19 June 2024
mai bashiran

ਉਡੀਕਾਂ—ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ

ਸ੍ਰੀ ਰਾਮਚੰਦਰ ਵੀ ਚੌਦੀਂ ਵਰਸੀਂ ਬਣਵਾਸੋਂ ਮੁੜ ਆਏ ਸੀ ਪਰ ਤੂੰ ਕਦੋਂ ਪਰਤੇਂਗਾ? ਛੇ ਮਹੀਨਿਆਂ ਦੀ ਕੁੜੀ ਤੇ ਬੇਬੇ-ਬਾਪੂ ਨੂੰ ਮੇਰੇ ਲੜ ਲਾ ਕੇ ਇਲੀਗਲ ਅਮਰੀਕਾ ਜਾਣ ਲੱਗੇ ਨੇ ਮੈਨੂੰ ਆਖਿਆ ਸੀ,”ਬਿੰਦਰ, ਵੱਧ ਤੋਂ ਵੱਧ ਦੋ ਸਾਲ ਲੱਗਣਗੇ ਸੈਟ ਹੋਣ ‘ਤੇ, ਪੱਕਾ ਹੋ ਕੇ ਥੋਨੂੰ ਨਾਲ਼ ਲੈਜੂੰਗਾ!” ਸੋਲ੍ਹਾਂ ਸਾਲ ਲੰਘ ਗਏ ਪਰ ਉਹ ਦਿਨ ਨਾ ਚੜ੍ਹਿਆ। ਹੁਣ ਤਾਂ ਆਪਣੀ ਧੀ ਵੀ ਸਾਢੇ ਪੰਦਰਾਂ ਸਾਲਾਂ ਦੀ ਹੋ ਗਈ ਏ। ਉਹਨੂੰ ਭੋਰਾ-ਭਰ ਨੂੰ ਤਾਂ ਪਿਉ ਦੇ ਪਿਆਰ ਦਾ ਪਤਾ ਈ ਨੀਂ ਕੀ ਹੁੰਦਾ ਏ! ਚੰਦਰਿਆ, ਤੇਰਾ ਕਦੇ ਜੀ ਨੀਂ ਕੀਤਾ ਉਹਨੂੰ ਗੋਦੀ ਚੁੱਕਕੇ ਖਿਡਾਉਣ ਨੂੰ? ਹੁਣ ਲੱਗਦੈ ਉਹਨੂੰ ਤੋਰਨ ਵੇਲ਼ੇ ਵੀ ਮੈਨੂੰ ਈ ਪਿਉ ਆਲ਼ੇ ਕਾਰ-ਵਿਹਾਰ ਕਰਨੇ ਪੈਣੇ ਆ!

‘ਅਗਲ਼ੇ ਨਾ ਅਗਲ਼ੇ ਸਾਲ ਤਾਂ ਕੰਮ ਬਣ ਹੀ ਜਾਊ!’ ਇਹੋ ਸੋਚਦੀ ਨੇ ਕਿੰਨੇ ਸਾਲ ਲੰਘਾ ਛੱਡੇ! ਟੈਲੀਫ਼ੋਨ ਲਈ ਸੁਬ੍ਹਾ ਸਾਜਰੇ ਸ਼ਹਿਰ ਜਾ ਕੇ ਲਾਈਨ ‘ਚ ਚਾਰ-ਚਾਰ ਘੰਟੇ ਖੜ੍ਹੇ ਰਹਿਣਾ, ਕਦੇ ਗੱਲ ਹੋ ਜਾਣੀ ਤੇ ਕਦੇ ਖ਼ਾਲੀ ਹੱਥ ਅੱਖਾਂ ਪੂੰਝਦੀ ਨੇ ਘਰ ਮੁੜ ਆਉਣਾ।

ਤੇਰੀਆਂ ਸਾਰੀਆਂ ਚਿੱਠੀਆਂ ਉਵੇਂ ਦੀਆਂ ਉਵੇਂ ਸੰਦੂਕ ‘ਚ ਸਾਂਭੀਆਂ ਪਈਆਂ ਨੇ, ਇੱਕ ਨੂੰ ਸੌ-ਸੌ ਵਾਰ ਪੜ੍ਹਿਆ ਏ, ਬੇਬੇ ਜਦੋਂ ਬਾਹਲ਼ਾ ਤੜਫ਼ਦੀ ਏ ਉਹਦੇ ਸੀਨੇ ‘ਤੇ ਧਰ ਦਿੰਦੀ ਆਂ।

ਬੇਬੇ-ਬਾਪੂ ਮੈਨੂੰ ‘ਧੀ-ਧੀ’ ਕਹਿੰਦੇ ਥੱਕਦੇ ਨੀਂ ਸੀ ਤਾਂ ਹੀ ਮੈਥੋਂ ਉਹਨਾਂ ਤੋਂ ਮੁੱਖ ਨੀਂ ਮੋੜਿਆ ਗਿਆ ਨਹੀਂ ਤਾਂ… ਹੁਣ ਤਾਂ ਉਹ ਮੈਨੂੰ ਆਪਣਾ ਪੁੱਤ ਵੀ ਕਹਿਣ ਲੱਗ ਪੇ ਸੀ। ਜਵਾਕੜੀ ਦੇ ਨਿੱਕੇ ਜਹੇ ਮੂੰਹ ਨੇ ਵੀ ਮੇਰਾ ਸਿਦਕ ਟੁੱਟਣ ਨਾ ਦਿੱਤਾ!

ਪਹਿਲਾਂ ਬਾਪੂ ‘ਜੀਤਿਆ-ਜੀਤਿਆ’ ਕਹਿੰਦਾ ਜਹਾਨੋਂ ਤੁਰ ਗਿਆ। ਮੇਰੇ ਲਈ ਨਾ ਸਹੀ, ਮੰਜੇ ‘ਤੇ ਪਈ ਮਾਂ ਦੇ ਮੂੰਹ ‘ਚ ਪਾਣੀ ਦੀਆਂ ਦੋ ਬੂੰਦਾਂ ਪਾਉਣ ਲਈ ਈ ਆਜਾ! ਆਪਣਾ ਪੁੱਤਰ ਧਰਮ ਨਿਭਾ ਜਾ, ਤੈਥੋਂ ਪਤੀ ਧਰਮ ਤਾਂ ਨਿਭਿਆ ਨੀਂ! ਘਰਾਂਵਾਲ਼ੀਆਂ ਬਹੁਤ ਬਣ ਜਾਣਗੀਆਂ ਪਰ ਮਾਪੇ ਨੀਂ ਦੁਬਾਰਾ ਮਿਲਦੇ! ਸੱਚ ਦੱਸਾਂ, ਮੈਥੋਂ ਇਕੱਲੀ ਤੋਂ ਸਿਵੇ ਢੋਏ ਨੀਂ ਜਾਂਦੇ! ਮੈਥੋਂ ਜਰਿਆ ਨੀਂ ਜਾਂਦਾ, ਬੇਬੇ ਵਿਚਾਰੀ ਦੀ ਜ਼ੁਬਾਨ ‘ਚੋਂ ਹਰ ਵੇਲ਼ੇ ਤੇਰਾ ਨਾਂ ਨਿੱਕਲਦਾ ਰਹਿੰਦਾ ਏ। ਮੈਥੋਂ ਤਾਂ ਆਵਦੇ ਹੰਝੂ ਨੀਂ ਸੁੱਕਦੇ, ਮੈਂ ਉਹਦੇ ਕਿੱਥੋਂ ਪੂੰਝਾਂ!

