1 July 2024

ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਰਹੀ ਗ਼ਜ਼ਲ ਮੰਚ ਸਰੀ ਦੀ ਸੁਰੀਲੀ ਸ਼ਾਮ—ਹਰਦਮ ਮਾਨ

ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਰਹੀ ਗ਼ਜ਼ਲ ਮੰਚ ਸਰੀ ਦੀ ਸੁਰੀਲੀ ਸ਼ਾਮ—ਹਰਦਮ ਮਾਨ
ਸੁਖਦੇਵ ਸਾਹਿਲ ਅਤੇ ਪਰਖਜੀਤ ਸਿੰਘ ਦੀ ਖੂਬਸੂਰਤ ਪੇਸ਼ਕਾਰੀ ਨੇ ਖੂਬ ਵਾਹ ਵਾਹ ਖੱਟੀ

ਸਰੀ, 22 ਮਈ 2024 -ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨ ਰਿਫਲੈਕਸ਼ਨ ਬੈਂਕੁਇਟ ਅਤੇ ਕਾਨਫਰੰਸ ਸੈਂਟਰ ਸਰੀ  ਵਿਚ ਸੁਰੀਲੀ ਸੰਗੀਤਕ ਸ਼ਾਮ ਮਨਾਈ ਗਈ ਜਿਸ ਵਿਚ ਗ਼ਜ਼ਲ ਗਾਇਕ ਸੁਖਦੇਵ ਸਾਹਿਲ, ਪਰਖਜੀਤ ਸਿੰਘ, ਡਾ. ਰਣਦੀਪ ਮਲਹੋਤਰਾ ਅਤੇ ਮੇਸ਼੍ਹੀ ਬੰਗੜ ਨੇ ਆਪਣੇ ਸੁਰੀਲੇ ਸੁਰਾਂ ਨਾਲ ਬਹੁਤ ਹੀ ਖੂਬਸੂਰਤ ਸੰਗੀਤਕ ਮਾਹੌਲ ਸਿਰਜਿਆ। ਮੰਚ ਵੱਲੋਂ ਗ਼ਜ਼ਲਾਂ ਦੀ ਇਹ ਸ਼ਾਮ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਕੀਤੀ ਗਈ। ਪ੍ਰੋਗਰਾਮ ਦੇ ਆਗਾਜ਼ ਵਿਚ ਮੰਚ ਦੇ ਬੁਲਾਰੇ ਰਾਜਵੰਤ ਰਾਜ ਨੇ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਅਚਨਚੇਤ ਰੁਖ਼ਸਤ ਹੋ ਜਾਣ ‘ਤੇ ਦੁੱਖ ਪ੍ਰਗਟ ਕੀਤਾ। ਸਭਨਾਂ ਵੱਲੋਂ ਇਕ ਮਿੰਟ ਦਾ ਮੋਨ ਧਾਰ ਕੇ ਮਰਹੂਮ ਸ਼ਾਇਰ ਨੂੰ ਸਿਜਦਾ ਕੀਤਾ ਗਿਆ।

ਸੁਰੀਲੀ ਸ਼ਾਮ ਦੇ ਪਹਿਲੇ ਨੌਜਵਾਨ ਗਾਇਕ ਪਰਖਜੀਤ ਸਿੰਘ ਨੇ ਆਪਣੀ ਪ੍ਰਤਿਭਾ, ਕਲਾ ਅਤੇ ਸੰਗੀਤਕ ਸੂਝ ਦੀ ਲਾਮਿਸਾਲ ਪੇਸ਼ਕਾਰੀ ਕਰਦਿਆਂ ਦੋ ਗ਼ਜ਼ਲਾਂ (‘ਇਹ ਕਿਸ ਤਰਾਂ ਦੀ ਰੌਸ਼ਨੀ ਆਉਂਦੀ ਹੈ ਸ਼ਹਿਰ ਚੋਂ’, ‘ਪਤਾ ਨਹੀਂ ਕਿੰਨੀ ਕੁ ਦੂਰ ਜਾਣਾ ਹੈ…’) ਨਾਲ ਸਰੋਤਿਆਂ ਨੂੰ ਮੋਹ ਲਿਆ। ਅਗਲੇ ਗਾਇਕ ਡਾ: ਰਣਦੀਪ ਮਲਹੋਤਰਾ ਨੇ ਗ਼ਜ਼ਲ ਦੀ ਡੂੰਘੀ ਸਮਝ ਅਤੇ ਭਾਵਨਾਵਾਂ ਨੂੰ ਆਪਣੀ ਕਲਾ ਰਾਹੀਂ ਪ੍ਰਗਟ ਕਰ ਕੇ ਸਰੋਤਿਆਂ ਨਾਲ ਆਪਣੇ ਸੁਰਾਂ ਦੀ ਸਾਂਝ ਪੁਆਈ। ਨਿਊਯਾਰਕ ਤੋਂ ਆਏ ਮੇਸ਼੍ਹੀ ਬੰਗੜ ਨੇ ਭਾਵੁਕ ਧੁਨਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਉਸ ਨੇ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਦੀਆਂ ਗ਼ਜ਼ਲਾਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ।

