25 April 2024
ਹਰਮੀਤ ਸਿੰਘ ਅਟਵਾਲ

2023 ਦਾ ਚੋਣਵਾਂ ਪਰਵਾਸੀ ਸਾਹਿਤ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦਾ ਲਿਖੀਆ ਅਤੇ ਪੰਜਾਬੀ ਜਾਗਰਣ ਦੇ 31 ਦਸੰਬਰ 2023 ਦੇ ਅੰਕ ਵਿੱਚ ਛਪਿਆ ਲੇਖ: ‘2023 ਦਾ ਚੋਣਵਾਂ ਪਰਵਾਸੀ ਸਾਹਿਤ’ —‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ। –‘ਲਿਖਾਰੀ’

ਕੋਸ਼ ਗਤ ਅਰਥਾਂ ਮੁਤਾਬਕ ਇੱਕ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਵਿੱਚ ਪੱਕੇ ਤੌਰ ਤੇ ਵਸਣ ਦੀ ਇੱਛਾ ਨਾਲ ਜਾਣ ਵਾਲਾ ਪ੍ਰਵਾਸੀ ਅਖਵਾਉਂਦਾ ਹੈ ਜਾਂ ਇੱਕ ਦੇਸ਼ ਦੇ ਕਿਸੇ ਖਿੱਤੇ ਨੂੰ ਛੱਡ ਕੇ ਦੂਜੇ ਖਿੱਤੇ ਵਿੱਚ ਜਾ ਕੇ ਵਸਣ ਵਾਲੇ ਨੂੰ ਵੀ ਪ੍ਰਵਾਸੀ ਕਿਹਾ ਜਾਂਦਾ ਹੈ| ਸਾਡਾ ਸੰਦਰਭ ਵਿਦੇਸ਼ਾਂ ਵਿੱਚ ਜਾ ਕੇ ਵਸਣ ਵਾਲਿਆਂ ਦਾ ਹੈ। ਪੰਜਾਬੀ ਦੀ ਉੱਘੀ ਸਮੀਖਿਆਕਾਰ ਸੁਖਪ੍ਰੀਤ ਕੌਰ ਮੁਤਾਬਕ ਆਧੁਨਿਕ ਕਾਲ ਵਿੱਚ ਤੀਜੀ ਦੁਨੀਆਂ ਦੇ ਲੋਕ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਕਸਿਤ ਪੱਛਮੀ ਦੇਸ਼ਾਂ ਵਿੱਚ ਪ੍ਰਵਾਸ ਕਰਨ ਲੱਗਦੇ ਹਨ| ਪਰਵਾਸ ਸਿਰਫ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣਾ ਹੀ ਨਹੀਂ ਹੁੰਦਾ ਬਲਕਿ ਦੋਵੇਂ ਸਥਾਨਾਂ ਦੀਆਂ ਜੀਵਨ ਜਾਚਾਂ ਨੂੰ ਇੱਕੋ ਸਮੇਂ ਗ੍ਰਹਿਣ ਕਰਕੇ ਜਿਉਣਾ ਹੁੰਦਾ ਹੈ| ਇਸ ਜ਼ਿੰਦਗੀ ਦਾ ਪ੍ਰਗਟਾਵਾ ਸਾਹਿਤ ਵਿੱਚ ਵੀ ਹੁੰਦਾ ਆ ਰਿਹਾ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਲੇਖਕ ਲਿਖਣ ਦਾ ਕਾਰਜ ਵੀ ਨਿਰੰਤਰ ਕਰਦੇ ਆ ਰਹੇ ਹਨ| ਬਹੁਤ ਸਾਰਾ ਸਾਹਿਤ ਵੱਖ-ਵੱਖ ਵਿਧਾਵਾਂ ਵਿੱਚ ਪਾਠਕਾਂ ਦੇ ਹੱਥਾਂ ‘ਚ ਹੁਣ ਤੱਕ ਪੁੱਜਿਆ ਹੈ। ਇਸ ਵਰੵੇ ਭਾਵ 2023 ਵਿੱਚ ਵੀ ਪ੍ਰਵਾਸੀ ਪੰਜਾਬ ਵੀ ਲੇਖਕਾਂ ਦੀਆਂ ਕਾਫੀ ਕਿਤਾਬਾਂ ਪਾਠਕਾਂ ਨੂੰ ਪੜ੍ਹਨ ਨੂੰ ਮਿਲੀਆਂ ਹਨ। ਇਹਨਾਂ ਵਿੱਚੋਂ ਕੁਝ ਇੱਕ ਦਾ ਸੰਖਿਪਤ ਜ਼ਿਕਰ ਇਥੇ ਸਾਂਝਾ ਕੀਤਾ ਜਾਂਦਾ ਹੈ|

ਇਸੇ ਸਾਲ ਅਪ੍ਰੈਲ ਦੇ ਮਹੀਨੇ ’ਚ ਅਸਾਂ ਗੁਰਸ਼ਰਨ ਸਿੰਘ ਅਜੀਬ ਦੇ ਗ਼ਜ਼ਲ ਸੰਗ੍ਰਹਿ ‘ਬੰਦਗੀ’ (ਪੰਨੇ 273) ਦਾ ਅਧਿਐਨ ਕੀਤਾ ਹੈ| ਗੁਰਸ਼ਰਨ ਸਿੰਘ ਅਜੀਬ ਯੂ.ਕੇ. ਦਾ ਵਾਸੀ ਹੈ ਤੇ ਸ਼ਾਇਰੀ ਨੂੰ ਸਮਰਪਿਤ ਸ਼ਾਇਰ ਹੈ| ‘ਬੰਦਗੀ’ ਵਿਚਲੀਆਂ ਕੁਲ 176 ਗ਼ਜ਼ਲਾਂ ਬਾਰੇ ‘ਦੇਰ ਆਏ’ ਦਰੁਸਤ ਆਏ! ਸਿਰਲੇਖ ਅਧੀਨ ਗੱਲ ਕਰਦਿਆਂ ਖ਼ੁਦ ‘ਅਜੀਬ’ ਨੇ ਲਿਖਿਆ ਹੈ ਕਿ ‘ਗ਼ਜ਼ਲ ਰਚਨਾ ਮੇਰੀ ਜ਼ਿੰਦਗੀ ਹੈ, ਮੇਰਾ ਇਸ਼ਕ ਹੈ, ਮੇਰੀ ਪੂਜਾ ਹੈ, ਮੇਰੀ ਬੰਦਗੀ ਹੈ ਜੋ ਮੈਂ ਪਿਛਲੇ 35 ਸਾਲ ਤੋਂ ਨਿਰੰਤਰ ਕਰ ਰਿਹਾ ਹਾਂ ਤੇ ਕਰਦਾ ਰਹਾਂਗਾ| ਇਸੇ ਕਰਕੇ ਹੀ ਮੈਂ ਇਸ ਪੁਸਤਕ ਦਾ ਨਾਮ ਵੀ ‘ਬੰਦਗੀ’ ਰੱਖਿਆ ਹੈ| ‘ਬੰਦਗੀ’ ਗੁਰਸ਼ਰਨ ਸਿੰਘ ਅਜੀਬ ਦਾ ਪੰਜਵਾਂ ਗ਼ਜ਼ਲ ਸੰਗ੍ਰਹਿ ਹੈ| ਇਨ੍ਹਾਂ ਗ਼ਜ਼ਲਾਂ ’ਚ ਨੈਤਿਕਤਾ ਦੀ ਗੱਲ ਸ਼ਾਇਰ ਨੇ ਜਿੱਥੇ ਨਿੱਠ ਕੇ ਕੀਤੀ ਹੈ ਉੱਥੇ ਉਸਨੇ ਦੇਸ਼ ਵਿਚਲੇ ਆਰਥਿਕ ਵਸੀਲਿਆਂ ਦੀ ਅਸਾਵੀਂ ਵੰਡ ’ਤੇ ਵੀ ਕਟਾਖਸ਼ ਕੀਤਾ ਹੈ| ਉਹ ਸਾਂਝੀਵਾਲਤਾ ਦਾ ਸੰਦੇਸ਼ ਵੀ ਦਿੰਦਾ ਹੈ ਤੇ ਨਿਮਰਤਾ ਨੂੰ ਵੀ ਨਤਮਸਤਕ ਹੈ| ਨਿਰਸੰਦੇਹ ਗੁਰਸ਼ਰਨ ਸਿੰਘ ਅਜੀਬ ਦੀ ਸ਼ਾਇਰੀ ਅਸੀਮ ਅਦਬੀ ਅਹਿਮੀਅਤ ਰੱਖਦੀ ਹੈ|

