ਪੈਸਾ ਤਾਂ ਯਾਰ ਕੰਜਰਾਂ ਕੋਲ ਵੀ ਬਹੁਤ ਹੁੰਦਾ–
ਜੋ ਕੰਜਰਖ਼ਾਨਾ ਅੱਜ ਸਰਕਾਰ ਨੇ ਪਾਇਆ ਹੋਇਆ?
ਕਾਰਪੋਰੇਟ ਘਰਾਣੇ, ਜਿਹੜੇ ਪੈਸੇ ਨਾਲ ਰੱਜਦੇ ਹੀ ਨਹੀਂ।
ਪੈਸਾ, ਪੈਸਾ, ਪੈਸਾ! ਅੱਜ ਜਿੱਧਰ ਵੀ ਨਜ਼ਰ ਮਾਰ ਲਵੋ ਚਾਰੇ ਪਾਸੇ ਪੈਸੇ ਦੀ ਦੌੜ ਲੱਗੀ ਹੋਈ ਆ। ਹਰ ਕੋਈ ਚਾਹੁੰਦਾ ਹੈ ਕਿ ਮੈਂ ਵੱਧ ਤੋਂ ਵੱਧ ਪੈਸਾ ਕਮਾ ਲਵਾਂ, ਲੁੱਟ ਲਵਾਂ, ਜਾਂ ਚੋਰੀ ਕਰ ਲਵਾਂ, ਕਿਸੇ ਵੀ ਤਰੀਕੇ ਨਾਲ ਹਰ ਕੋਈ ਅਮੀਰ ਬਣਨਾ ਚਾਹੁੰਦਾ ਹੈ। ਜਿਹਦੇ ਕੋਲ ਇੱਕ ਲੱਖ ਹੈ ਉਹ ਲੱਖਾਂ ਪਤੀ ਬਣਨਾ ਚਾਹੁੰਦਾ ਹੈ, ਜਿਹਦੇ ਕੋਲ ਇੱਕ ਕਰੋੜ ਹੈ, ਉਹ ਕਰੋੜਾਂ ਪਤੀ ਬਣਨਾ ਚਾਹੁੰਦਾ ਹੈ, ਅਰਬ ਵਾਲਾ ਅਰਬਪਤੀ ਬਣਨਾ ਚਾਹੁੰਦਾ। ਜਾਣੀ ਕਿ ਕਿਸੇ ਦੀ ਕੋਈ ਹੱਦ ਨਹੀਂ ਕਿ ਇਹ ਪੈਸੇ ਦੀ ਦੌੜ ਕਿੱਥੇ ਜਾ ਕੇ ਖ਼ਤਮ ਹੋਣੀ ਹੈ। ਵੈਸੇ ਇਸ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਿਨ ਸਾਰਾ ਕੁਝ ਬਣਿਆ ਬਣਾਇਆ ਇੱਥੇ ਛੱਡ ਤੁਰ ਜਾਣਾ ਹੈ। ਨਾਲ ਕਿਸੇ ਦੇ ਕੁਝ ਨਹੀਂ ਜਾਣਾ ਪਰ ਬੰਦਾ ਇੱਕ ਮਿੰਟ ਸੋਚ ਕੇ ਫਿਰ ਉਸੀ ਦੌਡ਼ ਵਿੱਚ ਸ਼ਾਮਲ ਹੋ ਜਾਂਦਾ ਹੈ। ਵੈਸੇ ਕਈ ਲੋਕ ਇਹ ਵੀ ਕਹਿੰਦੇ ਸੁਣੇ ਨੇ ਕਿ ਛੱਡੋ ਯਾਰ ਪੈਸੇ ਦਾ ਕੀ ਆ? ਇਹ ਤਾਂ ਹੱਥਾਂ ਦੀ ਮੈਲ ਆ। ਪੈਸਾ ਤਾਂ ਯਾਰ ਕੰਜਰਾਂ ਕੋਲ ਵੀ ਬਹੁਤ ਹੁੰਦਾ, ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਆ। ਇਹ ਗੱਲਾਂ ਵੀ ਉਹ ਲੋਕ ਕਰਦੇ ਹਨ ਜਿਨ੍ਹਾਂ ਦਾ ਮਾਇਆਧਾਰੀ ਬਣਨ ਦਾ ਕਿਤੇ ਦਾਅ ਨਹੀਂ ਲੱਗਦਾ।