ਕੈਲੀਫੋਰਨੀਆ ਤੋਂ ਪਹੁੰਚੇ ਪ੍ਰਸਿੱਧ ਗਾਇਕ ਸੁਖਦੇਵ ਸਾਹਿਲ ਨੇ ਸੁਰਜੀਤ ਪਾਤਰ ਹੋਰਾਂ ਦੀ ਗ਼ਜ਼ਲ ‘ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ…’ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਕੇ ‘ਕਿਤੇ ਉਹ ਵਕਤ ਸੀ ਮੈਂ ਦੂਰ ਤੋਂ ਪਹਿਚਾਣ ਲੈਂਦਾ ਸੀ’, ‘ਅਜੇ ਮਸਲਾ ਮੇਰੀ ਪਹਿਚਾਣ ਦਾ ਹੈ’, ਨਜ਼ਾਰਾ ਹੀ ਸੀ ਕੁਝ ਐਸਾ ਕਿ ਸਾਰੇ ਦੇਖਦੇ ਰਹਿ ਗਏ’, ‘ਕਿਸੇ ਬਰਸਾਤ ਦਾ ਇੱਕੋ ਤਲਾਅ ਵਿਚ ਭਰ ਗਿਆ ਪਾਣੀ’ ਆਦਿ ਬਹੁਤ ਹੀ ਭਾਵੁਕ ਅਤੇ ਮਨਮੋਹਕ ਗ਼ਜ਼ਲਾਂ ਦੀ ਪੇਸ਼ਕਾਰੀ ਨਾਲ ਸਰੋਤਿਆਂ ਦੀ ਖੂਬ ਦਾਦ ਹਾਸਲ ਕੀਤੀ। ਵਿਸ਼ਾਲ ਤਜ਼ਰਬੇ ਅਤੇ ਕਲਾ ਦੀ ਗਹਿਰਾਈ ਨੂੰ ਦਰਸਾਉਂਦੀ ਉਸ ਦੀ ਅਦਾਇਗੀ ਨੇ ਸਰੋਤਿਆਂ ਦੇ ਮਨਾਂ ਵਿਚ ਸੰਗੀਤਕ ਤਰੰਗਾਂ ਦਾ ਦਿਲਕਸ਼ ਪ੍ਰਵਾਹ ਕੀਤਾ ਅਤੇ ਸਰੋਤਿਆਂ ਨੇ ਸਾਹਿਲ ਦੇ ਇਕ ਇਕ ਸ਼ਿਅਰ ਨੂੰ ਮਾਣਿਆ ਅਤੇ ਵਾਹ ਵਾਹ ਕਿਹਾ। ਮਹਿਮਾਨ ਗੀਤਕਾਰ ਪ੍ਰੀਤ ਸੰਗਰੇੜੀ ਨੇ ਵੀ ਆਪਣੇ ਕਲਾਮ ਨਾਲ ਹਾਜਰੀ ਲੁਆਈ। ਸੁਖਦੇਵ ਸਾਹਿਲ ਅਤੇ ਪਰਖਜੀਤ ਸਿੰਘ ਦੀ ਖੂਬਸੂਰਤ ਪੇਸ਼ਕਾਰੀ ਸੁਰੀਲੀ ਸ਼ਾਮ ਦੀ ਵਿਸ਼ੇਸ਼ ਪ੍ਰਾਪਤੀ ਰਹੀ ਜੋ ਸਰੋਤਿਆਂ ਦੇ ਚੇਤਿਆਂ ਵਿਚ ਦੇਰ ਤੱਕ ਸੰਗੀਤਕ ਸੁਰਾਂ ਛੇੜਦੀ ਰਹੇਗੀ।

ਇਸ ਸੰਗੀਤਕ ਸ਼ਾਮ ਲਈ ਸਭ ਤੋਂ ਵੱਡਾ ਸਹਿਯੋਗ ਜਤਿੰਦਰ ਜੇ ਮਿਨਹਾਸ ਦਾ ਰਿਹਾ ਅਤੇ ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਜਿਹਾ ਸਹਿਯੋਗ ਜਾਰੀ ਰੱਖਣ ਦਾ ਅਹਿਦ ਕੀਤਾ। ਮੰਚ ਵੱਲੋਂ ਗ਼ਜ਼ਲ ਗਾਇਕਾਂ ਅਤੇ ਸਹਿਯੋਗੀਆਂ ਦਾ ਮਾਣ ਸਨਮਾਨ ਕੀਤਾ ਗਿਆ। ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਰੋਤਿਆਂ, ਸਹਿਯੋਗੀਆਂ ਅਤੇ ਮੀਡੀਆ ਸ਼ਖ਼ਸੀਅਤਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੰਚ ਅਜਿਹੇ ਪ੍ਰੋਗਰਾਮਾਂ ਨੂੰ ਭਵਿੱਖ ਵਿਚ ਵੀ ਜਾਰੀ ਰੱਖੇਗਾ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1340
***

Hardam Singh Mann
Punjabi Poet,
Suurey (Canada)
+1604-308-6663

ਹਰਦਮ ਸਿੰਘ ਮਾਨ

Hardam Singh Mann Punjabi Poet, Suurey (Canada) +1604-308-6663

View all posts by ਹਰਦਮ ਸਿੰਘ ਮਾਨ →