-ਸ਼ਹੀਦੀ ਦਿਹਾੜੇ ਤੇ ਵਿਸ਼ੇਸ਼-
|
|
ਅੱਜ ਸਵੇਰੇ ਨਿੱਤ ਨੇਮ ਤੋਂ ਵਿਹਲੀ ਹੋ, ਮੈਂ ਰੋਜ਼ਾਨਾ ਦੀ ਤਰ੍ਹਾਂ ਵਟਸਐਪ ਦੇ ਆਏ ਸੁਨੇਹੇ ਦੇਖਣ ਲਗ ਪਈ। ਵੱਖ ਵੱਖ ਗਰੁੱਪਾਂ ‘ਚੋਂ ਆਏ ਢੇਰ ਸਾਰੇ ਮੈਸਜ ਦੇਖਣ ਬਾਅਦ, ਡਲੀਟ ਕਰਕੇ, ਹਰ ਰੋਜ਼ ਫੋਨ ਨੂੰ ਹੌਲ਼ਾ ਕਰਨਾ ਪੈਂਦਾ ਹੈ, ਤਾਂ ਕਿ ਅਗਲੇ ਦਿਨ ਲਈ ਜਗ੍ਹਾ ਬਣਾਈ ਜਾ ਸਕੇ। “ਦੁਖਦਾਈ ਖਬਰ- ਪੰਜਾਬ ‘ਚ ਕੁੜੀ ਦੇ ਵਿਆਹ ਮੌਕੇ, ਪਿਉ ਦੇ ਦੋਸਤ ਵਲੋਂ ਸ਼ੁਗਲ ਵਜੋਂ ਚਲਾਈ ਗੋਲੀ ਨਾਲ, 22 ਸਾਲਾ ਮੁਟਿਆਰ ਦੀ ਮੌਤ!” ਦਾ ਸੁਨੇਹਾ ਪੜ੍ਹਦਿਆਂ ਸਾਰ ਮੇਰਾ ਦਿੱਲ ਵਲੂੰਧਰਿਆ ਗਿਆ। ਮੈਂ ਸੋਚਣ ਤੇ ਮਜਬੂਰ ਹੋ ਗਈ ਕਿ- ਅਸੀਂ ਪੰਜਾਬੀ ਜੋ ਆਪਣੇ ਆਪ ਨੂੰ ਭਗਤ ਸਿੰਘ ਤੇ ਸਰਾਭੇ ਵਰਗਿਆਂ ਦੇ ਵਾਰਿਸ ਮੰਨਦੇ ਹਾਂ- ਕਿਧਰ ਨੂੰ ਜਾ ਰਹੇ ਹਾਂ ਆਖਿਰ? ਕਿਉਂ ਸਾਡੀ ਮੱਤ ਤੇ ਪੜਦਾ ਪੈ ਗਿਆ? ਸਾਡੀ ਸੋਚ ਹਥਿਆਰਾਂ ਤੱਕ ਹੀ ਸੀਮਤ ਕਿਉਂ ਰਹਿ ਗਈ? ਇਹ ਕੇਵਲ ਇੱਕ ਖਬਰ ਦੀ ਗੱਲ ਨਹੀਂ, ਸਗੋਂ ਅਜਿਹੀਆਂ ਵਾਰਦਾਤਾਂ ਨੂੰ ਜੇ ਆਮ ਵਰਤਾਰਾ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਕਦੇ ਇਹਨਾਂ ਸ਼ੁਗਲਾਂ ਨਾਲ, ਕਿਸੇ ਡਾਂਸਰ ਲੜਕੀ ਦੀ ਜਾਨ ਚਲੀ ਜਾਂਦੀ ਹੈ, ਕਦੇ ਵਿਆਹ ਦੇਖਣ ਆਇਆ ਕੋਈ ਨੌਜਵਾਨ ਮਾਰਿਆ ਜਾਂਦਾ ਹੈ, ਕਦੇ ਕਿਸੇ ਹੋਰ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਹੈ ਤੇ ਵਿਆਹ ਦੀ ਥਾਂ ਘਰ ਵਿੱਚ ਸੱਥਰ ਵਿਛ ਜਾਂਦਾ ਹੈ। ਇਹ ਹਥਿਅਰ ਕੋਈ ਬਚਿਆਂ ਦੇ ਖਿਡੌਣੇ ਨਹੀਂ ਕਿ ਸ਼ੁਗਲ ਲਈ ਵਿਆਹ ਵਿੱਚ ਲਿਜਾਏ ਜਾਣ। ਕਿਉਂ ਨਹੀਂ ਮਨ੍ਹਾਹੀ ਹੁੰਦੀ ਹਥਿਆਰਾਂ ਦੀ, ਪੈਲੇਸ ਵਿੱਚ ਲਿਜਾਣ ਤੇ? ਜਦੋਂ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਚਾਰ ਦਿਨ ਰੌਲ਼ਾ ਪੈਂਦਾ ਹੈ- ਪਰਨਾਲਾ ਫਿਰ ਉਥੇ ਦਾ ਉਥੇ। ਸਰਕਾਰਾਂ ਪੈਲੇਸ ਵਾਲਿਆਂ ਨੂੰ ਕਹਿ ਛੱਡਦੀਆਂ ਹਨ ਤੇ ਉਹ ਲੋਕਾਂ ਨੂੰ ਕਸੂਰਵਾਰ ਦੱਸ ਕੇ, ਗੋਂਗਲੂਆਂ ਤੋਂ ਮਿੱਟੀ ਝਾੜ ਛੱਡਦੇ ਹਨ। ਅਸਲ ਵਿੱਚ ਜੇ ਸੋਚਿਆ ਜਾਵੇ ਤਾਂ ਕਸੂਰਵਾਰ ਤਾਂ ਸਾਰੇ ਹੀ ਹਨ। ਜੇ ਸਰਕਾਰ ਪੈਲੇਸਾਂ ਤੇ ਸ਼ਿਕੰਜਾ ਕੱਸੇ ਤੇ ਜਿੱਥੇ ਕੋਈ ਅਜਿਹੀ ਘਟਨਾ ਵਾਪਰੇ, ਉਸ ਦਾ ਲਾਇਸੈਂਸ ਰੱਦ ਕਰ ਦੇਵੇ ਤਾਂ ਉਹ ਆਪੇ ਹੀ ਪਹਿਰਾ ਦੇਣਗੇ ਗੇਟ ਤੇ ਕਿ- ਕੋਈ ਬੰਦਾ ਹਥਿਆਰ ਲੈ ਕੇ ਅੰਦਰ ਨਾ ਆਵੇ ਤੇ ਫਿਰ ਆਪੇ ਸਾਡੇ ਲੋਕਾਂ ਨੂੰ ਵੀ ਸਮਝ ਆ ਜਾਏਗੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਕੀ ਸਾਡੇ ਸ਼ਹੀਦਾਂ ਨੇ ਇਹਨਾਂ ਹਥਿਆਰਾਂ ਦੀ ਖੁਲ੍ਹੀ ਤੇ ਬੇਰੋਕ ਵਰਤੋਂ ਲਈ ਆਪਣੀਆਂ ਜਾਨਾਂ ਵਾਰੀਆਂ ਸਨ? ਉਹਨਾਂ ਤਾਂ ਸਾਡੇ ਉੱਜਲੇ ਭਵਿੱਖ ਦੇ ਸੁਪਨੇ ਸਿਰਜੇ ਸਨ- ਜਿੱਥੇ ਹਰ ਕੋਈ ਬਰਾਬਰ ਹੋਵੇ, ਲੁੱਟ ਖਸੁੱਟ ਖਤਮ ਹੋਵੇ, ਮਨੁਖੀ ਅਧਿਕਾਰਾਂ ਦੀ ਰਾਖੀ ਹੋਵੇ, ਤੇ ਬਿਹਤਰ ਸਮਾਜ ਦੀ ਸਿਰਜਣਾ ਹੋਵੇ, ਸਭ ਨੂੰ ਬਰਾਬਰ ਦਾ ਨਿਆਂ ਪ੍ਰਾਪਤ ਹੋਵੇ, ਬਰਾਬਰ ਦੀਆਂ ਸੁੱਖ ਸਹੂਲਤਾਂ ਹੋਣ। ਪਰ ਕੀ ਅਸੀਂ ਉਸ ਸੋਚ ਤੇ ਪਹਿਰਾ ਦਿੱਤਾ ਹੈ? ਸਾਡੇ ਕਈ ਨੌਜਵਾਨ ਭਗਤ ਸਿੰਘ ਦੀ ਪਿਸਤੌਲ ਵਾਲੀ ਫੋਟੋ ਨੂੰ ਹੀ ਆਪਣਾ ਰੋਲ ਮਾਡਲ ਬਣਾ, ਉਸੇ ਤਰ੍ਹਾਂ ਦਾ ਟੋਪ (ਹੈਟ) ਪਾ ਕੇ ਤੇ ਹੱਥ ਵਿੱਚ ਪਿਸਤੌਲ ਫੜਕੇ, ਭਗਤ ਸਿੰਘ ਵਰਗਾ ਹੋਣ ਦਾ ਭਰਮ ਪਾਲ਼ ਲੈਂਦੇ ਹਨ। ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ- ਭਗਤ ਸਿੰਘ ਇੱਕ ਸੋਚ ਦਾ ਨਾਂ ਹੈ। ਉਸਦਾ ਭੇਸ ਬਦਲਨਾ, ਸਮੇਂ ਦੀ ਲੋੜ ਅਨੁਸਾਰ, ਉਸ ਦੇ ਮਿਸ਼ਨ ਦੀ ਪੂਰਤੀ ਲਈ, ਇੱਕ ਜਰੂਰੀ ਦਾਅ ਪੇਚ ਸੀ। ਉਸ ਦੀ ਫਾਂਸੀ ਤੋਂ ਪਹਿਲਾਂ ਦੀ ਹਵਾਲਾਤ ਵਿੱਚ, ਮੰਜੀ ਤੇ ਬੈਠੇ ਦੀ ਨੰਗੇ ਸਿਰ ਵਾਲੀ ਫੋਟੋ ਵਿੱਚ, ਬੜਾ ਸੁਹਣਾ ਕੇਸਾਂ ਦਾ ਜੂੜਾ ਵੀ ਨਜ਼ਰ ਆਉਂਦਾ ਹੈ। ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੀਆਂ ਸਭਾਵਾਂ ਸੰਸਥਾਵਾਂ ਨੂੰ ਮੇਰੀ ਅਪੀਲ ਹੈ ਕਿ- ਉਸ ਦੀ ਸੋਚ ਦਾ ਪ੍ਰਚਾਰ ਕਰਨ ਲਈ, ਉਸ ਦੀ ਦਸਤਾਰ ਵਾਲੀ ਜਾਂ ਪੁਸਤਕ ਪੜ੍ਹਦੇ ਦੀ ਜਾਂ ਕੁੱਝ ਲਿਖਦੇ ਦੀ ਫੋਟੋ ਵੀ ਵਰਤੀ ਜਾਵੇ। ਨੌਜਵਾਨਾਂ ਨੂੰ ਇਹ ਸਭ ਕੁੱਝ ਦੱਸਣ ਦੀ ਲੋੜ ਹੈ ਕਿ- ‘ਉਸ ਨੇ ਇੰਨੀ ਛੋਟੀ ਉਮਰ ਵਿੱਚ ਕਿੰਨਾ ਉਸਾਰੂ ਸਾਹਿਤ ਪੜ੍ਹਿਆ ਸੀ!’ ‘ਉਹ ਹਰ ਗੱਲ ਦਲੀਲ ਨਾਲ ਕਰਦਾ ਸੀ!’ ‘ਉਸ ਨੇ ਆਪਣੇ ਕੇਸ ਦੀ ਜੱਜ ਸਾਹਿਬਾਨ ਨਾਲ ਆਪੇ ਬਹਿਸ ਕੀਤੀ- ਕਿਸੇ ਵਕੀਲ ਦੀ ਜਰੂਰਤ ਨਹੀਂ ਸਮਝੀ!’ ‘ਉਸ ਨੇ ਨਸ਼ਿਆਂ ਨੂੰ ਕਦੇ ਹੱਥ ਨਹੀਂ ਸੀ ਲਾਇਆ!’ ਆਦਿ। ਉਸ ਨੂੰ ਤਾਂ ਹਾਲਾਤ ਦੀ ਲੋੜ ਅਨੁਸਾਰ, ਮੁਰਦਾ ਹੋਈ ਕੌਮ ਨੂੰ ਜਗਾਉਣ ਲਈ ਤੇ ਹਤਿਆਰਿਆਂ ਦਾ ਟਾਕਰਾ ਕਰਨ ਲਈ, ਹਥਿਆਰ ਦੀ ਵਰਤੋਂ ਕਰਨੀ ਪਈ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਦੀ ਦੇ ਮਹਾਨ ਵਾਕ ਦਾ ਸੱਚਾ ਅਨੁਯਾਈ ਸੀ ਕਿ- ‘ਜਦੋਂ ਸਾਰੇ ਹੀਲੇ ਫੇਲ੍ਹ ਹੋ ਜਾਣ ਤਾਂ ਤਲਵਾਰ ਉਠਾਉਣੀ ਜਾਇਜ਼ ਹੈ’। ਉਸ ਨੂੰ ਸਿੱਖ ਇਤਿਹਾਸ ਦਾ ਵੀ ਪੂਰਾ ਗਿਆਨ ਸੀ। ਪਰ ਅਜੋਕੇ ਸਮੇਂ ਵਿੱਚ ਵਿਆਹਾਂ ਤੇ ਖੁਸ਼ੀਆਂ ਦੇ ਮੌਕੇ, ਨਸ਼ਿਆਂ ਦੀ ਅੰਨ੍ਹੀ ਵਰਤੋਂ ਹੇਠ, ਹਥਿਆਰਾਂ ਦੀ ਖੁੱਲ੍ਹੀ ਖੇਡ ਖੇਡ ਕੇ, ਮਾਸੂਮਾਂ ਦੇ ਖੂਨ ਦੀ ਹੋਲੀ ਖੇਡੀ ਜਾਣ ਲੱਗ ਪਈ ਹੈ। ਇਸ ਮਾੜੇ ਰੁਝਾਨ ਨੂੰ ਰੋਕਣ ਲਈ, ਨੌਜਵਾਨਾਂ ਨੂੰ ਉਸਾਰੂ ਸਾਹਿਤ ਪੜ੍ਹਨ ਦੀ ਚੇਟਕ ਲਾਉਣੀ, ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਅਤੇ ਖੇਡਾਂ ਵੱਲ ਪ੍ਰੇਰਨਾ, ਸਮੇਂ ਦੀ ਪਹਿਲੀ ਮੰਗ ਹੈ। ਕਈ ਲੋਕ ਲਿਖਣ ਬੋਲਣ ਦੀ ਆਜ਼ਾਦੀ ਦੀ ਵੀ ਗੱਲ ਕਰਦੇ ਹਨ। ਇਹ ਬਿਲਕੁਲ ਠੀਕ ਹੈ ਕਿ ਭਗਤ ਸਿੰਘ ਵਰਗੇ ਸਭ ਆਜ਼ਾਦੀ ਦੇ ਪਰਵਾਨਿਆਂ ਦਾ ਇਹ ਵੀ ਸੁਪਨਾ ਸੀ। ਸੋ ਜੇ ਸਾਡੇ ਮੁਲਕ ਵਿੱਚ ਕੁੱਝ ਗਲਤ ਹੋ ਰਿਹਾ, ਕਿਧਰੇ ਜ਼ੁਲਮ ਹੋ ਰਿਹਾ ਜਾਂ ਕੋਈ ਬੁਰਾਈ ਫੈਲ ਰਹੀ ਹੈ- ਤਾਂ ੳੇੁਸ ਦੇ ਵਿਰੁੱਧ ਆਵਾਜ਼ ਉਠਾਉਣ ਦੀ ਆਜ਼ਾਦੀ ਹੋਣੀ ਲਾਜ਼ਮੀ ਹੈ ਤੇ ਹੋਣੀ ਵੀ ਚਾਹੀਦੀ ਹੈ। ਸਚਾਈ ਨੂੰ ਉਜਾਗਰ ਕਰਨ ਵਾਲਿਆਂ ਦੇ ਕਤਲ ਹੋਣੇ- ਆਜ਼ਾਦ ਮੁਲਕ ਦੀ ਨਿਸ਼ਾਨੀ ਨਹੀਂ। ਪਰ ਇਸ ਦਾ ਮਤਲਬ ਇਹ ਨਹੀਂ ਕਿ ਲਿਖਣ, ਬੋਲਣ ਜਾਂ ਗਾਉਣ ਵਾਲਿਆਂ ਦੀ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ। ਦੁੱਖ ਦੀ ਗੱਲ ਹੈ ਕਿ- ਭਗਤ ਸਿੰਘ ਦੇ ਵਿਚਾਰਾਂ ਦੇ ਧਾਰਨੀ ਹੋਣ ਦੀ ਬਜਾਏ, ਸਾਡੇ ਗਾਇਕ ਤੇ ਗੀਤਕਾਰ ਆਪਣੇ ਗੀਤਾਂ ਵਿੱਚ, ਹਥਿਆਰਾਂ, ਲੱਚਰਤਾ ਤੇ ਮਾਰੂ ਨਸ਼ਿਆਂ ਦਾ ਖੁਲਮ-ਖੁਲ੍ਹਾ ਪ੍ਰਚਾਰ, ਬੜੀ ਬੇਸ਼ਰਮੀ ਨਾਲ ਕਰ ਰਹੇ ਹਨ- ਜਿਸ ਦਾ ਸਿੱਧਾ ਅਸਰ ਨੌਜਵਾਨ ਪੀੜ੍ਹੀ ਤੇ ਪੈ ਰਿਹਾ ਹੈ। ਇਸੇ ਕਾਰਨ ਸਮਾਜ ਵਿੱਚ ਨਿਘਾਰ ਆ ਰਿਹਾ ਹੈ। ਇਸ ਤਰ੍ਹਾਂ ਦੇ ਸਮਾਜਵਾਦ ਦਾ ਨਾਅਰਾ ਨਹੀਂ ਸੀ ਲਾਇਆ ਭਗਤ ਸਿੰਘ ਨੇ! ਮੈਂ ਕਿਸੇ ਮਹਾਨ ਲੇਖਕ ਦੀ ਜੀਵਨੀ ਪੜ੍ਹ ਰਹੀ ਸੀ। ਉਹ ਲਿਖਦੇ ਹਨ ਕਿ- ਮੈਂ ਸਕੂਲ ਪੜ੍ਹਦਿਆਂ ਆਪਣੇ ਅਧਿਆਪਕ ਦਾ ਮੌਜੂ ਬਨਾਉਣ ਲਈ ਇੱਕ ਕਵਿਤਾ ਲਿਖੀ ਤੇ ਸਾਥੀਆਂ ਨੂੰ ਸੁਣਾਈ। ਉਹ ਬੜੇ ਖੁਸ਼ ਹੋਏ ਤੇ ਮੈਂਨੂੰ ਸ਼ਬਾਸ਼ ਦੇਣ ਲੱਗੇ। ਦੂਜੇ ਦਿਨ ਇੱਕ ਸ਼ਰਾਰਤੀ ਲੜਕੇ ਨੇ ਮੇਰੀ ਕਿਤਾਬ ਵਿਚੋਂ ਉਹ ਕਵਿਤਾ ਵਾਲਾ ਕਾਗਜ਼ ਚੋਰੀ ਕਰਕੇ ਮਾਸਟਰ ਜੀ ਨੂੰ ਦੇ ਦਿੱਤਾ। ਉਹਨਾਂ ਪੜ੍ਹਿਆ ਤੇ ਮੈਂਨੂੰ ਸਟਾਫ ਰੂਮ ਵਿੱਚ ਸੱਦ ਲਿਆ। ਮੈਂ ਡਰ ਨਾਲ ਕੰਬਣ ਲੱਗਾ ਕਿ- ‘ਹੁਣ ਮੇਰੀ ਸ਼ਾਮਤ ਆ ਗਈ।’ ਪਰ ਉਹਨਾਂ ਮੈਂਨੂੰ ਕਿਹਾ- ‘ਤੇਰੇ ਤੇ ਖ਼ੁਦਾ ਦੀ ਬੜੀ ਰਹਿਮਤ ਹੈ, ਉਸ ਨੇ ਤੇਰੀ ਝੋਲੀ ਸ਼ਾਇਰੀ ਦੀ ਦਾਤ ਪਾਈ ਹੈ ਪਰ ਇਸ ਨੂੰ ਕਾਲੇ ਲੇਖ ਲਿਖਣ ਲਈ ਨਾ ਵਰਤ! ਸਮਾਜ ਨੂੰ ਬਿਹਤਰ ਬਨਾਉਣ ਲਈ ਸ਼ਾਇਰੀ ਲਿਖ!’ ਤੇ ਉਹਨਾਂ ਮੈਂਨੂੰ ਕਈ ਸ਼ਾਇਰਾਂ ਦੀਆਂ ਕਿਤਾਬਾਂ ਲਾਇਬ੍ਰੇਰੀ ਵਿਚੋਂ ਲਿਆ ਕੇ ਦਿੱਤੀਆਂ। ਉਹ ਕਹਿੰਦੇ ਹਨ ਕਿ- ‘ਮੈਂ ਜੋ ਕੁੱਝ ਵੀ ਹਾਂ ਆਪਣੇ ਉਸ ਗੁਰੂ ਦੀ ਬਦੌਲਤ ਹਾਂ!’ ਸੋ ਮੈਂਨੂੰ ਲਗਦਾ ਕਿ ਇਹ ਗਲਤ ਲਿਖਤਾਂ ਲਿਖਣ ਗਾਉਣ ਵਾਲੇ ਮੇਰੇ ਵੀਰ ਜਾਂ ਬੱਚੇ ਵੀ, ਕਿਸੇ ਹਾਲਾਤ ਵੱਸ ਭਟਕ ਗਏ ਹਨ, ਜਿਹਨਾਂ ਨੂੰ ਸਮਝਾਉਣ ਵਾਲਾ ਅਜੇ ਤੱਕ ਕੋਈ ਨਹੀਂ ਮਿਲਿਆ। ਪਰ ਕਹਿੰਦੇ ਹਨ ਕਿ- ਉਹੀ ਚੀਜ਼ ਮੰਡੀ ਵਿੱਚ ਵਿਕਦੀ ਹੈ ਜਿਸ ਦੀ ਮਸ਼ਹੂਰੀ (ਪਬਲੀਸਿਟੀ) ਹੋਵੇ ਜਾਂ ਮੰਗ ਹੋਵੇ। ਜੇ ਪਾਠਕ ਜਾਂ ਸਰੋਤੇ ਇਹ ਕੁੱਝ ਪੜ੍ਹਨਾ ਜਾਂ ਸੁਣਨਾ ਬੰਦ ਕਰ ਦੇਣ ਤਾਂ ਇਹ ਲੱਚਰ ਗੀਤ ਜਾਂ ਘਟੀਆ ਸਾਹਿਤ ਆਪੇ ਹੀ ਬੰਦ ਹੋ ਜਾਏਗਾ। ਇਥੇ ਹੀ ਬੱਸ ਨਹੀਂ- ਸਾਡੇ ਛੈਲ ਛਬੀਲੇ ਗੱਭਰੂ ਅੱਜ ਨਸ਼ਿਆਂ ਦੇ ਵਗਦੇ ਦਰਿਆ ਵਿੱਚ ਵੀ ਰੁੜ੍ਹਦੇ ਜਾ ਰਹੇ ਹਨ। ਸ਼ਾਇਦ ਹੀ ਪੰਜਾਬ ਦਾ ਕੋਈ ਕਰਮਾਂ ਵਾਲਾ ਘਰ ਹੋਏਗਾ ਜੋ ਨਸ਼ਿਆਂ ਦੀ ਮਾਰ ਤੋਂ ਬਚਿਆ ਹੋਵੇ। ਵਿਦੇਸ਼ਾਂ ਵਿੱਚ ਵੀ ਇਹੀ ਹਾਲ ਹੈ। ਸਾਡੇ ਘਰਾਂ ਦੇ ਮੁੰਡੇ ਕੁੜੀਆਂ ਸ਼ਰਾਬ, ਸਿਗਰਟਾਂ ਆਮ ਪੀਣ ਲੱਗ ਗਏ ਹਨ- ਜੋ ਕਿ ਚਿੰਤਾ ਦਾ ਵਿਸ਼ਾ ਹੈ। ਬਈ ਸਾਡੇ ਤਾਂ ਗੁਰੂ ਸਾਹਿਬ ਦੇ ਘੋੜੇ ਨੇ ਵੀ ਤੰਬਾਕੂ ਦੇ ਖੇਤ ਵਿੱਚੋਂ ਲੰਘਣ ਤੋਂ ਇਨਕਾਰ ਕਰ ਦਿੱਤਾ ਸੀ- ਤੇ ਅਸੀਂ ਇਸ ਨੂੰ ਆਪਣੇ ਅੰਦਰ ਸੁੱਟ ਕੇ ਸਰੀਰ ਗਾਲ਼ੀ ਜਾ ਰਹੇ ਹੋ। ਤੀਸਰੇ ਪਾਤਸ਼ਾਹ ਵੀ ਸਾਨੂੰ ਸਮਝਾ ਰਹੇ ਹਨ- ਜਿਤੁ ਪੀਤੈ ਮਤਿ ਦੂਰ ਹੋਇ ਬਰਲੁ ਪਵੈ ਵਿਚ ਆਇ॥ ਇਹਨਾਂ ਨਸ਼ਿਆਂ ਕਾਰਨ, ਘਰਾਂ ਦੇ ਘਰ ਉੱਜੜ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਕਾਲਜਾਂ ਵਿੱਚ ਪੜ੍ਹਦਿਆਂ ਹੀ ਇਹਨਾਂ ਅਲਾਮਤਾਂ ਦਾ ਸ਼ਿਕਾਰ ਹੋ ਜਾਂਦੇ ਹਨ। ਨਸ਼ੇ ਵੀ ਅੱਜਕਲ ਬਹੁਤ ਕਿਸਮਾਂ ਦੇ ਆ ਗਏ ਹਨ ਜੋ ਸਾਡੀ ਜੁਆਨੀ ਨੂੰ ਘੁਣ ਵਾਂਗ ਦਿਨੋ-ਦਿਨ ਖਾ ਰਹੇ ਹਨ। ਬਾਲ ਬੱਚੇ ਰੁਲ਼ ਰਹੇ ਹਨ- ਇੱਧਰ ਵੀ ਤੇ ਉੱਧਰ ਵੀ। ਬਾਪ ਵਿਚਾਰੇ ਕਰਜ਼ੇ ਦੇ ਬੋਝ ਥੱਲੇ ਦੱਬੇ ਖੁਦਕਸ਼ੀਆਂ ਕਰ ਰਹੇ ਹਨ- ਮਾਵਾਂ, ਭੈਣਾਂ ਵੈਣ ਪਾ ਰਹੀਆਂ ਹਨ। ਇਹ ਸਾਰਾ ਕੁੱਝ ਦੇਖ ਸੁਣ, ਜੇ ਸਾਡੇ ਮਨ ਦੁਖੀ ਹੋ ਰਹੇ ਹਨ- ਤਾਂ ਕੀ ਭਗਤ ਸਿੰਘ ਦੀ ਰੂਹ ਨਾ ਕੁਰਲਾਉਂਦੀ ਹੋਏਗੀ? ਸਾਡੇ ਦੇਸ਼ ਵਿੱਚ ਦਿਨੋ-ਦਿਨ ਬਲਾਤਕਾਰ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਪਤਾ ਨਹੀਂ ਕਿਉਂ ਮਨੁੱਖ ਭੇੜੀਆ ਬਣ ਗਿਆ ਹੈ- ਜੋ ਨੌਂ ਮਹੀਨੇ ਦੀ ਬੱਚੀ ਤੋਂ ਲੈ ਕੇ ਸੱਠ-ਸੱਤਰ ਸਾਲ ਦੀ ਔਰਤ ਨੂੰ ਵੀ ਨਹੀਂ ਬਖਸ਼ਦਾ? ਕੋਈ ਸਮਾਂ ਸੀ- ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਸੀ। ਪਰ ਅੱਜ ਸਾਡੀਆਂ ਕੁੜੀਆਂ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਰਹੀਆਂ। ਮਾਪੇ ਵਿਚਾਰੇ ਕਿੱਥੇ ਕਿੱਥੇ ਹਿਫਾਜ਼ਤ ਕਰਨ ਆਪਣੀਆਂ ਬੱਚੀਆਂ ਦੀ? ਇੱਕ ਪਾਸੇ ਅਸੀਂ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਾਂ- ਤੇ ਦੂਜੇ ਪਾਸੇ ਇਕੱਲੀ ਦੁਕੱਲੀ ਔਰਤ ਨੂੰ ਜਿਸਮਾਨੀ ਛੇੜ-ਛਾੜ ਤੋਂ ਲੈ ਕੇ, ਹਵਸ ਦਾ ਸ਼ਿਕਾਰ ਬਨਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਕੁੱਝ ਉਧਰ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਵਾਪਰਦਾ ਹੈ। ਮਰਦ ਇਹ ਕਿਉਂ ਭੁੱਲ ਜਾਂਦੇ ਹਨ ਕਿ- ਇਹ ਕੁੱਝ ਕੱਲ੍ਹ ਨੂੰ ਉਹਨਾਂ ਦੀ ਧੀ-ਭੈਣ ਨਾਲ ਵੀ ਹੋ ਸਕਦਾ ਹੈ। ਆਖਿਰ ਕੀ ਹੋ ਗਿਆ ਸਾਡੀ ਮੱਤ ਨੂੰ? ਐ ਬਹਾਦਰ ਸ਼ਹੀਦਾਂ ਦੇ ਵਾਰਸੋ- ਕਿਹੜਾ ਇਤਿਹਾਸ ਸਿਰਜ ਰਹੇ ਹੋ ਤੁਸੀਂ? ਮੈਂ ਪੁੱਛਦੀ ਹਾਂ ਸਰਕਾਰ ਪਾਸੋਂ ਕਿ- ਇਹੋ ਜਹਿਆਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਜਾਂਦੀ? ਜੇ ਸਜ਼ਾਵਾਂ ਸਖਤ ਹੋਣ ਤਾਂ ਮੁੜ ਕੋਈ ਜੁਰਅਤ ਨਾ ਕਰੇ ਅਜੇਹੇ ਕੁਕਰਮ ਕਰਨ ਦੀ! ਇਹਨਾਂ ਬੁਰਾਈਆਂ ਲਈ ਕਾਫੀ ਹੱਦ ਤੱਕ, ਸਰਕਾਰਾਂ ਵੀ ਜ਼ਿੰਮੇਵਾਰ ਹਨ– ਕਿਉਂਕਿ ਪਿਛਲੇ ਦਸ ਕੁ ਸਾਲਾਂ ਵਿੱਚ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਨਸ਼ੇ ਇੰਨੇ ਫੈਲੇ ਹਨ। ਇਹ ਨਸ਼ੇ ਕੇਵਲ, ਜ਼ਿੰਦਗੀ ਹੀ ਨਹੀਂ ਗਾਲ਼ਦੇ ਸਗੋਂ- ਲੁੱਟਾਂ, ਖੋਹਾਂ, ਗੁੰਡਾਗਰਦੀ, ਕਤਲ ਤੇ ਬਲਾਤਕਾਰ ਵਰਗੀਆਂ ਘਿਨਾਉਣੀਆਂ ਹਰਕਤਾਂ ਨੂੰ ਵੀ ਜਨਮ ਦਿੰਦੇ ਹਨ। ਪਰ ਜੇ ਸੋਚਿਆ ਜਾਵੇ ਤਾਂ ਸਰਕਾਰਾਂ ਵੀ ਤਾਂ ਆਪਣੀਆਂ ਹੀ ਬਣਾਈਆਂ ਹੋਈਆਂ ਹਨ। ਜੇ ਉਹ ਕੋਈ ਕਦਮ ਨਹੀਂ ਚੁੱਕਦੀਆਂ ਤਾਂ ਕੀ ਆਪਾਂ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ? ਖੈਰ ਹੁਣ ਨਵੀਂ ਸਰਕਾਰ ਬਣਨ ਕਾਰਨ ਕੁੱਝ ਆਸ ਬੱਝੀ ਹੈ- ਬਾਕੀ ਸਮਾਂ ਹੀ ਦੱਸੇਗਾ। ਪਰ ਅਜੇ ਤੱਕ ਤਾਂ ਪੁਤਰਾਂ ਦਾ ਮੰਦਾ ਹਾਲ ਦੇਖ, ਮਾਪੇ ਵਿਚਾਰੇ ਕਰਜ਼ੇ ਚੁੱਕ ਚੁੱਕ, ਏਜੰਟਾਂ ਹੱਥੋਂ ਖੁਆਰ ਹੋ, ਕੌੜਾ ਘੁੱਟ ਭਰ- ਉਹਨਾਂ ਨੂੰ ਵਿਦੇਸ਼ਾਂ ਵੱਲ ਤੋਰ ਰਹੇ ਹਨ। ਭੋਲ਼ੇ ਮਾਪੇ ਨਹੀਂ ਜਾਣਦੇ ਕਿ ਏਧਰ ਵੀ ‘ਸਭ ਹੱਛਾ’ ਨਹੀਂ। ਇੱਧਰ ਵੀ ਨਸ਼ਿਆਂ ਦੇ ਗੈਂਗ ਹਨ, ਜੋ ਡਾਲਰਾਂ ਦਾ ਲਾਲਚ ਦੇ ਕੇ ਭੋਲ਼ੇ ਪੰਛੀਆਂ ਨੂੰ ਆਪਣੇ ਜਾਲ਼ ਵਿੱਚ ਫਸਾ ਲੈਂਦੇ ਹਨ। ਅਸਲ ਵਿੱਚ ਸਮੱਸਿਆ ਇੱਕ ਨਹੀਂ, ਬਹੁਤ ਹਨ- ਕਿਸ ਕਿਸ ਦਾ ਜ਼ਿਕਰ ਕਰਾਂ? ਮੇਰੇ ਪੰਜਾਬੀ ਵੀਰੋ, ਬੱਚਿਓ- ਕਿਹੜੇ ਕੰਡਿਆਲੇ ਰਾਹਾਂ ਤੇ ਤੁਰ ਪਏ ਹੋ? ਕਿਉਂ ਸਮਾਜ ਦਾ ਗਲਿਆ ਸੜਿਆ ਅੰਗ ਬਣ ਗਏ ਹੋ ਤੁਸੀਂ? ਕਦੇ ਇਕੱਲੇ ਬਹਿ ਕੇ ਵਿਚਾਰੋ! ਭਗਤ ਸਿੰਘ ਦੇ ਵਾਰਸੋ! ਅਜੇ ਵੀ ਵੇਲਾ ਹੈ- ਸੰਭਲ ਜਾਓ! ਆਪਣੀ ਜਵਾਨੀ ਦੀ ਤਾਕਤ ਨੂੰ ਕਿਸੇ ਉਸਾਰੂ ਕੰਮ ‘ਚ ਲਾਓ। ਆਪਣੇ ਅੰਦਰ ਛੁਪੇ ਹੋਏ ਗੁਣਾਂ ਨੂੰ ਪਛਾਣੋ। ਕੋਈ ਵਧੀਆ ਲਿਖਾਰੀ ਬਣ ਸਕਦਾ ਹੈ, ਕੋਈ ਸੁਰੀਲਾ ਗਾਇਕ ਬਣ ਸਕਦਾ ਹੈ। ਜਿਸ ਕੋਲ ਥੋੜ੍ਹੀ ਜਮੀਨ ਹੈ- ਉਹ ਜੈਵਿਕ (ਔਰਗੈਨਿਕ) ਖੇਤੀ ਕਰ ਸਕਦਾ ਹੈ। ਕੋਈ ਚੰਗਾ ਖਿਡਾਰੀ ਬਣ ਦੇਸ਼ ਕੌਮ ਦਾ ਨਾਂ ਚਮਕਾ ਸਕਦਾ ਹੈ। ਕੋਈ ਧਰਮ ਦੇ ਖੇਤਰ ਵਿੱਚ- ਰਾਗੀ, ਢਾਡੀ ਜਾਂ ਚੰਗਾ ਪ੍ਰਚਾਰਕ ਬਣ ਸਕਦਾ ਹੈ। ਪੜ੍ਹੇ ਲਿਖੇ ਹੋ ਤਾਂ ਆਪਣੇ ਪਿੰਡ ਦੇ, ਮੁਹੱਲੇ ਦੇ ਬੱਚੇ ਪੜ੍ਹਾਉਣਾ ਸ਼ੁਰੂ ਕਰ ਦਿਓ। ਜੋ ਕੁਝ ਵੀ ਕਰ ਸਕਦੇ ਹੋ, ਕਰੋ- ਵਿਹਲੇ ਨਾ ਫਿਰੋ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਘਰ ਦੇ ਕੰਮਾਂ ਵਿੱਚ ਹੱਥ ਵਟਾਓ। ਕੋਈ ਵੋਲੰਟੀਅਰ ਸੇਵਾ ਸ਼ੁਰੂ ਕਰ ਦਿਓ- ਬਜ਼ੁਰਗਾਂ ਲਈ, ਗਰੀਬਾਂ ਲਈ, ਬੇਸਹਾਰਿਆਂ ਲਈ। ਭਗਤ ਪੂਰਨ ਸਿੰਘ ਵਰਗਿਆਂ ਨੂੰ ਆਪਣੇ ਰੋਲ ਮਾਡਲ ਬਣਾਓ। ਤੁਹਾਨੂੰ ਨਵੀਂ ਜ਼ਿੰਦਗੀ ਮਿਲੇਗੀ, ਨਵਾਂ ਉਤਸ਼ਾਹ ਮਿਲੇਗਾ, ਸਮਾਜ ‘ਚ ਇੱਜ਼ਤ ਮਾਣ ਮਿਲੇਗਾ। ਮਾਨਸ- ਜਨਮ ਅਜਾਈਂ ਨਾ ਗੁਆਓ, ਦੂਜਿਆਂ ਲਈ ਜਿਊਣਾ ਸਿੱਖੋ। ਨੌਜਵਾਨੋ- ਭਗਤ ਸਿੰਘ ਤੇ ਸਾਥੀਆਂ ਦੇ ਬੁੱਤਾਂ ਤੇ ਹਾਰ ਪਾਉਣ ਤੋਂ ਪਹਿਲਾਂ, ਇਸ ਵਾਰ ਆਪਣੇ ਆਪ ਨਾਲ ਪ੍ਰਣ ਕਰੋ ਕਿ- ‘ਸਹੀ ਰਾਹ ਪਛਾਣ ਕੇ, ਇਸ ਜ਼ਿੰਦਗੀ ਨੂੰ ਕਿਸੇ ਲੇਖੇ ਲਾਵਾਂਗੇ!’ ਇਹੀ ਭਗਤ ਸਿੰਘ ਤੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ! ਫੈਸਲਾ ਤੁਹਾਡੇ ਆਪਣੇ ਹੱਥ ਹੈ!
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ |
|
22 ਮਾਰਚ 2022 *** 699 |
ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488