ਅਗਲੀ ਕਾਵਿ-ਪੁਸਤਕ ਹੈ ਜਸਵੰਤ ਦੀਦ ਦੀ ਜਿਸ ਦਾ ਨਾਂ ਹੈ ‘ਬੇਸਮੈਂਟ ਕਵਿਤਾਵਾਂ’| 104 ਪੰਨਿਆਂ ਦੀ ਇਸ ਪੁਸਤਕ ਵਿਚ ਕੁਲ 84 ਕਵਿਤਾਵਾਂ ਦਰਜ ਹਨ| ਜ਼ਿਕਰਯੋਗ ਹੈ ਕਿ ‘ਬੱਚੇ ਤੋਂ ਡਰਦੀ ਕਵਿਤਾ’, ‘ਅਚਨਚੇਤ’, ‘ਆਵਾਜ਼ ਆਏਗੀ ਅਜੇ’, ‘ਘੁੰਡੀ’, ‘ਕਮੰਡਲ’ ਅਤੇ ‘ਆਵਾਗਵਣ’ ਤੋਂ ਬਾਅਦ ‘ਬੇਸਮੈਂਟ ਕਵਿਤਾਵਾਂ’ ਦੀਦ ਦੀ ਸੱਤਵੀਂ ਕਾਵਿ-ਪੁਸਤਕ ਹੈ| ਨਿਰਸੰਦੇਹ ਦੀਦ ਪੰਜਾਬੀ ਦਾ ਨਾਮੀ ਕਵੀ ਹੈ| ਉਹ ਪੁਸਤਕ ਦੇ ਆਰੰਭ ’ਚ ਲਿਖਦਾ ਹੈ:-

‘ਪੀ-ਆਰ ’ਤੇ ਕੁਝ ਵਰੵੇ ਕੈਨੇਡਾ ਰਹਿਣ ਨਾਲ ਪਰਦੇਸ਼ ਦੀਆਂ ਅਨੇਕ ਤਹਿਆਂ ਖੁੱਲ੍ਹੀਆਂ| ਏਥੇ ਰਹਿੰਦਿਆਂ ਹਿੰਦੋਸਤਾਨ-ਪਾਕਿਸਤਾਨ ਵੇਲੇ ਦਾ ਉਜਾੜਾ ਯਾਦ ਆਉਂਦਾ ਰਿਹਾ| ਬਰੈਂਪਟਨ ਦੀ ਬੇਸਮੈਂਟ ’ਚ ਲਿਖ ਹੋਈਆਂ ਇਨ੍ਹਾਂ ਕਵਿਤਾਵਾਂ ਦੇ ਲਿਖਣ ਵੇਲੇ-ਕਵੀ ਹਰਨਾਮ ਦੀ ਇੱਕ ਕਿਤਾਬ ਦਾ ਸਮਰਪਣ ਇਵੇਂ ਸ਼ਕਲ ਅਖ਼ਤਿਆਰ ਕਰ ਗਿਆ ‘ਉਨ੍ਹਾਂ ਲੋਕਾਂ ਦੇ ਨਾਂ, ਜੀਹਨਾਂ ਦਾ ਕੋਈ ਫਸਟ ਫਲੋਰ ਨਹੀਂ ਹੁੰਦਾ|’

ਬੇਸਮੈਂਟ ਕਵਿਤਾਵਾਂ ਲਿਖਣ ਸਮੇਂ ਮੈਨੂੰ ਅਜੀਬ ਸੁਪਨੇ ਆਉਂਦੇ ਰਹੇ|……. ਮੇਰਾ ਪਾਠਕ-ਵਰਗ ਨਹੀਂ ਹੈ| ‘ਮੇਰਾ ਪਾਠਕ ਮੇਰੇ ਵਾਂਗ ’ਕੱਲਾ’ ਹੈ| ਇਹ ਕਵਿਤਾਵਾਂ ਵੀ ਕੱਲੇ ਬਹਿਕੇ ਪੜ੍ਹਨ ਵਾਲੀਆਂ| ਤਾੜੀਆਂ ਵੱਜਣ ਨਾਲ ਇਹ ਕਵਿਤਾ ਤਬਾਹ ਹੋ ਜਾਏਗੀ|

ਇਸ ਵਰੵੇ ਨਿਵੇਕਲੇ ਮੁਹਾਵਰੇ ਦੀ ਧਾਰਨੀ ਗ਼ਜ਼ਲਾਂ ਦੀ ਪੁਸਤਕ ‘ਪਾਣੀ ਉੱਤੇ ਤਰਦੀ ਅੱਗ’ ਮਿਲੀ ਹੈ ਜਿਸ ਦਾ ਰਚਣਹਾਰ ਹੈ ਸਪੇਨ ਵਾਸੀ ਸਮਰੱਥ ਸ਼ਾਇਰ ਦਾਦਰ ਪੰਡੋਰਵੀ| ਇਸ ਪੁਸਤਕ ਦੇ ਕੁਲ 88 ਪੰਨਿਆਂ ’ਤੇ ਕੁਲ 78 ਗ਼ਜ਼ਲਾਂ ਪਸਰੀਆਂ ਹੋਈਆਂ ਹਨ| ਦਾਦਰ ਦੀ ਹਰ ਗ਼ਜ਼ਲ ਸਮੇਂ ਦੇ ਵਿਚ ਦੀ ਹੋ ਕੇ ਲੰਘਦੀ ਹੈ| ਦਾਦਰ ਦੇ ‘ਸਵੈਕਥਨ’ ’ਚ ਲਿਖੇ ਇਨ੍ਹਾਂ ਲਫ਼ਜ਼ਾਂ ਨਾਲ ਸਾਡੀ ਪੂਰੀ ਸਹਿਮਤੀ ਹੈ ਕਿ ‘ਮੇਰੀ ਜ਼ਿਆਦਾਤਰ ਸ਼ਾਇਰੀ ਵਰਤਾਰਿਆਂ ਦੇ ਆਰ-ਪਾਰ ਵੇਖਣ ਲਈ ਜੱਦੋ ਜਹਿਦ ਕਰਦੀ ਹੈ| ਮੇਰੀ ਗ਼ਜ਼ਲ ਮੇਰੇ ਵਾਂਗੂੰ ਖ਼ਾਮੋਸ਼ ਨਹੀਂ, ਸੰਗਾਊ ਨਹੀਂ, ਸਗੋਂ ਇਸ ਕੋਲ ਆਪਣੀ ਜ਼ੁਬਾਨ ਹੈ| ਵਿਅੰਗ ਦੀ ਇਹ ਜ਼ੁਬਾਨ ਖ਼ਾਮੋਸ਼ ਰਹਿ ਕੇ ਵੀ ਆਪਣੀ ਗੱਲ ਕਰਨ ਦੀ ਹਿੰਮਤ ਰੱਖਦੀ ਹੈ|’ 104 ਪੰਨਿਆਂ ਦੀ ਸ਼ਾਇਰੀ ਦੀ ਇੱਕ ਹੋਰ ਪੁਸਤਕ ‘ਸੁਪਨੇ ਵਾਲੀਆਂ ਅੱਖਾਂ’ (ਕ੍ਰਿਤ ਪਾਲ ਢਿੱਲੋਂ) ਵੀ ਧਿਆਨ ਮੰਗਦੀ ਹੈ| ਕੁਲ 77 ਗ਼ਜ਼ਲਾਂ ਦਾ ਇਹ ਸੰਗ੍ਰਹਿ ਪਾਲ ਢਿੱਲੋਂ ਦੀ ਗ਼ਜ਼ਲ/ਸ਼ਾਇਰੀ ਪ੍ਰਤੀ ਸੰਜੀਦਗੀ ਦੀ ਖੁੱਲ੍ਹੇ ਮਨ ਨਾਲ ਸ਼ਾਹਦੀ ਭਰਦਾ ਹੈ| ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਪਾਲ ਢਿੱਲੋਂ ਦੀਆਂ ਇਸ ਪੁਸਤਕ ਵਿਚਲੀਆਂ ਗ਼ਜ਼ਲਾਂ ਨੂੰ ‘ਸਫ਼ਲ ਗ਼ਜ਼ਲਾਂ’ ਆਖਿਆ ਹੈ| ਪਾਲ ਢਿੱਲੋਂ ਦੀ ਗ਼ਜ਼ਲ ਨਾਲ ਇਕਮਿਕਤਾ ਸਮਝਣ ਲਈ ਉਸ ਦਾ ਇੱਕ ਸ਼ਿਅਰ ਆਪ ਦੀ ਨਜ਼ਰ ਹੈ:-

ਖ਼ਿਆਲਾਂ ’ਚ ਜਦ ਜਦ ਵੀ ਆਉਂਦੀ ਗ਼ਜ਼ਲ ਹੈ
ਮੈਂ ਨੱਚਦਾ ’ਤੇ ਮੈਨੂੰ ਨਚਾਉਂਦੀ ਗ਼ਜ਼ਲ ਹੈ
ਖ਼ਲਾ ਵਿਚ ਉਡਾਰੀ ਸਮੁੰਦਰ ’ਚ ਤਾਰੀ
ਕਿਵੇਂ ਪਾਲ ਲਾਉਣੀ ਸਿਖਾਉਂਦੀ ਗ਼ਜ਼ਲ ਹੈ|

ਕੈਨੇਡਾ ਵਾਸੀ ਡਾ। ਕੁਲਜੀਤ ਸਿੰਘ ਜੰਜੂਆ ਦੀ ਕਾਵਿ-ਪੁਸਤਕ ‘ਮੱਲ੍ਹਮ’ ਵੀ ਮਹੱਤਵਪੂਰਨ ਹੈ| ਇਸ ਵਿਚਲੇ 104 ਪੰਨਿਆਂ ’ਤੇ ਲਿਖੀਆਂ 71 ਕਵਿਤਾਵਾਂ ਕਮਾਲ ਦੀਆਂ ਹਨ| ਇਨ੍ਹਾਂ ਕਾਵਿ ਰਚਨਾਵਾਂ ਦਾ ਮਾਨਵਵਾਦੀ ਸੁਭਾਅ ਇਨ੍ਹਾਂ ਦੀ ਸਾਰਥਿਕਤਾ ਨੂੰ ਹੋਰ ਵੀ ਚਾਰ ਚੰਨ ਲਾਉਂਦਾ ਹੈ| ਡਾ। ਆਤਮ ਸਿੰਘ ਰੰਧਾਵਾ ਮੁਤਾਬਕ ਸ਼ਾਨਦਾਰ ਕਵਿਤਾ ਮੱਲ੍ਹਮ ਵਾਂਗ ਹੀ ਹੁੰਦੀ ਹੈ ਜੋ ਰੂਹ ਦੇ ਜ਼ਖ਼ਮਾਂ ਨੂੰ ਅੱਲ੍ਹੇ ਕਰਦੀ ਹੌਲੀ-ਹੌਲੀ ਭਰ ਦਿੰਦੀ ਹੈ| ਇਸ ਕਿਤਾਬ ਬਾਰੇ ਡਾ। ਕੁਲਜੀਤ ਸਿੰਘ ਜੰਜੂਆ ਦੀ ਗੱਲ 16 ਆਨੇ ਸੱਚ ਹੈ ਕਿ ‘ਮੈਂ ਆਪਣੀ ਨਜ਼ਮਕਾਰੀ ਰਾਹੀਂ ਸਮੁੱਚੀ ਪੀੜਤ ਲੋਕਾਈ ਦੀ ਪੀੜ ਤੇ ਕਾਇਨਾਤ ਦੇ ਬਹੁ-ਪਾਸਾਰੀ ਵਰਤਾਰਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ|’

ਦਵਿੰਦਰ ਬਾਂਸਲ (ਕੈਨੇਡਾ) ਦੀ ਕਾਵਿ ਪੁਸਤਕ ‘ਜੀਵਨ ਰੁੱਤ ਦੀ ਮਾਲਾ’ (ਪੰਨੇ-160) ਵੀ ਅਧਿਐਨ ਯੋਗ ਹੈ| ਇਸ ਵਿਚਲੀਆਂ ਕੁਲ 69 ਨਜ਼ਮਾਂ ਦੀ ਗੱਲ ਕਰਦਿਆਂ ਉੱਘੀ ਸ਼ਾਇਰਾ/ਕਵਿੱਤਰੀ ਸੁਰਜੀਤ ਟੋਰਾਂਟੋ ਨੇ ਲਿਖਿਆ ਹੈ ਕਿ ‘ਇਸ ਕਿਤਾਬ ਦੀ ਸੁਰ ਕੁਝ ਉਦਾਸ ਤੇ ਵਿਦਰੋਹੀ ਹੈ|’ ਉਂਝ ਇਹ ਕਵਿਤਾਵਾਂ ਸਿੱਧੀਆਂ ਜ਼ਿੰਦਗੀ ਨੂੰ ਮੁਖਾਤਿਬ ਹਨ|

ਇਸੇ ਵਰੵੇ ਸੁਖਿੰਦਰ (ਕੈਨੇਡਾ) ਦੀ ਕਾਵਿ-ਪੁਸਤਕ ‘ਵਾਇਰਸ ਪੰਜਾਬ ਦੇ’ ਵੀ ਆਪਣੇ ਹੀ ਸੁਭਾਅ ਦੀ ਹੈ| ਕੁਲ 81 ਕਾਵਿ-ਰਚਨਾਵਾਂ ਬਾਰੇ ਡਾ। ਮੋਹਨ ਸਿੰਘ ਤਿਆਗੀ ਦਾ ਆਖਣਾ ਹੈ ਕਿ ਸੁਖਿੰਦਰ ਬਹੁ ਸਰੋਕਾਰਾਂ ਵਾਲਾ ਕਵੀ ਹੈ|।।। ਉਸ ਦੀ ਕਲਮ ਸਮਕਾਲ ਦੇ ਜਟਿਲ ਪਾਸਾਰਾਂ ਅਤੇ ਵਰਤ-ਵਿਹਾਰ ਨੂੰ ਸੰਵਾਦਕ ਸੁਰ ਰਾਹੀਂ ਬਿਆਨ ਕਰਨ ਵੱਲ ਵਧੇੇਰੇ ਰੁਚਿਤ ਹੁੰਦੀ ਹੈ|

2023 ’ਚ ਹੀ ਦਰਸ਼ਨ ਬੁਲੰਦਵੀ ਦੀ ਪੁਸਤਕ ‘ਕਦੇ-ਕਦਾਈ’ (ਪੰਨੇ 592, ਚੋਣਵੀਆਂ ਕਵਿਤਾਵਾਂ) ਵੀ ਪਾਠਕਾਂ ਦੇ ਹੱਥਾਂ ’ਚ ਪੁੱਜੀ ਹੈ| ਦਰਸ਼ਨ ਬੁਲੰਦਵੀ ਬੜੀ ਬੁਲੰਦ ਦ੍ਰਿਸ਼ਟੀਵਾਲਾ ਵਲਾਇਤ ’ਚ ਵੱਸਦਾ ਪੰਜਾਬੀ ਦਾ ਪ੍ਰਸਿੱਧ ਕਵੀ ਹੈ| ਤਰੱਕੀ ਪਸੰਦ ਕਵੀ ਹੈ| ਉਸ ਦੀਆਂ ਇਸ ਪੁਸਤਕ ਵਿਚਲੀਆਂ ਚੋਣਵੀਆਂ ਕਵਿਤਾਵਾਂ ਨੂੰ ਪੜ੍ਹਨ ਦਾ ਆਪਣਾ ਹੀ ਲੁਤਫ਼ ਹੈ|

ਕੁਝ ਸੰਪਾਦਿਤ ਕਾਵਿ-ਪੁਸਤਕਾਂ ਜਿਹਾ ਕਿ ‘ਦੀਵੇ ਜਗਦੇ ਭਲੇ’ (ਕਵਿੰਦਰ ਚਾਂਦ), ਲਵੈਂਡਰ (ਸੁਰਜੀਤ ਕੌਰ ਟੋਰਾਂਟੋ) ਵੀ ਕਾਫ਼ੀ ਮਿਆਰੀ ਕਾਵਿ-ਪੁਸਤਕਾਂ ਹਨ| ਲਵੈਂਡਰ ਵਿਚ 41 ਪਰਵਾਸੀ ਪੰਜਾਬੀ ਕਵੀਆਂ ਦਾ ਕਲਾਮ ਹੈ|

ਕਹਾਣੀ ਦੇ ਖੇਤਰ ’ਚ ਵੀ ਇਸ ਵਰੵੇ ਪਰਵਾਸੀ ਪੰਜਾਬੀ ਸਾਹਿਤ ਦੀ ਅਮੀਰੀ ’ਚ ਵਾਧਾ ਹੋਇਆ ਹੈ| ਕੈਨੇਡਾ ਦੇ ਮਕਬੂਲ ਕਹਾਣੀਕਾਰ ਹਰਪ੍ਰੀਤ ਸੇਖਾ ਦੀ ਕਹਾਣੀਆਂ ਦੀ ਕਿਤਾਬ ‘ਲੂਣਦਾਨੀ’ ਸਾਡੇ ਅਧਿਐਨ ਅਧੀਨ ਆਈ ਹੈ| ਜਿਸ ਵਿਚ ਕੁੱਲ 9 ਕਹਾਣੀਆਂ ਹਨ ਜਿਹੜੀਆਂ ਮੂਲ ਸੱਭਿਆਚਾਰ ਦੇ ਮੇਜ਼ਬਾਨ ਸੱਭਿਆਚਾਰ ਵਿਚ ਵਿਚਰਨ ਦੇ ਨਤੀਜਿਆਂ ਵੱਜੋਂ ਨਿਕਲੇ ਵਰਤਾਰਿਆਂ ਨੂੰ ਆਪਣੇ ਥੀਮਕ ਪਾਸਾਰ ਦਾ ਹਿੱਸਾ ਬਣਾਉਂਦੀਆਂ ਹਨ| ‘ਉਹ ਰਾਤ’, ‘ਵਿਰਾਸਤ’, ‘ਮੋਹ-ਜਾਲ’, ‘ਗੁੰਮ-ਪੰਨੇ’, ‘ਬੇਵਸਾਹੀ ਦੀ ਰੁੱਤ’ ਆਦਿ 127 ਪੰਨਿਆਂ ’ਤੇ ਲਿਖੀਆਂ 9 ਕਹਾਣੀਆਂ ’ਚੋਂ ਕੋਈ ਵੀ ਕਹਾਣੀ ਪੜ੍ਹ ਲਓ, ਲੇਖਕ ਦੀ ਕਲਮ ਦੀ ਕਰਾਮਾਤ ਪਾਠਕ ਨੂੰ ਅਸਲੋਂ ਪ੍ਰਭਾਵਿਤ ਕਰਦੀ ਹੈ|

ਅਮਰੀਕਾ ਵੱਸਦੀ ਕਿਰਪਾਲ ਕੌਰ ਦੀ ਕਹਾਣੀਆਂ ਦੀ ਪੁਸਤਕ ‘ਪਿੰਡ ਦੀ ਕਰਾਮਾਤ’ ਵੀ ਪਾਠਕਾਂ ਕੋਲ ਪੱੁਜੀ ਹੈ ਜਿਸ ਵਿਚਲੀਆਂ 14 ਕਹਾਣੀਆਂ ਪੰਜਾਬੀ ਲੋਕਧਾਰਾ ਦਾ ਵਧੀਆ ਬਿਰਤਾਂਤ ਵਹਿਣ ਕਹੀਆਂ ਜਾ ਸਕਦੀਆਂ ਹਨ| ਸਰਲ ਭਾਸ਼ਾ ਵਿਚ ਸੁਭਾਵਿਕਤਾ ਨਾਲ ਲਿਖੀਆਂ ਇਹ ਕਥਾ ਰਚਨਾਵਾਂ ਪੰਜਾਬ ਦੇੇ ਲੋਕ ਜੀਵਨ ਦੀ, ਖ਼ਾਸ ਕਰ ਪੇਂਡੂ ਜੀਵਨ ਦੀ ਬੜੀ ਭਾਵਪੂਰਤ ਤੇ ਦਿਲਚਸਪ ਸਾਹਿਤਕ ਤਸਵੀਰ ਖਿੱਚਦੀਆਂ ਹਨ| ਇਨ੍ਹਾਂ ਕਥਾ ਰਚਨਾਵਾਂ ਦੀ ਰਚਣਹਾਰ ਪਿਛਲੇ ਲੰਬੇ ਅਰਸੇ ਤੋਂ ਅਮਰੀਕਾ ਵਿਚ ਹੈ ਪਰ ਉਸ ਦਾ ਅੰਤਰਮਨ ਆਪਣੇ ਪੰਜਾਬ ਨਾਲ ਜੁੜਿਆ ਹੋਇਆ ਹੈ| ਮਿੱਟੀ ਦਾ ਮੋਹ ਮਨੁੱਖੀ ਮਾਨਸਿਕਤਾ ਨੂੰ ਹਰ ਹਾਲਾਤ ਵਿਚ ਪ੍ਰਭਾਵਤ ਕਰਦਾ ਹੈ|

ਨਿਊਜ਼ੀਲੈਂਡ ਤੋਂ ਹਰਪ੍ਰੀਤ ਬਰਾੜ ਸਿੱਧੂ ਦੀ ਪੁਸਤਕ ‘ਮਨ ਦੇ ਵਲਵਲੇ’ ਵੀ ਕਾਬਲਿ-ਜ਼ਿਕਰ ਹੈ ਜਿਸ ਵਿਚ ਕੁੱਲ 40 ਕਹਾਣੀਆਂ ਹਨ| ਸਹਿਜ ਤੋਰ ’ਚ ਲਿਖੀਆਂ ਇਹ ਨਿੱਕੀਆਂ-ਨਿੱਕੀਆਂ ਕਥਾ ਰਸ ਭਰਪੂਰ ਲਿਖਤਾਂ ਪਾਠਕ ਦੀ ਸੋਚ ਦੀ ਉਂਗਲੀ ਫੜੀ ਰੱਖਦੀਆਂ ਹਨ|

‘ਹੂਕ ਸਮੁੰਦਰੋਂ ਪਾਰ ਦੀ’ ਨਾਂ ਹੇਠ ਛਪੀ ਗੁਰਪ੍ਰੀਤ ਸਿੰਘ ਤਲਵੰਡੀ ਦੀ ਵਾਰਤਕ ਪੁਸਤਕ ਦਾ ਜ਼ਿਕਰ ਵੀ ਏਥੇ ਕਰਨਾ ਬਣਦਾ ਹੈ ਜਿਸ ਵਿਚ ਕੈਨੇਡਾ ਦੇ ਸਿੱਖਾਂ ਦੀ ਸੰਘਰਸ਼ੀ ਗਾਥਾ ਦੀ ਭਾਵਪੂਰਤ ਵਿੱਥਿਆ ਹੈ ਤੇ ਉਥੋਂ ਦੇ ਇਤਿਹਾਸਕ ਅਜੂਬਿਆਂ ਦਾ ਵੀ ਵਿਸਤ੍ਰਿਤ ਵਰਣਨ ਹੈ| ਲੇਖਕ ਨੇ ਪੁਸਤਕ ’ਚ ਕੈਨੇਡਾ ਦੇ ਉਨ੍ਹਾਂ ਸਥਾਨਾਂ ਬਾਬਤ ਹੀ ਲਿਖਿਆ ਹੈ ਜੋ ਉਸ ਨੇ ਖ਼ੁਦ ਜਾ ਕੇ ਦੇਖੇ ਹਨ|

ਪਰਵਾਸੀ ਪੰਜਾਬੀ ਨਾਵਲ ਦਾ ਆਰੰਭ ਗਿਆਨੀ ਕੇਸਰ ਸਿੰਘ ਦੇ ਨਾਵਲ ‘ਲਹਿਰ ਵਧਦੀ ਗਈ’ (1953 ਈ ਤੋਂ ਮੰਨਿਆ ਜਾਂਦਾ ਹੈ| ਉਦੋਂ ਤੋਂ ਹੁਣ ਤੱਕ ਬਹੁਤ ਸਾਰੇ ਪਰਵਾਸੀ ਪੰਜਾਬੀ ਨਾਵਲਕਾਰਾਂ ਦੇ ਮਿਆਰੀ ਨਾਵਲ ਪਾਠਕਾਂ ਦੇ ਅਧਿਐਨ ਦਾ ਕੇਂਦਰ ਬਣੇ ਹਨ| ਇਸ ਵਰੵੇ ਦੇ ਵੀ ਕੁਝ ਨਾਵਲ ਜ਼ਿਕਰ ਅਧੀਨ ਲਿਆਉਣ ਦੀ ਖ਼ੁਸ਼ੀ ਲੈ ਰਹੇ ਹਾਂ|

ਅਮਰੀਕਾ ਨਿਵਾਸੀ ਡਾ। ਧੁੱਗਾ ਗੁਰਪ੍ਰੀਤ ਦਾ ਨਾਵਲ ‘ਚਾਲੀ ਦਿਨ’ ਇਸ ਵਰੵੇ ਦੀ ਖਾਸੀ ਚਰਚਿਤ ਗਲਪ ਪੁਸਤਕ ਆਖੀ ਜਾ ਸਕਦੀ ਹੈ| ‘ਇਹ ਜੁ ਦੁਨੀਆ ਸਿਹਰ ਮੇਲਾ’ ਗੁਰਬਾਣੀ ਦੀ ਇਸ ਪਾਵਨ ਸਤਰ ਦੀ ਅੰਤਰ ਵਸਤੂ ਦੀ ਧਾਰਨੀ ਇਸ ਪੁਸਤਕ ਦੀ ਕੇਂਦਰੀ ਧਾਰਾ ਕਮਾਲ ਦੀ ਹੈ| ਲੋਕ ਸਿਆਣਪਾਂ ਨਾਲ ਭਰੀ ਇਹ ਪੁਸਤਕ ਨਾਵਲ ਘੱਟ ਤੇ ਦਾਨਸ਼ਮੰਦੀ ਦਾ ਦਰਿਆ ਵੱਧ ਜਾਪਦੀ ਹੈ| ਇਹ ਪੁਸਤਕ ਵਿਚਲੇ ਪਾਤਰ ਕੇਸਰ ਤੇ ਫ਼ਕੀਰ ਦੀ 40 ਦਿਨ ਦੀ ਯਾਤਰਾ ਰਾਹੀਂ 155 ਪੰਨਿਆਂ ਦੀ ਇਹ ਪੁਸਤਕ ਮਨੁੱਖੀ ਜੀਵਨ ਦੀ ਅਸਲੀਅਤ ’ਤੇ ਭਰਵਾਂ ਚਾਨਣਾ ਪਾਉਂਦੀ ਹੈ| ਪਤਾ ਲੱਗਾ ਹੈ ਕਿ ਪਿਛਲੇ 2-4 ਮਹੀਨਿਆਂ ’ਚ ਹੀ ਇਸ ਪੁਸਤਕ ਦੇ ਕਈ ਸੰਸਕਰਣ ਛਪ ਚੁੱਕੇ ਹਨ| ਡਾ। ਗੁਰਪ੍ਰੀਤ ਸਿੰਘ ਧੁੱਗਾ ਕਾਵਿ-ਰਚਨਾ ਵੀ ਕਮਾਲ ਦੀ ਕਰਦਾ ਹੈ| ਇਸ ਪੁਸਤਕ ’ਚੋਂ ਕੁਝ ਸਿਆਣੀਆਂ ਤੇ ਅਟੱਲ ਸੱਚਾਈਆਂ ਵਰਗੀਆਂ ਗੱਲਾਂ ਨਾਲ ਇੱਥੇ ਸਾਂਝ ਪੁਆਈ ਜਾਂਦੀ ਹੈ:-

– ਹਿਲਦੇ ਪਾਣੀ ਵਿਚ ਤਾਂ ਚੰਦ ਵੀ ਹਿਲਦਾ ਹੀ ਨਜ਼ਰ ਆਉਂਦਾ ਹੈ| ਟਿਕੇ ਮਨ ਵਿਚ ਹੀ ਚੰਗੇ ਖ਼ਿਆਲ ਟਿਕ ਸਕਦੇ ਹਨ|
– ਭੁੱਖੇ ਬੰਦੇ ਨੂੰ ਤਾਂ ਚੰਦ ਵੀ ਰੋਟੀ ਹੀ ਨਜ਼ਰ ਆਉਂਦਾ ਹੈ|
– ਮੰਗਣਾ ਅਣਖ ਦੀ ਮੌਤ ਹੈ ਤੇ ਉਧਾਰ ਲੈਣਾ ਗੁਲਾਮੀ ਦੀ ਸ਼ੁਰੂਆਤ|
– ਬੰਦੇ ਨੂੰ ਸੰਤੋਖ ਜਾਂ ਤਾਂ ਸਬਰ ’ਚ ਆਉਂਦੈ ਜਾਂ ਫਿਰ ਕਬਰ ਵਿਚ|
– ਬੰਜਰ ਜ਼ਮੀਨਾਂ ’ਤੇ ਅਣਖ ਨਹੀਂ ਉੱਗਦੀ|

278 ਪੰਨਿਆਂ ਦਾ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’ ਗ਼ਜ਼ਲ ਮੰਚ ਸਰੀ (ਕੈਨੇਡਾ) ਵੱਲੋਂ ਛਾਪਿਆ ਬਹੁਤ ਦਿਲਚਸਪ ਤੇ ਭਾਵਪੂਰਤ ਨਾਵਲ ਹੈ| ਇਹ ਨਾਵਲ ਜਿੱਥੇ ਰਿਸ਼ਤਿਆਂ ਦੇ ਅੰਤਰ ਦਵੰਦ ਨੂੰ ਦਰਸਾਉਂਦਾ ਹੈ ਉੱਥੇ ਪੱਛਮੀ ਮੁਲਕਾਂ ’ਚ ਕਿਸੇ ਹੀਲੇ ਪੁੱਜਣ ਦੀ ਹਿਰਦੇ ਵੇਧਕ ਵਿੱਥਿਆ ਨੂੰ ਵੀ ਆਪਣੇ ਵਿਸ਼ੇ ਦਾ ਹਿੱਸਾ ਬਣਾਉਂਦਾ ਹੈ| ਰਾਜਵੰਤ ਰਾਜ ਇੱਕ ਪਰਪੱਕ ਸ਼ਾਇਰ ਵੀ ਹੈ| ‘ਰੰਗਸ਼ਾਲਾ’, ‘ਰਾਗਣੀਆਂ’ ਤੇ ‘ਟੁੱਟੇ ਸਿਤਾਰੇ ਚੁਗਦਿਆਂ’ ਉੁਸਦੇ ਤਿੰਨ ਗ਼ਜ਼ਲ ਸੰਗ੍ਰਹਿ ਵੀ ਉਸਦੇ ਪਾਠਕਾਂ ਨੇ ਪੜ੍ਹ ਲਏ ਹਨ| 2019 ’ਚ ਆਇਆ ਉਸਦਾ ਨਾਵਲ ‘ਪਿਓਂਦ’ ਵੀ ਪਾਠਕਾਂ ਨੇ ‘ਵਰੋਲੇ ਦੀ ਜੂਨ’ ਵਾਂਗ ਹੀ ਪੜ੍ਹਿਆ ਹੈ|

ਅਮਰੀਕਾ ਦੇ ਬਾਸ਼ਿੰਦੇ ਗ। ਸ। ਨਕਸ਼ਦੀਪ ਪੰਜਕੋਹਾ ਦਾ ਨਾਵਲ ‘ਤਲਵਾਰ ਦੀ ਧਾਰ’ ਵੀ ਇਸ ਵਰੵੇ ਦਾ ਇੱਕ ਜ਼ਿਰਕਯੋਗ ਨਾਵਲ ਹੈ| 111 ਪੰਨਿਆਂ ’ਤੇ ਲਿਖੇ ਇਸ ਨਾਵਲ ਦੇ 18 ਕਾਂਡ ਏਨੇ ਟੁੰਬਵੇਂ ਤੇ ਦਿਲਚਸਪ ਸ਼ੈਲੀ ’ਚ ਹਨ ਕਿ ਸਾਰਾ ਨਾਵਲ ਇੱਕੋ ਬੈਠਕ ’ਚ ਇਕਾਗਰਤਾ ਨਾਲ ਪੜ੍ਹਿਆ ਜਾਂਦਾ ਹੈ| ਓਪਰੀ ਨਜ਼ਰੇ ਭਾਵੇ ਇਹ ਨਾਵਲ ਇੱਕ ਪਿਆਰ ਕਹਾਣੀ ਲੱਗਦਾ ਹੈ ਪਰ ਅਸਲ ਵਿਚ ਇਹ ਪਿਆਰ-ਕਹਾਣੀ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਨਾਂ ਨੂੰ ਵੀ ਸਮਝਾਉਂਦਾ ਹੈ ਅਤੇ ਚੰਗੇ ਭਵਿੱਖ ਲਈ ਪ੍ਰਗਤੀਸ਼ੀਲਤਾ ਵੱਲ ਵੱਧਣ ਲਈ ਵਧੀਆ ਸੰਕੇਤ ਵੀ ਦਿੰਦਾ ਹੈ| ਨਿਰਸੰਦੇਹ ਗ।ਸ। ਨਕਸ਼ਦੀਪ ਪੰਜਕੋਹਾ ਪੰਜਾਬੀ ਗਲਪ ਸੰਸਾਰ ਵਿਚਲਾ ਇੱਕ ਵੱਡਾ ਨਾਂ ਹੈ|

ਪਰਵਾਸੀ ਪੰਜਾਬੀ ਨਾਵਲ ਨਿਗਾਰੀ ’ਚ ਇੱਕ ਹੋਰ ਮਕਬੂਲ ਨਾਂ ਹਰਕੀਰਤ ਕੌਰ ਚਹਿਲ ਦਾ ਹੈ ਜਿਸ ਨੂੰ ਏਸੇ ਸਾਲ ਲਾਹੌਰ ਵਿਚ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ| ਉਸਦਾ 142 ਪੰਨਿਆਂ ਦਾ ਨਾਵਲ ਭਾਰਤ-ਪਾਕਿ ਦੀ 1947 ਦੀ ਵੰਡ ’ਤੇ ਆਧਾਰਤ ਹੈ ਜਿਸ ਦਾ ਨਾਂ ਹੈ ‘ਚਿਰਾਗਾਂ ਵਾਲੀ ਰਾਤ’| 142 ਪੰਨਿਆਂ ਦੇ ਇਸ ਨਾਵਲ ਦੀ ਗਲਪੀ ਸ਼ੈਲੀ ਏਨੀ ਦਿਲਚਸਪ ਤੇ ਅਸਰਦਾਇਕ ਹੈ ਕਿ ਇਸ ਨਾਵਲ ਦਾ ਇੱਕ ਵੀ ਅੱਖਰ ਪੜ੍ਹਨ ਬਿਨਾਂ ਛੱਡਿਆ ਨਹੀਂ ਜਾ ਸਕਦਾ| ਪੁਸਤਕ ਦੇ ਟਾਈਟਲ ਦੇ ਪਿੱਛੇ ਲਿਖੀਆਂ ਹਰਕੀਰਤ ਕੌਰ ਚਹਿਲ ਦੀਆਂ ਕਾਵਿ-ਸਤਰਾਂ ਨਾਵਲ ਦੇ ਵਿਸ਼ੇ ਦੀ ਗੰਭੀਰਤਾ ਨੂੰ ਹੋਰ ਵੀ ਡੂੰਘਾ ਕਰਦੀਆਂ ਹਨ| ਇਨ੍ਹਾਂ ਸਤਰਾਂ ਦਾ ਪਹਿਲਾ ਬੰਦ ਇਥੇ ਲਿਖਿਆ ਜਾਂਦਾ ਹੈ:-

ਯਾਦ ਆਉਂਦਾ ਏ ਬਸ਼ੀਰਾ
ਨਾਲੇ ਬੇਬੇ ਫ਼ਾਤਿਮਾ
ਰਾਤੀਂ ਸੁਪਨੇ ’ਚ ਆ ਕੇ
ਕਹਿੰਦੇ ਨੇੜੇ ਖ਼ਾਤਮਾ
ਜ਼ਿੰਦ ਬੁੱਤ ’ਚੋਂ ਨਾ ਜਾਣੀ ਵੇ ਸੁਖਾਲੀ ਪੁੱਤਰਾ
ਅਸੀਂ ਰੂਹਾਂ ’ਤੇ ਹੰਢਾਈ
47 ਪੁੱਤਰਾ|

ਹਰਕੀਰਤ ਕੌਰ ਚਹਿਲ ਦਾ ਏਸੇ ਸਾਲ ‘ਰਾਵੀ ਦੇਸ ਹੋਇਆ ਪਰਦੇਸ’ (ਪੰਨੇ 205) ਨਾਂ ਦਾ ਲਾਹੌਰ ਦਾ ਸਫ਼ਰਨਾਮਾ ਵੀ ਪਾਠਕਾਂ ਨੇ ਗੰਭੀਰਤਾ ਨਾਲ ਪੜ੍ਹਿਆ ਹੈ ਜਿਸ ਵਿਚ ਸਬੰਧਿਤ ਸਮੇਂ ਸਥਾਨ ਤੇ ਸਥਿਤੀਆਂ ਦੀ ਬੜੀ ਅਰਥਭਰਪੂਰ ਤੇ ਦਿਲਚਸਪ ਜਾਣਕਾਰੀ ਹੈ ਤੇ ਨਾਲ ਰੰਗਦਾਰ 73 ਫੋਟੋਆਂ ਵੀ ਹਨ| ਇਸ ਤੋਂ ਪਹਿਲਾਂ ਉਸ ਦਾ ਇਕ ਹੋਰ ਸਫ਼ਰਨਾਮਾ ‘ਲੱਠੇ ਲੋਕ ਲਾਹੌਰ ਦੇ’ ਵੀ ਪਾਠਕ ਪੜ੍ਹ ਚੁੱਕੇ ਹਨ| ‘ਰਾਵੀ ਦੇਸ ਹੋਇਆ ਪਰਦੇਸ’ ਉਸ ਦਾ ਦੂਜਾ ਪਾਕਿਸਤਾਨੀ ਸਫ਼ਰਨਾਮਾ ਹੈ|

ਏਸੇ ਵਰੵੇ ਹੀ ਇੱਕ ਹੋਰ ਭਾਪਪੂਰਤ ਨਾਵਲ ਸਵੀਡਨ ਨਿਵਾਸੀ ਯਾਦਵਿੰਦਰ ਸਿੰਘ ਬਦੇਸ਼ਾ ਦਾ ਹੈ ਜਿਸ ਦਾ ਨਾਂ ਹੈ ‘ਸਹਿਕਦੇ ਸਾਹਾਂ ਦਾ ਸਫ਼ਰ’| ਬਹੁਤ ਟੁੰਬਵੀ ਸ਼ੈਲੀ ’ਚ ਰਚਿਤ 128 ਪੰਨਿਆਂ ਦੇ ਇਸ ਨਾਵਲ ਦੇ ਕੇਂਦਰੀ ਵਸਤੂ ਵੱਲ ਖ਼ੁਦ ਨਾਵਲਕਾਰ ਦੀਆਂ ਇਹ ਸਤਰਾਂ ਸਪੱਸ਼ਟ ਇਸ਼ਾਰਾ ਕਰਦੀਆਂ ਹਨ:-

ਇਹ ਨਾਵਲ ਉਨ੍ਹਾਂ ਸਾਰੀਆਂ ਮਾਵਾਂ ਨੂੰ ਇੱਕ ਸ਼ਰਧਾਂਜਲੀ ਹੈ ਜੋ ਆਪਣੇ ਪੁੱਤਰਾਂ ਦੀ ਉਡੀਕ ਵਿਚ ਤੜਫਦੀਆਂ-ਕੁਰਲਾਉਂਦੀਆਂ ਇਸ ਬੇਦਰਦ ਸਮਾਜ ਤੋਂ ਰੁਖਸਤ ਹੋ ਗਈਆਂ| ਇਸ ਨਾਵਲ ਦੀ ਸ਼ੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਮੈਂ ਕਈ ਵਾਰ ਆਪਣੇ ਜਜ਼ਬਾਤ ’ਤੇ ਕਾਬੂ ਨਾ ਪਾ ਸਕਿਆ| ਕਈ ਵਾਰ ਆਪ ਮੁਹਾਰੇ ਮੇਰੇ ਹੰਝੂ ਵਹਿ ਤੁਰੇ|