ਸਾਡੇ ਪਿੰਡ ਹਰ ਛੇ ਮਹੀਨੇ ਬਾਅਦ ਨਕਲਾਂ ਹੁੰਦੀਆਂ ਸਨ। ਅੱਲ੍ਹੜ ਉਮਰ ਦੇ ਹਿਜੜੇ, ਜਨਾਨੀਆਂ ਵਾਲੇ ਸੂਟ ਪਾ ਕੇ ਨੱਚਦੇ ਹੁੰਦੇ ਸਨ। ਆਪਣੇ ਬਾਬੇ, ਚਾਚੇ, ਤਾਏ, ਰੂੜੀ ਮਾਰਕਾ ਪੀ ਕੇ ਉਹਨਾਂ ਨੂੰ ਹੀ ਅਸਲੀ ਜ਼ਨਾਨੀਆਂ ਸਮਝ ਕੇ ਜੱਫ਼ੀਆਂ ਪਾਈ ਫਿਰਦੇ ਸਨ। ਉਦੋਂ ਇੱਕ ਰੁਪਈਆ ਬਹੁਤ ਹੁੰਦਾ ਸੀ, ਤੇ ਨਕਲੀਏ ਰੁਪਈਆ ਲੈ ਕਿ ਤੁਹਾਡਾ ਨਾਂ ਉੱਚੀ ਉੱਚੀ ਹੇਕਾਂ ਲਾ ਕੇ ਲੋਕਾਂ ਨੂੰ ਦੱਸਦੇ ਹੁੰਦੇ ਸੀ, ਪਈ ਫ਼ਲਾਨਾ ਸਿੰਘ ਦੀ ਇੱਕ ਰੁਪਏ ਦੀ ਵੇਲ।
ਸਾਡੇ ਨਾਲ ਦੇ ਪਿੰਡ ਦਾ ਇੱਕ ਅਮਲੀ ਸੀ। ਨਾਂ ਸੀ ਉਹਦਾ ਲਸ਼ਕਰ ਸਿੰਘ, ਉਹਨੇ ਕਿਤੇ ਬੱਕਰੀ ਵੇਚੀ ਸੀ, ਮੇਰਾ ਖ਼ਿਆਲ ਸੌ ਕੁ ਰੁਪਈਆਂ ਦੀ। ਸ਼ਰਾਬ ਪੀ ਕੇ ਸਾਰੇ ਪੈਸੇ ਉਹਨੇ ਬੀਬੀਆਂ ਨੂੰ ਇੱਕ ਇੱਕ ਕਰਕੇ ਦੇ ਦਿੱਤੇ, ਹਰ ਵਾਰ ਇੱਕੋ ਗਾਣੇ ਦੀ ਫਰਮਾਇਸ਼ ਕਰਿਆ ਕਰੇ ਆਖੇ!!!
ਮੇਰਾ ਆਸ਼ਕ ਲੋਟਾ ਚਾਂਦੀ ਦਾ… ਸਿਰ ਦੁਖਦਾ ਸਹੁਰੇ ਜਾਂਦੀ ਦਾ…
ਸਵੇਰ ਨੂੰ ਸੁਰਤ ਆਈ ਤਾਂ ਜੇਬ ਖਾਲੀ, ਫਿਰ ਲੋਕਾਂ ਨੂੰ ਕਹਿੰਦਾ ਫਿਰੇ ਮੈਂ ਲੁੱਟਿਆ ਗਿਆ, ਮੈਨੂੰ ਮੇਰੇ ਪੈਸੇ ਵਾਪਸ ਦੁਆਓ। ਮੈਨੂੰ ਨਸ਼ੇ ਦੀ ਤੋੜ ਲੱਗੀ ਆ। ਕੋਈ ਭੋਰਾ ਅਫੀਮ ਦੇ ਦਿਉ। ਮੇਰਾ ਵੱਡਾ ਭਰਾ ਬੜਾ ਸ਼ੁਗਲੀ ਸੀ ਕਹਿੰਦਾ ਸਾਲਿਆ ਹੁਣ ਮਰ…ਕੇ ਐਤਵਾਰ ਪੁੱਛਦਾਂ?
ਰਾਤੀਂ ਤਾਂ ਸਾਲਿਆ ਅਕਬਰ ਬਾਦਸ਼ਾਹ ਬਣਿਆ ਫਿਰਦਾ ਸੀ। ਮਿੰਨਤਾਂ ਤਰਲੇ ਪਾਵੇ ਹਾੜ੍ਹੇ ਕੱਢੇ। ਫਿਰ ਮੇਰੇ ਭਰਾ ਨੇ ਤਰਸ ਖਾ ਕੇ ਭੋਰਾ ਅਫ਼ੀਮ ਦਿੱਤੀ ਤਾਂ ਉਹ ਉੱਠਣ ਜੋਗਾ ਹੋਇਆ।
ਉਹ ਫਿਰ ਲੂੰਬੜੀ ਵਾਂਗੂੰ ਹੱਥ ਨਾ ਅੱਪੜੇ ਥੂਹ ਕੌੜੀ ਵਾਲੀ ਗੱਲ ਕਰਦੇ ਨੇ। ਇਹ ਕਹਾਣੀ ਤੁਸੀਂ ਸਾਰਿਆਂ ਨੇ ਬਚਪਨ ਵਿੱਚ ਪੜ੍ਹੀ ਹੈ ਕਿ ਕਿਸ ਤਰ੍ਹਾਂ ਲੂੰਬੜੀ ਇੱਕ ਅੰਗੂਰਾਂ ਦੇ ਗੁੱਛੇ ਨੂੰ ਹਾਸਲ ਕਰਨ ਵਾਸਤੇ ਛਲਾਂਗਾਂ ਮਾਰਦੀ ਹੈ ਪਰ ਕਾਮਯਾਬ ਨਹੀਂ ਹੁੰਦੀ ਤੇ ਫਿਰ ਉਹ ਆਖਰਕਾਰ ਇਹ ਸੋਚਦੀ ਹੈ ਕਿ ਛੱਡੋ ਯਾਰ ਅੰਗੂਰਾਂ ਦਾ ਖਹਿੜਾ, ਅੰਗੂਰ ਖੱਟੇ ਨੇ।
ਇੱਥੇ ਹੁਣ ਇਹ ਗੱਲ ਸ਼ੁਰੂ ਹੁੰਦੀ ਹੈ ਕਿ ਪੈਸਾ ਤਾਂ ਕੰਜਰਾਂ ਕੋਲ ਵੀ ਬਹੁਤ ਹੁੰਦਾ। ਹੁਣ ਦੱਸੋ ਅਸੀਂ ਕੰਜਰ ਕਿਹਨੂੰ ਕਹੀਏਂ? ਪਿਛਲੇ ਸਮਿਆਂ ਵਿੱਚ ਸਿਆਣੇ ਨੱਚਣ ਟੱਪਣ ਵਾਲਿਆਂ ਨੂੰ ਜਾਂ ਵਾਲੀਆਂ ਨੂੰ, ਜੋ ਆਪਣੇ ਜਿਸਮ ਦੀ ਨੁਮਾਇਸ਼ ਕਰ ਕੇ ਪੈਸਾ ਕਮਾਉਂਦੇ ਸਨ ਜਾਂ ਕੋਠਿਆ ਤੇ ਸਰੀਰ ਵੇਚਣ ਵਾਲੀਆਂ ਔਰਤਾਂ ਨੂੰ ਕੰਜਰੀਆਂ ਤੇ ਉਹਨਾਂ ਦੇ ਦੱਲਿਆਂ ਨੂੰ ਕੰਜਰ ਕਹਿੰਦੇ ਸਨ। ਵੈਸੇ ਮੈਂ ਉਹਨਾਂ ਲਈ ਇਹ ਭਾਸ਼ਾ ਯੂਜ਼ ਨਹੀਂ ਕਰਦਾ ਕਿਉਂਕਿ ਇਹ ਉਹਨਾਂ ਦਾ ਧੰਦਾ ਬਣ ਜਾਂਦਾ ਹੈ, ਰੋਜ਼ੀ ਰੋਟੀ ਕਮਾਉਣ ਦਾ। ਉਹ ਕਿਹੜੇ ਲੋਕਾਂ ਦੇ ਘਰੀਂ ਚੱਲ ਕੇ ਆਉਂਦੇ ਹਨ? ਸਗੋਂ ਲੋਕ ਆਪਣੀ ਹਵਸ ਮਿਟਾਉਣ ਲਈ ਜਾਂ ਆਪਣੇ ਮਨ ਦੀ ਖ਼ੁਸ਼ੀ ਲਈ ਚੱਲ ਕੇ ਉਨ੍ਹਾਂ ਦੇ ਦਰਾਂ ਤੇ ਪਹੁੰਚਦੇ ਨੇ। ਸਾਡੇ ਅਮਰੀਕਾ, ਕੈਨੇਡਾ ਵਿੱਚ ਵੀ ਜਾਣੀ ਹਰ ਮੁਲਕ ਵਿੱਚ ਇਨ੍ਹਾਂ ਦੇ ਅੱਡੇ ਹੁੰਦੇ ਨੇ ਤੇ ਲੋਕੀਂ ਦਾਰੂ ਪਾਣੀ ਪੀ ਕੇ ਇਹਨਾਂ ਦੇ ਨਾਚ ਦੇਖਦੇ ਨੇ, ਆਪਣਾ ਮਨ ਪ੍ਰਚਾਵਾ ਕਰਦੇ ਨੇ। ਸ਼ਰਾਬੀ ਹੋ ਕੇ ਨਾਲ ਵੀ ਨੱਚਦੇ ਨੇ ਤੇ ਇਨ੍ਹਾਂ ਉੱਪਰੋਂ ਨੋਟ ਵੀ ਵਾਰਦੇ ਨੇ। ਜਦੋਂ ਸਵੇਰ ਨੂੰ ਦਾਰੂ ਉੱਤਰ ਜਾਂਦੀ ਹੈ ਤਾਂ ਫਿਰ ਕਹਿਣਗੇ ਯਾਰ ਰਾਤੀਂ ਦਾਰੂ ਪੀ ਕੇ ਐਵੇਂ ਕੰਜਰੀਆਂ ਤੋਂ ਨੋਟ ਸੁੱਟਦੇ ਰਹੇ।
ਵੈਸੇ ਕੰਜਰ ਤਾ ਤੁਸੀਂ ਹੋ? ਜਿਹਨਾਂ ਨੇ ਉਹਨਾਂ ਨੂੰ ਇਸ ਤਰਾਂ ਕਰਨ ਵਾਸਤੇ ਮਜਬੂਰ ਕੀਤਾ? ਉਹ ਤੁਹਾਡੀ ਖੁਸ਼ੀ ਲਈ ਹੀ ਇਹ ਸਭ ਕੁਝ ਕਰਦੇ ਨੇ। ਸੋ ਉਹਨਾਂ ਨੂੰ ਕੰਜਰ ਕਹਿਣਾ ਗ਼ਲਤ ਲੱਗਦਾ ਹੈ। ਕੋਈ ਜ਼ਮਾਨਾ ਹੁੰਦਾ ਸੀ ਕਿ ਵਿਆਹਾਂ ਸ਼ਾਦੀਆਂ ਵਿੱਚ ਨੱਚਦੀਆਂ ਜ਼ਨਾਨੀਆਂ ਉਤੋਂ ਦੀ ਕੋਈ ਫੁਕਰਾ ਨੋਟ ਵਾਰ ਦਿੰਦਾ ਸੀ ਤਾਂ ਉੱਥੇ ਲੜਾਈਆਂ ਹੋ ਜਾਂਦੀਆਂ ਸਨ, ਕਤਲ ਹੋ ਜਾਂਦੇ ਸਨ, ਪਰ ਲੋਕੀਂ ਬਾਜ਼ ਨਹੀਂ ਆਉਂਦੇ। ਅੱਜ ਵੀ ਤੁਸੀਂ ਵਿਆਹ ਸ਼ਾਦੀਆਂ ਵਿੱਚ ਦੇਖਿਆ ਹੋਵੇਗਾ ਕਿ ਲੋਕੀਂ ਦਸਾਂ ਦਸਾਂ ਰੁਪੱਈਆਂ ਦੀਆਂ ਗੁੱਥੀਆਂ, ਲਿਆ ਕੇ ਕੱਲਾ ਕੱਲਾ ਨੋਟ ਕਰਕੇ ਅੰਨ੍ਹੇ ਵਾਹ ਨੱਚਦਿਆ ਉੱਪਰ ਸੁੱਟਦੇ ਨੇ। ਲੋਕ ਦਿਖਾਵਾ, ਇਹੀ ਪੈਸੇ ਲਈ ਤੁਸੀਂ ਆਪਣੀ ਇੱਜ਼ਤ ਵੀ ਦਾਅ ਤੇ ਲਾ ਦਿੰਦੇ ਹੋ, ਖ਼ੂਨ ਪਸੀਨਾ ਵੀ ਵਹਾ ਦਿੰਦੇ ਹੋ, ਆਪਣੇ ਭੈਣਾਂ ਭਰਾਵਾਂ ਦੇ ਕਤਲ ਵੀ ਕਰ ਦਿੰਦੇ ਹੋ, ਹੇਰਾ ਫੇਰੀਆਂ ਕਰਦੇ ਹੋ ਤੇ ਇਸੇ ਪੈਸੇ ਨੂੰ ਤੁਸੀਂ ਪੈਰਾਂ ਦੇ ਵਿੱਚ ਰੋਲਦੇ ਹੋ। ਮੇਰੇ ਹਿਸਾਬ ਨਾਲ ਇਹ ਗਲਤ ਹੈ।
ਹੁਣ ਗੱਲ ਕਰੀਏ ਖੁਸਰਿਆਂ ਦੀ, ਉਹ ਵੀ ਜਦੋਂ ਕਿਸੇ ਦੇ ਘਰ ਮੁੰਡੇ ਦਾ ਜਨਮ ਹੁੰਦਾ ਹੈ ਤਾਂ ਉਹ ਵਧਾਈਆਂ ਮੰਗਣ ਆਉਂਦੇ ਹਨ। ਉਹ ਚਪੇੜ ਮੂੰਹ ਦੇਖ ਕੇ ਮਾਰਦੇ ਹਨ। ਜਿਸ ਤਰਾਂ ਦਾ ਘਰ ਹੁੰਦਾ ਹੈ, ਉਹ ਇਸੇ ਤੋਂ ਅੰਦਾਜ਼ਾ ਲਾ ਲੈਂਦੇ ਕਿ ਘਰ ਵਾਲੇ ਕਿੰਨੇ ਕੁ ਪਾਣੀ ‘ਚ ਹਨ। ਉਹ ਵਧਾਈਆਂ ਪੰਜ ਸੌ ਤੋਂ ਲੈ ਕੇ ਇਕਵੰਜਾ ਹਜ਼ਾਰ ਰੁਪਏ ਤੱਕ ਵੀ ਲੈ ਜਾਂਦੇ ਨੇ। ਵੈਸੇ ਇਹ ਵੀ ਇਕ ਗਲਤ ਰਿਵਾਜ਼ ਹੈ।
ਤਕਲੀਫ ਹੋਈ ਹੋਊ ਬੱਚੇ ਦੀ ਮਾਂ ਨੂੰ ਜਾਂ ਘਰਦਿਆਂ ਨੂੰ, ਤੁਹਾਡਾ ਇਸ ਦੇ ਵਿੱਚ ਕੀ ਰੋਲ ਹੈ?
ਮੈਂ ਕਈ ਵਾਰ ਪਿੰਡਾਂ ਦੇ ਸਰਪੰਚਾਂ ਨਾਲ ਗੱਲ ਵੀ ਕੀਤੀ ਹੈ ਕਿ ਇਹਨਾਂ ਦੇ ਰੇਟ ਫਿਕਸ ਕਰ ਦਿਉ। ਇਹ ਘਰ ਵਾਲਿਆਂ ਦਾ ਜਲੂਸ ਕੱਢ ਦਿੰਦੇ ਹਨ। ਕਈਆਂ ਕੋਲੋਂ ਤਾਂ ਇਹ ਸੋਨੇ ਦੀ ਮੁੰਦਰੀ ਦੀ ਮੰਗ ਵੀ ਕਰਦੇ ਨੇ। ਸਰਪੰਚਾਂ ਦਾ ਇਹੋ ਹੀ ਜਵਾਬ ਹੁੰਦਾ ਯਾਰ ਕੀ ਕਰੀਏ, ਮੇਰੇ ਕੋਲੋਂ ਆਪ ਮੁੰਡੇ ਦੇ ਵਿਆਹ ਤੇ ਇੱਕੀ ਹਜ਼ਾਰ ਲੈ ਕੇ ਗਏ ਨੇ। ਰੇਟ ਬੰਨ੍ਹ ਵੀ ਦਿਉ ਲੋਕੀ ਕਿਹੜਾ ਅਮਲ ਕਰਦੇ ਨੇ, ਇੱਕ ਦੂਸਰੇ ਤੋਂ ਵੱਧ ਦਿੰਦੇ ਹਨ ਪਈ ਅਸੀਂ ਗੁਆਂਢੀ ਨਾਲੋਂ ਪਿੱਛੇ ਨਾ ਰਹਿ ਜਾਈਏ। ਚਲੋ ਇਹਨਾਂ ਨੂੰ ਵੀ ਅਸੀਂ ਕੰਜਰ ਨਹੀਂ ਕਹਿ ਸਕਦੇ, ਕਿਉਂਕਿ ਉਹ ਜੋ ਮਰਜ਼ੀ ਮੰਗੀ ਜਾਣ, ਪਰ ਤੁਸੀਂ ਤਾਂ ਆਪਣੀ ਖ਼ੁਸ਼ੀ ਨਾਲ ਦਿੰਦੇ ਹੋ ਨਾ?
ਹੁਣ ਗੱਲ ਕਰਦੇ ਹਾਂ ਅਸਲੀ ਕੰਜਰਾਂ ਦੀ ਜਿਹੜੇ ਬੰਦੂਕ ਦੀ ਨੋਕ ਤੇ ਪੈਸੇ ਲੁੱਟਦੇ ਹਨ, ਚੋਰੀਆਂ ਡਕੈਤੀਆਂ ਮਾਰਦੇ ਹਨ, ਜੋ ਕੰਜਰਖ਼ਾਨਾ ਅੱਜ ਸਰਕਾਰ ਨੇ ਪਾਇਆ ਹੋਇਆ। ਇਹ ਕਾਰਪੋਰੇਟ ਘਰਾਣੇ, ਜਿਹੜੇ ਪੈਸੇ ਨਾਲ ਰੱਜਦੇ ਹੀ ਨਹੀਂ। ਜਮ੍ਹਾਂਖੋਰੀ ਕਰਦੇ ਨੇ, ਕਿਸਾਨਾਂ ਕੋਲੋਂ 10 ਰੁਪਏ ਕਿੱਲੋ ਆਲੂ ਖ਼ਰੀਦ ਕੇ 70, 80 ਰੁਪਏ ਕਿੱਲੋ ਵੇਚਦੇ ਨੇ। ਕਿਸਾਨਾਂ ਕੋਲੋਂ ਫ਼ਸਲ ਸਸਤੇ ਭਾਅ ਖ਼ਰੀਦ ਕੇ ਸਟੋਰਾਂ ਵਿੱਚ ਜਮ੍ਹਾਂ ਕਰਦੇ ਨੇ, ਤੇ ਫਿਰ ਆਪਣੀ ਮਰਜ਼ੀ ਨਾਲ ਰੇਟ ਲਾ ਕੇ ਤੁਹਾਨੂੰ ਵੇਚਦੇ ਨੇ। ਤੁਹਾਨੂੰ ਵੱਧ ਮੁੱਲ ਤੇ ਖ਼ਰੀਦਣ ਲਈ ਮਜਬੂਰ ਕਰਦੇ ਨੇ।
