21 April 2024
ਹਰਮੀਤ ਸਿੰਘ ਅਟਵਾਲ

ਸਿਰਜਣਾਤਮਕ ਸੰਭਾਵਨਾਵਾਂ ਸੰਪੰਨ ਸਾਹਿਤਕਾਰ ਬਿੱਕਰ ਐਸ਼ੀ ਕੰਮੇਆਣਾ—ਹਰਮੀਤ ਸਿੰਘ ਅਟਵਾਲ

 

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (5 ਸਤੰਬਰ 2021 ਨੂੰ) 52ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸਾਹਿਤਕਾਰ ਬਿੱਕਰ ਐਸ਼ੀ ਕੰਮੇਆਣਾ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਸਿਰਜਣਾਤਮਕ ਸੰਭਾਵਨਾਵਾਂ ਸੰਪੰਨ ਸਾਹਿਤਕਾਰ ਬਿੱਕਰ ਐਸ਼ੀ ਕੰਮੇਆਣਾ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਸਿਰਜਣਾਤਮਕ ਸੰਭਾਵਨਾਵਾਂ ਸੰਪੰਨ ਸਾਹਿਤਕਾਰ ਬਿੱਕਰ ਐਸ਼ੀ ਕੰਮੇਆਣਾ—ਹਰਮੀਤ ਸਿੰਘ ਅਟਵਾਲ

ਬਿੱਕਰ ਐਸ਼ੀ ਕੰਮੇਆਣਾ ਸਾਡਾ ਪੰਜਾਬੀ ਦਾ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿਚ ਵੱਸਦਾ ਬਹੁ-ਪੱਖੀ ਸਾਹਿਤਕ ਪ੍ਰਤਿਭਾ ਵਾਲਾ ਕਾਫ਼ੀ ਚੰਗੀਆਂ, ਨਵੀਆਂ ਤੇ ਨਿੱਗਰ ਸੰਭਾਵਨਾਵਾਂ ਵਾਲਾ ਸਾਹਿਤਕਾਰ ਹੈ। ਸੰਭਾਵਨਾ ਸ਼ਬਦ ਦਾ ਅਰਥ ਸ਼ਬਦ ਕੋਸ਼ ਵਾਲਿਆਂ ਨੇ ਅਨੁਮਾਨ ਜਾਂ ਕਲਪਨਾ ਕੀਤਾ ਹੈ। ਉਂਝ ਇੱਕ ਅਲੰਕਾਰ ਦਾ ਨਾਂ ਵੀ ਸੰਭਾਵਨਾ ਹੈ। ਸੰਭਾਵਨਾ ਜਾਂ ਅਨੁਮਾਨ ਜਦੋਂ ਸੰਯੁਕਤੀ ਸਿਖ਼ਰ ’ਤੇ ਪੁਜਦੇ ਹਨ ਤਾਂ ਬਹੁਤ ਕੁਝ ਹਾਂ-ਪੱਖੀ ਹੋਣ ਦੇ ਆਸਾਰ ਆਪਣਾ ਅਸਤਿਤਵ ਉਜਾਗਰ ਕਰਨ ਲਗਦੇ ਹਨ। ਬਿੱਕਰ ਐਸ਼ੀ ਕੰਮੇਆਣਾ ਚਾਹੇ ਗੀਤ ਲਿਖੇ ਜਾਂ ਨਾਵਲ, ਵਾਰਤਕ ਲਿਖੇ ਜਾਂ ਕੁਝ ਹੋਰ ਸਿਰਜੇ, ਉਸ ਦੀ ਹਰ ਲਿਖਤ ਉਸ ਦੀ ਕਲਮ ਦੀ ਪੁਖਤਗੀ ਦਾ ਪ੍ਰਮਾਣ ਦਿੰਦੀ ਹੈ।

ਬਿੱਕਰ ਕੰਮੇਆਣਾ ਦੀ ਆਮ ਗੱਲਬਾਤ ਵਿੱਚੋਂ ਵੀ, ਉਸ ਦੀ ਵਿਸ਼ੇਸ਼ ਜਾਣਕਾਰੀ ਬਾਰੇ ਬਹੁਤ ਕੁਝ ਪਤਾ ਲਗਦਾ ਹੈ। ਬਿੱਕਰ ਦੇ ਬਚਪਨ ਤੇ ਅਗਲੇ ਵਿਕਾਸਾਤਮਕ ਪੜਾਵਾਂ ਬਾਰੇ ਉਸ ਦੀ ਆਪਣੀ ਜਬਾਨੀ ਹੀ ਜਾਣਨਾ ਵਧੇਰੇ ਲਾਹੇਵੰਦ ਹੋਵੇਗਾ :-