2023 ਦੇ ਇਸ ਸਾਲ ਵਿਚ ਹੀ ਪੰਜਾਬੀ ਦੇ ਨਾਮਵਰ ਗਲਪਕਾਰ ਬਲਦੇਵ ਸਿੰਘ ਗਰੇਵਾਲ ਦਾ ਨਵਾਂ ਨਾਵਲ ‘ਇੱਕ ਹੋਰ ਪੁਲਸਰਾਤ’ ਪਾਠਕਾਂ ਦੇ ਹੱਥਾਂ ’ਚ ਪੱੁਜਿਆ ਹੈ| ਅਮਰੀਕਾ ’ਚ ਵਸਦੇ ਗਰੇਵਾਲ ਦਾ ਨਾਵਲ ‘ਪਰਿਕਰਮਾ’ ਜਿਨ੍ਹਾਂ ਪਾਠਕਾਂ ਨੇ ਪਹਿਲਾਂ ਪੜ੍ਹਿਆ ਹੈ ਉਨ੍ਹਾਂ ਨੂੰ ਗਰੇਵਾਲ ਦੀ ਕਲਮ ਦੇ ਗਲਪੀ ਗੁਣ ਦਾ ਪਤਾ ਹੈ| ‘ਇੱਕ ਹੋਰ ਪੁਲ ਸਰਾਤ’ ਬਾਰੇ ਗੱਲ ਕਰਦਿਆਂ ‘ਸਵੀਕ੍ਰਿਤੀ’ ਤਹਿਤ ਨਾਵਲਕਾਰ ਨੇ ਨਾਵਲ ਦੇ ਆਰੰਭ ’ਚ ਨਾਵਲ ਦੇ ਵਿਸ਼ੇ-ਵਸਤੂ ਬਾਰੇ ਇਉਂ ਜ਼ਿਕਰ ਕੀਤਾ ਹੈ:-

‘ਅੱਜ ਕੱਲ੍ਹ ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ਾਂ ਨੂੰ ਜਾਣ ਦੀ ਹੋੜ ਲੱਗੀ ਹੋਈ ਹੈ| ਉਹ ਪ੍ਰਦੇਸਾਂ ’ਚ ਆਉਣ ਲਈ ਜਾਇਜ਼ ਨਜਾਇਜ਼ ਢੰਗ ਵਰਤਣ ਲਈ ਵੀ ਤਿਆਰ ਹੋ ਜਾਂਦੇ ਹਨ| ਉਨ੍ਹਾਂ ਦੀ ਇਸ ਪ੍ਰਵਿਰਤੀ ਦਾ ਲਾਲਚੀ ਏਜੰਟ ਬੇਲੋੜਾ ਫ਼ਾਇਦਾ ਵੀ ਉਠਾਉਂਦੇ ਹਨ| ਮੈਂ ਇਸ ਨਾਵਲ ਲਈ ਸੱਚਾਈ ਦੇ ਇੱਕ ਦਮ ਨਜ਼ਦੀਕ ਰਹਿਕੇ ਕਹਾਣੀ ਰਚੀ ਹੈ|’

ਗ।ਸ। ਨਕਸ਼ਦੀਪ ਪੰਜਕੋਹਾ ਦਾ ‘ਤਿਲਕਣ’ ਨਾਂ ਦਾ ਇੱਕ ਹੋਰ ਨਵਾਂ ਨਾਵਲ ਆਇਆ ਹੈ| ਗ।ਸ। ਨਕਸ਼ਦੀਪ ਪੰਜਕੋਹਾ ਦੇ ਆਪਣੇ ਸ਼ਬਦਾਂ ਵਿਚ ਇਹ ਨਾਵਲ ਅੱਜ ਅਤੇ ਅਤੀਤ ਵਿਚ ਉਲਝੇ ਹੋਇਆਂ ਦੀ ਕਥਾ ਹੈ| ਨਾਵਲ ਦਾ ਥੀਮਕ ਪਾਸਾਰ ਇੱਕ ਭਾਰਤ ਤੋਂ ਅਮਰੀਕਾ ਵਿਚ ਵਸੀ ਦੂਜੀ ਪੀੜ੍ਹੀ ਦੇ ਬੁਢਾਪੇ ਬਾਰੇ ਅਤੇ ਦੂਸਰਾ ਅਮਰੀਕਨਾ ਦੇ ਬੁਢਾਪੇ ਬਾਰੇ ਕੇਂਦਰਤ ਹੈ| ਉਪਰੋਕਤ ਤੋਂ ਕੁਝ ਹੋਰ ਪੁਸਤਕਾਂ ਜਿਹਾ ਕਿ ਜੱਗੀ ਬਰਾੜ ਸਮਾਲਸਰ ਦੀ ਪੁਸਤਕ ‘ਕੈਨੇਡੀਅਨ ਪਾਸਪੋਰਟ’ (ਕਹਾਣੀਆਂ), ਸੁਰਿੰਦਰ ਸਿੰਘ ਰਾਏ (ਆਸਟ੍ਰੇਲੀਆ) ਦੀ ਪੁਸਤਕ ‘ਸ਼ੋਅ ਪੀਸ’ (ਬਾਲ ਕਹਾਣੀ ਸੰਗ੍ਰਹਿ) (ਪੰਨੇ :80), ਗੁਰਦੀਸ਼ ਕੌਰ ਗਰੇਵਾਲ (ਕੈਨੇਡਾ) ਦੀ ਪੁਸਤਕ ‘ਆ ਨੀ ਚਿੜੀਏ’ (ਥਾਲ ਕਵਿਤਾਵਾਂ) ਆਦਿ ਨੇ ਵੀ ਪਾਠਕਾਂ ਦਾ ਧਿਆਨ ਖਿੱਚਿਆ ਹੈ|

ਸਮੁੱਚੀ ਵਿਚਾਰ-ਚਰਚਾ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਸਾਲ ਦਾ ਚੋਣਵਾਂ ਪਰਵਾਸੀ ਪੰਜਾਬੀ ਸਾਹਿਤ ਗੁਣਾਤਮਿਕ ਤੇ ਸਮੇਂ ਦੇ ਹਾਣ ਦਾ ਹੈ| ਸਾਹਿਤ-ਸੰਵੇਦਨਾ ਨੇ ਪਰਵਾਸੀ ਪੰਜਾਬੀ ਸਾਹਿਤ ਨੂੰ ਅਮੀਰ ਕਰਨ ’ਚ ਅਸਲ ਯੋਗਦਾਨ ਪਾਇਆ ਹੈ| ਉਮੀਦ ਹੈ ਇਹ ਅਮੀਰੀ ਆਉਣ ਵਾਲੇ ਹਰ ਸਾਲ ਵਿਚ ਵੀ ਕਾਇਮ ਰਹੇਗੀ|
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1254
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