1. ਰੱਬਾ! ਪਿਉ ਨੂੰ….
ਮਾਂ ਨੂੰ ਤੂੰ ਖੋਹ ਕੇ ਲੈ ਗਿਆ
ਰੱਬਾ ਪਿਉ ਵੱਲ ਤੂੰ ਆਈ ਨਾ
ਪਿਉ ਦਾ ਸਾਇਆ ਰਹੇ ਹਮੇਸ਼ਾ
ਅਰਜ਼ ਮੇਰੀ ਨੂੰ ਭੁਲਾਈ ਨਾ
ਮਾਂ ਨੂੰ ਤੂੰ ਖੋਹ ਕੇ ਲੈ ਗਿਆ
ਰੱਬਾ! ਪਿਉ ਵੱਲ ਤੂੰ ਆਈ ਨਾ
ਪਿਉ ਨਾਲ ਮੈਂ ਦਿਲ ਨੂੰ ਫੋਲਾਂ
ਦਿਲ ਦੇ ਭੇਤ ਮੈਂ ਸਾਰੇ ਖੋਲਾਂ
ਮੈਨੂੰ ਹੁਣ ਰੁਵਾਈਂ ਨਾ
ਮਾਂ ਨੂੰ ਤੂੰ ਖੋਹ ਕੇ ਲੈ ਗਿਆ
ਰੱਬਾ! ਪਿਉ ਵੱਲ ਤੂੰ ਆਈ ਨਾ।
ਪਿਉ ਦੇ ਨਾਲ ਸਭ ਪੇਕੇ ਹੱਸਣ
ਉਸ ਬਿਨਾਂ ਸਭ ਤਾਹਨੇ ਕੱਸਣ
ਮੈਨੂੰ ਹੁਣ ਅਜ਼ਮਾਈ ਨਾ
ਮਾਂ ਨੂੰ ਤੂੰ ਖੋਹ ਕੇ ਲੈ ਗਿਆ
ਰੱਬਾ! ਪਿਉ ਵੱਲ ਨੂੰ ਆਈ ਨਾ।
ਅੰਮੜੀ ਜਾਏ ਸੁਖੀ ਹੀ ਵੱਸਣ
ਖੁਸ਼ੀ ਦੇ ਖੇੜੇ ਉਨ੍ਹਾਂ ਵੱਲ ਨੱਸਣ
ਪਿਉ ਤੋਂ ਦੂਰੀ ਪਵਾਈ ਨਾ
ਮਾਂ ਨੂੰ ਤੂੰ ਖੋਹ ਕੇ ਲੈ ਗਿਆ
ਰੱਬਾ! ਪਿਉ ਵੱਲ ਤੂੰ ਆਈ ਨਾ।
ਪਿਉ ਕਰਕੇ ਹੁਣ ਪੇਕਾ ਜਾਪੇ
ਮਾਂ ਬਾਦ ਮੇਰਾ ਪਿਉ ਹੀ ਮਾਪੇ
ਪਿਉ ਤੋ ਜੁਦਾ ਕਰਾਈ ਨਾ
ਮਾਂ ਨੂੰ ਤੂੰ ਖੋਹ ਕੇ ਲੈ ਗਿਆ
ਰੱਬਾ! ਪਿਉ ਵੱਲ ਤੂੰ ਆਈ ਨਾ।
ਦੁੱਖ-ਸੁੱਖ ਪਿਉ ਧੀ ਸਾਂਝਾ ਕਰਦੇ
ਨਿੱਕੀਆਂ ਵੱਡੀਆਂ ਗੱਲਾਂ ਜਰਦੇ
ਮੈਨੂੰ ਤੂੰ ਰੁਲਾਈ ਨਾ
ਮਾਂ ਨੂੰ ਤੂੰ ਖੋਹ ਕੇ ਲੈ ਗਿਆ
ਰੱਬਾ! ਪਿਉ ਵੱਲ ਤੂੰ ਆਈ ਨਾ।
***
2. ਮਾਏ ! ਨੀ ਮਾਏ!
ਮਾਏ! ਨੀ ਮਾਏ! ਤੇਰਾ ਪੁੱਤ ਪਿਆ ਘਬਰਾਏ।
ਰੂਹ ਦੀ ਗੱਲ ਉਹ ਦੱਸ ਨਾ ਸਕਦਾ
ਚੁਫੇਰੇ ਨੇ ਕਾਲੇ ਸਾਏ।
ਮਾਏਂ! ਨੀ ਮਾਏ…..
