇ I ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਸੁਣ ਕੇ ਉਨ੍ਹਾਂ ਦੇ ਅਨੁਆਈ ਬਣਨ ਵਾਲੇ ਵੀ ਉੰਨੇ ਹੀ ਬਲੀਦਾਨੀ ਸਨ ਜਿੰਨੇ ਜੰਗ ਵਿੱਚ ਜਾਨਾਂ ਵਾਰਨ ਵਾਲੇ I ਸਦੀਆਂ ਤੋਂ ਕਾਇਮ ਪਰੰਪਰਾਵਾਂ ਨੂੰ ਤਿਆਗ , ਕੂੜ੍ਹ , ਅਡੰਬਰ ਤੋਂ ਉਬਰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਨਾ ਇਕ ਮਹਾਨ ਤਿਆਗ ਸੀ ਜਿਸ ਲਈ ਬਹੁਤ ਹਿੰਮਤ ਦੀ ਲੋੜ ਸੀ I ਉਹ ਧਰਮ ਦੇ ਸੱਚੇ ਯੋਧੇ ਸਨ I ਅੱਜ ਗੁਰਸਿੱਖ ਆਪਣੀ ਅਰਦਾਸ ਵਿੱਚ ਪਹਿਲਾਂ ਉਨ੍ਹਾਂ ਜਪੀਆਂ , ਤਪੀਆਂ ਦਾ ਧਿਆਨ ਕਰਦਾ ਹੈ ਜਿਨ੍ਹਾਂ ਨਾਮ ਜਪਿਆ , ਵੰਡ ਛਕਿਆ I ਕੁਰਬਾਨੀਆਂ ਨੂੰ ਵੀ ਉਹ ਇਸ ਕਾਰਨ ਯਾਦ ਕਰਦਾ ਹੈ ਕਿ ਧਰਮ ਨਹੀ ਹਾਰਿਆ , ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ I ਅਰਦਾਸ ਦੀ ਗਹਿਰਾਈ ਵਿੱਚ ਗਿਆਂ ਸਿੱਖੀ ਫਲਸਫਾ ਸਮਝ ਆਉਣ ਲੱਗਦਾ ਹੈ I ਲੋੜ ਹੈ ਕਿ ਸਿੱਖ ਕੌਮ ਪਹਿਲਾਂ ਆਪ ਆਪਨੇ ਸਿਧਾਂਤਕ ਆਧਾਰ ਸਮਝੇ , ਧਾਰਣ ਕਰੇ ਤਾਂ ਹੀ ਦੂਜਿਆਂ ਦੇ ਭਰਮ ਤੋੜ ਸਕੇਗੀ I ਗੁਰਸਿੱਖੀ ਦੇ ਮੂਲ ਸਿਧਾਂਤਾਂ ਤੇ ਇਕ ਕੋਰਸ ਤਿਆਰ ਕੀਤਾ ਜਾਣਾ ਚਾਹੀਦੇ ਜੋ ਹਰ ਸਿੱਖ ਲਈ ਲਾਜਮੀ ਹੋਵੇ I ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਸਥਾਨਕ ਸਿੰਘ ਸਭਾਵਾਂ ਰਾਹੀਂ ਇਸ ਕੋਰਸ ਨੂੰ ਲਾਗੂ ਕਰਾਇਆ ਜਾਵੇ I ਇਹ ਕੋਸ਼ਿਸ਼ ਹੋਵੇ ਕਿ ਕੋਰਸ ਕਰਨ ਤੋਂ ਬਾਅਦ ਸਿੱਖ ਕੌਮ ਬਾਰੇ ਇਕ ਪ੍ਰਮਾਣਿਕ ਸੋਚ ਵਿਕਸਿਤ ਕਰ ਸਕਣ ਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਾਇਕ ਹੋ ਸਕਣ I ਅੱਜ ਹਰ ਕੋਈ ਸਿੱਖ ਕੌਮ , ਸਿੱਖੀ ਤੇ ਸਿੱਖ ਦੀ ਆਪੋ ਆਪਨੇ ਢੰਗ ਨਾਲ ਵਿਆਖਿਆ ਕਰ ਰਿਹਾ ਹੈ I ਜਿੱਥੇ ਵਾਦ ਵਿਵਾਦ ਦੀ ਸ਼ੰਕਾ ਹੋਵੇ ਲੋਗ ਮੌਨ ਧਾਰਨ ਕਰ ਲੈਂਦੇ ਹਨ I ਕੁਝ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਪ੍ਰਚਾਰਕ ਕੋਲੋਂ ਸਥਾਨਕ ਸਿੱਖਾਂ ਨੇ ਮੀਟ ਖਾਨ ਬਾਬਤ ਪੁਛਿਆ I ਉਹ ਪਹਿਲਾਂ ਤਾਂ ਟਾਲ ਮਟੋਲ ਕਰਦੇ ਰਿਹੇ ਫਿਰ ਕੋਈ ਕਿੱਸਾ ਸੁਨਾ ਚਰਚਾ ਬਦਲ ਦਿੱਤੀ I ਦਰਅਸਲ ਸਚ ਦਾ ਗਿਆਨ ਹੋਣਾ ਚਾਹੀਦੇ ਤੇ ਸਚ ਕਹਿਣ ਦਾ ਆਤਮ ਬਲ ਵੀ ਹੋਣਾ ਚਾਹੀਦੇ I ਗੁਰੂ ਨਾਨਕ ਸਾਹਿਬ ਨੇ ਦੁਨੀਆਂ ਅੰਦਰ ਸਚ ਪਰਗਟ ਕੀਤਾ I ਸਚ ਦਾ ਸੁਨੇਹਾ ਦੇਣ ਲਈ ਹੀ ਉਨ੍ਹਾਂ ਧਰਮ ਯਾਤਰਾਵਾਂ ਕੀਤੀਆਂ ਤੇ ਧਰਤੀ ਦੇ ਹਰ ਕੋਨੇ ਤੱਕ ਗਏ I ਸਚ ਨੂੰ ਸਵੀਕਾਰ ਕਰਣਾ ਬਹੁਤ ਕਠਿਨ ਹੁੰਦਾ ਹੈ I ਸਚ ਦਾ ਵਿਰੋਧ ਵੀ ਸਭ ਤੋਂ ਜਿਆਦਾ ਹੁੰਦਾ ਹੈ ਤੇ ਸਚ ਦੇ ਨਾਲ ਖੜੇ ਹੋਣ ਵਾਲੇ ਵੀ ਵਿਰਲੇ ਹੀ ਹੁੰਦੇ ਹਨ I ਗੁਰੂ ਸਾਹਿਬਾਨ ਬਾਰੇ ਤੇ ਗੁਰਬਾਣੀ ਬਾਰੇ ਕਈ ਭਰਮ ਪੈਦਾ ਕੀਤੇ ਗਏ ਜਿਨ੍ਹਾਂ ਦੀ ਨਿਵਰਤੀ ਗੁਰੂ ਸਾਹਿਬਾਨ ਅਤਿ ਸਹਿਜ ਤੇ ਸੰਜਮ ਨਾਲ ਕਰਦੇ ਰਹੇ ਤੇ ਕਾਮਿਆਬ ਹੋਏ I ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਫਰਨਾਮੇ ਨੇ ਔਰੰਗਜੇਬ ਜਿਹੇ ਵਹਿਸ਼ੀ ਬਾਦਸ਼ਾਹ ਦੀ ਮਨੋਦਸ਼ਾ ਬਦਲ ਦਿੱਤੀ ਸੀ ਤੇ ਉਹ ਪਛਤਾਵੇ ਨਾਲ ਭਰ ਗਿਆ ਸੀ I ਭਰਮ ਤੇ ਕੂੜ੍ਹ ਪ੍ਰਚਾਰ ਦਾ ਜਵਾਬ ਸੰਜਮ ਤੇ ਸਹਿਜ ਨਾਲ ਹੀ ਦਿੱਤਾ ਜਾ ਸਕਦਾ ਹੈ ਜੋ ਸਿੱਖ ਕੌਮ ਦੇ ਮੁੱਢਲੇ ਆਦਰਸ਼ ਹਨ I ਸਚ ਹਰ ਕੋਈ ਜਾਣਨਾ ਚਾਹੁੰਦਾ ਹੈ ਤੇ ਸਵੀਕਾਰ ਵੀ ਕਰਣਾ ਚਾਹੁੰਦਾ ਹੈ I ਇਸ ਲਈ ਗੁਰੂ ਸਾਹਿਬਾਨ ਦੇ ਵਰਤੇ ਢੰਗ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ I ਸਿੱਖੀ ਤੇ ਸਿੱਖ ਕੌਮ ਬਾਰੇ ਸਟੀਕ ਤੇ ਸੱਚੀ ਜਾਨਕਾਰੀ ਲੋਕਾਂ ਤੱਕ ਪੁੱਜੇ ਇਸ ਲਈ ਇੱਕ ਵੱਡੀ ਮੁਹਿਮ ਚਲਾਈ ਜਾਣੀ ਚਾਹੀਦੀ ਹੈ I ਸਿੱਖ ਕੌਮ ਜਜਬਾਤਾਂ ਦੀ ਨਹੀ ਭਾਵਨਾਵਾਂ ਦੀ ਕੌਮ ਹੈ I ਜਜਬਾਤ ਫੌਰੀ ਹਾਲਾਤ ਤੋਂ ਪੈਦਾ ਹੁੰਦੇ ਹਨ I ਭਾਵਨਾਵਾਂ ਕਿਸੇ ਫਲਸਫੇ ਤੇ ਸੋਚ ਤੋਂ ਜਨਮ ਲੈਂਦੀਆਂ ਹਨ I ਸਿੱਖੀ ਭਾਵਨਾਵਾਂ ਦਾ ਸ੍ਰੋਤ ਗੁਰਬਾਣੀ ਹੈ । ਇਹ ਫਰਕ ਸਮਝਣ ਦੀ ਲੋੜ ਹੈ I |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com

by 