ਸਮਰੱਥ ਨਾਵਲਕਾਰ ਬਿੱਕਰ ਐਸ਼ੀ ਕੰਮੇਆਣਾ ਦੇ ਨਾਵਲ ‘ਬਿਨ ਖੰਭਾਂ ਪਰਵਾਜ਼’ ਉੱਪਰ ਪੰਜਾਬੀ ਸਾਹਿਤ ਸਭਾ (ਰਜਿ.) ਜਲੰਧਰ ਛਾਉਣੀ ਵੱਲੋਂ ਹੋਈ ਗੋਸ਼ਟੀ

* ਪਿਤਾ ਜੀ ਬਚਿੱਤਰ ਸਿੰਘ ਰੋਮਾਣਾ ਅਤੇ ਮਾਤਾ ਬਸੰਤ ਕੌਰ ਦੇ ਮੌਖਿਕ ਬਚਨ ਬਿਲਾਸ ਰਾਹੀਂ ਦੱਸਣ ਅਨੁਸਾਰ ਦੇਸ਼ ਵੰਡ ਸਮੇਂ, ਰੌਲ਼ਿਆਂ ਤੋਂ 6 ਮਹੀਨੇ ਬਾਅਦ ਕੁਝ ਦਿਨ ਰਹਿੰਦੇ ਮੇਰਾ ਜਨਮ ਪੋਹ ’ਚ ਹੋਇਆ ਜੋ ਜਨਵਰੀ 1948 ਕਿਹਾ ਜਾ ਸਕਦਾ ਹੈ। ਜਨਮ ਸਥਾਨ ਬਾਬੇ ਸ਼ੈਦੂ ਸ਼ਾਹ ਦਾ ਘੁੱਗ ਵੱਸਦਾ ਪਿੰਡ ਕੰਮੇਆਣਾ ਹੈ ਜੋ ਬਾਬੇ ਫ਼ਰੀਦ ਜੀ ਦੇ ਸ਼ਹਿਰ ਫ਼ਰੀਦਕੋਟ ਤੋਂ ਲਗਪਗ ਤਿੰਨ ਕੁ ਕਿਲੋਮੀਟਰ ਵਿੱਥ ’ਤੇ ਹੈ। ਉਨ੍ਹਾਂ ਸਮਿਆਂ ਵਿਚ ਸਾਡੇ ਰੋਮਾਣਾ ਖਾਨਦਾਨ ਵਿੱਚੋਂ ਜੇ ਕੋਈ ਪੜ੍ਹਿਆ ਲਿਖਿਆ ਹੈ ਤਾਂ ਉਹ ਮੇਰੇ ਮਾਤਾ ਜੀ ਹਨ। ਪਿਤਾ ਜੀ ਨੂੰ ਅਨਪੜ੍ਹ ਹੁੰਦਿਆਂ ਵੀ ਸਮੂਹ ਧਾਰਮਿਕ ਗ੍ਰੰਥ, ਸੂਫ਼ੀਵਾਦ ਤੇ ਕਿੱਸਾ ਕਾਵਿ ਆਦਿ ਸੁਣਨ-ਸਮਝਣ ਦਾ ਬਹੁਤ ਸ਼ੌਂਕ ਸੀ। ਉਸ ਸਮੇਂ ਇਨ੍ਹਾ ਸਤਿਕਾਰਿਤ ਗ੍ਰੰਥਾਂ, ਕਿੱਸਿਆਂ ਸਦਕਾ ਜਿੱਡੀ ਵੱਡੀ ਲਾਇਬ੍ਰੇਰੀ ਸਾਡੇ ਘਰ ਸੀ, ਸਾਰੇ ਪਿੰਡ ਵਿਚ ਨਹੀਂ ਸੀ ਹੁੰਦੀ। ਮੇਰੇ ਪਿਤਾ ਜੀ ਜਦੋਂ ਸੀਰੀਆਂ ਨਾਲ ਘਰ ਦੀ ਜ਼ਮੀਨ ’ਚੋਂ ਹਲ ਦਾ ਜੋਤਾ ਲਾ ਕੇ ਆਉਂਦੇ ਤਾਂ ਵਿਹਲੇ ਹੋ ਕੇ ਮੇਰੀ ਮਾਤਾ ਜੀ ਤੋਂ ਕਿੱਸੇ ਆਦਿ ਸੁਣਦੇ। ਮੈਂ ਵੀ ਸ਼ੌਕ ਨਾਲ ਕੋਲ ਸੁਣਨ ਬੈਠ ਜਾਣਾ ਤੇ ਹੌਲੀ-ਹੌਲੀ ਇਸ ਕੰਨ ਰਸ ਵਰਤਾਰੇ ਨੇ ਮੇਰੇ ਅੰਦਰ ਵੀ ਗੀਤਕਾਰੀ ਦੇ ਰੂਪ ਵਿਚ ਸਾਹਿਤ ਦੀ ਚਿਣਗ ਬਾਲ ਦਿੱਤੀ।

* 1967 ਵਿਚ ਮੇਰੀ ਗੀਤਾਂ ਦੀ ਕਿਤਾਬ ‘ਗੁੜ ਨਾਲੋਂ ਇਸ਼ਕ ਮਿੱਠਾ’ ਛਪੀ। ਉਹ ਹਜ਼ਾਰਾਂ ਦੀ ਗਿਣਤੀ ’ਚ ਵਿਕੀ ਤੇ ਬਹੁਤ ਮਕਬੂਲ ਹੋਈ। ਕੁਝ ਗੀਤ ਰਿਕਾਰਡ ਵੀ ਹੋਏ। 1968 ਤੋਂ 1979 ਤਕ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਦੀ ਜ਼ੁੰਮੇਵਾਰੀ ਨਿਭਾਈ। 1964-65 ਵਿਚ ਬਾਬਾ ਸ਼ੈਦੂ ਸ਼ਾਹ ਦੇ ਮੇਲੇ ’ਤੇ ਪਿੰਡ ਕੰਮੇਆਣਾ ਵਿਖੇ ਆਏ ਮੁਹੰਮਦ ਸਦੀਕ ਨੇ ਮੇਰਾ ਪਹਿਲਾ ਗੀਤ ਮੇਲੇ ’ਤੇ ਗਾਇਆ। ਰੰਜਨਾ, ਰਮੇਸ਼, ਮੋਹਨ ਪਟਿਆਲਵੀ, ਕਰਤਾਰ ਰਮਲਾ, ਸੁਖਵੰਤ ਸੁੱਖੀ, ਰੰਗਾ ਸਿੰਘ ਮਾਨ ਤੇ ਉਸ ਦੀ ਸਹਿ ਗਾਇਕਾ ਚੰਨੀ ਘੁੱਦੂ ਵਾਲੀਆ ਤੇ ਪਾਲੀ ਸਿੱਧੂ ਆਦਿ ਫ਼ਨਕਾਰਾਂ ਨੇ ਮੇਰੇ ਗੀਤ ਰਿਕਾਰਡ ਕਰਵਾਏ। ਮੇਰਾ ਲਿਖਿਆ ਨਾਟਕ ਉਨ੍ਹਾਂ ਸਮਿਆਂ ਦੇ ਫ਼ਰੀਦਕੋਟ ਦੇ ਕਲਾਕਾਰ ਖੇਡਦੇ ਰਹੇ ਸਨ। ਮੈਂ ਖ਼ੁਦ ਵੀ ਕੁਝ ਨਾਟਕ ਖੇਡੇ ਹਨ। 1997 ਵਿਚ ਉੱਘੇ ਨਾਟਕਕਾਰ ਸਰਦਾਰ ਗੁਰਸ਼ਰਨ ਸਿੰਘ ਜੀ ਨੇ ਮੇਰੀ ਕਿਤਾਬ ‘ਵਿਦਿਆਰਥੀ ਸੰਘਰਸ਼ ਦਾ ਸੁੁਰਖ ਇਤਿਹਾਸ ਤੇ ਮੇਰੀ ਹੱਡਬੀਤੀ’ ਬਲਰਾਜ ਸਾਹਨੀ ਪ੍ਰਕਾਸ਼ਨ ਵੱਲੋਂ ਛਾਪੀ ਸੀ ਜਿਸ ਦੀ ਪਾਠਕ ਪਰਵਾਨਗੀ ਅਜੇ ਵੀ ਕਾਇਮ ਹੈ। ਇਨ੍ਹਾਂ ਦਿਨਾਂ ’ਚ ਮੇਰੇ ਦੋ ਨਾਵਲ ‘ਉਡਣ ਖਟੋਲਾ ਉਡਦਾ ਰਿਹਾ’ ਤੇ ‘ਬਿਨ ਖੰਭਾਂ ਪਰਵਾਜ਼’ ਛਪੇ ਹਨ। ‘ਰੁਸ ਜਾਏ ਨਾ ਬਾਹਰ ਮੁਟਿਆਰੇ’ (ਗੀਤ ਸੰਗ੍ਰਹਿ) ਤੇ ‘ਮੇਰੇ ਚੋਣਵੇਂ’ ਨਿਬੰਧ ਵੀ ਪਾਠਕਾਂ ਕੋਲ ਪੁਜਣ ਲਈ ਤਿਆਰ ਹਨ।

