21 April 2024

ਡਾ: ਅੰਬਰੀਸ਼ ਦੀ ਕਵਿਤਾ: ਬੱਦਲ

ਕਵੀ ਬਾਰੇ: ਅੰਬਰੀਸ਼ ਸਾਹਿਤਕ ਨਾਂ ਹੈ ਡਾ: ਕਰਨੈਲ ਸਿੰਘ ਦਾ, (ਜਨਮ 1953, ਜ਼ਿਲਾ ਗੁਰਦਾਸਪੁਰ, ਪੰਜਾਬ ) ਪੇਸ਼ੇ ਵਜੋਂ ਉਹ ਬੱਚਿਆਂ ਦਾ ਸਪੈਸ਼ਲਿਸਟ ਡਾ: ਅਤੇ ਮੈਡੀਕਲ ਵਿਦਿਆਰਥੀਆਂ ਦਾ ਅਧਿਆਪਕ ਹੈ। ਅੱਜਕੱਲ੍ਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਪੰਜਾਬ ਵਿਖੇ ਪੀਡੀਆਟ੍ਰਿਕਸ ਵਿਭਾਗ ਵਿੱਚ ਪ੍ਰੋਫੈਸਰ ਅਤੇ ਮੁੱਖੀ ਦੇ ਅਹੁਦੇ ਤੇ ਹੈ।

ਉਹਦੇ ਤਿੰਨ ਕਾਵਿ-ਸੰਗ੍ਰਹਿ, ਸੱਭ ਧਰਤੀ ਕਾਗਦੁ (1985), ਪਹੀਆ-ਚਿੜੀ ਤੇ ਆਸਮਾਨ (1991) ਅਤੇ ਅਨੰਤ ਪਰਵਾਸ (1996) ਛਪ ਚੁੱਕੇ ਹਨ। ਹੁਣੇ ਹੁਣੇ ਉਸਦਾ ਚੌਥਾ ਅਤੇ ਨਵਾਂ ਕਾਵਿ ਸੰਗ੍ਰਹਿ “ਰੰਗ ਤੇ ਰੇਤ ਘੜੀ” ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ ਤੋਂ ਪ੍ਰਕਾਸ਼ਤ ਹੋਇਆ ਹੈ। ਕਵੀ ਅਤੇ ਚਿੰਤਕ ਵਰਿੰਦਰ ਪਰਹਾਰ ਡਾ: ਅੰਬਰੀਸ਼ ਬਾਰੇ ਲਿਖਦੇ ਹਨ:

“ਮੇਰੀ ਜਾਚੇ ਪ੍ਰੋ: ਪੂਰਨ ਸਿੰਘ ਤੋਂ ਬਾਅਦ ਸਾਡੇ ਪਾਸ ਉਹ (ਡਾ: ਅੰਬਰੀਸ਼) ਕੁਦਰਤ/ਕਾਇਨਾਤ ਨੂੰ ਸਮਰਪਤ ਵਿਦਵਾਨ ਕਵੀ ਸਮਕਾਲੀ ਪੰਜਾਬੀ ਸਾਹਿਤਕਾਰਾਂ ਵਿੱਚੋਂ ਇੱਕੋ ਇੱਕ ਹੀ ਹੈ ।

ਬੱਦਲ

1.
ਆਸਮਾਨ ਕਿੰਨਾਂ ਵੀ ਸਾਫ਼ ਕਿਉਂ ਨਾ ਹੋਏ
ਤਾਰੇ ਲਿਸ਼ਕਣ ਦੁਮੇਲ ਤੋਂ ਦੁਮੇਲ ਤਾਈਂ
ਕਿਸੇ ਪਾਸਿਓ ਵੀ ਭਿੱਜਿਆ
ਹਵਾ ਦਾ ਬੁੱਲਾ ਨਾ ਆਏ
ਪੱਤਾ ਨਾ ਹਿੱਲੇ ਇੱਕ ਵੀ
ਪੁਰਾ ਨਾ ਰੁਮਕੇ
ਆਸ ਤਾਂ ਫਿਰ ਵੀ ਬਣੀ ਰਹਿੰਦੀ
ਕਿ ਰਾਤ
ਜਦੋਂ ਨਿਰਾਸ਼
ਸੌਂ ਗਏ ਹੋਵੋਂਗੇ ਤੁਸੀਂ
ਜਾਂ ਦਿਨੇ ਹੀ ਕਦੇ ਚਾਨਚੱਕ
ਚਮਕਦੇ ਗੱਜਦੇ
ਔਣਗੇ ਕਿਤੋਂ
ਕਿਸੇ ਪਾਸਿਓਂ ਬੱਦਲ
ਕਰ ਦੇਣਗੇ ਜਲ-ਥਲ

ਰੁੱਤ ਜੇਕਰ
ਸਾਉਣ ਦੀ ਹੋਵੇ।

2.
ਪਾਣੀ ਨਾਲ ਭਰਿਆ ਭਾਰਾ
ਕਾਲਾ ਸ਼ਾਹ ਬੱਦਲ ਇਕ
ਘਿਰਿਆ ਪਹਾੜੀਆਂ ‘ਚ
ਗਿੜ ਰਿਹਾ ਚਿਰਾਂ ਤੋਂ
ਘੁੰਮਣ ਘੇਰੀਆਂ ‘ਚ
ਗੜ੍ਹਕਦਾ ਗਰਜਦਾ ਚਮਕਦਾ
ਬਾਹਰ ਨਿਕਲਣ ਨੂੰ
ਰਸਤਾ ਢੂੰਡਦਾ

ਚਿਰਾਂ ਤੋਂ ਗਿੜ ਰਿਹਾ
ਅੰਦਰ ਹੀ ਅੰਦਰ
ਬਾਹਰ ਨਿਕਲ ਗਿਆ ਛੇਤੀ
ਤਾਂ ਵਾਹ ਭਲੀ
ਨਹੀਂ- ਤਾਂ ਪਹਾੜੀਆਂ ‘ਚ ਕਿਤੇ
ਬਿਜਲੀ ਪਏਗੀ
ਪੜ ਪਾਟੇਗਾ ਸੈਲਾਬ ਆਏਗਾ
ਕੋਈ ਪਿੰਡ ਰੁੜ੍ਹੇਗਾ।

****
313
****

 

About the author

ਡਾ. ਅੰਬਰੀਸ਼
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