Udikaanਜਦੋਂ ਘੁੱਗੀਆਂ ਦੇ ਜੋੜੇ ਨੂੰ ਕਲੋਲਾਂ ਕਰਦੇ ਨੂੰ ਦੇਖਦੀ ਸਾਂ ਤਾਂ ਇਕਲਾਪੇ ਦਾ ਫਨੀਅਰ ਸੱਪ ਦੂਹਰਾ ਹੋ ਕੇ ਡੰਗ ਮਾਰਦਾ ਸੀ। ਕਈ ਵਾਰ ਸਬਜੀ ਚੀਰਦੀ ਤੇ ਤੇਰੀ ਯਾਦ ‘ਚ ਗਵਾਚੀ ਨੇ ਉਂਗਲਾਂ ਵੀ ਵਢਾ ਲਈਆਂ ਨੇ। ਤੇਰੀ ‘ਡੀਕ ‘ਚ ਮੈਂ ਕੰਧ ‘ਤੇ ਲਕੀਰਾਂ ਮਾਰਕੇ ਤੇ ਉਂਗਲਾਂ ਦੇ ਪੋਟੇ ਭੰਨ੍ਹਕੇ ਵੀ ਦਿਨ ਗਿਣੇ, ਰਾਤਾਂ ਪਹਾੜ ਹੋ ਗਈਆਂ, ਜਿੰਦ ਨੂੰ ਦਾਗੀ ਕਰਕੇ ਸੁੱਟ ਜਾਣ ਵਾਲ਼ਿਆ, ਸਾਨੂੰ ਬਿੜਕਾਂ ਲੈਣ ਦਾ ਭੈੜਾ ਰੋਗ ਤੂੰ ਲਾਇਆ ਏ! ਅੱਖਾਂ ਨੂੰ ਝੌਲ਼ੇ ਪੈਂਦੇ ਨੇ! ਆ ਸੁਪਨਾ ਰਿਹਾ ਹੁੰਦਾ ਏ, ਅੱਧੀ-ਸੁੱਤੀ ਜਾਗਦੀ ਬੂਹਾ ਖੋਲ੍ਹ ਆਉਂਦੀ ਆਂ ਕਿ ਤੂੰ ਆਇਆ ਏਂ ਪਰ ਇਹ ਸਭ ਮੇਰੇ ਮਨ ਸ਼ਲੇਡੇ ਦੇ ਚਲਿੱਤਰ ਨੇ! “ਲਾਡੋ, ਤੇਲ ਆਲ਼ੀ ਸ਼ੀਸ਼ੀ ਲਿਆ, ਤੇਲ ਚੋਅ, ਤੇਰਾ ਪਾਪਾ ਆਇਆ ਏ!”

ਮੈਂ ਉਹ ਕੰਮ ਵੀ ਕੀਤੇ ਜੋ ਪੁੱਤਾਂ ਦੇ ਕਰਨ ਆਲ਼ੇ ਹੁੰਦੇ ਆ। ਬਾਪੂ ਦਾ ਚੂਲ਼ਾ ਟੁੱਟਿਆ ਤੇ ਜਦੋਂ ਉਹਨੂੰ ਨਵ੍ਹਾਉਂਣਾ ਹੁੰਦਾ ਤਾਂ ਉਹਨੇ ਸ਼ਰਮ ਨਾਲ਼ ਡੁੱਬ-ਡੁੱਬ ਜਾਣਾ, ਗਿੱਠ-ਗਿੱਠ ਹੰਝੂ ਕੇਰਨੇ ਤੇ ਪੰਜਾਹ ਵਾਰੀ ਮੈਨੂੰ ‘ਮੇਰਾ ਬੀਬਾ ਪੁੱਤ! ਮੇਰਾ ਸ਼ੇਰ ਪੁੱਤ!’ ਕਹਿਣਾ! “ਪੁੱਤ, ਸਾਥੋਂ ਸੱਤ ਜਨਮਾਂ ‘ਚ ਵੀ ਤੇਰਾ ਦੇਣ ਨੀਂ ਦਿੱਤਾ ਜਾਣਾ!”