* ਮੈਂ ਐੱਮ.ਏ. ਰਾਜਨੀਤੀ ਸ਼ਾਸਤਰ ’ਚ ਦਾਖ਼ਲਾ ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਚ ਲਿਆ ਪਰ ਮਿਲਕਫੈਡ ਪੰਜਾਬ ’ਚ ਸਿਲੈਕਸ਼ਨ ਹੋਣ ਕਾਰਨ ਵਿਭਾਗੀ ਟ੍ਰੇਨਿੰਗ ਲਈ ਅਨੰਦ ਗੁਜਰਾਤ ਚੱਲਿਆ ਗਿਆ। ਚੌਦਾਂ ਕੁ ਸਾਲ ਸਰਵਿਸ ਕੀਤੀ। ਫਰਵਰੀ 2000 ਵਿਚ ਕੈਲੇਫੋਰਨੀਆ ਸਟੇਟ ਦੀ ਉਸ ਸਮੇਂ ਸਾਂਝੀ ਸਭਾ, ਪੰਜਾਬੀ ਸਾਹਿਤ ਸਭਾ ਵੱਲੋਂ ਬੇ ਏਰੀਏ ਦੇ ਸ਼ਹਿਰ ਮਿਲਪੀਟਸ ਵਿਖੇ ਭਾਗ ਲੈਣ ਲਈ ਸੱਦਿਆ ਗਿਆ।

* ਅੱਜਕੱਲ੍ਹ ਮੈਂ ਪਰਿਵਾਰ ਸਮੇਤ ਅਮਰੀਕਾ ਦੀ ਸਟੇਟ ਕੈਲੇਫੋਰਨੀਆ ਦੀ ਸੈਕਰਾਮੈਂਟੋ ਕੌਂਟੀ ਦੇ ਸ਼ਹਿਰ ਐਨਾਲੋਪ ਵਿਚ ਰਹਿ ਰਿਹਾ ਹਾਂ।

ਵਿਦਵਾਨ ਸੱਜਣਾਂ ਨੇ ਸੰਗੀਤ ਭਰਪੂਰ ਕਾਵਿ ਨੂੰ ਗੀਤ ਕਿਹਾ ਹੈ। ਗੀਤ ਰਾਹੀਂ ਜਦੋਂ ਵਿਅਕਤੀ ਦੀ ਆਂਤ੍ਰਿਕ ਤੇ ਬਾਹਰੀ ਭਾਵਨਾ ਸਰੋਦ ਦੇ ਵਹਾਅ ਨਾਲ ਸਰੋਤਿਆਂ ਦੇ ਦਿਲੋਂ-ਦਿਮਾਗ਼ ’ਤੇ ਰਾਜ ਕਰਨ ਲਗਦੀ ਹੈ ਤਾਂ ਉਦੋਂ ਬਿੱਕਰ ਐਸ਼ੀ ਕੰਮੇਆਣਾ ਜਿਹੇ ਗੀਤਕਾਰਾਂ ਦੀ ਕਲਮ ਨੂੰ ਦਾਦ ਦੇਣ ਨੂੰ ਬਦੋਬਦੀ ਚਿੱਤ ਕਰ ਆਉਂਦਾ ਹੈ। ਜਿੱਥੋਂ ਤਕ ਬਿੱਕਰ ਦੇ ਆਏ ਨਾਵਲਾਂ ਦਾ ਸੰਬੰਧ ਹੈ, ਕਿਹਾ ਜਾ ਸਕਦਾ ਹੈ ਕਿ ‘ਉਡਣ ਖਟੋਲਾ ਉਡਦਾ ਰਿਹਾ’ ਸੈਵਜੀਵਨੀ ਮੂਲਕ ਨਾਵਲ ਪੰਜਾਬ ਦੇ ਪਿਛਲੇ 70 ਸਾਲਾਂ ਦੇ ਇਤਿਹਾਸ ਨੂੰ ਪੇਸ਼ ਕਰਦਾ ਹੈ। ਡਾ. ਰਾਜਿੰਦਰਪਾਲ ਸਿੰਘ ਬਰਾੜ ਅਨੁਸਾਰ ਇਹ ਨਾਵਲ ਅੱਜ ਦੇ ਸਮੇਂ ਵਿਚ ਅਮਰੀਕਾ ਤੋਂ ਪੰਜਾਬ ਪਰਤਦਿਆਂ ਵਿਅਕਤੀ ਦੀ ਚੇਤਨਾ ਵਿੱਚੋਂ ਲੰਘਿਆ ਹੋਣ ਕਰਕੇ ਸਮਕਾਲ ਨਾਲ ਵੀ ਜੁੜਿਆ ਹੋਇਆ ਹੈ।
ਬਿੱਕਰ ਐਸ਼ੀ ਕੰਮੇਆਣਾ ਦੇ ਨਾਵਲ ‘ਬਿਨ ਖੰਭਾਂ ਪਰਵਾਜ਼’ ਦਾ ਧਰਾਤਲ ਮੂਲਵਾਸ ਤੋਂ ਪਰਵਾਸ ਤਕ ਦਾ ਹੈ। ਭਾਵ ਭਾਰਤ ਤੋਂ ਅਮਰੀਕਾ ਤਕ ਫੈਲਿਆ ਹੋਇਆ ਹੈ। ਨਾਵਲ ਦਾ ਨਾਂ ਆਪਣੇ ਆਪ ਵਿਚ ਮਨੁੱਖ ਦੀ ਮਾਨਸਿਕ ਉਡਾਰੀ ਨਾਲ ਜਾ ਜੁੜਦਾ ਹੈ। ਦੁਨੀਆ ਦੀ ਹਰ ਸ਼ੈਅ ਨਾਲੋਂ ਵੱਧ ਗਤੀ ਸਿਰਫ਼ ਤੇ ਸਿਰਫ਼ ਮਨੁੱਖੀ ਮਨ ਦੀ ਹੀ ਹੈ। ‘ਬਿਨ ਖੰਭਾਂ ਪਰਵਾਜ਼’ ਆਪਣੀ ਕਿਸਮ ਦੀ ਵਿਲੱਖਣ ਗੁਣਾਤਮਕ ਗਲਪ ਰਚਨਾ ਹੈ ਜਿਹੜੀ ਆਪਣੇ ਕਥਾਨਕ ਵਿਚ ਤੱਤਕਾਲੀ ਯੁੱਗ-ਬੋਧ ਦਾ ਪੂਰਾ ਖ਼ਿਆਲ ਵੀ ਰੱਖਦੀ ਹੈ ਤੇ ਇਸ ਵਿਚਲੇ ਨਾਇਕ, ਜਿਸ ਦਾ ਨਾਂ ਗਰਜਾ ਹੈ, ਰਾਹੀਂ ਉਨ੍ਹਾਂ ਸਾਰੀਆਂ ਸਥਿਤੀਆਂ ਤੇ ਮਨੋਸਥਿਤੀਆਂ ਦੀ ਇਸ ਕਦਰ ਸੰਘਣੀ ਗੋਂਦ ਗੁੰਦਦੀ ਹੈ ਕਿ ਨਾਵਲ ਪਾਠਕ ਦੀ ਸੁਰਤ ਨਾਲ ਸਹਿਜੇ ਹੀ ਸਾਂਝ ਪਾ ਲੈਂਦਾ ਹੈ। ਇਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਲੰਧਰ ਵਿਚ ਵੱਡਆਕਾਰੀ ਪੰਜਾਬੀ ਸਾਹਿਤ ਸਭਾ (ਰਜਿ.) ਜਲੰਧਰ ਛਾਉਣੀ ਵੱਲੋਂ ‘ਬਿਨ ਖੰਭਾਂ ਪਰਵਾਜ਼’ ਤੇ ਇੱਕ ਭਰਵੀਂ ਗੋਸ਼ਟੀ ਕਰਵਾਈ ਗਈ ਜਿਸ ਵਿਚ ਅਮਰੀਕ ਸਿੰਘ ਤਲਵੰਡੀ, ਡਾ. ਗੁਰਚਰਨ ਕੌਰ ਕੋਚਰ, ਡਾ. ਸੁਦਰਸ਼ਨ ਗਾਸੋ, ਡਾ. ਗੁਰਦਰਪਾਲ ਸਿੰਘ, ਡਾ. ਰਾਮ ਮੂਰਤੀ, ਨਾਮਵਰ ਕਹਾਣੀਕਾਰ ਮੋਹਨ ਲਾਲ ਫਿਲੌਰੀਆ, ਉੱਘੀ ਸ਼ਾਇਰਾ ਸੁਰਿੰਦਰਜੀਤ ਕੌਰ (ਡਾ.), ਰੂਪ ਲਾਲ ਰੂਪ, ਪਰਮਜੀਤ ਸਿੰਘ ਸੰਸੋਆ, ਖੋਜਾਰਥੀ ਪਰਵਿੰਦਰ ਸਿੰਘ ਤੇ ਕੁਝ ਹੋਰ ਜ਼ਹੀਨ ਬੁੱਧ ਸਾਹਿਤਕਾਰਾਂ/ਆਲੋਚਕਾਂ ਨੇ ਹਿੱਸਾ ਲਿਆ। ਗੋਸ਼ਟੀ ਵਿਚ ਨਚੋੜਨੁਮਾ, ਨੁਕਤੇ ਤੋਂ ਡਾ. ਸੁਦਰਸ਼ਨ ਗਾਸੋ ਨੇ ਬਿੱਕਰ ਐਸ਼ੀ ਕੰਮੇਆਣਾ ਨੂੰ ਨਵੀਆਂ ਸਿਰਜਣਾਤਮਕ ਸੰਭਾਵਨਾਵਾਂ ਭਰਪੂਰ ਸਾਹਿਤਕਾਰ ਐਲਾਨ ਕੀਤਾ ਜਿਸ ਦੀ ਪ੍ਰੋੜਤਾ ਸਮੂਹ ਹਾਜ਼ਰੀਨ ਨੇ ਕੀਤੀ। ਨਿਰਸੰਦੇਹ ਕੰਮੇਆਣਾ ਦੀਆਂ ਕਿਰਤਾਂ ਵਿੱਚੋਂ ਉਸ ਦੀ ਕਲਮ ਦਾ ਜੋ ਕਮਾਲ ਸਾਹਮਣੇ ਆਉਂਦਾ ਹੈ, ਉਹ ਹੋਰ ਵੀ ਕਾਫ਼ੀ ਚੰਗੀਆਂ ਰਚਨਾਤਮਕ ਸੰਭਾਵਨਾਵਾਂ ਦਾ ਸੰਕੇਤ ਕਰਦਾ ਹੈ।

ਕੰਮੇਆਣਾ ਨਾਲ ਹੋਏ ਵਿਚਾਰ ਵਟਾਂਦਰੇ ’ਚੋਂ ਕੁਝ ਹੋਰ ਅੰਸ਼ ਉਸ ਵੱਲੋਂ ਇਥੇ ਹਾਜ਼ਰ ਹਨ :-

* ਕਿਸੇ ਸਾਹਿਤਕਾਰ ਜਾਂ ਲੇਖਕ ਨੂੰ ਇਕੱਲਾ ਸਮਕਾਲੀ ਸਾਹਿਤ ਹੀ ਨਹੀਂ ਪੜ੍ਹਨਾ-ਘੋਖਣਾ ਚਾਹੀਦਾ ਸਗੋਂ ਦਿਮਾਗ਼ ਦੀ ਧਾਰ ਨੂੰ ਸਾਣ ’ਤੇ ਲਾ ਕੇ ਸੂਝ ਨੂੰ ਤਿੱਖੀ ਕਰਨ ਵਾਲੀ ਹਰ ਖੇਤਰ ਦੀ ਹਰ ਕਿਰਤ ਹੀ ਪੜ੍ਹਨੀ ਵਿਚਾਰਨੀ ਚਾਹੀਦੀ ਹੈ। ਹਉਮੈ-ਹੰਕਾਰ, ਅਹੁਦੇ ਦਾਰੀਆਂ, ਸਮਾਜਿਕ ਰੁਤਬੇ, ਰਾਜਨੀਤਕ ਤੇ ਸਮਾਜੀ ਵਖਰੇਵੇਂ ਆਦਿ ਧੜੇਬੰਦੀਆਂ ਦੇ ਵੱਡੇ ਕਾਰਣ ਹਨ।

* ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਲੇਖਕ ਨੂੰ ਵੱਡਾ ਬਣਾਉਣ ਵਾਲੀ ਉਸ ਵੱਲੋਂ ਕੀਤੀ ਸਿਰਜਣਾ ਹੁੰਦੀ ਹੈ ਨਾ ਕਿ ਜਗਾੜੂ ਇਨਾਮ।

* ਜੋ ਅਸੀਂ ਪੰਜਾਬ ’ਚੋਂ ਪਲ਼-ਪੜ੍ਹਕੇ ਆਏ ਹਾਂ ਉਨ੍ਹਾਂ ਦੁਆਲੇ ਪੰਜਾਬੀ ਸੱਭਿਆਚਾਰ ਦੇ ਇੱਕ ਪੁੜ ਦਾ ਭਾਰ ਹੈ। ਪੰਜਾਬੀਆਂ ਦੀ ਜੋ ਪੀੜ੍ਹੀ ਅਮਰੀਕਾ ਵਿਚ ਜਨਮ ਲੈ ਕੇ ਜਵਾਨ ਹੋ ਰਹੀ ਹੈ ਉਨ੍ਹਾਂ ਨੂੰ ਪੰਜਾਬੀ ਤੇ ਅਮਰੀਕਨ, ਦੋ ਸੱਭਿਆਚਾਰਕ ਪੁੜ ਚੁੱਕਣੇ ਪੈ ਰਹੇ ਹਨ। ਤੀਜਾ ਪੁੜ ਏਥੋਂ ਦੇ ਅਮਰੀਕਨ ਖੁੱਲੇ-ਡੁੱਲ੍ਹੇ ਸੱਭਿਆਚਾਰ ਦਾ ਹੈ। ਉਹ ਪਰਵਾਸੀ ਜੋ ਜਗੀਰੂ ਸੋਚ ਤੋਂ ਮੁਕਤ ਹਨ, ਉਨ੍ਹਾਂ ਲਈ ਅਮਰੀਕਾ ਪੰਜਾਬ ਵਾਂਗ ਹੀ ਹੈ ਪਰ ਜੋ ਅਮਰੀਕਾ ਆ ਕੇ ਵੀ ਮਾਨਸਿਕ ਤੌਰ ’ਤੇ ਅਜੇ ਪੰਜਾਬ ਦੇ ਖੰੁਢਾਂ ’ਤੇ ਹੀ ਬੈਠੇ ਰਹਿੰਦੇ ਹਨ, ਉਹ ਦੋ ਦੀ ਥਾਂ ਤਿੰਨ ਪੁੜਾਂ ’ਚ ਪਿਸਦੇ ਹਨ।

ਬਿਨਾਂ ਸ਼ੱਕ ਬਿੱਕਰ ਐਸ਼ੀ ਕੰਮੇਆਣਾ ਦੀਆਂ ਸਾਰੀਆਂ ਗੱਲਾਂ ਕਾਬਲਿ ਗੌਰ ਹਨ। ਉਹ ਸਾਡਾ ਚੰਗੀਆਂ ਸਿਰਜਣਾਤਮਕ ਸੰਭਾਵਨਾਵਾਂ ਭਰਪੂਰ ਸਮਰੱਥ ਲੇਖਕ ਹੈ ਜਿਸ ਦੀ ਦਿਲੋਂ ਸਿਫ਼ਤ ਕਰਨੀ ਬਣਦੀ ਹੈ।
***
322
***

ਹਰਮੀਤ ਸਿੰਘ ਅਟਵਾਲ
98155-05287

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