ਇੱਕ ਤਰਾਂ ਨਾਲ ਤੁਹਾਡਾ ਗ਼ਰੀਬਾਂ ਦਾ ਖ਼ੂਨ ਚੂਸਦੇ ਨੇ ਤੇ ਰੱਜਦੇ ਫਿਰ ਵੀ ਨਹੀਂ। ਇਹਨਾਂ ਨੂੰ ਕੋਈ ਪੁੱਛੇ ਪਈ ਢਿੱਡ ਤਾਂ ਰੋਟੀ ਨਾਲ ਹੀ ਭਰਨਾ ਹੈ ਨੋਟਾਂ ਨਾਲ ਤਾਂ ਨਹੀਂ। ਸੱਤਾ ਦੇ ਨਸ਼ੇ ਵਿੱਚ ਹੰਕਾਰੇ ਹੋਏ ਵੱਡੇ ਢਿੱਡਾਂ ਵਾਲੇ ਲੀਡਰ, ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ, ਉਹਨਾਂ ਦੀਆਂ ਜ਼ਮੀਨਾਂ ਵਿਕਾਉਣ ਵਾਲੇ। ਘਰ ਦੇ ਭਾਂਡੇ ਵੇਚਣ ਤੇ ਮਜਬੂਰ ਕਰਨ ਵਾਲੇ ਲੀਡਰ। ਭ੍ਰਿਸ਼ਟ ਪੁਲੀਸ ਅਫ਼ਸਰ ਲੋਕਾਂ ਦੇ ਮਾਸੂਮ ਬੱਚਿਆਂ ਨੂੰ ਮੁਕਾਬਲਾ ਬਣਾ ਕੇ ਮਾਰਨ ਵਾਲੇ। ਜੀਪਾਂ ਨਾਲ ਲੱਤਾਂ ਬੰਨ੍ਹ ਕੇ ਸਰੀਰ ਨੂੰ ਦੋਫਾੜ ਕਰ ਦੇਣ ਵਾਲੇ ਬੁੱਚੜ। ਕਚਹਿਰੀਆਂ ਵਿਚ ਇਨਸਾਫ਼ ਨਾ ਦੇਣ ਵਾਲੇ ਵਕੀਲ, ਜੱਜ, ਤਹਿਸੀਲਦਾਰ, ਪਟਵਾਰੀ ਕਿਸਾਨਾਂ ਦਾ ਲਹੂ ਪੀਣ ਵਾਲੇ। ਡੇਰਿਆਂ ਵਿੱਚ ਰਹਿਣ ਵਾਲੇ ਬਲਾਤਕਾਰ ਕਰਨ ਵਾਲੇ ਬਾਬੇ। ਬਲਾਤਕਾਰ ਕਰਕੇ ਧੀਆਂ ਭੈਣਾਂ ਨੂੰ ਜ਼ਿੰਦਾ ਜਲਾ ਦੇਣ ਵਾਲੇ। ਦੇਸ਼ ਦੀਆਂ ਸਰਕਾਰਾਂ ਚਲਾਉਣ ਵਾਲੇ ਭ੍ਰਿਸ਼ਟ ਨੇਤਾ ਤੇ ਉਹਨਾਂ ਦੇ ਤਲਵੇ-ਚੱਟ ਅਫ਼ਸਰ, ਇੱਕ ਦੂਜੇ ਦੇ ਧਰਮਾਂ ਦੀਆਂ ਲੜਾਈਆਂ ਕਰਾ ਕੇ ਲੋਕਾਂ ਦੇ ਬੱਚੇ ਮਾਰਨ ਵਾਲੇ ਲੀਡਰ, ਜਿਹੜੇ ਅੱਜ ਵੀ ਸੱਤਾ ਦਾ ਆਨੰਦ ਮਾਣ ਰਹੇ ਨੇ। ਇਹੀ ਤਾਂ ਕੰਜਰਖ਼ਾਨਾ ਪਾਉਂਦੇ ਨੇ ਸਾਡੇ ਮੁਲਕ ਵਿੱਚ। ਕੰਜਰ ਦੀ ਪ੍ਰੀਭਾਸ਼ਾ ਜੇ ਕਿਸੇ ਨੇ ਸਮਝਣੀ ਹੈ ਤਾਂ ਉਪਰ ਦਿੱਤੇ ਸਭ ਲੋਕ ਹੀ ਕੰਜਰ ਹਨ ।
+(716)908-3631✍️
ਅਨੁਵਾਦ-ਮੇਸ਼ੀ ਨਵਾਂਸ਼ਹਿਰੀਆਂ
(62)