ਦਿਨ ਚੜ੍ਹੇ ਘਰੋਂ ਤੁਰ ਹੈ ਪੈਂਦਾ
ਡਿਗਰੀਆਂ ਲੈ ਕੇ ਵੀ ਨੌਕਰੀਓਂ ਸੱਖਣਾ ਮੁੜ ਘਰ ਆਏ
ਮਾਏ! ਤੇਰਾ ਪੁੱਤ ਕਿਧਰ ਜਾਏ!
ਮਾਏਂ ਨੀ ਮਾਏ!…..
ਹਰਿਆਲੀ ਗਈ ਮੁਰਝਾਏ
ਸੁੱਕ ਗਏ ਰੁੱਖ ਨੀ ਮਾਏਂ
ਸੁੱਕ ਗਏ ਮੋਹ ਦੇ ਸਾਏ
ਬਾਪੂ ਦੀਆਂ ਕਿਰਤਾਂ ਦੇ
ਕਿੱਦਾਂ ਪੁੱਤ ਕਰਜ਼ੇ ਲਾਹੇ
ਮਾਏ ਨੀ ਮਾਏ…..
ਮੰਡੀ ਵਿੱਚ ਵੀ ਭਾਅ ਨਾ ਮਿਲਦਾ
ਮਿੱਟੀ ਨਾਲ ਮਿੱਟੀ ਹੋਇਆ ਬਾਪੂ ਘਬਰਾਏ
ਸਭ ਕੁਝ ਦੇਖੇ ਤੇਰਾ ਪੁੱਤ ਨੀ ਮਾਏ
ਪੇਸ਼ ਉਸਦੇ ਕੁਝ ਨਾ ਜਾਏ
ਮਾਏਂ ਨੀ ਮਾਏ……!
ਮਾਏ ਨੀ! ਤੇਰੀ ਮਮਤਾ ਸਵਾਲ ਉਠਾਏ
ਮੈਨੂੰ ਜਵਾਬ ਨਾ ਕੋਈ ਆਏ
ਸਿਆਸਤ ਇੱਥੇ ਚਾਲਾਂ ਚੱਲੇ
ਜਵਾਨੀ ਜਾਏ ਕੁਮਲਾਏ
ਮਾਏਂ ਨੀ ਮਾਏਂ……!
ਬਾਪੂ ਦੀਆਂ ਨਜ਼ਰਾਂ ਦੀ ਬੇਵੱਸੀ ਪੁੱਛਦੀ
ਪੁੱਤ! ਮੇਰਾ ਭਾਰ ਵੰਡਾਏ!
ਸੁੱਟ ਕੇ ਉਦਾਸ ਸਿਰ ਗੋਡਿਆਂ ਦੇ ਭਾਰ ਬੈਠਾ
ਸਿਰ ਨਾ ਉਠਾ ਉਹ ਪਾਏ!
ਮਾਏਂ ਨੀ ਮਾਏਂ……..!
ਹਾਰ ਕੇ ਵਿਦੇਸ਼ ਤੁਰ ਪਿਆ ਅੱਜ ਨੀ
ਢਿੱਡ ਮੰਗੇ ਰੋਟੀ ਦੇਸ ਅਜ਼ਮਾਏ
ਮੁੜੇਗਾ ਪਿਛਾਂਹ ਨੂੰ ਜਾਂ ਵਿਦੇਸ਼ ਦਾ ਹੀ ਕਰਜ਼ ਚੁਕਾਏ
ਮਾਏਂ ਨੀ ਇਹ ਵਕਤ ਹੀ ਬਿਤਾਏ
ਮਾਏਂ ਨੀ ਮਾਏਂ! ਤੇਰਾ ਪੁੱਤ ਪਿਆ ਘਬਰਾਏ!
***
3. ਕੀ ਲਿਖਾਂ. ….
ਭੋਲੇ ਨੈਣਾਂ ਵਿੱਚ ਜੋ ਸੁਪਨੇ, ਉਨ੍ਹਾਂ ਬਾਰੇ ਕੀ ਲਿਖਾਂ?
ਖ਼ਾਬ ਜੋ ਹੁਣ ਨੇ ਟੁੱਟਣੇ, ਉਨ੍ਹਾਂ ਬਾਰੇ ਕੀ ਲਿਖਾ?
ਫਿੱਕੀ ਪੈ ਰਹੀ ਹੈ ਰਿਸ਼ਤਿਆਂ ਦੀ ਜਾਪੇ ਤਸਵੀਰ
ਇਸ ਵਿੱਚ ਨੇ ਰੰਗ ਬਥੇਰੇ ਉਨ੍ਹਾਂ ਬਾਰੇ ਕੀ ਲਿਖਾਂ?
ਜਗ ਦਾ ਮੇਲਾ ਹੈ ਅਜੀਬ, ਕਿ ਹੈ ਇਕ ਮਜ਼ਾਕ?
ਦਿਲਾਂ ‘ਚ ਦਰਦ ਤੇ ਹੋਠਾਂ ‘ਤੇ ਨੇ ਹਾਸੇ ਉਨ੍ਹਾਂ ਬਾਰੇ ਕੀ ਲਿਖਾਂ?
ਦਰਦੇ-ਦਿਲ ਨੂੰ ਸਮਝਿਆ ਨਹੀ ਜੋ ਮੇਰੇ ਮੀਤ
ਸਾਰੀ ਉਮਰ ਰਹੀ ਪਿਆਸੀ ਰੂਹ ਬਾਰੇ ਕੀ ਲਿਖਾਂ?
ਨੈਣੀਂ ਸੀ ਜੋ ਬੀਜੇ ਸੁਪਨੇ ਹੋਏ ਨੀਲਾਮ ਕਿਉਂ?
ਸਿਸਕਦੇ ਅਰਮਾਨਾਂ ਦੀਆਂ ਮਜ਼ਾਰਾਂ ਬਾਰੇ ਕੀ ਲਿਖਾਂ?
ਪਿਆਰ ਨੂੰ,ਰੂਹਦਾਰ ਨੂੰ ਤੇ ਸਮੇਂ ਦੀ ਸਰਕਾਰ ਨੂੰ
ਰੁਲ ਰਹੇ ‘ਬੁੱਟਰ’ ਇੰਤਜ਼ਾਰ, ਉਨ੍ਹਾਂ ਬਾਰੇ ਕੀ ਲਿਖਾਂ?
**
4. ਵਾਪਸੀ…..
ਅੱਖਾਂ ਵਿੱਚ ਰੋਸ਼ਨੀ ਤੇ ਹੋਠਾਂ ਉੱਤੇ ਹਾਸੇ ਆਏ।
ਚਹਿਕ ਪਏ ਪਰਿੰਦੇ ਤੇ ਚਿਹਰੇ ਗਏ ਮੁਸਕਰਾਏ।
ਮੰਗਾਂ ਲੈ ਕੇ ਤੁਰੇ ਸੀ ਘਰ-ਬਾਹਰ ਛੱਡ ਕੇ
ਹੱਕਾਂ ਨੂੰ ਮਨਾ ਕੇ ਝੰਡੇ ਜਿੱਤ ਦੇ ਲਹਿਰਾਏ।
ਨਿੱਤ ਨਵੇਂ ਸੂਰਜਾਂ ਦੇ ਨਾਲ ਸਦਾ ਆਸ ਜਾਗੇ
ਸਾਰੇ ਅੱਜ ਵਿਹੜਿਆਂ ‘ਚ ਸੁਪਨੇ ਚੌਪਾਸੇ ਆਏ।
ਚਾਵਾਂ ਅਤੇ ਖੁਸ਼ੀਆਂ ਤੇ ਡਾਕੇ ਪੈਗੇ ਜਾਪਦੇ ਸੀ
ਲੱਗੇ ਉਹ ਗ੍ਰਹਿਣ ਚੰਨ ਅੱਗੋਂ ਅਸਾਂ ਪਾਸੇ ਲਾਏ।
ਖੁਸ਼ੀ ਤੇ ਉਮੰਗ ਸਾਡੇ ਦਿਲਾਂ ਵਿੱਚ ਜਾਗ ਪਈ
ਦਿੱਲੀਉਂ ‘ ਬੁੱਟਰ’ ਹੱਕ ਜਿੱਤ ਕੇ ਪੰਜਾਬ ਆਏ।
**
5. ਜ਼ੰਜੀਰਦਾਰ ਗ਼ਜ਼ਲ
ਰੂਹ ਦੀ ਸੁਣ ਪੁਕਾਰ ਓ ਮਾਹੀ।
ਨਾ ਕਰ ਸਾਨੂੰ ਖੁਆਰ ਓ ਮਾਹੀ।
ਨਾ ਕਰ ਸਾਨੂੰ ਖੁਆਰ ਓ ਮਾਹੀ।
ਰੋਂਦੇ ਹਾਂ ਯਾਰੋ ਯਾਰ ਓ ਮਾਹੀ।
ਰੋਂਦੇ ਹਾਂ ਯਾਰੋ-ਯਾਰ ਓ ਮਾਹੀ।
ਤੈਥੋਂ ਗਏ ਅਸੀਂ ਹਾਰ ਓ ਮਾਹੀ।
ਤੈਥੋਂ ਗਏ ਅਸੀਂ ਹਾਰ ਓ ਮਾਹੀ।
ਇੰਝ ਨਾ ਠੋਕਰ ਮਾਰ ਓ ਮਾਹੀ।
ਇੰਝ ਨਾ ਠੋਕਰ ਮਾਰ ਓ ਮਾਹੀ।
ਕਦੇ ਤਾਂ ਲੈ ਸਾਡੀ ਸਾਰ ਓ ਮਾਹੀ ।
ਕਦੇ ਤਾਂ ਲੈ ਸਾਡੀ ਸਾਰ ਓ ਮਾਹੀ।
ਤੈਥੋਂ ਜਿੰਦ ਦੇਵਾਂ ਵਾਰ ਓ ਮਾਹੀ।
ਤੈਥੋਂ ਜਿੰਦ ਦੇਵਾਂ ਵਾਰ ਓ ਮਾਹੀ।
ਜਾਵਾਂ ਮੈ ਬਲਿਹਾਰ ਓ ਮਾਹੀ।
ਜਾਵਾਂ ਮੈਂ ਬਲਿਹਾਰ ਓ ਮਾਹੀ।
ਹਿਜ਼ਰੀ ਫੱਟ ਨਾ ਮਾਰ ਓ ਮਾਹੀ।
ਹਿਜ਼ਰੀ ਫੱਟ ਨਾ ਮਾਰ ਓ ਮਾਹੀ।
ਤੇਰੇ ਨਾਲ ਆਏ ਬਹਾਰ ਓ ਮਾਹੀ।
**
6. ਉਦਾਸੀ ਦੀ ਨਹੀਂ….
ਉਦਾਸੀ ਦੀ ਨਹੀ, ਖੁਸ਼ੀਆਂ ਦੀ ਗੱਲ ਕਰਿਆ ਕਰ ਤੂੰ।
ਆਪਣਾ ਆਪਾ ਮਹਿਕਾਉਣ ਦੀ ਗੱਲ ਕਰਿਆ ਕਰ ਤੂੰ।
ਭੁੱਲ ਜਾ ਸਾਰੇ ਸ਼ਿਕਵੇ ਅਤੇ ਸਭ ਸ਼ਕਾਇਤਾਂ ਛੱਡ ਦੇ
ਹੁਣ ਤਾਂ ਮੁਹੱਬਤਾਂ ਪੁਗਾਉਣ ਦੀ ਗੱਲ ਕਰਿਆ ਕਰ ਤੂੰ।
ਫੁੱਲ ਕਲੀਆਂ ਹਰਿਆਵਲ ਸਭ ਇਹੋ ਪੁਕਾਰਦੇ
ਇਹਨਾਂ ਨਾਲ ਦਰਦ ਵੰਡਾਉਣ ਦੀ ਗੱਲ ਕਰਿਆ ਕਰ ਤੂੰ।
ਰੂਹ ਨਾਲ ਰੂਹ ਦਾ ਨਾਤਾ ਰੱਖਿਆ ਕਰ
ਦਿਲ ਦੇ ਗਮ ਭੁਲਾਉਣ ਦੀ ਗੱਲ ਕਰਿਆ ਕਰ ਤੂੰ।
ਮੂੰਹ ਰੱਖਣੀ ਨਾ ਕਰਿਆ ਕਰ, ਸਾਂਝਾ ਦਿਲੋਂ ਹੀ ਪਾ
ਸੱਚੇ ਮਨੋਂ ਸਾਥ ਨਿਭਾਉਣ ਦੀ ਗੱਲ ਕਰਿਆ ਕਰ ਤੂੰ।
ਜਗ ਮੇਲੇ ਵਿੱਚ ਕੀ ਹੋਣਾ ਕੀ ਨਹੀ ਸਭ ਛੱਡ ਦੇ
‘ਬੁੱਟਰ’ ਆਪੇ ਵਿਚ ਡੂੰਘੇ ਗੋਤੇ ਲਾਉਣ ਦੀ ਗੱਲ ਕਰਿਆ ਕਰ ਤੂੰ। |