ਮੈਂ ਆਪ ਈ ਪੇਕੇ ਜਾ ਕੇ ਆਉਂਦੀ ਰਹੀ, ਜਦੋਂ ਨਵ-ਵਿਆਹੀਆਂ ਨੂੰ ਆਵਦੇ ਲਾੜਿਆਂ ਨਾਲ਼ ਮੁੜਦੀਆਂ ਵੇਂਹਦੀ ਸੀ, ਕਾਲਜਾ ਫਲਾਕੜਾਂ ਹੋ ਜਾਂਦਾ ਸੀ। ਭੂਆ ਦੇ ਸਭ ਤੋਂ ਛੋਟੇ ਮੁੰਡੇ ਦੇ ਵਿਆਹ ‘ਤੇ ਰਿਸ਼ਤੇਦਾਰੀ ‘ਚੋਂ ਲੱਗਦੀਆਂ ਦਰਾਣੀਆਂ-ਜਠਾਣੀਆਂ ਨੇ ਆਪੋ-ਆਪਣੇ ਘਰਾਂਵਾਲ਼ਿਆਂ ਨਾਲ਼ ਖੱਬੇ-ਸੱਜੇ ਖੜ੍ਹਕੇ ਫੋਟੋਆਂ ਖਿਚਵਾਈਆਂ! ਦੱਸ, ਤੇਰੀ ਜਗ੍ਹਾ ਮੈਂ ਕੀਹਨੂੰ ਖੜ੍ਹਾਉਂਦੀ! ਮਹਿੰਦੀ ਨੇ ਵੀ ਮੈਂ ਅਭਾਗਣ ਦੇ ਹੱਥਾਂ ‘ਤੇ ਚੜ੍ਹਣ ਤੋਂ ਕੋਰਾ ਜਵਾਬ ਦੇ ਦਿੱਤਾ! ਹਾਰ-ਸਿੰਗਾਰ ਲਾਉਣੇ ਤਾਂ ਮੈਂ ਕਦੋਂ ਦੇ ਛੱਡ ਦਿੱਤੇ!

ਮੇਰੇ ਵਰਗੀਆਂ ਨਾ ਸੁਹਾਗਣਾਂ ‘ਚ, ਨਾ ਸਾਈਂ ਵਿਹੂਣੀਆਂ, ਨਾ ਕੁਆਰੀਆਂ, ਨਾ ਵਿਆਹੀਆਂ, ਨਾ ਵੱਸਦੀਆਂ, ਨਾ ਉੱਜੜੀਆਂ, ਨਾ ਜਿਉਂਦਿਆਂ ‘ਚ, ਨਾ ਮਰਿਆਂ ‘ਚ! ਮਰਦ ਤਾਂ ਜਿੱਥੇ ਚਾਹੇ ਖੇਡਾਂ ਖੇਡ ਸਕਦਾ ਏ, ਤੂੰ ਤਾਂ ਫੇਰ ਵੀ ਗੋਰੀਆਂ ਦੇ ਦੇਸ ‘ਚ ਏਂ, ਇਕੱਲੀ ਔਰਤ ਕਦੋਂ ਤੱਕ ਪਤੀਵਰਤਾ ਬਣੀ ਰਹੇ?

ਤੇਰੀਆਂ ਫੋਟੋਆਂ ਦੇਖੀਆਂ, ਤੂੰ ਤਾਂ ਮੀਂਹ ਤੋਂ ਬਾਅਦ ਚੜ੍ਹੇ ਸੂਰਜ ਵਾਂਗ ਨਿੱਖਰਿਆ ਪਿਆ ਏਂ! ਡਾਢਿਆ, ਤੂੰ ਬਹੁੜੇਂਗਾ ਇੱਕ ਦਿਨ, ਏਸੇ ਆਸ ‘ਚ ਮੈਂ ਆਪਣੀ ਜਵਾਨੀ ਗਾਲ ਛੱਡੀ! ਯਾਦ ਰੱਖੀਂ, ਬ੍ਰਿਹਣ ਦੀ ਹੂਕ ਤੇ ਵਿਯੋਗਣ ਦੀ ਉਡੀਕ ਸਮੁੰਦਰਾਂ ਨੂੰ ਅੱਗ ਲਾ ਦਿੰਦੀ ਏ।
***
246

***

ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ। ਵੀਹ ਜੁਲਾਈ, ਵੀਹ ਸੌ ਇੱਕੀ। 

About the author

balji_khan
ਬਲਜੀਤ ਖਾਨ, ਮੋਗਾ

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →